ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਅਪਨੇ ਮੁਲਕ ਮੇਂ ਪਾਤੇ, ਕਾਸ਼! ਹਮ ਵਹੀਂ ਰਹਤੇ!

ਤਰਲੋਚਨ ਸਿੰਘ ਦੁਪਾਲਪੁਰ —
ਅਪਨੇ ਮੁਲਕ ਮੇਂ ਪਾਤੇ, ਕਾਸ਼! ਹਮ ਵਹੀਂ ਰਹਤੇ!!

ਵਿਦੇਸ਼ਾਂ ਵਿਚ ਜੌਬ ਕਿਸ ਤਰੀਕੇ ਅਤੇ ਸਲੀਕੇ ਨਾਲ ਕੀਤੀ ਜਾਂਦੀ ਹੈ? ਇਸ ਸਵਾਲ ਦਾ ਜਵਾਬ, ਪਹਿਲੀ ਵਾਰ ਅਮਰੀਕਾ ਆਉਂਦਿਆਂ ਮੈਨੂੰ ਰਾਹ ਵਿਚ ਹੀ ਮਿਲ ਗਿਆ ਸੀ। ਜਾਂ ਇਉਂ ਕਹਿ ਲਵੋ ਕਿ ਵਿਦੇਸ਼ੀ ਵਰਕ-ਕਲਚਰ ਦਾ ‘ਟ੍ਰੇਲਰ’ ਮੈਂ ਅਮਰੀਕਾ ਦੀ ਧਰਤੀ ‘ਤੇ ਪੈਰ ਰੱਖਣ ਤੋਂ ਪਹਿਲਾਂ ਹੀ ਦੇਖ ਚੁੱਕਾ ਸਾਂ।
ਨਵੀਂ ਦਿੱਲੀਉਂ ਉਡਾਣ ਭਰ ਕੇ ਸਾਡਾ ਜਹਾਜ਼ ਕੋਰੀਆ ਦੇ ਸਿਉਲ ਏਅਰ ਪੋਰਟ ‘ਤੇ ਉੱਤਰਿਆ। ਪੰਜ-ਛੇ ਘੰਟੇ ਦੀ ਲੰਬੀ ਸਟੇਅ ਹੋਣ ਕਾਰਨ ਮੈਂ ਇਸ ਹਵਾਈ ਅੱਡੇ ਦੇ ਵਿਸ਼ਾਲ ਕੰਪਲੈਕਸ ਵਿਚ ਇੱਧਰ-ਉੱਧਰ ਚੱਕਰ ਮਾਰਨ ਲੱਗ ਪਿਆ। ਮਟਰ-ਗਸ਼ਤੀ ਕਰਦਾ ਕਰਦਾ ਇਕ ਸਿਰੇ ‘ਤੇ ਪਹੁੰਚ ਗਿਆ। ਭੂਰੇ ਰੰਗ ਦੇ ਵੱਡੇ-ਵੱਡੇ ਸ਼ੀਸਿ਼ਆਂ ਕੋਲ ਖਲੋ ਕੇ ਬਾਹਰ ਵਲ ਝਾਕਣ ਲੱਗ ਪਿਆ। ਖੜ੍ਹੇ ਜਹਾਜਾਂ ਦੇ ਨਾਲ ਲੱਗਦੇ ਥਾਂ ਵਿਚ ਵੱਡੇ-ਵੱਡੇ ਬੁਲਡੋਜ਼ਰ, ਟਰੈਕਟਰ-ਟਰਾਲੇ, ਕਰੇਨਾਂ ਅਤੇ ਟਰੱਕ ਵਾਹੋ-ਦਾਹੀ ਢੋਆ-ਢੁਆਈ ਜਿਹੀ ਕਰਨ ਲੱਗੇ ਹੋਏ ਸਨ।
ਸੰਤਰੀ ਰੰਗੀਆਂ ਜੈਕਟਾਂ ਪਹਿਨੀ ਲੇਬਰ ਦੇ ਬੰਦੇ ਵੀ ਇਉਂ ਨੱਠੇ ਭੱਜੇ ਫਿਰਦੇ ਸਨ ਜਿਵੇਂ ਡੂਮਣਾ ਛਿੜਿਆ ਹੁੰਦਾ ਹੈ। ਸਮੁੱਚੇ ਕੰਪਲੈਕਸ ਵਿਚ ਸਿਰਫ ਇੱਥੇ ਹੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ। ਬਾਕੀ ਸਾਰੇ ਪਾਸੇ ਇਕ ਦਮ ਸਫਾਈ! ਮੈਂ ਹੈਰਾਨ ਜਿਹਾ ਹੋ ਕੇ ਲਾਗੇ ਹੀ ਸ਼ੀਸ਼ੇ ਸਾਫ ਕਰ ਰਹੇ ਇਕ ਕਰਮਚਾਰੀ ਨੂੰ ਪੁਛਿਆ ਕਿ ਇੱਧਰ ਕੀ ਹੋ ਰਿਹਾ ਹੈ?
ਅੱਖ ਝਪਕਣ ਜਿੰਨਾ ਸਮਾਂ ਮੇਰੇ ਵਲ ਦੇਖ ਕੇ, ਸ਼ੀਸ਼ੇ ਰਗੜਦਾ ਹੋਇਆ ਉਹ ਬੋਲਿਆ ਕਿ ਏਅਰਪੋਰਟ ਵਾਲੇ ਕੋਈ ਉਸਾਰੀ ਕਰਵਾ ਰਹੇ ਹਨ। ਐਵੇਂ ਗੱਲ ਵਧਾਉਣ ਦੇ ਮਾਰੇ ਮੈਂ ਫਿਰ ਪੁੱਛ ਲਿਆ ਕਿ ਕੋਈ ਨਵਾਂ ਟਰਮੀਨਲ ਬਣਾ ਰਹੇ ਹੋਣਗੇ? ਇਸ ਵਾਰ ਬਿਨਾ ਮੇਰੇ ਵਲ ਝਾਕਿਆਂ, ਉਸਨੇ ਸੱਜੇ ਹੱਥ ਦਾ ਅੰਗੂਠਾ ਉਤਾਂਹ ਚੁੱਕ ਕੇ ਕਿਹਾ ‘‘ਮਿਸਟਰ, ਏਅਰਪੋਰਟ ਅਥਾਰਟੀ ਵਾਲਿਆਂ ਦਾ ਦਫਤਰ ਉਪਰਲੀ ਬਿਲਡਿੰਗ ਵਿਚ ਹੈ। ਡੀਟੇਲ ‘ਚ ਜਾਣਕਾਰੀ ਉੱਥੋਂ ਲੈ ਲਉ…ਸੌਰੀ, ਆਇ ’ਮ ਔਨ ਮਾਈ ਜੌਬ, ਆਈ ਹੈਵ ਨੋ ਟਾਈਮ!’’
ਠੁੱਠੂ ਜਿਹਾ ਮੂੰਹ ਲੈ ਕੇ, ਮੈਂ ਆਪਣੇ ਘਰ ਦੇ ਜੀਆਂ ਕੋਲ ਬਹਿੰਦਿਆਂ ਸੋਚਣ ਲੱਗਾ ਕਿ ਜੇ ਹੁੰਦਾ ਨਾ ਸਾਡਾ ਦੇਸ਼, ਤਾਂ ਸ਼ੀਸ਼ੇ ਸਾਫ ਕਰਨ ਵਾਲੇ ਨੇ ਪੋਚਾ-ਪਾਚੀ ਛੱਡ ਕੇ ਮੇਰੇ ਨਾਲ ਲਾਗਲੇ ਬੈਂਚ ਉੱਪਰ ਬਹਿ ਜਾਣਾ ਸੀ। ਪਹਿਲਾਂ ਮੇਰਾ ਸਾਰਾ ਕੁਰਸੀਨਾਮਾ ਪੁੱਛਣਾ ਸੀ, ਫਿਰ ਆਪਣਾ ਦੱਸਣ ਲੱਗ ਪੈਣਾ ਸੀ। ਹੋ ਰਹੀ ਉਸਾਰੀ ਬਾਰੇ ਮੈਨੂੰ ‘ਲੋੜੋਂ ਵੱਧ’ ਜਾਣਕਾਰੀ ਮੁਹੱਈਆ ਕਰਵਾ ਦੇਣੀ ਸੀ। ਮਸਲਨ, ਇਹ ਠੇਕਾ ਦੇਣ ‘ਚ ਕਿਹੜੇ ਅਫਸਰ ਨੇ ਕਿੰਨੇ ਹੱਥ ਰੰਗੇ, ਮਟੀਰੀਅਲ ਕਿੱਥੋਂ ਆ ਰਿਹਾ ਹੈ-ਵਗੈਰਾ ਵਗੈਰਾ। ਨਾਲੇ ਦੋ ਚਾਰ ਗਾਲਾਂ ਆਪਣੇ ਉਤਲੇ ਅਫਸਰਾਂ ਨੂੰ ਕੱਢ ਦੇਣੀਆਂ ਸਨ। ਫਿਰ ਸਿਆਸਤ ‘ਤੇ ਤਬਸਰਾ ਹੋਣਾ ਸੀ, ਠਾਰਾ-ਠਿੱਗੀ ਜਿਹੀ ਕਰਕੇ ਉਸਨੇ ਉਥੋਂ ਉਡੰਤਰ ਹੋਣਾ ਸੀ! ਪਰ ਇੱਥੇ ਤਾਂ ਸ਼ੀਸ਼ੇ ਸਾਫ ਕਰਨ ਵਾਲਾ, ਏਅਰ ਪੋਰਟ ਦੇ ‘ਲੋਗੋ’ ਵਾਲੀ ਸ਼ਰਟ ਪਹਿਨ ਕੇ, ਇੰਨੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਿਹਾ ਸੀ ਕਿ ਇੱਧਰ-ਉੱਧਰ ਝਾਕਣਾ ਤਾਂ ਕਿਤੇ ਰਿਹਾ, ਉਸ ਨੂੰ ਮੈਂ ਖੁਰਕਦਿਆਂ ਵੀ ਨਹੀਂ ਦੇਖਿਆ!
ਅਮਰੀਕਾ ਪਧਾਰਿਆਂ ਹਾਲੇ ਕੁਝ ਹਫਤੇ ਹੀ ਹੋਏ ਸਨ। ਚੜ੍ਹਦੇ-ਲਹਿੰਦੇ ਦਾ ਵੀ ਹਾਲੇ ਗਿਆਨ ਨਹੀਂ ਸੀ ਹੋਇਆ। ਵੱਡੀ ਭੈਣ ਦੇ ਘਰੋਂ, ਜਿੱਥੇ ਅਸੀਂ ਨਿਵਾਸ ਰੱਖ ਰਹੇ ਸਾਂ, ਸ਼ਾਮ ਨੂੰ ਰੋਟੀ-ਪਾਣੀ ਛਕਣ ਉਪਰੰਤ ਆਪਣੇ ਭਾਣਜਿਆਂ ਨਾਲ ਟਹਿਲਣ ਲਈ ਨਿਕਲਿਆ। ਹਨੇਰਾ ਹੋਣ ਕਰਕੇ ਸਟਰੀਟ ਲਾਈਟਾਂ ਜਗ ਪਈਆਂ ਸਨ। ਦੁਧੀਆ ਚਾਨਣ ਬਿਖੇਰਦੀਆਂ ਲਾਈਟਾਂ ਦੀਆਂ ਕਤਾਰਾਂ ਅਦਭੁੱਤ ਨਜ਼ਾਰਾ ਪੇਸ਼ ਕਰ ਰਹੀਆਂ ਸਨ ਪਰ ਵਿਚਾਲੇ ਜਿਹੇ ਇਕ ਖੰਭੇ ਦੀ ਲਾਈਟ ਅੱਖ-ਝਮੱਕੇ ਜਿਹੇ ਮਾਰ ਰਹੀ ਸੀ। ਕਦੇ ਜਗ ਪੈਂਦੀ ਕਦੇ ਬੁਝ ਜਾਂਦੀ। ਏਡੀ ਲੰਬੀ ਪਾਲ ਵਿਚ ਇਕ ਖਰਾਬ ਲਾਈਟ ਬਾਰੇ ਮੈਂ ਸੋਚਿਆ ਕਿ ਇਹ ਕਿਹੜਾ ਇੰਡੀਆ ਹੈ? ਕਲ੍ਹ ਸ਼ਾਮ ਤੱਕ ਸ਼ਾਇਦ ਇਸਨੂੰ ਠੀਕ ਕਰ ਹੀ ਦੇਣਗੇ!
ਅੱਧਾ-ਪੌਣਾ ਘੰਟਾ ‘ਵਾਕ’ ਕਰਨ ਤੋਂ ਬਾਅਦ ਜਦ ਅਸੀਂ ਵਾਪਸੀ ਤੇ ਉਥੋਂ ਲੰਘੇ ਤਾਂ ਉੱਥੇ ਇਕ ਪੀਲੇ ਰੰਗ ਦੀ ਗੱਡੀ ਖੜ੍ਹੀ ਸੀ। ਸਿਰਫ ਇਕ ਹੀ ਕਾਰੀਗਰ ਗੱਡੀ ‘ਚੋਂ ਨਿਕਲਿਆ, ਕਰੇਨ ਵਾਂਗ ਗੱਡੀ ਵਿਚੋਂ ਇਕ ਲੰਬੀ ਲੱਠ ਜਿਹੀ ਨਿਕਲੀ ਜਿਸ ਦੇ ਸਿਰੇ ‘ਤੇ ਲੱਗੀ ਹੋਈ ‘ਟਰੌਲੀ’ ਵਿਚ ਉਹ ਕਾਰੀਗਰ ਖੜ੍ਹਾ ਸੀ। ਲੱਕ ਦੀ ਪੇਟੀ ਨਾਲ ਉਸਨੇ ਕਈ ਤਰ੍ਹਾਂ ਦੇ ਔਜ਼ਾਰ ਟੰਗੇ ਹੋਏ ਸਨ। ਉਸੇ ਟਰੌਲੀ ਵਿਚ ਖੜ੍ਹਾ ਖੜ੍ਹਾ ਹੀ ਉਹ ਉਸ ਨੂੰ ਥਾਂ ਸਿਰ ਕਰਨ ਲਈ ਇੱਧਰ-ਉੱਧਰ ਜਾਂ ਉੱਚਾ ਨੀਵਾਂ ਕਰੀ ਜਾ ਰਿਹਾ ਸੀ। ਮੇਰੇ ਵਾਸਤੇ ਇਹ ਦ੍ਰਿਸ਼ ਕਿਸੇ ‘ਅਲੌਕਿਕ ਨਜ਼ਾਰੇ’ ਤੋਂ ਘੱਟ ਨਹੀਂ ਸੀ। ਸਾਡੇ ਦੇਖਦਿਆਂ ਦੇਖਦਿਆਂ ਉਹ ਲਾਈਟ ਦੀ ਮੁਰੰਮਤ ਕਰਕੇ ਥੱਲੇ ਆ ਗਿਆ। ਅਮਰੀਕਾ ਦੀ ‘ਕੁਇੱਕ ਸਰਵਿਸ’ ਦੀਆਂ ਗੱਲਾਂ ਕੰਨਾਂ ਨਾਲ ਤਾਂ ਸੁਣੀਆਂ ਹੋਈਆਂ ਸਨ, ਪਰ ਅੱਖੀਂ ਦੇਖਣ ਦਾ ਇਹ ਪਹਿਲਾਂ ਮੌਕਾ ਸੀ।
ਘਰੇ ਆ ਕੇ ਇਸ ਤੁਰਤ-ਫੁਰਤ ਰਿਕਵਰੀ ਬਾਰੇ ਆਪਣੇ ਅਹਿਸਾਸਾਂ ਦਾ ਜਿ਼ਕਰ ਕਰਦਿਆਂ, ਮੈਂ ਆਪਣੇ ਘਰ ਦੀ ਬਿਜਲੀ ਦੀ ਮੁਰੰਮਤ ਕਰਵਾਉਣ ਵਾਲੀ ਹੱਡ-ਬੀਤੀ ਤਫਸੀਲ ਨਾਲ ਕਹਿ ਸੁਣਾਈ।
ਭਾਦੋਂ ਦਾ ਹੁੰਮਸ ਭਰਿਆ ਮਹੀਨਾ। ਸਾਰੇ ਪਿੰਡ ਦੀ ਬਿਜਲੀ ਜਗੇ, ਪਰ ਸਾਡੇ ਘਰ ਦੀ ਬੱਤੀ ਗੁੱਲ! ਸਾਡੇ ਘਰ ਦੀ ਲੋਕੇਸ਼ਨ ਕੁਝ ਅਜਿਹੀ ਹੈ ਕਿ ਮੇਨ-ਲਾਈਨ ਤੋਂ ਸਿਰਫ ਸਾਡੇ ਇਕੱਲੇ ਘਰ ਨੂੰ ਹੀ ਬਿਜਲੀ ਸਪਲਾਈ ਆਉਂਦੀ ਹੈ। ਪਤਾ ਨਹੀਂ ਕਿੱਥੇ ਨੁਕਸ ਪੈ ਗਿਆ ਸੀ, ਕਿ ਅਸੀਂ ਤਾਰਾਂ ‘ਤੇ ਡੰਡੇ ਮਾਰ ਮਾਰ ਦੇਖ ਲਏ, ਪਰ ਬਿਜਲੀ ਚਾਲੂ ਨਾ ਹੋਈ।
ਵੱਟ ਨੇ ਕੜਿੱਲ ਕੱਢੇ ਪਏ! ਰਾਤ ਔਖੀ ਸੌਖੀ ਕੱਟੀ। ਦੂਜੇ ਦਿਨ ਆਪਣੇ ਪਿੰਡ ਦੇ ‘ਬਿਜਲੀ ਸਿ਼ਕਾਇਤ ਘਰ’ ਗਿਆ। ਪਤਾ ਲੱਗਾ ਕਿ ‘ਬਿਜਲੀ ਵਾਲੇ’ (ਸਰਕਾਰੀ ਕਰਮਚਾਰੀ) ਦੁਪਹਿਰ ਨੂੰ ਆਉਣਗੇ। ਸਿਖਰ ਦੁਪਹਿਰੇ ਫਿਰ ਉੱਥੇ ਪਹੁੰਚਿਆ। ਬਿਨਾ ਰੈਗੂਲੇਟਰ ਦੇ ਫੁੱਲ ਸਪੀਡ ‘ਤੇ ਚੱਲ ਰਹੇ ਛੱਤ ਵਾਲੇ ਪੱਖੇ ਥੱਲੇ, ਦੋਵੇਂ ਕਰਮਚਾਰੀ ਮੰਜਿਆਂ ਉਪਰ ਲੰਮੇ ਪਏ ਮਿਲ ਗਏ। ਮੰਜਿਆਂ ਉੱਪਰ ਪਲਸੇਟੇ ਮਾਰਦਿਆਂ ਹੋਇਆਂ ਉਨ੍ਹਾਂ ਮੈਥੋਂ ਬਿਜਲੀ ਸਪਲਾਈ ਦੀ ਖਰਾਬੀ ਬਾਰੇ ਡਿਟੇਲ ‘ਚ ਪੁੱਛਿਆ। ਜਿਵੇਂ ਕੋਈ ਡਾਕਟਰ ਮਰੀਜ਼ ਨੂੰ ਚੈੱਕਅਪ ਕਰਨ ਵੇਲੇ ਉਸਦੀ ਸਿਹਤ ਬਾਰੇ ਸਵਾਲ ਕਰਦਾ ਹੁੰਦਾ ਹੈ।
ਮੇਰੇ ਮੂੰਹੋ ਸਾਰੀ ਕਹਾਣੀ ਸੁਣ ਕੇ ਉਨ੍ਹਾਂ ਨੇ ਮੇਜ ਉੱਪਰ ਪਏ ਇਕ ਖੁੱਥੜ ਜਿਹੇ ਰਜਿਸਟਰ ‘ਤੇ ਕੰਪਲੇਂਟ ਲਿਖਣ ਲਈ ਮੈਨੂੰ ਇਸ਼ਾਰਾ ਕੀਤਾ। ਕਹਿਰਾਂ ਦੀ ਗਰਮੀ ਦਾ ਵਾਸਤਾ ਪਾਉਂਦਿਆਂ ਮੈਂ ਆਖਿਆ ਕਿ ਕੰਪਲੇਂਟ ਦੀ ‘ਐਫ.ਆਈ.ਆਰ’ ਤਾਂ ਮੈਂ ਸਵੇਰੇ ਹੀ ਦਰਜ ਕਰ ਗਿਆ ਸਾਂ, ਕਿਉਂਕਿ ਇਹ ਕੰਪਲੇਂਟ ਰਜਿਸਟਰ, ਨਾਲ ਲੱਗਦੀ ਦੁਕਾਨ ‘ਚ ਹੀ ਰੱਖਿਆ ਹੁੰਦਾ ਹੈ। ਫਿਰ ਉਹ ਦੋਵੇਂ ਜਣੇ ਲੱਤਾਂ ਜਿਹੀਆਂ ਖਨੂੰਹਦੇ ਇਕ ਦੂਜੇ ਦੇ ਮੂੰਹ ਵਲ ਦੇਖਣ ਲੱਗ ਪਏ। ਜਿਵੇਂ ਮੇਰੇ ਨਾਲ ਨਾ ਜਾਣ ਦਾ ਕੋਈ ਬਹਾਨਾ ਢੂੰਡ ਰਹੇ ਹੋਣ ਪਰ ਮੈਂ ਅੱਗਿਉਂ ਉਨ੍ਹਾਂ ਦਾ ਦਿਲ ਪਸੀਜਦਾ ਕਰਨ ਲਈ ਝੂਠ-ਮੂਠ ਮਾਰਨ ਲੱਗ ਪਿਆ- ‘ਮਾਂ ਬੀਮਾਰ ਪਈ ਹੈ, ਪੱਖਾ ਜ਼ਰੂਰ ਚਾਹੀਦਾ ਐ ਉਸਨੂੰ…ਸਾਡੇ ਪਾਸੇ ਮੱਛਰ ਬਹੁਤ ਹੈ।’
ਮੇਰੇ ਤਰਲੇ ਜਿਹੇ ਸੁਣ ਕੇ, ਉਹ ਬੇ-ਲਿਹਾਜੇ ਕਹਿਣ ਲੱਗੇ- “ਤੁਹਾਡੇ ‘ਫਾਲ੍ਹਟ’ ਕੋਈ ਤਕੜਾ ਈ ਪੈ ਗਿਆ ਲੱਗਦੈ! ਇਹ ਇੱਦਾ ਠੀਕ ਨੀਂ ਹੋਣਾ। ਟਰਾਂਸਫਾਰਮਰ ਤੋਂ ਕੁਛ ਟੈਮ ਬਿਜਲੀ ਕੱਟਣ ਦਾ ਪਰਮਿਟ ਦਫਤਰੋਂ ਲਿਆਵਾਂਗੇ। ਫੇਰ ਲੈਨ ਚੈੱਕ ਕਰਾਂਗੇ।’ ਇਹ ਲੰਬਾ ਪ੍ਰੋਸੀਜ਼ਰ ਸੁਣ ਕੇ, ਬੇ-ਵੱਸ ਜਿਹਾ ਹੁੰਦਿਆਂ ਮੈਂ ਪੁੱਛਿਆ ਕਿ ਬਿਜਲੀ ਕੱਟਣ ਦਾ ਪਰਮਿਟ ਤੁਸੀਂ ਕੱਲ ਨੂੰ ਲਿਆਉਗੇ?
‘‘ਨਹੀਂ, ਕੱਲ੍ਹ ਨੂੰ ਸਾਡੀ ‘ਰੈਸਟ’ ਹੈ!’’ ਰਾਗੀਆਂ ਦੀ ਜੁਗਲ-ਬੰਦੀ ਵਾਂਗ ਦੋਵੇਂ ਇਕੱਠੇ ਹੀ ਬੋਲੇ। ਉਨ੍ਹਾਂ ਦੇ ਮੂੰਹੋਂ ‘ਰੈਸਟ’ ਸ਼ਬਦ ਸੁਣ ਕੇ ਮੈਂ ਮਸੀਂ ਹਾਸਾ ਰੋਕਿਆ-‘ਕੱਲ੍ਹ ਨੂੰ ਇਨ੍ਹਾਂ ਦੀ ‘ਰੈਸਟ’ ਹੈ! ਅੱਜ ਇਨਾਂ ਸੂਰਮਿਆਂ ਨੇ ਪਤਾ ਨਹੀਂ ਕਿਹੜਾ ਗੱਡਾ ਪੱਟਿਆ ਹੋਇਐ!!’
ਤੀਜੇ ਦਿਨ ‘ਤੇ ਗੱਲ ਪਈ ਜਾਣ ਕੇ, ਮੈਂ ਉਨ੍ਹਾਂ ਦੇ ਇਸ ਗੱਲ ਲਈ ਖਹਿੜੇ ਪੈ ਗਿਆ ਕਿ ਘੱਟ ਤੋਂ ਘੱਟ ਉਹ ਸਾਡੇ ਘਰ ਜਾ ਕੇ ਨੁਕਸ ਲੱਭਣ ਦੀ ਕੋਸਿ਼ਸ਼ ਤਾਂ ਕਰਨ? ਵਾਰ ਵਾਰ ਕਹਿਣ ‘ਤੇ ਉਨ੍ਹਾਂ ਮੈਨੂੰ ਕਿਹਾ ਕਿ ਨਾਲੇ ਮੈਂ ਘਰੇ ਜਾ ਚਾਹ ਬਣਵਾਵਾਂ, ਨਾਲੇ ਇੱਕ ਢਾਂਗੀ ਦਾ ਬੰਦੋਬਸਤ ਕਰਾਂ। ਗੱਲ ਮੁੱਕਦੀ, ਉਨ੍ਹਾਂ ਨੇ ਵੱਖ-ਵੱਖ ਜੋੜਾਂ ਉੱਪਰ ਬਥੇਰੀਆਂ ਢਾਂਗੀਆਂ-ਢੂੰਗੀਆਂ ਮਾਰੀਆਂ, ਪਰ ਬਿਜਲੀ ਠੀਕ ਨਾ ਹੋਈ। ਚਾਹ ਪੀ ਕੇ ਮੁੱਛਾਂ ਸਵਾਰਦੇ ਹੋਏ ਉਹ ਦੋਵੇਂ ਦੂਜੇ ਦਿਨ ਦੀ ‘ਰੈਸਟ ਮਾਰਨ’ ਲਈ ਆਪਣੇ ਘਰਾਂ ਨੂੰ ਚਲੇ ਗਏ।
ਤੀਸਰੇ ਦਿਨ ਉਹ ਆਪਣੇ ਨਾਲ ਦੋ ਹੋਰ ਸਾਥੀ ਕਰਮਚਾਰੀਆਂ ਨੂੰ ਲੈ ਕੇ ਆਏ। ਦੂਜੇ ਦੋਹਾਂ ‘ਚੋਂ ਇਕ ਜਣਾ ਤਾਂ ਟਰਾਂਸਫਾਰਮਰ ਦਾ ਡੰਡਾ ਚੁੱਕ ਕੇ, ਲਾਗਲੀ ਟਾਹਲੀ ਦੀ ਛਾਂ ਥੱਲੇ ਸਿਗਰਟ ਲਾ ਕੇ ਬਹਿ ਗਿਆ। ਸਾਡੇ ਘਰ ਨੂੰ ਲੱਗੀ ਹੋਈ ਬਾਂਸ ਦੀ ਪੌੜੀ ਵਲ ਦੇਖ ਕੇ, ਤਿੰਨਾਂ ‘ਚੋਂ ਇਕ ਜਣੇ ਨੇ ਫੁਰਮਾਇਆ- “ਬਾਈ ਖੰਭਿਆਂ ‘ਤੇ ਚੜ੍ਹਨ ਵਾਲਾ ਸਾਡਾ ਮੁੰਡਾ ਅੱਜ ਛੁੱਟੀ ‘ਤੇ ਐ, ਤੁਸੀਂ ਐਹੋ ਜਿਹੀ ਇਕ ਹੋਰ ਪੌੜੀ ਦਾ ਇੰਤਜ਼ਾਮ ਕਰੋ!’’ ਨਾਲ ਹੀ ਉਨ੍ਹਾਂ ‘ਮੇਰੇ ਭਲੇ’ ਲਈ ਸਲਾਹ ਦਿੱਤੀ, ਅਖੇ ਪੌੜੀ ਚੁੱਕ ਕੇ ਇੱਧਰ-ਉੱਧਰ ਲਿਜਾਣ ਲਈ ਦੋ-ਤਿੰਨ ਭਈਏ ਵੀ ‘ਹਾਇਰ’ ਕਰ ਲਵਾਂ! ਲਗਦੇ ਹੱਥ ਉਨ੍ਹਾਂ ਨੇ ਦੁਪਹਿਰ ਦੇ ਪ੍ਰਸ਼ਾਦੇ ਤਿਆਰ ਕਰਨ ਦਾ ਵੀ ਹੁਕਮ ਸਾਦਰ ਕਰ ਦਿੱਤਾ।
ਦੋ ਪੌੜੀਆਂ ਬੰਨ੍ਹ ਕੇ, ‘ਕੱਲੇ ‘ਕੱਲੇ ਖੰਭੇ ਨਾਲ ਲਾ ਲਾ ਕੇ, ਭਾਦੋਂ ਦੇ ਤਿੱਖੜ ਦੁਪਹਿਰੇ ਕਿਵੇਂ ਅਸੀਂ ਲੂਹ ਹੋਏ, ਕਿਵੇਂ ਅਸੀਂ ਮੱਕੀਆਂ, ਚਰ੍ਹੀਆਂ ਤੇ ਕਮਾਦਾਂ ਵਿਚ ਘੁੰਮਦੇ ਪੱਛੇ ਗਏ, ਉਸ ਦਿਨ ਕਿੰਨੀਆਂ ਬਾਲਟੀਆਂ ਅਸੀਂ ਸ਼ਰਬਤ ਦੀਆਂ ਪੀਤੀਆਂ ਅਤੇ ਕਿੰਜ ਸਭ ਤੋਂ ਅਖੀਰਲੇ ਖੰਬੇ ਦਾ ‘ਜੰਪਰ’ ਟੁੱਟਿਆ ਹੋਇਆ ਲੱਭਿਆ, ਇਹ ਸਾਰੀ ‘ਮੁਸੀਬਤ ਭਰੀ’ ਕਹਾਣੀ ਸੁਣ ਕੇ ਮੇਰੇ ਅਮਰੀਕਨ ਭਾਣਜੇ ਹੱਸ-ਹੱਸ ਲੋਟ-ਪੋਟ ਹੁੰਦੇ ਜਾਣ!
ਪੜ੍ਹਨ-ਸੁਣਨ ਵਾਲੇ ਸੱਜਣ ਸ਼ਾਇਦ ਸੋਚਣਗੇ ਕਿ ਮੈਂ ਆਪਣੇ ਦੇਸ਼ ਦੀ ਭੰਡੀ ਕਰ ਰਿਹਾ ਹਾਂ। ਹਰਗਿਜ਼ ਨਹੀਂ! ਸੱਚ ਜਾਣਿਉ, ਸੜਕ ਕੰਢੇ ਵਾਲੀ ਲਾਈਟ ਨੂੰ ਠੀਕ ਕਰ ਰਹੇ ਬਿਜਲੀ ਵਾਲੇ ਵਲ ਦੇਖ ਕੇ ਮੈਂ ਪ੍ਰਭਾਵਿਤ ਜ਼ਰੂਰ ਹੋਇਆ ਸਾਂ, ਪਰ ਫਿਰ ਇਸ ਦੇ ਮੁਕਾਬਲੇ ਮੇਰੀਆਂ ਅੱਖਾਂ ਅੱਗੇ ਉਹ ਦ੍ਰਿਸ਼ ਆਉਂਦਾ ਹੈ…‘ਵਿਹੜੇ ਵਿਚ ਖੜ੍ਹੀ ਨਿੰਮ ਦੀ ਗੂੜੀ ਛਾਂ ਹੇਠ ਸਾਰਾ ਕੰਮ ਨਿਬੇੜ ਕੇ ਬਿਜਲੀ ਮੁਲਾਜ਼ਮ ਤੇ ਭਈਏ ਹੱਥ-ਮੂੰਹ ਧੋ ਕੇ ਬਹਿ ਜਾਂਦੇ ਹਨ…ਮੇਰੀ ਮਾਂ ਅੰਦਰ ਜਾ ਕੇ ਮੇਰੀ ਪਤਨੀ ਦੇ ਕੰਨ ‘ਚ ਹੌਲੀ ਦੇਣੀ ਕਹਿੰਦੀ ਹੈ- “ਧੀਏ, ਪਤਾ ਨਹੀਂ ਵਿਚਾਰੇ ਕਿੱਥੇ-ਕਿੱਥੇ ਦੇ ਹੈਗੇ ਆ, ਇਨ੍ਹੀਂ ਕਿਹੜਾ ਸਾਡੇ ਰੋਜ਼ ਰੋਜ਼ ਰੋਟੀ ਖਾਣ ਆਉਣੈ…ਦੋ ਸਬਜ਼ੀਆਂ ਬਣਾ ਲੈ, ਨਾਲੇ ਕੋਈ ਮਿੱਠੀ ਚੀਜ਼ ਬਣਾ ਲੈ!’’…ਕਿਵੇਂ ਥੱਕੇ ਹਾਰੇ ਬਿਜਲੀ ਮੁਲਾਜ਼ਮ ਤੇ ਭਈਏ ਸਾਡੇ ਘਰੋਂ ਬੜੀ ਨਿਸ਼ਾ ਨਾਲ ਪ੍ਰਸ਼ਾਦਾ ਛਕ ਕੇ ਗਏ…ਬਿਜਲੀ ਮੁਲਾਜ਼ਮਾਂ ਵਿਚ ਇਕ ਸਿੰਘ ਨੇ ਰੋਟੀ ਖਾਣ ਮਗਰੋਂ ਹੱਥ ਧੋ ਕੇ ਕਾਮਨਾ ਕੀਤੀ ਸੀ- ‘ਲੋਹ-ਲੰਗਰ ਤਪਦੇ ਰਹਿਣ, ਸਿੱਖ ਗੁਰੂ ਕੇ ਛਕਦੇ ਰਹਿਣ…।’ ਤਾਂ ਉਸ ਜੰਮਣ-ਭੋਇੰ ਲਈ ਮੋਹ ਦੇ ਦਰਿਆ ਉਮੜ੍ਹ ਪੈਂਦੇ ਹਨ!
ਯੇ ਸੁਕੂਨੋ-ਆਸਾਇਸ਼, ਅਜਨਬੀ ਦਿਯਾਰੋਂ ਮੇਂ
ਅਪਨੇ ਮੁਲਕ ਮੇਂ ਪਾਤੇ, ਕਾਸ਼! ਹਮ ਵਹੀਂ ਰਹਤੇ!!