ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਬਾਜਾਂ ਵਾਲਾ ‘ਵਾਜਾਂ ਮਾਰਦਾ!

ਤਰਲੋਚਨ ਸਿੰਘ ,ਦੁਪਾਲਪੁਰ

ਬਾਜਾਂ ਵਾਲਾ ‘ਵਾਜਾਂ ਮਾਰਦਾ!

ਇੱਕ ਨਹੀਂ, ਕਹਾਣੀਆਂ ਦੋ ਸੁਣਾਉਣ ਜਾ ਰਿਹਾ ਹਾਂ। ਦੋਹਾਂ ਵਿਚ ਹੀ ਜੰਗਲ ਦੇ ਬਾਦਸ਼ਾਹ ਸ਼ੇਰ ਦਾ ਜਿ਼ਕਰ ਹੈ। ਬਹਾਦਰੀ ਦਾ ਸਿਖਰ ਸਮਝੇ ਜਾਂਦੇ ਸ਼ੇਰ ਦੇ ਨਾਲ ਨਾਲ, ਇਨ੍ਹਾਂ ਕਹਾਣੀਆਂ ਵਿਚ ਹਮੇਸ਼ਾ ਊਂਧੀਆਂ ਪਾ ਕੇ ਤੁਰਨ ਵਾਲੀਆਂ ਭੇਡਾਂ ਅਤੇ ਮਹਾਂ-ਮੂਰਖ ਮੰਨੇ ਜਾਂਦੇ ਗਧੇ ਦਾ ਵੇਰਵਾ ਵੀ ਹੈ। ਇਨ੍ਹਾਂ ਜਾਨਵਰਾਂ ਦੇ ਨਾਂ ਸੁਣ ਕੇ ਕਿਤੇ ਇਹ ਅੰਦਾਜ਼ਾ ਨਾ ਲਗਾ ਲਿਉ ਕਿ ਖੌਰੇ ਇਹ ਲੇਖ ‘ਬੱਚਿਆਂ ਦੇ ਮਨੋਰੰਜਨ ਲਈ ਲਿਖਿਆ ਜਾ ਰਿਹਾ ਹੈ। ਬੱਚੇ ਵਿਚਾਰੇ ਤਾਂ ਮਨ ਦੇ ਸੱਚੇ ਹੀ ਹੁੰਦੇ ਹਨ। ਉਹ ਪਿਆਰ ਨਾਲ ਜਾਂ ਥੋੜ੍ਹੀ ਜਿਹੀ ਘੂਰ ਨਾਲ ਹੀ ਪੁਚਕਾਰੇ ਜਾ ਸਕਦੇ ਹਨ। ਪੁਆੜਾ ਤਾਂ ਵਿਗੜੇ ਤਿਗੜੇ ਹੋਏ ‘ਵੱਡਿਆ’ ਦਾ ਹੈ। ਜਿਨ੍ਹਾਂ ਨੂੰ ‘ਸਿੱਧੇ ਰਾਹ’ ਪਾਉਣ ਲਈ ਰੋਜ਼ਾਨਾ ਹੀ ਅਖ਼ਬਾਰਾਂ ਦੇ ਸੈਂਕੜੇ-ਹਜਾਰਾਂ ਸਫੇ ਕਾਲੇ ਕੀਤੇ ਜਾਂਦੇ ਹਨ। ਢੇਰਾਂ ਦੇ ਢੇਰ ਮੈਗਜ਼ੀਨ-ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਵਰਗੇ ਸਾਫ ਤੇ ਕੋਮਲ ਦਿਲ ਵਾਲੇ ਲਈ ‘ਵੱਡੇ’ ਕੋਈ ਨਾ ਕੋਈ ਅਸਰ ਕਬੂਲ ਲੈਂਦੇ ਹਨ। ਬਹੁਤਿਆਂ ਦਾ ਹਾਲ ਉਸ ‘ਚੌਪਾਏ ਜਾਨਵਰ’ ਦੀ ਪੂਛ ਵਰਗਾ ਹੀ ਹੁੰਦਾ ਹੈ, ਜਿਸ ਨੂੰ ਸਿੱਧਿਆਂ ਕਰਨ ਲਈ ਬਾਰਾਂ ਸਾਲ ਨਲੀ ਵਿਚ ਪਾਈ ਰੱਖਿਆ ਗਿਆ ਸੀ, ਪਰ…!

ਖੈਰ! ਸਾਡੀ ਪਹਿਲੀ ਕਹਾਣੀ, ਇਤਿਹਾਸਕ ਨਗਰ ਸ੍ਰੀ ਅਨੰਦਪੁਰ ਸਾਹਿਬ ਦੇ ਆਸਪਾਸ ਦੇ ਪਿੰਡਾਂ ਨਾਲ ਸਬੰਧ ਰੱਖਦੀ ਹੈ। ਪਹਾੜੀਆਂ ਦੀਆਂ ਰਮਣੀਕ ਵਾਦੀਆਂ ਵਿਚ ਅਮਨ-ਅਮਾਨ ਨਾਲ ਵਸਦੇ-ਰਸਦੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਇਕ ਵਾਰ ਅਚਾਨਕ ਸਿਰ ਆ ਪਈ ਬਿਪਤਾ ਨੇ ਭੈਅਭੀਤ ਕਰ ਦਿੱਤਾ। ਹੋਇਆ ਇਹ ਕਿ ਪਹਾੜੀਆਂ ਵਿਚੋਂ ਇੱਕ ਖੂੰ-ਖਾਰ ਸ਼ੇਰ, ਇਸ ਪੇਂਡੂ ਖੇਤਰ ਵਿਚ ਆ ਨਿਕਲਿਆ। ਇਨ੍ਹਾਂ ਪਿੰਡਾਂ ਦੇ ਕਈ ਬੰਦਿਆਂ ਨੇ ਖੁਲ੍ਹੀਆਂ ਚਰਾਂਦਾਂ ਵਿਚ ਆਪਣੇ ਮਾਲ-ਡੰਗਰ ਚਰਾਉਂਦਿਆਂ ਇਸ ਸ਼ੇਰ ਨੂੰ ਝਾੜਾਂ-ਝੂੰਡਿਆਂ ਵਿਚ ਇਧਰ-ਉਧਰ ਫਿਰਦਿਆਂ ਤੱਕਿਆ। ਜਿਸ ਕਿਸੇ ਦੇ ਵੀ ਨਜਰੀਂ ਸ਼ੇਰ ਪੈ ਜਾਂਦਾ ਉਹ ਡਰਦਾ ਮਾਰਿਆ ਪੈਰ ਸਿਰ ‘ਤੇ ਰੱਖ ਕੇ ਪਿੰਡ ਵਲ ਭੱਜ ਆਉਂਦਾ। ਰਾਤ ਵੇਲੇ ਅਚਾਨਕ ਹੋਇਆ ਕੋਈ ਖੜਾਕ ਸੁਣ ਕੇ ‘ਸ਼ੇਰ ਆ ਗਿਆ ਓਏ, ਸ਼ੇਰ ਆ ਗਿਆ’ ਦੀ ਹਾਹਾਕਾਰ ਮੱਚ ਜਾਂਦੀ। ਦਹਿਲੇ ਹੋਏ ਪੇਂਡੂ, ਦਿਨ ਖੜ੍ਹੇ ਹੀ ਕੰਮਕਾਰ ਨਿਬੇੜ ਕੇ ਘਰਾਂ ਨੂੰ ਪਰਤ ਆਉਂਦੇ। ਪੂਰੇ ਇਲਾਕੇ ਵਿਚ ਦਹਿਸ਼ਤ ਛਾ ਗਈ ਕਿਉਂਕਿ ਭਿਆਨਕ ਸ਼ੇਰ ਕਦੇ ਇਕ ਪਿੰਡ ਦੇ ਖੇਤ ਬੰਨੇ ਦਿਖਾਈ ਦਿੰਦਾ, ਕਦੇ ਦੂਸਰੇ ਪਿੰਡ।

ਅਜਿਹੇ ਖੌਫਜ਼ਦਾ ਮਾਹੌਲ ਵਿਚ ਕਿੰਨਾ ਕੁ ਚਿਰ ਚੁੱਪ ਰਹਿ ਕੇ ਜੀਵਿਆ ਜਾ ਸਕਦਾ ਸੀ? ਆਪੋ ਵਿਚੀ ਰਾਇ ਮਸ਼ਵਰਾ ਕਰਕੇ ਸਾਰੇ ਪਿੰਡਾਂ ਦੇ ਚੋਣਵੇਂ ਬੰਦਿਆਂ ਦਾ ਇਕ ‘ਡੈਪੂਟੇਸ਼ਨ’ ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੋਇਆ। ਇਹ ਉਹ ਦਿਨ ਸਨ ਜਦ ਪੰਥ ਖਾਲਸਾ ਸਾਜੇ ਨੂੰ ਹਾਲੇ ਕੁੱਝ ਹੀ ਮਹੀਨੇ ਬੀਤੇ ਸਨ। ਨਵੇਂ ਸਜੇ ਪੰਥ ਦੀਆਂ ਬਹੁਤ ਸਾਰੀਆਂ ਜਿ਼ੰਮੇਵਾਰੀਆਂ ਅਤੇ ਨਵੀਆਂ ਚੁਣੌਤੀਆਂ ਕਾਰਨ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੀ ਤਰ੍ਹਾਂ ਵਿਅਸਤ ਸਨ, ਪਰ ਦਯਾਲੂ ਤੇ ਕ੍ਰਿਪਾਲੂ ਸਤਿਗੁਰੂ ਨੇ, ਸ਼ੇਰ ਦੀ ਦਹਿਸ਼ਤ ਤੋਂ ਘਬਰਾਏ ਇਲਾਕਾ ਵਾਸੀਆਂ ਦਾ ਦੁੱਖ ਸੁਣਿਆ। ਉਨ੍ਹਾਂ ਨੂੰ ਧੀਰਜ ਬੰਨਾਇਆ ਅਤੇ ਵਾਪਸ ਘਰੋ ਘਰੀ ਜਾਣ ਲਈ ਆਖਿਆ।

ਇਕ ਦੋ ਦਿਨ ਇਸੇ ਤਰ੍ਹਾਂ ਗੁਜਰ ਗਏ। ਹਜੂਰੀਏ ਸਿੰਘ, ਜਦੋਂ ਵੀ ਗੁਰੂ ਜੀ ਨੂੰ ਸ਼ੇਰ ਦੀ ਦਰਖਾਸਤ ਲੈ ਕੇ ਆਏ ਇਲਾਕਾ ਵਾਸੀਆਂ ਦੀ ਸਮੱਸਿਆ ਯਾਦ ਕਰਵਾਉਂਦੇ ਤਾਂ ਸਤਿਗੁਰੂ ਜੀ ਟਾਲਾ-ਮਾਲਾ ਕਰ ਛੱਡਦੇ ਨਿਕਟਵਰਤੀ ਸਿੱਖ-ਸੇਵਕ ਇਸ ਗੱਲੋਂ ਬੜੇ ਹੈਰਾਨ ਹੋਏ। ਆਖਰ ਤੀਸਰੇ ਦਿਨ ਉਹੀ ਡੈਪੂਟੇਸ਼ਨ ਜਦੋਂ ਦਰਬਾਰ ਵਿਚ ਫਿਰ ਆ ਹਾਜ਼ਰ ਹੋਇਆ ਤਾਂ ਗੁਰੂ ਜੀ ਨੇ ਝੱਟਪੱਟ ਅਸਤਰ-ਬਸਤਰ ਸਜਾਏ, ਆਪਣੇ ਨਾਲ ਕੁੱਝ ਚੋਣਵੇਂ ਜੰਗ-ਜੂ ਸਿੰਘਾਂ ਨੂੰ ਨਾਲ ਲੈ ਕੇ ਪੀੜਿਤ ਪਿੰਡਾਂ ਵਲ ਨੂੰ ਚੜ੍ਹਾਈ ਕੀਤੀ। ਇੱਕ ਪਿੰਡ ਦੇ ਬੇਲਿਆਂ ਵਿਚ ਮਸਤ-ਚਾਲ ਚਲਦਾ ਸ਼ੇਰ ਦਿਖਾਈ ਦਿੱਤਾ। ਇਕੱਠੇ ਹੋਏ ਤਮਾਸ਼ਬੀਨਾਂ ਦੇ ਸਾਹ ਸੂਤੇ ਗਏ! ਗੁਰੂ ਜੀ ਨੇ ਇਕ ਦਮ ਆਪਣੀ ਬੰਦੂਕ ਸੰਭਾਲੀ…ਘੋੜਾ ਦੱਬਿਆ…ਠਾਹ!…..ਜੋਰ ਦੀ ਖੜਾਕਾ ਹੋਇਆ !!…ਪਰ ਇਹ ਕੀ? ਗੋਲੀ ਤਾਂ ਕਿਤੇ ਹੋਧਰੇ ਹੀ ਜਾ ਵੱਜੀ…ਅਤੇ ਸ਼ੇਰ ਵੀ ਜੰਗਲ ਵਲ ਭੱਜਣ ਦੀ ਬਜਾਏ ਪਿੰਡ ਵਲ ਨੂੰ ਵਾਹੋ ਦਾਹੀ ਦੌੜ ਪਿਆ!

ਇਕ ਹੋਰ ਫਾਇਰ ਕਰਨ ਦੀ ਥਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ, ਭੱਜੇ ਜਾਂਦੇ ਸ਼ੇਰ ਦੇ ਮਗਰੇ ਮਗਰ ਪਿੰਡ ਵਲ ਜਾਣ ਦਾ ਆਦੇਸ਼ ਦਿੱਤਾ ਗੁਰੂ ਜੀ ਅਤੇ ਸਿੰਘਾਂ ਦੇ ਸਨਦਬੱਧ ਜਥੇ ਦੀ ਹਾਜਰੀ ਕਾਰਨ ਸਾਰੇ ਜਣੇ ਹੌਂਸਲੇ ਨਾਲ ਉਧਰ ਨੂੰ ਚੱਲ ਪਏ। ਸਾਰਿਆਂ ਨੇ ਹੀ ਨਿਗਾਹਾਂ ਸ਼ੇਰ ਉੱਤੇ ਹੀ ਟਿਕਾਈਆਂ ਹੋਈਆਂ ਸਨ। ਸਭ ਦੇ ਦੇਖਦਿਆਂ ਦੇਖਦਿਆਂ, ਪਿੰਡ ਦੇ ਬਾਹਰਵਾਰ ਘੁਮਾਰ ਦੇ ਵਿਹੜੇ ਮੋਹਰੇ ਸ਼ੇਰ ਜਾ ਪਹੁੰਚਿਆ। ਵਿਹੜੇ ਵਿਚ ਬੰਨ੍ਹੇ ਹੋਏ ਗਧੇ, ਸ਼ੇਰ ਨੂੰ ਦੇਖ ਕੇ ਡਰਦੇ ਮਾਰੇ ਉੱਚੀ ਉੱਚੀ ਹੀਂਗਣ ਲੱਗ ਪਏ। ਉਦੋਂ ਸਾਰਿਆਂ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ, ਜਦੋਂ ਹੀਂਗਦੇ ਟੱਪਦੇ ਗਧਿਆਂ ‘ਤੇ ਝਪਟ ਪੈਣ ਦੀ ਬਜਾਏ ਭੱਜਾ ਆਇਆ ‘ਸ਼ੇਰ’ ਖੁਦ ਹੀਂਗਣ ਲੱਗ ਪਿਆ!

ਇਹ ਅਜੀਬੋਗਰੀਬ ਕੌਤਕ ਦੇਖ ਕੇ ਸਾਰੇ ਪੇਂਡੂ ਦਸਮੇਸ਼ ਗੁਰੂ ਦੇ ਚਿਹਰੇ ਵਲ ਸਵਾਲੀਆ ਨਜ਼ਰਾਂ ਨਾਲ ਤੱਕਣ ਲੱਗੇ। ਮੁਸਕ੍ਰਾਉਂਦਿਆਂ ਹੋਇਆਂ ਗੁਰੂ ਜੀ ਨੇ ਆਪਣੇ ਸਾਥੀ ਭਾਈ ਉਦੇ ਸਿੰਘ ਨੂੰ ਇਸ਼ਾਰਾ ਕੀਤਾ ਜੋ ਉੱਚੀ ਉੱਚੀ ਹੱਸ ਰਿਹਾ ਸੀ। ਬਿਜਲੀ ਦੀ ਫੁਰਤੀ ਨਾਲ ਭਾਈ ਉਦੇ ਸਿੰਘ ਨੇ ਹੀਂਗਦੇ ‘ਸ਼ੇਰ’ ਨੂੰ ਜਾ ਧੌਣੋਂ ਫੜਿਆ। ਸਭ ਦੇ ਸਾਹਮਣੇ ਪਲਾਂ ਵਿਚ ਹੀ ਗੁਰੂ ਦੇ ਸਿੰਘ ਨੇ ਉਸ ਸ਼ੇਰ ਨੂੰ ਗਧਾ ਬਣਾ ਦਿੱਤਾ! ਯਾਦ ਰਹੇ ਇਹ ਭਾਈ ਉਦੇ ਸਿੰਘ, ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਪਹਾੜੀ ਰਾਜਿਆਂ ਦੇ ਮਸਤੇ ਹੋਏ ਖੂਨੀ ਹਾਥੀ ਦਾ, ਨਾਗਣੀ ਬਰਛੀ ਨਾਲ ਮੱਥਾ ਪਾੜਨ ਵਾਲੇ ਸੂਰਬੀਰ ਭਾਈ ਬਚਿੱਤਰ ਸਿੰਘ ਦਾ ਵੱਡਾ ਭਰਾਤਾ ਸੀ। ਲੜਾਈ ਵਿਚ ਰਾਜੇ ਕੇਸਰੀ ਚੰਦ ਜਸਵਾਲੀਏ ਦਾ ਸਿਰ ਵੱਢ ਕੇ ਭਾਈ ਉਦੇ ਸਿੰਘ ਆਪਣੇ ਨੇਜੇ ‘ਤੇ ਟੰਗ ਕੇ ਕਿਲੇ ਵਿਚ ਲੈ ਆਇਆ ਸੀ ਤਾਂ ਕਿ ਉਹ ਕਲਗੀਆਂ ਵਾਲੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਇਨ੍ਹਾਂ ਦੋਹਾਂ ਸੂਰਮੇਂ ਭਰਾਵਾਂ ਵਲੋਂ ਵਰਤੇ ਗਏ ਹਥਿਆਰ, ਨਾਗਣੀ, ਬਰਛੀ ਅਤੇ ਬਰਛਾ, ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ‘ਤੇ ਸੁਸ਼ੋਭਿਤ ਹਨ।

ਹੁਣ ਸ਼ੇਰ ਤੋਂ ਗਧਾ ਬਣਾਉਣ ਦੀ ਕਹਾਣੀ ਦਾ ਰਾਜ਼! ਅਚੰਭਿਤ ਹੋ ਕੇ ਬੁੱਤ ਬਣੇ ਹੋਏ ਲੋਕਾਂ ਦੇ ਇਕੱਠ ਸਾਹਮਣੇ ਜਿਵੇਂ ਗੁਰੂ ਸਾਹਿਬ ਨੇ ਇਸ ਕੌਤਕ ਦਾ ਭੇਦ ਖੋਲ੍ਹਿਆ। ਉਸ ਦਾ ਸਾਰ ਤੱਤ ਕੁੱਝ ਇਸ ਤਰ੍ਹਾਂ ਹੈ। ਘਣੇ ਜੰਗਲਾਂ ਵਿਚ ਸਿ਼ਕਾਰ ਖੇਡਣ ਗਿਆ ਭਾਈ ਉਦੇ ਸਿੰਘ, ਇੱਕ ਦਿਨ ਇਕ ਖੂੰ-ਖਾਰ ਸ਼ੇਰ ਨੂੰ ਮਾਰ ਲਿਆਇਆ। ਆਪਣੇ ਸਿੰਘ ਦੀ ਹਿੰਮਤ ਅਤੇ ਫੁਰਤੀ ਦੀ ਦਾਦ ਦਿੰਦਿਆਂ ਗੁਰੂ ਜੀ ਦੇ ਮਨ ਵਿਚ ਫੁਰਨਾ ਫੁਰਿਆ। ਕਿਉਂ ਨਾ ਇਕ ਕੌਤਕ ਰਚਾ ਕੇ ‘ਸਿੰਘ ਸਰੂਪ’ ਦੀ ਵਿਸ਼ੇਸ਼ਤਾ ਦਰਸਾਈ ਜਾਵੇ? ਸੋ, ਪਰਦੇ ਨਾਲ ਗੁਰੂ ਜੀ ਨੇ ਭਾਈ ਉਦੇ ਸਿੰਘ ਨੂੰ ਸਾਰੀ ਵਿਉਂਤ ਸਮਝਾ ਦਿੱਤੀ। ਬਣਾਈ ਗਈ ਸਕੀਮ ਅਨੁਸਾਰ ਸ਼ੇਰ ਦੀ ਖੱਲ ਲਾਹ ਕੇ, ਬੜੇ ਹਿਸਾਬ ਨਾਲ ਗਧੇ ਉੱਪਰ ਪਾ ਦਿੱਤੀ ਗਈ। ਭਾਈ ਉਦੇ ਸਿੰਘ ਚੁੱਪ ਚਪੀਤੇ ਇਸ ਸ਼ੇਰ ਰੂਪੀ ਗਧੇ ਨੂੰ ਲਾਗਲੇ ਪਿੰਡਾਂ ਦੇ ਬਾਹਰਵਾਰ ਛੱਡ ਆਇਆ। ਬੱਸ, ਇਸੇ ‘ਸ਼ੇਰ’ ਨੇ ਇਲਾਕੇ ਭਰ ਵਿਚ ਤਹਿਲਕਾ ਮਚਾਈ ਰੱਖਿਆ। ਕਈਆਂ ਦੀ ਨੀਂਦ ਹਰਾਮ ਕਰੀ ਰੱਖੀ!

ਮੋਟੀਆਂ ਮੋਟੀਆਂ ਪੋਥੀਆਂ ਪੜ੍ਹਨ ਜਾਂ ਕਈ ਕਈ ਘੰਟੇ ਵਖਿਆਨ-ਉਪਦੇਸ਼ ਸੁਣਨ ਨਾਲੋਂ, ਜੇ ਦਸਮੇਸ਼ ਪਿਤਾ ਵਲੋਂ ਵਰਤਾਇਆ ਇਹ ਵਿਅੰਗਮਈ ਟ੍ਰੇਲਰ ਜ਼ਰਾ ਗੰਭੀਰਤਾ ਨਾਲ ਵਿਚਾਰ ਲਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਸਾਰੇ ਰੋਗਾਂ ਦੀ ਜੜ੍ਹ ਵੱਢ ਹੋ ਸਕਦੀ ਹੈ। ਨੀਲੇ ਦੇ ਸ਼ਾਹ-ਅਸਵਾਰ ਨੂੰ ਆਪਣਾ ਬਾਪੂ ਮੰਨ ਲਿਆ, ਉਸਦਾ ਬਖਸਿ਼ਆ ਸਰੂਪ ਅੰਗੀਕਾਰ ਕਰ ਲਿਆ। ਦੇਖਣ ਵਾਲਿਆਂ ਸਾਨੂੰ ‘ਸ਼ੇਰ’ ਸਵੀਕਾਰ ਕਰ ਲਿਆ। ਸ਼ੇਰਾਂ ਵਾਲਾ ਮਾਣ-ਸਤਿਕਾਰ ਲੈਂਦਿਆਂ ਅਸੀਂ ਖੁਸ਼ੀ ‘ਚ ਆਪਣੀ ਛਾਤੀ ਵੀ ਚੌੜੀ ਕਰ ਲਈ।

ਇਸ ਸਾਰੇ ਕਾਸੇ ਦੇ ਬਾਵਜੂਦ ਜਦ ਅਸੀਂ ਜੱਟ, ਭਾਪੇ, ਰਾਮਗੜ੍ਹੀਏ, ਸੈਣੀ, ਰਵਿਦਾਸੀਏ ਜਾਂ ਦਲਿਤ ਅਖਵਾ ਕੇ ਖੁਸ਼ ਹੁੰਦੇ ਹਾਂ ਤਾਂ ਸਮਝੋ ਉਦੋਂ ਭਾਈ ਉਦੇ ਸਿੰਘ ਸਾਡੇ ਉਪਰੋਂ ਸ਼ੇਰ ਦੀ ਖੱਲ ਉਤਾਰ ਦਿੰਦਾ ਹੈ। ਜਾਤ-ਬਰਾਦਰੀ ਦਾ ਚਾਅ ਚੜ੍ਹਦਿਆਂ ਸਾਰ ਅਸੀਂ ਹੀਂਗਣ ਲੱਗ ਪੈਂਦੇ ਹਾਂ। ਦੋ ਘੜੀਆਂ ਪਹਿਲਾਂ, ਜਿਹਦੇ ਕੋਲੋਂ ਸਾਰਾ ਇਲਾਕਾ ਥਰ ਥਰ ਕੰਬਦਾ ਸੀ, ਜਦ ਹੀਂਗਿਆ ਤਾਂ ਉਸ ਵੇਲੇ ਘੁਮਾਰ ਭਰਾ ਨੇ ਦੋ ਡੰਡੇ ਗਿੱਟਿਆਂ ‘ਚ ਮਾਰੇ, ਉੱਪਰ ਭਾਰ ਲੱਦ ਕੇ ਤੋਰ ਲਿਆ! ਆ ਗਿਆ ਆਨੇ ਵਾਲੀ ਥਾਂ!! ਐਨ ਇਸੇ ਤਰ੍ਹਾਂ ਸਾਡਾ ਹੀਂਗਣਾ ਸੁਣ ਕੇ, ਜਿਸਦਾ ਦਾਅ ਲਗਦੈ ਉਹੀ ਸਾਡੇ ਤੇ ਆਪਣਾ ਭਾਰ ਲੱਦ ਲੈਂਦਾ ਹੈ। ਮਾੜੀ ਕਿਸਮਤ ਨੂੰ, ਹੁਣ ਅਸੀਂ ਅਜਿਹੇ ਭਾਰ ਢੋਣ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਸਾਡੇ ‘ਚੋਂ ਇਹ ਅਹਿਸਾਸ ਹੀ ਮੁੱਕ ਚੁੱਕਿਐ! ਕੋਈ ਕਿਸੇ ਦੀ ਖੁਰਜੀ ਪਿੱਠ ਉੱਪਰ ਲੱਦੀ ਫਿਰਦਾ ਹੈ ਕੋਈ ਕਿਸੇ ਹੋਰ ਦੀ!! ਉਹ ਵੀ ਬੜੇ ਫਖ਼ਰ ਨਾਲ!! ਕੀ ਕੋਈ ਸਾਡਾ ਹੀਂਗਣਾ ਬੰਦ ਕਰਾ ਕੇ, ਸਾਨੂੰ ਮੁੜ ਕੇ ਸ਼ੇਰ ਬਣਾ ਸਕਦਾ ਹੈ? ਇਸ ਅਹਿਮ ਸਵਾਲ ਦੇ ਜਵਾਬ ਵਜੋਂ ਦੂਜੀ ਕਹਾਣੀ ਪੇਸ਼-ਏ-ਖਿਦਮਤ ਹੈ;

ਆਪਣੇ ਘੁਰਨੇ ਵਿਚ ਇਕ ਸ਼ੇਰਨੀ ਸੂ ਪਈ। ਪਤਾ ਨਹੀਂ ਕੀ ਕਾਰਨ ਬਣਿਆਂ, ਉਹ ਆਪਣੇ ਨਵ-ਜਾਤ ਬੱਚਿਆਂ ਪ੍ਰਤੀ ਐਡੀ ਅਵੇਸਲੀ ਹੋ ਗਈ ਕਿ ਉਸਨੇ ਸਹੀ ਢੰਗ ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਹੀ ਨਾ। ਮਾਂ ਦੇ ਮੋਹ ਤੋਂ ਵਿਰਵੇ ਹੋਏ ਬੱਚੇ ਇਧਰ-ਉਧਰ ਭਟਕਣ ਲੱਗੇ। ਇਨ੍ਹਾਂ ਵਿਚੋਂ ਇੱਕ ਬੱਚਾ ਜੰਗਲ ਵਿਚ ਭੇਡਾਂ ਚਾਰਨ ਵਾਲੇ ਆਜੜੀ ਦੇ ਹੱਥ ਲੱਗ ਗਿਆ। ਦਯਾਲੂ ਸੁਭਾਅ ਵਾਲੇ ਆਜੜੀ ਨੇ ਤਤਕਾਲ ਇਸ ਬੱਚੇ ਨੂੰ ਇਕ ਭੇਡ ਦਾ ਦੁੱਧ ਚੁੰਘਾਇਆ। ਬੱਚੇ ਨੂੰ ਸੁਰਤ ਆਈ। ਆਜੜੀ ਨੇ ਬੱਚਿਆਂ ਵਾਂਗ ਉਸ ਦੀ ਪਰਵਰਿਸ਼ ਕੀਤੀ। ਭੇਡਾਂ ਦਾ ਦੁੱਧ ਚੁੰਘ ਚੁੰਘ ਕੇ, ਅੱਜ ਹੋਰ ਕੱਲ੍ਹ ਹੋਰ ਸ਼ੇਰ ਦਾ ਬੱਚਾ ਵੱਡਾ ਹੁੰਦਾ ਗਿਆ। ਦਿਨ ਰਾਤ ਭੇਡਾਂ ਤੇ ਲੇਲਿਆਂ ਵਿਚਕਾਰ ਵਿਚਰਨ ਕਰਕੇ, ਉਸਨੂੰ ਭੇਡਾਂ ਵਾਂਗ ਹੀ ਧੌਣ ਨੀਵੀਂ ਕਰਕੇ ਤੁਰਨ ਦੀ ਆਦਤ ਪੈ ਗਈ। ਦੂਜੇ ਲਫਜਾਂ ਵਿਚ ਉਸਨੇ ਪੂਰੀ ਤਰ੍ਹਾਂ ‘ਭੇਡ-ਚਾਲ’ ਅਪਨਾ ਲਈ। ਭੇਡਾਂ ਵਾਂਗ ਹੀ ਸ਼ਾਮ ਪਈ ਉਸਨੂੰ ਵਾੜੇ ਵਿਚ ਤਾੜ ਦਿੱਤਾ ਜਾਂਦਾ। ਕਦੀ ਕਦੀ ਆਜੜੀ ਦੇ ਬਾਲ ਬੱਚੇ ਲੇਲਿਆਂ ਨਾਲ ਖੇਡਣ ਸਮੇਂ, ਸ਼ੇਰ ਦੇ ਬੱਚੇ ਦੀ ਪਿੱਠ ‘ਤੇ ਵੀ ਚੜ੍ਹ ਕੇ ਖਰਮਸਤੀਆਂ ਕਰਦੇ ਰਹਿੰਦੇ। ਜਦ ਕਦੇ ਉਹ ਚਾਮ੍ਹਲੇ ਹੋਏ ਸ਼ੇਰ ਦੇ ਬੱਚੇ ਦੀਆਂ ਮੁੱਛਾਂ ਨੂੰ ਫੜ ਫੜ ਖਿੱਚਦੇ ਤਾਂ ਅੱਗਿਉਂ ਉਹ ਅੱਖਾਂ ਮੁੰਦ ਲੈਂਦਾ। ਇੰਜ ਬੱਚਿਆਂ ਨਾਲ ਖੇਡ ਕੇ ਉਸਨੂੰ ਵੀ ਤਸੱਲੀ ਮਿਲਦੀ।

ਰੋਜ਼ਾਨਾ ਦੀ ਤਰ੍ਹਾਂ ਇਕ ਦਿਨ ਆਜੜੀ ਆਪਣੇ ਇੱਜੜ ਨੂੰ ਚਰਾਉਂਦਾ ਹੋਇਆ ਘਣੇ ਜੰਗਲ ਵਲ ਨਿੱਕਲ ਗਿਆ। ਬੜੇ ਅਰਾਮ ਨਾਲ ਭੇਡਾਂ ਤੇ ਲੇਲੇ ਇਧਰ ਉਧਰ ਮੂੰਹ ਮਾਰਦੇ ਫਿਰ ਰਹੇ ਸਨ। ਇੰਨੇ ਨੂੰ ਥੋੜੀ ਦੂਰ ਪਹਾੜੀ ਦੀ ਇੱਕ ਟੀਸੀ ‘ਤੇ ਖੜ੍ਹਾ ਸ਼ੇਰ, ਭੇਡਾਂ ਵਲ ਦੇਖ ਕੇ ਦਹਾੜਿਆ। ਅਚਾਨਕ ਉਸ ਵੇਲੇ ਸ਼ੇਰ ਦਾ ਬੱਚਾ ਇੱਜੜ ਦੇ ਸਭ ਤੋਂ ਮੋਹਰੇ ਤੁਰਿਆ ਫਿਰਦਾ ਸੀ। ਸ਼ੇਰ ਦੀ ਭਬਕਾਰ ਸੁਣਦਿਆਂ ਸਾਰ ਭੇਡਾਂ ਤਾਂ ਜਿੱਧਰ ਮੂੰਹ ਹੋਇਆ ਨੱਠ ਤੁਰੀਆਂ। ਡਰਦਾ ਮਾਰਿਆ ਆਜੜੀ ਵੀ ਫੌਰਨ ਇਕ ਦਰਖਤ ‘ਤੇ ਜਾ ਚੜ੍ਹਿਆ। ਟੀਸੀ ਤੋਂ ਉੱਤਰ ਕੇ ਥੱਲੇ ਵਲ ਆਉਂਦਿਆਂ ਜੰਗਲੀ ਸ਼ੇਰ ਨੇ ਇੱਕ ਹੋਰ ਗਰਜਵੀਂ ਭਬਕ ਮਾਰੀ। ਉਸਨੂੰ ਦੇਖ ਕੇ ਸ਼ੇਰ ਦੇ ਬੱਚੇ ਨੇ ਕੰਨ ਫਰਕੇ! ਸ਼ੇਰ ਨੇ ਦੇਖ ਲਿਆ ਕਿ ਇਹ ਤਾਂ ਮੇਰੀ ਨਸਲ ਦਾ ਹੀ ਬੱਚਾ ਹੈ। ਇਧਰੋਂ ਸ਼ੇਰ ਦੀ ਭਬਕਾਰ ਸੁਣ ਕੇ ਸ਼ੇਰ ਦੇ ਬੱਚੇ ਨੇ ਵੀ ਅੰਗੜਾਈ ਲਈ। ਉਸਨੇ ਗਲੇ਼ ‘ਚੋਂ ਆਵਾਜ਼ ਕੱਢਣ ਦੀ ਕੋਸਿ਼ਸ਼ ਕੀਤੀ। ਇਸਦੀ ਨਿੱਕੀ ਜਿਹੀ ਗਰਜ ਸੁਣ ਕੇ, ਸ਼ੇਰ ਇਹਨੂੰ ਚੱਟਣ ਚੁੰਮਣ ਲੱਗ ਪਿਆ। ਹੁਣ ਸ਼ੇਰ ਦੇ ਬੱਚੇ ਦੇ ਅੰਦਰਲਾ ‘ਸ਼ੇਰ’ ਜਾਗ ਪਿਆ। ਆਪਣੀ ਸ਼ਕਲ-ਸੂਰਤਿ ਨਾਲ ਮਿਲਦੇ ਜੁਲਦੇ ਵੱਡੇ ਸ਼ੇਰ ਨਾਲ ਜੰਗਲ ਵਲ ਨੂੰ ਤੁਰਿਆ ਜਾ ਰਿਹਾ ‘ਨਿੱਕਾ ਸ਼ੇਰ’ ਚਾਅ ਤੇ ਉਮਾਹ ਨਾਲ ਭਬਕਾਰਾਂ ਹੀ ਮਾਰੀ ਜਾ ਰਿਹਾ ਸੀ।

ਸਾਨੂੰ ਭੇਡਾਂ ਦੇ ਇੱਜੜਾਂ ਵਿਚ ਰੁਲਦਿਆਂ ਭਟਕਦਿਆਂ ਨੂੰ, ਸਾਨੂੰ ਗਧੇ ਬਣ ਕੇ ਕੱਚੇ-ਪਿੱਲਿਆਂ ਦਾ ਭਾਰ ਢੋਂਦਿਆਂ ਨੂੰ ਤੱਕ ਤੱਕ ਕੇ, ਅਹੁ ਤਖਤ ਸ੍ਰੀ ਕੇਸਗੜ੍ਹ ਦੀ ਠੇਰੀ ਤੋਂ, ਅੱਜ ਵੀ ਸਾਡਾ ਬਾਪੂ ਸਾਨੂੰ ਮੁੜ ਸ਼ੇਰ ਬਣਾਉਣ ਲਈ ‘ਵਾਜਾਂ ਮਾਰ ਰਿਹਾ ਹੈ। ਪਰ ਸਾਨੂੰ ਗਧੇ ਬਣਨ ਅਤੇ ਭੇਡਾਂ ਵਾਂਗ ਊਂਧੀਆਂ ਪਾਉਣ ‘ਚ ਹੀ ਮਜ਼ਾ ਆ ਰਿਹਾ ਹੈ। ਸਾਨੂੰ ਬੇਕਿਸਮਤਾਂ ਨੂੰ ਬਾਜਾਂ ਵਾਲੇ ਦੀਆਂ ‘ਵਾਜਾਂ ਸੁਣਦੀਆਂ ਹੀ ਨਹੀਂ!