ਤਰਲੋਚਨ ਸਿੰਘ ਦੁਪਾਲਪੁਰ —
ਜੇ ਭਲਾ
ਨੇਪਾਲ ਦੇਸ਼ ਦੀ ਇਕ ਬੜੀ ਰੌਚਿਕ ਲੋਕ ਕਥਾ ਹੈ ਕਿ ਇਕ ਬੁੱਤ-ਘਾੜੇ ਨੇ ਬੁਢਾਪੇ ਦੀ ਉਮਰ ਵਿਚ, ਆਪਣੀ ਮੌਤ ਤੋਂ ਬਚਣ ਲਈ ਇਕ ਤਰਕੀਬ ਬਣਾਈ। ਉਸ ਨੇ ਹੂ-ਬ-ਹੂ ਆਪਣੇ ਚਿਹਰੇ-ਮੋਹਰੇ ਵਾਲੇ ਕਈ ਸਾਰੇ ਬੁੱਤ ਬਣਾ ਕੇ ਆਪਣੇ ਘਰ ਵਿਚ ਇਧਰ-ਉਧਰ ਟਿਕਾ ਦਿੱਤੇ। ਇਤਨੀ ਕਾਰੀਗਰੀ ਨਾਲ ਉਸ ਨੇ ਇਹ ਬੁੱਤ ਤਿਆਰ ਕੀਤੇ ਕਿ ਦੇਖਣ ਵਾਲਿਆਂ ਨੂੰ ਵੀ ਅਸਲ-ਨਕਲ ਦੀ ਪਹਿਚਾਣ ਨਾ ਰਹੀ। ਬੁੱਤ-ਘਾੜਾ ਜਦੋਂ ਕਿਤੇ ਇਨ੍ਹਾਂ ਬੁੱਤਾਂ ਵਿਚ ਟਿਕ ਕੇ ਬਹਿ ਜਾਂਦਾ ਤਾਂ ਉਸ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਂਦੀ। ਅਜਿਹਾ ਉਸ ਬੁੱਤ-ਘਾੜੇ ਨੇ ਇਹ ਸੋਚ ਕੇ ਕੀਤਾ ਸੀ ਕਿ ਜਦੋਂ ਮੌਤ ਦਾ ਫਰਿਸ਼ਤਾ ਉਸ ਨੂੰ ਲੈਣ ਆਵੇਗਾ ਤਾਂ ਉਹ ਵੀ ਸ਼ਸ਼ੋਪੰਜ ਵਿਚ ਪੈ ਜਾਏਗਾ ਕਿ ਇਨ੍ਹਾਂ ਵਿਚੋਂ ਮੈਂ ਕਿਸ ਨੂੰ ਲੈ ਕੇ ਜਾਵਾਂ? ਐਸਾ ਹੀ ਹੋਇਆ। ਜਦੋਂ ਬੁੱਤ-ਘਾੜੇ ਦਾ ਅੰਤ-ਕਾਲ ਆਇਆ, ਧਰਮ ਰਾਜ ਦੇ ਭੇਜੇ ਹੋਏ ਦੂਤ ਗੇੜਾ ਮਾਰ ਕੇ ਖਾਲੀ ਹੱਥੀਂ ਦਰਗਾਹ ‘ਚ ਜਾ ਪਹੁੰਚੇ। ਪੁੱਛਣ ‘ਤੇ ਉਨ੍ਹਾਂ ਧਰਮ ਰਾਜ ਨੂੰ ਪ੍ਰੇਸ਼ਾਨੀ ਦੱਸੀ ਕਿ ਉਥੇ ਤਾਂ ਕਈ ਬੁੱਤ-ਘਾੜੇ ਬੈਠੇ ਨੇ। ਅਸੀਂ ਕਿਸ ਨੂੰ ਲੈ ਕੇ ਆਈਏ? ਦੂਤਾਂ ਦੀ ਮੁਸ਼ਕਿਲ ਸੁਣ ਕੇ ਧਰਮ ਰਾਜ ਨੇ, ਅਸਲ ਬੁੱਤ-ਘਾੜਾ ਪਹਿਚਾਨਣ ਲਈ, ਉਨ੍ਹਾਂ ਨੂੰ ਇਕ ਸਕੀਮ ਦੱਸੀ। ਸਾਰੀ ਯੋਜਨਾ ਸਮਝਾ ਕੇ ਉਨ੍ਹਾਂ ਨੂੰ ਫਿਰ ਧਰਤੀ ‘ਤੇ ਭੇਜਿਆ ਗਿਆ।
ਧਰਮ ਰਾਜ ਦੀ ਦੱਸੀ ਤਰਕੀਬ ਅਨੁਸਾਰ ਮੌਤ ਦੇ ਫਰਿਸ਼ਤੇ ਬੁੱਤ-ਘਾੜੇ ਦੇ ਘਰ ਪਹੁੰਚ ਕੇ, ‘ਕੱਲੇ ‘ਕੱਲੇ ਬੁੱਤ ਕੋਲ ਖਲੋ ਕੇ ਉਸਨੂੰ ਨਿਹਾਰਨ ਲੱਗੇ। ਪੂਰੇ ਗਹੁ ਨਾਲ ਤੱਕਦਿਆਂ ਉਹ ਇਕ ਬੁੱਤ ਕੋਲ ਜਾ ਕੇ ਆਖਣ ਲੱਗੇ- ‘‘ਬਾਕੀ ਸਾਰੇ ਤਾਂ ਬਿਲਕੁਲ ਇਕੋ ਜਿਹੇ ਨੇ, ਕਿਸੇ ‘ਚ ਰਾਈ ਜਿੰਨਾ ਫਰਕ ਨਹੀਂ। ਪਰ ਅਹਿ ਬੁੱਤ ਬਣਾਉਣ ਵੇਲੇ ਬੁੱਤ-ਘਾੜਾ ਕਈ ਗਲਤੀਆਂ ਕਰ ਗਿਆ।’’
ਦੂਤਾਂ ਦੇ ਮੂੰਹੋਂ ਬੁੱਤ ਵਿਚ ਨੁਕਸ ਦੱਸਣ ਵਾਲੀ ਗੱਲ ਸੁਣਦਿਆਂ ਸਾਰ, ਬੁੱਤਾਂ ਵਿਚ ਬੁੱਤ ਬਣ ਕੇ ਬੈਠਾ ਬੁੱਤ-ਘਾੜਾ ਗੁੱਸੇ ‘ਚ ਆਉਂਦਿਆਂ ਬੋਲਿਆ- ‘‘ਤੁਸੀਂ ਕੌਣ ਹੁੰਦੇ ਹੋ ਮੇਰੀ ਕਲਾ-ਕ੍ਰਿਤ ਵਿਚ ਨੁਕਸ ਕੱਢਣ ਵਾਲੇ?….ਦੂਜਿਆਂ ਨਾਲੋਂ ਇਸ ਬੁੱਤ ਵਿਚ ਕਿਹੜਾ ਨੁਕਸ ਹੈ, ਮੈਨੂੰ ਦਿਖਾਉ ਤਾਂ ਜ਼ਰਾ?’’ ਉਹਦੇ ਬੋਲਣ ਦੀ ਦੇਰ ਸੀ ਕਿ ਦੂਤ ਝਪਟ ਕੇ ਉਸ ਨੂੰ ਪੈ ਗਏ। ਫਟਾਫਟ ਉਨ੍ਹਾਂ ਬੁੱਤ-ਘਾੜੇ ਦੀਆਂ ਮਸ਼ਕਾਂ ਬੰਨ੍ਹ ਲਈਆਂ ਅਤੇ ਲੈ ਤੁਰੇ ਉਸ ਨੂੰ ਰੱਬ ਦੀ ਦਰਗਾਹ ਵਲ ਨੂੰ!
ਇਸ ਲੋਕ-ਕਥਾ ਵਿਚਲੇ ਮੌਤ ਦੇ ਫਰਿਸ਼ਤੇ ਤਾਂ ਆਪਣੀ ‘ਆਈ’ ‘ਤੇ ਹੀ ਆ ਗਏ ਅਤੇ ਉਧਰੋਂ ਬੁੱਤ-ਘਾੜਾ ਵੀ ਆਪਣੀ ਜ਼ਰਾ ਜਿੰਨੀ ਅਲੋਚਨਾ ਸੁਣ ਕੇ ਤੈਸ਼ ‘ਚ ਆ ਗਿਆ। ਲੇਕਿਨ ਮੌਤ ਦੀ ‘ਟੈਲੀਗ੍ਰਾਮ’ ਲੈ ਕੇ ਆਉਣ ਵਾਲੇ ਧਰਮ ਰਾਜ ਦੇ ‘ਮੈਸੰਜਰ’ ਕਈ ਵਾਰੀ ਰਹਿਮ ਦਿਲੀ ਵੀ ਦਿਖਾ ਜਾਂਦੇ ਹਨ। ਜਦ ਕੋਈ ਭਲਾ ਪੁਰਸ਼ ਇਹ ਗੱਲ ਕਹੇ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬੇਅੰਤ ਹੁੰਦਾ ਹੈ, ਤਾਂ ਉਹ ਜ਼ਰੂਰ ਮੌਤ ਦੇ ਦੂਤਾਂ ਦੀ ਦਰਿਆ ਦਿਲੀ ਦੀ ਸ਼ੋਭਾ ਹੀ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜਦ ਕਿਸੇ ਸਮਾਚਾਰ ਪੱਤਰ ਵਿਚ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਦੀ ਸੁਰਖੀ ਹੇਠ ਖਬਰ ਛਪੀ ਹੋਈ ਹੋਵੇ, ਤਾਂ ਉਹਦੇ ਵਿਚ ਵੀ ਕਾਲ ਨਗਾਰਾ ਵਜਾਉਣ ਵਾਲੇ ਦੂਤਾਂ ਦੀ ‘ਫ਼ਰਾਖ਼ ਦਿਲੀ’ ਹੀ ਦਰਸਾਈ ਗਈ ਹੁੰਦੀ ਹੈ।
ਨੇਪਾਲੀ ਲੋਕ-ਕਥਾ ਤੋਂ ਬਾਅਦ ਮੇਰੀ ਆਪਣੀ ਨਿੱਜ-ਕਥਾ ਵੀ ਸੁਣ ਲਉ। ਦੋਹਾਂ ਕਥਾਵਾਂ ਵਿਚ ਫਰਕ ਇੰਨਾ ਕੁ ਹੈ ਕਿ ਕ੍ਰੋਧ ਵਿਚ ਆ ਕੇ ਬੁੱਤ-ਘਾੜਾ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠਾ, ਪਰ ਮੈਨੂੰ ਤੈਸ਼ ਵਿਚ ਆਏ ਨੂੰ ਵੀ ਦੂਤਾਂ ਵਲੋਂ ‘ਬਖਸ਼’ ਦਿੱਤਾ ਗਿਆ। ਐਸੇ ਮੌਕਿਆਂ ‘ਤੇ ਸਬੰਧਤ ਵਿਅਕਤੀ ਦੀ ਸੋਚਣ-ਸ਼ਕਤੀ ਘੜੀਆਂ ਪਲਾਂ ਵਿਚ ਹੀ ‘ਸ਼ੂਨਯ’ ਹੋ ਜਾਂਦੀ ਹੈ। ਕਰਤੇ-ਪੁਰਖ ਦੇ ਅਨੰਤ ਭਾਣੇ ਦੀ ਬੰਦੇ ਨੂੰ ਉਦੋਂ ਸਮਝ ਪੈਂਦੀ ਹੈ ਜਦ ਕੋਈ ਅਦ੍ਰਿਸ਼ਟ ਕਲਾ ਵਰਤ ਜਾਂਦੀ ਹੈ ਤਾਂ ਆਪਣੀਆਂ ਚੁਸਤ-ਚਲਾਕੀਆਂ ਅਤੇ ਦਿਮਾਗੀ-ਘੋੜਿਆਂ ਦੀਆਂ ਲਗਾਮਾਂ ਇਕਦਮ ਢਿੱਲੀਆਂ ਪੈ ਜਾਂਦੀਆਂ ਹਨ। ਬਾਕੀ ਗੱਲਾਂ ਬਾਅਦ ਵਿਚ, ਲਉ ਪਹਿਲਾਂ ਇਹ ਵਚਿੱਤਰ-ਘਟਨਾ ਸੁਣ ਲਉ-
ਜਲੰਧਰ ਜਿ਼ਲ੍ਹੇ ਦੇ ਕਸਬੇ ਭੋਗਪੁਰ ਤੋਂ ਬੀਬੀ ਜਗੀਰ ਕੌਰ ਦੇ ਪੇਕੇ ਪਿੰਡ ਭਟਨੂਰਾ ਲੁਬਾਣਾ ਵਲ ਨੂੰ ਜਾਂਦੀ ਸੜਕ ‘ਤੇ ਮੇਰੇ ਸਹੁਰਿਆਂ ਦਾ ਪਿੰਡ ਸੱਗਰਾਂ ਵਾਲੀ ਸਥਿਤ ਹੈ। ਕਿਸੇ ਵਿਆਹ ਸ਼ਾਦੀ ਦੇ ਸਬੰਧ ਵਿਚ ਆਪਣੀ ਪਤਨੀ ਸਮੇਤ ਉਥੇ ਪਹੁੰਚਿਆ ਹੋਇਆ ਸਾਂ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਵਾਪਸੀ ਸਮੇਂ ਅਸੀਂ ਦੋ ਚਾਰ ਹੋਰ ਸਵਾਰੀਆਂ ਸਮੇਤ, ਸੱਗਰਾਂ ਵਾਲੀ ਦੇ ਬੱਸ-ਸਟਾਪ ‘ਤੇ ਭੋਗਪੁਰ ਵਲ ਆਉਣ ਲਈ ਸੜਕ ‘ਤੇ ਖੜ੍ਹੇ ਸਾਂ। ਮਸ਼ਹੂਰ ਅਖਾਣ ਹੈ ਕਿ ਔਰਤ ਵਿਆਹ ‘ਚੋਂ ਅਤੇ ਝੋਟਾ ਗਾਹ ‘ਚੋਂ ਕੱਢਣੇ ਬੜੇ ਔਖੇ ਹੁੰਦੇ ਹਨ। ਉਤੋਂ ਵਿਆਹ ਵੀ ਮਾਪਿਆਂ ਦੇ ਘਰ! ਵਿਦਾ-ਵਿਦਾਈ ਕਰਦਿਆਂ ਇਕ ਤਾਂ ਅਸੀਂ ਘਰੋਂ ਹੀ ਲੇਟ ਤੁਰੇ। ਅੱਗੋਂ ਇਹ ਚਿੰਤਾ ਕਿ ਨਵਾਂਸ਼ਹਿਰ ਹਰ ਹਾਲਤ ਵਿਚ ਛੇ ਵਜੇ ਤੋਂ ਪਹਿਲਾਂ ਪਹੁੰਚਣਾ ਪੈਣਾ ਸੀ। ਉਥੋਂ ਸਾਡੇ ਪਿੰਡਾਂ ਵਲ ਨੂੰ ਆਖਰੀ ਬੱਸ ਛੇ ਵਜੇ ਨਿਕਲ ਜਾਂਦੀ ਹੁੰਦੀ ਸੀ। ਸੋ, ਸੱਗਰਾਂ ਵਾਲੀ ਦੇ ਬੱਸ-ਅੱਡੇ ‘ਤੇ ਸਾਨੂੰ ਖੜ੍ਹਿਆਂ ਨੂੰ ਅੱਚੋ-ਤਾਈ ਲੱਗੀ ਹੋਈ ਸੀ ਕਿ ਛੇਤੀ ਛੇਤੀ ਭੋਗਪੁਰ ਪਹੁੰਚ ਕੇ ਜਲੰਧਰ ਦੀ ਬੱਸ ਫੜੀਏ। ਪਰ ਕਾਹਲੀ ਅੱਗੇ ਟੋਏ ਵਾਂਗ ਉਥੇ ਹਾਲਤ ਇਹ ਬਣੀ ਹੋਈ ਸੀ ਕਿ ਭਟਨੂਰੇ ਵਲੋਂ ਜਿਹੜੀ ਵੀ ਬੱਸ ਆਵੇ, ਉਹ ਸਵਾਰੀਆਂ ਨਾਲ ਤੂੜੀ ਹੋਈ ਹੀ ਹੋਵੇ। ਸਗੋਂ ਛੱਤ ਉੱਪਰ ਵੀ ਸਵਾਰੀਆਂ ਬੈਠੀਆਂ ਹੁੰਦੀਆਂ!
ਅਜਿਹੀਆਂ ਨੱਕੋ-ਨੱਕ ਭਰੀਆਂ ਬੱਸਾਂ ਸਾਡੇ ਵਲੋਂ ਹੱਥ ਦੇਣ ਦੇ ਬਾਵਜੂਦ ਰੁਕਣ ਈ ਨਾ! ਅੱਧੇ-ਪੌਣੇ ਘੰਟੇ ਬਾਅਦ ਬੱਸ ਆਵੇ, ਪਰ ਸਾਡੇ ਕੋਲੋਂ ‘ਸ਼ੂੰ’ ਕਰਕੇ ਲੰਘ ਜਾਵੇ। ਜਿਉਂ ਜਿਉਂ ਦਿਨ ਢਲ੍ਹਦਾ ਜਾਏ, ਸਾਡੀ ਪ੍ਰੇਸ਼ਾਨੀ ਵਧਦੀ ਜਾਏ।
ਅਕਸਰ ਜਿਵੇਂ ਐਸੇ ਮੌਕਿਆਂ ‘ਤੇ ਹੁੰਦਾ ਹੀ ਹੈ, ਮਰਦ ਆਪਣੀਆਂ ਪਤਨੀਆਂ ‘ਤੇ ਰੋਅ੍ਹਬ ਝਾੜਨ ਲੱਗ ਜਾਂਦੇ ਹਨ! ਮੈਂ ਵੀ ਆਪਣੀ ਪਤਨੀ ਨੂੰ, ਪੇਕਿਆਂ ਘਰੋਂ ਬੇ-ਲੋੜੀ ਘੀਸ-ਘੀਸ ਕਰਕੇ ਲੇਟ ਤੁਰਨ ਲਈ ਤੱਤੀਆਂ-ਠੰਡੀਆਂ ਕਹਿਣ ਲੱਗ ਪਿਆ। ਕੋਲ ਖੜੀਆਂ ਬਜ਼ੁਰਗ ਮਾਈਆਂ ਮੇਰੀ ਘਰ ਵਾਲੀ ਦੀ ਤਰਫਦਾਰੀ ਕਰਦੀਆਂ ਬੋਲ ਪਈਆਂ, ‘‘ਨਾ ਭਾਈ ਕਾਕਾ, ਐਂ ਤੂੰ ਗਰਮ-ਸਰਦ ਨਾ ਹੋ, ਰਮਾਨ ਨਾਲ ਖੜ੍ਹਾ ਰਹੁ! ਕਿਸੇ ਪਾਸੇ ਨਿਕਲਾਂਗੇ ਈ ਐਥੋਂ!!’’
ਬੱਸਾਂ ਤੋਂ ਬਾਅਦ ਇਕ ਟੈਂਪੂ ਆਇਆ ਉਸ ਦੇ ਆਲੇ-ਦੁਆਲੇ ਸਵਾਰੀਆਂ ਇਉਂ ਲਟਕ ਰਹੀਆਂ ਸਨ, ਜਿਵੇਂ ਬਰਸਾਤਾਂ ਮੌਕੇ ਤੂੜੀ ਦੇ ਕੁੱਪਾਂ ਦੁਆਲੇ ਤੋਰੀਆਂ ਲਟਕਦੀਆਂ ਹੁੰਦੀਆਂ ਹਨ। ਕਈ ਜਣੇ ਟੈਂਪੂ ਦੇ ਮਡ-ਗਾਰਡਾਂ ਉੱਪਰ ਸਿਰਫ ਆਪਣੇ ਪੈਰਾਂ ਦੇ ਪੰਜੇ ਟਿਕਾ ਕੇ ਹੀ ਖੜੇ ਸਨ। ਟੈਂਪੂ ਦੀ ਕੇਵਲ ‘ਭੂੰ-ਭੂੰ’ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ, ਜਾਂ ਫਿਰ ਕਾਲਾ ਸ਼ਾਹ ਧੂੰਆਂ-ਬਾਕੀ ਸਵਾਰੀਆਂ ਹੀ ਸਵਾਰੀਆਂ। ਐਸੀ ਹਾਲਤ ਵਾਲੇ ਟੈਂਪੂ ਨੂੰ ਰੁਕਣ ਲਈ ਇਸ਼ਾਰਾ ਕਰਨਾ ਮੂਰਖ-ਮੱਤੀ ਹੀ ਹੋਣੀ ਸੀ। ਸੋ ਉਹ ਵੀ ਸਾਡੇ ਕੋਲੋਂ ਗੁਜ਼ਰ ਗਿਆ। ਸਾਨੂੰ ਨਵਾਂਸ਼ਹਿਰ ਤੋਂ ਪਿੰਡ ਨੂੰ ਜਾਣ ਦੀ ਚਿੰਤਾ ਵੱਢ ਵੱਢ ਖਾਣ ਲੱਗੀ। ਚੰਗੇ ਭਾਗਾਂ ਨੂੰ ਅੱਧੇ ਕੁ ਘੰਟੇ ਬਾਅਦ ਹੀ ਇਕ ਟੈਂਪੂ ਹੋਰ ਆਉਂਦਾ ਦਿਖਾਈ ਦਿੱਤਾ। ਜ਼ਰਾ ਨੇੜੇ ਆਇਆ ਦੇਖ ਕੇ ਸਾਡੇ ਸਾਹ ‘ਚ ਸਾਹ ਆਇਆ ਕਿਉਂਕਿ ਇਸ ਵਿਚ ਸਵਾਰੀਆਂ ਹੀ ਅੱਠ-ਨੌਂ ਕੁ ਹੀ ਸਨ ਅਤੇ ਪਿਛਲਾ ਫੱਟਾ ਵੀ ਖਾਲੀ ਹੀ ਸੀ। ਹੁਣ ਸਾਡੇ ਚਿਹਰੇ ਤਣਾਅ-ਮੁਕਤ ਹੋ ਗਏ। ਮੈਂ ਚਾਈਂ-ਚਾਈਂ ਆਉਂਦੇ ਟੈਂਪੂ ਨੂੰ ਰੁਕਣ ਲਈ ਹੱਥ ਦਿੱਤਾ।
ਪਤਾ ਨਹੀਂ ਟੈਂਪੂ ਡਰਾਈਵਰ ਦੇ ਮਨ ਵਿਚ ਕੀ ਆਈ? ਉਸ ਨੇ ਜ਼ਰਾ ਕੁ ਹੌਲੀ ਕਰਕੇ ਟੈਂਪੂ ਫੇਰ ਭਜਾ ਲਿਆ। ਅਸੀਂ ਸਾਰੇ ਹੱਕੇ ਬੱਕੇ ਰਹਿ ਗਏ। ਇਹ ਕੀ ਹੋਇਆ? ਅੱਧਾ ਕੁ ਖਾਲੀ ਟੈਂਪੂ, ਡਰਾਈਵਰ ਦੁੜ੍ਹਾਅ ਕੇ ਕਿਉਂ ਲੈ ਗਿਆ? ਗੁੱਸੇ ‘ਚ ਮੇਰਾ ਮੱਥਾ ਫਿਰ ਤਣ ਗਿਆ। ਨੱਕ ਠੂੰਹੇ ਦੀ ਪੂਛ ਵਰਗਾ ਹੋ ਗਿਆ…ਇਕ ਚੜ੍ਹੇ ਇਕ ਉੱਤਰੇ!!
ਅਸੀਂ ਭਵੰਤਰਿਆਂ ਵਾਂਗ ਖੜ੍ਹੇ ਸਾਂ ਕਿ ਤਦੇ ਇਕ ਫੋਰ-ਵ੍ਹੀਲਰ ਆਉਂਦਾ ਦਿੱਸਿਆ। ਇਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਸੀ। ਟਰਾਈ ਵਜੋਂ ਹੀ ਮੈਂ ਖਿਝੇ-ਬੁੱਝੇ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਭਲੇ ਮਾਣਸ ਡਰਾਈਵਰ ਨੇ ਸਾਡੇ ਕੋਲ ਆ ਕੇ ਬਰੇਕ ਲਾ ਲਈ। ਇਹ ਭੋਗਪੁਰ ਵਲ ਹੀ ਜਾ ਰਿਹਾ ਸੀ। ਕੁਝ ਮਾਈਆਂ ਫੋਰ-ਵ੍ਹੀਲਰ ਦੇ ਪਿੱਛੇ ਚੜ੍ਹ ਗਈਆਂ। ਮੈਨੂੰ ਤੇ ਮੇਰੀ ਪਤਨੀ ਨੂੰ ਡਰਾਈਵਰ ਨੇ ਅੱਗੇ ਹੀ ਬਿਠਾ ਲਿਆ।
ਬਹਿੰਦਿਆਂ ਸਾਰ ਮੈਂ ਡਰਾਈਵਰ ਨੂੰ ਟੈਂਪੂ ਵਾਲੇ ਦੀ ਕਰਤੂਤ ਦੱਸੀ ਅਤੇ ਉਸਨੂੰ ਜੋਰ ਦੇ ਕੇ ਕਿਹਾ ਕਿ ਮੈਂ ਟੈਂਪੂ ਵਾਲੇ ਦੀ ਝਾੜ-ਝੰਬ ਜ਼ਰੂਰ ਕਰਨੀ ਹੈ, ਇਸ ਕਰਕੇ ਫੋਰ-ਵ੍ਹੀਲਰ ਭਜਾਅ ਕੇ ਅੱਗੇ ਅੱਗੇ ਜਾ ਰਹੇ ਟੈਂਪੂ ਤੋਂ ਮੋਹਰੇ ਕੱਢ ਲੈ। ਬਿਜਲੀ ਮੁਲਾਜ਼ਮ ਨੇ ਮੇਰੇ ਕਹੇ ਤੋਂ ਸਪੀਡ ਚੁੱਕ ਦਿੱਤੀ। ਹੁਣ ਅਸੀਂ ਟੈਂਪੂ ਦੇ ਬਿਲਕੁਲ ਪਿੱਛੇ ਪਿੱਛੇ ਜਾ ਰਹੇ ਸਾਂ।
ਮੇਰੀ ਪਤਨੀ ਦਾ ਚਿਹਰਾ ਇਕਦਮ ਖਿੜ ਉੱਠਿਆ। ਉਸਨੇ ਅੱਗੇ ਜਾ ਰਹੇ ਟੈਂਪੂ ਵਿਚ ਸਫਰ ਕਰ ਰਹੀ ਇਕ ਕੁੜੀ ਨੂੰ ਪਛਾਣਦਿਆਂ ਆਖਿਆ ਕਿ ਔਹ ਭਟਨੂਰੇ ਦੀ ਭੋਲੀ ਐ….ਇਹ ਮੇਰੇ ਨਾਲ ਪੜ੍ਹਦੀ ਹੁੰਦੀ ਸੀ। ਚਿਰੀਂ ਵਿਛੁੰਨੇ ਮਿਲਾਪ ਦੀ ਤਾਂਘ ਵਿਚ ਮੇਰੀ ਪਤਨੀ ਦਾ ਚਿਹਰਾ ਹੋਰ ਲਾਲ ਸੂਹਾ ਹੋ ਗਿਆ! ਹੁਣ ਉਹ ਡਰਾਈਵਰ ਨੂੰ ਕਹਿਣ ਲੱਗੀ- ‘‘ਭਾਅ ਜੀ, ਗੱਡੀ ਤੇਜ਼ ਕਰਕੇ ਟੈਂਪੂ ਤੋਂ ਮੋਹਰੇ ਕਰ ਲਉ। ਕਿਤੇ ਇਹ ਕੁੜੀ ਭੋਗਪੁਰ ਜਾ ਕੇ ਇਧਰ-ਉਧਰ ਦੀ ਬੱਸੇ ਨਾ ਚੜ੍ਹ ਜਾਏ!’’
ਡਰਾਈਵਰ ਦੇ ਨਾਲ ਬੈਠੇ ਅਸੀਂ ਦੋਵੇਂ ਮੀਆਂ-ਬੀਵੀ, ਉਸਨੂੰ ਵਾਰ ਵਾਰ ਟੈਂਪੂ ਤੋਂ ਅੱਗੇ ਹੋਣ ਲਈ ਆਖੀ ਜਾ ਰਹੇ ਸਾਂ। ਮੈਂ ਹੋਰ ਮਕਸਦ ਲਈ ਅਜਿਹਾ ਕਹਿ ਰਿਹਾ ਸਾਂ, ਘਰ ਵਾਲੀ ਕਿਸੇ ਹੋਰ ਮਕਸਦ ਲਈ। ਮੇਰੇ ਮਨ ਵਿਚ ਅੱਗੇ ਜਾ ਰਹੇ ਟੈਂਪੂ-ਡਰਾਈਵਰ ਪ੍ਰਤੀ ਗੁੱਸਾ ਫੁੰਕਾਰੇ ਮਾਰ ਰਿਹਾ ਸੀ। ਪਤਨੀ ਆਪਣੀ ਪੁਰਾਣੀ ਸਹੇਲੀ ਨੂੰ ਦੇਖ ਦੇਖ ਬਿਹਬਲ ਹੋ ਰਹੀ ਸੀ। ਪ੍ਰੰਤੂ ਲੱਖ ਕੋਸਿ਼ਸ਼ ਕਰਨ ਦੇ ਬਾਵਜੂਦ ਟੁੱਟੀ ਫੁੱਟੀ ਸੜਕ ਹੋਣ ਕਰਕੇ, ਫੋਰ-ਵ੍ਹੀਲਰ ਟੈਂਪੂ ਤੋਂ ਅੱਗੇ ਨਾ ਨਿਕਲ ਸਕਿਆ।
ਇੰਜ ਅੱਗੜ-ਪਿੱਛੜ ਲੁਕਣ-ਮੀਚੀ ਜਿਹੀ ਖੇਡਦੇ ਅਸੀਂ ਭੋਗਪੁਰ-ਪਠਾਨਕੋਟ ਜੀ.ਟੀ.ਰੋਡ ਦੇ ਲਾਗੇ ਪਹੁੰਚ ਗਏ। ਮੋਹਰੇ ਜਾ ਰਿਹਾ ਟੈਂਪੂ ਜਿਉਂ ਹੀ ਭੋਗਪੁਰ ਵਲ ਨੂੰ ਮੁੜ ਕੇ ਜੀ.ਟੀ.ਰੋਡ ‘ਤੇ ਚੜ੍ਹਿਆ, ਸਾਡੇ ਦੇਖਦਿਆਂ ਦੇਖਦਿਆਂ ਹੁਸਿ਼ਆਰਪੁਰ ਵਲੋਂ ਆ ਰਿਹਾ ਤੇਜ਼ ਸਪੀਡ ਟਰੱਕ ਟੈਂਪੂ ਵਿਚ ਆ ਵੱਜਿਆ! ਜ਼ੋਰਦਾਰ ਖੜਾਕਾ ਹੋਇਆ। ਟੈਂਪੂ ਭੁਆਟਣੀਆਂ ਖਾਂਦਾ ਹੋਇਆ, ਸੜਕ ਦੇ ਇਕ ਪਾਸੇ ਡੂੰਘੇ ਖੱਡਿਆਂ ਵਿਚ ਜਾ ਡਿੱਗਾ। ਚੀਕ-ਚਿਹਾੜਾ ਪੈ ਗਿਆ- ਕਿਸੇ ਦੀਆਂ ਲੱਤਾਂ ਤੋਂ ਟਰੱਕ ਦੇ ਟਾਇਰ ਲੰਘ ਗਏ….ਕਈ ਟੈਂਪੂ ਦੇ ਵਿਚੇ ਹੀ ਘੁਮੇਟਣੀਆਂ ਖਾਈ ਗਏ….ਸੜਕ ਉੱਪਰ ਖੂਨ ਦੇ ਛੱਪੜ ਲੱਗ ਗਏ- ਕੁਰਲਾਹਟ ਮੱਚ ਗਈ। ਸਾਥੋਂ ਉਹ ਕਰੁਣਾਮਈ ਦ੍ਰਿਸ਼ ਦੇਖਿਆ ਨਾ ਜਾਵੇ। ਪਲਾਂ-ਛਿਣਾਂ ਵਿਚ ਹੀ ਕੀ ਦਾ ਕੀ ਹੋ ਗਿਆ?
ਹੁਣੇ-ਹੁਣੇ ਟੈਂਪੂ-ਡਰਾਈਵਰ ਪ੍ਰਤੀ ਚੜ੍ਹਿਆ ਕ੍ਰੋਧ, ਆਪਣੇ ਆਪ ‘ਤੇ ਲਾਹਣਤਾਂ ਵਿਚ ਤਬਦੀਲ ਹੋ ਗਿਆ। ਅੰਤਰ-ਆਤਮੇ ਫਿਟਕਾਰਾਂ ਪਾਈਆਂ…ਹੇ ਮੂਰਖ ਮਨਾਂ, ਜੇ ਭਲਾਂ ਮੈਂ ਤੇ ਮੇਰੀ ਪਤਨੀ ਉਸ ਟੈਂਪੂ ‘ਚ ਚੜ੍ਹ ਗਏ ਹੁੰਦੇ? ਮੈਂ ਜਿਹੜਾ ਫੋਰ-ਵ੍ਹੀਲਰ ‘ਚ ਬੈਠਾ ਬੈਠਾ ਨੱਕ ‘ਚੋਂ ਠੂੰਹੇ ਸੁੱਟਦਾ ਆਇਆ ਸਾਂ, ਉਹ ਕਿੰਨੇ ਕੁ ਜਾਇਜ਼ ਸਨ? …ਠੀਕ ਹੈ ਮੌਤ ਦੀ ਘੰਟੀ ਖੜਕਾਉਣ ਵਾਲੇ ਦੂਤਾਂ ਨੂੰ ਕੁਰੱਖਤ, ਚੰਡਾਲ ਅਤੇ ਬੇ-ਤਰਸ ਮੰਨਿਆ ਜਾਂਦਾ ਹੈ ਪਰ ਇਹ ਅਨੋਖੀ ਡਿਊਟੀ ਨਿਭਾਉਣ ਵਾਲੇ ਫਰਿਸ਼ਤੇ ਵੀ ਕਦੇ ਕਦੇ, ਕਿਸੇ ਕਿਸੇ ਲਈ ਰਹਿਮ-ਦਿਲੀ ਦਿਖਾ ਹੀ ਦਿੰਦੇ ਹਨ। ਜੇ ਭਲਾ ਸੱਗਰਾਂ ਵਾਲੀ ਪਿੰਡ ਦੀ ਲਿੰਕ-ਰੋਡ ਉੱਤੇ, ਉਸ ਦਿਨ ਟੈਂਪੂ ਵਾਲਾ ਸਾਨੂੰ ਬਿਠਾ ਲੈਂਦਾ, ਤਾਂ ਪ੍ਰਵਾਸੀ ਅਖ਼ਬਾਰਾਂ ਵਿਚ ਇਹ ਲੇਖ ‘ਦੁਪਾਲਪੁਰੀ’ ਦੀ ਜਗ੍ਹਾ ਕੋਈ ਹੋਰ ਹੀ ਲਿਖਦਾ!