ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, June 15, 2010

ਜੱਗ ਦੇ ਵਿੱਚ ਫੈਲਾਅ ਦੇ ਸਿੱਖਾ

ਜੱਗ ਦੇ ਵਿੱਚ ਫੈਲਾਅ ਦੇ ਸਿੱਖਾ
ਗੁਰ ਨਾਨਕ ਇਸ ਜੱਗ ਦੇ ਅੰਦਰ
ਗਿਆਨ ਵਾਲੀ ਜੋ ਜੋਤ ਜਗਾਈ।
ਇਕ ਨਾਨਕ ਤੋਂ ਦਸਵੇਂ ਤਾਂਈਂ
ਦੇਹ ਅੰਦਰ ੳਹ ਵਧਦੀ ਆਈ।
ਰੱਬ ਗੁਰੁ ਤੇ ਬੰਦੇ ਵਿੱਚੋਂ
ਸਦੀਆਂ ਬੱਧੀ ਵਿੱਥ ਮਿਟਾਈ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ
ਸ਼ਬਦਾਂ ਰਾਹੀਂ ਗਈ ਸਮਾਈ।
ਏਕ ਨੂਰ ਤੇ ਸਭ ਜਗ ਉਪਜਿਆ
ਜੱਗ ਨੂੰ ਸ਼ਬਦ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸ਼ਬਦ ਗੁਰੂ ਤੇ ਸੁਰਤ ਹੈ ਚੇਲਾ
ਬਾਬੇ ਸਭ ਨੂੰ ਗਾ ਕੇ ਦਸਿਆ।
ਗਿਆਨ ਬੋਧ ਦਾ ਜੋ ਪ੍ਰਗਟਾਵਾ
ਸ਼਼ਬਦਾਂ ਵਿੱਚ ਸਮਝਾ ਕੇ ਦਸਿਆ।
ਧਰਮ ਦੇ ਠੇੁਕੇਦਾਰਾਂ ਤਾਈਂ
ਸਭ ਨੂੰ ਠੋਕ ਵਜਾ ਕੇ ਦਸਿਆ।
ਸੂਝ ਬਿਨਾਂ ਦੇਹ ਮਿੱਟੀ ਹੀ ਹੈ
ਪਾਗਲ ਸਵਾਂਗ ਰਚਾ ਕੇ ਦਸਿਆ।
ਸਵਾਂਗ ਵਾਲੀ ਇਸ ਅਜਬ ਖੇਡ ਨੂੰ
ਸਭਨਾਂ ਵਿੱਚ ਪ੍ਰਗਟਾਅ ਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਜੰਗਲ ਵੱਲ ਨੂੰ ਤੁਰ ਪਿਆ ਬਾਬਾ
ਹਥ ਵਿੱਚ ਸੋਟਾ ਕੇਸ ਖਿਲਾਰੇ।
ਸੰਗਤ ਜਦ ਵੀ ਪਿੱਛੇ ਆਂਉਂਦੀ
ਬਾਬਾ ਮਾਰਨ ਲਈ ਉਲਾਰੇ।
਼ਲੋਕੀਂ ਸਮਝੇ ਪਾਗਲ ਹੋ ਗਿਆ
ਇਕ ਇੱਕ ਕਰਕੇ ਮੁੜਗੇ ਸਾਰੇ।
ਕੇਹਾ ਭਾਣਾ ਵਰਤ ਗਿਆ ਏ
ਸੋਚਣ ਮੁੜਦੇ ਸਿੱਖ ਪਿਆਰੇ।
ਗੁਰੂ ਬਾਬੇ ਦੀਆਂ ਗੁਝੀਆਂ ਰਮਜਾਂ
ਸਿੱਖ ਲੈ ਅਤੇ ਸਿਖਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸਤਿਗੁਰ ਸੁਣਿਆਂ ਘਰ ਮੁੜ ਆਏ
ਸੰਗਤ ਫੇਰ ਦੁਆਲ਼ੇ ਆਈ।
ਬਾਬਾ ਪੁੱਛੇ ਕਲ ਕੱਲੇ ਨੂੰ
ਕਿਉਂ ਉੱਥੇ ਛੱਡ ਆਏ ਭਾਈ।
ਸਿੱਖਾਂ ਆਖਿਆ ਨਾਲ ਹਲੀਮੀ
ਬਖ਼ਸ਼ ਦਿਓ ਮਿਹਰਾਂ ਦੇ ਸਾਂਈਂ।
ਕੱਲ੍ਹ ਤੁਸਾਂ ਵਿੱਚ ਸਤਿਗੁਰ ਵਾਲੇ
ਗਿਆਨ ਵਾਲੀ ਗੱਲ ਦਿਸੀ ਹੀ ਨਾਂਹੀ।
ਸਿੱਖਾਂ ਦਿਲ ਦਾ ਸੱਚ ਸੁਣਾਇਆ
ਤੂੰ ਵੀ ਸੱਚ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਗੁਰਾਂ ਆਖਿਆ ਸਵਾਂਗ ਇਹ ਸਾਰਾ
ਇਹੋ ਗਲ ਸਮਝਾਵਣ ਲਈ ਏ।
ਸਰੀਰ ਮਿੱਟੀ ਦਾ ਆਖਿਰ ਹੁੰਦਾ
ਮਿੱਟੀ ਵਿੱਚ ਮਿਲ ਜਾਵਣ ਲਈ ਏ।
ਸਭ ਦਾ ਗੁਰੂ ਗਿਆਨ ਇਹ ਕੇਵਲ
ਸ਼ਬਦ ਰੂਪ ਸਮਝਾਵਣ ਲਈ ਏ।
ਗਿਆਨ ਰੂਪ ਫਿਰ ਜੋਤ ਇਹ ਸਿਖੋ
ਦੁਨੀਆਂ ਨੂੰ ਰੁਸ਼ਨਾਵਣ ਲਈ ਏ।
ਦੇਹ ਨੂੰ ਛੱਡਕੇ ਗਿਆਨ ਗੁਰੂ ਦੇ
ਚਰਨੀ ਸੀਸ ਝੁਕਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)