ਤਰਲੋਚਨ ਸਿੰਘ ਦੁਪਾਲਪੁਰ —
ਕਾਹਤੋਂ ਪੱਤਾ ਪੱਤਾ ਟਾਹਣੀਆਂ ਦਾ ਵੈਰੀ ਹੋ ਗਿਆ…
ਗਲਾਂ ਵਿਚ ਫੱਟੀ-ਬਸਤੇ ਲਟਕਾਈ ਸਕੂਲੇ ਜਾਂਦਿਆਂ ਜਾਂ ਸਕੂਲੋਂ ਆਉਂਦਿਆਂ ਹੋਇਆਂ ਅਸੀਂ ਮਿਸਤਰੀਆਂ ਦੇ ਚੌੜ-ਚਪੱਟ ਵਿਹੜੇ ਵਿਚੋਂ ਲੰਘਦੇ ਹੁੰਦੇ ਸਾਂ। ਆਰਨਹਾਲੀ ‘ਤੇ ਨਵੇਂ ਰੰਬੇ ਦਾਤੀਆਂ ਬਣਾ ਰਿਹਾ ਜਾਂ ਪੁਰਾਣੇ ਚੰਡ ਰਿਹਾ ਬਾਬਾ ਸੰਤਾ ਕਦੇ ਕਦੇ ਸਾਨੂੰ ਟਿੱਚਰ-ਮਸ਼ਕੂਲਾ ਕਰ ਲੈਂਦਾ ਅਤੇ ਕਦੇ ਯਾਦ ਰੱਖਣਯੋਗ ਗੱਲਾਂ ਦੇ ਉਪਦੇਸ਼ ਦੇਣ ਲੱਗ ਪੈਂਦਾ। ਕਦੀ-ਕਦਾਈਂ ਉਸਨੇ ਸਾਨੂੰ ਸਵਾਏ ਜਾਂ ਡਿਉਢੇ ਦਾ ਪਹਾੜਾ ਸੁਣਾਉਣ ਲਈ ਆਖਣਾ। ਸਾਨੂੰ ‘ਸਵਾਏ-ਡਿਉਢੇ’ ਦਾ ਨਾਂ ਸੁਣ ਕੇ ਬਿਟਰ ਬਿਟਰ ਝਾਕਦੇ ਦੇਖ ਉਸਨੇ ਇਹ ਦੋਵੇਂ ਪਹਾੜੇ ਪਾਣੀ ਵਾਂਗ ਪੜ੍ਹ ਕੇ, ਸਾਨੂੰ ਮਿਹਣਾ ਮਾਰਨਾ ‘‘ਹੂੰਅ-ਆਏ ਬੜੇ ਪੜ੍ਹਾਕੂ!’’
‘ਸੂਰਜਾ ਸੂਰਜਾ ਫੱਟੀ ਸੁਕਾ’ ਵਾਲਾ ਗੀਤ ਪੜ੍ਹਦੇ ਜਾਂਦਿਆਂ ਨੂੰ, ਇਕ ਵਾਰ ਉਸਨੇ ਸਾਨੂੰ ਆਪਣੇ ਕੋਲ ਖੜ੍ਹਾਅ ਲਿਆ। ‘ਕੈਥੀ ‘ਚ ਪੜ੍ਹਦੇ ਐਂ ਬਈ ਜੁਆਕੋ?’’ ਇਹ ਸਵਾਲ ਪੁੱਛਣ ਤੋਂ ਬਾਅਦ ਉਹ ਸਾਨੂੰ ‘ਕੱਲੇ ‘ਕੱਲੇ ਨੂੰ ਨਾਂ ਤੇ ਵਲਦੀਦ (ਪਿਤਾ ਦਾ ਨਾਂ) ਪੁੱਛਣ ਲੱਗ ਪਿਆ। ਆਪਣਾ ਨਾਂ ਬੋਲ ਕੇ ਜਦ ਮੈਂ ਬਾਪ ਦਾ ਨਾਮ ‘ਕਰਮ ਸਿੰਘ’ ਆਖਿਆ ਤਾਂ ਉਸਨੇ ਮੈਨੂੰ ਕੰਨ ਤੋਂ ਫੜ ਲਿਆ- “ਉਹ ਤੇਰਾ ਪਿਉ ਐ ਕਿ ਆੜੀ? ਆਹੀ ਅਕਲ ਦਿੰਦੇ ਐ ਮਾਹਟਰ ਥੁਆਨੂੰ…ਸਹੁਰੀ ਦਿਆ, ਸਰਦਾਰ ਕਰਮ ਸਿੰਘ ਕਿਹਾ ਕਰ!!’’ ਮੇਰੀ ਦੁਰਗਤ ਤੋਂ ਸਬਕ ਲੈਂਦਿਆਂ ਮੇਰੇ ਨਾਲ ਦੇ ਮੁੰਡੇ ਆਪਣੇ ਆਪਣੇ ਪਿਉਆਂ ਦੇ ਨਾਵਾਂ ਨਾਲ ‘ਸਰਦਾਰ’ ਸ਼ਬਦ ਜੋੜ ਕੇ ਹੀ ਬੋਲੇ। ਸਾਡੀ ਢਾਣੀ ਵਿਚੋਂ ਹੀ ਇਕ ਹੋਰ ਮੁੰਡੇ ਨੂੰ ਉਸਨੇ ਨਾਂ ਪੁੱਛਿਆ। ਅੱਗਿਉਂ ਜਵਾਬ ਆਇਆ ‘ਜੀ ਘੁੱਲਾ!’ ਸੰਤਾ ਬੁੜ੍ਹਾ ਫਿਰ ਬਿਜਲੀ ਵਾਂਗ ਕੜਕਿਆ- “ਜਾਹ ਸਹੁਰੀ ਦਿਆ…ਆਹ ਕੀ ਹੋਇਆ!… ਘੁੱਲਾ!!… ਕੰਜਰ ਦਿਆ ਜਦ ਤੈਨੂੰ ਬੁੜ੍ਹੇ ਹੋਏ ਨੂੰ ਵੀ ‘ਘੁੱਲਾ ਘੁੱਲਾ’ ਕਹਿਣਗੇ ਫਿਰ ਤੈਨੂੰ ਤੜਿੰਗ ਲੱਗਿਆ ਕਰਨੈ…ਆਪਣਾ ‘ਪੱਕਾ ਨਾਂ’ ਹੀ ਦੱਸਿਆ ਕਰ!…ਹਲਾ? ਫਿਰ ਉਸਨੇ ਇਸੇ ਪ੍ਰਥਾਏ, ਸਾਨੂੰ ਕੋਲ ਬਿਠਾ ਕੇ ਨਸੀਹਤ-ਨੁਮਾ ਸਾਖੀ ਸੁਣਾਈ-
ਪਸ਼ੂਆਂ ਨੂੰ ਪੱਠੇ-ਦੱਥੇ ਪਾਉਣ ਲਈ ਕਿਸੇ ਜੱਟ ਜਿ਼ਮੀਂਦਾਰ ਨੇ ਕੋਈ ਨਵਾਂ-ਨਵਾਂ ਨੌਕਰ ਰੱਖਿਆ। ਜੱਟ ਕਿਤੇ ਸ਼ਹਿਰ ਗਿਆ ਹੋਇਆ ਸੀ। ਪਿੱਛੋਂ ਇਕ ਬਲਦ ਖੁਰਲ੍ਹੀ ਤੋਂ ਖੁੱਲ੍ਹ ਕੇ ਨੇੜੇ ਦੀ ਫਸਲ ‘ਚ ਜਾ ਵੜਿਆ। ਜੱਟੀ ਨੇ ਦੇਖ ਲਿਆ ਕਿ ਬਲਦ ਨੁਕਸਾਨ ਕਰ ਰਿਹਾ ਹੈ। ਮੰਜੇ ‘ਤੇ ਬੈਠੇ ਨੌਕਰ ਨੂੰ ‘ਵਾਜ਼ ਮਾਰ ਕੇ ਆਖਣ ਲੱਗੀ, ‘‘ਵੇਹ ਨੂਰਿਆ, ਜਾਹ ਬਲਦ ਨੂੰ ਹਟਾ ਜਾ ਕੇ?’’ ਨੂਰੇ ਨੇ ਜੱਟੀ ਵਲ ਮੂੰਹ ਭਵਾ ਕੇ ਵੀ ਨਾ ਦੇਖਿਆ। ਜਿਵੇਂ ਉਸਨੂੰ ਸੁਣਿਆ ਈ ਕੁਝ ਨਾ ਹੋਵੇ। ਜੱਟੀ ਨੇ ਫਿਰ ਖਿੱਝ ਕੇ ਪਹਿਲਾਂ ਵਾਲਾ ਵਾਕ ਹੀ ਬੋਲਿਆ ਪਰ ਨੂਰਾ ਟੱਸ ਤੋਂ ਮੱਸ ਨਾ ਹੋਇਆ। ਬਲਦ ਤਾਂ ਸੜੀ ਭੁੱਜੀ ਜੱਟੀ ਨੇ ਆਪੇ ਲਿਆ ਕੇ ਖੁਰਲੀ ‘ਤੇ ਬੰਨ੍ਹ ਦਿੱਤਾ ਪਰ ਰਾਤ ਨੂੰ ਜਦ ਜੱਟ ਸਾਹਮਣੇ ਨੂਰੇ ਦੀ ਪੇਸ਼ੀ ਹੋਈ ਤਾਂ ਉਸਨੇ ਜੱਟੀ ਦਾ ਹੁਕਮ ਅਣ-ਸੁਣਿਆ ਕਰਨ ਦਾ ਕਾਰਨ ਇਹ ਦੱਸਿਆ। ਉਹ ਜੱਟੀ ਨੂੰ ਮੁਖਾਤਿਬ ਹੋ ਕੇ ਕਹਿੰਦਾ- “ਸੁਣ ਬੀਬੀ!’’
‘‘ਨਾ ਤੂੰ ਆਖਿਆ ਨੂਰ ਮੁਹੰਮਦ
ਨਾ ਤੂੰ ਆਖਿਆ ਜੀ ਨੂਰਾ।
ਅਹਿਮਕ ਜੱਟੀ…ਬਾਤ ਕਿਆ ਬੋਲੀ,
ਅਖੇ, ਬਲਦ ਹਟਾ ਲਿਆ ਵੇ ਨੂਰਾ!’’
ਅਸੀਂ ਬਾਕੀ ਦੇ ਸਾਰੇ ਜਣੇ ਤਾਂ ਮੰਤਰ-ਮੁਗਧ ਹੋ ਕੇ ਕਹਾਣੀ ‘ਚ ਖੁੱਭੇ ਰਹੇ, ਕਿਸੇ ਨੂੰ ਨਾ ਇਹ ਗੱਲ ਅਹੁੜੀ, ਪਰ ਹਿੰਮਤੀ ਸੁਭਾਅ ਵਾਲਾ ਮੰਗਲ ਸਿੰਘ ਦਲੇਰੀ ਜਿਹੀ ਕਰਕੇ ਸੰਤੇ ਮਿਸਤਰੀ ਨੂੰ ਕਹਿਣ ਲੱਗਾ, “ਤਾਇਆ, ਤੂੰ ਫਿਰ ਪਿੰਡ ਵਾਲਿਆਂ ਨੂੰ ਕਾਹਤੋਂ ਨਹੀਂ ਟੋਕਦਾ?..ਉਹ ਸਾਰੇ ਤੈਨੂੰ ‘ਸੰਤਿਆ’ ਕਹਿੰਦੇ ਰਹਿੰਦੇ ਆ!’’
‘‘ਉਏ ਸਹੁਰਿਆ, ਮੈਂ ‘ਸੰਤਾ ਸੌਂਹ’ ਕਿੱਦਾਂ ਕਹਾ ਸਕਦਾਂ ਭਲਾ, ਅਹਿ ਦੇਖੋ ਤਾਂ!’’ ਭੂਸਲੀਆਂ ਜਿਹੀਆਂ ਮੁੱਛਾਂ ‘ਚੋਂ ‘ਫੀ..ਫੀ..ਫੀ’ ਕਰਕੇ ਹੱਸਦਾ ਹੋਇਆ ਉਹ ਕੋਲ ਪਏ ਆਪਣੇ ਹੁੱਕੇ ਨੂੰ ਹੱਥ ਲਾ ਕੇ ਬੋਲਿਆ।
ਪੱਥਰ ‘ਤੇ ਲੀਕ ਵਾਂਗ ਇਹ ਦੋਵੇਂ ਗੱਲਾਂ ਮੇਰੇ ਬਾਲ-ਮਨ ‘ਤੇ ਡੂੰਘੀਆਂ ਉੱਕਰ ਗਈਆਂ ਕਿ ਹੁੱਕਾ-ਤੰਬਾਕੂ-ਸਿਗਰਟ ਪੀਣ ਵਾਲਾ ਬੰਦਾ ‘ਸਿੰਘ’ ਨਹੀਂ ਅਖਵਾ ਸਕਦਾ ਅਤੇ ਕਦੇ ਵੀ ਆਪਣਾ ਅੱਧ-ਪਚੱਧਾ ਜਿਹਾ ਨਾਮ ਨਹੀਂ ਬੋਲਣਾ ਚਾਹੀਦਾ। ਖਾਸ ਕਰਕੇ ਆਪਣੇ ਤੋਂ ਵੱਡਿਆਂ ਦਾ ਨਾਂ ਸਤਿਕਾਰ ਸਹਿਤ ਹੀ ਲੈਣਾ ਚਾਹੀਦਾ ਹੈ।
ਵੈਸੇ ਮੇਰੇ ਲਈ ਸੰਤੇ ਮਿਸਤਰੀ ਵਾਲਾ ਵਾਕਿਆ ਸੋਨੇ ‘ਤੇ ਸੁਹਾਗੇ ਵਾਲੀ ਗੱਲ ਸੀ ਕਿਉਂਕਿ ਮੇਰੇ ਪਿਤਾ ਜੀ ਇਹ ਕਤੱਈ ਪਸੰਦ ਨਹੀਂ ਸਨ ਕਰਦੇ ਕਿ ਨਿਆਣਿਆਂ ਦੇ ਅਸਲ ਨਾਂਵਾਂ ਤੋਂ ਇਲਾਵਾ ਕੋਈ ਹੋਰ ਵਿੰਗੇ ਟੇਢੇ ਜਿਹੇ ਨਾਂ ਰੱਖੇ ਜਾਣ।
ਮੈਨੂੰ ਯਾਦ ਹੈ ਕਿ ਇਕ ਵਾਰ ਸਾਡੇ ਸਾਇੰਸ ਮਾਸਟਰ ਨੇ ਮੈਨੂੰ ‘ਤੋਚਾ’ ਕਹਿ ਕੇ ਬੁਲਾਇਆ। ਮੈਂ ਘਰੇ ਆ ਕੇ ਦੱਸ ਬੈਠਾ। ਦੂਜੇ ਦਿਨ ਪਿਤਾ ਜੀ ਸਾਝਰੇ ਸਕੂਲ ਜਾ ਪਹੁੰਚੇ ਤੇ ਮਾਸਟਰ ਹਰੀ ਦੇਵ ਨੂੰ ਉਲਾਂਭਾ ਦੇਣ ਦੇ ਨਾਲ ਨਾਲ ਇਹ ਚਿਤਾਵਨੀ ਵੀ ਦੇ ਆਏ ਕਿ ਸਾਡੇ ਕਿਸੇ ਨਿਆਣੇ ਦਾ ਅੱਧ-ਅਧੂਰਾ ਨਾਮ ਨਾ ਲਿਆ ਜਾਵੇ। ਇੰਜ ਭਾਈਆ ਜੀ ਦੀ ਕ੍ਰਿਪਾ ਸਦਕਾ ਮੈਂ ‘ਤੋਚਾ’ ਬਣਨੋਂ ਬਚ ਗਿਆ। ਇਹ ਉਨ੍ਹਾਂ ਦਾ ਪੱਕਾ ਅਸੂਲ ਸੀ ਕਿ ਹਮੇਸ਼ਾ ਹੀ ਉਹ ਕਿਸੇ ਨੂੰ ਬੁਲਾਉਣ ਲੱਗਿਆਂ, ਨਾਂ ਵਿਚ ‘ਸਿੰਘ’ ਜਾਂ ‘ਕੌਰ’ ਜਰੂਰ ਜੋੜਦੇ। ਸੱਤਿਆ ਨਾਂ ਵਾਲੀ ਇਕ ਨੇਕ ਇਸਤਰੀ ਨੂੰ ਸਦਾ ਸਤਵੰਤ ਕੌਰੇ ਹੀ ਆਖਦੇ। ਧਰਮੋਂ ਨੂੰ ਬੀਬੀ ਧਰਮ ਕੌਰੇ ਅਤੇ ਇਕ ਲਾਲੂ ਨਾਂ ਦੇ ਮੁੰਡੇ ਨੂੰ ਲਾਲ ਸਿੰਘਾ ਹੀ ਕਹਿੰਦੇ ਹੁੰਦੇ ਸਨ। ਪੰਜਾਬ ਦੇ ਸਭਿਆਚਾਰ ਵਿਚ ਇਹ ਬੜੇ ਫਖ਼ਰ ਨਾਲ ਆਖਿਆ ਜਾਂਦਾ ਹੈ ਕਿ ਜੇ ਕਰ ਮੈਂ ਫਲਾਣਾ ਫਲਾਣਾ ਕੰਮ ਨਾ ਕਰ ਸਕਿਆ ਤਾਂ ਮੇਰਾ ਨਾਂ ਵਟਾ ਦੇਣਾ! ਜਿਵੇਂ ਦੁੱਲਾ ਭੱਟੀ ਦੇ ਕਿੱਸੇ ਵਿਚ ਦੁੱਲਾ ਸੂਰਮਾ ਆਪਣੀ ਮਾਂ ਲੱਧੀ ਨੂੰ ਸਵੈ-ਮਾਣ ਨਾਲ ਕਹਿੰਦਾ ਹੈ:
‘ਮੇਰਾ ਨਾਮ ਨਾ ਦੁੱਲਾ ਰੱਖਦੀ, ਮਾਏਂ ਰੱਖ ਦਿੰਦੀ ਕੁਝ ਹੋਰ ਨੀਂ…, ਨਾਂ ਦੀ ਲੱਜ ਪਾਲਣੀ ਜਾਂ ਨਾਂ ਨੂੰ ਵੱਟਾ ਲਾਉਣ’ ਦੇ ਬਣੇ ਹੋਏ ਮੁਹਾਵਰੇ ਨਾਂਵਾਂ ਦੀ ਮਹਾਨਤਾ ਅਤੇ ਵਿਸ਼ੇਸ਼ਤਾ ਦੇ ਸੂਚਕ ਹੀ ਹਨ।
ਦਸਵੇਂ ਗੁਰੂ ਜੀ ਨੇ ਸਿੱਖਾਂ ਦੀ ਅਕਲ, ਸ਼ਕਲ ਅਤੇ ਰਹਿਤ-ਬਹਿਤ ਬਦਲਣ ਤੋਂ ਪਹਿਲਾਂ ਨਾਂ ਬਦਲੇ। ਉਨ੍ਹਾਂ ਇਹ ਪੱਕੇ ਤੌਰ ‘ਤੇ ਮਰਿਯਾਦਾ ਬੰਨ੍ਹ ਦਿੱਤੀ ਕਿ ਮੈਂ ਆਪਣੇ ਸਿੱਖ-ਸਿੱਖਣੀਆਂ ਦੇ ਅੱਧੇ-ਅੱਧੇ ਨਾਮ ਰੱਖ ਦਿੱਤੇ ਹਨ, ਭਾਵ ਸਿੱਖ ਮਰਦ ਲਈ ‘ਸਿੰਘ’ ਅਤੇ ਬੀਬੀਆਂ ਲਈ ‘ਕੌਰ’ ਨਿਸ਼ਚਿਤ ਕਰ ਦਿੱਤੇ। ਬਾਕੀ ਦਾ ਅੱਧਾ ਨਾਂ ਰੱਖਣ ਲਈ ਮਰਦ-ਬੀਬੀਆਂ ਆਪਣੀ ਆਪਣੀ ਮਰਜ਼ੀ ਕਰ ਸਕਣਗੇ।
ਭਰਾਤਰੀ-ਭਾਵ ਅਤੇ ਕੌਮੀ ਏਕਤਾ ਬਣਾਉਣ ਦਾ ਇਹ ਇਕ ਸਰਵੋਤਮ ਨਿਯਮ ਸੀ। ਇਸ ਤੋਂ ਵੀ ਅੱਗੇ ਜਾਂਦਿਆਂ ਪੁਰਾਤਨ ਸਿੱਖ ਤਾਂ ਆਪਣੇ ਆਪ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਸਨੀਕ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਜਯ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਅਖਵਾਇਆ ਕਰਦੇ ਸਨ।
ਕੀ ਇਹ ਗੁਰੂ ਵਲੋਂ ਬਖਸ਼ੇ ਹੋਏ ਨਾਮ ਦੀ ਉਸਤਤ ਵਾਲੀ ਗੱਲ ਨਹੀਂ? ਕਿ ਅਮਰੀਕਾ ਜਿਹੀ ਸੁਪਰ ਤਾਕਤ ਜਿਸ ਅਫ਼ਗਾਨਿਸਤਾਨ ਵਿਚ ਅੱਜ ਹੰਭੀ ਹੋਈ ਦਿਖਾਈ ਦਿੰਦੀ ਹੈ, ਦੋ ਕੁ ਸਦੀਆਂ ਪਹਿਲਾਂ ਉਸ ਧਰਤੀ ਦੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖ ਜਰਨੈਲ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਚੁੱਪ ਕਰਾਉਂਦੀਆਂ ਸਨ! ਜ਼ਰਾ ਸੋਚੀਏ ਕਿ ਜੇ ਹਰੀ ਸਿੰਘ ਨਲੂਏ ਦੀ ਥਾਂ ਕੋਈ ‘ਹੈਰੀ’ ਜਾਂ ‘ਨੀਲੂ’ ਹੁੰਦਾ ਕੀ ਫਿਰ ਵੀ ਅਫਗਾਨ ਪਠਾਣ ਉਹਤੋਂ ਥਰ ਥਰ ਕੰਬਦੇ? ਕੀ ਫਿਰ ਵੀ ਦੱਰਾ ਖ਼ੈਬਰ ਦੀਆਂ ਘਾਟੀਆਂ ਵਿਚ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗੂੰਜਦੇ? ਕੀ ਫਿਰ ਵੀ ਕਿਲਾ ਜਮਰੌਦ ਦੀ ਫਸੀਲ ‘ਤੇ ਕੇਸਰੀ ਨਿਸ਼ਾਨ ਝੂਲਦੇ?
ਨਵ-ਜਨਮੇ ਬੱਚੇ ਨੂੰ ਗੋਦੀ ਵਿਚ ਲੈ ਕੇ, ਬੜੇ ਹੀ ਮੋਹ ਭਿੱਜੇ ਚਾਅਵਾਂ ਮਲ੍ਹਾਰਾਂ ਨਾਲ ਸ਼ਰਧਾਲੂ ਮਾਂਵਾਂ ਆਪਣੇ ਟੱਬਰ ਸਮੇਤ ਗੁਰੂ ਘਰ ਵਿਖੇ ਪਹੁੰਚਦੀਆਂ ਹਨ। ਭਾਈ ਸਾਹਿਬ ਗੁਰੂ ਮਹਾਰਾਜ ਜੀ ਦੇ ਪਾਵਨ ਮੁੱਖ-ਵਾਕ ਦਾ ਪਹਿਲਾ ਅੱਖਰ ਦੱਸਦੇ ਹਨ। ਉਸ ਅੱਖਰ ਤੋਂ ਸ਼ੁਰੂ ਹੁੰਦੇ ਅਲੱਗ-ਅਲੱਗ ਨਾਵਾਂ ‘ਤੇ ਚਾਚੇ, ਤਾਏ, ਮਾਮੇ ਅਤੇ ਹੋਰ ਰਿਸ਼ਤੇਦਾਰ ਵਿਚਾਰ ਕਰਦੇ ਹਨ। ਆਖਰ ਇਕ ਨਾਮ ਚੁਣ ਕੇ ਜੈਕਾਰਾ ਛੱਡਿਆ ਜਾਂਦਾ ਹੈ। ਵਿਰਸੇ ਦੀ ਰੀਝਾਂ ਨਾਲ ਪਾਲਣਾ ਕਰਨ ਵਾਲੇ ਹਾਲੇ ਵੀ ਉਕਤ ਰਵਾਇਤ ਦੀ ਪਾਲਣਾ ਕਰਦੇ ਹਨ। ਪਰ੍ਹਿਆ-ਪੰਚਾਇਤ ਵਿਚ ਸੋਹਣੇ-ਸੋਹਣੇ ਨਾਮ ਰੱਖ ਕੇ, ਫਿਰ ਕੁੱਤਿਆਂ ਬਿੱਲਿਆਂ ਦੇ ਨਾਵਾਂ ਵਰਗੇ ਕੁਚੱਜੇ ਤੇ ਕੁਟੱਢੇ ਜਿਹੇ ਨਾਂ ਧਰ ਦਿੱਤੇ ਜਾਂਦੇ ਹਨ। ਕਈ-ਕਈ ਬੱਚਿਆਂ ਦੇ ਨਾਂ ਐਸੇ-ਐਸੇ ਪੱਕ ਜਾਂਦੇ ਹਨ, ਜਿਨ੍ਹਾਂ ਨੂੰ ਬੋਲਦਿਆਂ ਜਾਂ ਸੁਣਦਿਆਂ ਵੀ ਸੰਗ ਆਉਂਦੀ ਹੈ।
ਨਾਮ ਨਾਲ ਤਖੱਲਸ ਦਾ ਛੱਜ ਬੰਨ੍ਹਣ ਦਾ ਰਿਵਾਜ਼ ਆਮ ਕਰਕੇ ਕਵੀਆਂ-ਲੇਖਕਾਂ ਦੁਆਰਾ ਸ਼ੁਰੂ ਕੀਤਾ ਮੰਨਿਆ ਜਾਂਦਾ ਹੈ ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਦਿਆਲ ਸਿੰਘ, ਪ੍ਰੋ. ਮੋਹਣ ਸਿੰਘ, ਗਿਆਨੀ ਗਿਆਨ ਸਿੰਘ ਅਤੇ ਭਾਈ ਸੰਤੋਖ ਸਿੰਘ ਵਰਗੇ, ਬਿਨਾ ਕਲਮੀ-ਨਾਮ ਦੇ ਹੀ ਜਗਤ ਪ੍ਰਸਿੱਧ ਹੋ ਨਿੱਬੜੇ।
ਕਲਾਕਾਰਾਂ ਵਿਚੋਂ ਸੁਰਿੰਦਰ ਕੌਰ ਨੂੰ ‘ਸੈਂਡੀ’ ਜਾਂ ਪ੍ਰਕਾਸ਼ ਕੌਰ ਨੂੰ ‘ਪਾਸ਼ੀ’ ਅਤੇ ਰਣਜੀਤ ਕੌਰ ਨੂੰ ‘ਰਾਣੀ’ ਦੇ ਵਾਧੂ ਨਾਵਾਂ ਦਾ ਭਾਰ ਚੁੱਕਣ ਤੋਂ ਬਿਨਾ ਹੀ ਮਸ਼ਹੂਰੀ ਮਿਲ ਗਈ। ਕਈ ਮੇਰੇ ਵਰਗੇ ਆਪਣੇ ਨਾਂ ਨਾਲ ਪਿੰਡ, ਸ਼ਹਿਰ ਦਾ ਨਾਮ ਅੜੁੰਗੀ ਫਿਰਦੇ ਹਨ। ਮੇਰੇ ਖਿ਼ਆਲ ‘ਚ ਇਹ ਪਿਰਤ, ਵੱਡੇ ਪੱਧਰ ‘ਤੇ ਪਰਵਾਸ ਦੀਆਂ ਵਗਦੀਆਂ ਹਨੇਰੀਆਂ ਕਾਰਨ ਪੈ ਗਈ। ਆਪਣੀ ਜੰਮਣ-ਭੋਇੰ ਦੇ ਵਿਛੋੜੇ ਦਾ ਸੱਲ ਰਿਸਦਾ ਰੱਖਣ ਲਈ ਬਹੁਤਿਆਂ ਵਲੋਂ ਇਹੀ ਢੰਗ ਅਪਨਾਇਆ ਜਾਂਦਾ ਹੈ।
ਚਲੋ, ਆਪਣੀ ਭਾਈਚਾਰਕ ਪਰੰਪਰਾ ਅਨੁਸਾਰ ਰਾਮ, ਲਾਲ, ਚੰਦ, ਸਿੰਘ ਜਾਂ ਕੌਰ ਪਿੱਛੇ ਪਿੰਡ, ਸ਼ਹਿਰ ਜਾਂ ਗੋਤ ਦਾ ਨਾਂ ਜੋੜ ਲਿਆ, ਤਾਂ ਕੋਈ ਫਰਕ ਨਹੀਂ। ਲੇਕਿਨ ਇਹੋ ਜਿਹੇ ਨਾਂ ਰੱਖ ਲੈਣੇ, ਜਿਨ੍ਹਾਂ ਦਾ ਅਰਥ ਹੀ ਕੋਈ ਨਾ ਹੋਵੇ, ਹਾਸੋਹੀਣਤਾ ਹੀ ਪੈਦਾ ਕਰਦੇ ਹਨ। ਸਭ ਤੋਂ ਪਹਿਲਾਂ ਖੁੰਬਾਂ ਨਾਲੋਂ ਵੀ ਵਧ ਤੇਜ਼ੀ ਨਾਲ ਪੈਦਾ ਹੋਣ ਵਾਲੇ ਕਲਾਕਾਰਾਂ ਨੇ ਨਾਂਵਾਂ ਦੀ ਮਿੱਟੀ ਪਲੀਤ ਕੀਤੀ। ਖਾੜਕੂਵਾਦ ਦੇ ਭੰਨੇ ਪੰਜਾਬ ਵਿਚ ਪੰਜਾਬ ਦੇ ਅਣਖੀਲੇ ਸਭਿਆਚਾਰ ਨੂੰ ਮਲੀਆਮੇਟ ਕਰਨ ਵਾਲੀਆਂ ਸ਼ਕਤੀਆਂ ਦੇ ਢਹੇ ਚੜ੍ਹ ਕੇ ਇਨ੍ਹਾਂ ਕਲਾਕਾਰਾਂ ਨੇ ਐਸੀ ਕਾਲੀ ਬੋਲੀ ਹਨੇਰੀ ਚਲਾਈ ਕਿ ਨੌਜਵਾਨ ਪੀੜ੍ਹੀ ਦੇ ਚੇਤਿਆਂ ਵਿਚੋਂ ਇਹ ਗੱਲ ਕੱਢ ਹੀ ਦਿੱਤੀ ਕਿ ਸਾਡਾ ਅੱਧਾ ਨਾਂ ਸਿੰਘ ਜਾਂ ਕੌਰ ਗੁਰੂ ਨੇ ਰੱਖ ਦਿੱਤਾ ਹੋਇਐ! ਵਿਰਾਸਤ ਦੀ ਪੱਟੀ ਮੇਸਦਿਆਂ ਇਨ੍ਹਾਂ ਕਲਾਕਾਰ ਫੌਜਾਂ ਨੇ ਐਸੀ ਖੁਮਾਰੀ ਚਾੜ੍ਹ ਦਿੱਤੀ ਕਿ ਅਣ-ਲਿਖਤ ਬੇਦਾਵਾ ਹੀ ਦੇ ਦਿੱਤਾ ਗਿਆ, ‘ਆਹ ਲੈ ਗੁਰੂਆ ਆਪਣਾ ਬਖਸਿ਼ਆ ਸਿੰਘ ਤੇ ਕੌਰ! ਹੁਣ ਤਾਂ ਸਾਡੀ ਮਰਜ਼ੀ ਦੇ ਨਾਂ ਨਾਲ ਜਾਤ-ਗੋਤ ਜਾਂ ਪਿੰਡ ਦਾ ਨਾਮ ਹੀ ਚਲੇਗਾ!!’
ਉਪਰੋਂ ਲੋਹੜਾ ਇਹ ਕਿ ਉਕਤ ‘ਵਿਰਸਾ ਰੋਲੂ ਅਪਰੇਸ਼ਨ’ ਚਲਾਇਆ ਗਿਆ ਤੇ ਚਲਾਇਆ ਜਾ ਰਿਹਾ ਹੈ ਪੰਜਾਬੀ ਸਭਿਆਚਾਰ ਦੀ ‘ਸੇਵਾ’ ਦੇ ਨਾਂ ਥੱਲੇ! ਬੜੀ ਸਜ-ਧਜ ਨਾਲ ਇਸ ਸੇਵਾ ਵਿਚ ਜੁਟੇ ਹੋਏ ਕਈ ਸੂਰਮੇ ਤਾਂ ਖੁਦ ਨੂੰ ਵਿਰਸੇ ਦੇ ਵਾਰਿਸ ਹੋਣ ਦਾ ਐਲਾਨ ਵੀ ਕਰਦੇ ਹਨ। ਪੰਜਾਬ ਦੀ ਧਰਤੀ ‘ਤੇ ਹੋਏ ਬੀਤੇ ਕਈ ‘ਅਪਰੇਸ਼ਨ’ ਤਾਂ ਇਕ ਹਫਤਾ, ਦੋ ਹਫਤੇ ਜਾਂ ਚਾਰ ਹਫਤੇ ਚਲਦੇ ਰਹੇ, ਪ੍ਰੰਤੂ ਉਪਰੋਕਤ ਅਪਰੇਸ਼ਨ ਦਾ ਕੋਈ ਮੂੰਹ ਸਿਰਾ ਹੀ ਦਿਖਾਈ ਨਹੀਂ ਦੇ ਰਿਹਾ! ਹੁਣ ਤਾਂ ਇਸ ਦੀ ਮਾਰ ਥੱਲੇ ਪੰਜਾਬ ਦੀ ‘ਮਾਂ-ਖੇਡ’ ਕਬੱਡੀ ਖੇਡਣ ਵਾਲੇ ਖਿਡਾਰੀ ਵੀ ਆ ਗਏ ਹਨ। ਜਦ ਮੈਂ ਇਨ੍ਹਾਂ ਕਬੱਡੀ ਪ੍ਰੇਮੀਆਂ ਦੇ ਨਾਮ ਪੜ੍ਹਦਾ ਹਾਂ, ਜਿਵੇਂ ਭਿੰਦਾ ਭਾਣੋ ਵਾਲੀਆ, ਟਿੱਡੂ ਟੋਡਰ ਪੁਰੀਆ, ਗਿੰਦੂ ਗੁੱਜਰ ਪੁਰੀਆ, ਲਾਖਾ ਲੁਧਿਆਣੀਆ, ਮਿੰਟੂ ਮਟੌਰ ਵਾਲਾ ਵਗੈਰਾ ਵਗੈਰਾ, ਤਾਂ ਮੈਂ ਸੋਚਦਾਂ, ਬਈ ਮਾਂ-ਖੇਡ ਕਬੱਡੀ ਦੀ ਤਾਂ ਇਨ੍ਹਾਂ ਬਹਾਦੁਰਾਂ ਨੂੰ ਚਿੰਤਾ ਹੈ। ਲੇਕਿਨ ‘ਪਿਉ ਵਲੋਂ’ ਬਖਸ਼ੇ ਹੋਏ ਨਾਵਾਂ ਨਾਲ ਕਿਉਂ ਵੈਰ ਕਮਾਇਆ ਜਾ ਰਿਹਾ ਹੈ? ਜੇ ਮਿਲਖਾ ਸਿੰਘ ‘ਮਿਲਖੀ ਜਾਂ ਮਿਲਖੂ’ ਬਣੇ ਬਗੈਰ ਹੀ ਜੂੜੇ ‘ਤੇ ਚਿੱਟਾ ਰੁਮਾਲ ਬੰਨ੍ਹ ਕੇ ਦੌੜਦਾ ਹੋਇਆ ‘ਉਡਣਾ ਸਿੱਖ’ ਬਣ ਸਕਦਾ ਹੈ ਤਾਂ ਕਬੱਡੀ ਵਾਲੇ ਵੀਰਾਂ ਨੂੰ ਸਿੰਡੂ-ਫਿੰਡੂ ਸਦਾਉਣ ਦੀ ਕਿਹੜੀ ਮਜ਼ਬੂਰੀ ਹੈ?
ਸਟੇਜ ‘ਤੇ ਡੱਡੂ-ਛੜੱਪੇ ਨਹੀਂ, ਸਗੋਂ ‘ਬੰਦਿਆਂ ਵਾਂਗ’ ਬਹਿ ਕੇ ਗਾਉਣ ਵਾਲੇ ਸੰਜੀਦਾ ਸੂਫੀ ਗਾਇਕ ਤੇ ਕਵੀ, ਡਾਕਟਰ ਸਰਤਾਜ ਦੇ ‘ਪਾਣੀ’ ਨਾਂ ਵਾਲੇ ਗੀਤ ਦੀਆਂ ਇਹ ਸਤਰਾਂ ਜ਼ਰਾ ਦਿਲ ਦੀਆਂ ਡੂੰਘਾਈਆਂ ਵਿਚ ਉਤਰਨ ਦਿਉਗੇ?
ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ,
ਮਾਣ ਭੋਰਾ ਵੀ ਨਹੀਂ ਰਿਹਾ
ਗੁਰੂ ਦੀਆਂ ਸ਼ਾਨਾਂ ਉੱਤੇ।
ਚਾਰ ਅੱਖਰਾਂ ਨੂੰ ਬੋਲਣੇ ਦਾ
ਕੋਲ ਹੈ ਨਹੀਂ ਸਮਾਂ,
ਨਾਮ ਗੁਰਮੀਤ ਸਿੰਘ ਸੀ
ਉਹ ‘ਗੈਰੀ’ ਹੋ ਗਿਆ…
ਇਸੇ ਗੀਤ ਵਿਚ ਉਹ ਨੌਜਵਾਨ ਪੀੜ੍ਹੀ ਅੱਗੇ ਤਰਲੇ ਕੱਢਦਾ ਹੈ;
ਤੇਰਾ ਖੂਨ ਠੰਢਾ ਹੋ ਗਿਆ
ਕਿਉਂ ਖੌਲਦਾ ਨਹੀਂ ਹੈ?
ਇਹ ਵਿਰਸੇ ਦਾ ਮਸਲਾ
ਮਖੌਲ ਦਾ ਨਹੀਂ ਹੈ!
ਤੁਸੀਂ ਬੈਠ ਕੇ ਵਿਚਾਰੋ
‘ਸਰਤਾਜ’ ਪਤਾ ਕਰੋ!
ਕਾਹਤੋਂ ਪੱਤਾ ਪੱਤਾ
ਟਾਹਣੀਆਂ ਦਾ ਵੈਰੀ ਹੋ ਗਿਆ…!
ਬਾਈ ਪੰਜਾਬੀਓ, ਵਿਚਾਰੋਗੇ ਇਸ ਮਸਲੇ ਨੂੰ?