ਤਰਲੋਚਨ ਸਿੰਘ ਦੁਪਾਲਪੁਰ —
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ
ਉਸ ਕੋਠੀ ਵਿਚ ਦੋ-ਤਿੰਨ ਕੁ ਵਾਰ ਵਿਸ਼ਰਾਮ ਕਰਨ ਮੌਕੇ ਮੈਂ ਪ੍ਰਸ਼ਾਦਾ-ਪਾਣੀ ਛਕ ਚੁੱਕਿਆ ਹਾਂ, ਜਿਸ ਨੂੰ ਖਾਲੀ ਕਰਵਾਉਣ ਲਈ ਇਨ੍ਹੀਂ ਦਿਨੀਂ ਗਰਮਾ-ਗਰਮ ਬਿਆਨਬਾਜ਼ੀ ਹੋ ਰਹੀ ਹੈ। ਖਾੜਕੂ ਸੁਭਾਅ ਵਾਲੇ ‘ਸਿੰਘ ਸਾਹਿਬ’ ਵਜੋਂ ਜਾਣੇ ਜਾਂਦੇ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਮੱਕੜ ਜੀ ਆਖ ਰਹੇ ਹਨ ਕਿ ਕੋਠੀ ਖਾਲੀ ਕਰ ਭਾਈ। ਜਿਸ ਸ਼ਖਸ ਨੂੰ ਇਕ ਸਮੇਂ ਸੋਨੇ ਨਾਲ ਤੋਲਣ ਲਈ ਕਈ ਜਥੇਬੰਦੀਆਂ ਐਲਾਨ ‘ਤੇ ਐਲਾਨ ਕਰ ਰਹੀਆਂ ਸਨ, ਅੱਜ ਉਸ ਨੂੰ ਰਿਹਾਇਸ਼ ਵੀ ਖਾਲੀ ਕਰਨ ਲਈ ਹੁਕਮ ਕੀਤੇ ਜਾ ਰਹੇ ਹਨ। ਸਿੱਖ ਫਿਤਰਤ ਵਿਚਲੇ ਇਸ ਜ਼ਮੀਨ ਅਸਮਾਨ ਦੇ ਫਰਕ ਬਾਰੇ ਭਾਈ ਰਣਜੀਤ ਸਿੰਘ ਹੁਰਾਂ ਦੀ ਖੁਦ ਦੀ ਹੀ ਇਕ ਦਿਲਚਸਪ ਟਿੱਪਣੀ ਦਾ ਜਿ਼ਕਰ ਅੱਗੇ ਜਾ ਕੇ ਕਰਾਂਗੇ, ਪਹਿਲਾਂ ਇਸ ਵਿਸ਼ੇ ਦੀਆਂ ਹੋਰ ਗੱਲਾਂ ਕਰ ਲਈਏ।
ਸ੍ਰੀ ਅੰਮ੍ਰਿਤਸਰ ਸਥਿਤ ਉਕਤ ਕੋਠੀ ਵਿਚ ਹੀ ਭਾਈ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਢਾਹਾਂ ਕਲੇਰਾਂ ਸੰਸਥਾ ਦੇ ਬਜ਼ੁਰਗ ਪ੍ਰਧਾਨ ਜੀ ਨੇ ਮੇਰਾ ਤੁਆਰਫ਼ ਕਰਵਾਉਂਦਿਆਂ ਹੋਇਆਂ, ਭਾਈ ਰਣਜੀਤ ਸਿੰਘ ਅੱਗੇ ਮੇਰੀ ਉਪਮਾ ਦੇ ਬੜੇ ਪੜੁੱਲ ਬੰਨ੍ਹੇ, ‘‘ਇਹ ਜੀ ਲਿਖਾਰੀ ਹਨ, ਸਿੱਖ ਧਰਮ ਇਤਿਹਾਸ ਦੀ ਡੂੰਘੀ ਜਾਣਕਾਰੀ ਰੱਖਦੇ ਹਨ…ਚੰਗੇ ਬੁਲਾਰੇ ਵੀ ਹਨ…ਵਗੈਰਾ ਵਗੈਰਾ।’’ ਭਾਈ ਸਾਹਿਬ ਮੇਰੇ ਚਿਹਰੇ ਵਲ ਉਨਾ ਚਿਰ ਟਿਕਟਿਕੀ ਲਗਾ ਕੇ ਦੇਖਦੇ ਰਹੇ, ਜਿੰਨਾ ਚਿਰ ਢਾਹਾਂ ਕਲੇਰਾਂ ਵਾਲੇ ਬਜ਼ੁਰਗ ਮੇਰੀਆਂ ‘ਖੂਬੀਆਂ’ ਗਿਣਾਈ ਗਏ। ਗੱਲ ਮੁੱਕਣ ਤੋਂ ਬਾਅਦ ਭਾਈ ਸਾਹਿਬ ਖੜਕਵੀਂ ਆਵਾਜ਼ ‘ਚ ਕਹਿੰਦੇ, ‘‘ਇਨ੍ਹਾਂ ਦੀ ਵਿਦਵਤਾ ਕਿਹੜੇ ਕੰਮ?… ਐਸ ਵੇਲੇ ਤਾਂ ਇਹ ਬਾਦਲ ਦੀ ਗਾਂ ਹੀ ਬਣੇ ਹੋਏ ਨੇ।’’
ਸਿੰਘ ਸਾਹਿਬ ਮੂੰਹੋਂ ਆਪਣੇ ਲਈ ਇਹ ਅਸੱਭਿਅਕ ਜਿਹਾ ਸ਼ਬਦ ਸੁਣ ਕੇ ਮੈਂ ਇਕਦਮ ਛਿੱਥਾ ਤਾਂ ਹੋ ਗਿਆ ਪਰ ਮੈਂ ਆਪਣੀ ਸਫਾਈ ਵਜੋਂ ਕਈ ਸਪੱਸ਼ਟੀਕਰਨ ਦਿੱਤੇ ਕਿ ਫਲਾਂ-ਫਲਾਂ ਮੌਕਿਆਂ ‘ਤੇ ਮੈਂ ਪਾਰਟੀ ਨੀਤੀਆਂ ਦੇ ਖਿਲਾਫ਼ ਜਾਂਦਿਆਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਾ ਰਿਹਾ ਹਾਂ। ਲੇਕਿਨ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ‘ਤੇ ਮੇਰੀਆਂ ਦਿੱਤੀਆਂ ਸਫਾਈਆਂ ਦਾ ਕੋਈ ਅਸਰ ਨਹੀਂ ਸੀ ਹੋਇਆ। ਉਨ੍ਹਾਂ ਦੀ ਨਜ਼ਰ ਵਿਚ ਮੈਂ ਉਹੀ ਕੁਝ ਸਾਂ, ਜੋ ਮੈਨੂੰ ਪਹਿਲਾਂ ਕਹਿ ਚੁੱਕੇ ਸਨ।’’
ਸੰਨ ਅਠ੍ਹਤਰ ਦੀ ਖੂਨੀ ਵਿਸਾਖੀ ਤੋਂ ਬਾਅਦ ਹੋਈਆਂ ਬੀਤੀਆਂ ਘਟਨਾਵਾਂ ਦਰਮਿਆਨ ਜਦੋਂ ਉਨ੍ਹਾਂ ਦਾ ਨਾਮ ਮੀਡੀਏ ਵਿਚ ਆਇਆ, ਉਹ ਉਸ ਵੇਲੇ ਹਰ ਸਿੱਖ ਲਈ ਵੱਡੇ ਸਤਿਕਾਰ ਦੇ ਪਾਤਰ ਬਣ ਗਏ ਸਨ। ਉਨ੍ਹਾਂ ਵਲੋਂ ਕੀਤੇ ਗਏ ਕਾਰਨਾਮੇ ਨੂੰ ਸਿੱਖ ਮਾਨਸਿਕਤਾ ਨੇ ਮੱਸੇ ਰੰਘੜ ਵਾਲੇ ਇਤਿਹਾਸ ਨਾਲ ਜੋੜ ਕੇ ਆਪਣੇ ਦਿਲਾਂ ‘ਚ ਵਸਾ ਲਿਆ। ਭਾਈ ਸਾਹਿਬ ਦੀ ਸ਼ਾਨ ਵਿਚ ਸਿੱਖ ਕਵੀਆਂ ਨੇ ਦਿਲ ਖਿੱਚਵੀਆਂ ਕਵਿਤਾਵਾਂ ਲਿਖੀਆਂ। ਰਾਗੀਆਂ-ਢਾਡੀਆਂ ਨੇ ਧਾਰਮਿਕ ਦੀਵਾਨਾਂ ਵਿਚ ਦਿੱਲੀ ਕਾਂਡ ਦੇ ਪ੍ਰਸੰਗ ਸੁਣਾਏ। ਪੰਥ ਪ੍ਰਸਿੱਧ ਕਵੀ ਰਾਮ ਨਾਰਾਇਣ ਸਿੰਘ ‘ਦਰਦੀ’ ਦੀ ਇਕ ਜੋਸ਼ੀਲੀ ਕਵਿਤਾ ਵਿਚ ਭਾਈ ਸਾਹਿਬ ਵਲੋਂ ਅਪਨਾਈ ਗਈ ‘ਖੁਫੀਆ ਵਿਉਂਤ’ ਦੀ ਸ਼ਲਾਘਾ ਇੰਝ ਕੀਤੀ ਗਈ:
ਜਿਹੜਾ ਆਖਦਾ ਸੀ ਜਾਣੀ ਜਾਣ ਰੱਬ ਹਾਂ,
ਜਾਣੀ ਜਾਣ ਦੀ ਕਈ ਕਰਾਮਾਤ ਕਿੱਥੇ?
ਘਰ ਵਿਚ ਬੈਠਾ ਹੋਇਆ ਕਾਤਲ ਨਾ ਜਾਣ ਸਕਿਆ,
ਅੰਤਰਜ਼ਾਮੀ ਦੀ ਕਈ ਕਰਾਮਾਤ ਕਿੱਥੇ?’’
ਲੰਬੀ ਅਦਾਲਤੀ ਪ੍ਰਕਿਰਿਆ ‘ਚੋਂ ਲੰਘਣ ਬਾਅਦ ਹੋਈ ਰਿਹਾਈ ‘ਤੇ ਭਾਈ ਸਾਹਿਬ ਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਬਖਸ਼ੀ ਗਈ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਉਨ੍ਹਾਂ ਦਾ ਸ਼ਾਹਾਨਾ ਸਵਾਗਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਤਾਜਪੋਸ਼ੀ ਸਮਾਗਮ ਵਿਚ ਇਹ ਲੇਖਕ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਮਲ ਹੋਇਆ ਸੀ।
ਖਾਲਸਾਈ ਜਾਹੋ-ਜਲਾਲ ਵਾਲੇ ਉਸ ਪੰਥਕੀ ਸਮਾਗਮ ਜੈਸਾ ਇਕੱਠ ਮੈਂ ਅੱਜ ਤਕ ਕਿਤੇ ਨਹੀਂ ਦੇਖਿਆ। ਤਕਰੀਬਨ ਸਾਰੀਆਂ ਹੀ ਜਥੇਬੰਦੀਆਂ ਦੀ ਸ਼ਮੂਲੀਅਤ ਵਾਲਾ ਉਹ ਇਕੱਠ ਆਪਣੀ ਮਿਸਾਲ ਆਪ ਹੀ ਹੋ ਨਿਬੜਿਆ। ਸਿੱਖਾਂ ਦੇ ਬੱਚੇ ਬੱਚੇ ਦੀ ਜ਼ੁਬਾਨ ‘ਤੇ ਇਹੀ ਗੱਲ ਸੀ ਕਿ ਭਾਈ ਰਣਜੀਤ ਸਿੰਘ ਨੇ ਸਿੱਖ ਇਤਿਹਾਸ ਦੀ ਲਾਜ ਰੱਖ ਲਈ।
ਅਠ੍ਹਾਰਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਜਿ਼ਕਰ ਆਉਂਦਾ ਹੈ ਕਿ ਸਿੱਖ ਜਰਨੈਲ ਬਘੇਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਦਿੱਲੀ ਫਤਹਿ ਕਰਕੇ, ਲਾਲ ਕਿਲੇ ਦੀ ਫਸੀਲ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਕੁਝ ਦਿਨਾਂ ਬਾਅਦ ਵਿਸਾਖੀ ਦਾ ਪੁਰਬ ਆ ਗਿਆ ਤਾਂ ਸਿੰਘ ਦਿੱਲੀ ਛੱਡ ਕੇ ਅੰਮ੍ਰਿਤਸਰ ਨੂੰ ਇਹ ਕਹਿ ਕੇ ਤੁਰ ਪਏ ਅਖੇ ਦਿੱਲੀ ਆਪਾਂ ਢਿੱਲੀ ਕਰ ਦਿੱਤੀ ਹੈ। ਇਸ ਨੂੰ ਫੇਰ ਸਾਂਭ ਲਾਂਗੇ, ਪਹਿਲਾਂ ਆਪਾਂ ਸ੍ਰੀ ਅਕਾਲ ਬੁੰਗੇ ਜਾ ਕੇ ਵਿਸਾਖੀ ਮਨਾ ਆਈਏ। ਇਸ ਦਾਸਤਾਂ ਨੂੰ ਬਿਆਨ ਕਰਦੇ ਹੋਏ ਸਿਰਮੌਰ ਢਾਡੀ ਗਿਆਨੀ ਦਿਲਬਰ ਜੀ, ਸਿੱਖਾਂ ਦੇ ਸੁਭਾਅ ਵਿਚ ਵਸੀ ਹੋਈ ਅਣਗਹਿਲੀ ਜੈਸੀ ਬੇਪ੍ਰਵਾਹੀ ਦੀ ਮਿਸਾਲ ਦਿਆ ਕਰਦੇ ਸਨ;
ਪੰਜ ਸੱਤ ਸਿੰਘ ਇਕੱਠੇ ਹੋ ਕੇ ਕਿਸੇ ਸਰੋਵਰ ‘ਤੇ ਇਸ਼ਨਾਨ ਕਰਨ ਵਾਸਤੇ ਗਏ। ਬਾਕੀ ਦੇ ਸਾਰੇ ਤਾਂ ਇਸ਼ਨਾਨ-ਪਾਨ ਕਰਕੇ ਸਰੋਵਰ ਤੋਂ ਬਾਹਰ ਆ ਕੇ ਆਪਣੇ ਵਸਤਰ ਪਹਿਨਣ ਲੱਗ ਪਏ ਪਰ ਇਕ ਸੁਸਤ ਜਿਹੇ ਸਿੰਘ ਹੱਥੋਂ ਰੱਸਾ ਛੁੱਟ ਗਿਆ ਤੇ ਉਹ ਡੂੰਘੇ ਪਾਣੀ ਵਿਚ ਗੋਤੇ ਖਾਣ ਲੱਗ ਪਿਆ। ਡੁਬਕੂੰ-ਡੁਬਕੂੰ ਕਰਦਾ ਹੋਇਆ ਉਹ ਉਚੀ ਉਚੀ ‘ਵਾਜਾਂ ਮਾਰਨ ਲੱਗਿਆ, ‘‘ਖਾਲਸਾ ਜੀ, ਸਿੰਘ ਚੱਲਿਆ ਜੇ!… ਸਿੰਘ ਚੱਲਿਆ ਜੇ…!!’’ ਕੰਢੇ ‘ਤੇ ਖੜ੍ਹੇ ਸਿੰਘਾਂ ਨੇ ਪਿੱਛੇ ਮੁੜ ਕੇ ਉਸ ਡੁੱਬ ਰਹੇ ਸਿੰਘ ਵਲ ਦੇਖਿਆ। ‘ਸਿੰਘ’ ਚੱਲਿਆ ਜੇ!’ ਦੇ ਜਵਾਬ ਵਜੋਂ ਉਨ੍ਹਾਂ ਸਿੰਘਾਂ ਨੇ ਹੱਥ ਜੋੜਦਿਆਂ ਆਖਿਆ;
‘‘ਚੰਗਾ ਭਾਈ ਸਿੰਘਾ! ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ।’’
ਕੌਮ ਦੇ ਸ਼ਾਨਾਂਮੱਤੇ ਇਤਿਹਾਸ ‘ਤੇ ਕਾਲਾ ਦਾਗ ਸਾਬਤ ਹੋ ਰਹੀ ਨਾਮੁਰਾਦ ਬੇਪ੍ਰਵਾਹੀ ਦੀਆਂ ਹੋਰ ਤਸ਼ਬੀਹਾਂ ਲੱਭਣ ਲਈ ਦੂਰ ਜਾਣ ਦੀ ਲੋੜ ਨਹੀਂ ਹੈ। ਮੌਜੂਦਾ ਦੌਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਹੋ ਰਹੀ ਬੇ-ਹੁਰਮਤੀ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਵੇਲੇ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਾਬਕਾ ਜਥੇਦਾਰ ਵਿਚਰ ਰਹੇ ਹਨ ਜਿਨ੍ਹਾਂ ਵਿਚੋਂ ਇਕ ਭਾਈ ਰਣਜੀਤ ਸਿੰਘ ਜੀ ਵੀ ਹਨ। ਇਨ੍ਹਾਂ ਪੰਜਾਂ ਜਣਿਆਂ ਨੂੰ ਹੀ ਬੜੇ ਬੇਇੱਜ਼ਤੀ ਭਰੇ ਢੰਗ ਨਾਲ ਸੇਵਾਮੁਕਤ ਕੀਤਾ ਗਿਆ। ਉਂਜ ਰਾਗ ਗਾਇਆ ਜਾ ਰਿਹਾ ਹੈ ਅਕਾਲ ਤਖ਼ਤ ਮਹਾਨ ਵਾਲਾ। ਨਿਯੁਕਤੀ ਵੇਲੇ ਗੱਲਾਂ ਵਿਚ ਕਈ-ਕਈ ਸਿਰੋਪੇ ਪਾ ਕੇ, ਸਿਰ ਉਪਰ ਛਤਰ ਝੁਲਾਏ ਜਾਂਦੇ ਹਨ ਪਰ ਲਾਹੁਣ ਵੇਲੇ? ਜੋ ਹੁੰਦਾ ਹੈ, ਉਹ ਅਸੀਂ ਸਾਰੇ ਦੇਖਦੇ ਆ ਰਹੇ ਹਾਂ।
ਭਾਈ ਰਣਜੀਤ ਸਿੰਘ ‘ਤੇ ਬੇਸ਼ੱਕ ਮਰਹੂਮ ਟੌਹੜਾ ਸਾਹਿਬ ਨਾਲ ‘ਰਿਆਇਤ’ ਵਰਤਣ ਦੇ ਦੋਸ਼ਾਂ ਤੋਂ ਇਲਾਵਾ ਲੰਗਰ ਪ੍ਰਥਾ ਬਾਰੇ ਹੁਕਮਨਾਮਾ ਜਾਰੀ ਕਰਨ ਬਾਬਤ ਉਂਗਲਾਂ ਉਠੀਆਂ। ਪਰ ‘ਅੱਗੇ ਨਾਲੋਂ ਪਿੱਛਾ ਭਲਾ’ ਦੇ ਅਖਾਣ ਮੁਤਾਬਕ ਭਾਈ ਸਾਹਿਬ ਵਲੋਂ ਬਤੌਰ ਜਥੇਦਾਰ ਦਿਖਾਈ ਗਈ ਜੁਰਅਤ ਅਤੇ ਸਿਦਕਦਿਲੀ ਹੁਣ ਕਿਤੇ ਦਿਖਾਈ ਨਹੀਂ ਦੇ ਰਹੀਆਂ। ਵਰਤਮਾਨ ਦੌਰ ਦੇ ‘ਸਿੰਘ ਸਾਹਿਬਾਨਾਂ’ ਬਾਰੇ ਭਾਈ ਰਣਜੀਤ ਸਿੰਘ ਦੇ ਖਿਆਲ ਹੀ ਸੁਣ ਲਓ।
ਪਿਛਲੇ ਵਰ੍ਹੇ ਜਦੋਂ ਪੰਜਾਂ ਪਿਆਰਿਆਂ ਵਿਚ ਜਾਂ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ‘ਤੇ ਕਿਸੇ ਬੀਬੀ ਨੂੰ ਬਹਾਉਣ ਦੀ ਚਰਚਾ ਪੰਥ ਵਿਚ ਖੂਬ ਭਖੀ ਹੋਈ ਸੀ ਤਾਂ ਮੈਂ ਭਾਈ ਸਾਹਿਬ ਨੂੰ ਫੋਨ ਕਰਕੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ। ਉਨ੍ਹਾਂ ਬੇਲਾਗ ਤੇ ਬੇਬਾਕ ਜਵਾਬ ਦਿੰਦੇ ਹੋਏ ਉਲਟਾ ਕੌਮ ਨੂੰ ਵਿਅੰਗਨੁਮਾ ਸਵਾਲ ਕਰ ਦਿੱਤਾ, ‘‘ਆਹ ਜਿਹੜੇ ਹੁਣ ਬੈਠੇ ਆ, ਇਨ੍ਹਾਂ ਨੂੰ ਤੁਸੀਂ ਮਰਦ ਸਮਝਦੇ ਹੋ? ਸਗੋਂ ਇਹ ਤਾਂ ਫਲਾਣੇ ਸਿੰਘਾਂ ਦੀਆਂ…. ਹਨ।’’
ਇਥੇ ਮੈਂ ਭਾਈ ਸਾਹਿਬ ਦੀ ਕੋਈ ਖੁਸ਼ਾਮਦ ਜਾਂ ਵਕਾਲਤ ਨਹੀਂ ਕਰ ਰਿਹਾ। ਨਾ ਹੀ ਮੈਂ ਉਨ੍ਹਾਂ ਨੂੰ ਸੋਲਾਂ ਕਲਾਂ ਸੰਪੂਰਨ ਜਥੇਦਾਰ ਦਾ ਰੁਤਬਾ ਦੇ ਰਿਹਾ ਹਾਂ। ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਲੱਗਾ ਹੋਇਆ ਖੋਰਾ ਦੇਖ ਕੇ ਹੰਝੂ ਕੇਰ ਰਹੇ ਪੰਥ ਦਰਦੀਆਂ ਵਾਂਗ ਮੈਂ ਚਿੰਤਾ ਪ੍ਰਗਟਾ ਰਿਹਾ ਹਾਂ ਕਿ ਸਿੱਖ ਹਿਰਦਿਆਂ ਵਿਚ ਤਖ਼ਤ ਸਾਹਿਬ ਦਾ ਭੈਅ ਅਦਬ ਕਿਵੇਂ ਬਹਾਲ ਕੀਤਾ ਜਾਵੇ?
ਸ਼ਹੀਦੀ ਦਾ ਮੌਕਾ, ਸਿੱਖ ਫਲਸਫੇ ਅਨੁਸਾਰ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਮਹਾਨ ਸ਼ਹਾਦਤਾਂ ਨੂੰ ਯਾਦ ਕਰਕੇ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦੀ ਪਰੰਪਰਾ ਸਾਡਾ ਕੌਮੀ ਗੁਣ ਹੈ। ਪਰ ਇਹ ਸਾਡੀ ਕਿਧਰਲੀ ਸਿਆਣਪ ਹੈ ਕਿ ਇਕ ਜਿ਼ੰਦਾ ਸ਼ਹੀਦ ਨੂੰ ਦਿੱਤੀ ਹੋਈ ਰਿਹਾਇਸ਼ ਵੀ ਖੋਹ ਲਈ ਜਾਵੇ? ਇਹ ਕੈਸੀ ਜੱਗੋਂ ਤੇਰ੍ਹਵੀਂ ਕੀਤੀ ਜਾ ਰਹੀ ਹੈ ਕਿ ਜੂਨ ਚੁਰਾਸੀ ਵਾਲਾ ਘੱਲੂਘਾਰਾ ਕਰਵਾਉਣ ਦੇ ਹਿੱਕਾਂ ਠੋਕ ਕੇ ਦਾਅਵੇ ਕਰਨ ਵਾਲੇ ਅਡਵਾਨੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿਚ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਪਰ ਭਾਈ ਰਣਜੀਤ ਸਿੰਘ ਜਿਹੇ ਕੌਮੀ ਯੋਧੇ ਨੂੰ ਮਿਹਣੇ-ਤਾਅਨੇ ਮਾਰੇ ਜਾ ਰਹੇ ਹਨ।
ਜੱਫਿਆਂ ਤੇ ਗੱਫਿਆਂ ਦੀ
ਸੋਚ ਬੈਠੀ ਗੋਲਕਾਂ ‘ਤੇ।
ਸਾਖੀਆਂ ਦੇ ਲੜ ਲਾਇਆ
ਕੌਮੀ ਸੇਵਾਦਾਰ ਪਹਿਲਾ।
ਮਿੰਨੀ ਮੀਣੀ ਸੋਚ ਅੱਜ
ਚਾਰੇ ਪਾਸੇ ਦਿਸੇ ਭਾਰੂ,
ਭੇਖ ਨੂੰ ਧੁਮਾਈ ਜਾਂਦੀ,
ਕੌਮ ਦਾ ਮਯਾਰ ਪਹਿਲਾ।
ਲੱਗੀ ਹੈ ਸਿਆਸੀ ਸਿਉਂਕ
ਉਚੀ ਸੁੱਚੀ ਸ਼ਾਖ ਤਾਈਂ,
ਕੌਮ ਦੀ ਅਟਾਰੀ ਸੁੰਞੀ,
ਲੱਭੇ ਪਹਿਰੇਦਾਰ ਪਹਿਲਾ।
ਅੱਜ ਦੇ ਦੁਖਾਂਤ ਬਾਰੇ
ਕੁਸਕਣੋਂ ਵੀ ਜਰਕ ਰਹੇ।
ਉਂਜ ਦੰਭੀ ਗਾਈ ਜਾਂਦੇ,
ਕੌਮ ਦਾ ਉਭਾਰ ਪਹਿਲਾ।