!ਗੁਰਮਤਿ-ਸਦਾ ਬਹਾਰ-ਅਧੁਨਿਕ-ਨਵੀਨ ਹੈ
ਅਵਤਾਰ ਸਿੰਘ ਮਿਸ਼ਨਰੀ (510-432-5827)
ਗੁਰਮਤਿ ਗੁਰੂ ਅਤੇ ਮਤਿ ਦੇ ਕ੍ਰਮਵਾਰ ਅਰਥ ਹਨ-ਗੁ (ਅਗਿਆਨਤਾ) ਰੂ (ਪ੍ਰਕਾਸ਼) ਜੋ ਅਗਿਅਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹ ਹੈ ਗੁਰੂ। ਮਤਿ ਵੀ ਸੰਸਕ੍ਰਿਤ ਦਾ ਲਫਜ ਹੈ ਜਿਸ ਦਾ ਅਰਥ ਹੈ ਬੁੱਧੀ, ਸਮਝ, ਅਕਲ, ਰਾਇ ਅਤੇ ਸੁਝਾਓ। ਪਰ ਮੱਤ ਦਾ ਅਰਥ ਹੈ ਧਰਮ ਅਤੇ ਮਜ਼ਬ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਨੂੰ ਹੀ ਗੁਰੂ ਦਾ ਮੱਤ ਕਿਹਾ ਗਿਆ ਹੈ, ਜਿਸ ਨੂੰ ਸਿੱਖ-ਧਰਮ ਅਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ-ਪੰਥ ਦਾ ਨਾਂ ਦਿੱਤਾ। ਸਦਾ ਬਹਾਰ ਤੋਂ ਭਾਵ ਸਦਾ ਖਿੜੀ ਰਹਿੰਦੀ ਹੈ, ਕਦੇ ਮੁਰਝਾਉਂਦੀ ਨਹੀਂ। ਅਧੁਨਿਕ-ਨਵੀਨ-ਵਰਤਮਾਨ (ਪ੍ਰੈਜ਼ੈਂਟ) ਗੁਰਮਤਿ ਅਤੇ ਵਰਤਮਾਨ ਦਾ ਆਪਸ ਵਿੱਚ ਗੂੜਾ ਸਬੰਧ ਹੈ-ਵਰਤਮਾਨ ਵਿਚਿ ਵਰਤਦਾ ਖਸਮੈ ਦਾ ਜਿਸ ਭਾਵੈ ਭਾਣਾ (ਭਾ. ਗੁ.) ਗੁਰੂ ਨਾਨਕ ਜੀ ਨੇ ਰੂੜੀਵਾਦੀ ਰੀਤਾਂ ਰਸਮਾਂ ਜੋ ਭੂਤਕਾਲ ਤੋਂ ਅਗਿਆਨਤਾ ਆਸਰੇ ਚਲੀਆਂ ਆ ਰਹੀਆਂ ਸਨ, ਓਨ੍ਹਾਂ ਦਾ ਤਿਆਗ ਕਰਕੇ ਵਰਤਮਾਨ ਵਿੱਚ ਸਾਰਥਕ ਰੀਤਾਂ ਰਸਮਾਂ ਭਾਵ ਕਰਮ ਕਰਨ ਦਾ ਉਪਦੇਸ਼ ਦਿੱਤਾ। ਇਸ ਕਰਕੇ ਸਿੱਖ ਧਰਮ (ਗੁਰਮਤਿ) ਸਦਾ ਹੀ ਨਵੀਨ ਹੈ, ਅਗਾਂਹ ਵਧੂ ਹੈ-ਅਗਾਹਾਂ ਕੂ ਤ੍ਰਾਂਘਿ ਪਿਛਾ ਫੇਰਿ ਨ ਮੋਹਡੜਾ॥ (ਪੰਨਾ-1096) ਪਰ ਗੁਰਮਤਿ ਅਧੁਨਿਕਤਾ ਦੇ ਨਾਂ ਤੇ ਚੱਲ ਰਹੇ ਲਚਰ ਕਲਚਰ ਤੋਂ ਵੱਖ ਹੈ ਅਤੇ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਖੇਧੀ ਕਰਦੀ ਹੈ। ਗੁਰਮਤਿ ਦਾ ਮੁੱਖ ਸਿਧਾਂਤ ਹੈ-ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਸੋ ਗੁਰਮਤਿ ਦੇ ਧਾਰਨੀ ਨੇ ਹਮੇਸ਼ਾਂ ਕਿਰਤ ਕਰਨੀ ਹੈ, ਮੰਗ ਕੇ ਨਹੀਂ ਖਾਣਾ, ਵੰਡ ਛਕਣਾ ਭਾਵ ਲੋੜਵੰਦਾਂ ਨਾਲ ਸ਼ੇਅਰ ਕਰਨਾ, ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਅਤੇ ਅਧੁਨਿਕ ਤਰੀਕਿਆਂ ਰਾਹੀਂ ਤਰੱਕੀ ਕਰਨੀ ਹੈ ਨਾਂ ਕਿ ਇਸ ਦੀ ਵਿਰੋਧਤਾ। ਗੁਰੂ ਜੀ ਫੁਰਮਾਂਦੇ ਹਨ ਕਿ ਜੇ ਮੇਰਾ ਸਾਹਿਬ ਸਦਾ ਨੀਤ ਨਵਾਂ ਹੈ-ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (ਪੰਨਾ-660) ਤਾਂ ਗੁਰਮਤਿ ਸਦਾ ਹੀ ਨਵੀਨ ਹੈ ਭਾਵ ਅਧੁਨਿਕ ਹੈ ਜਦ ਕਿ ਬਹੁਤੇ ਹੋਰ ਮੱਤ ਲਕੀਰ ਦੇ ਫਕੀਰ ਹਨ।
ਗੁਰਮਤਿ ਨਵੀਨ ਖੋਜਾਂ ਜੋ ਮਨੁੱਖਤਾ ਦਾ ਭਲਾ ਕਰ ਸਕਦੀਆਂ ਹਨ ਉਨ੍ਹਾਂ ਨੂੰ ਅਪਨਾਉਣ ਅਤੇ ਵਰਤਨ ਤੋਂ ਰੋਕਦੀ ਨਹੀਂ ਸਗੋਂ ਸੁਜੋਗ ਵਰਤੋਂ ਕਰਨ ਦੀ ਹਾਂਮੀ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਗੁਰਮਤਿ ਕਦੇ ਬਦਲਦੀ ਨਹੀਂ, ਇਹ ਠੀਕ ਨਹੀਂ ਕਿਉਂਕਿ ਗੁਰਮਤਿ ਸਦਾ ਹੀ ਅਗਾਂਹ ਵਧੂ ਹੈ। ਹਾਂ ਜੋ ਗੁਰਮਤਿ ਦੇ ਮੂਲਕ ਸਿਧਾਂਤ ਹਨ ਜੋ ਕੁਦਰਤੀ ਹਨ ਉਹ ਕਦੇ ਨਹੀਂ ਬਦਲਦੇ। ਅਗਰ ਜੇ ਗੁਰਮਤਿ ਅਧੁਨਿਕਤਾ ਦੀ ਹਾਮੀ ਨਾਂ ਹੁੰਦੀ ਤਾਂ ਅੱਜ ਦਾ ਸਿੱਖ ਕਦੇ ਵੀ ਅਧੁਨਿਕ ਢੰਗ ਨਾਲ ਨਾਂ ਵਿਚਰਦਾ, ਫਿਰ ਤਾਂ ਪੈਦਲ ਹੀ ਚਲਦਾ, ਘੋੜ ਸਵਾਰੀ ਹੀ ਕਰਦਾ। ਚੁੱਲ੍ਹੇ ਪੁੱਟ ਕੇ ਅੱਗ ਬਾਲ ਕੇ ਹੀ ਹੀ ਖਾਣਾ ਪਕਾਉਂਦਾ ਅਤੇ ਅਜੋਕੇ ਗੈਸ ਚੁਲਿਆਂ ਦੀ ਵਰਤੋਂ ਨਾਂ ਕਰਦਾ। ਹੱਥ ਨਾਲ ਚਾਟੀ ਵਿੱਚ ਦੁੱਧ ਰਿੜਕ ਕੇ ਹੀ ਮੱਖਣ ਕੱਢ੍ਹ ਕੇ ਵਰਤਦਾ ਅਤੇ ਅੱਜ ਦੀਆਂ ਮਸ਼ੀਨਾਂ ਨਾਲ ਕੱਢ੍ਹੀਆਂ ਬਟਰ ਕਰੀਮਾਂ ਦਾ ਇਸਤੇਮਾਲ ਨਾਂ ਕਰਦਾ। ਕੁਰਸੀਆਂ ਮੇਜਾਂ ਤੇ ਬੈਠਣ ਦੀ ਥਾਂ ਸਕੂਲਾਂ ਕਾਲਜਾਂ ਵਿੱਚ ਵੀ ਤੱਪੜਾਂ ਤੇ ਹੀ ਬੈਠਦਾ। ਕਿਤਾਬਾਂ ਅਤੇ ਗ੍ਰੰਥ ਵੀ ਹੱਥ ਨਾਲ ਹੀ ਲਿਖਦਾ। ਬੰਦੂਕਾਂ, ਤੋਪਾਂ, ਮਿਜ਼ਾਈਲਾਂ ਦੀ ਥਾਂ ਤੀਰ ਕਮਾਨ ਅਤੇ ਕ੍ਰਿਪਾਨਾਂ ਬਰਛੇ ਹੀ ਵਰਤਦਾ। ਮਸ਼ੀਨਾਂ ਦੀ ਥਾਂ ਹੱਥ ਚੱਕੀ ਤੇ ਹੀ ਆਟਾ ਪੀਂਹਦਾ। ਹੱਥ ਨਾਲ ਹੀ ਫਸਲਾਂ ਵੱਢਦਾ ਅਤੇ ਫਲਿਆਂ ਨਾਲ ਹੀ ਕਣਕਾਂ ਗੌਂਹਦਾ। ਪੈਂਟ ਕਮੀਜਾਂ ਦੀ ਥਾਂ ਚੋਲੇ, ਚਾਦਰੇ ਅਤੇ ਘੱਗਰੇ ਹੀ ਪਹਿਨਦਾ। ਸਮੁੰਦਰੋਂ ਪਾਰ ਵਿਦੇਸ਼ ਵਿੱਚ ਜਾਣ ਵਾਸਤੇ ਹਵਾਈ ਜਹਾਜ ਦੀ ਥਾਂ ਬੇੜੀਆਂ-ਬੇੜੇ ਹੀ ਵਰਤਦਾ। ਬੱਚੇ ਅਜੋਕੇ ਹਸਪਤਾਲਾਂ ਦੀ ਥਾਂ ਘਰਾਂ ਵਿਖੇ ਪੇਂਡੂ ਦਾਈਆਂ ਰਾਹੀਂ ਹੀ ਪੈਦਾ ਹੁੰਦੇ ਐਂਮਰਜੈਂਸੀ ਹਾਲਤ ਵਿੱਚ ਵੀ ਹਸਪਤਾਲ ਨਾਂ ਜਾਂਦਾ। ਐਕਸੀਡੈਂਟ ਹੋ ਜਾਣ ਤੇ ਕਦੇ ਅਧੁਨਿਕ ਹਸਪਤਲਾਂ ਦੀ ਵਰਤੋਂ ਨਾਂ ਕਰਦਾ ਸਗੋਂ ਦੇਸੀ ਹਕੀਮਾਂ ਤੋਂ ਹੀ ਇਲਾਜ ਕਰਾਉਂਦਾ ਅਤੇ ਅਪ੍ਰੇਸ਼ਨ ਵੱਲ ਮੂੰਹ ਨਾਂ ਕਰਦਾ। ਸਰੀਰ ਤਿਆਗਣ ਤੋਂ ਬਾਅਦ ਕੇਵਲ ਲੱਕੜਾਂ ਨਾਲ ਹੀ ਸਰੀਰ ਦਾ ਦਾਹ ਸਸਕਾਰ ਕਰਦਾ, ਲੋੜ ਪੈਣ ਤੇ ਵੀ ਕਦੇ ਬਿਜਲੀ ਦੀ ਭੱਠੀ ਦੀ ਵਰਤੋਂ ਨਾਂ ਕਰਦਾ ਜੋ ਅੱਜ ਵਿਦੇਸ਼ਾਂ ਵਿਖੇ ਕਰ ਰਿਹਾ ਹੈ। ਕਦੇ ਭੁੱਲੇ ਕੇ ਵੀ ਅੱਜ ਦੇ ਮੀਡੀਏ ਅਖਬਾਰਾਂ, ਰਸਾਲਿਆਂ, ਰੇਡੀਓ, ਟੇਪ ਰਿਕਾਰਡ, ਸੀਡੀਆਂ, ਡੀ. ਵੀ. ਡੀ ਮੂਵੀਆਂ, ਟੀ. ਵੀ ਅਤੇ. ਇੰਟ੍ਰਨੈੱਟ ਆਦਿਕ ਦੀ ਵਰਤੋਂ ਨਾਂ ਕਰਦਾ।
ਸੋ ਗੁਰਮਤਿ ਪਿਛਾਂਹ ਖਿੱਚੂ ਅਤੇ ਪੁਰਾਤਨਵਾਦ ਦੀ ਹਾਮੀ ਨਹੀਂ, ਸਦਾ ਹੀ ਅਧੁਨਿਕ-ਨਵੀਨ ਰਹੀ ਹੈ ਅਤੇ ਰਹੇਗੀ। ਜਿਵੇਂ ਪਾਣੀ ਵਗਦਾ ਹੀ ਸਾਫ ਰਹਿੰਦਾ ਹੈ ਰੁਕਿਆ ਖਰਬ ਹੋ ਜਾਂਦਾ ਹੈ, ਇਵੇਂ ਗੁਰਮਤਿ ਚੜ੍ਹਦੀ ਕਲਾ ਦੀਆਂ ਪੁਲਾਂਗਾਂ ਪੁਟਦੀ ਹੋਈ ਵਗਦੇ ਪਾਣੀ ਦੀ ਤਰਾਂ ਸਦਾ ਹੀ ਸਾਫ ਰਹੇਗੀ ਨਾਂ ਕਿ ਕਰਮਕਾਂਡਾਂ, ਵਹਿਮਾਂ ਭਰਮਾਂ ਅਤੇ ਭੇਖਾਂ-ਪਾਰਟੀਆਂ ਅਤੇ ਜਾਤਾਂ-ਪਾਤਾਂ ਦੀ ਦਲਦਲ ਵਿੱਚ ਹੀ ਘਿਰੀ ਰਹੇਗੀ। ਜੇ ਮੇਰਾ ਸਾਹਿਬ ਨੀਤ ਨਵਾਂ ਹੈ-ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (ਪੰਨਾ-660) ਤਾਂ ਗੁਰਮਤਿ ਨਵੀਨ-ਅਧੁਨਿਕ ਕਿਉਂ ਨਹੀਂ ਹੋ ਸਕਦੀ? ਗੁਰੂ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਦਾ ਨਾਂ ਹੈ ਫਿਰ ਗੁਰੂ ਦੀ ਮਤਿ ਕਿਵੇਂ ਸਦਾ ਅੰਧੇਰੇ ਵਿੱਚ ਠੇਡੇ ਖਾ ਸਕਦੀ ਹੈ? ਲੋੜ ਜੀਵਨ ਸੁਚੱਜੇ ਢੰਗ ਨਾਲ ਜੀਣ, ਸਫਲ ਕਰਨ ਅਤੇ ਵਿਨਾਸ਼ਕਾਰੀ ਤੇ ਲਚਰ ਕਲਚਰ ਤੋਂ ਬਚਣ ਦੀ ਹੈ ਨਾਂ ਕਿ ਨਵੀਨਤਾ-ਅਧੁਨਿਕਤਾ ਦਾ ਵਿਰੋਧ ਕਰਨ ਦੀ। ਖੋਜ-ਕਰਨ ਵਾਲੇ ਹੀ ਤਰੱਕੀ ਕਰਦੇ ਹਨ ਅਤੇ ਬਾਦੀ-ਝਗੜੇ ਵਾਲੇ ਸਦਾ ਬਿਨਸਦੇ ਹਨ, ਵਿਨਾਸ਼ ਹੁੰਦੇ ਹਨ ਭਾਵ ਜੀਵਨ ਦੇ ਰਸਤੇ ਦਾ ਰੋੜਾ ਬਣਦੇ ਹਨ। ਗੁਰ ਫੁਰਮਾਨ ਹੈ-ਖੋਜੀ ਉਪਜੈ ਬਾਦੀ ਬਿਨਸੈ॥ (ਪੰਨਾ-1255) ਗੁਰਮਤਿ ਖੋਜ ਦਾ ਮਾਰਗ ਹੈ ਖੋਜ ਸਦਾ ਹੀ ਨਵੀਨ-ਅਧੁਨਿਕ ਸਦਾ ਬਹਾਰ ਹੁੰਦੀ ਹੈ ਨਾਂ ਕਿ ਪਿਛਾਂਹ ਖਿੱਚੂ ਮੁਰਝਾ ਜਾਣ ਵਾਲੀ।
ਇਹ ਹੈ ਗੁਰਮਤਿ ਅਤੇ ਇਸ ਦੀ ਨਵੀਨਤਾ ਪਰ-ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ॥ (ਪੰਨਾ-94) ਇਸੇ ਕਰਕੇ ਕੋਈ ਵਿਰਲਾ ਚੜ੍ਹਦੀ ਕਲਾ ਵਾਲਾ ਹੀ ਗੁਰੂ ਦੀ ਮਤਿ ਤੇ ਚਲਦਾ ਹੈ, ਢਹਿੰਦੀ ਕਲਾ ਵਾਲੇ ਪਿਛਾਂਹ ਖਿੱਚੂ ਲੋਕ ਵਹਿਮਾਂ-ਭਰਮਾਂ, ਰੀਤਾਂ-ਰਸਮਾਂ, ਕਰਮਕਾਂਡਾਂ ਆਦਿਕ ਦੀਆਂ ਘੁੰਮਣ-ਘੇਰੀਆਂ ਵਿੱਚ ਹੀ ਫਸੇ ਰਹਿੰਦੇ ਹਨ ਭਾਵ ਗੁਰਮਤਿ ਦੀ ਸਦਾ ਬਹਾਰ ਵਰਤਮਾਨ-ਅਧੁਨਿਕਤਾ-ਨਵੀਨਤਾ ਨੂੰ ਖਿੜੇ ਮੱਥੇ ਮੰਨ ਕੇ ਪ੍ਰਵਾਨ ਨਹੀਂ ਕਰਦੇ। ਇਸ ਕਰਕੇ ਵਿਰਲੇ ਇਨਸਾਨ ਹੀ ਸਦਾ ਬਹਾਰ ਗੁਰਮਤਿ ਦੇ ਮਾਰਗ ਤੇ ਚਲਦੇ ਹੋਏ, ਨਿਤ ਨਵੀਆਂ ਖੋਜਾਂ ਕਰਕੇ ਨਵੀਨ ਸਾਧਨ ਪੈਦਾ ਕਰਦੇ ਅਤੇ ਉਨ੍ਹਾਂ ਰਾਹੀਂ ਅਧੁਨਿਕ ਤਰੀਕਿਆਂ-ਵਸੀਲਿਆਂ ਰਾਹੀਂ ਜਿੱਥੇ ਆਪਣੇ ਪ੍ਰਵਾਰ ਅਤੇ ਸਮਾਜ ਦੀ ਤਰੱਕੀ ਕਰਦੇ ਹਨ ਓਥੇ ਵਰਤਮਾਨ ਨਵੀਨ ਢੰਗਾਂ, ਤਰਕਿਆਂ ਅਤੇ ਸਾਧਨਾਂ ਰਾਹੀਂ ਗੁਰਮਤਿ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ, ਸਿੱਖ ਫੁਲਵਾੜੀ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਰਹਿੰਦੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰਮਤਿ ਨੂੰ ਸਦਾ ਬਹਾਰ-ਅਧੁਨਿਕ-ਨਵੀਨ ਸਮਝਦੇ ਹਨ।