ਤਰਲੋਚਨ ਸਿੰਘ ਦੁਪਾਲਪੁਰ —
ਸਿੱਖ ਪਰਿਵਾਰ ਦੇ ਪੁੱਤਰ
ਹਥਲੀ ਲਿਖਤ ਪੜ੍ਹਨ ਤੋਂ ਬਾਅਦ, ਪਾਠਕ ਸਾਹਿਬਾਨ ਦੀ ਕਿਸੇ ਸੰਭਾਵੀ ‘ਟਿੱਚਰ’ ਦਾ ਸਮਾਧਾਨ, ਪਹਿਲੋਂ ਹੀ ਮੈਂ ਰਮਾਇਣ ਦੇ ਇਕ ਪ੍ਰਸੰਗ ਨਾਲ ਕਰਨਾ ਚਾਹੁੰਦਾ ਹਾਂ, ਤਾਂ ਕਿ ਇਹ ਨਾ ਹੋਵੇ ਕਿ ਮੇਰੇ ਦੋਸਤ ਮੇਰੇ ‘ਤੇ ਵਿਅੰਗ ਕੱਸਣ ਕਿ ਮੈਂ ਹਲਦੀ ਦੀ ਇਕ-ਅਧ ਗੱਠੀ ਲੱਭ ਪੈਣ ‘ਤੇ ਪੰਸਾਰੀ ਬਣਿਆਂ ਹੋਣ ਦਾ ਭਰਮ ਪਾਲ ਰਿਹਾ ਹਾਂ। ਜਦਕਿ ਅਸਲੀਅਤ ਇਹ ਹੈ ਕਿ ਮੈਂ ਹਲਦੀ ਦੀ ਕੋਈ ‘ਗੱਠੀ’ ਲੱਭ ਪੈਣ ਦਾ ਦਾਅਵਾ ਵੀ ਨਹੀਂ ਕਰਦਾ। ਉਪਕਾਰਾਂ ਦੀ ਗੰਗਾ ਵਗਾਉਣ ਵਾਲਿਆਂ ਮੋਹਰੇ, ਤ੍ਰੇਲ-ਤੁਪਕੇ ਜਿੰਨਾ ਪਾਣੀ ਕਿਸੇ ਦੇ ਮੂੰਹ ‘ਚ ਪਾਉਣ ਵਾਲੇ ਦੀ ਕੀ ਔਕਾਤ ਹੋ ਸਕਦੀ ਹੈ? ਪਰ ਹਾਂ ਕਿਸੇ ਦੇ ਹਿਰਦੇ ਦੀਆਂ ਡੂੰਘਾਈਆਂ ‘ਚੋਂ ਨਿਕਲ ਰਹੀਆਂ ਅਸੀਸਾਂ ਦੁਆਵਾਂ ਸੁਣ ਕੇ ਫਖ਼ਰ ਜਿਹਾ ਜ਼ਰੂਰ ਹੁੰਦਾ ਹੈ। ਇਸੇ ਫਖ਼ਰ ਵਿਚੋਂ ਭਵਿੱਖ ਲਈ ਕੁਝ ਹੋਰ ਕਰ ਗੁਜ਼ਰਨ ਦੀ ਤਮੰਨਾ ਪੈਦਾ ਹੁੰਦੀ ਹੈ। ਸੁਣਿਆ ਹੈ ਕਿ ਜਦੋਂ ਰਾਵਣ ਦੇ ਬਾਗ ਦੀ ਕੈਦ ਵਿਚੋਂ ਮਾਤਾ ਸੀਤਾ ਨੂੰ ਵਾਪਸ ਲੈ ਆਉਣ ਲਈ, ਭਗਵਾਨ ਰਾਮ ਆਪਣੀ ਵਾਨਰ-ਸੈਨਾ ਦੀ ਮਦਦ ਨਾਲ, ਲੰਕਾ ਵਲ ਵਧਣ ਲਈ ਸਮੁੰਦਰ ‘ਤੇ ਪੁਲ ਤਿਆਰ ਕਰ ਰਹੇ ਸਨ, ਤਾਂ ਉੱਥੇ ਇਕ ਗੁਲਹਿਰੀ ਵੀ ‘ਕਾਰ-ਸੇਵਾ’ ਵਿਚ ਹਿੱਸਾ ਪਾ ਰਹੀ ਸੀ। ਹੋਰ ਸਾਰੇ ਨਰ-ਨਾਰੀ ਜਿੱਥੇ ਵੱਡੇ ਪੱਥਰ ਆਦਿਕ ਚੁੱਕ ਚੁੱਕ ਕੇ ਬੀੜ ਰਹੇ ਸਨ, ਉੱਥੇ ਗੁਲਹਿਰੀ ਵਿਚਾਰੀ ਪਹਿਲਾਂ ਦੌੜ ਕੇ ਪਾਣੀ ‘ਚ ਵੜ ਕੇ ਆਪਣੇ ਆਪ ਨੂੰ ਭਿਉਂਦੀ। ਫਿਰ ਆਪਣੇ ਸਰੀਰ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਲਿਬੇੜਦੀ। ਭੱਜ ਕੇ ਪੁਲ ਵਾਲੀ ਜਗ੍ਹਾ ਪਹੁੰਚ ਕੇ ਸਰੀਰ ਨੂੰ ਛੰਡ ਕੇ ਆਪਣੇ ਨਾਲ ਲੱਗੀ ਮਿੱਟੀ ਝਾੜ ਆਉਂਦੀ। ਕਿਸੇ ਹੋਰ ਸੇਵਕ ਨੇ ਮਖੌਲ ਕੀਤਾ।
‘‘ਵਾਹ! ਤੇਰੀ ਇਸ ਭੋਰਾ-ਭਰ ਮਿੱਟੀ ਨਾਲ ਪੁਲ ਬਹੁਤ ਜਲਦੀ ਬਣ ਜਾਏਗਾ!!’’
‘‘ਮੇਰੇ ਭਰਾ…..” ਗੁਲਹਿਰੀ ਨੇ ਮੋਹਰਿਉਂ ਜਵਾਬ ਦਿੰਦੇ ਹੋਏ ਆਖਿਆ- “ਪੁਲ ਬਣਾਉਣ ਦਾ ਤਾਂ ਮੈਂ ਦਾਅਵਾ ਨਹੀਂ ਕਰਦੀ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੇ ਭਗਵਾਨ ਰਾਮ ਦੇ ਹੁਕਮ ਮੁਤਾਬਕ ਕਾਰ-ਸੇਵਾ ਵਿਚ ਜੁੱਟੀ ਹੋਈ ਹਾਂ।’’ ਅਮਰੀਕਨ ਪੰਜਾਬੀ ਪ੍ਰਿੰਟ ਮੀਡੀਏ ਦੀ ਸਿਰਕੱਢ ਅਖਬਾਰ ‘ਪੰਜਾਬ ਟਾਈਮਜ਼’ ਵਿਚ, ਪਿਛਲੇ ਸਾਢੇ ਕੁ ਚਾਰ ਸਾਲ ਤੋਂ ‘ਲਿਖਤੁਮ’ ਕਾਲਮ ਲਗਾਤਾਰ ਲਿਖਦਾ ਆ ਰਿਹਾ ਹਾਂ। ਗਾਹੇ-ਬਗਾਹੇ ਕਿਸੇ ਸਥਾਨਕ ਸਮਾਗਮਾਂ/ਗਤੀਵਿਧੀਆਂ ਦੀ ਲੋੜ ਅਨੁਸਾਰ ‘ਰਿਪੋਰਟਿੰਗ’ ਵੀ ਕਰਦਾ ਹਾਂ। ਕਦੇ ਕਦਾਈਂ ਕੋਈ ਆਰਟੀਕਲ ਦਿਲਚਸਪ ਜਾਂ ਵਧੀਆ ਲਿਖਿਆ ਜਾਂਦਾ ਹੈ। ਜਿਸ ਨੂੰ ਪਾਠਕ ਵੀਰ ਖੂਬ ਪਸੰਦ ਕਰਦੇ ਹਨ। ਪਾਠਕਾਂ ਵਲੋਂ ਮਿਲਦੀ ਪਰਤਵੀਂ ਪ੍ਰਸੰਸਾਂ ਤੋਂ ਹੀ ਕਿਸੇ ਲਿਖਤ ਦੀ ਮਕਬੂਲੀਅਤ ਦਾ ਅਹਿਸਾਸ ਹੁੰਦਾ ਹੈ। ਅਜਿਹਾ ਹੀ ਦਿਲ ਖਿਚਵਾਂ ਇਕ ਲੇਖ ‘ਪੰਜਾਬ ਟਾਈਮਜ਼’ ਦੇ ਮਿਤੀ 12 ਅਪ੍ਰੈਲ 2008 ਵਾਲੇ ਅੰਕ ਵਿਚ ਛਪਿਆ ਸੀ, ਜਿਸ ਦਾ ਅਨੁਵਾਨ ਸੀ-ਕੇਸ, ਕਕਾਰ ਅਤੇ ਕੇਸਗੜ੍ਹ ਸਾਹਿਬ। ਇਸ ਨਾਚੀਜ਼ ਵਾਸਤੇ ਇਹ ਗੱਲ ਵੀ ਕਾਬਲੇ-ਫ਼ਖਰ ਹੈ ਕਿ ਮੇਰੇ ਇਨ੍ਹਾਂ ਲੇਖਾਂ ਨੂੰ ਪੰਜਾਬ ਸਮੇਤ, ਦੂਸਰੇ ਦੇਸ਼ਾਂ ਵਿਚ ਛਪਣ ਵਾਲੀਆਂ ਪੰਜਾਬੀ ਅਖ਼ਬਾਰਾਂ ਵੀ ਵੱਡੀ ਚਾਹਤ ਨਾਲ ਛਾਪਦੀਆਂ ਹਨ। ਕਹਿਣ ਦਾ ਭਾਵ ਕਿ ਉਪਰੋਕਤ ਲੇਖ, ਚੰਡੀਗੜ੍ਹ ਤੋਂ ਛਪਦੀ ਬਹੁ ਚਰਚਿਤ ਰੋਜ਼ਾਨਾ ਅਖ਼ਬਾਰ ‘ਸਪੋਕਸਮੈਨ’ ਦੇ 9 ਅਗਸਤ 2008 ਵਾਲੇ ਅੰਕ ਵਿਚ ਵੀ ਛਪਿਆ। ਇਹੀ ਲੇਖ ਭਾਵੇਂ ਆਸਟ੍ਰੇਲੀਆ, ਇੰਗਲੈਂਡ ਅਤੇ ਕੈਨੇਡਾ ਵਿਚ ਵੀ ਛਪਿਆ, ਪ੍ਰੰਤੂ ‘ਰੋਜ਼ਾਨਾ ਸਪੋਕਸਮੈਨ’ ਦੇ ਇਕ ਪਾਠਕ ਪਰਿਵਾਰ ਨੇ ਇਸ ਤਹਿਰੀਰ ਤੋਂ ਕਿਵੇਂ ਅਤੇ ਕਿਤਨੀ ਪ੍ਰੇਰਣਾ ਲਈ, ਉਸ ਨੂੰ ਸ਼ਬਦੀ-ਜਾਮਾ ਪਹਿਨਾਉਣ ਦਾ ਅੱਗੇ ਯਤਨ ਕਰ ਰਿਹਾ ਹਾਂ।
ਪਿਛਲੇ ਸਾਲ 9 ਅਗਸਤ ਤੋਂ ਪੌਣੇ ਕੁ ਛੇ ਮਹੀਨੇ ਬਾਅਦ 25 ਜਨਵਰੀ 2009 ਵਾਲੇ ‘ਰੋਜ਼ਾਨਾ ਸਪੋਕਸਮੈਨ’ ਦੇ ਐਡੀਟੋਰੀਅਲ ਸਫੇ ‘ਤੇ ਇਕ ‘ਮਿਡਲ’ ਛਪਿਆ। ਇਸ ਨੂੰ ਲਿਖਣ ਵਾਲੀ ਸੀ ‘ਕਮਲ ਨਰਸਿੰਗ ਹੋਮ ਰੋਪੜ’ ਦੀ ਬੀਬੀ ਹਰਪਿੰਦਰ ਕੌਰ ‘ਡਿੰਪਲ’- ਇਸ ਸੁਘੜ-ਸਿਆਣੀ ਧੀ ਰਾਣੀ ਦੇ ਦਿਲ ਦੀਆਂ ਗਹਿਰਾਈਆਂ ‘ਚੋਂ ਨਿਕਲੇ ਹੋਏ ਮੋਹ-ਭਿੱਜੇ ਸ਼ਬਦਾਂ ਦੀ ਲੜੀ ਦੇ ਕੁਝ ਅੰਸ਼ ਦੁਹਰਾਅ ਰਿਹਾ ਹਾਂ। ਜੋ ਕਿ ਉਕਤ ਅਖ਼ਬਾਰ ਵਿਚ ‘….ਇਕ ਲੇਖ ਨੇ ਮੇਰੇ ਘਰ ਦਾ ਨਕਸ਼ਾ ਬਦਲਿਆ!’ ਦੇ ਸਿਰਲੇਖ ਅਧੀਨ ਛਪੇ ਹੋਏ ਹਨ- ‘‘…..ਮੈਂ ਬਹੁਤ ਹੀ ਭਾਵੁਕ ਮਨ ਨਾਲ ਆਪ ਜੀ ਨੂੰ ਇਹ ਪੱਤਰ ਲਿਖਣ ਲੱਗੀ ਹਾਂ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਉਹ ਸ਼ਬਦ ਕਿੱਥੋਂ ਲੱਭਾਂ, ਜਿਨ੍ਹਾਂ ਨਾਲ ਮੈਂ ਆਪਦੇ ਅਖ਼ਬਾਰ ਅਤੇ ਆਪਣੇ ਪਿਤਾ ਸਮਾਨ ਲੇਖਕ ਸ. ਤਰਲੋਚਨ ਸਿੰਘ ਜੀ ਦਾ ਧੰਨਵਾਦ ਕਰ ਸਕਾਂ। ਧੰਨਵਾਦ ਕਰਨ ਦਾ ਕਾਰਨ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਅਤੀਤ ਬਾਰੇ ਦੱਸਣਾ ਚਾਹੁੰਦੀ ਹਾਂ।
ਮੇਰਾ ਵਿਆਹ ਹੋਏ ਨੂੰ ਸਵਾ ਕੁ ਦੋ ਸਾਲ ਹੋ ਚੁੱਕੇ ਹਨ। ਮੇਰੇ ਪਤੀ ਨਾਮਵਰ ਗੀਤਕਾਰ ‘ਰੋਮੀ ਘੜਾਮੇ ਵਾਲਾ’ (ਅਸਲ ਨਾਂ ਗੁਰਬਿੰਦਰ ਸਿੰਘ) ਹੁਣ ਰੋਜ਼ ਹੀ ਸ਼ਰਾਬ ਦਾ ਸੇਵਨ ਕਰਦੇ ਸਨ। ਬੇਸ਼ੱਕ ਉਨ੍ਹਾਂ ਸ਼ਰਾਬ ਪੀ ਕੇ ਮੈਨੂੰ ਅੱਜ ਤੱਕ ਵਧ-ਘੱਟ ਨਹੀਂ ਬੋਲਿਆ ਅਤੇ ਨਾ ਹੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਹੋਣ ਦਿੱਤੀ ਹੈ। ਪਰ ਹਰ ਰੋਜ਼ ਸ਼ਾਮ ਵੇਲੇ ਉਨ੍ਹਾਂ ਨੂੰ ਸ਼ਰਾਬ ਪੀਂਦਿਆਂ ਦੇਖ ਕੇ, ਮੈਨੂੰ ਹਰ ਸਮੇਂ ਇਹ ਧੁੜਕੂ ਲੱਗਿਆ ਰਹਿੰਦਾ ਸੀ ਕਿ ਜੇਕਰ ਨਿੱਤ ਦੀ ਸ਼ਰਾਬ ਕਾਰਨ, ਇਨ੍ਹਾਂ ਨੂੰ ਕੋਈ ਬੀਮਾਰੀ ਲੱਗ ਗਈ ਜਾਂ ਕੁਝ ਹੋਰ ਹੋ ਗਿਆ ਤਾਂ ਪਿੱਛੋਂ ਸਾਡਾ ਕੀ ਬਣੂੰ? ਮੈਂ ਇਨ੍ਹਾਂ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸਿ਼ਸ਼ ਵੀ ਕੀਤੀ ਕਿ ਤੁਸੀਂ ਇੰਨੇ ਵਧੀਆ ਸਿੱਖ ਪਰਿਵਾਰ ਦੇ ਪੁੱਤਰ ਹੋ ਕੇ ਸ਼ਰਾਬ ਵੀ ਪੀਂਦੇ ਹੋ ਤੇ ਦਾਹੜੀ ਕੇਸ ਵੀ ਕਟਵਾ ਰੱਖੇ ਨੇ।
ਪਰ ਉਨ੍ਹਾਂ ਦਾ ਇਕ ਹੀ ਜਵਾਬ ਹੁੰਦਾ- “ਦੇਖ ਡਿੰਪਲ, ਆਪਣਾ ਕੰਮ ਕਿੰਨਾ ਟੈਨਸ਼ਨ ਭਰਿਆ ਹੈ। ਸਾਰਾ ਦਿਨ ਦੀ ਨੱਸ-ਭਜਾਈ ‘ਚ ਸਿਰ ਦੁੱਖਣ ਲੱਗ ਪੈਂਦਾ ਏ…ਨੀਂਦ ਵੀ ਨਹੀਂ ਆਉਂਦੀ….ਬਾਕੀ ਰਹੀ ਗੱਲ ਦਾਹੜੀ ਕਟਵਾਉਣ ਦੀ, ਭਲੀਏ ਲੋਕੇ, ਇਹਨੂੰ ਵਧਾ ਕੇ ਕਿਹੜਾ ਅੰਬ ਲੱਗ ਜਾਣੇ ਨੇ…।’’ ਇਹੋ ਜਿਹਾ ਜਵਾਬ ਸੁਣ ਕੇ ਮੈਂ ਵੀ ਕੁਝ ਨਾ ਬੋਲਦੀ। ਕਿਉਂਕਿ ਮੈਂ ਸੋਚਦੀ ਸਾਂ ਕਿ ਕਿਤੇ ਗੁੱਸੇ ‘ਚ ਆ ਕੇ ਜਿ਼ਆਦਾ ਪੀਣੀ ਨਾ ਸ਼ੁਰੂ ਕਰ ਦੇਣ!….ਸੱਚ ਜਾਣਿਉਂ 9 ਅਗਸਤ 2008 ਦਿਨ ਸ਼ਨਿਚਰਵਾਰ ਵਾਲਾ ‘ਰੋਜ਼ਾਨਾ ਸਪੋਕਸਮੈਨ’ ਮੇਰੇ ਅਤੇ ਮੇਰੇ ਪਰਿਵਾਰ ਲਈ ਰੱਬ ਬਣ ਕੇ ਬਹੁੜਿਆ। ਮੇਰੇ ਪਤੀ ਰੋਜ਼ ਵਾਂਗ ਉਸ ਦਿਨ ਪੇਪਰ ਪੜ੍ਹ ਰਹੇ ਸਨ। ਨੌਂ ਅਗਸਤ 2008 ਦੇ ਅਖ਼ਬਾਰ ਵਿਚ ਸ. ਤਰਲੋਚਨ ਸਿੰਘ ‘ਦੁਪਾਲਪੁਰ’ ਹੋਰਾਂ ਦਾ ਲਿਖਿਆ ਲੇਖ- ‘ਕੇਸ, ਕਕਾਰ ਅਤੇ ਕੇਸਗੜ੍ਹ ਸਾਹਿਬ’ ਉਨ੍ਹਾਂ ਪੜ੍ਹਿਆ ਤਾਂ ਮੈਨੂੰ ਬੁਲਾ ਕੇ ਕਹਿਣ ਲੱਗੇ-
‘‘ਡਿੰਪਲ ਅੱਜ ਮੈਨੂੰ ਆਪਣਾ ਆਪ ਕੁਝ ਗਲਤ ਜਿਹਾ ਮਹਿਸੂਸ ਹੋ ਰਿਹਾ ਹੈ!’’
ਮੈਂ ਕਾਰਨ ਪੁੱਛਿਆ ਤਾਂ ਉਨ੍ਹਾਂ ਮੈਨੂੰ ਲੇਖ ਪੜ੍ਹਨ ਲਈ ਕਿਹਾ। ਮੈਂ ਵੀ ਲੇਖ ਪੜ੍ਹ ਕੇ, ਇਸ ਦੇ ਹੱਕ ਵਿਚ ਹੋ ਕੇ ਕਿਹਾ- “ਫਿਰ ਠੀਕ ਈ ਕਿਹਾ ਹੈ ਦੁਪਾਲਪੁਰੀ ਸਾਹਿਬ ਨੇ!’’ ਉਸੇ ਦਿਨ ਤੋਂ ਮੇਰੇ ਪਤੀ ਨੇ ਸ਼ਰਾਬ ਨਾ ਪੀਣ ਅਤੇ ਸਾਬਤ ਸੂਰਤਿ ਸਿੱਖ ਬਣਨ ਦਾ ਨਿਸ਼ਚਾ ਧਾਰ ਲਿਆ। ਦੁਪਾਲਪੁਰ ਜੀ ਅਤੇ ਸਪੋਕਸਮੈਨ ਦੀ ਕ੍ਰਿਪਾ ਨਾਲ ਮੇਰਾ ਪਤੀ ਸਰਦਾਰ ਅਤੇ ਵੈਸ਼ਨੋ (ਭਾਵ ਸ਼ਰਾਬ ਤੋਂ ਰਹਿਤ) ਬਣ ਚੁੱਕਿਆ ਹੈ। ਮੈਂ ਆਪ ਜੀ ਨੂੰ ਆਪਣੇ ਪਤੀ ਦੀ ਅੱਠ ਮਹੀਨੇ ਪੁਰਾਣੀ ਫੋਟੋ ਅਤੇ ਇਕ ਹੁਣ ਦੀ ਤਾਜ਼ਾ ਫੋਟੋ ਭੇਜ ਰਹੀ ਹਾਂ। ਤਾਂ ਕਿ ਕੋਈ ਹੋਰ ਨੌਜਵਾਨ ਵੀ ਇਨ੍ਹਾਂ ਤਸਵੀਰਾਂ ਵਿਚਲੇ ਫਰਕ ਵੇਖ ਕੇ ਸਾਬਤ-ਸੂਰਤਿ ਬਣਨ ਦਾ ਮਨ ਬਣਾ ਸਕੇ। ਆਪ ਨੂੰ ਇਕ ਬੇਨਤੀ ਹੋਰ ਕਰਨੀ ਚਾਹਾਂਗੀ ਕਿ ‘ਕੇਸ, ਕਕਾਰ ਅਤੇ ਕੇਸ ਗੜ੍ਹ ਸਾਹਿਬ’ ਵਰਗੇ ਲੇਖ ਕੁਝ ਕੁਝ ਵਕਫੇ ਬਾਅਦ ਲਗਾਤਾਰ ਛਾਪੇ ਜਾਣ…।’’
ਕਿਸੇ ਲੇਖਕ ਦੀ ਕੋਈ ਕਿਰਤ ਪੜ੍ਹ ਕੇ ਇਹੋ ਜਿਹਾ ਪ੍ਰਤੀਕਰਮ ਸਾਹਮਣੇ ਆਵੇ ਤਾਂ ਇਸ ਦੀ ਖੁਸ਼ੀ ਨੂੰ ਕੋਈ ਲਿਖਾਰੀ ਹੀ ਸਮਝ ਸਕਦਾ ਹੈ। ਖਾਸ ਕਰਕੇ ਵਰਤਮਾਨ ਸਮੇਂ, ਜਦੋਂ ਸਭ ਪਾਸੇ ‘ਕੰਨ-ਰਸ’ ਅਤੇ ‘ਅੱਖ-ਰਸ’ ਦਾ ਹੀ ਬੋਲ ਬਾਲਾ ਹੋਵੇ। ਜਿੱਥੇ ਕੋਈ ਨਸੀਹਤ ਜਾਂ ਸਿੱਖਿਆ ਲੈਣ ਦੀ ਬਜਾਏ ਸਿਰਫ ‘ਮਨੋਰੰਜਨ’ ਹੀ ਪ੍ਰਧਾਨ ਹੋਵੇ। ਇੱਥੇ ਨਿਊਯਾਰਕ ਦਾ ਇਕ ਵਾਕਿਆ ਲਿਖਣਾ ਵੀ ਗੈਰ ਪ੍ਰਸੰਗਕ ਨਹੀਂ ਹੋਵੇਗਾ। ਉੱਥੇ ਦੀ ਇਕ ਪ੍ਰਸਿੱਧ ਧਾਰਮਿਕ ਜਥੇਬੰਦੀ ਨੇ ਫੈਸਲਾ ਕੀਤਾ ਕਿ ਉੱਘੇ ਕਥਾ-ਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਭਰੇ ਇਕੱਠ ਵਿਚ ਗਿਆਨੀ ਅਮਰੀਕ ਸਿੰਘ ਜੀ ਨੇ ਇਕ ਬੇ-ਬਾਕ ਟਿੱਪਣੀ ਇੰਜ ਕੀਤੀ-
‘ਭਰਾਵੋ, ਮੈਂ ਇੱਥੇ ਕਈ ਹਫਤੇ ਲਗਾਤਾਰ ਕਥਾ ਕੀਤੀ ਹੈ। ਤੁਸੀਂ ਮੇਰਾ ‘ਸਨਮਾਨ’ ਕਰ ਰਹੇ ਹੋ, ਧੰਨਵਾਦ! ਪ੍ਰੰਤੂ ਕਿੰਨਾ ਚੰਗਾ ਹੁੰਦਾ ਅਗਰ ਕੋਈ ਇਕ ਸ੍ਰੋਤਾ ਵੀ ਮੈਨੂੰ ਬਾਂਹ ਕੱਢ ਕੇ ਕਹਿੰਦਾ ਕਿ ਗਿਆਨੀ ਜੀ ਮੈਂ ਆਪ ਦੀ ਕਥਾ ਸੁਣ ਕੇ ਆਪਣਾ ਫਲਾਣਾ ਔਗੁਣ ਤਿਆਗ ਦਿੱਤਾ ਹੈ…ਜਾਂ ਮੈਂ ਮਨ ਦੀ ਮਤਿ ਛੱਡ ਕੇ ਗੁਰ-ਮਤਿ ਧਾਰਨ ਕਰ ਲਈ ਹੈ! ਐਸਾ ਕੋਈ ਸ੍ਰੋਤਾ, ਜੇ ਮੇਰੇ ਗਲ਼ ਵਿਚ ਜੁੱਤੀਆਂ ਦਾ ਹਾਰ ਵੀ ਪਾ ਦੇਵੇ, ਮੈਂ ਉਸ ਨੂੰ ਹੀਰਿਆਂ ਦੀ ਮਾਲਾ ਸਮਝ ਲਵਾਂਗਾ!’’ ਮੁੱਕਦੀ ਗੱਲ, ਰੋਪੜ ਵਾਲੀ ਬੀਬਾ ਹਰਪਿੰਦਰ ਕੌਰ ‘ਡਿੰਪਲ’ ਦੇ ਘਰ ਵਾਲੇ ਸ੍ਰੀ ਰੋਮੀ ਘੜਾਮੇ ਵਾਲਾ (ਹੁਣ ਸਰਦਾਰ ਗੁਰਬਿੰਦਰ ਸਿੰਘ!) ਦੀ ਕੁਝ ਦਿਨ ਪਹਿਲਾਂ ਆਈ ‘ਈ-ਮੇਲ’ ਚਿੱਠੀ ਪੜ੍ਹ ਕੇ, ਮੈਂ ਹੋਰ ਵੀ ਹੈਰਾਨ ਹੋ ਗਿਆ! ਉਸ ਨੇ ਲਿਖਿਆ ਕਿ ਮੈਂ ਤਰਕਸ਼ੀਲ ਭਰਾਵਾਂ ਦਾ ਸਾਹਿਤ ਪੜ ਪੜ ਕੇ ਨਾਸਤਕ ਬਣ ਚੁੱਕਿਆ ਸਾਂ। ਪਰ ਮੈਨੂੰ ਹੁਣ ਸਮਝ ਲੱਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ, ਸਾਨੂੰ ਤਰਕਸ਼ੀਲ ਦੀ ਥਾਂ ‘ਵਿਵੇਕਸ਼ੀਲ’ ਬਣਾਉਂਦੀ ਹੈ। ਹੁਣ ਮੈਂ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ਼ਾਂ ਤੋਂ ਰਹਿਤ ਹੋ ਕੇ ਗੁਰੂ ਦਾ ਬਿਬੇਕ ਬੁੱਧ ਸਿੱਖ ਬਣ ਕੇ ਬਾਕੀ ਦੀ ਜਿ਼ੰਦਗੀ ਜੀਵਾਂਗਾ। ਹੋਰ ਤਾਂ ਹੋਰ ਉਸ ਨੇ ਮੈਨੂੰ ਵੀ ‘ਅਕਲ’ ਦਿੱਤੀ ਹੈ। ‘‘…ਤੁਸੀਂ ਆਹ ਬਾਦਲਾਂ-ਸ਼ਾਦਲਾਂ ਬਾਰੇ ਬਹੁਤੀ ਕਲਮ ਨਾ ਚਲਾਇਆ ਕਰੋ। ਇਥੋਂ ਕਾਰੂੰ ਬਾਦਸ਼ਾਹ ਵਰਗੇ ਹੋ ਕੇ ਚਲੇ ਗਏ…ਹਜ਼ਾਰਾਂ ਆਏ, ਲੱਖਾਂ ਚਲੇ ਗਏ…ਪਰ ਗੁਰੂ ਦਾ ਫਲਸਫਾ ਅੱਟਲ-ਅਡੋਲ ਹੈ। ਜਿਸ ਤੋਂ ਅੱਜ ਗੁਰੂ ਦੇ ਸਿੱਖ ਹੀ ਮੂੰਹ ਮੋੜ ਰਹੇ ਹਨ।…ਤੁਸੀਂ ਮੇਰੇ ਵਰਗੇ ਸਿੱਖਾਂ ਦੇ ਘਰ ਜਨਮੇ ਹੋਏ, ਪਰ ਔਝੜੇ ਪਿਆਂ ਹੋਇਆਂ ਨੂੰ ਗੁਰੂ ਦਾ ਰਾਹ ਦਿਖਾਇਆ ਕਰੋ!’’ ਮੈਨੂੰ ‘ਬਾਪੂ ਜੀ’ ਕਹਿ ਕੇ ਸੰਬੋਧਨ ਕੀਤੀ ਹੋਈ ਚਿੱਠੀ ਵਿਚ ਉਸ ਨੇ ਹੋਰ ਵੀ ਬਹੁਤ ਸਾਰੀਆਂ ਅਰਥ-ਭਰਪੂਰ ਗੱਲਾਂ ਲਿਖੀਆਂ ਹੋਈਆਂ ਹਨ, ਪਰ ਮੈਂ ਵਿਸਥਾਰ ਦੇ ਡਰੋਂ ਇੱਥੇ ਨਹੀਂ ਲਿਖ ਰਿਹਾ। ਚਿੱਠੀ ਦੀ ਸਮਾਪਤੀ ਉੱਤੇ ਉਸ ਨੇ ਲਿਖਿਆ ਹੈ- ‘ਆਪ ਦਾ ਸੁਧਰਿਆ ਹੋਇਆ ਪੁੱਤਰ ਗੁਰਬਿੰਦਰ ਸਿੰਘ ‘ਰੋਮੀ’ ਰੋਪੜ ਫੋਨ ਨੰ.-94639-31624 ਅਤੇ 94171-21134
ਅੰਤਿਕਾ-ਮੇਰੀਆਂ ਲਿਖਤਾਂ ਪੜ੍ਹ ਕੇ ਕਈ ਪਾਠਕ ਮੈਨੂੰ ਕੱਟੜ ਜਿਹਾ ਸਮਝਣ ਦਾ ਭੁਲੇਖਾ ਖਾ ਲੈਂਦੇ ਨੇ। ਜਦਕਿ ਅਜਿਹਾ ਨਹੀਂ ਹੈ। ਮੇਰੇ ਗੂੜ੍ਹੇ ਮਿੱਤਰਾਂ ਵਿਚ ਕਾਮਰੇਡ, ਹਿੰਦੂ, ਨਾਸਤਕ, ਮੁਸਲਿਮ ਬੋਧੀ ਅਤੇ ਇਸਾਈ ਆਦਿ ਸਭ ਸ਼ਾਮਲ ਹਨ। ਮੈਂ ਕਿਸੇ ‘ਤੇ ਵੀ ਆਪਣੇ ਵਿਚਾਰ ਥੋਪਦਾ ਨਹੀਂ। ਮੈਂ ਆਪਣੇ ਮੂੰਹੋਂ ਕਿਸੇ ਕਲੀਨ ਸ਼ੇਵਨ ਵੀਰ ਨੂੰ ‘ਸਰਦਾਰ’ ਬਣਨ ਲਈ ਵੀ ਨਹੀਂ ਆਖਦਾ। ਨਾ ਹੀ ਮੈਂ ਕੇਸ-ਧਾਰੀਆਂ ਨੂੰ ‘ਬਹੁਤ ਹੀ ਚੰਗੇ’ ਜਾਂ ਗੈਰ ਕੇਸਾਂ ਵਾਲਿਆਂ ਨੂੰ ਕਿਸੇ ਗੱਲੋਂ ਬੁਰੇ ਸਮਝਦਾ ਹਾਂ। ਮੈਨੂੰ ਇਹ ਵੀ ਗਿਆਤ ਹੈ ਕਿ ਸਿਰਫ ਕੇਸ-ਧਾਰੀ ਹੋ ਜਾਣਾ ਹੀ ‘ਸਿੱਖੀ’ ਨਹੀਂ, ਸਿੱਖੀ ਨੂੰ ਅਮਲ ਵਿਚ ਲਿਆਉਣਾ ਅਤਿ ਜ਼ਰੂਰੀ ਹੈ। ਕੌਣ ਚੰਗਾ, ਕੌਣ ਮਾੜਾ? ਇਸ ਦਾ ਫੈਸਲਾ ਤਾਂ ਅਕਾਲ ਪੁਰਖ ਨੇ ਹੀ ਕਰਨਾ ਹੈ।
ਫਿਰ ਵੀ, ਜਦ ਮੈਂ ਨੀਲੇ ਦੇ ਸ਼ਾਹ ਅਸਵਾਰ ਪੰਥ ਦੇ ਬਾਪੂ, ਬਾਜਾਂ ਵਾਲੇ ਮਾਹੀ ਦੀ ਜਿ਼ੰਦਗੀ ਬਾਰੇ ਸੋਚਦਾਂ…ਆਪਣਾ ਸ਼ਾਹੀ ਮਹਲਾਂ ਵਰਗਾ ਘਰ-ਘਾਟ ਛੱਡ ਕੇ, ਹਰ ਤਰ੍ਹਾਂ ਦੇ ਸੁਖ ਆਰਾਮ, ਸ਼ਾਹਾਨਾ ਜਿ਼ੰਦਗੀ ਤਿਆਗ ਕੇ, ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ ਝੱਲਦਾ ਹੋਇਆ, ਉਹ ਬੇ-ਤਾਜ ਹੋ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲ ਗਾਹੁੰਦਾ ਹੋਇਆ, ਆਪਣੇ ਜਿਗਰ ਦੇ ਟੁਕੜਿਆਂ ਨੂੰ ਸ਼ਹਾਦਤਾਂ ਦੇ ਰਾਹ ਪਾ ਕੇ ਆਪਣੀ ਬਿਰਧ ਮਾਤਾ ਨੂੰ ਰੱਬ ਆਸਰੇ ਛੱਡ ਕੇ, ਲੱਖੀ ਜੰਗਲ ਵਿਚ ਜੁੜੇ ਖਾਲਸੇ ਨੂੰ ਆਪਣੇ ‘ਹਜ਼ਾਰਾਂ ਪੁੱਤਰ’ ਕਹਿ ਕੇ ਆਪਣੀਆਂ ਜਵਾਨ ਉਮਰ ਸੁਪਤਨੀਆਂ ਨੂੰ ਰਹਿੰਦੀ ਜਿ਼ੰਦਗੀ ਪੇਕਿਆਂ ਘਰੇ ਬਿਤਾਉਣ ਦਾ ਆਦੇਸ਼ ਦੇ ਕੇ, ਉਹ ਵੈਰਾਗ, ਉਦਾਸ ਤੇ ਹਉਕੇ ਭਰਦੇ ਪੰਜਾਬ ਨੂੰ ਧੀਰਜ ਦਿੰਦਾ ਹੋਇਆ, ਗੁਦਾਵਰੀ ਦੇ ਕੰਢੇ ਬੈਠੇ ਕਿਸੇ ਬਾਬੇ ਨੂੰ ਮਿਲਣ ਲਈ, ਦੂਰ ਦੱਖਣ ਵਲ ਚਲਾ ਗਿਆ…ਆਖਰ ਕਾਹਦੇ ਲਈ ਉਹ ਮਾਹੀ ਨੇ ਐਡੇ ਜਫ਼ਰ ਜਾਲੇ?
…ਸਾਡੇ ਕੋਲੋਂ ਨਨਕਾਣਾ ਸਾਹਿਬ ਖੁੱਸਿਆ, ਅਸੀਂ ਆਪਣੀ ਅਰਦਾਸ ਵਿਚ ਸ਼ਬਦ ਜੋੜ ਲਏ- ‘ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੋ!’…ਪਰ ਹੁਣ ‘ਪੰਥ ਮਹਾਰਾਜ’ ਆਪਣੇ ਨਿਆਰੇ ਪਣ ਦੀ ਨਿਸ਼ਾਨੀ ‘ਕੇਸ ਗੜ੍ਹ ਸਾਹਿਬ’ ਤੋਂ ਆਪ ਹੀ ਮੂੰਹ ਮੋੜੀ ਫਿਰਦਾ ਹੈ!