, ਤਰਲੋਚਨ ਸਿੰਘ ਦੁਪਾਲਪੁਰ —
ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!
“ਕਿੰਨੇ ਭਰਾ ਹੁੰਦੇ ਓ ਬਈ ਤੁਸੀਂ?” ਰਾਹ ਤੁਰੇ ਜਾਂਦੇ ਇਕ ਬੰਦੇ ਨੇ, ਅਚਾਨਕ ਆਣ ਮਿਲੇ ਕਿਸੇ ਨਾਵਾਕਿਫ ਸੱਜਣ ਨੂੰ ਸਵਾਲ ਕੀਤਾ।
“ਚਾਰ ਜੀ” ਅੱਗਿਉਂ ਜਵਾਬ ਮਿਲਿਆ।
“ਜੇ ਭਲਾ ਤੁਸੀਂ ਪੰਜ ਵੀ ਹੁੰਦੇ, ਫੇਰ ਕਿਹੜਾ ਤੁਸੀਂ ਮੇਰੀ ਟੰਗ ਭੰਨ ਲੈਣੀ ਸੀ?”
ਹੋਈ ਨਾ ਉਹੀ ਗੱਲ! ਅਖੇ ਤੂੰ ਕੌਣ? ਮੈਂ ਖਾਹ-ਮ-ਖਾਹ ਜੇ ਆਪਣੇ ਭਰਾਵਾਂ ਦੀ ਗਿਣਤੀ ਦੱਸਣ ਵਾਲਾ ਵਿਅਕਤੀ ਵੀ ‘ਖ਼ਰਦਿਮਾਗ’ ਹੁੰਦਾ ਅਤੇ ਮੋਹਰਿਉਂ ਆਖ ਦਿੰਦਾ-“ਤੂੰ ਮਾਮਾ ਮਰਦਮਸ਼ੁਮਾਰੀ ਕਰਦਾ ਫਿਰਦੈਂ?-ਤੂੰ ਕੀ ਲੈਣਾ-ਦੇਣੈ ਮੇਰੇ ਭਰਾਵਾਂ ਤੋਂ? ਅਸੀਂ ਜਿੰਨੇ ਮਰਜ਼ੀ ਹੋਈਏ!” ਤਾਂ ਵੀ ਦੋਹਾਂ ਦਾ ਖੜਕਾ-ਦੜਕਾ ਪੱਕਾ ਈ ਸੀ। ਜੇ ਦੂਸਰੇ ਨੇ ਸਾਊਪੁਣਾ ਵਰਤਦਿਆਂ, ਆਪਣੇ ਭਰਾਵਾਂ ਦੀ ਗਿਣਤੀ ਸਹੀ ਸਹੀ ਦੱਸ ਦਿੱਤੀ ਤਾਂ ਵੀ ਪੁੱਛਣ ਵਾਲੇ ਨੇ ਬਿਨ-ਮਤਲਬ ‘ਲੱਤ ਭੰਨ ਲੈਣ’ ਦੀ ਬੇਲੋੜੀ ਟਿੱਪਣੀ ਕਰਕੇ, ਲੜਾਈ-ਝਗੜੇ ਲਈ ਮਾਹੌਲ ਤਿਆਰ ਕਰ ਲਿਆ। ਇਕ ਹੀ ਤਲਖ਼-ਕਲਾਮੀ ਨੇ ਦੋ ਅਣਜਾਣ ਵਿਅਕਤੀ, ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ। ਜਿਵੇਂ ਕਹਿੰਦੇ ਨੇ ਕਿ ਹਜ਼ਾਰਾਂ ਮਣ ਲੱਕੜੀ ਦਾ ਢੇਰ, ਇਕ ਚਿੰਗਾਰੀ ਨਾਲ ਹੀ ਸੁਆਹ ਦੀ ਢੇਰੀ ਵਿਚ ਬਦਲਿਆ ਜਾ ਸਕਦਾ ਹੈ।
ਅਕਬਰ-ਬੀਰਬਲ ਦੇ ਦਿਲਚਸਪ ਸਵਾਲ-ਜੁਆਬਾਂ ਨੂੰ ਮਸਾਲੇ ਲਾ ਲਾ ਕੇ ਸੁਣਾਉਣ ਵਾਲਾ ਇਕ ਬਜ਼ੁਰਗ ਦੱਸਿਆ ਕਰਦਾ ਸੀ ਕਿ ਇਕ ਵਾਰੀ ਭਰੀ ਸਭਾ ‘ਚ ਬਾਦਸ਼ਾਹ ਅਕਬਰ ਨੇ ਦਰਬਾਰੀਆਂ ਨੂੰ ਦੋ ਸਵਾਲ ਕੀਤੇ। ਪਹਿਲਾ ਇਹ ਕਿ ਆਦਮੀ ਦੇ ਸਰੀਰ ਵਿਚ ਸਭ ਤੋਂ ਚੰਗਾ ਅੰਗ ਕਿਹੜਾ ਹੈ? ਦੂਸਰਾ ਇਹ ਕਿ ਸਭ ਤੋਂ ਮਾੜਾ ਅੰਗ ਕਿਹੜਾ ਹੈ? ਸਾਰਿਆਂ ਨੇ ਹੀ ਕੁਝ ਸਮਾਂ ਸੋਚਣ ਦੀ ਮੋਹਲਤ ਮੰਗੀ। ਆਪਣੀ ਆਪਣੀ ਸੋਚ ਅਨੁਸਾਰ ਕਿਸੇ ਨੇ ਕੋਈ ਮਾੜੇ-ਚੰਗੇ ਅੰਗ ਗਿਣਾਏ, ਕਿਸੇ ਨੇ ਕੋਈ। ਲੇਕਿਨ ਕਿਸੇ ਵੀ ਅਮੀਰ-ਵਜ਼ੀਰ ਦੇ ਜੁਆਬ ਤੋਂ ਅਕਬਰ ਸੰਤੁਸ਼ਟ ਨਾ ਹੋਇਆ। ਅਖੀਰ ਵਿਚ ਇਹ ਦੋਵੇਂ ਸਵਾਲ ਬੀਰਬਲ ਨੂੰ ਪੁੱਛੇ ਗਏ। ਜੋ ਹੁਣ ਤੱਕ ਚੁੱਪ-ਗੜੁੱਪ ਬੈਠਾ ਸੀ। ਉਹ ਉੱਠ ਕੇ ਕਹਿਣ ਲੱਗਾ- “ਬਾਦਸ਼ਾਹ ਸਲਾਮਤ! ਬੰਦੇ ਦੇ ਸਰੀਰ ਵਿਚ ਕੋਈ ਵੀ ਅਲੱਗ ਅਲੱਗ ਚੰਗੇ ਮਾੜੇ ਅੰਗ ਨਹੀਂ, ਸਗੋਂ ਅਜਿਹਾ ਕੇਵਲ ਇਕ ਹੀ ਅੰਗ ਹੈ, ਜੋ ਪੁੱਜ ਕੇ ਚੰਗਾ ਹੈ ਅਤੇ ਸਿਰੇ ਦਾ ਮਾੜਾ ਵੀ!”
ਸਰੀਰ ਦੇ ਅਲੱਗ-ਅਲੱਗ ਅੰਗਾਂ ਦੇ ਔਗੁਣ ਜਾਂ ਚੰਗਿਆਈਆਂ ਬਿਆਨਣ ਵਾਲੇ ਦਰਬਾਰੀ, ਬੀਰਬਲ ਦੀ ਗੱਲ ਸੁਣ ਕੇ ‘ਸੁੰਨ’ ਹੀ ਹੋ ਗਏ। ਸਾਰਿਆਂ ਨੇ ਇਕ-ਜ਼ੁਬਾਂ ਹੋ ਕੇ ਬਾਦਸ਼ਾਹ ਨੂੰ ਅਰਜ਼ ਕੀਤੀ ਕਿ ਉਹ ਬੀਰਬਲ ਨੂੰ ਆਪਣੇ ਉੱਤਰ ਦੀ ਵਜ਼ਾਹਤ ਕਰਨ ਲਈ ਆਖਣ। ਬਾਦਸ਼ਾਹ ਦਾ ਇਸ਼ਾਰਾ ਮਿਲਦਿਆਂ ਬੀਰਬਲ ਬੋਲਿਆ- “ਹਰੇਕ ਬੰਦੇ ਦੇ ਮੂੰਹ ਵਿਚਲੀ ਜੀਭ ਹੀ ਸਭ ਤੋਂ ਵਧ ਮਾੜੀ ਅਤੇ ਸਭ ਤੋਂ ਵਧ ਚੰਗੀ ਹੁੰਦੀ ਹੈ। ਜਦੋਂ ਇਹ ਜੀਭ ਮਿੱਠੇ ਤੇ ਰਸੀਲੇ ਬਚਨ ਬੋਲਦੀ ਹੈ ਤਾਂ ਬੰਦੇ ਨੂੰ ਮਾਣ-ਸਤਿਕਾਰ ਦਿਵਾਉਂਦੀ ਹੈ। ਉਹੀ ਮਾਣ-ਸਨਮਾਨ ਪ੍ਰਾਪਤ ਕਰਨ ਵਾਲਾ ਆਦਮੀ, ਜਦੋਂ ਉਸੇ ਜੀਭ ਨਾਲ ਕਿਸੇ ਨੂੰ ਗਾਲਾਂ ਕੱਢਦਾ ਹੈ, ਭੈੜਾ ਬੋਲਦਾ ਹੈ, ਤਾਂ ਜੁੱਤੀਆਂ ਖਾਣ ਲਈ ਥਾਂ ਕਰ ਲੈਂਦਾ ਹੈ। ਇਸ ਲਈ ਸਰੀਰ ਦੇ ਕਿਸੇ ਹੋਰ ਅੰਗ ਦੀ ਬਜਾਏ, ਇਹੋ ਜੀਭ ਹੀ ਚੰਗੀ ਤੇ ਮਾੜੀ ਹੁੰਦੀ ਹੈ!”
ਇਸ ਤੱਥ ਵਿਚ ਕਿੰਨਾ ਗਹਿਰਾ ਭੇਦ ਛੁਪਿਆ ਹੋਇਆ ਹੈ। ਕੋਈ ਵਕਤਾ ਬੋਲਦਾ ਹੋਇਆ ਸੈਂਕੜੇ ਹਜ਼ਾਰਾਂ ਸਰੋਤਿਆਂ ਦੇ ਦਿਲਾਂ ਨੂੰ ਸ਼ਾਂਤ ਕਰ ਸਕਦਾ ਹੈ। ਉਸੇ ਜੀਭ ਨਾਲ ਭੜਕੀਲਾ ਲੈਕਚਰ ਕਰਕੇ ਉਹ ਸ਼ਾਂਤ ਮਾਹੌਲ ਨੂੰ ਲਾਂਬੂ ਵੀ ਲਾ ਸਕਦਾ ਹੈ। ਇਸਲਾਮੀ ਦਾਨਿਸ਼ਵਰ ਸ਼ੇਖ ਸ਼ਾਅਦੀ ਨੇ ਇਕ ਬੜੇ ਕਮਾਲ ਦੀ ਪੰਕਤੀ ਲਿਖੀ ਹੈ- ‘ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ।’ ਇਕ ਥਾਂ ਹੋਰ ਸ਼ੇਖ ਸਾਹਿਬ ਨਸੀਹਤ ਫੁਰਮਾਉਂਦੇ ਹਨ- ‘ਤੁਹਾਡੇ ਕੋਲ ਸ਼ਹਿਦ ਹੋਣਾ ਚਾਹੀਦੈ, ਕੀੜੀਆਂ ਆਪੇ ਤੁਰੀਆਂ ਆਉਣਗੀਆਂ!’ ਮਿੱਠਾ ਬੋਲਣ ਦੀ ਉਸਤਤਿ ‘ਚ ਲਿਖਿਆ ਅਹਿ ਕਥਨ ਪੜ੍ਹੋ ਤਾਂ ਜਰਾ; “ਜਿਸ ਨੂੰ ਮਿੱਠਾ ਬੋਲਣਾ ਆ ਗਿਆ, ਉਸ ਨੂੰ ਆਪਣੀ ਉਦਰਪੂਰਤੀ (ਰੋਟੀ ਪਾਣੀ) ਦੀ ਚਿੰਤਾ ਮੁੱਕ ਜਾਂਦੀ ਹੈ। ‘ਰਾਮ ਰਾਮ’ ਬੋਲਣ ਵਾਲਾ ਤੋਤਾ ਵੀ ਚੂਰੀ ਖਾਣ ਦਾ ਹੱਕਦਾਰ ਬਣ ਜਾਂਦਾ ਹੈ।”
ਕੁੜੱਤਣ ਭਰੇ ਬੋਲਾਂ ਨਾਲ ਪਏ ਫਸਾਦਾਂ ਦੀਆਂ ਇਤਿਹਾਸਕ ਮਿਸਾਲਾਂ ਦੇਣ ਦੀ ਬਜਾਏ ਇੱਥੇ ਮੈਂ ਆਪਣੇ ਬਚਪਨ ਵਿਚ ਗ੍ਰਹਿਣ ਕੀਤੀਆਂ ਦੋ ਰੌਚਿਕ ਕਥਾਵਾਂ ਲਿਖਣ ਜਾ ਰਿਹਾ ਹਾਂ। ਪਹਿਲੀ ਉਦੋਂ ਦੀ ਹੈ, ਜਦੋਂ ਅਸੀਂ ਪਿੰਡ ਦੇ ਬਾਹਰਵਾਰ ਖੜ੍ਹੇ ਵੱਡੇ ਬੋਹੜ ਦੀਆਂ ਜੜ੍ਹਾਂ ਨੂੰ ‘ਘੋੜੇ’ ਬਣਾ ਬਣਾ ਖੇਡਦੇ ਹੁੰਦੇ ਸਾਂ।
ਉਥੇ ਰੋਜ਼ਾਨਾ ਹੀ ਦੁਪਹਿਰ ਵੇਲੇ ਖੁੰਢ-ਚਰਚਾ ਚੱਲਦੀ ਹੁੰਦੀ। ਪ੍ਰਮੁੱਖ ਵਕਤਾ ਹੁੰਦਾ ਸੀ ਬਾਬਾ ਪ੍ਰੇਮ ਸਿਉਂ। ਪੇਂਡੂ ਸੱਭਿਆਚਾਰ ਅਤੇ ਆਪਸੀ ਸਾਂਝ ਦੀਆਂ ਬਰਕਤਾਂ ਨੂੰ ਫਨਾਹ ਕਰਨ ਵਾਲੀਆਂ ‘ਟੈਲੀਵੀਜ਼ਨੀ ਤੋਪਾਂ’ ਦੇ ਅੱਗ-ਵਰ੍ਹਾਊ ਫਾਇਰ ਹਾਲੇ ਸ਼ੁਰੂ ਨਹੀਂ ਸਨ ਹੋਏ, ਇਸ ਕਰਕੇ ਸਾਡਾ ਮਨੋਰੰਜਨ ਉਸ ਸੱਥ ਵਿਚ ਸੁਣੀਆਂ ਗੱਲਾਂ ਨਾਲ ਹੁੰਦਾ ਸੀ, ਜਦੋਂ ਕਦੀ ਵਿਆਹੇ-ਵਰੇ ਗਭਰੇਟ ਮਸਤੀ ‘ਚ ਆਏ ਲੂਣ-ਸਲੂਣੀਆਂ ਕਰਨ ਲੱਗਦੇ ਤਾਂ ਅਸੀਂ ‘ਗੰਦੀਆਂ ਗੱਲਾਂ ਕਰਦੇ ਆ’ ਕਹਿੰਦੇ ਹੋਏ ਉਰੇ-ਪਰੇ ਨੂੰ ਦੁੜੰਗੇ ਮਾਰਦੇ ਵਗ ਜਾਂਦੇ। ਇਕ ਵਾਰ ਇਥੇ ਚਲ ਰਹੀ ਕਿਸੇ ਵਾਰਤਾ ਦੇ ਪ੍ਰਥਾਏ, ਬਾਬੇ ਪ੍ਰੇਮੇ ਨੇ ਇਹ ਲੋਕ-ਰੁਚੀ ਸਾਖੀ ਸੁਣਾਈ;
-ਦੋ ਪੇਂਡੂ ਗੱਭਰੂ ਕਿਤੇ ਦੂਰ-ਦੁਰਾਡੇ ਵਾਂਢੇ ਜਾਣ ਲਈ ਪੈਦਲ ਤੁਰੇ ਜਾ ਰਹੇ ਸਨ। ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਤੇ ਉਨ੍ਹਾਂ ਨੂੰ ਭੁੱਖ ਵੀ ਲੱਗ ਗਈ। ਇੰਨੇ ਨੂੰ ਰਾਹ ਵਿਚ ਇਕ ਪਿੰਡ ਆ ਗਿਆ। ਉਨ੍ਹਾਂ ਨੇ ਪਿੰਡ ਵਿਚ ਜਾ ਕੇ ਕਿਸੇ ਘਰੋਂ ਕੁਝ ਖਾ ਲੈਣ ਦੀ ਸੋਚੀ। ਪਿੰਡ ਵੜਦਿਆਂ ਸਾਰ ਉਨ੍ਹਾਂ ਦੀ ਨਜ਼ਰ ਇਕ ਐਸੇ ਘਰ ਵਲ ਪਈ, ਜਿੱਥੇ ਕੋਈ ਬਜ਼ੁਰਗ ਮਾਤਾ ਚੁੱਲੇ-ਚੌਂਕੇ ਵਿਚ ਰੁੱਝੀ ਹੋਈ ਸੀ। ਦਰਵਾਜ਼ਾ ਲੰਘ ਕੇ ਦੋਹਾਂ ਨੇ ਮਾਈ ਦੇ ਗੋਡੀਂ ਹੱਥ ਲਾਇਆ ਅਤੇ ਕੁਝ ਖਾਣ ਪੀਣ ਲਈ ਮੰਗਿਆ। ਆਦਰ-ਭਾਅ ਨਾਲ ਦੋਹਾਂ ਜਣਿਆਂ ਨੂੰ ਮੰਜੀ ‘ਤੇ ਬਹਾਉਂਦਿਆਂ ਮਾਤਾ ਕਹਿਣ ਲੱਗੀ ਕਿ ਪੁੱਤਰੋ ਮੈਂ ਹੁਣੇ ਹੀ ਖਿਚੜੀ ਚੁੱਲ੍ਹੇ ‘ਤੇ ਧਰੀ ਹੈ। ਬੁਰਕੀ ਬੁਰਕੀ ਤੁਸੀਂ ਵੀ ਖਾ ਲਿਉ। ਦੋਵੇਂ ਗੱਭਰੂ ਬੀਬੇ ਰਾਣੇ ਬਣ ਕੇ ਮੰਜੀ ਉੱਪਰ ਸਜ ਗਏ।
ਤਿਆਰ ਹੋਈ ਖਿਚੜੀ ਥਾਲੀਆਂ ਵਿਚ ਪਾ ਕੇ ਮਾਤਾ ਨੇ ਦੋਹਾਂ ਮੂਹਰੇ ਪਰੋਸ ਦਿੱਤੀ। ਖਿਚੜੀ ਖਾਣੀ ਸ਼ੁਰੂ ਕਰਨ ਦੀ ਥਾਂ, ਦੋਵੇਂ ਜਣੇ ਮਾਤਾ ਦੇ ਵਿਹੜੇ ‘ਚ ਬੱਝੀ ਸੱਜਰ ਸੂਈ-ਮੱਝ ਵਲ ਦੇਖ ਕੇ ਕਹਿੰਦੇ-“ਮਾਂ ਅਹਿ ਮੱਝ ਬੜੀ ਭਾਰੀ ਐ!”
“ਆਹੋ ਪੁੱਤਰੋ, ਮੈਂ ਰੀਝਾਂ ਨਾਲ ਪਾਲੀ ਹੋਈ ਹੈ…ਵੰਡ ਵੜੇਵੇਂ ਮੈਂ ਕਦੇ ਮੁੱਕਣ ਨਹੀਂ ਦਿੱਤੇ!” ਮਾਤਾ ਨੇ ਆਪਣੀ ਮਹਿੰ ਦੀ ਸਿਫਤ ਸੁਣ ਕੇ ਜਵਾਬ ਦਿੱਤਾ।
“ਪਰ ਮਾਤਾ ਤੂੰ ਇਕ ਗਲਤੀ ਕਰ ਗਈ!”
“ਕਿਹੜੀ ਪੁੱਤ?” ਹੈਰਾਨ ਹੁੰਦੀ ਹੋਈ ਮਾਈ ਬੋਲੀ।
“ਆਪਣਾ ਦਰਵਾਜ਼ਾ ਬੜਾ ਤੰਗ ਰੱਖਿਐ!”
“ਮੈਂ ਸਮਝੀ ਨ੍ਹੀਂ ਪੁੱਤ…!” ਦੋਹਾਂ ਦੇ ਮੂੰਹਾਂ ਵਲ ਗਹੁ ਨਾਲ ਤੱਕਦਿਆਂ ਮਾਈ ਨੇ ਪੁੱਛਿਆ।
“ਆਹੀ, ਕਿ ਜੇ ਤੇਰੀ ਮੱਝ ਮਰ ਜਾਏ ਤਾਂ ਇਨੇ ਭੀੜੇ ਦਰਵਾਜ਼ੇ ਵਿਚੋਂ ਬਾਹਰ ਕਿਵੇਂ ਕੱਢੀ ਜਾ ਸਕੇਗੀ?” ਏਨੀ ਸੁਣਦਿਆਂ ਮਾਈ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਦੋਹਾਂ ਦੇ ਮੌਰਾਂ ਵਿਚ ਇਕ ਸੋਟਾ ਜੜਿਆ। ਬਜ਼ੁਰਗ ਮਾਈ ਕੋਲੋਂ ਛਿੱਤਰ-ਪ੍ਰੇਡ ਕਰਵਾ ਕੇ ਜਦੋਂ ਉਹ ਦਰਵਾਜ਼ਾ ਟੱਪਣ ਲੱਗੇ ਤਾਂ ਮਾਤਾ ਨੇ ਖਿਝ ਕੇ, ਥਾਲੀਆਂ ਵਿਚ ਪਾਈ ਹੋਈ ਖਿਚੜੀ ਦੋਹਾਂ ਦੀਆਂ ਪਿੱਠਾਂ ‘ਤੇ ਵਗਾਹ ਮਾਰੀ। ਦੋਵੇਂ ਮੁੰਡੇ ਨਿੰਮੋਝੂਣੇ ਜਿਹੇ ਹੋ ਕੇ ਗਲੀ ਗਲੀ ਤੁਰੇ ਜਾ ਰਹੇ ਸਨ। ਇਨ੍ਹਾਂ ਦੇ ਕੱਪੜਿਆਂ ‘ਚੋਂ ਚੌਲਾਂ ਦੀ ਪਿੱਛ ਚੋਂਦੀ ਦੇਖ ਕੇ ਕਿਸੇ ਪੇਂਡੂ ਨੇ ਪੁੱਛਿਆ ਕਿ ਜਵਾਨੋ ਤੁਹਾਡੇ ਕੁੜਤਿਆਂ ‘ਚੋਂ ਕੀ ਚੋਅ ਰਿਹਾ ਹੈ?
“ਸਾਡੀ ਜ਼ੁਬਾਨ ਦਾ ਰਸ!” ਬੇਸੁਰਾ ਜਿਹਾ ਮੂੰਹ ਬਣਾ ਕੇ ਮੁੰਡਿਆਂ ਨੇ ਜਵਾਬ ਦਿੱਤਾ।
ਦੂਸਰੀ ‘ਬਾਤ’ ਉਦੋਂ ਦੀ ਹੈ, ਜਦੋਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸਾਂ। ਸਾਡੇ ਇਲਾਕੇ ਦੇ ਪੜ੍ਹੇ ਲਿਖੇ ਪਿੰਡ ਵਜੋਂ ਜਾਣੇ ਜਾਂਦੇ ਦੌਲਤਪੁਰ ਤੋਂ ਦੋ ਅਧਿਆਪਕ ਸਾਡੇ ਪਿੰਡ ਦੇ ਮਿਡਲ ਸਕੂਲ ਆ ਲੱਗੇ। ਸ। ਗੁਰਮੇਲ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ ਅਤੇ ਸ। ਤਰਸੇਮ ਸਿੰਘ ਪੰਜਾਬੀ। ਪਹਿਲੇ ਤਾਂ ਸਨ ਚੁੱਪ-ਚੁੱਪ ਤਬੀਅਤ ਵਾਲੇ, ਪਰ ਸ। ਤਰਸੇਮ ਸਿੰਘ ਬੜੇ ਹੀ ਹਸਮੁੱਖ ਅਤੇ ਲਤੀਫੇਬਾਜ਼ ਸੁਭਾਅ ਦੇ ਮਾਲਕ ਸਨ। ਸਕੂਲੀ ਪਾਠ-ਪੁਸਤਕਾਂ ਤੋਂ ਇਲਾਵਾ ਉਹ ਸਾਨੂੰ ਲੋਕ-ਸਾਹਿਤ ਦੀਆਂ ਸਿੱਖਿਆਦਾਇਕ ਕਹਾਣੀਆਂ ਤੇ ਟੋਟਕੇ ਵੀ ਬਹੁਤ ਸੁਣਾਇਆ ਕਰਦੇ ਸਨ। ਉਨ੍ਹਾਂ ਦੇ ਸਾਈਕਲ ਦੀ ਟੋਕਰੀ ਵਿਚ ਪਈ ‘ਨਵਾਂ ਜ਼ਮਾਨਾ’ ਅਖ਼ਬਾਰ ਮੈਂ ਅੱਧੀ ਛੁਟੀ ਵੇਲੇ ਪੜ੍ਹਦਾ ਹੁੰਦਾ ਸਾਂ। ਜਮਾਤ ਦਾ ਮਨੀਟਰ ਹੋਣ ਕਰਕੇ ਇਕ ਵੇਰ ਉਨ੍ਹਾਂ ਨੇ ਚੈੱਕ ਕੀਤੇ ਹੋਏ ਪੇਪਰ ਮੈਨੂੰ ਵੰਡਣ ਲਈ ਦਿੱਤੇ। ਆਪ ਉਹ ਕੁਰਸੀ ‘ਤੇ ਡੰਡਾ ਲੈ ਕੇ ਬਹਿ ਗਏ ਤਾਂ ਕਿ ਪੇਪਰਾਂ ‘ਚੋਂ ਘੱਟ ਨੰਬਰ ਲੈਣ ਵਾਲੇ ਮੁੰਡਿਆਂ ਦਾ ‘ਵਜੰਤਰ’ ਕਰ ਸਕਣ। ਪੇਪਰਾਂ ਦਾ ਬੰਡਲ ਹੱਥ ‘ਚ ਲੈ ਕੇ ਮੈਂ ਖੜ੍ਹਾ ਖੜ੍ਹਾ ਬੋਲੀ ਜਾ ਰਿਹਾ ਸਾਂ-ਫਲਾਣਾ ਸਿੰਘ ਰੋਲ ਨੰ। ਐਨਾ, ਨੰਬਰ ਐਨੇ।
ਜਦ ਕਿਸੇ ਮੁੰਡੇ-ਕੁੜੀ ਦੇ ਪੇਪਰ ‘ਤੇ ਜ਼ੀਰੋ ਬਟਾ ਸੌ ਲਿਖਿਆ ਹੁੰਦਾ ਤਾਂ ਮੈਂ ਹੁਸਿ਼ਆਰ ਹੋਣ ਦੇ ਹੰਕਾਰ ‘ਚ ਫੁੱਲ ਕੇ ਇੰਜ ਬੋਲਦਾ… “ਰੂਪ ਲਾਲ, ਗੋਲ ਅੰਡਾ…ਸੁਰਜੀਤ ਸਿੰਘ, ਮੁਰਗੇ ਦਾ ਅੰਡਾ!” ਤਿੰਨ ਚਾਰ ਵਾਰੀ ਚਾਮ੍ਹਲ ਚਾਮ੍ਹਲ ਕੇ ਮੈਨੂੰ ਇੰਜ ਕਹਿੰਦਿਆਂ ਦੇਖ ਕੇ, ਮਾਸਟਰ ਜੀ ਨੇ ਇਕ ਦਮ ਮੈਨੂੰ ਟੋਕਿਆ; “ਬੱਚੂ, ਮਨੀਟਰਪੁਣੇ ਦੀ ਆਕੜ ਵਿਚ ਤੂੰ ਜਿਹੜਾ ‘ਗੋਲ ਅੰਡਾ-ਗੋਲ ਅੰਡਾ’ ਕਹੀ ਜਾਨੈ, ਇਨ੍ਹਾਂ ਨੂੰ ਸਾਰੀ ਉਮਰ ਇਹਦਾ ਚੇਤਾ ਰਹਿਣੈ!” ਮੇਰੀ ਮਾੜਚੂ ਜਿਹੀ ਸਿਹਤ ਵਲ ਇਸ਼ਾਰਾ ਕਰਕੇ ਕਹਿਣ ਲੱਗੇ- “ਛੁੱਟੀ ਵੇਲੇ ਘਰ ਨੂੰ ਜਾਂਦਿਆਂ, ਇਹ ਕਿਤੇ ਤੇਰਾ ਈ ‘ਗੋਲ ਅੰਡਾ’ ਨਾ ਬਣਾ ਦੇਣ!” ਥਰਮਾਮੀਟਰ ਦੇ ਪਾਰੇ ਵਾਂਗ ਮੇਰੀ ਹਉਮੈ ਥੱਲੇ ਨੂੰ ਆ ਗਈ। ਪੇਪਰ-ਵੰਡ ਸਿਲਸਿਲਾ ਕੁਝ ਚਿਰ ਲਈ ਰੋਕਦਿਆਂ ਉਨ੍ਹਾਂ ਮੈਨੂੰ ਮੁਖਾਤਿਬ ਕਰਕੇ, ਸਾਰੀ ਜਮਾਤ ਨੂੰ ‘ਮੂੰਹ ਸੰਭਾਲ ਕੇ ਬੋਲਣ’ ਦੀ ਤਾਕੀਦ ਕਰਦੀ ਨੀਤੀ ਕਥਾ ਸੁਣਾਈ।
ਇਕ ਲੱਕੜ ਹਾਰੇ ਦਾ ਜੰਗਲੀ ਜਾਨਵਰਾਂ ਨਾਲ ਗੂੜ੍ਹ ਪਿਆਰ ਪੈ ਗਿਆ। ਉਹ ਕਦੇ ਆਪਣੇ ਨਾਲ ਬਾਂਦਰ ਨੂੰ ਘਰੇ ਲੈ ਆਉਂਦਾ ਕਦੀ ਹਿਰਨ ਨੂੰ। ਇਨ੍ਹਾਂ ਦੀ ਚੰਗੀ ਟਹਿਲ ਪਾਣੀ ਕਰਦਾ। ਇਕ ਦਿਨ ਉਹ ਸ਼ੇਰ ਨੂੰ ਆਪਣੇ ਨਾਲ ਲੈ ਆਇਆ। ਸ਼ੇਰ ਨੂੰ ਬੈਠਕ ਵਿਚ ਬਹਾ ਕੇ, ਲੱਕੜਹਾਰਾ ਰਸੋਈ ਵਿਚ ਚਲਾ ਗਿਆ। ਜਦ ਉਸਦੀ ਪਤਨੀ ਨੂੰ ਪਤਾ ਲਗਾ ਕਿ ਅੱਜ ਉਹਦਾ ਪਤੀ ਸ਼ੇਰ ਘਰੇ ਲੈ ਆਇਆ ਹੈ, ਉਹ ਇਕ ਦਮ ਡਰ ਗਈ ਤੇ ਘਰਵਾਲੇ ਨੂੰ ਕਹਿੰਦੀ, “ਇਹ ਸ਼ੇਰ ਤਾਂ ਬੜਾ ਖੂਨੀ ਜਾਨਵਰ ਹੁੰਦਾ ਹੈ। ਭੁੱਖ ਲੱਗਣ ‘ਤੇ ਜਿਹੜਾ ਮੂਹਰੇ ਆਵੇ, ਉਸ ਨੂੰ ਪਾੜ ਸੁੱਟਦੈ। ਇਹ ਨਹੀਂ ਕਿਸੇ ਦਾ ਵੀ ਮਿੱਤ ਹੁੰਦਾ…ਇਹਨੂੰ ਹੁਣੇ ਘਰੋਂ ਦਫਾ ਕਰ…ਮੈਂ ਨਹੀਂ ਇਹਦੇ ਲਈ ਕੁਝ ਵੀ ਬਣਾਉਣਾ!”
ਲੱਕੜਹਾਰਾ ਪਤਨੀ ਦੇ ਹਾੜ੍ਹੇ ਕੱਢਣ ਲੱਗਾ ਕਿ ਇਹ ਸ਼ੇਰ ਮੇਰਾ ਪੱਕਾ ਮਿੱਤਰ ਹੈ। ਇਸ ਨੂੰ ਬੁਰਾ-ਭਲਾ ਨਾ ਆਖ। ਪਤੀ ਪਤਨੀ ਦਾ ਇਹ ਵਾਰਤਾਲਾਪ ਸ਼ੇਰ ਦੇ ਕੰਨੀਂ ਵੀ ਪੈ ਗਿਆ। ਰਸੋਈ ਵਿਚੋਂ ਬਾਹਰ ਆਏ ਲੱਕੜਹਾਰੇ ਨੂੰ ਸ਼ੇਰ ਆਖਣ ਲੱਗਾ ਕਿ ਭਰਾਵਾ, ਮੈਂ ਕੁਝ ਨਹੀਂ ਖਾਣਾ ਪੀਣਾ। ਬੱਸ ਮੇਰੀ ਇਕ ਮੰਗ ਪੂਰੀ ਕਰਦੇ। ਉਹ ਇਹ ਕਿ ਆਪਣੇ ਕੁਹਾੜੇ ਨਾਲ ਮੇਰੇ ਸਿਰ ਵਿਚ ਇਕ ਟੱਕ ਮਾਰ ਦੇ? ਵਿਚਾਰਾ ਲੱਕੜਹਾਰਾ ਆਪਣੇ ਦੋਸਤ ਦੀ ਇਹ ਅਜੀਬ ਮੰਗ ਸੁਣ ਕੇ ਪ੍ਰੇਸ਼ਾਨ ਹੋ ਉੱਠਿਆ। ਉਸਨੂੰ ਸ਼ਸ਼ੋਪੰਜ ‘ਚ ਪਿਆ ਦੇਖ ਕੇ ਸ਼ੇਰ ਗੁਰਰਾਇਆ- “ਛੇਤੀ ਟੱਕ ਲਾ ਦੇ ਨਹੀਂ ਤਾਂ ਸਾਰੇ ਟੱਬਰ ਨੂੰ ਮਾਰ ਦੇਊਂ!” ਡਰਦੇ ਮਾਰੇ ਲੱਕੜ ਹਾਰੇ ਨੇ ਸ਼ੇਰ ਦੇ ਸਿਰ ਦੇ ਗੱਭੇ ਕੁਹਾੜੇ ਦਾ ਟੱਕ ਮਾਰ ‘ਤਾ। ਜ਼ਖਮੀ ਹੋਇਆ ਸ਼ੇਰ, ਚੁੱਪ ਚਾਪ ਜੰਗਲ ਵਲ ਚਲਾ ਗਿਆ।
ਸ਼ੇਰ ਦੇ ਇਸ ਅਜੀਬੋ-ਗਰੀਬ ਵਰਤਾਰੇ ਦਾ ਭੇਤ ਉਸ ਦਿਨ ਖੁੱਲ੍ਹਿਆ। ਜਦੋਂ ਮਹੀਨੇ ਕੁ ਬਾਅਦ ਉਹੀ ਸ਼ੇਰ ਲੱਕੜਹਾਰੇ ਦੇ ਘਰੇ ਆ ਕੇ ਉਸ ਨੂੰ ਆਪਣਾ ਸਹੀ ਸਲਾਮਤ ਹੋਇਆ ਜ਼ਖਮ ਦਿਖਾਉਂਦਿਆਂ ਕਹਿੰਦਾ; “ਲੱਕੜਹਾਰੇ ਭਰਾਵਾ, ਤੇਰੇ ਕੁਹਾੜੇ ਦਾ ਘਾਉ ਤਾਂ ਮੇਰੇ ਸਿਰ ਤੋਂ ਮਿਟ ਗਿਆ ਹੈ, ਪਰ ਤੇਰੀ ਵਹੁਟੀ ਦੇ ਮਾਰੇ ਹੋਏ ਮਿਹਣਿਆਂ ਦੇ ਜ਼ਖਮ, ਮੇਰੇ ਦਿਲ ਤੋਂ ਕਦੇ ਵੀ ਨਹੀਂ ਮਿਟਣੇ!”
ਇਸ ਤੋਂ ਮਗਰੋਂ ਮਾਸਟਰ ਜੀ ਨੇ ਵਾਰਿਸ ਸ਼ਾਹ ਦਾ ਇਕ ਬੈਂਤ ਬੋਲਿਆ ਸੀ, ਜਿਸ ਦਾ ਭਾਵ-ਅਰਥ ਕੁਝ ਐਸਾ ਸੀ; ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!