ਤਰਲੋਚਨ ਸਿੰਘ ਦੁਪਾਲਪੁਰ —
ਤੀਸਰੇ ਤਲਾਬ ਵਿਚ ਤਾਰੀਆਂ!
ਕੈਲੀਫੋਰਨੀਆ ਦੇ ਕਰਮਨ ਸ਼ਹਿਰ ਵਿਚ ਖੁੱਲ੍ਹੀ ਡੁੱਲ੍ਹੀ ਲਾਇਬਰੇਰੀ ਬਣਾਈ ਬੈਠੇ, ਸਾਹਿਤਕਾਰਾਂ ਦੇ ਕਦਰਦਾਨ ਸ. ਜਗਜੀਤ ਸਿੰਘ ਥਿੰਦ ਨੇ ਮੈਨੂੰ ਇਕ ਖੂਬਸੂਰਤ ਕਿਤਾਬ ਦਾ ਤੋਹਫਾ ਭੇਜਿਆ। ਤਮਾਮ ਪੰਜਾਬੀ ਗ਼ਜ਼ਲਗੋਆਂ ਦੇ ਚੋਣਵੇਂ ਸਿੱਕੇਬੰਦ ਸਿ਼ਅਰਾਂ ਨਾਲ ਸਿ਼ੰਗਾਰੀ ਹੋਈ ਇਸ ਪੁਸਤਕ ਨੂੰ ਜੇ ‘ਸਿ਼ਅਰਾਂ ਦੀ ਬਰਸਾਤ’ ਕਹਿ ਲਿਆ ਜਾਵੇ ਤਾਂ ਗਲਤ ਗੱਲ ਨਹੀਂ ਹੋਵੇਗੀ। ਇਸ ਪਿਆਰੀ ਕਿਤਾਬ ਦੀ ਸੰਪਾਦਨਾ ਕੀਤੀ ਹੋਈ ਹੈ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਉਲਫ਼ਤ ਬਾਜਵਾ ਨੇ। ਇਹ ਨਾਯਾਬ ‘ਗਿਫਟ’ ਭੇਜਣ ਲਈ ਸ. ਥਿੰਦ ਨੂੰ ਸ਼ੁਕਰਾਨੇ ਵਜੋਂ ਖ਼ਤ ਲਿਖਿਆ। ਕਿਤਾਬ ਵਿਚ ਮਿਸ਼ਰੀ ਦੀਆਂ ਡਲੀਆਂ ਵਾਂਗ ਜੜੇ ਹੋਏ ਸਿ਼ਅਰ ਪੜ੍ਹਦਿਆਂ ਕੋਈ ਐਸੀਆਂ ਸਤਰਾਂ ਨਜ਼ਰੀਂ ਪਈਆਂ ਕਿ ਦਿਲ ‘ਚ ਵਲਵਲਿਆਂ ਦਾ ਉਛਾਲਾ ਆ ਗਿਆ। ਉਸੇ ਪਲ ਸ੍ਰੀ ਗੁਰਦਿਆਲ ਰੌਸ਼ਨ ਦਾ ਲੁਧਿਆਣੇ ਵਾਲਾ ਫੋਨ ਘੁਮਾਇਆ। ਰਸਮੀ ਦੁਆ-ਸਲਾਮ ਤੋਂ ਬਾਅਦ ਖੂਬ ਗੱਲਾਂ-ਬਾਤਾਂ ਹੋਈਆਂ। ਪੁਰਾਤਨ ਤੇ ਮਾਡਰਨ ਗਜ਼ਲ ਤੋਂ ਲੈ ਕੇ ਪੰਜਾਬੀ ਸਾਹਿਤ ਦੇ ਹੋਰ ਕਈ ਪਹਿਲੂਆਂ ‘ਤੇ ਦਿਲਚਸਪ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਹੋਇਆ।
ਗੱਲਾਂ-ਗੱਲਾਂ ਵਿਚ ਉਨ੍ਹਾਂ ਮੈਨੂੰ ਪੁੱਛਿਆ ਕਿ ਅਮਰੀਕਾ ਜਿਹੇ ਦੇਸ਼ ਵਿਚ ਰੋਟੀ-ਪਾਣੀ ਦੇ ਜੁਗਾੜ ਲਈ ‘ਕਾਰਜ’ ਤਾਂ ਕੋਈ ਨਾ ਕੋਈ ਹਰੇਕ ਨੂੰ ਕਰਨਾ ਹੀ ਪੈਂਦਾ ਹੈ, ਇਹਦੇ ਬਾਰੇ ਤਾਂ ਮੈਂ ਨਾ ਹੀ ਪੁੱਛਾਂ, ਪਰ ਤੁਸੀਂ ਇਸ ਤੋਂ ਇਲਾਵਾ ‘ਸਾਹਿਤਕ ਕਾਰਜ’ ਵੀ ਜ਼ਰੂਰ ਕਰਦੇ ਹੋਵੋਗੇ? ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦੇਣ ਲੱਗਿਆਂ ਮੈਨੂੰ ਅਖਾਣ ਯਾਦ ਆ ਗਿਆ ‘ਕਿਆ ਨੰਗੀ ਨੇ ਨ੍ਹੌਣਾਂ, ਤੇ ਕੀ ਨਿਚੋੜਨਾ?’-ਜਕਦਿਆਂ ਜਕਦਿਆਂ ਆਖਿਆ ਕਿ ਚੌਂਹ ਕੁ ਸਾਲਾਂ ਤੋਂ ਹਫ਼ਤਾਵਾਰੀ ਅਖ਼ਬਾਰੀ ‘ਕਾਲਮ’ ਲਿਖ ਰਿਹਾ ਹਾਂ। ਬਹੁਤ ਖੂਬ, ਬਹੁਤ ਖੂਬ ਕਹਿ ਕੇ ਉਨ੍ਹਾਂ ਮੈਨੂੰ ਭਰਪੂਰ ਦਾਦ ਦਿੰਦਿਆਂ ਹੋਇਆਂ ਸਥਾਈ ਹਫਤਾਵਾਰੀ ਕਾਲਮ ਲਿਖਣ ਨੂੰ ਬੜਾ ‘ਔਖਾ ਕੰਮ’ ਬਖਾਨਿਆ।
‘‘ਹਫਤਾ ਤਾਂ ਯਾਰ, ਝੱਟ ਖ਼ਤਮ ਹੋ ਜਾਂਦੈ! ਹਰ ਅੱਠੀਂ ਦਿਨੀਂ ਨਵੇਂ ਤੋਂ ਨਵੇਂ ਵਿਸ਼ੇ ਕਿੱਥੋਂ ਕੱਢ ਕੱਢ ਲਿਆਈ ਜਾਏ ਬੰਦਾ?…ਮੈਂ ਵੀ ‘ਅਜੀਤ’ ਲਈ ਸਥਾਈ ਫੀਚਰ ਲਿਖਦਾ ਰਿਹੈਂ…ਕਈ ਦਫ਼ਾ ਕੋਈ ਨਵਾਂ ਟਾਪਿਕ ਸੁੱਝਦਾ ਈ ਨਹੀਂ ਹੁੰਦਾ!…ਕਦੇ ਕਦੇ ਊਂਈ ਘੇਸਲ ਵੱਟੀ ਜਾਂਦੀ ਐ, ਦਿਲ ਈ ਨਹੀਂ ਕਰਦਾ ਹੁੰਦਾ ਲਿਖਣ ਨੂੰ!!’’
ਰੌਸ਼ਨ ਜੀ ਦੀਆਂ ਇਹ ਗੱਲਾਂ ਸੁਣ ਕੇ ਉਤੋਂ ਉਤੋਂ ਤਾਂ ਮੈਂ ਉਲਫ਼ਤ ਬਾਜਵਾ ਬਾਰੇ ਉਨ੍ਹਾਂ ਨੂੰ ਪੁੱਛਣ ਲੱਗ ਪਿਆ, ਲੇਕਿਨ ਮੇਰੇ ਸਿਰ ‘ਚ ਖੁਰਕ ਹੋਈ ਕਿ ਮਨਾ! ਇਸ ਹਫਤੇ ਲਈ ਕਾਲਮ ਲਿਖਣ ਦਾ ਤਾਂ ਇੱਕੋ ਦਿਨ ਰਹਿ ਗਿਆ। ਆਮ ਦੀ ਤਰ੍ਹਾਂ ਅੱਧ-ਪਚੱਧਾ ਆਰਟੀਕਲ ਤਾਂ ਮੈਂ ਸਮਾਂ ਰਹਿੰਦਿਆਂ ਹੀ ਲਿਖ ਲਿਆ ਕਰਦਾ ਹਾਂ। ਐਤਕੀਂ ਕਿਸ ਵਿਸ਼ੇ ‘ਤੇ ਲਿਖਾਂ? ਸੁਰਤੀ ਦੇ ਘੋੜੇ ਇਧਰ ਉਧਰ ਦੌੜਨ ਲੱਗ ਪਏ। ਹੁਣੇ ਹੁਣੇ ਰੌਸ਼ਨ ਵਲੋਂ ਆਖੇ ਗਏ ਫਿਕਰੇ ‘ਬੜਾ ਔਖਾ ਕੰਮ ਹੈ ਹਫਤਾਵਾਰੀ ਕਾਲਮ ਲਿਖਣਾ…ਨਵੇਂ ਵਿਸ਼ੇ ਕਿੱਥੋਂ ਕੱਢ ਕੱਢ ਲਿਆਵੇ ਬੰਦਾ?’ ਮੇਰੀ ਸੋਚਣੀ ਨੂੰ ਜਿੰਦਰੇ ਵੱਜ ਗਏ! ਇਸੇ ਉਧੇੜ-ਬੁਣ ਵਿਚ ਉਲਝਦਿਆਂ ਮੈਨੂੰ ਇਕ ਕਾਲਮ-ਨਵੀਸ ਦਾ ‘ਫਾਰਮੂਲਾ’ ਯਾਦ ਆਇਆ। ਉਹ ਆਖਦਾ ਹੁੰਦਾ ਸੀ ਕਿ ਜਦੋਂ ਸਿਮਰਤੀ ਵਿਚ ਕੋਈ ਫੁਰਨੇ ਹੀ ਨਾ ਉਠਣ, ਕਾਗਜ਼ ‘ਤੇ ਕੋਈ ਹਰਫ਼ ਪਾਉਣ ਨੂੰ ਵੱਢੀ ਰੂਹ ਨਾ ਕਰੇ ਤਾਂ ਐਸੀ ਹਾਲਤ ਵਿਚ ਲੇਖਕ ਨੂੰ ਤੀਸਰੇ ਤਲਾਬ ਵਿਚ ਇਸ਼ਨਾਨ ਕਰ ਲੈਣਾ ਚਾਹੀਦਾ ਹੈ।
‘‘ਹਾਂ, ਉਲਫ਼ਤ ਬਾਜਵਾ ਹੁਣੀਂ ਬਹਿਰਾਮ ਲਾਗੇ ਇੱਕ ਪਿੰਡ ਵਿਚ ਕੁੜੀਆਂ ਦੇ ਕਾਲਜ ‘ਚ ਪੜ੍ਹਾਉਂਦੇ ਰਹੇ ਐ…ਉਥੇ ਰਹਿੰਦਿਆਂ ਉਨ੍ਹਾਂ ਨੇ ਬਾ-ਕਮਾਲ ਗ਼ਜ਼ਲਾਂ ਕਹੀਆਂ…।’’ ਗੁਰਦਿਆਲ ਰੌਸ਼ਨ ਦੀਆਂ ਗੱਲਾਂ ਸੁਣਦਿਆਂ ਮੈਂ ਮੂੰਹੋਂ ਤਾਂ ‘ਅੱਛਾ ਜੀ-ਆਹੋ ਜੀ’ ਕਹੀ ਜਾ ਰਿਹਾ ਸਾਂ। ਪਰ ਅੰਦਰੋ ਅੰਦਰ ਮੈਂ ‘ਤੀਸਰੇ ਤਲਾਬ’ ਨੂੰ ਢੂੰਡ ਰਿਹਾ ਸਾਂ। ਬਾਜਵਾ ਸਾਹਿਬ ਵਲੋਂ ਬਹਿਰਾਮ ਨੇੜੇ ਦੇ ਪਿੰਡ ਵਿਚ ਪੜ੍ਹਾਉਣ ਵਾਲੀ ਜਾਣਕਾਰੀ ਵਿਚੋਂ ਮੈਨੂੰ ਮਨ-ਇੱਛਤ ‘ਤੀਸਰਾ ਤਲਾਬ’ ਲੱਭ ਪਿਆ-ਬਹਿਰਾਮ!
ਮੇਰੇ ਪਿੰਡੋਂ ਵੀਹ-ਬਾਈ ਮੀਲਾਂ ਦੀ ਵਿੱਥ ਉਪਰ ਨਵਾਂ ਸ਼ਹਿਰ-ਫਗਵਾੜਾ ਮਾਰਗ ‘ਤੇ ਸਥਿੱਤ ਇੱਕ ਪ੍ਰਸਿੱਧ ਕਸਬਾ। ਬਹਿਰਾਮ ਦੇ ਕਿਸੇ ਵੀ ਚੁਬਾਰੇ ਉਪਰ ਚੜ੍ਹ ਕੇ ਜੇ ਪਹਾੜ ਦੀ ਗੁੱਠ ਵਲ ਨਜ਼ਰ ਘੁਮਾਈ ਜਾਵੇ ਤਾਂ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਇਤਿਹਾਸ ਨਾਲ ਸਬੰਧਿਤ ਗੁਰਦੁਆਰਾ ਡੰਡਾ ਸਾਹਿਬ ਦਾ ਕੇਸਰੀ ਫਰੇਰਾ ਝੂਲ ਰਿਹਾ ਦਿਖਾਈ ਦਿੰਦਾ ਹੈ। ਪੰਜਾਬੀ ਅਖਬਾਰਾਂ ਅਤੇ ਰਚੇ ਜਾ ਰਹੇ ਪੰਜਾਬੀ ਸਾਹਿਤ ਦੀਆਂ ਦੋ ਚਾਰ ਗੱਲਾਂ ਹੋਰ ਕਰਕੇ ਗੁਰਦਿਆਲ ‘ਰੌਸ਼ਨ’ ਨਾਲ ਹੋ ਰਹੀ ਫੋਨ-ਵਾਰਤਾ ਤਾਂ ਸਮਾਪਤ ਹੋ ਗਈ ਲੇਕਿਨ ਮੈਂ ਤੁਰ ਪਿਆ ਬਹਿਰਾਮ ਤੋਂ ਦੱਖਣ ਵਲ ਪਿੰਡ ਚੱਕ ਰਾਮੂੰ ਨੂੰ ਜਾ ਰਹੀ ਸੜਕ ਉਪਰ। ਰੇਲਵੇ ਲਾਈਨ ਟੱਪ ਕੇ ਇਕ ਪਿੰਡ ਆਉਂਦਾ ਹੈ ਤਲਵੰਡੀ ਜੱਟਾਂ। ਇਸ ਪਿੰਡ ਵਿਚ ਹੋਏ ਇਕ ਝਗੜੇ ਦੇ ਨਿਪਟਾਰੇ ਲਈ ਮੈਂ ਇੱਕ ਡੈਪੂਟੇਸ਼ਨ ਵਿਚ ਸ਼ਾਮਲ ਹੋ ਕੇ ਉਥੇ ਪਹੁੰਚਿਆ ਸਾਂ। ਉਥੇ ਇਕ ਗਰੀਬੜੇ ਜਿਹੇ ਬੰਦੇ ਵਲੋਂ ਕਹੀ ਗਈ ਕਮਾਲ ਦੀ ਗੱਲ ਮੈਨੂੰ ਕਦੇ ਨਹੀਂ ਭੁੱਲਦੀ।
ਤਲਵੰਡੀ ਜੱਟਾਂ ਤੋਂ ਮੰਢਾਲੀ ਵਾਲੇ ਪਾਸੇ ਪਿੰਡੋਂ ਬਾਹਰਵਾਰ ਦਰਖਤਾਂ ਦੇ ਝੁਰਮਟ ਵਿਚ ਇਕ ਗੁਰਦੁਆਰਾ ਸਥਿੱਤ ਹੈ। ਦੱਸਿਆ ਜਾਂਦਾ ਹੈ ਕਿ ਬਾਬਾ ਗੋਦੜੀਆ ਸਿੰਘ ਅਠਾਰਵੀਂ ਸਦੀ ਵਿਚ ਮੁਗਲਾਂ ਨਾਲ ਟੱਕਰ ਲੈ ਰਹੇ ਸਿੰਘ ਸੂਰਮਿਆਂ ਨੂੰ ਕਿਰਪਾਨਾਂ, ਗੰਡਾਸੇ, ਨੇਜੇ, ਟਕੂਏ, ਬਰਛੇ ਵਗੈਰਾ ਸਪਲਾਈ ਕਰਦਾ ਹੁੰਦਾ ਸੀ। ਪੁਰਾਣੇ ਜਾਂ ਖੁੰਢੇ ਹੋ ਚੁੱਕੇ ਹਥਿਆਰਾਂ ਦੀ ਚੰਡ-ਚੰਡਾਈ ਕਰਕੇ ਉਹ ਫਿਰ ਤੋਂ ਕਾਰ-ਆਮਦ ਬਣਾ ਕੇ ਸਿੰਘਾਂ ਨੂੰ ਸੌਂਪ ਦਿਆ ਕਰਦਾ ਸੀ। ਮੁਗਲ ਹਕੂਮਤ ਨੂੰ ਪਤਾ ਲੱਗਣ ‘ਤੇ ਇਸੇ ਝਿੜੀ ਵਿਚ ਉਸਨੂੰ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸੇ ਸ਼ਹੀਦ ਬਾਬਾ ਗੋਦੜੀਆ ਸਿੰਘ ਦੇ ਨਾਂ ‘ਤੇ ਇਹ ਗੁਰਦੁਆਰਾ ਬਣਿਆ ਹੋਇਆ ਹੈ।
ਫਗਵਾੜੇ ਦੇ ਕੁੱਝ ਸੱਜਣ, ਜੋ ਆਪਣੇ ਆਪ ਨੂੰ ਬਾਬਾ ਗੋਦੜੀਆ ਸਿੰਘ ਦੀ ਬਰਾਦਰੀ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਦੇ ਸਨ, ਇਸ ਗੁਰਦੁਆਰੇ ਦੇ ਪ੍ਰਬੰਧਕ ਸਨ। ਤਲਵੰਡੀ ਜੱਟਾਂ ਦੇ ਕੁਝ ਵਿਅਕਤੀਆਂ ਨੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ‘ਚ ਲੈ ਲਿਆ। ਉਨ੍ਹਾਂ ਨੇ ਪਿੰਡ ਦੇ ਉਸ ਸੱਜਣ ਨੂੰ ਪ੍ਰਧਾਨ ਥਾਪ ਦਿੱਤਾ, ਜਿਸ ਨੇ ਆਪਣਾ ਮੂੰਹ-ਸਿਰ ਹੀ ਮੁਨਾਇਆ ਹੋਇਆ ਸੀ। ਪਹਿਲੀ ਕਮੇਟੀ ਵਾਲੇ ਜਥੇਦਾਰ ਤਲਵੰਡੀ ਪਾਸ ਜਾ ਪਹੁੰਚੇ ਜੋ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਤਲਵੰਡੀ ਸਾਹਿਬ ਨੇ ਐਗਜ਼ੈਕਟਿਵ ਤੋਂ ਮਤਾ ਪਾਸ ਕਰਵਾ ਕੇ, ਇੱਕ ਸਕੱਤਰ ਸਮੇਤ ਤਿੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਤਲਵੰਡੀ ਜੱਟਾਂ ਭੇਜਿਆ। ਇਸ ਡੈਪੂਟੇਸ਼ਨ ਵਿਚ ਹਲਕਾ ਮੈਂਬਰ ਹੋਣ ਕਰਕੇ ਮੈਂ ਵੀ ਸ਼ਾਮਲ ਸਾਂ।
ਇਹ ਝਗੜਾ ਮੁੱਕਿਆ ਕਿ ਨਹੀਂ, ਪੂਰੀ ਰਾਮ-ਕਥਾ ਇੱਕ ਪਾਸੇ ਰੱਖ ਕੇ, ਉਸ ਮੌਕੇ ਦੀ ਇੱਕ ਦਿਲਚਸਪ ਗੱਲ ਸੁਣਾਉਂਦਾ ਹਾਂ। ਅਸੀਂ ਤਿੰਨੇ-ਚਾਰੇ ਜਣੇ ਉੱਥੇ ਪਹੁੰਚੇ। ਗੁਰਦੁਆਰੇ ਦੇ ਸਾਹਮਣੇ ਵੱਡੇ ਸਾਰੇ ਬੋਹੜ ਥੱਲੇ ਕੁਝ ਮੰਜੇ ਅਤੇ ਚਾਰ ਪੰਜ ਕੁਰਸੀਆਂ ਡਾਹੀਆਂ ਹੋਈਆਂ ਸਨ। ਆਲੇ-ਦੁਆਲੇ ਸ਼ਹਿਦ ਵਾਲੀਆਂ ਮੱਖੀਆਂ ਦੇ ਪੰਜਾਹ ਸੱਠ ਬਕਸੇ ਥੋੜ੍ਹੀ ਥੋੜ੍ਹੀ ਵਿੱਥ ‘ਤੇ ਰੱਖੇ ਹੋਏ ਸਨ। ਫੁੱਲ-ਫੁਲਾਕੇ ਦੀ ਰੁੱਤ ਹੋਣ ਕਾਰਨ ਮੱਖੀਆਂ ਵਾਹੋਦਾਹੀ ਉਡਦੀਆਂ ਫਿਰਦੀਆਂ ਸਨ। ਭਿਣ-ਭਿਣ ਕਰਦੀਆਂ ਮੋਟੀਆਂ ਮੋਟੀਆਂ ਮੱਖੀਆਂ ਦੇਖ ਕੇ ਮੈਨੂੰ ਸਕੂਲ ਟਾਈਮ ਦੀ ਘਟਨਾ ਚੇਤੇ ਆ ਗਈ। ਕਿਵੇਂ ਮੈਂ ਨਿਆਣ-ਬੁੱਧ ਨੇ ਬੋਹੜ ‘ਤੇ ਲੱਗੇ ਡੂਮਣੇ ‘ਤੇ ਰੋੜਾ ਵਗਾਹ ਮਾਰਿਆ ਸੀ। ਫਿਰ ਕਿਵੇਂ ਮੱਖੀਆਂ ਨੇ ਮੇਰਾ ਬੁਰਾ ਹਾਲ ਕੀਤਾ ਸੀ। ਕਈ ਦਿਨ ਹਨੂੰਮਾਨ ਵਰਗਾ ਮੂੰਹ ਲੈ ਕੇ ਮੈਂ ਬਿਸਤਰੇ ‘ਤੇ ਪਿਆ ਰਿਹਾ ਸਾਂ।
ਪੁਰਾਣਾ ਡੂੰਮਣਾ-ਕਾਂਡ ਚੇਤੇ ਕਰਕੇ ਮੈਂ ਡਰਦੇ ਨੇ ਮੰਜੇ ਕੁਰਸੀਆਂ ਡਾਹੁਣ ਵਾਲੇ ਸੇਵਾਦਾਰਾਂ ਨੂੰ ਕਿਹਾ ਕਿ ਬਹਿਣ ਦਾ ਇੰਤਜ਼ਾਮ ਕਿਸੇ ਹੋਰ ਪਾਸੇ ਕਰੋ। ਇੱਥੇ ਇਹ ਮੱਖੀਆਂ ਹਮਲਾ ਕਰ ਸਕਦੀਆਂ ਨੇ। ਉਹ ਸੇਵਾਦਾਰ ਉੱਥੇ ਨਿੱਤ ਦੇ ਰਹਿਣ ਵਾਲੇ ਸਨ। ਮੇਰੀ ਗੱਲ ਸੁਣ ਕੇ ਬੜੇ ਵਿਸ਼ਵਾਸ ਨਾਲ ਕਹਿੰਦੇ, ‘‘ਜਥੇਦਾਰ ਜੀ ਤੁਸੀਂ ਡਰੋ ਨਾ, ਇਹ ਵਿਚਾਰੀਆਂ ਸ਼ਹਿਦ ‘ਕੱਠਾ ਕਰਨ ਦਾ ਆਪਣਾ ਕੰਮ ਚੁੱਪ-ਚੁਪੀਤੇ ਕਰੀ ਜਾਂਦੀਐਂ… ਇਹ ਕਿਸੇ ਨੂੰ ਕੁਛ ਨ੍ਹੀਂ ਕਹਿੰਦੀਆਂ, ਜਿੰਨਾ ਚਿਰ ਇਨ੍ਹਾਂ ਨੂੰ ਛੇੜੋ ਨਾ!’’
‘‘ਜੇ ਛੇੜ ਦੇਈਏ ਫੇਰ ਕੀ ਆਹੰਦੀਆਂ ਨੇ?’’ ਅੰਮ੍ਰਿਤਸਰੀਏ ਮਝੈਲ ਸਕੱਤਰ ਨੇ ਮਖੌਲ ਨਾਲ ਪੁੱਛਿਆ।
‘‘ਬਾਹਲੀ ਛੇੜ-ਖਾਨੀ ਕਰੀਏ ਫੇ ਇਹ ਜਿੱਥੇ ਡੰਗ ਮਾਰਦੀਆਂ ਉਥੇ ਈ ਆਪ ਮਰ ਜਾਂਦੀਆਂ!’’ ਸੇਵਾਦਾਰਾਂ ਮੂੰਹੋਂ ਇਨ੍ਹਾਂ ਮੱਖੀਆਂ ਦੇ ਅਜੀਬ ਸੁਭਾਅ ਬਾਰੇ ਸੁਣ ਕੇ ਹੋਰ ਤਾਂ ਕੋਈ ਨਾ ਬੋਲਿਆ, ਲੇਕਿਨ ਬੋਹੜ ਦੇ ਚੌਂਤੇ ਉਪਰ ਬੈਠੇ ਤਮਾਸ਼-ਬੀਨਾਂ ਵਿਚ ਫਟੇ ਪੁਰਾਣੇ ਕੱਪੜਿਆਂ ਵਾਲਾ ਇੱਕ ਗਰੀਬੜਾ ਜਿਹਾ ਬੰਦਾ ਕਹਿਣ ਲੱਗਾ, ‘‘ਫੇਰ ਤਾਂ ਬਈ ਖਾਲਸਿਉ ਇਹ ਮੱਖੀਆਂ ਵੀ ਤੁਹਾਡੀ ਕੌਮ ਵਿਚੋਂ ਈ ਹੋਈਆਂ!…ਪਹਿਲਾਂ ਕਿਸੇ ਨੂੰ ਕੁਛ ਕਹਿਣਾ ਨਹੀਂ, ਪਰ ਨਿਉਂਦਾ ਪਾਉਣ ਵਾਲੇ ਨੂੰ ਸੁੱਕਾ ਜਾਣ ਨ੍ਹੀਂ ਦੇਣਾ….ਆਪਣੀ ਭਾਵੇਂ ਜਾਨ ਚਲੀ ਜਾਵੇ!!’’
ਚਲੋ ਹੁਣ ਬਹਿਰਾਮ ਦੇ ਦੂਸਰੇ ਪਾਸੇ ਸੰਧਵਾਂ-ਫਰਾਲੇ ਵੀ ਗੇੜਾ ਮਾਰ ਲਈਏ। ਕਈ ਵਰ੍ਹੇ ਪਹਿਲਾਂ ਮੈਂ ਆਪਣੇ ਦੋਸਤ ਦੀ ਬਰਾਤੇ ਸੰਧਵਾਂ ਪਹੁੰਚਿਆ ਹੋਇਆ ਸਾਂ। ਉਦੋਂ ਹਾਲੇ ਪੇਂਡੂ-ਸਾਂਝ ਅਤੇ ਅਪਣੱਤ ਭਰੀ ਸਹਿਜ-ਸਾਦਗੀ ਦੇ ਵਿਰਸੇ ਨੂੰ ਹੜੱਪਣ ਵਾਲੇ ਅਜਗਰ, ਭਾਵ ਮੈਰਿਜ ਪੈਲਿਸ ਹੋਂਦ ਵਿਚ ਨਹੀਂ ਸਨ ਆਏ। ਕਿਸੇ ਦੀ ਹਵੇਲੀ ਵਿਚ ਡਾਹੇ ਹੋਏ ਮੰਜਿਆਂ ‘ਤੇ ਬੈਠੇ ਬਰਾਤੀ, ਦੁਪਹਿਰ ਦੀ ਰੋਟੀ ਦੇ ਸੱਦੇ ਦੀ ਉਡੀਕ ਕਰ ਰਹੇ ਸਨ। ਦੋ ਭੰਡ ਪਤਾ ਨਹੀਂ ਕਿੱਧਰੋਂ ਆ ਕੇ ਬਰਾਤੀਆਂ ਦਾ ਮਨੋਰੰਜਨ ਕਰਨ ਲੱਗ ਪਏ। ਪੁਰਾਣੇ ਭੰਡ-ਸਟਾਈਲ ਅਨੁਸਾਰ ਇੱਕ ਜਣਾ ਸਵਾਲ ਕਰਦਾ ਤਾਂ ਦੂਜਾ ਅਗਿਉਂ ਅਵੈੜਾ ਜਿਹਾ ਜਵਾਬ ਦਿੰਦਾ। ਹਾਸੋ ਹੀਣਾ ਜਿਹਾ ਜਵਾਬ ਸੁਣ ਕੇ ਪਹਿਲਾ, ਦੂਸਰੇ ਦੇ ਚਟਾਕੀਆਂ ਮਾਰਦਾ।
ਉਹ ਕੁੱਝ ਇਹੋ ਜਿਹੇ ਟੋਟਕੇ ਸੁਣਾ ਰਹੇ ਸਨ ਕਿ ਇੱਕ ਫਲਾਣੀ ਚੀਜ਼ ਅਸਮਾਨ ਵਿਚ ਹੈ ਨਹੀਂ, ਧਿੰਗਾਣੀ ਚੀਜ਼ ਸਮੁੰਦਰ ਵਿਚ ਹੈ ਨਹੀਂ… ਇਨ੍ਹਾਂ ਬਰਾਤੀਆਂ ਕੋਲ ਭੰਡਾਂ ਨੂੰ ਪੈਸੇ ਦੇਣ ਤੋਂ ਇਨਕਾਰ ਹੈ ਨਹੀਂ… ਭੰਡਾਂ ਕੋਲ ਸਬਰ ਹੈ ਨਹੀਂ… ਵਗੈਰਾ ਵਗੈਰਾ। ਸਾਰੀ ਬਰਾਤ ਦਾ ਧਿਆਨ ਉਨ੍ਹਾਂ ਆਪਣੇ ਵਲ ਖਿੱਚਿਆ ਹੋਇਆ ਸੀ। ਸਾਡਾ ਮਨੋਰੰਜਨ ਕਰਦਿਆਂ ਕਰਦਿਆਂ ਉਹ ਕੁਝ ਏਸ ਤਰ੍ਹਾਂ ਦਾ ਟੋਟਕਾ ਸੁਣਾਉਣ ਲੱਗ ਪਏ-
‘‘ਓਏ ਭੰਡਾ!…ਹਾਂ ਉਏ!!’’
‘‘ਓਏ ਐਹ ਜਿਹੜੇ ਸਰਦਾਰ ਬਰਾਤੀ ਆਏ ਹੋਏ ਐ, ਉਏ ਇਹ ਕਹਿੰਦੇ ਐ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵਿਚ ਸਭ ਕੁੱਛ ਹੈਗਾ!’’
‘‘ਓਏ ਆਹੋ, ਠੀਕ ਈ ਕਹਿੰਦੇ ਐ ਗੁਰੂ ਮਹਾਰਾਜ ਸਰਬ ਕਲਾ ਸਮਰੱਥ ਹੈ ਓਏ!’’
‘‘ਓਏ ਨਹੀਂ ਭੰਡਾ! ਮੈਂ ਨਹੀਂ ਮੰਨਦਾ… ਇੱਕ ਚੀਜ਼ ਓਹਦੇ ਵਿਚ ਵੀ ਹੈ ਨਹੀਂ!’’
…ਜਦ ਭੰਡਾਂ ਦਾ ਨਾਟਕੀ ਵਾਰਤਾਲਾਪ ਇੱਥੇ ਕੁ ਤੱਕ ਪਹੁੰਚ ਗਿਆ ਤਾਂ ਮੇਰਾ ਖੂਨ ਖੌਲਣ ਲੱਗ ਪਿਆ। ਭਰ ਜਵਾਨੀ ਦੀ ਮੁੰਡਿਆਂ ਖੁੰਡਿਆਂ ਵਾਲੀ ਤੱਤ-ਭਲੱਤ ਫੈਸਲੇ ਲੈਣ ਵਾਲੀ ਉਮਰ! ਇਹ ਸੋਚਦਿਆਂ ਕਿ ਜੇ ਇਨ੍ਹਾਂ ਮੂਰਖਾਂ ਨੇ ਗੁਰੂ ਮਹਾਰਾਜ ਦੀ ਸ਼ਾਨ ਤੋਂ ਖਿ਼ਲਾਫ ਕੋਈ ਗੱਲ ਮੂੰਹੋਂ ਕੱਢ’ਤੀ-ਫੇਰ ਮੈਂ ਕੀ ਕਰਾਂਗਾ?…ਮੈਂ ਹੌਲੀ ਹੌਲੀ ਇਰਾਕੀ ਪੱਤਰਕਾਰ ਮੁੰਤਜ਼ਰ ਜ਼ੈਦੀ ਵਾਂਗ ਆਪਣੇ ਇੱਕ ਪੈਰ ‘ਚੋਂ ਜੁੱਤੀ ਲਾਹੁਣ ਲੱਗ ਪਿਆ!! ਫਿਰ ਮੇਰਿਆਂ ਕੰਨਾਂ ਨੇ ਸੁਣਿਆਂ, ‘‘ਓਏ ਭੰਡਾ, ਲਗਦੈ ਤੇਰੇ ਦਿਨ ਥੋੜੇ ਰਹਿ ਗਏ ਆ! ਓਏ ਐ ਸਰਦਾਰ ਸਭ ਕੁਝ ਕਰ ਲੈਣਗੇ ਪਰ ਸੱਚੇ ਪਾਤਸ਼ਾਹ ਖਿਲਾਫ ਰਾਈ ਜਿੰਨੀ ਗੱਲ ਨਹੀਂ ਸੁਣ ਸਕਦੇ!!’’
‘‘ਓਏ ਆਹੋ ਭੰਡਾ ਪਤੈ ਮੈਨੂੰ, ਪਰ ਮੈਂ ਸੱਚ ਕਹਿਨੈ!’’
‘‘ਓਏ ਭੰਡਾ! ਆਪਣੇ ਟੱਬਰ-ਟੀਹਰ ‘ਤੇ ਤਰਸ ਕਰਕੇ ਬੋਲੀਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਹੜੀ ਚੀਜ਼ ਹੈ ਨਹੀਂ!’’
‘‘ਓਏ ਭੰਡਾ, ਉਹਦੇ ਵਿਚ ਰੀਣ ਮਾਤਰ ਵੀ ਝੂਠ ਹੈ ਨਹੀਂ!!’’
ਅਖੀਰਲੀ ਗੱਲ ਸੁਣ ਕੇ ਮੇਰੇ ਸਾਹ ਵਿਚ ਸਾਹ ਆਇਆ! ਜਿਸਦੇ ਮੂੰਹ ‘ਤੇ ਜੁੱਤੀ ਵਗਾਹ ਕੇ ਮਾਰਨ ਦੀ ਸੋਚ ਰਿਹਾ ਸਾਂ, ਉਸਨੂੰ ਇਨਾਮ ਵਜੋਂ ਜੇਬ੍ਹ ‘ਚੋਂ ਕੱਢ ਕੇ ਰੁਪਏ ਫੜਾਉਣੇ ਪਏ।
ਕੁਝ ਵੀ ਲਿਖਣ ਨੂੰ ਦਿਲ ਨਾ ਕਰਨ ਤੇ ਤੀਜੇ ਤਲਾਬ ਦੇ ਇਸ਼ਨਾਨ ਵਾਲੀ ਬੁਝਾਰਤ ਦਾ ਕਿੱਸਾ ਵੀ ਸੁਣ ਲਉ। ਕਹਿੰਦੇ ਕੋਈ ਸ਼ੇਖ ਚਿਲੀ ਡੀਂਗਾਂ ਮਾਰ ਰਿਹਾ ਸੀ ਕਿ ਸਾਡੇ ਘਰ ਵਿਚ ਨਹਾਉਣ ਵਾਸਤੇ ਤਿੰਨ ਤਲਾਬ ਬਣੇ ਹੋਏ ਨੇ! ਸੁਣਨ ਵਾਲਿਆਂ ਨੇ ਪੁਛਿਆ, ਐਨੇ ਤਲਾਬ ਕਾਹਦੇ ਲਈ ਬਣਾਏ ਹੋਏ ਨੇ? ਸ਼ੇਖ ਜੀ ਕਹਿੰਦੇ ਕਿ ਇੱਕ ਤਾਂ ਠੰਢੇ ਪਾਣੀ ਵਾਲਾ-ਠੰਢੇ ਪਾਣੀ ਨਾਲ ਨੌਣ੍ਹ ਨੂੰ ਚਿੱਤ ਕਰੇ ਤਾਂ ਉਹਦੇ ਵਿਚ ਨਹਾ ਲਈ ਦਾ ਐ। ਦੂਸਰਾ ਹੈ ਜੀ ਗਰਮ ਪਾਣੀ ਦਾ-ਜੇ ਗਰਮ ਪਾਣੀ ਨਾਲ ਨੌਣ੍ਹ ਨੂੰ ਦਿਲ ਕਰੇ ਤਾਂ ਉਹਦੇ ‘ਚ ਚੁੱਭੀ ਮਾਰ ਲਈ ਦੀ ਐ!’’ ਇੰਨਾ ਕਹਿ ਕੇ ਜਦ ਉਹ ਚੁੱਪ ਕਰ ਗਿਆ ਤਾਂ ਸੁਣਨ ਵਾਲਿਆਂ ਨੇ ਸਵਾਲ ਕੀਤਾ ਕਿ ਤੀਜੇ ਤਲਾਬ ਬਾਰੇ ਦੱਸਿਆ ਈ ਨਹੀਂ, ਉਹਦੇ ਵਿਚ ਕੀ ਏ?
‘‘ਉਹ ਤਾਂ ਸੁੱਕ-ਮ-ਸੁੱਕਾ ਈ ਐ, ਜੇ ਨੌਣ੍ਹ ਨੂੰ ਜਮਾਂ ਈ ਦਿਲ ਨਾ ਕਰੇ ਤਾਂ ਫੇ’ ਤੀਜੇ ਤਲਾਬ ‘ਚ ਤਾਰੀਆਂ ਮਾਰ ਲਈ ਦੀਆਂ ਐਂ!’’
ਲਉ ਜੀ, ਦਿਲ ਦੇ ‘ਨਾਂਹ ਨਾਂਹ’ ਕਰਦਿਆਂ ਵੀ ਕੁੱਝ ਸਤਰਾਂ ਜੋੜੀਆਂ ਗਈਆਂ ਨੇ। ਇਹ ਫੈਸਲਾ ਹੁਣ ਪਾਠਕਾਂ ਦੀ ਕਚਹਿਰੀ ਨੇ ਹੀ ਕਰਨਾ ਹੈ ਕਿ ਗੱਲ ਕੁਝ ਬਣੀ ਵੀ ਹੈ ਯਾ ਇਹ ਲਿਖਤ ਮਹਿਜ਼ ਤੀਸਰੇ ਤਲਾਬ ਦੀਆਂ ਤਾਰੀਆਂ ਹੀ ਨੇ? ਉਮੀਦ ਹੈ ਕਿ ਦੱਸੋਗੇ ਜਰੂਰ!