ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਜਿਊਂਦੀਆਂ ਜਾਗਦੀਆਂ ਚੁੜੇਲਾਂ ?

ਤਰਲੋਚਨ ਸਿੰਘ ਦੁਪਾਲਪੁਰ —
ਜਿਊਂਦੀਆਂ ਜਾਗਦੀਆਂ ਚੁੜੇਲਾਂ ?

ਸ਼ਾਇਦ ਇਹ ਕਥਨ ਕਿਸੇ ਕਵੀ ਜਾਂ ਵਾਰਤਕ ਲੇਖਕ ਦਾ ਘੜਿਆ ਹੋਇਆ ਹੀ ਹੋਵੇਗਾ ਕਿ ਇਕ ਚਿੱਤਰ, ਚਾਲੀ ਹਜ਼ਾਰ ਸ਼ਬਦਾਂ ਦਾ ਨਿਚੋੜ ਹੁੰਦਾ ਹੈ। ਮਤਲਬ ਕਿ ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਨੂੰ ਜੇ ਲਿਖਤ ਰਾਹੀਂ ਦਰਸਾਉਣਾ ਹੋਵੇ ਤਾਂ ਘੱਟੋ-ਘੱਟ ਚਾਲੀ ਹਜ਼ਾਰ ਸ਼ਬਦ ਲਿਖਣੇ ਪੈਣਗੇ। ਹੁਣ ਤੁਸੀਂ ਦੱਸੋ-ਪੇਂਡੂ ਘਰ ਦੇ ਖੁੱਲ੍ਹੇ-ਚਪੱਟ ਵਿਹੜੇ ਵਿਚ ਹਰੀ ਭਰੀ ਨਿੰਮ ਦਾ ਦਰਖ਼ਤ ਖੜ੍ਹਾ ਹੈ-ਗੂੜ੍ਹੀ ਛਾਂ ਹੇਠ ਇਧਰ-ਉਧਰ ਸਣ ਤੇ ਸੁਣੱਕੜੇ ਦੇ ਬੁਣੇ ਹੋਏ ਮੰਜੇ ਡੱਠੇ ਹੋਏ ਨੇ। ਨਿੰਮ ਉੱਪਰ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੇ ਰੌਣਕ ਲਾਈ ਹੋਈ ਐ-ਨਿੰਮ ਦੇ ਇਕ ਮੋਟੇ ਟਾਹਣ ਨਾਲ ਪੀਂਘ ਪਈ ਹੋਈ ਹੈ-ਕੁੜੀਆਂ ਆਪਸ ਵਿਚੀਂ ‘ਤੇਰੀ ਵਾਰੀ-ਮੇਰੀ ਵਾਰੀ’ ਕਰਦੀਆਂ ਹੋਈਆਂ ਲੜਦੀਆਂ ਝਗੜਦੀਆਂ ਇਕ ਦੂਜੀ ਤੋਂ ਪੀਂਘ ਦਾ ਰੱਸਾ ਖੋਹੀ ਜਾਂਦੀਆਂ ਹਨ - ਇਕ ਪਾਸੇ ਕੱਚੀ ਖੁਰਲ੍ਹੀ ਤੇ ਬੱਝੀਆਂ ਹੋਈਆਂ ਗਾਵਾਂ ਮੱਝਾਂ ਜੁਗਾਲੀ ਕਰ ਰਹੀਆਂ ਨੇ-ਉਨ੍ਹਾਂ ਦੇ ਕੱਟੇ-ਵੱਛੇ ਆਪਣੀਆਂ ਮਾਵਾਂ ਦੇ ਥਣਾਂ ਵਲ ਦੇਖ ਦੇਖ ਤੀਂਘੜ ਰਹੇ ਨੇ- ਪੱਛੋਂ ਦੀ ਪੌਣ ਰੁਮਕ ਰਹੀ ਹੈ - ਇਕ ਮੰਜੇ ‘ਤੇ ਆਪਣੀ ਮੌਜ ‘ਚ ਬੈਠੇ ਸਾਡੇ ਪਿਤਾ ਜੀ ਕੋਲ ਗੁਆਂਢੀ ਪਿੰਡ ਰਾਣੇਵਾਲ ਦਾ ਚਿੱਟੇ ਕੱਪੜਿਆਂ ਵਾਲਾ ਬਾਪੂ ਗੇਂਦਾ ਸਿੰਘ ਆ ਬੈਠਾ ਹੈ-ਅਸੀਂ ਸਾਰੇ ਭੈਣ-ਭਰਾ ਬਾਬੇ ਨੂੰ ‘ਸਾ-ਸਰੀ-ਕਾਲ’ ਬੁਲਾਉਣ ਲਈ ਭੱਜਦੇ ਹਾਂ’….ਐਸੇ ਮਾਹੌਲ ਦਾ ਦ੍ਰਿਸ਼-ਚਿਤਰਣ ਕਰਨ ਲਈ ਚਾਲੀ ਹਜ਼ਾਰ ਤਾਂ ਕੀ, ਅੱਸੀ ਹਜ਼ਾਰ ਸ਼ਬਦ ਵੀ ਥੋੜ੍ਹੇ ਹਨ!
ਪੂਣੀ ‘ਚੋਂ ਤੰਦ ਕੱਢਣ ਵਾਂਗ ਆਪਣੀ ਗੱਲ ਅਗਾਂਹ ਤੋਰੀਏ- ਇਹ ਲਾਜਵਰ ਲਾਏ ਹੋਏ ਚਿੱਟੀ ਕਮੀਜ਼ ਤੇ ਚਿੱਟੇ ਚਾਦਰੇ ਵਾਲਾ ਬਾਪੂ ਗੇਂਦਾ ਸਿੰਘ ਜਦ ਕਦੀ ਸਾਡੇ ਘਰੇ ਆਉਂਦਾ ਹੁੰਦਾ ਸੀ ਤਾਂ ਸਾਨੂੰ ਇਸ ਗੱਲ ਦਾ ਚਾਅ ਚੜ੍ਹ ਜਾਂਦਾ ਸੀ ਕਿ ਅੱਜ ਭੂਤ-ਚੁੜੇਲਾਂ ਵਾਲੀ ਕਹਾਣੀ ਸੁਣਾਂਗੇ। “ਭਾਈ ਮੱਲਿਉ, ਆਹ ‘ਢਿੱਡ ਫੂਕਣੀ’ ਨਾ ਬਣਾਇਉ।” ਚਾਹ ਤੋਂ ਮਨ੍ਹਾਂ ਕਰਕੇ ਮੰਜੇ ‘ਤੇ ਬਹਿੰਦਿਆਂ ਸਾਰ ਉਸ ਨੇ ਖੀਸੇ ‘ਚੋਂ ਕੱਢ ਕੇ ਸਾਨੂੰ ਇਕ ਇਕ ਪਤਾਸਾ ਦੇਣਾ। ਪ੍ਰਸ਼ਾਦ ਲੈਣ ਵਾਂਗ ਅਸੀਂ ਦੋਹਾਂ ਹੱਥਾਂ ਨਾਲ ਪਤਾਸੇ ਫੜ ਕੇ ਰੌਲ਼ਾ ਪਾਉਣਾ- “ਬਾਬਾ, ਉਹ ਗੱਲ ਸੁਣਾ, ਜਦ ਤੁਸੀਂ ਚੁੜੇਲਾਂ ਨੱਚਦੀਆਂ ਦੇਖਣ ਗਏ ਸੀ?” ਕੋਲ ਬੈਠਿਆਂ ਦੀਆਂ ਸਾਡੀਆਂ ਪਿੱਠਾਂ ਪਲੋਸਦਿਆਂ ਉਸ ਨੇ ਉੱਚੀ-ਉੱਚੀ ‘ਹਾ-ਹਾ-ਹਾ’ ਕਰਕੇ ਹੱਸਣਾ- “ਆਹ ਤੁਹਾਡਾ ਭਾਪਾ ਵੀ ਸਾਡੇ ਨਾਲ ਈ ਤੀ ਚੁੜੇਲਾਂ ਦਾ ਨਾਚ ਦੇਖਣ ਗਿਆ, ਸਾਡਾ ਮੋਹਰੀ ਤਾਂ ਇਹੋ ਬਣਿਆ ਤੀ….ਇਹਨੂੰ ਪੁੱਛੋ ਤਾਂ ਕਿੱਦਾਂ ਹੋਈ ਤੀ?”
ਸਰੋਤੇ ਤਾਂ ਬਹੁਤ ਦੇਖੇ, ਪਰ ਜਿਸ ਤਰ੍ਹਾਂ ਅੱਖੀਂ ਡਿੱਠਾ ਹਾਲ ਇਹ ਦੋਵੇਂ ਜਣੇ, ਇਕ ਮੇਰਾ ਬਾਪ ਤੇ ਦੂਜਾ ਰਾਣੇਵਾਲੀਆ ਗੇਂਦਾ ਸਿੰਘ ਬਜ਼ੁਰਗ, ਸੁਣਾਇਆ ਕਰਦੇ ਸਨ, ਐਸਾ ‘ਕਹਾਣੀ-ਵਕਤਾ’ ਮੈਂ ਅੱਜ ਤੱਕ ਨਹੀਂ ਦੇਖਿਆ। ‘ਚੁੜੇਲਾਂ ਦਾ ਡਾਂਸ’ ਦੇਖਣ ਵਾਲੀ ਰਹੱਸ-ਭਰਪੂਰ ਕਥਾ ਸੁਣਦਿਆਂ, ਸਾਨੂੰ ਇਉਂ ਮਹਿਸੂਸ ਹੋਣਾ ਕਿ ਅਸੀਂ ਕਹਾਣੀ ਸੁਣ ਨਹੀਂ ਰਹੇ, ਸਗੋਂ ਭੂਤਾਂ-ਪ੍ਰੇਤਾਂ ਦੀ ਕੋਈ ਫਿਲਮ ਦੇਖ ਰਹੇ ਹਾਂ। ਜਿਵੇਂ ਕਿਸੇ ਢਾਡੀ ਜਥੇ ਦਾ ਲੈਕਚਰਾਰ, ਇਤਿਹਾਸਕ ਪ੍ਰਸੰਗ ਸ਼ੁਰੂ ਕਰਦਾ ਹੈ ਤੇ ਉਸ ਦੇ ਸਾਥੀ ਗਵੱਈਏ, ਵਿਚ ਵਿਚ ਜੋਸ਼ੀਲੀਆਂ ਵਾਰਾਂ ਦਾ ਗਾਇਨ ਕਰਦੇ ਹਨ। ਐਨ੍ਹ ਇਸੇ ਤਰ੍ਹਾਂ ਦੋਹਾਂ ਨੇ ਇਕ ਦੂਜੇ ਕੋਲੋਂ ਕਥਾ ਦੀ ਤੰਦ ਫੜੀ ਜਾਣੀ।
“…..ਘੁੱਪ ਹਨੇਰੀ ਰਾਤ, ਹੱਥ ਨੂੰ ਹੱਥ ਨਾ ਦਿਸੇ, ਸਾਰਾ ਪਿੰਡ ਸੁੱਤਾ ਪਿਆ-ਚਾਰੇ ਪਾਸੇ ਸੰਨਾਟਾ!…ਖੜਾਕ ਹੋਣ ਦੇ ਡਰੋਂ ਅਸੀਂ ਚਾਰੇ-ਪੰਜੇ ਜਣੇ ਦੱਬੇ ਪੈਰੀਂ ਹੌਲੀ ਹੌਲੀ ਤੁਰ ਰਹੇ ਸਾਂ…. ਉੱਚੀ ਵੱਟ ‘ਤੇ ਖੜ੍ਹੇ ਹੋ ਕੇ ਜਿਹੜਾ ‘ਨਜ਼ਾਰਾ’ ਅਸੀਂ ਦੇਖਿਆ, ਓਹ ਸਾਡਿਆ ਰੱਬਾ! ਬੋਹੜ ਦੇ ਉੱਪਰ ਇਕ ਪਾਸਿਉਂ ‘ਲੈਟ’ ਦੂਜੇ ਪਾਸੇ ਨੂੰ ਦੌੜੇ, ਉੱਧਰੋਂ ਫਿਰ ਵਾਪਸ ਮੁੜਦੀ ਆਵੇ!! ਨਾਲੋ-ਨਾਲ ਧਮਾਲਾਂ ਪੈਣ, ਢੋਲਕੀ ਵੱਜੇ, ਗਾਉਂਦੀਆਂ ਚੁੜੇਲਾਂ ਦੀਆਂ ਆਵਾਜ਼ਾਂ ਐਨ ਸੁਣਨ!….ਸਾਡੇ ਸਾਹ ਸੂਤੇ ਗਏ-ਜਿੱਦਾਂ ਪ੍ਰਾਣ ਹੀ ਮੁੱਕ ਗਏ ਹੋਣ….।”
ਟ੍ਰੇਲਰ ਦਿਖਾਉਣ ਵਾਂਗ ਬਾਪੂ ਗੇਂਦਾ ਸਿੰਘ ਇੰਨਾ ਕੁ ਲਿਸ਼ਕਾਰਾ ਜਿਹਾ ਦਿਖਾ ਕੇ ਫਿਰ ਸਾਡੇ ਬਾਪ ਵਲ ਦੇਖਣ ਲੱਗਣਾ। ਜਿੰਨ-ਭੂਤ-ਚੁੜੇਲ ਦਾ ਜਿ਼ਕਰ ਸੁਣ ਕੇ ਕੁੜੀਆਂ ਨੇ ਵੀ ਪੀਂਘ ਛੱਡ ਮੰਜਿਆਂ ਦੀ ਪੈਂਦ ਉੱਪਰ ਆ ਬਹਿਣਾ। ਅੱਖਾਂ ਅੱਡੀ ਬੈਠੇ ਇਸ ਸ੍ਰੋਤਾ-ਮੰਡਲ ਸਾਹਮਣੇ ਫਿਰ ਭਾਈਆ ਜੀ, ‘ਅਲੌਕਿਕ ਕਥਾ’ ਦਾ ਪਿਛੋਕੜ ਬਿਆਨਿਆ ਕਰਦੇ ਸਨ-
ਰੌਲਿਆਂ ਤੋਂ ਪਹਿਲੀਆਂ ਗੱਲਾਂ ਨੇ ਇਹ। ਰਾਣੇਵਾਲ ਤੋਂ ਪਿੰਡ ਅਸਮਾਨਪੁਰ ਵਲ ਨੂੰ ਜਾਂਦੀ ਗੋਹਰੀ ਉੱਪਰ, ਰਾਣੇਵਾਲ ਤੇ ਅਸਮਾਨਪੁਰ ਦੇ ਵਿਚਾਲੇ ਜਿਹੇ ਇਕ ਬਹੁਤ ਭਾਰਾ ਪੁਰਾਣਾ ਬੋਹੜ ਹੁੰਦਾ ਸੀ। ਇਹਦੇ ਥੱਲਿਉਂ ਤੰਗ ਜਿਹਾ ਰਸਤਾ ਲੰਘਦਾ ਸੀ ਤੇ ਆਲੇ ਦੁਆਲੇ ਪਏ ਉਜਾੜ ਵਿਚ ਉੱਚਾ ਸਰਕੜਾ, ਝਾੜ ਝੂੰਡਾ, ਕੰਡਿਆਲੇ ਮਲ੍ਹੇ ਦੇਖ ਕੇ, ਇਥੇ ਦਿਨੇ ਵੀ ਭੈਅ ਆਉਂਦਾ ਹੁੰਦਾ ਸੀ। ਬੋਹੜ ਦੇ ਕੋਲ ਹੀ ਇਕ ਬੇ-ਅਬਾਦ ਪਿਆ ਖੂਹ ਹੁੰਦਾ ਸੀ। ਇਥੇ ਰਾਹੀ-ਮੁਸਾਫਰਾਂ ਨਾਲ ਲੁੱਟ-ਖੋਹ ਤੇ ਕਦੇ ਕਦਾਈਂ ਕਤਲੋ-ਗਾਰਤ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਸਨ। ਇਕ ਵਾਰ ਇਥੋਂ ਇਕ ਲਾਸ਼ ਵੀ ਮਿਲੀ ਸੀ, ਜੋ ਕਿ ਕਿਸੇ ਦੂਰ-ਦੁਰਾਡੇ ਦੇ ਵਪਾਰੀ ਦੀ ਸੀ। ਪਤਾ ਨਹੀਂ ਕਿਉਂ ਇਸ ਥਾਂ ਦੀ ‘ਬੀਟਣੀ’ ਕਰਕੇ ਅੱਲ ਪਈ ਹੋਈ ਸੀ। ਇਸੇ ਕਰਕੇ ਬੋਹੜ ਨੂੰ ਵੀ ‘ਬੀਟਣੀ ਵਾਲਾ ਬੋਹੜ’ ਹੀ ਕਿਹਾ ਜਾਂਦਾ ਸੀ। ਇਲਾਕੇ ਭਰ ਵਿਚ ਇਹ ਗੱਲ ਕਾਫੀ ਧੁੰਮੀ ਹੋਈ ਸੀ ਕਿ ਬੀਟਣੀ ਵਾਲੇ ਬੋਹੜ ਥੱਲੇ ਚੁੜੇਲਾਂ-ਭੂਤਨੇ ਰਹਿੰਦੇ ਹਨ। ‘ਕੱਲੇ-ਦੁਕੱਲੇ ਰਾਹੀ ਦਾ ਖੂਨ ਚੂਸ ਕੇ ਉਸ ਨੂੰ ਖੂਹ ਵਿਚ ਸੁੱਟ ਦਿੰਦੇ ਹਨ। ਦਿਨ ਵੇਲੇ ਵੀ ਇਥੋਂ ਲੋਕੀਂ ਥਰ ਥਰ ਕੰਬਦੇ ਲੰਘਦੇ ਹੁੰਦੇ ਸਨ। ਪੂਰੇ ਇਲਾਕੇ ਵਿਚ ਇਨ੍ਹਾਂ ਗੱਲਾਂ ਦੀ ਚਰਚਾ ਤਾਂ ਹੁੰਦੀ ਰਹਿੰਦੀ ਸੀ। ਲੇਕਿਨ ਕਿਸੇ ਨੇ ਅੱਖੀਂ ਕਦੇ ਕੁੱਝ ਨਹੀਂ ਸੀ ਦੇਖਿਆ। ਬੱਸ ਮੂੰਹੋਂ-ਮੂੰਹੀਂ ਕਹਾਣੀਆਂ-ਤੁਰਦੀਆਂ ਰਹਿੰਦੀਆਂ ਸਨ।
ਬੀਟਣੀ ਨਾਲ ਸਬੰਧਿਤ ਸੁਣੀਆਂ-ਸੁਣਾਈਆਂ ਗੱਲਾਂ ਬਾਰੇ, ਮੇਰਾ ਆਪਣੇ ਹਾਣੀਆਂ ਨਾਲ ਬਹਿਸ-ਮੁਬਹਿਸਾ ਹੁੰਦਾ ਰਹਿੰਦਾ। ਗੁਰੂ ਘਰ ਆਉਣ ਜਾਣ ਸਦਕਾ ਇੰਨਾ ਕੁ ਪਤਾ ਸੀ ਕਿ ਚੁੜੇਲਾਂ-ਭੂਤ ਸਭ ਮਨ ਦੇ ਵਹਿਮ ਹਨ। ਲੋਟੂ ਚੇਲਿਆਂ, ਜੋਗੀ-ਜੋਗੜਿਆਂ ਨੇ ਆਪਣਾ ਤੋਰੀ-ਫੁਲਕਾ ਚੱਲਦਾ ਰੱਖਣ ਲਈ ਜਿੰਨ-ਭੂਤਾਂ ਦੀ ਹੋਂਦ ਬਣਾਈ ਹੋਈ ਹੈ।
ਜਦਕਿ ਗੁਰਬਾਣੀ ਦਾ ਫੈਸਲਾ ਹੈ ਕਿ ਜਿਨ੍ਹਾਂ ਘਰਾਂ ਵਿਚ ਆਏ-ਗਏ ਮਹਿਮਾਨ ਦੀ ਟਹਿਲ-ਸੇਵਾ ਨਹੀਂ ਹੁੰਦੀ ਅਤੇ ਵਾਹਿਗੁਰੂ ਦੀ ਸਿਫਤ-ਸਲਾਹ ਨਹੀਂ ਹੁੰਦੀ, ਉਹ ਘਰ ਸ਼ਮਸ਼ਾਨ ਭੂਮੀ ਦੀ ਨਿਆਈਂ ਹਨ ਅਤੇ ਉਥੇ ਵੱਸਣ ਵਾਲੇ ਅਸਲ ਚੁੜੇਲਾਂ-ਭੂਤਨੇ ਹਨ। ਪਰ ਇਕ ਵਾਰ ਬਾਈ ਗੇਂਦਾ ਸਿੰਘ ਹੋਣੀ ਬੀਟਣੀ ਵਾਲੇ ਬੋਹੜ ‘ਤੇ ਐਸਾ ਅਦਭੁੱਤ ਸੀਨ ਦੇਖਿਆ। ਜਿਨ੍ਹਾਂ ਨੇ ਮੇਰੀਆਂ ਸਾਰੀਆਂ ਦਲੀਲਾਂ ਨੂੰ ਮਾਤ ਦੇ ਦਿੱਤੀ….!
“ਮੱਲਿਉ, ਇਕ ਵਾਰ ਰਾਤ ਨੂੰ ਮੈਂ ਪਿਸ਼ਾਬ ਦੀ ਹਾਜਤ ਲਈ ਉੱਠਿਆ।” ਹੁਣ ਬਾਪੂ ਗੇਂਦਾ ਸਿੰਘ ਨੇ ਕਹਾਣੀ ਦੀ ਕਮਾਂਡ ਸੰਭਾਲੀ “ਮੇਰੇ ਕੰਨਾਂ ‘ਚ ਨਾਚ-ਗਾਣੇ ਦੀ ਆਵਾਜ਼ ਪਈ। ਜਦ ਮੈਂ ਆਪਣੀ ਬੀਟਣੀ ਵਲ ਨੂੰ ਦੇਖਿਆ ਤਾਂ ਬੋਹੜ ਉੱਪਰ ਪਈ ‘ਤਾ ਥੱਈਆ - ਤਾ ਥੱਈਆ’ ਹੋਵੇ। ਵਾਜੇ ਵੱਜਣ!, ਬੋਹੜ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ‘ਲੈਟ’ ਨੱਠੀ ਫਿਰੇ। ਮੇਰਾ ਤਾਂ ਜੀ ਸਰੀਰ ਝੂਠਾ ਪੈ ਗਿਆ। ਮੈਂ ਇਹ ਕੌਤਕ ਆਪਣੇ ਘਰਦਿਆਂ ਨੂੰ ਵੀ ਉਠਾ ਕੇ ਦਿਖਾਇਆ!….ਲਉ ਜੀ, ਅਸੀਂ ਆ ਕੇ ਗਿਆਨੀ (ਮੇਰੇ ਪਿਤਾ ਜੀ ਨੂੰ ਸਾਡੇ ਪਿੰਡਾਂ ਵਿਚ ਗਿਆਨੀ ਜੀ ਆਖਿਆ ਜਾਂਦਾ ਸੀ) ਨੂੰ ਦੱਸਿਆ। ਇਹ ਅੱਗਿਉਂ ਕਹਿੰਦਾ ਕਿ ਜਦ ਤੱਕ ਮੈਂ ਆਪਣੇ ਅੱਖੀਂ ਨਹੀਂ ਕੁਝ ਦੇਖ ਲੈਂਦਾ, ਮੈਂ ਨਹੀਂ ਯਕੀਨ ਕਰਦਾ।…ਅਸੀਂ ਆਪਣੀ ਥਾਂ ਅੜ ਗਏ, ਇਹ ਆਪਣੀ ਜਗ੍ਹਾ!… ਆਖਰ ਗੱਲ ਇਥੇ ਮੁੱਕੀ ਕਿ ਜਿਸ ਰਾਤ ਹੁਣ ਬੀਟਣੀ ਦੇ ਬੋਹੜ ਉੱਪਰ ਚੁੜੇਲਾਂ ਨੱਚਣ, ਅਸੀਂ ਗਿਆਨੀ ਨੂੰ ਰਾਣੇਵਾਲ ਲਿਜਾ ਕੇ ਦਿਖਾਈਏ….!”
ਇਸ ਗੱਲ ਤੋਂ ਮਹੀਨਾ ਕੁ ਬਾਅਦ ਹੀ ਇਕ ਰਾਤ ਰਾਣੇਵਾਲ ਤੋਂ ਸਾਈਕਲ ‘ਤੇ ਆਏ ਇਕ ਬੰਦੇ ਨੇ ਮੈਨੂੰ ਸੁੱਤੇ ਪਏ ਨੂੰ ਆ ਉਠਾਇਆ। ਹੁਣ ਭਾਈਆ ਜੀ ਆਪਣੀਆਂ ਅੱਖਾਂ ਵਿਚ ਚਮਕ ਲਿਆ ਕੇ, ਇਸ ਅਨੋਖੀ ਕਹਾਣੀ ਨੂੰ ਸਿਖਰ ਵਲ ਲਿਜਾਂਦੇ। “ਜਦ ਜੀ ਮੈਂ ਗਿਆ ਉਥੇ, ਇਹ ਪੰਜ-ਛੇ ਜਣੇ ਟਾਂਡਿਆਂ ਦੇ ਕੁੱਨੂੰ ਨਾਲ ਛਹਿ ਲਾ ਕੇ ਬੀਟਣੀ ਵਲ ਨਿਗਾਹਾਂ ਗੱਡੀ ਖੜ੍ਹੇ। ਫੁਸ-ਫੁਸ ਕਰਦਿਆਂ ਇਨ੍ਹਾਂ ਨੇ ਮੇਰੇ ਮੋਢੇ ਨੂੰ ਹਲੂਣਦਿਆਂ ਕਿਹਾ- ‘ਔਹ ਦੇਖ ਸਾਹਮਣੇ ਕਿਆ ਹੁੰਦੈ!’….ਬੋਹੜ ਵਲ ਦੇਖ ਕੇ ਮੇਰੇ ਵੀ ਤ੍ਰਾਹ ਨਿਕਲ ਗਏ! ਇੰਨ-ਬਿੰਨ ਇਨ੍ਹਾਂ ਵਲੋਂ ਦੱਸਿਆ ਜਾਂਦਾ ਸੀਨ-ਢੋਲਕੀ ਦੀ ਧੱਪ-ਧੱਪ ਸੁਣੇ-ਬੋਹੜ ਦੇ ਟਾਹਣਿਆਂ ਵਿਚ ਇਧਰ-ਉਧਰ ‘ਲੈਟ’ ਭੱਜੀ ਫਿਰੇ। ਜਦੋਂ ਉਸ ਪਾਸਿਉਂ ਹਵਾ ਦਾ ਬੁੱਲਾ ਆਵੇ ਤਾਂ ਗਾ ਰਹੀਆਂ ਚੁੜੇਲਾਂ ਦੀ ਆਵਾਜ਼ ਜ਼ਰਾ ਉੱਚੀ ਸੁਣਾਈ ਦਿੰਦੀ। ਇਹ ਅਜਬ ਤਮਾਸ਼ਾ ਦੇਖ ਕੇ ਮੇਰਾ ਵੀ ਮੂੰਹ ਤਾਂ ਅੱਡਿਆ ਰਹਿ ਗਿਆ, ਲੇਕਿਨ ਮੇਰੇ ਅੰਦਰੋਂ ਇਹ ‘ਵਾਜ ਉੱਠੀ ਜਾਵੇ ਕਿ ਇਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ! ਪੰਜ-ਦਸ ਮਿੰਟ ਇਨ੍ਹਾਂ ਵਾਂਗ ਚੁੜੇਲ-ਸੰਗੀਤ ਸੁਣਦਿਆਂ ਮੈਂ ਸੋਚਿਆ ਕਿ ਅੱਜ ਹਕੀਕਤ ਦਾ ਕੱਟਾ-ਕੱਟੀ ਜ਼ਰੂਰ ਕੱਢਣਾ ਚਾਹੀਦਾ ਹੈ। ਜੋ ਮਰਜ਼ੀ ਹੋ ਜਾਏ!
ਟਾਂਡਿਆਂ ਦੇ ਕੁੱਨੂੰ ਓਹਲੇ ਬਹਿ ਕੇ ਮੈਂ ਇਨ੍ਹਾਂ ਨੂੰ ਸਮਝਾਉਣ ਲੱਗਿਆ ਕਿ ਗੱਲ ਤੁਹਾਡੀ ਵੀ ਠੀਕ ਹੈ। ਸਾਰਾ ਕੁੱਛ ਸਾਹਮਣੇ ਹੋ ਰਿਹਾ ਹੈ। ਪਰ ਆਪਾਂ ਇਹ ਤਾਂ ਦੇਖ ਲਈਏ ਕਿ ਇਹ ਚੁੜੇਲਾਂ-ਭੂਤਨੇ ਹੁੰਦੇ ਕਿਹੋ ਜਿਹੇ ਹੋਣਗੇ? ਜੇ ਮੇਰੀ ਮੰਨੋਂ, ਅਸੀਂ ਆਪਣੇ ਕੋਲ ਕਿਰਪਾਨਾਂ, ਗੰਡਾਸੀਆਂ, ਬਰਛੇ ਲੈ ਕੇ ਬੀਟਣੀ ਨੂੰ ਚੱਲੀਏ। ਤੁਹਾਡੇ ਮੋਹਰੇ ਮੈਂ ਹੋਵਾਂਗਾ!”
“ਗਿਆਨੀ, ਤੈਂ ਸਾਨੂੰ ਅਣਿਆਈ ਮੌਤੇ ਮਰਵਾਉਣਾ?” ਬਾਈ ਗੇਂਦਾ ਸਿੰਘ ਹੋਰੀਂ ਇਕੱਠੇ ਈ ਬੋਲੇ।
ਇਨ੍ਹਾਂ ਦੇ ਦਿਲਾਂ ਵਿਚੋਂ ਡਰ ਦੂਰ ਕਰਨ ਦੀ ਮਨਸ਼ਾ ਨਾਲ ਮੈਂ ਜਨਮ-ਸਾਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਯਾਰੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਜਿਨ੍ਹਾਂ ਤੋਂ ਡਰਦਿਆਂ ਕਲਯੁਗ ਨੇ ਆਖਿਆ ਸੀ ਕਿ ਜਿਸ ਪ੍ਰਾਣੀ ਦੇ ਮੂੰਹ ਵਿਚ ‘ਧੰਨ ਗੁਰੂ ਨਾਨਕ’ ਦੀ ਆਵਾਜ਼ ਆਏਗੀ, ਉਸ ਉੱਤੇ ਮੇਰਾ ਕੋਈ ਪ੍ਰਭਾਵ ਨਹੀਂ ਪਵੇਗਾ। ਸੋ ਮੇਰੇ ਨਾਲ ਤੁਰੋ, ਮੈਂ ਅੱਗੇ ਅੱਗੇ ਮੂਲ-ਮੰਤਰ ਦਾ ਜਾਪ ਕਰਦਾ ਜਾਵਾਂਗਾ। ਤੁਸੀਂ ਮੇਰੇ ਪਿੱਛੇ ਪਿੱਛੇ ਹਥਿਆਰ ਸੰਭਾਲ ਕੇ ਤੁਰੇ ਆਇਉ। ਕੋਈ ਹਬ੍ਹੀ-ਨਬ੍ਹੀ ਹੋਈ ਤਾਂ ਪਹਿਲਾਂ ਮੇਰੇ ‘ਤੇ ਹੀ ਹੋਵੇਗੀ। ਤੁਸੀਂ ਤਕੜੇ ਹੋਵੋ!
ਲਉ ਜੀ, ਮੇਰੀਆਂ ਗੱਲਾਂ ਦਾ ਅਸਰ ਕਬੂਲਦਿਆਂ ਇਹ ਸਾਰੇ ਮੇਰੇ ਨਾਲ ਬੀਟਣੀ ਨੂੰ ਜਾਣ ਲਈ ਤਿਆਰ ਹੋ ਗਏ। ਮਨ ਕਰੜਾ ਜਿਹਾ ਕਰਕੇ ਕੰਬਦੀ ਜਿਹੀ ਆਵਾਜ਼ ਨਾਲ ‘ਵਾ..ਹਿ…ਗੁ…ਰੂ’ ਕਹਿ ਕੇ ਇਨ੍ਹਾਂ ਦਾ ‘ਲੀਡਰ’ ਬਣ ਕੇ ਮੈਂ ਤੁਰ ਤਾਂ ਪਿਆ ਅੱਗੇ ਅੱਗੇ, ਪਰ ਬੀਟਣੀ ਦੇ ਬੋਹੜ ਦੇ ਟਾਹਣਿਆਂ ‘ਚ ਘੁੰਮਦੀ ਲੈਟ ਦੇਖ ਕੇ ਅਤੇ ਉੱਧਰੋਂ ਆਉਂਦੀਆਂ ਆਵਾਜ਼ਾਂ ਸੁਣ ਕੇ ਮੇਰੀਆਂ ਵੀ ਲੱਤਾਂ ਕੰਬਣ ਲੱਗ ਪਈਆਂ। ਮਨ ਵਿਚ ਆਵੇ ਕਿ ਭਲਾ ਸੱਚ-ਮੁੱਚ ਚੁੜੇਲਾਂ-ਭੂਤਨੇ ਬੋਹੜ ਤੋਂ ਉੱਤਰ ਕੇ ਸਾਡੇ ਗਲ ਪੈ ਗਏ, ਫਿਰ ਕੀ ਬਣੇਗਾ? ਪਛਤਾਵਾ ਵੀ ਆਵੇ ਕਿ ਮੰਨ ਲਉ ਚੁੜੇਲਾਂ ਦੀ ਅਸਲੀਅਤ ਕੁਝ ਹੋਰ ਨਿੱਕਲੀ, ਫੇਰ ਕਿਹੜਾ ਲੋਕਾਂ ਨੇ ਜਿੰਨ-ਭੂਤਨਿਆਂ ਤੋਂ ਡਰਨਾ ਹਟ ਜਾਣੈ? ਐਵੇਂ ਪੰਗਾ ਈ ਲਿਆ! ਪਰ ਮੈਂ ਜੱਕੋ-ਤੱਕੋ ਕਰਦਾ ਇਨ੍ਹਾਂ ਦੇ ਹੱਥਾਂ ਵਿਚ ਹਥਿਆਰ ਦੇਖ ਕੇ ਅੱਗੇ ਅੱਗੇ ਤੁਰ ਪਿਆ।
ਕਾਲੀ-ਬੋਲੀ ਰਾਤ ਅਸੀਂ ਤੁਰ ਪਏ ਬੀਟਣੀ ਦੇ ਬੋਹੜ ਥੱਲੇ ਨੂੰ, ਜਿਥੋਂ ਸਿਖਰ ਦੁਪਹਿਰੇ ਲੰਘਦਿਆਂ ਵੀ ਲੋਕੀਂ ਖੌਫ਼ ਖਾਂਦੇ ਸਨ। ਪੁੱਟੀਏ ਪੈਰ ਅਸੀਂ ਮੋਹਰੇ ਨੂੰ, ਪਰ ਜਾਣ ਪਿੱਛੇ ਨੂੰ! ਪਰ ਸਿਰੜ ਬੰਨ੍ਹ ਕੇ ਸਾਡਾ ਜਥਾ ਤੁਰਿਆ ਰਿਹਾ। ਸਾਡੇ ਪੈਰਾਂ ਦੀ ਸਰ-ਸਰਾਹਟ ਸੁਣ ਕੇ ਜੇ ਕੋਈ ਚਿੜੀ-ਪਰਿੰਦਾ ‘ਸ਼ੂਅ’ ਦੀ ਆਵਾਜ਼ ਕਰਕੇ ਉੜਦਾ ਤਾਂ ਸਾਨੂੰ ਲੱਗਦਾ ਕਿ ਬੋਹੜ ਤੋਂ ਕੋਈ ਚੁੜੇਲ ਸਾਡੇ ‘ਤੇ ਹਮਲਾ ਕਰਨ ਆਈ ਹੈ! ਬੇ-ਦਿਲੀ ਅਤੇ ਹੌਸਲੇ ਦੇ ਕੰਢਿਆਂ ਵਿਚਕਾਰ ਅਸੀਂ ਕੱਛੂ ਵਾਂਗ ਤੁਰਦੇ ਗਏ। ਹੁਣ ਸਾਡੇ ਤੇ ਬੋਹੜ ਵਿਚਕਾਰ ਫਾਸਲਾ ਦੋ-ਚੌਂਹ ਖੇਤਾਂ ਦਾ ਹੀ ਰਹਿ ਗਿਆ। ਰਾਤ ਦੇ ਸੰਨਾਟੇ ‘ਚ ਗਾਉਣ ਦੀਆਂ ਅਵਾਜ਼ਾਂ ਹੋਰ ਸਾਫ ਸੁਣਾਈ ਦੇਣ ਲੱਗੀਆਂ। ਹੁਣ ਸਾਨੂੰ ਛੈਣੇ ਵੱਜਦੇ ਵੀ ਸੁਣਨ ਲੱਗ ਪਏ! ਪਰ ਅਸੀਂ ਤੁਰਨਾ ਜਾਰੀ ਰੱਖਿਆ।
ਜਦ ਬੋਹੜ ਤੋਂ ਅਸੀਂ ਸਿਰਫ ਇਕ ਖੇਤ ਪਿੱਛੇ ਰਹਿ ਗਏ, ਮੈਂ ਸਾਥੀਆਂ ਦਾ ਹੌਂਸਲਾ ਵਧਾਉਣ ਲਈ, ਖੁਸ਼ਕ ਹੋ ਰਹੇ ਗਲੇ ਵਿਚੋਂ ਝੂਠ-ਮੂਠ ਹੀ ਕਹਿ ਦਿੱਤਾ ਕਿ ਦੇਖਿਉ, ਗੱਲ ਵਿਚੋਂ ਕੋਈ ਹੋਰ ਈ ਨਿਕਲੂ! ਨਾਲ ਹੀ ਜੇਰਾ ਕਰਕੇ ਮੈਂ ਇਕ ਰੋੜਾ ਚੁੱਕ ਕੇ, ਸਾਰੇ ਜ਼ੋਰ ਨਾਲ ਬੋਹੜ ਵਲ ਵਗਾਹ ਮਾਰਿਆ। ਬੋਹੜ ਦੇ ਆਲੇ-ਦੁਆਲੇ ਦੇ ਝਾੜ-ਝੂੰਡਿਆਂ ‘ਚ ਰੋੜਾ ਡਿੱਗਣ ਨਾਲ ਕਈ ਸਾਰੇ ਪੰਛੀ-ਜਨੌਰ ਇਕੋ ਦਮ ਫੁੱਰਰ ਕਰਕੇ ਉੜ ਪਏ। ਬੋਹੜ ‘ਤੇ ਬੈਠੇ ਕੁਝ ਜਾਨਵਰਾਂ ਨੇ ਵੀ ਖੰਭ ਫੜ-ਫੜਾਏ ਤੇ ‘ਘੀਂਚ-ਘੀਂਚ’ ਦੀਆਂ ਆਵਾਜ਼ਾਂ ਆਈਆਂ, ਜੋ ਸ਼ਾਇਦ ਗਿਰਝਾਂ ਦੀਆਂ ਸਨ। ਪਰ ਇਸ ਦੇ ਬਾਵਜੂਦ ਵੀ ਗਾਉਣ-ਵਜਾਉਣ ਦੀਆਂ ਆਵਾਜ਼ਾਂ ਬਾ-ਦਸਤੂਰ ਜਾਰੀ ਰਹੀਆਂ। ਇਸ ਤੋਂ ਸਾਨੂੰ ‘ਸ਼ੱਕ’ ਹੋ ਗਿਆ ਕਿ ਰੋੜਾ ਵੱਜਣ ਦੀ ਆਵਾਜ਼ ਸੁਣ ਕੇ ਵੀ ਜੇ ਭੂਤਾਂ ਨੇ ਵਾਜੇ-ਢੋਲਕੀਆਂ ਬੰਦ ਨਹੀਂ ਕੀਤੇ, ਇਹਦਾ ਮਤਲਬ ਕੋਈ ‘ਗੜਬੜ’ ਹੈ।
ਰਾਣੇਵਾਲ ਦੀ ਆਬਾਦੀ ਤੋਂ ਲੈ ਕੇ ਬੀਟਣੀ ਦੇ ਮੋੜ ਤੱਕ ਜ਼ਮੀਨ ਦਾ ਇਕੋ ਲੈਵਲ ਹੈ, ਪਰ ਅੱਗੇ ਇਕਦਮ ਢਲਾਣ ਹੈ। ਸੋ ਅਸੀਂ ਮਜ਼ਬੂਤ ਇਰਾਦੇ ਨਾਲ ਦੌੜ ਕੇ ਬੋਹੜ ਥੱਲੇ ਜਾ ਪਹੁੰਚੇ! ਉਥੇ ਪਹੁੰਚ ਕੀ ਦੇਖਦੇ ਹਾਂ ਕਿ ਬੋਹੜ ਉੱਪਰ ਤਾਂ ਸੁੰਨ-ਮ-ਸਾਨ ਹੈ, ਪਰ ਸਾਹਮਣੇ ਟਿੱਬੇ ‘ਤੇ ਸਥਿਤ ਪਿੰਡ ਸੋਇਤੇ ਦੇ ਬਾਹਰਵਾਰ ਪਿੜਾਂ ਵਿਚ ਮੁਜ਼ਰਾ ਚੱਲ ਰਿਹਾ ਹੈ। ਮੁਜ਼ਰੇ ਵਿਚ ਗਾ ਰਹੀਆਂ ਨਚਾਰਾਂ ਦੇ ਚਿਹਰਿਆਂ ‘ਤੇ ਰੌਸ਼ਨੀ ਪਾਉਣ ਲਈ ਮਸ਼ਾਲਚੀ ਹੱਥਾਂ ਵਿਚ ਮਸ਼ਾਲਾਂ ਫੜ ਕੇ ਨਚਾਰਾਂ ਦੇ ਨਾਲ ਨਾਲ ਇਧਰੋਂ-ਉਧਰੋਂ ਭੱਜੀ ਜਾ ਰਹੇ ਸਨ। ਇਥੇ ਹੀ ਢੋਲਕੀ, ਵਾਜੇ ਤੇ ਛੈਣੇ ਵੱਜ ਰਹੇ ਸਨ।
ਹੱਸ ਹੱਸ ਕੇ ਦੋਹਰੇ ਹੁੰਦਿਆਂ ਭਾਈਆ ਜੀ ਤੇ ਬਾਪੂ ਗੇਂਦਾ ਸਿੰਘ ਸਾਨੂੰ ‘ਚੁੜੇਲਾਂ ਦੇ ਸੰਗੀਤ’ ਦਾ ਰਹੱਸ ਸਮਝਾਉਂਦਿਆਂ ਦੱਸਦੇ ਹੁੰਦੇ ਸਨ ਕਿ ਪਿੰਡ ਰਾਣੇਵਾਲ, ਸੋਇਤਾ ਤੇ ਬੀਟਣੀ ਵਾਲਾ ਬੋਹੜ, ਇਕੋ ਸੇਧ ਵਿਚ ਸਨ।
ਦੋਵੇਂ ਪਿੰਡ ਇਕ ਹੀ ਲੈਵਲ ‘ਤੇ ਸਥਿਤ ਸਨ ਜਦ ਕਿ ਦੋਹਾਂ ਦੇ ਵਿਚਕਾਰ ਬੋਹੜ ਨੀਵੇਂ ਥਾਂ ‘ਤੇ ਖੜ੍ਹਾ ਸੀ। ਪਰ ਬੋਹੜ ਦੀ ਭਾਰੀ ਛਤਰੀ, ਦੋਹਾਂ ਪਿੰਡਾਂ ਦੇ ਲੈਵਲ ਵਿਚਕਾਰ ਆਉਂਦੀ ਸੀ। ਸੰਨ 47 ਤੋਂ ਪਹਿਲਾਂ ਸੋਇਤੇ ਪਿੰਡ ਵਿਚ ਰੰਘੜ ਮੁਸਲਮਾਨ ਜਿ਼ਆਦਾ ਰਹਿੰਦੇ ਸਨ, ਜਿਹੜੇ ਅਕਸਰ ਮੌਜ-ਮਸਤੀ ਲਈ ਕੰਜਰੀਆਂ ਦੇ ਮੁਜ਼ਰੇ ਕਰਵਾਉਂਦੇ ਰਹਿੰਦੇ ਸਨ। ਸੋ ਰਾਣੇਵਾਲ ਦੀ ਸਾਈਡ ਤੋਂ ਸੋਇਤੇ ਪਿੰਡ ਦੇ ਪਿੜਾਂ ਵਿਚ ਬਲਦੀਆਂ ਮਸ਼ਾਲਾਂ ਇਉਂ ਜਾਪਦੀਆਂ ਸਨ, ਜਿਵੇਂ ਇਹ ਬੀਟਣੀ ਵਾਲੇ ਬੋਹੜ ਦੀ ਛਤਰੀ ਵਿਚ ਘੁੰਮ ਰਹੀਆਂ ਹੋਣ। ਹਾਂ, ਮੁਜਰੇ ਵਿਚ ਨੱਚਦੀਆਂ, ਕੰਜਰੀਆਂ ਨੂੰ ਤਾਂ ਤੁਸੀਂ ਭੂਤਨੀਆਂ ਜਾਂ ਚੁੜੇਲਾਂ ਕਹਿ ਹੀ ਸਕਦੇ ਹੋ! ਪਰ ਇਹ ਜਿਊਂਦੀਆਂ ਜਾਗਦੀਆਂ ਚੁੜੇਲਾਂ ਸਨ, ਉਹ ਨਹੀਂ, ਜੋ ਬਾਪੂ ਗੇਂਦਾ ਸਿੰਘ ਤੇ ਉਨ੍ਹਾਂ ਦੇ ਸਾਥੀ ਸਮਝਦੇ ਸਨ।
ਅੰਤਿਕਾ : ਇਨ੍ਹਾਂ ਸਤਰਾਂ ਦਾ ਲੇਖਕ ਸੰਨ 73-74 ਵਿਚ ਨਵਾਂਸ਼ਹਿਰ ਪੜ੍ਹਨ ਜਾਣ ਸਮੇਂ ਰੋਜ਼ਾਨਾ ਦੋ ਵੇਲੇ ਇਸੇ ਬੀਟਣੀ ‘ਚੋਂ ਸਾਈਕਲ ‘ਤੇ ਲੰਘਦਾ ਰਿਹਾ। ਉਦੋਂ ਤੱਕ ਬੋਹੜ ਵੀ ਵੱਢਿਆ ਜਾ ਚੁੱਕਾ ਸੀ, ਟਰੈਕਟਰਾਂ ਨਾਲ ਮਲ੍ਹੇ-ਝਾੜੀਆਂ ਸਾਫ ਕੀਤੇ ਜਾ ਚੁੱਕੇ ਸਨ। ਖੂਹ ਪੂਰ ਕੇ ਟਿਊਬਵੈੱਲ ਲੱਗ ਚੁੱਕਾ ਸੀ। ਕੱਚੀ ਗੋਹਰੀ ਦੀ ਥਾਂ ਬਣੀ ਹੋਈ ਪੱਕੀ ਸੜਕੇ ਬਚੀਆਂ ਖੁਚੀਆਂ ਚੁੜੇਲਾਂ ਪਤਾ ਨਹੀਂ ਕਿਧਰ ਦੌੜ ਗਈਆਂ!