ਅੱਜ ਆਖਾਂ ਮੱਖਣ ਸ਼ਾਹ ਨੂੰ
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਦੋਂ ਸ਼ਹਿਰ ਬਕਾਲੇ ਸੱਚ ਨੂੰ
ਲਿਆ ਝੂਠ ਸੀ ਘੇਰਾ ਪਾ।
ਸਭ ਛੱਡ ਸੀ ਗੱਦੀਆਂ ਦੌੜਗੇ
ਤੇਰੀ ਪਾਰਖੂ ਬੁੱਧੀ ਤੋਂ ਘਬਰਾ।
ਅੱਜ ਮੁੜ ਕੇ ਦੁਬਾਰਾ ਕਰ ਰਹੇ
ਬਣ ਡੇਰੇਦਾਰ ਕਲੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਬਾਬੇ ਦਿੱਤਾ ਸੀ ਹੋਕਾ ਸੱਚ ਦਾ
ਇਹਨਾਂ ਝੂਠਿਆਂ ਲਿਆ ਛੁਪਾ।
ਗੱਲਾਂ ਨਾਲ ਵਾਰਿਸ ਸਦਵਾਂਵਦੇ
ਨਹੀਂ ਵਿਰਸੇ ਦੀ ਕੋਈ ਪਰਵਾਹ।
ਉੱਡ ਜਾਵੇ ਅੰਧਵਿਸ਼ਵਾਸ ਵੇ
ਸੁਣ ਗਿਆਨ ਤਰਕ ਦਾ ਢੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਵੀਹਾਂ -ਬਾਈਆਂ ਨੂੰ ਜਦ ਸੀ ਖਦੇੜਿਆ
ਹੁਣ ਪੁਜਗੇ ਹਜਾਰੀਂ ਆ।
ਗੁਰਮਤਿ ਦੇ ਵਰੁੱਧ ਕਰਮਕਾਂਡੀਆਂ
ਲਈਆਂ ਸੰਪਰਦਾਂਵਾਂ ਵਧਾਅ।
ਅੱਜ ਗੁਰੂ ਸਾਹਿਬਾਂ ਦੀ ਸਿਖਿਆ
ਦਿੱਤੀ ਸਾਧਾਂ ਸੰਤਾਂ ਰੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਤੂੰ ਗਿਆ ਸੀ ਦੇਣ ਦਸਵੰਧ ਨੂੰ
ਇਹਨਾਂ ਸੁਖਣਾਂ ਲਈ ਬਣਾ।
ਘੜ ਘੜ ਕਰਾਮਾਤੀ ਸਾਖੀਆਂ
ਦਿੱਤਾ ਸੱਚ ਦਾ ਸੰਦੇਸ਼ ਝੁਠਲਾਅ।
ਲਾ ਕਸੌਟੀ ਗੁਰੂ ਗ੍ਰੰਥ ਦੀ
ਸਿੱਖਾ ਕਰ ਵੇ ਅੱਜ ਪੜਚੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਿਹਨਾਂ ਬੰਦੇ ਨੂੰ ਨਹੀਂ ਜਾਣਿਆਂ
ਦਾਹਵੇ ਰੱਬ ਦੇ ਕਰਨ ਹਜਾਰ।
ੳਹੋ ਬ੍ਰਹਿਮਗਿਆਨੀ ਅਖਵਾਂਵਦੇ
ਸੰਤ- ਬਾਬੇ- ਜਥੇਦਾਰ।
ਅੱਜ ਸਿੱਖ ਵਿਚਾਰਾ ਹੋ ਰਿਹਾ
ਮੰਝਧਾਰ `ਚ ਡਾਵਾਂਡੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਅੱਜ ਝੂਠ ਹੰਕਾਰੀ ਹੋ ਗਿਆ
ਇਹਦੀ ਅਕਲ ਗਈ ਏ ਘੁੰਮ।
ਸੱਚ ਜਹਿਰ ਪਿਆਲੇ ਪੀਂਵਦਾ
ਕਿਤੇ ਫਾਂਸੀ ਲੈਂਦਾ ਚੁੰਮ।
ਦਸ ਕਿੰਝ ਕਹੇ ਗਲੀਲੀਓ
ਨਾਂ ਘੁੰਮਦੀ ਧਰਤ ਨਾਂ ਗੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਗੁਰਸਿੱਖਆ ਨਹੀਂ ਅਪਣਾਂਵਦੇ
ਬਸ ਪੜ੍ਹ-ਪੜ੍ਹ ਪਾਉਂਦੇ ਭੋਗ।
ਧਰਮੀ ਅਖਵਾਉਣ ਦਾ ਇੰਝ ਹੀ
ਹੁਣ ਭਰਮ ਪਾਲਦੇ ਲੋਗ।
ਸੱਚੋਂ ਉਪਰ ਸੱਚ ਆਚਾਰ ਹੈ
ਸਿੱਖਾ ਦੱਸ ਸੰਸਾਰ ਨੂੰ ਖੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਪਖੰਡ ਕੱਢਣ ਲਈ ਜੱਗ `ਚੋਂ
ਜਿਹੜੇ ਸੱਚ ਦੀ ਲਾਉਂਦੇ ਹੇਕ।
ਬਣ ਮਜ਼ਹਬ ਦੇ ਠੇਕੇਦਾਰ ਇਹ
ਝੱਟ ਦੇਂਦੇ ਉਸਨੂੰ ਛੇਕ।
ਰਹਿੰਦਾ ਜੱਗ ਦੇ ਅੰਦਰ ਚੱਲਦਾ
ਸਦਾ ਸੱਚ ਝੂਠ ਦਾ ਘੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।।
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)