ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਦੈਂਤਾਂ ਦੇ ਦਲ ਵਿਚ ਦੇਵਤੇ?

ਤਰਲੋਚਨ ਸਿੰਘ ਦੁਪਾਲਪੁਰ —
ਦੈਂਤਾਂ ਦੇ ਦਲ ਵਿਚ ਦੇਵਤੇ?

ਸੰਨ ਉਨੀ ਸੌ ਪਚਾਸੀ-ਛਿਆਸੀ ਦਾ ਅਤਿ ਖਤਰਨਾਕ ਸਮਾਂ…ਪੰਜਾਬ ਵਿਚ ਚਾਰੋਂ ਤਰਫ ਮਾਰੋ-ਮਾਰੀ…ਕਦੇ ਕਿਤੇ ਪੁਲਿਸ ਮੁਕਾਬਲਾ ਕਦੇ ਕਿਤੇ…ਸਿੱਖ ਨੌਜਵਾਨਾਂ ਦਾ ਸਿ਼ਕਾਰ ਪੂਰੇ ਜ਼ੋਰਾਂ ‘ਤੇ…ਦਿਨ ਢਲਦਿਆਂ ਹੀ ਸ਼ਹਿਰ-ਬਾਜ਼ਾਰ ਸੁੰਨੇ ਸੁੰਨੇ…ਜੰਗਲ ਦਾ ਰਾਜ…ਕਿਸ ਨੂੰ ਕਿੱਥਿਉਂ ਫੜ ਕੇ, ਕਿੱਥੇ ਲੈ ਜਾ ਕੇ ਮੁਕਾਬਲੇ ‘ਚ ਮੁਕਾਉਣਾ ਹੈ?…ਕੋਈ ਪਤਾ ਨਹੀਂ!
ਪੁਲਿਸ ਅਤੇ ਸੁਰੱਖਿਆ ਬਲਾਂ ਤੋਂ ਸਾਰੇ ਪੰਜਾਬ ਵਾਸੀ ਭੈਅ-ਭੀਤ! ਐਹੋ ਜਿਹੇ ਕਲੀ-ਕਾਲ ਦੇ ਦਿਨੀਂ, ਫਿਲੌਰ ਦੇ ਬੱਸ ਅੱਡੇ ਵਿਚ ਪਈ ਸ਼ਾਮ ਦਾ ਇਕ ਦ੍ਰਿਸ਼…ਆਲੇ ਦੁਆਲੇ ਚਾਹ-ਦੁੱਧ ਦੀਆਂ ਦੁਕਾਨਾਂ, ਢਾਬੇ ਸਭ ਬੰਦ…ਮੂੰਗਫਲੀ ਦੀਆਂ ਰੇੜ੍ਹੀਆਂ ਵਾਲੇ ਵੀ ਕਦੋਂ ਦੇ ਆਪਣੇ ਆਪਣੇ ਘਰੀਂ ਜਾ ਚੁੱਕੇ ਨੇ…ਚਾਰ-ਚੁਫੇਰੇ ਕਾਂ ਨਾ ਕਵਿੱਤਰੀ…ਕਰਫਿਊ ਵਰਗੀ ਹਾਲਤ…ਇਧਰ ਉਧਰ ਜਾਣ ਵਾਲੀਆਂ ਆਖਰੀ, ਬੱਸਾਂ ਵੀ ਜਾ ਚੁੱਕੀਆਂ ਨੇ…ਸੁੰਨ-ਮਸਾਨ ਸੜਕ ਉਤੋਂ ਕਦੇ-ਕਦਾਈਂ ਕੋਈ ਵਾਹਨ ਗੁਜ਼ਰਦਾ… ਪਲ ਪਲ ਵਧਦੀ ਜਾਂਦੀ ਠੰਢ ਅਤੇ ਹੋ ਰਹੇ ਹਨੇਰੇ ਵਿਚ, ਕੱਛਾਂ ‘ਚ ਹੱਥ ਦੇਈ ਤਿੰਨ ਯਾਤਰੂ ਸਹਿਮੇ ਹੋਏ ਖੜ੍ਹੇ ਹਨ…ਇਕ, ਖੁੱਲ੍ਹੀ ਦਾਹੜੀ ਤੇ ਨੀਲੀ ਪੱਗ ਵਾਲਾ ਨੌਜਵਾਨ ਗੱਭਰੂ, ਦੂਸਰਾ, ਉਚੇ ਲੰਮੇ ਕੱਦ-ਕਾਠ ਵਾਲਾ ਵਿਦੇਸ਼ ਤੋਂ ਆਇਆ ਹੋਇਆ ਜਾਪਦਾ ਨਵਾਂ ਨਵਾਂ ਵਿਆਹਿਆ ਕਲੀਨ ਸ਼ੇਵ ਨੌਜਵਾਨ, ਨਾਲ ਖੜੀ ਉਸ ਦੀ ਨਵ-ਵਿਆਹੀ ਵਹੁਟੀ, ਜਿਸ ਨੇ ਗਲ ਵਿਚ ਤੇ ਕੰਨਾਂ ਵਿਚ ਸੋਨੇ ਦੇ ਮੋਟੇ ਮੋਟੇ ਗਹਿਣੇ ਪਾਏ ਹੋਏ ਹਨ…ਡੌਰ-ਭੌਰ ਹੋਏ ਤਿੰਨੋਂ ਜਣੇ ਐਧਰ-ਉਧਰ ਨੂੰ ਝਾਕ ਰਹੇ ਨੇ।
ਬੱਸ ਦੀ ਉਡੀਕ ਵਿਚ ਖੜ੍ਹੇ ਇਨ੍ਹਾਂ ਤਿੰਨਾਂ ਮਾਸੂਮ ਜਿਹੇ ਯਾਤਰੂਆਂ ਵਲ, ਬੱਸ ਅੱਡੇ ਦੇ ਇਕ ਪਾਸੇ ਤਾਇਨਾਤ ਖੜੇ ਸੁਰੱਖਿਆ ਫੋਰਸ ਦੇ ਜਵਾਨ, ਘੂਰ ਘੂਰ ਕੇ ਦੇਖ ਰਹੇ ਹਨ। ਨਵਾਂ ਸ਼ਹਿਰ ਵਲ ਨੂੰ ਜਾਣ ਵਾਲੇ ਕਿਸੇ ਟਰੱਕ ਜਾਂ ਕਿਸੇ ਹੋਰ ਵਾਹਨ ਅੱਗੇ ਦੌੜ ਕੇ, ਪੱਗ ਵਾਲਾ ਗੱਭਰੂ ਰੁਕ ਜਾਣ ਲਈ ਹੱਥ ਦਾ ਇਸ਼ਾਰਾ ਕਰਦਾ, ਪਰ ਕੁਵੇਲਾ ਹੋਣ ਕਰਕੇ ਖੜ੍ਹਦਾ ਕੋਈ ਵੀ ਨਾ। ਬੇ-ਵੱਸ ਹੋਏ ਇਨ੍ਹਾਂ ਤਿੰਨਾਂ ਅੱਗੇ, ਅਚਾਨਕ ਇਕ ਫੋਰ-ਵੀਲ੍ਹਰ ਆਣ ਰੁਕਦਾ ਹੈ, ਆਸ਼ਾਵਾਦੀ ਜਿਹੇ ਹੋ ਕੇ ਇਹ ਤਿੰਨੋਂ, ਡਰਾਈਵਰ ਨੂੰ ਪੁੱਛਦੇ ਨੇ-
“ਭਾਈ ਰਾਹੋਂ-ਨਵਾਂਸ਼ਹਿਰ ਵਲ ਜਾ ਰਹੇ ਹੋ?”
ਡਰਾਈਵਰ ਆਪਣੇ ਮੂੰਹੋਂ ‘ਹਾਂ-ਨਾਂਹ’ ਕਹਿਣ ਦੀ ਬਜਾਏ ਨਾਲ ਬੈਠੇ ਪੁਲਸੀਆਂ ਵਲ ਤੱਕਦਾ ਹੈ। ਡਰਾਈਵਰ ਦੇ ਨਾਲ ਫਸ-ਫਸ ਕੇ ਬੈਠੇ ਪੁਲਸੀਆਂ ਵਿਚੋਂ ਇਕ ਜਣਾ, ਪਹਾੜੀ ਕਾਂ ਵਰਗੀ ਆਵਾਜ਼ ਕੱਢ ਕੇ ਬੋਲਦਾ ਹੈ-
“ਆਹੋ, ਨਵਾਂ ਸ਼ਹਿਰ ਈ ਜਾਣੈ, ਦੱਸੋ!”
ਉਸ ਦੇ ਨਾਲ ਵਾਲੇ ਪੁਲਸੀਆਂ ਨੇ ਵੀ ਧੌਣਾਂ ਉੱਚੀ ਕਰਕੇ ਥੱਲੇ ਖੜੀਆਂ ‘ਸਵਾਰੀਆਂ’ ਵਲ ਅੱਖਾਂ ਪਾੜ ਪਾੜ ਕੇ ਦੇਖਿਆ। ਵਿਚ ਬੈਠੇ ਪੁਲਸੀਆਂ ਵਲ ਦੇਖ ਕੇ, ਥੱਲੇ ਖੜ੍ਹੇ ਤਿੰਨੋ ਜਣੇ ਖੌਫਜ਼ਦਾ ਹੋ ਕੇ ਫੋਰ ਵੀਲ੍ਹਰ ਤੋਂ ਪਿੱਛੇ ਨੂੰ ਹੋ ਗਏ। ਉਨ੍ਹਾਂ ਇੰਜ ਮਹਿਸੂਸ ਕੀਤਾ, ਜਿਵੇਂ ਕਿਤੇ ਉਨ੍ਹਾਂ ਤੋਂ ਭੁਲੇਖੇ ਨਾਲ ਸੱਪ ਦੀ ਖੁੱਡ ‘ਚ ਹੱਥ ਪੈ ਗਿਆ ਹੋਵੇ!
ਜੀ-ਭਿਆਣੇ ਜਿਹੇ ਹੋ ਕੇ ਤਿੰਨੋਂ ਯਾਤਰੂ ਜਦੋਂ ਬਿਨਾ ਕੋਈ ਗੱਲ ਕੀਤਿਆਂ, ਫੇਰ ਫੋਰ-ਵੀਲ੍ਹਰ ਕੋਲੋਂ ਪਿੱਛੇ ਨੂੰ ਹਟ ਕੇ ਖੜ ਗਏ ਤਾਂ ਡਰਾਈਵਰ ਨੇ ਗੱਡੀ ਦਾ ਇੰਜਣ ਬੰਦ ਕਰ ਦਿੱਤਾ। ਦੂਸਰੀ ਸਾਈਡ ਦੀ ਡੋਰ ਖੁੱਲ੍ਹਦੀ ਹੈ ਅਤੇ ਤਿੰਨ ਪੁਲਿਸ ਜਵਾਨ ਰਫਲਾਂ ਚੁੱਕੀ ਥੱਲੇ ਛਾਲਾਂ ਮਾਰਦੇ ਹਨ। ਸੜਕ ਟੱਪ ਕੇ ਇਹ ਤਿੰਨੇ ਜਣੇ, ਯਾਤਰੂਆਂ ਵਲ ਆਉਂਦੇ ਨੇ। ਮੋਹਰੇ ਮੋਹਰੇ ਤੁਰਿਆ ਹੋਇਆ ‘ਸਰਦਾਰ’ ਪੁਲਸੀਆ ਇਨ੍ਹਾਂ ਦਾ ਅਫਸਰ ਜਾਪਦਾ ਹੈ।
ਮੌਤ ਦੇ ਮੂੰਹ ‘ਚ ਪੈ ਗਏ ਜਾਣ ਕੇ, ਤਿੰਨਾਂ ਯਾਤਰੂਆਂ ਦੇ ਚਿਹਰੇ ਪੀਲੇ ਭੂਕ ਹੋ ਗਏ…ਕਿਸੇ ਅਣਹੋਣੀ ਵਾਪਰਨ ਦੇ ਖਦਸ਼ੇ ਇਨ੍ਹਾਂ ਦੇ ਜਿ਼ਹਨ ‘ਚ ਤੈਰਨ ਲੱਗ ਪਏ…ਪੰਜਾਬ ਪੁਲਿਸ ਦੇ ‘ਸੁਭਾਅ ਅਤੇ ਵਿਵਹਾਰ’ ਦੇ ਸੁਣੇ ਹੋਏ ਕਿੱਸੇ, ਇਨ੍ਹਾਂ ਦੀ ਜਾਨ ਸੁਕਾਉਣ ਲੱਗੇ…!
…ਠਹਿਰੋ! ਅੱਗੇ ਕੀ ਹੋਇਆ? ਇਹ ਦੱਸਣ ਤੋਂ ਪਹਿਲਾਂ ਅਹਿ ਜਾਣਕਾਰੀ ਵੀ ਦੇ ਦਿਆਂ ਕਿ ਸੁਣਾਈ ਜਾ ਰਹੀ ਕਹਾਣੀ ਕੋਈ ਕਾਲਪਨਿਕ ਜਾਂ ਫਰਜ਼ੀ ਨਹੀਂ, ਸਗੋਂ ਹਕੀਕਤ ਬਿਆਨੀ ਜਾ ਰਹੀ ਹੈ। ਇਸ ਦੇ ਤਿੰਨ ਮੁੱਖ ਪਾਤਰਾਂ ਵਿਚ ਦਸਤਾਰਧਾਰੀ ਮੇਰਾ ਛੋਟਾ ਭਰਾ ਅਤੇ ਨਵਾਂ ਵਿਆਹਿਆ ਜੋੜਾ, ਮੇਰਾ ਭਾਣਜਾ ਤੇ ਭਾਣਜ-ਨੂੰਹ ਹਨ।
ਅਸਲ ਵਿਚ ਮੇਰੇ ਭਾਣਜੇ ਨੇ ਵਿਦੇਸ਼ ਤੋਂ ਪੰਜਾਬ ਜਾ ਕੇ ਵਿਆਹ ਕਰਵਾਇਆ ਸੀ। ਜਿ਼ਲਾ ਨਵਾਂਸ਼ਹਿਰ ਵਿਚ ਸਾਡੇ ਪਿੰਡ ਇਹ ਠਹਿਰੇ ਹੋਏ ਸਨ। ਆਪਣੀ ਵਹੁਟੀ ਦੀ ਪੇਕਿਆਂ ਵਲੋਂ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਵਾਸਤੇ ਮੇਰੇ ਭਰਾ ਨੂੰ ਨਾਲ ਲੈ ਕੇ, ਇਹ ਜਗਰਾਵਾਂ ਵਲ ਚੱਲੇ ਗਏ। ਉਥੋਂ ਵਾਪਸ ਆਉਂਦਿਆਂ ਇਨ੍ਹਾਂ ਨੂੰ ਕਾਫੀ ਹਨੇਰਾ ਹੋ ਗਿਆ।
ਗੜਬੜੀ ਵਾਲੇ ਹਾਲਾਤ ਕਰਕੇ ਉਨ੍ਹਾਂ ਦਿਨਾਂ ਵਿਚ ਬੱਸਾਂ ਦੀ ਆਵਾਜਾਈ ਸ਼ਾਮ ਛੇ ਕੁ ਵਜੇ ਹੀ ਬੰਦ ਹੋ ਜਾਂਦੀ ਸੀ। ਲੁਧਿਆਣੇ ਤੋਂ ਜਲੰਧਰ ਜਾਣ ਵਾਲੀ ਬੱਸ ਬਹਿ ਕੇ ਇਹ ਤਿੰਨੇ ਜਣੇ ਫਿਲੌਰ ਤਾਂ ਪਹੁੰਚ ਗਏ। ਪਰ ਅੱਗੇ ਨਵਾਂਸ਼ਹਿਰ ਜਾਂ ਰਾਹੋਂ ਪਹੁੰਚਣ ਲਈ ਇਨ੍ਹਾਂ ਨੂੰ ਕੋਈ ਵਸੀਲਾ ਨਹੀਂ ਸੀ ਲੱਭ ਰਿਹਾ।
ਉਨ੍ਹਾਂ ਦਿਨਾਂ ਵਿਚ ਹਾਲੇ ਟੈਲੀਫੋਨ ਪਿੰਡਾਂ ਤੱਕ ਨਹੀਂ ਸਨ ਪਹੁੰਚੇ। ਇਸ ਕਰਕੇ ਜਿਉਂ ਜਿਉਂ ਹਨੇਰਾ ਪਸਰਦਾ ਜਾ ਰਿਹਾ ਸੀ, ਅਸੀਂ ਪਿੰਡ ਬੈਠੇ ਚਿੰਤਾ ਫਿਕਰ ਵਿਚ ਸੁੱਕੀ ਜਾ ਰਹੇ ਸਾਂ। ਮਿੱਥੇ ਹੋਏ ਪ੍ਰੋਗਾਮ ਅਨੁਸਾਰ ਇਨ੍ਹਾਂ ਸ਼ਾਮ ਨੂੰ ਅਵੱਸ਼ ਮੁੜ ਆਉਣਾ ਸੀ, ਕਿਉਂਕਿ ਦੂਜੇ ਦਿਨ ਲਈ ਕੁਝ ਹੋਰ ਖਾਸ ਰੁਝੇਵੇਂ ਉਲੀਕੇ ਹੋਏ ਸਨ। ਮੇਰੀ ਮਾਂ ਤੇ ਭੈਣ, ਮੁੜ ਮੁੜ ਗਲ਼ ‘ਚ ਚੁੰਨੀ ਪਾ ਕੇ ਅਰਦਾਸਾਂ ਕਰ ਰਹੀਆਂ ਸਨ। ਸਾਡੇ ਸਾਰਿਆਂ ਦੇ ਕੰਨ, ਪਿੰਡ ‘ਚ ਆਉਣ ਵਾਲੀ ਕਿਸੇ ਗੱਡੀ ਜਾਂ ਟੈਂਪੂ ਦੀ ਬਿੜਕ ਵਲ ਲੱਗੇ ਹੋਏ ਸਨ। ਕੋਈ ਜਣਾ ਨਾਲ ਗਈ ਵਹੁਟੀ ਦੇ ਪਾਏ ਹੋਏ ਗਹਿਣਿਆਂ ਦੀ ਗੱਲ ਕਰ ਰਿਹਾ ਸੀ।
ਕੋਈ ਨੀਲੀ ਪੱਗ ਬੰਨ੍ਹ ਕੇ ਗਏ ਮੇਰੇ ਭਰਾ ਦੀ ਨਿੱਤ ਦਿਨ ਅਖ਼ਬਾਰਾਂ ‘ਚ ਆਉਂਦੀਆਂ ਕੁਲਹਿਣੀਆਂ ਖ਼ਬਰਾਂ ਨੂੰ ਚਿਤਵਦਿਆਂ ਸਾਡੇ ਸਾਰਿਆਂ ਦੇ ਸਾਹ ਸੂਤੇ ਪਏ ਸਨ। ਰਾਤ ਦਾ ਰੋਟੀ-ਪਾਣੀ ਤਾਂ ਪਕਾਇਆ ਜਾ ਰਿਹਾ ਸੀ, ਪਰ ਖਾਣ ਦੀ ਹਿੰਮਤ ਕਿਸੇ ਦੀ ਨਹੀਂ ਸੀ ਪੈਂਦੀ।
…ਤੇ ਕਾਫੀ ਦੇਰ ਰਾਤ ਗਈ, ਛਾਏ ਹੋਏ ਸੰਨਾਟੇ ਵਿਚ ਸਾਡੇ ਘਰ ਦੀਆਂ ਕੰਧਾਂ ਉਪਰ ਤੇਜ਼ ਲਾਈਟਾਂ ਪਈਆਂ! ਇਸ ਦੇ ਨਾਲ ਹੀ ਕਿਸੇ ਵਾਹਨ ਦੀ ਰੁਕਣ ਦੀ ਆਵਾਜ਼ ਆਈ!…ਫਿਰ ਉਸ ਦੀਆਂ ਤਾਕੀਆਂ ਖੁੱਲ੍ਹਣ ਅਤੇ ਬੰਦ ਹੋਣ ਦਾ ਖੜਾਕਾ ਹੋਇਆ!! ਅਸੀਂ ਸਾਰਾ ਟੱਬਰ ਵਾਹੋ-ਦਾਹੀ ਬਾਹਰ ਵਲ ਨੂੰ ਦੌੜ ਪਏ…ਅੱਗੇ ਕੀ ਦੇਖਦੇ ਹਾਂ…ਇਕ ਫੋਰ ਵੀਲ੍ਹਰ ਖੜਾ ਹੈ…।
ਜੇ ਕੋਈ ਆਖੇ ਕਿ ਮੈਂ ਸ਼ੇਰ ਦੇ ਘੁਰਨੇ ਵਿਚ ਵੜ ਕੇ ਸਹੀ ਸਲਾਮਤ ਆ ਗਿਆ ਹਾਂ, ਜਾਂ ਇੱਲ੍ਹ ਦੇ ਆਲ੍ਹਣੇ ‘ਚੋਂ ਮਾਸ ਲੱਭ ਜਾਣ ਦੀ ਗੱਲ ਕਰੇ, ਤਾਂ ਕੋਈ ਯਕੀਨ ਨਹੀਂ ਕਰ ਸਕਦਾ। ਪਰ ਕਈ ਵਾਰੀ ਐਸੇ ਕਰਾਮਾਤੀ ਵਾਕਿਆਤ ਹੋ ਨਿਬੜਦੇ ਹਨ ਕਿ ਦੇਖਣ ਸੁਣਨ ਵਾਲਿਆਂ ਦੇ ਦੰਦ ਹੀ ਜੁੜ ਜਾਂਦੇ ਹਨ। ਸਰਬ ਸ਼ਕਤੀ-ਮਾਨ ਵਾਹਿਗੁਰੂ ਜਦੋਂ ਔਰੰਗਜ਼ੇਬ ਜਿਹੇ ਬਣਾਉਂਦਾ ਹੈ ਤਾਂ ਨਾਲ ਪੀਰ ਬੁੱਧੂ ਸ਼ਾਹ ਵੀ ਸਾਜ਼ ਦਿੰਦਾ ਹੈ। ਜਦੋਂ ਕਦੇ ਵਜੀਦ ਖਾਨ ਸਰਹਿੰਦ ਜਿਹੇ ਦੈਂਤਾਂ ਦੀ ਰਚਨਾ ਕਰਦਾ ਹੈ ਤਾਂ ਕਿਸੇ ਗਨੀ ਖਾਂ, ਨਬੀ ਖਾਂ ਨੂੰ ਵੀ ਸਾਜਦਾ ਹੈ। ਪੱਥਰ ਦਿਲ ਚੰਦੂਆਂ, ਗੰਗੂਆਂ, ਸੁੱਚਾ ਨੰਦਾਂ ਦੇ ਨਾਲ ਨਾਲ ਕਿਸੇ ਮੋਤੀ ਮਹਿਰੇ ਅਤੇ ਟੋਡਰ ਮੱਲ ਜਿਹੇ ਰਹਿਮ-ਦਿਲ ਫਰਿਸ਼ਤਿਆਂ ਦੀ ਘਾੜਤ ਵੀ ਘੜ ਦਿੰਦਾ ਹੈ।
ਸੂਰਜ, ਚੰਨ, ਸਿਤਾਰੇ, ਜੁਗਨੂੰ
ਰਮਜ਼ੀਂ ਰਮਜ਼ੀਂ ਆਖ ਰਹੇ
ਨੇਰ੍ਹ ਮਿਟੌਣ ਵਾਲੇ
ਆਪਣੇ ਫਰਜ਼ੋਂ ਨਾਗਾ ਪੌਣ ਕਦੋਂ!
…ਫਿਲੌਰ ਅੱਡੇ ‘ਚ ਰੁਕੇ ਫੋਰ-ਵੀਲ੍ਹਰ ‘ਚੋਂ ਉਤਰੇ ਪੁਲਿਸ ਵਾਲਿਆਂ ਨੇ ਤਿੰਨਾਂ ਮੁਸਾਫਰਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ? ਹੁਣ ਸੁਣੋ ਉਹ ਦਿਲਚਸਪ ਬ੍ਰਿਤਾਂਤ…
ਕੌਣ ਕੌਣ ਹੈ? ਕਿਥੋਂ ਆਏ ਤੇ ਕਿਥੇ ਚੱਲੇ ਹੋ? ਵਗੈਰਾ ਸਵਾਲ ਪੁੱਛ ਕੇ, ਪੁਲਿਸ ਵਾਲਿਆਂ ਇਨ੍ਹਾਂ ਨੂੰ ਆਖਿਆ ਕਿ ਅਸੀਂ ਨਵਾਂ ਸ਼ਹਿਰ ਹੀ ਜਾ ਰਹੇ ਹਾਂ। ਸਾਡੇ ਨਾਲ ਹੀ ਚਲੋ। ਪੰਜਾਬ ਪੁਲਿਸ ਤੇ ਰਹਿਮ ਦਿੱਲੀ? ਇਹ ਕਿਵੇਂ ਹੋ ਸਕਦਾ ਹੈ? ਦੁਚਿੱਤੀ ਵਿਚ ਪਏ ਹੋਏ ਤਿੰਨੇ ਮੁਸਾਫਿਰ ਫੋਰ-ਵੀਲ੍ਹਰ ਵਲ ਨੂੰ ਤੁਰ ਪਏ। ਜਦ ਇਹ ਤਿੰਨੇ ਜਣੇ ਗੱਡੀ ‘ਚ ਚੜ੍ਹਨ ਲਈ ਪਿਛਲਾ ਡਾਲਾ ਖੋਲ੍ਹਣ ਲੱਗੇ ਤਾਂ ਪੁਲਸੀਏ ਇਨ੍ਹਾਂ ਨੂੰ ਕਹਿਣ ਲੱਗੇ-
“ਓ ਬਈ ਮੁੰਡਿਉ, ਤੁਹਾਡੇ ਨਾਲ ਅਹਿ ਬੀਬੀ ਜੀ ਤੋਂ ਪਿੱਛੇ ਖੜ੍ਹਿਆ ਨਹੀਂ ਜਾਣਾ। ਨਾਲੇ ਠੰਢ ਬਹੁਤ ਲੱਗੇਗੀ। ਐਦਾਂ ਕਰੋ ਅਸੀਂ ਤਿੰਨੇ ਪਿੱਛੇ ਖਲੋ ਜਾਂਦੇ ਹਾਂ। ਤੁਸੀਂ ਤਿੰਨੇ ਅੱਗੇ ਡਰਾਈਵਰ ਨਾਲ ਬਹਿ ਜਾਉ!”
ਰਾਹੋਂ ਪਹੁੰਚ ਕੇ ਪੁਲਿਸਮੈਨਾਂ ਫੋਰ-ਵੀਲ੍ਹਰ ਇਕ ਢਾਬੇ ‘ਤੇ ਰੁਕਵਾ ਲਿਆ। ਡਰਾਈਵਰ ਸਮੇਤ ਸਾਰਿਆਂ ਨੂੰ ਗਰਮ ਗਰਮ ਚਾਹ ਪਿਲਾਈ। ਇੱਥੇ ਗੱਲਾਂਬਾਤਾਂ ਕਰਦਿਆਂ ਜਦੋਂ ਪੁਲਿਸ ਅਫਸਰ ਨੂੰ ਇਹ ਪਤਾ ਲੱਗਾ ਕਿ ਮੇਰਾ ਭਰਾ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੈਕਚਰਾਰ ਲੱਗਾ ਹੋਇਐ, ਤਾਂ ਉਸ ਪੁਲਿਸ ਮੈਨ ਨੇ ਉੱਠ ਕੇ ਅਦਬ ਨਾਲ ਮੇਰੇ ਭਰਾ ਨੂੰ ‘ਸਲੂਟ’ ਮਾਰਦਿਆਂ ਆਖਿਆ-
“ਸਰ ਜੀ, ਮੈਂ ਵੀ ਉਸ ਕਾਲਜ ਦਾ ਸਟੂਡੈਂਟ ਰਿਹਾ ਹੋਇਆਂ!”
ਨਵਾਂਸ਼ਹਿਰ ਪਹੁੰਚ ਕੇ ਫੋਰ-ਵੀਲ੍ਹਰ ਵਾਲੇ ਨੇ ਜਦੋਂ ਸਿੱਧੇ ਰੋਪੜ ਜਾਣ ਦੀ ਇਸ ਜਥੇ ਤੋਂ ‘ਇਜਾਜ਼ਤ’ ਮੰਗੀ ਤਾਂ ਉਹੀ ਪੁਲਸੀਆ ਆਪਣੀ ‘ਅਸਲ ਬੋਲੀ’ ਬੋਲਦਿਆਂ ਕਹਿੰਦਾ-
“ਗੱਲ ਸੁਣ ਉਏ, ਬੰਦੇ ਦਾ ਪੁੱਤ ਬਣ ਕੇ ਪਹਿਲਾਂ ਸਰਦਾਰ ਜੀ ਹੁਣਾਂ ਨੂੰ ਇਨ੍ਹਾਂ ਦੇ ਪਿੰਡ ਛੱਡ ਕੇ ਆ। ਫੇਰ ਜਾਈਂ ਰੋਪੜ-ਰਾਪੜ ਨੂੰ!…ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਪ੍ਰੋਫੈਸਰ ਸਾਹਿਬ ਹੁਣਾਂ ਨੂੰ ਕਿਤੇ ਰਾਹ ‘ਚ ਈ ਉਤਾਰ ਦਿੱਤਾ, ਤਾਂ ਬੱਚੂ ਯਾਦ ਰੱਖੀ ਨਵਾਂਸ਼ਹਿਰ ਚੌਂਕ ‘ਚ ਸਵੇਰੇ ਮੈਂ ਹੀ ਖੜ੍ਹਨੈ! ਏਹ ਦੇਖ ਲਈਂ!!”
‘ਰਹਿਮ ਦਿਲ’ ਪੁਲਿਸ ਵਾਲਿਆਂ ਦੇ ‘ਦਬਕੇ’ ਤੋਂ ਡਰਦਾ ਹੋਇਆ ਵਿਚਾਰਾ ਡਰਾਈਵਰ ਸਾਡੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਵਿਹੜੇ ‘ਚ ਉਤਾਰ ਕੇ ਗਿਆ। ਅਜਿਹਾ ਕਰਦਿਆਂ ਭਾਵੇਂ ਉਸ ਨੂੰ ਵੀਹ ਪੱਚੀ ਮੀਲਾਂ ਦਾ ਗੇੜਾ ਹੀ ਪਿਆ।
‘ਪੰਜਾਬ ਪੁਲਿਸ ਤਾਂ ਕੈਲੇਫੋਰਨੀਆ ਦੀ ਪੁਲੀਸ ਨਾਲੋਂ ਵੀ ਚੰਗੀ ਹੈ।’
ਜਦੋਂ ਕਿਤੇ ਮੇਰਾ ਵਿਦੇਸ਼ੀ ਭਾਣਜਾ ਇਹ ਗੱਲ ਕਹਿੰਦਾ ਹੈ ਤਾਂ ਮੈਂ ਹੱਸਦਿਆਂ ਆਖਦਾ ਹੁੰਦਾ ਹਾਂ ਕਿ ਦੈਂਤਾਂ ਦੇ ਦਲ ਵਿਚ ਕੁਝ ਦੇਵਤੇ ਭੁੱਲ ਭੁਲੇਖੇ ਹੀ ਆ ਵੜੇ ਹੋਣਗੇ!