ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, June 15, 2010

ਸੱਚ ਦੀ ਆਵਾਜ

ਸੱਚ ਦੀ ਆਵਾਜ
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ
ਪੱਥਰਾਂ ਦੇ ਯੁੱਗ ਨੂੰ ਇਹ
ਰਾਕਟਾਂ ਦੇ ਯੁੱਗ ਵਿੱਚ
ਕੱਢਕੇ ਲਿਆਏ ਜਿਹੜੇ ਸੂਰਮੇ।
ਫਾਂਸੀਆਂ ਦੇ ਫਤਵੇ ਤੇ
ਜਹਿਰ ਦੇ ਪਿਆਲੇ ਬਣੇ
ਸੱਚ ਦੇ ੳਪਾਸ਼ਕਾਂ ਦੇ ਚੂਰਮੇ।
ਸੱਚ ਕਹਿਣ ਵਾਲਿਆਂ ਨੂੰ
ਕਰਦੇ ਜਲੀਲ ਏਥੇ
ਏਹੀ ਏਸ ਜੱਗ ਦੀ ਰਜ਼ਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਤੀ ਏ ਚਪਟੀ ਤੇ
ਖੜੀ ਏਥੇ ਜੁਗਾਂ ਤੋਂ ਹੈ
ਦੁਨੀਆਂ ਨੇ ਪਾਇਆਂ ਬੜਾ ਸ਼਼ੋਰ ਸੀ।
ਭਾਵੇਂ ਸਭ ਜਾਣਦੇ
ਬਰੂਨੋ ਤੇ ਗਲੀਲੀਓ ਦੀ
ਸੋਚ ਏਸ ਸੋਚ ਨਾਲੋਂ ਹੋਰ ਸੀ।
ਹਰ ਚੀਜ ਏਥੇ
ਨਿਯਮਾਂ `ਚ’ ਬੱਧੀ ਘੁਮਦੀ ਏ
ਓਹੋ ਗੁਰੂ ਨਾਨਕ ਕਿਹਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਨਾਨਕ ਪਹਿਲੇ ਤੇ ਛੇਵੇਂ
ਸਮੇ ਦਿਆਂ ਹਾਕਮਾਂ ਨੇਂ
ਉਦੋਂ ਵੀ ਜਿਹਲਾਂ `ਚ’ ਕੀਤੇ ਬੰਦ ਸੀ।
ਨੌਵੇਂ ਗੁਰੂ ਨਾਨਕ ਨੂੰ
ਚੌਕ `ਚ’ ਸ਼ਹੀਦ ਕੀਤਾ
ਪੰਜਵੇਂ ਲਈ ਤਵੀ ਹੀ ਪਸੰਦ ਸੀ।
ਭਗਤਾਂ ਫਕੀਰਾਂ ਅਤੇ
ਸੂਫੀ ਇੰਕਲਾਬੀਆਂ ਨੂੰ
ਏਹੋ ਰਹੀ ਮਿਲਦੀ ਸਜਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਮ ਦਾ ਕੰਮ ਹੁੰਦਾ
ਸਾਂਝਾ ਉਪਦੇਸ ਦੇ
ਮਨੁੱਖਤਾ ਨੂੰ ਆਪੋ ਵਿੱਚ ਜੋੜਨਾ।
ਪਰ ਮਰਿਆਦਾ ਵੱਡੀ ਹੋਕੇ
ਅੱਜ ਬੰਦੇ ਨਾਲੋਂ
ਸਿੱਖਗੀ ਬੰਦੇ ਤੋਂ ਬੰਦਾ ਤੋੜਨਾਂ।
ਜੱਗ ਭਾਵੇਂ ਨੇੜੇ ਪਰ
ਬੰਦਾ ਦੂਰ ਹੋਈ ਜਾਵੇ।
ਦਿਲਾਂ ਵਿੱਚ ਕੰਧਾਂ ਨੂੰ ਵਧਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਜਿਆਦਾਤਰ ਦੁਨੀਆਂ ਤਾਂ
ਇੱਜੜਾਂ ਦੇ ਵਾਂਗ ਚੱਲੇ
ਵਿਰਲੇ ਹੀ ਸ਼ੇਰਾਂ ਵਾਂਗ ਬੁੱਕਦੇ।
ਭਾਂਵੇਂ ਇੱਥੇ ਝੂਠਿਆਂ ਦਾ
ਘਾਟਾ ਨਹੀਂ ਏ ਜੱਗ ਉੱਤੇ
ਸੱਚੇ ਕਦੇ ਸੱਚ ਤੋਂ ਨਾਂ ਰੁਕਦੇ।
ਆਖਿਰ ਨੂੰ ਕਹਿੰਦੇ ਜਿੱਤ
ਸੱਚ ਦੀ ਹੀ ਹੋਂਵਦੀ ਹੈ
ਏਹੋ ਹੀ ਕਿਤਾਬੀਂ ਲਿਖਿਆ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ।

(ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ)