ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਅਸਲੀ ਨਕਲੀ-ਗਲਤ ਇਰਾਦੇ

ਤਰਲੋਚਨ ਸਿੰਘ ਦੁਪਾਲਪੁਰ —
ਅਸਲੀ ਨਕਲੀ-ਗਲਤ ਇਰਾਦੇ

“ਕਿਸੇ ਦੋਧੀ ਦੀ ਵੱਡੀ ਤੋਂ ਵੱਡੀ ਗੱਪ ‘ਤੇ ਬੇਸ਼ੱਕ ਯਕੀਨ ਕਰ ਲਿਉ ਪਰ ਅਗਰ ਉਹ ਆਪਣੇ ਕਿਸੇ ਪੀਰ ਪੈਗੰਬਰ ਦੀ ਕਸਮ ਵੀ ਖਾ ਕੇ ਇਹ ਦਾਅਵਾ ਕਰੇ ਕਿ ਮੈਂ ਦੁੱਧ ਵਿਚ ਪਾਣੀ ਨਹੀਂ ਰਲਾਉਂਦਾ, ਤਾਂ ਸਮਝ ਲਿਉ ਉਸ ਨੂੰ ਆਪਣੇ ਧਾਰਮਿਕ ਰਹਿਬਰਾਂ ਦਾ ਰੱਤੀ ਭਰ ਵੀ ਡਰ-ਭਉ ਨਹੀਂ ਹੈ।”
ਸਮੂਹ ਦੋਧੀਆਂ ਦੀ ਅਸਲੀਅਤ ਦਰਸਾਉਂਦਾ ਇਹ ‘ਇਕਬਾਲੀਆ ਬਿਆਨ’ ਦੇ ਕੇ ਚੰਡੀਗੜ੍ਹ ਸ਼ਹਿਰ ਲਾਗਲੇ ਮੋਹਾਲੀ ਦੇ ਕੁਝ ਘਰਾਂ ਵਿਚ ਰੋਜ਼ਾਨਾ ਦੁੱਧ ਵੰਡਣ ਵਾਲਾ ਇਕ ਦੋਧੀ ਭਾਈ, ਆਪਣੀ ਹੱਡ-ਬੀਤੀ ਸੁਣਾਉਂਦਾ ਹੁੰਦਾ ਸੀ।
ਸਿਆਲ ਦੀ ਰੁੱਤੇ ਸਵੇਰੇ ਅੰਮ੍ਰਿਤ ਵੇਲੇ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਤੋਂ ਮੈਨੂੰ ਗਿਆਨ ਹੋਇਆ ਕਿ ਫਲਾਂ ਫਲਾਂ ਤਰੀਕ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਜਾਣਾ ਹੈ। ਇਹ ਸੋਚਦਿਆਂ ਮੇਰੇ ਮਨ ਵਿਚ ਵੀ ਗੁਰੂ ਬਾਬਾ ਜੀ ਪ੍ਰਤੀ ਸ਼ਰਧਾ ਜਾਗ ਪਈ। ‘ਮਨਾਂ! ਰੋਜ਼ ਹੀ ਦੁੱਧ ‘ਚ ਪਾਣੀ ਮਿਲਾਈਦਾ ਹੈ, ਜੇ ਇਕ ਦਿਨ ਗੁਰੂ ਦੇ ਦਿਵਸ ‘ਤੇ ਇਹ ਪਾਪ ਨਾ ਕਰਾਂ!!’ …ਪੱਕਾ ਫੈਸਲਾ ਕਰ ਲਿਆ ਕਿ ਗੁਰਪੁਰਬ ਵਾਲੇ ਦਿਨ ਇਕ ਦਮ ਪਿਉਰ ਦੁੱਧ ਸਾਰੇ ਘਰੀਂ ਦੇਣਾ ਹੈ।
ਲਉ ਜੀ ਗੁਰਪੁਰਬ ਵਾਲੇ ਦਿਨ, ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਦਿਲ ਹੀ ਦਿਲ ਕੀਤਾ ਹੋਇਆ ਕੌਲ ਪੁਗਾ ਦਿੱਤਾ। ਘਰੋਂ ਘਰੀਂ ਦੁੱਧ ਵਰਤਾਉਣ ਬਾਅਦ ਮੈਨੂੰ ਬੜਾ ਹੀ ਸਕੂਨ ਮਿਲਿਆ। ਤਸੱਲੀ ਜਿਹੀ ਹੋਈ। ਵਾਪਸ ਘਰ ਮੁੜਦਿਆਂ ਮੈਂ ਆਪਣੇ ਆਪ ਨੂੰ ਹਲਕਾ ਫੁੱਲ ਹੋਇਆ ਮਹਿਸੂਸ ਕਰ ਰਿਹਾ ਸਾਂ। ਮਾਨਸਿਕ ਖੇੜਾ ਮੇਰੇ ‘ਤੇ ਤਾਰੀ ਰਿਹਾ। ਦੂਸਰਾ ਦਿਨ ਚੜ੍ਹਿਆ। ਸੁਵਖਤੇ ਡਰੰਮ ਚੁੱਕੇ। ਜਿਸ ਟਿਊਬਵੈੱਲ ਤੋਂ ਰੋਜ਼ਾਨਾ ਦੁੱਧ ਵਿਚ ਪਾਣੀ ਸੁੱਟਦਾ ਹੁੰਦਾ ਸਾਂ, ਉਹਦੇ ਕੋਲ ਆ ਕੇ ਸਾਈਕਲ ਖੜਾ ਕਰ ਲਿਆ। ਮਨ ਦੇ ਚੰਗੇ ਹਿੱਸੇ ਨੇ ਫਿਟਕਾਰ ਪਾਈ- “ਗੁਰੂ ਤਾਂ ਅੱਜ ਵੀ ਹਾਜ਼ਰ ਨਾਜ਼ਰ ਹੈ। ਅੱਜ ਇਹ ਪਾਪ ਕਿਉਂ?” ਸਾਈਕਲ ਤੋਰ ਲਿਆ। ਮੋਹਾਲੀ ਜਾ ਪਹੁੰਚਿਆ। ਪਰ ਇਹ ਕੀ? …ਪਹਿਲੇ, ਦੂਜੇ, ਤੀਜੇ, ਗੱਲ ਕੀ ਕੁਝ ਕੁ ਨੂੰ ਛੱਡ ਕੇ ਬਾਕੀ ਹਰੇਕ ਘਰੋਂ ਉਲਾਂਭੇ!…ਕਿਸੇ ਦੇ ਨਿਆਣਿਆਂ ਨੂੰ ਟੱਟੀਆਂ ਲੱਗ ਗਈਆਂ, ਕਿਸੇ ਦੇ ਸਿਆਣਿਆਂ ਨੂੰ!! ਕੋਈ ਆਖੇ- ‘ਭਾਈ ਕੱਲ੍ਹ ਦੁੱਧ ਵਿਚ ਕੋਈ ਗੜਬੜ ਸੀ?’ ਕਿਸੇ ਆਖਿਆ- ‘ਡਰੰਮ ਜ਼ਰਾ ਸੁਆਰ ਕੇ ਧੋ ਲਿਆ ਕਰ ਯਾਰ।’ ਕਿਸੇ ਘਰੋਂ ਇਹ ‘ਕੰਪਲੇਂਟ’ ਆਈ- ‘ਪਹਿਲੋਂ ਤਾਂ ਬਾਈ ਤੇਰੀ ਕਦੇ ਕੋਈ ਸਿ਼ਕਾਇਤ ਨਹੀਂ ਆਈ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ?…ਦੁੱਧ ਪੀ ਕੇ ਬਦ-ਹਜ਼ਮੀ ਜਿਹੀ ਹੋਈ ਪਈ ਐ!’
ਜੇ ਮਿਲਾਵਟ ਰਹਿਤ ਸ਼ੁੱਧ ਦੁੱਧ, ਲੋਕਾਂ ਦੀ ਸਿਹਤ ਖਰਾਬ ਕਰੇ ਅਤੇ ਮਿਹਦਿਆਂ ‘ਚ ਬਦਹਜ਼ਮੀ ਪੈਦਾ ਕਰ ਦਏ, ਤਾਂ ਫਿਰ ਦੋਧੀ ਵਿਚਾਰੇ ਕੀ ਕਰਨ?
ਨਿਰੋਲ ਦੁੱਧ ਦੀ ਥਾਂ ਕੱਚੀ ਲੱਸੀ ਪੀ ਕੇ ਰਾਜ਼ੀ ਰਹਿਣ ਵਾਲਿਆਂ ਦਾ ਇਹ ਸੱਚਾ-ਕਿੱਸਾ, ਮੈਨੂੰ ਯਾਦ ਕਰਾਇਆ, ਅਗਸਤ ਮਹੀਨੇ ਦੇ ਪਹਿਲੇ ਹਫਤੇ ਛਪੀ ਇਕ ਪ੍ਰਵਾਸੀ ਅਖ਼ਬਾਰ ਦੀ ਭਾਵ-ਪੂਰਤ ਟਿੱਪਣੀ ਨੇ। ਕੈਨੇਡਾ ਤੋਂ ਛਪਣ ਵਾਲੀ ਇਸ ਪੰਜਾਬੀ ਅਖ਼ਬਾਰ ਦੇ ਸਿਆਣੇ ਸੰਪਾਦਕ ਨੇ ਫਰੰਟ ਪੇਜ਼ ਉਪਰ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ, ਸੱਚਖੰਡ ਵਾਸੀ ਭਗਤ ਪੂਰਨ ਸਿੰਘ ਜੀ ਦੀ ਫੋਟੋ ਛਾਪ ਕੇ, ਹੇਠਾਂ ਕੈਪਸ਼ਨ ਵਿਚ ਪੰਜਾਬੀਆਂ ਜਾਂ ਸਿੱਖਾਂ ‘ਤੇ ਨਿਹੋਰਿਆਂ ਦੇ ਬਾਣ ਕੱਸ ਕੱਸ ਕੇ ਮਾਰੇ ਹੋਏ ਸਨ। ਕੈਪਸ਼ਨ-ਲੇਖਕ ਦਾ ਉਜ਼ਰ ਸੀ ਕਿ ਪੰਥ ਦੇ ਇਤਿਹਾਸਕ ਅਸਥਾਨਾਂ ਦੀ ਨਕਲ ਕਰਨ ਵਾਲੇ, ਜਨ-ਸਾਧਾਰਨ ਸਿੱਖਾਂ ਨੂੰ ਮੱਸਿਆ-ਪੁੰਨਿਆ ਦੇ ਭਰਮ ਜਾਲ ‘ਚ ਫਸਾਉਣ ਵਾਲੇ ਅਤੇ ਆਪਣੇ ਸ਼ਰਧਾਲੂਆਂ ਨੂੰ ਡੇਰਿਆਂ ਨਾਲ ਜੋੜ ਕੇ, ਸਿੱਖ ਜਗਤ ਦੀ ਕੌਮੀ-ਯੱਕਜਹਿਤੀ ਨੂੰ ਖੰਡਿਤ ਕਰਨ ਵਾਲੇ ਅਣਗਿਣਤ ਬਾਬਿਆਂ ਦੇ ਜਨਮ-ਦਿਨ ਤੇ ਬਰਸੀਆਂ ਮਨਾਉਣੋਂ ਅਸੀਂ ਕਦੇ ਖੁੰਝਦੇ ਨਹੀਂ। ਪਰੰਤੂ ਕਰਮਯੋਗੀ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਨਾ ਕਿਸੇ ਅਖ਼ਬਾਰ ਨੇ ਕੋਈ ਜਿ਼ਕਰ ਕੀਤਾ ਅਤੇ ਨਾ ਹੀ ਕਿਸੇ ਗੁਰਦੁਆਰਾ ਕਮੇਟੀ ਨੇ ਭਗਤ ਜੀ ਦਾ ਨਾਮ ਲਿਆ। ਇਸੇ ਤਰ੍ਹਾਂ ਦਾ ਸਿ਼ਕਵਾ ਕਿਸੇ ਹੋਰ ਅਖ਼ਬਾਰ ਵਿਚ ਇਕ ਪਾਠਕ ਵਲੋਂ ਵੀ ਕੀਤਾ ਹੋਇਆ ਸੀ।
ਸੰਤ-ਬਾਬਿਆਂ ਦੇ ਜਨਮ-ਦਿਵਸ ਜਾਂ ਬਰਸੀਆਂ ਮਨਾਉਣ ਦਾ ਰਿਵਾਜ ਸਾਡੇ ਸਿੱਖ ਸਮਾਜ ਵਿਚ ਇਸ ਕਦਰ ‘ਹਰਮਨ ਪਿਆਰਾ’ ਹੋ ਚੁੱਕਾ ਹੈ ਕਿ ਪ੍ਰਸਿੱਧੀ ਪ੍ਰਾਪਤ ਡੇਰਿਆਂ ਮੱਠਾਂ ਦੇ ਮਹਾਂ-ਪੁਰਸ਼ਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਉਨ੍ਹਾਂ ਬਾਬਿਆਂ ਦੀਆਂ ਬਰਸੀਆਂ ਵੀ ਇੰਟਰਨੈਸ਼ਨਲ ਪੱਧਰ ‘ਤੇ ਮਨਾਈਆਂ ਜਾਣ ਲੱਗ ਪਈਆਂ ਹਨ, ਜਿਨ੍ਹਾਂ ਨੂੰ ਸਥਾਨਕ ਇਲਾਕੇ ਦੇ ਦੋ-ਚਹੁੰ ਪਿੰਡਾਂ ਤੋਂ ਬਾਹਰ ਕੋਈ ਜਾਣਦਾ ਤੱਕ ਨਹੀਂ। ਐਸੇ ਅਣਗਿਣਤ ਮਹਾਂਪੁਰਸ਼ ਹੋਣਗੇ, ਜਿਨ੍ਹਾਂ ਦੇ ਡੇਰਿਆਂ ਦੇ ਲਾਗਲੇ ਪਿੰਡਾਂ ਵਾਲਿਆਂ ਨੇ ਇੰਗਲੈਂਡ, ਕਨੈਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਜਾ ਕੇ, ‘ਆਪਣੇ ਸੰਤਾਂ’ ਦੀ ਅੰਤਰਰਾਸ਼ਟਰੀ ਸ਼ਾਨ ਵਧਾਈ। ਜਿਸ ਸਮਾਜ ਵਿਚ ਬਰਸੀਆਂ ਦੀ ਬਰਸਾਤ ਇਤਨੇ ਵਿਰਾਟ ਰੂਪ ‘ਚ ਬਰਸਦੀ ਹੋਵੇ, ਉੱਥੇ ਭਗਤ ਪੂਰਨ ਸਿੰਘ ਜਿਹੇ ਪਰਉਪਕਾਰੀ ਨੂੰ ਕਿਉਂ ਵਿਸਾਰ ਦਿੱਤਾ ਗਿਆ?
ਰੰਜ-ਭਰੇ ਇਸ ਸਵਾਲ ਦਾ ਜਵਾਬ ਲੱਭਣ ਲਈ ਪਹਿਲਾਂ ਆਪਾਂ ਗੁਰੂ ਬਾਬਾ ਜੀ ਦੀਆਂ ‘ਕਲਯੁੱਗੀ ਵਰਤਾਰੇ’ ਬਾਬਤ ਲਿਖੀਆਂ ਕੁਝ ਪੰਕਤੀਆਂ ਸ੍ਰਵਣ ਕਰ ਲਈਏ-
ਆਵਤ ਕਉ ਜਾਤਾ ਕਹੈ,
ਜਾਤੇ ਕਉ ਆਇਆ॥
ਪਰ ਕੀ ਕਉ ਅਪਨੀ ਕਹੈ,
ਅਪਨੋ ਨਹੀਂ ਭਾਇਆ॥
ਮੀਠੇ ਕਉ ਕਉੜਾ ਕਹੈ,
ਕੜੂਏ ਕਉ ਮੀਠਾ।
ਰਾਤੇ ਕੀ ਨਿੰਦਾ ਕਰੇ
ਐਸਾ ਕਲ ਮਹਿ ਡੀਠਾ॥
ਧਰਮ-ਮਾਰਗ ‘ਤੇ ਚੱਲ ਕੇ ਸਚਿਆਰ ਬਣਨ ਜਾ ਰਹੇ ਨੂੰ ‘ਗਿਆ ਗੁਜ਼ਰਿਆ’ ਅਤੇ ਰੰਗ-ਤਮਾਸਿ਼ਆਂ ਤੇ ਭੋਗਾਂ ਵਿਚ ਖਚਿਤ ਹੋਣ ਵਾਲੇ ਨੂੰ ‘ਗੁਣਵਾਨ’ ਕਿਹਾ ਜਾਂਦੈ। ਹਰੇਕ ਬਿਗਾਨੀ ਵਸਤੂ ਨੂੰ ਆਪਣੀ, ਲੇਕਿਨ ਜੋ ਹਕੀਕਤ ਵਿਚ ਆਪਣਾ (ਪ੍ਰਭੂ) ਹੈ, ਉਹ ਚੰਗਾ ਨਹੀਂ ਲੱਗਦਾ। ਸ਼ਹਿਦ ਜਿਹੀ ਮਿਠਾਸ ਨੂੰ ਥੂਹ-ਥੂਹ, ਪਰ ਕੌੜੀਆਂ ਜ਼ਹਿਰਾਂ ਨੂੰ ਮਿੱਠੀਆਂ ਚੀਜ਼ਾਂ ਦੀ ਨਿਆਈਂ ਛਕਿਆ ਜਾਂਦੈ। ਧਰਮ-ਸਿਧਾਂਤ ‘ਤੇ ਦ੍ਰਿੜ ਰਹਿਣ ਵਾਲਿਆਂ ਨੂੰ ਅਣਗੌਲਿਆਂ ਕਰਨਾ ਐਸਾ ਕਲਯੁਗ ਵਿਚ ਹੀ ਦੇਖਿਆ ਜਾਂਦੈ! ਅਸਲ ਵਲ ਪਿੱਠ ਮੋੜ ਕੇ, ਨਕਲ ਨੂੰ ਅਸਲ ਨਾਲੋਂ ਵੀ ਵਧ ਕੇ ਪਿਆਰਿਆ/ਸਤਿਕਾਰਿਆ ਜਾ ਰਿਹਾ ਹੈ। ਸੱਚ ਦੀ ਥਾਂ, ਸੱਚ ਦਾ ਲਿਬਾਦਾ ਪਹਿਨ ਕੇ ਬੈਠੇ ਝੂਠ ਦੀ ਵਾਹ ਵਾਹ ਕੀਤੀ ਜਾ ਰਹੀ ਹੈ। ਸਿ਼ਕਾਰ ਦੀ ਤਾਕ ਵਿਚ ਅੱਖਾਂ ਮੀਸਣੀਆਂ ਜਿਹੀਆਂ ਕਰਕੇ ਬੈਠੇ ਲੂੰਬੜ ਨੂੰ ‘ਧਰਮਾਤਮਾ’ ਮੰਨਿਆ ਜਾ ਰਿਹੈ। ਲੋੜ ਪੈਣ ‘ਤੇ ਹਰ ਕਿਸਮ ਦਾ ਪਖੰਡ ਕਰਨ ਵਾਲੇ ਨੂੰ ‘ਨੀਤੀ-ਵੇਤਾ’ ਕਹਿ ਕੇ ਵਡਿਆਇਆ ਜਾ ਰਿਹਾ ਹੈ। ਧਰਮ ਦੇ ਅਧੀਨ ਚੱਲਣ ਦੀ ਬਜਾਏ ਧਰਮ ਨੂੰ ਆਪਣੇ ਅਧੀਨ ਕਰਨ ਦੀਆਂ ਕੁਚਾਲਾਂ ਚੱਲਣ ਵਾਲਿਆਂ ਨੂੰ ਰਹਿਬਰ ਮਿੱਥਿਆ ਜਾ ਰਿਹਾ ਹੈ। ਉਲਟੀ ਗੰਗਾ ਵਗਣ ਵਾਲੇ ਮਾਹੌਲ ਵਿਚ ਭਗਤ ਪੂਰਨ ਸਿੰਘ ਦਾ ਕਿਸ ਨੂੰ ਚੇਤਾ ਰਹਿ ਸਕਦਾ ਹੈ?
ਪਿਛਲੇ ਹਫਤੇ ਹੀ ਕੁਝ ਸਭਾ-ਸੁਸਾਇਟੀਆਂ ਦੇ ਕਰਤਿਆਂ-ਧਰਤਿਆਂ ਦਾ ਇਕ ਅਖ਼ਬਾਰੀ ਬਿਆਨ ਪੜ੍ਹਿਆ ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਰਨਾ ਦੀ ਨਿਖੇਧੀ ਕਰਦਿਆਂ, ਮੁੱਖ ਮੰਤਰੀ ਪੰਜਾਬ ਸ। ਬਾਦਲ ਤੇ ਉਨ੍ਹਾਂ ਦੇ ਪੁੱਤਰ ਦੀ ਇਸ ਗੱਲੋਂ ਭਰਪੂਰ ਸ਼ੋਭਾ ਕੀਤੀ ਗਈ ਸੀ ਕਿ ਉਹ ਬੱਲਾਂ ਵਾਲੇ ਡੇਰੇ ਪਹੁੰਚ ਕੇ ਰਵਿਦਾਸੀਆ ਭਾਈਚਾਰੇ ਦੇ ਦੁੱਖ ਵਿਚ ਸ਼ਰੀਕ ਹੋਏ।
ਜਥੇਦਾਰ ਸਰਨਾ ਦੇ ਬਿਆਨਾਂ ਦੀ ਨਿੰਦਾ ਵਾਲੀ ਗੱਲ ਤਾਂ ਸਮਝ ਵਿਚ ਆਉਂਦੀ ਹੈ, ਪਰ ਬਾਦਲ-ਜੋੜੀ ਦੇ ਬੱਲਾਂ ਪਹੁੰਚਣ ਤੋਂ ਬਾਗੋ ਬਾਗ ਹੋਣ ਵਾਲੇ ਸੱਜਣ ਕੀ ਇਹ ਸਮਝਦੇ ਹਨ ਕਿ ਦੋਹਾਂ ਬਾਦਲਾਂ ਨੂੰ ਸੰਤਾਂ ਦੀ ਹੱਤਿਆ ਦਾ ਬਹੁਤ ਹੀ ‘ਸਦਮਾ’ ਲੱਗਿਆ? ਉਨ੍ਹਾਂ ਹੀ ਦਿਨਾਂ ਵਿਚ ਆਜ਼ਾਦੀ ਘੁਲਾਟੀਏ, ਸੌ ਸਾਲ ਤੋਂ ਵਧ ਉਮਰ ਵਾਲੇ ਬਾਬਾ ਭਗਤ ਸਿੰਘ ਬਿਲਗਾ ਦੀ ਮ੍ਰਿਤਕ ਦੇਹ, ਇੰਗਲੈਂਡ ਤੋਂ ਪੰਜਾਬ ਲਿਜਾ ਕੇ ਸੰਸਕਾਰੀ ਗਈ ਸੀ। ਉਨ੍ਹਾਂ ਦੇ ਦਾਹ-ਸੰਸਕਾਰ ਵੇਲੇ ਬਾਦਲ ਸਰਕਾਰ ਦਾ ਕੋਈ ਮੰਤਰੀ-ਸੰਤਰੀ ਵੀ ਨਹੀਂ ਸੀ ਪੁੱਜਾ।
ਇਸ ਘਟਨਾਕ੍ਰਮ ਨੂੰ ਦੇਖਦਿਆਂ, ਸਿਆਸਤ ਦੀ ਨਾਂ-ਮਾਤਰ ਜਾਣਕਾਰੀ ਰੱਖਣ ਵਾਲਾ ਬੰਦਾ ਵੀ ਕਹਿ ਉੱਠੇਗਾ ਕਿ ਨੂਰਮਹਿਲ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ-ਮਿਣਤੀ ਹੀ ਦੋਹਾਂ ਬਾਦਲਾਂ ਨੂੰ ਬੱਲਾਂ ਡੇਰੇ ਲੈ ਕੇ ਗਈ ਸੀ। ਮਹਿਜ਼ ਵੋਟਾਂ ਦੀ ਗਰਜ਼ ਖਾਤਿਰ ਕੀਤਾ ਗਿਆ ‘ਸਟੰਟ’ ਪ੍ਰਸ਼ੰਸਾ ਦੇ ਢੇਰ ਦਿਵਾ ਗਿਆ;
ਸਾਜਿਸ਼ ਲਈ ਨਿੱਤ ਬੜੇ ਬਹਾਨੇ, ਮੋੜ ਮੁੜਨ ਲਈ ਮੋੜ ਬੜੇ।
ਐਸੇ ਦੌਰ ‘ਚ ਗਲਤ ਇਰਾਦੇ, ਅਸਲੀ ਗੱਲ ‘ਤੇ ਔਣ ਕਦੋਂ?
ਚਲੋ ਖ਼ੈਰ ਆਪਾਂ ਪਿੰਗਲਵਾੜੇ ਵਾਲੇ ਭਗਤ ਜੀ ਦੀ ਸਾਲਾਨਾ ਯਾਦ ਨੂੰ ਭੁਲਾ ਦੇਣ ਦੇ ਵਿਸ਼ੇ ਵਲ ਆਈਏ। ਦੇਖਿਆ ਜਾਵੇ ਤਾਂ ਇਸ ਗੁਨਾਹ ਦੇ ‘ਕਸੂਰਵਾਰ’ ਭਗਤ ਪੂਰਨ ਸਿੰਘ ਜੀ ਨੂੰ ਹੀ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਦੀਆਂ ਬਰਸੀਆਂ ਮਨਾ ਮਨਾ ਕੇ ਤਾਂ ਅਸੀਂ ਧੂੜਾਂ ਪੁੱਟ ਦੇਣੀਆਂ ਸਨ, ਜੇ ਕਿਤੇ ਉਨ੍ਹਾਂ ਪਿੰਗਲਵਾੜੇ ਦੀ ਥਾਂ, ਆਪਣਾ ਆਲੀਸ਼ਾਨ ਡੇਰਾ ਤਾਮੀਰ ਕਰਵਾਇਆ ਹੁੰਦਾ। ਦੁਖੀਏ, ਬੇ-ਸਹਾਰੇ ਲੂਲ੍ਹੇ ਲੰਗੜਿਆਂ ਦੀ ਬਜਾਏ ਉੱਥੇ ਹੱਟੇ-ਕੱਟੇ ਸੇਵਾਦਾਰ ਰੱਖੇ ਹੁੰਦੇ। ਪਿੰਗਲਵਾੜੇ ਦਾ ਲੋਹ-ਲੰਗਰ ਤਪਦਾ ਰੱਖਣ ਲਈ ਭਗਤ ਜੀ ਤਾਂ ਖੁਦ ਰਿਕਸ਼ਾ ਚਲਾ ਕੇ ਘਰ ਘਰ, ਬਾਜ਼ਾਰੋ ਬਾਜ਼ਾਰ ਉਗਰਾਹੀ ਕਰਦੇ ਰਹੇ।
ਇਹ ‘ਦੁਕੰਮਣ’ ਕਰਨ ਨਾਲੋਂ ਜੇ ਕਿਤੇ ਉਨ੍ਹਾਂ ਲਗਜ਼ਰੀ ਗੱਡੀ ਲਈ ਹੁੰਦੀ, ਵੱਖਰੇ ਹੀ ਸਟਾਈਲ ਨਾਲ ਦਸਤਾਰ ਦਾ ਹੇਠਲਾ ਲੜ ਚੌੜਾ ਜਿਹਾ ਕਰਕੇ ਮੋਢਿਆਂ ਉੱਪਰ ਫੈਲਾਉਣ ਦਾ ‘ਸਵਾਂਗ’ ਰਚਿਆ ਹੁੰਦਾ…ਅਗਰ ਉਨ੍ਹਾਂ ਸਬਰ-ਸਬੂਰੀ ਵਾਲੇ ਜੀਵਨ ‘ਥੋੜ੍ਹਾ ਸੰਵਹਿ ਥੋੜ੍ਹਾ ਹੀ ਖਾਵਹਿ’ ਦਾ ਤਿਆਗ ਕਰਕੇ, ਖੁੱਲ੍ਹਾ ਡੁੱਲ੍ਹਾ ਛਕਦਿਆਂ, ਖੰਡ ਦੀ ਬੋਰੀ ਜਿੱਡਾ ਢਿੱਡ ਵਧਾਇਆ ਹੁੰਦਾ…ਸਿੱਖੀ ਦੀ ਸੇਵਾ ਦੇ ਨਾਮ ਹੇਠ ਆਪਣੀ ਕੋਈ ਅਲੱਗ ਸੰਪਰਦਾ-ਟਕਸਾਲ ਚਲਾ ਕੇ ਦੂਰ-ਦਰਾਜ਼ ਤੱਕ ਉਸਦੀਆਂ ਬ੍ਰਾਂਚਾਂ ਕਾਇਮ ਕੀਤੀਆਂ ਹੁੰਦੀਆਂ…ਆਪਣੇ ਡੇਰੇ ਵਿਚ ਅਪੰਗਾਂ-ਅਪਾਹਜ਼ਾਂ ਦੀ ਮਲ੍ਹਮ-ਪੱਟੀ ਕਰਨ ਨਾਲੋਂ, ਅਖੰਡ ਪਾਠਾਂ ਦੀਆਂ ’ਕ੍ਹੋਤਰੀਆਂ ਚਲਾਉਣ ਲਈ ਕਈ ਦਰਜਣ ਪਾਠੀ ਸਿੰਘ ਰੱਖੇ ਹੁੰਦੇ…ਤਾਂ ਫਿਰ ਹੁਣ ਤੱਕ ਉਨ੍ਹਾਂ ਦੇ ਜਾਨਸ਼ੀਨ ਵੀ ਕਈ ਬਾਬੇ ਬਣ ਚੁੱਕੇ ਹੋਣੇ ਸਨ…ਉਨ੍ਹਾਂ ਸਾਰਿਆਂ ਨੇ ਇਕ ਦੂਜੇ ਤੋਂ ਵਧ ਕੇ ਬਰਸੀਆਂ ਮਨਾਉਣੀਆਂ ਸਨ ਭਗਤ ਜੀ ਦੀਆਂ! ਮਿਲਾਵਟੀ ਦੁੱਧ ਦੇ ਆਦੀ ਲੋਕਾਂ ਨੂੰ ਨਕਲੀ ਹੀ ਧੂਅ ਪਾਉਂਦੇ ਹਨ, ਅਸਲੀ ਨਹੀਂ !