ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Thursday, January 27, 2011

ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?

ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?

(ਅਵਤਾਰ ਸਿੰਘ ਮਿਸ਼ਨਰੀ)



ਭਾਈ ਕਾਹਨ ਸਿੰਘ ਨਾਭਾ ਮਹਾਂਨ ਕੋਸ਼ ਦੇ ਪੰਨਾ 359 ਤੇ ਕ੍ਰਿਪਾਨ ਦੇ ਅਰਥ ਕਰਦੇ ਹਨ ਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦੇ ਚਲਾਉਣੇ ਵੇਲੇ ਰਹਿਮ ਨਾਂ ਆਵੇ, ਤਲਵਾਰ, ਸ੍ਰੀ ਸਾਹਿਬ, ਸ਼ਮਸ਼ੇਰ, ਸਿੰਘਾਂ ਦਾ ਦੂਜਾ ਕਕਾਰ, ਜੋ ਅੰਮ੍ਰਿਤਧਾਰੀ ਨੂੰ ਪਹਿਨਣਾ ਵਿਧਾਨ ਹੈ। ਗੁਰਮਤਿ ਮਾਰਤੰਡ ਦੇ ਪੰਨਾ 108 ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੁਰੱਖਿਆ ਅਤੇ ਦੇਸ਼ ਰੱਖਿਆ ਵਾਸਤੇ ਸ਼ਸ਼ਤ੍ਰ ਧਾਰਨੇ ਸਮਾਜਿਕ ਨਿਯਮ ਥਾਪਿਆ ਹੈ। ਪੁਰਾਤਨ ਸਮੇਂ ਕ੍ਰਿਪਾਨ ਸੂਰਮਿਆਂ ਦਾ ਸਿਰਮੌਰ ਸ਼ਸ਼ਤ੍ਰ ਹੋਇਆ ਕਰਦੀ ਸੀ। ਭਾਈ ਸਾਹਿਬ ਹੋਰ ਲਿਖਦੇ ਹਨ ਕਿ ਜਿਉਂ-ਜਿਉਂ ਸਮਾਂ ਬਦਲਿਆ, ਵਿਗਿਆਨ ਨੇ ਤਰੱਕੀ ਕੀਤੀ ਤਾਂ ਹਥਿਆਰ ਸ਼ਸ਼ਤ੍ਰ ਆਦਿਕ ਵੀ ਬਦਲੇ। ਗੁਰੂ ਸਾਹਿਬ ਤੋਂ ਪਹਿਲਾਂ ਦਾ ਸਮਾਂ ਬੜਾ ਭਿਆਨਕ ਅਤੇ ਮੁਗਲੀਆ ਹਕੂਮਤ ਦਾ ਰਾਜ ਸੀ। ਮੁਗਲਾਂ ਨੇ ਫੁਰਮਾਨ ਜਾਰੀ ਕੀਤੇ ਹੋਏ ਸਨ ਕਿ ਮੁਸਲਮਾਨਾਂ ਤੋਂ ਬਿਨਾਂ ਕੋਈ ਸ਼ਸ਼ਤ੍ਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਘੋੜ ਸਵਾਰੀ ਨਹੀਂ ਕਰ ਸਕਦਾ, ਦਸਤਾਰ ਸਜਾ ਕੇ ਅਤੇ ਉੱਚਾ ਸਿਰ ਕਰਕੇ, ਕੋਈ ਨਹੀਂ ਤੁਰ ਸਕਦਾ। ਇਵੇਂ ਹੀ ਬ੍ਰਾਹਮਣਾਂ ਨੇ ਵੀ ਰੀਤ ਚਲਾਈ ਹੋਈ ਸੀ ਕਿ ਕੋਈ ਸ਼ੂਦਰ ਧਰਮ ਗ੍ਰੰਥ ਪੜ-ਸੁਣ ਅਤੇ ਧਰਮ-ਕਰਮ ਨਹੀਂ ਕਰ ਸਕਦਾ। ਜਿਸ ਸਦਕਾ ਜਾਤਿ ਅਭਿਮਾਨੀ, ਅਮੀਰ, ਖਾਨ ਅਤੇ ਰਜਵਾੜੇ ਕਿਰਤੀਆਂ ਅਤੇ ਗਰੀਬਾਂ ਨੂੰ ਗੁਲਾਮ ਬਣਾਈ ਰੱਖਦੇ ਸਨ। ਭਾਂਵੇਂ ਗੁਰੂ ਨਾਨਕ ਸਾਹਿਬ ਨੇ ਇਸ ਸਭ ਦਾ ਗਿਆਨ ਤਰਕ ਸ਼ਾਂਸ਼ਤ੍ਰ ਰਾਹੀਂ ਤਕੜਾ ਵਿਰੋਧ ਕੀਤਾ ਅਤੇ ਸਭ ਬਨਾਵਟੀ ਦਿਖਾਵੇ ਵਾਲੇ ਧਰਮ-ਕਰਮ ਅਤੇ ਰਹੁ-ਰੀਤਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਪਰ ਜਦ ਧਰਮ ਦੇ ਠੇਕੇਦਾਰ ਅਤੇ ਜ਼ਾਲਮ ਬਾਜ ਨਾਂ ਆਏ ਤਾਂ 6ਵੇਂ ਜਾਮੇ ਵਿੱਚ ਅਕਾਲ ਤਖ਼ਤ ਦੀ ਰਚਨਾ ਕਰਕੇ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਐਲਾਨ ਕੀਤਾ ਕਿ ਸਿੱਖ ਸ਼ਸ਼ਤ੍ਰ ਵੀ ਪਹਿਰੇਗਾ, ਸ਼ਿਕਾਰ ਵੀ ਖੇਡੇਗਾ, ਦਸਤਾਰ ਵੀ ਸਜਾਏਗਾ, ਘੋੜ ਸਵਾਰੀ ਵੀ ਕਰੇਗਾ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਇਕੱਲੀ ਅਵਾਜ਼ ਹੀ ਨਹੀਂ ਉਠਾਏਗਾ ਸਗੋਂ ਫੌਜੀ ਰੂਪ ਵਿੱਚ ਜ਼ਾਲਮ ਵੈਰੀਆਂ ਦਾ ਟਾਕਰਾ, ਤਲਵਾਰ ਆਦਿਕ ਸ਼ਸ਼ਤਰਾਂ ਰਾਹੀਂ ਵੀ ਕਰੇਗਾ। ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵਿੱਚ ਜ਼ਾਲਮਾਂ ਨੂੰ ਚਿੱਤ ਕਰਕੇ ਦੰਦ ਖੱਟੇ ਕਰਨੇ ਇੱਕ ਇਤਿਹਾਸਕ ਸਚਾਈ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ ਪਾਸ ਜਿਉਂ ਬਾਗੈ। ਸਪ ਪਲੇਟੈ ਚੰਨਣੈ, ਬੂਹੇ ਜੰਦਾ ਕੁਤਾ ਜਾਗੈ। ਫਿਰ 1699 ਦੀ ਵੈਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਉਤਰਾਧਿਕਾਰੀ ਗੁਰੂ ਦਸ਼ਮੇਸ਼ ਜੀ ਨੇ, ਖੰਡੇ ਦੀ ਪਹੁਲ ਦੇਣ ਵੇਲ, ਇਹ ਪੱਕਾ ਐਲਾਨ ਵੀ ਕਰ ਦਿੱਤਾ-ਜਬ ਹਮਰੇ ਦਰਸ਼ਨ ਕਉ ਆਵਹੁ॥ ਬਨਿ ਸੁਚੇਤ ਤਨਿ ਸ਼ਸ਼ਤ੍ਰ ਸਜਾਵਹੁ॥ ਕ੍ਰਿਪਾਨ ਰੂਪੀ ਸ਼ਸ਼ਤ੍ਰ ਨੂੰ ਪੰਜਾਂ ਕਕਾਰਾਂ ਦੀ ਵਰਦੀ ਵਿੱਚ ਸ਼ਾਮਲ ਕਰ ਦਿੱਤਾ ਕਿ ਸਿੱਖ ਨੇ ਕ੍ਰਿਪਾਨ ਨੂੰ ਸ਼ਸ਼ਤ੍ਰ ਜਾਣ ਕੇ ਇਸ ਦੀ ਸੰਭਾਲ ਤੇ ਸੁਯੋਗ ਵਰਤੋਂ ਕਰਨੀ ਹੈ।

ਸੋ ਸਿੱਖ ਦੀ ਕ੍ਰਿਪਾਨ ਹੋਰ ਧਰਮਾਂ ਦੇ ਚਿੰਨ੍ਹਾਂ ਵਰਗਾ ਇਕੱਲਾ ਚਿੰਨ੍ਹ ਹੀ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ। ਈਸਾਈ ਕਰਾਸ ਲਟਕਾਉਂਦੇ, ਬ੍ਰਾਹਮਣ ਜਨੇਊ ਪਾਉਂਦੇ, ਜੋਗੀ ਜਟਾਂ ਰੱਖਦੇ, ਮੁਸਲਿਮ ਸੁਨਤ ਕਰਦੇ ਅਤੇ ਲਵਾਂ ਕਟਾਉਂਦੇ ਹਨ ਪਰ ਉਨ੍ਹਾਂ ਦੇ ਇਹ ਚਿੰਨ੍ਹ ਸ਼ਸ਼ਤ੍ਰ ਨਹੀਂ ਹਨ। ਕ੍ਰਿਪਾਨ ਇੱਕ ਸ਼ਸ਼ਤ੍ਰ ਹੈ, ਸਿੱਖ ਨੇ ਜਨੇਊ ਦੀ ਤਰ੍ਹਾਂ ਗਾਤਰੇ ਪਾ ਕੇ ਇਸ ਦੀ ਪੂਜਾ ਨਹੀਂ ਕਰਨੀ ਸਗੋਂ ਲੋੜ ਪੈਣ ਤੇ ਸਵੈ ਰੱਖਿਆ ਅਤੇ ਜ਼ਾਲਮ ਦੀ ਭਖਿਆ ਵਾਸਤੇ ਇਸ ਦੀ ਸੁਜੋਗ ਵਰਤੋਂ ਕਰਨੀ ਹੈ। ਸਿੱਖ ਸੰਤ-ਸਿਪਾਹੀ ਫੌਜੀ ਹੈ, ਜਿਵੇਂ ਫੌਜ ਦੀ ਵਰਦੀ ਅਤੇ ਸ਼ਸ਼ਤ੍ਰ ਹੁੰਦੇ ਹਨ, ਇਵੇਂ ਹੀ ਖ਼ਾਲਸੇ ਦੀ ਪੰਜ ਕਕਾਰੀ ਵਰਦੀ ਅਤੇ ਸ਼ਸ਼ਤ੍ਰ ਹਨ ਕਿਉਂਕਿ-ਖ਼ਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥ ਖ਼ਾਲਸੇ ਨੇ ਸਦਾ ਤਿਆਰ ਬਰ ਤਿਆਰ ਰਹਿਣਾ ਹੈ ਪਰ ਇਹ ਵਹਿਮ ਨਹੀਂ ਕਰਨਾ ਕਿ ਜੇ ਕਿਤੇ ਸੌਂਦੇ, ਨ੍ਹਾਉਂਦੇ, ਤੈਰਦੇ, ਕਬੱਡੀ ਆਦਿਕ ਖੇਡਾਂ ਖੇਡਦੇ ਅਤੇ ਹਵਾਈ ਜਹਾਜ ਆਦਿਕ ਵਿੱਚ ਸਫਰ ਕਰਦੇ ਸਮੇਂ ਜੇ ਕਿਤੇ ਕ੍ਰਿਪਾਨ ਉਤਾਰਨੀ ਵੀ ਪੈ ਜਾਏ ਤਾਂ ਗੁਰੂ ਨਿਰਾਜ ਹੋ ਜਾਵੇਗਾ। ਪਰ ਸਾਡੇ ਅਜੋਕੇ ਜਥੇਦਾਰ, ਕਥਾਕਾਰ, ਸਾਧ, ਸੰਤ ਅਤੇ ਡੇਰੇਦਾਰ ਆਪ ਤਾਂ ਜਹਾਜਾਂ ਵਿੱਚ ਕ੍ਰਿਪਾਨਾਂ ਉਤਾਰ ਕੇ ਆਉਂਦੇ ਹਨ ਪਰ ਸਿੱਖਾਂ ਨੂੰ ਡਰਾਵੇ ਅਤੇ ਉਪਦੇਸ਼ ਦਿੰਦੇ ਹਨ ਕਿ ਗੁਰੂ ਦਾ ਸਿੱਖ ਕਦੇ ਕ੍ਰਿਪਾਨ ਨਹੀਂ ਉਤਾਰ ਸਕਦਾ ਕਿਉਂਕਿ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟ ਜਾਂਦਾ ਅਤੇ ਧਰਮ ਖੰਡਤ ਹੋ ਜਾਂਦਾ ਹੈ। ਕੀ ਅੰਮ੍ਰਿਤ ਜਾਂ ਧਰਮ ਕੱਚਾ ਧਾਗਾ ਹੈ ਜੋ ਐਸਾ ਕਰਨ ਨਾਲ ਟੁੱਟ ਜਾਂਦਾ ਹੈ? ਸਿੱਖ ਨੇ ਵਿਸ਼ਾਲ ਦਿਲ ਲੈ ਕੇ ਦੁਨੀਆਂ ਵਿੱਚ ਵਿਚਰਨਾ ਹੈ ਨਾਂ ਕਿ ਕਟੜ ਹੋ ਕੇ-ਵਿਚਿ ਦੁਨੀਆਂ ਸੇਵ ਕਮਾਈਐ॥ ਤਾਂ ਦਰਗਹ ਬੈਸਣੁ ਪਾਈਐ॥(26)

ਚਿੰਨ੍ਹਾਂ ਦੀ ਕੇਵਲ ਪੂਜਾ ਕਰਨ ਵਾਲੀਆਂ ਕੌਮਾਂ ਓਨਾਂ ਚਿਰ ਗੁਲਾਮ ਰਹਿੰਦੀਆਂ ਹਨ ਜਿਨਾਂ ਚਿਰ ਉਹ ਜਾਗਦੀਆਂ ਨਹੀਂ। ਇਸ ਦੀ ਮਸਾਲ ਹਿੰਦੂ ਕੌਮ ਹੈ ਜੋ ਐਸਾ ਕਰਕੇ ਸਦੀਆਂ ਮੁਗਲਾਂ ਅਤੇ ਅੰਗ੍ਰੇਜਾਂ ਦੇ ਗੁਲਾਮ ਰਹੀ। ਸਿੱਖ ਕੌਮ ਨੇ ਗੁਲਾਮੀ ਦੇ ਸੰਗਲ ਕੱਟ ਕੇ, ਇਸ ਨੂੰ ਅਜ਼ਾਦ ਕਰਵਾਇਆ ਪਰ ਅੱਜ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਨੇ ਕੌਮ ਨੂੰ ਕੇਵਲ ਚਿੰਨ੍ਹਾਂ ਦੀ ਪੂਜਾ ਦੀ ਸਿਖਿਆ ਦੇ ਦੇ ਕੇ, ਸਰੀਰਕ (ਫਿਜੀਕਲੀ) ਅਤੇ ਮਾਨਸਿਕ ਤੌਰਤੇ ਸਰਕਾਰ ਦੀ ਅਤੇ ਆਪਣੀ ਗੁਲਾਮ ਬਣਾ ਲਿਆ ਹੈ। ਅੱਜ ਦਾ ਕ੍ਰਿਪਾਨਧਾਰੀ ਸਿੱਖ ਵੀ ਡੇਰੇਦਰ ਸਾਧਾਂ ਸੰਪ੍ਰਦਾਈਆਂ ਦਾ ਸੇਵਕ ਹੈ, ਸਾਧਾਂ ਦੀਆਂ ਬਰਸੀਆਂ ਖੂਬ ਮਨਾਉਂਦਾ ਹੈ। ਇਸ ਦਾ ਪ੍ਰਤੱ, ਡੇਰੇਦਾਰਾਂ ਦੀ ਪੂਜਾ ਅਤੇ ਮਰਯਾਦਾ ਦਾ ਧਾਰਨੀ ਹੋ ਚੁੱਕਾ ਹੈ। ਨ੍ਹਾਉਂਦੇ ਸਮੇਂ, ਕ੍ਰਿਪਾਨ ਨੂੰ ਕਦੇ ਸਿਰ ਤੇ, ਕਦੇ ਲੱਕ ਨਾਲ ਬੰਨ੍ਹਦਾ ਅਤੇ ਕਦੇ ਧਾਗੇ ਵਿੱਚ ਪਰੋ ਕੇ, ਗਲ ਵਿੱਚ ਲਟਕਾਉਂਦਾ ਹੈ। ਸਿੱਖ ਨੇ ਚਿੰਨ੍ਹਧਾਰੀ ਨਹੀਂ ਸਗੋਂ ਇੱਕ ਸੰਤ-ਸਿਪਾਹੀ ਫੌਜੀ ਰੂਪ ਵਿੱਚ ਵਿਚਰਨਾ ਹੈ ਅਤੇ ਲੋੜ ਪੈਣ ਤੇ ਕ੍ਰਿਪਾਨ ਦੀ ਸੁਯੋਗ ਵਰਤੋਂ ਕਰਨੀ ਹੈ ਨਾਂ ਕਿ ਹਰ ਵੇਲੇ ਸਰੀਰ ਨਾਲ ਰੱਖਣ ਵਾਲੀ ਚਿੰਨ੍ਹ ਪੂਜਾ ਹੀ ਕਰੀ ਜਾਣੀ ਹੈ। ਚਿੰਨ੍ਹ ਪੂਜੇ ਤੇ ਸਤਕਾਰੇ ਜਾਂਦੇ ਹਨ ਪਰ ਸ਼ਸ਼ਤ੍ਰ ਸਦਾ ਹੀ ਸੰਭਾਲ ਕੇ ਰੱਖੇ ਅਤੇ ਵਰਤੇ ਜਾਂਦੇ ਹਨ। ਸਿੱਖ ਨੇ ਕ੍ਰਿਪਾਨ ਧਾਰਨ ਕਰਕੇ ਖਾਹ-ਮਖਾਹ ਕਿਸੇ ਨਾਲ ਨਹੀਂ ਲੜਨਾ ਸਗੋਂ ਭੀੜ ਪੈ ਜਾਣ ਤੇ ਆਪਣੇ ਅਤੇ ਮਜ਼ਲੂਮ ਦੇ ਬਚਾ ਲਈ ਵਰਤਨਾ ਹੈ। ਯਾਦ ਰੱਖੋ ਕਿ ਜਿਨ੍ਹਾਂ ਚਿਰ ਕ੍ਰਿਪਾਨ ਦੀ ਅਹਿਮੀਅਤ ਨਹੀਂ ਸਮਝ ਜਾਂ ਸਮਝਾ ਲਈ ਜਾਂਦੀ ਧਾਰਨ ਨਹੀਂ ਕਰਨੀ ਚਾਹੀਦੀ, ਜਿਵੇਂ ਸਕੂਲੀ ਬੱਚੇ ਕ੍ਰਿਪਾਨ ਦੀ ਮਹਾਨਤਾ ਨੂੰ ਨਾਂ ਜਾਣਦਿਆਂ ਹੋਇਆਂ ਇਸ ਦੀ ਗਲਤ ਵਰਤੋਂ ਵੀ ਕਰ ਲੈਂਦੇ ਹਨ। ਇਸ ਕਰਕੇ ਕਈ ਵਿਦੇਸ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਕ੍ਰਿਪਾਨ ਪਾ ਕੇ ਨਹੀਂ ਆਉਣ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਵਹਿਮਾਂ-ਭਰਮਾਂ-ਭੇਖਾਂ ਚੋਂ ਕੱਢਿਆ ਸੀ-ਭਰਮ ਭੇਖ ਤੇ ਰਹੈ ਨਿਆਰਾ॥ ਅਤੇ ਅਗਾਹ ਵਧੂ ਸਮੇ ਦਾ ਹਾਣੀ ਹੋਣਾ ਸਿਖਾਇਆ ਸੀ-ਅਗਾਹ ਕੂ ਤ੍ਰਾਂਗਿ ਪਿਛਾ ਫੇਰਿ ਨਾ ਮੁਹਢੜਾ॥(1096) ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਸਿੱਖ ਨੇ ਸਮੇ ਅਨੁਸਾਰ ਅਧੁਨਿਕ ਸ਼ਸ਼ਤ੍ਰ ਵੀ ਧਾਰਨ ਕਰਨੇ ਹਨ। ਸਿੱਖ ਨੇ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖ਼ਾਲਸੇ ਕਾ” ਦੇ ਸਿਧਾਂਤ ਤੇ ਪਹਿਰਾ ਦੇਣਾ ਹੈ। ਸਿੱਖ ਧਰਮ ਦੁਨੀਆਂ ਦਾ ਅਗਾਹ ਵਧੂ, ਵਿਗਿਆਨਕ ਅਤੇ ਸੰਸਾਰਕ ਧਰਮ ਹੈ। ਇਸ ਨੇ ਸਮਾਜਕ ਭਾਈਚਾਰੇ ਵਿੱਚ ਰਹਿੰਦਿਆਂ, ਸਿੱਖੀ ਦੇ ਮਾਰਗ ਤੇ ਚਲਦਿਆਂ, ਸੰਸਾਰਕ ਤਰੱਕੀ ਦੀਆਂ ਪੁਲਾਗਾਂ ਵੀ ਪੁੱਟਣੀਆਂ ਹਨ ਨਾਂ ਕਿ ਤੱਪੜਾਂ, ਘੋੜਿਆਂ, ਸ਼ਸ਼ਤ੍ਰਾਂ ਅਤੇ ਬਾਣੇ ਤੱਕ ਹੀ ਸੀਮਤ ਰਹਿਣਾ ਹੈ। ਇਹ ਸਭ ਸਮੇਂ ਦੇ ਸਾਧਨ ਸਨ, ਅੱਜ ਜ਼ਮਾਨਾਂ ਬਹੁਤ ਅੱਗੇ ਹੈ, ਕਾਰਾਂ, ਹਵਾਈ ਜਹਾਜ਼ ਅਤੇ ਫੋਨ ਹਨ। ਮੀਡੀਆ, ਇੰਟ੍ਰਨੈੱਟ ਅਤੇ ਹੋਰ ਬਹੁਤ ਸੁਖ-ਸਹੂਲਤਾਂ ਹਨ, ਜੋ ਅੱਜ ਦੀ ਜਿੰਦਗੀ ਦੀਆਂ ਲੋੜਾਂ ਬਣ ਚੁੱਕੀਆਂ ਹਨ। ਸੋ ਕ੍ਰਿਪਾਨ ਤਵੀਤਾਂ ਦੀ ਤਰ੍ਹਾਂ ਧਾਗੇ ਚ’ ਪਾ ਕੇ ਗਲੇ ਲਟਾਈ ਫਿਰਨਾ, ਜਾਂ ਕਦੇ ਸਿਰ ਉੱਤੇ, ਕਦੇ ਲੱਕ ਨਾਲ ਬੰਨ੍ਹ ਅਤੇ ਕਦੇ ਕੇਵਲ ਧੂੁਪ ਧੁਖਾ ਕੇ ਹੀ ਪੂਜਾ ਕਰਨੀ ਅਤੇ ਇੱਕ ਚਿੰਨ੍ਹ ਹੀ ਸਮਝ ਲੈਣਾ ਕ੍ਰਿਪਾਨ ਦੀ ਅਹਿਮੀਅਤ ਤੋਂ ਅਨਜਾਣਤਾ ਹੈ। ਦੇਗ਼-ਤੇਗ਼ ਦਾ ਮਤਲਵ ਹੈ-ਪੀਰੀ-ਮੀਰੀ, ਪੀਰੀ (ਧਰਮ) ਅਤੇ ਮੀਰੀ (ਪਾਤਸ਼ਾਹੀ) ਦੀ ਲਖਾਇਕ ਹੈ। ਅੱਜ ਦੇ ਜਮਾਨੇ ਵਿੱਚ ਲੋਹੇ ਸਟੀਲ ਦੀ ਕ੍ਰਿਪਾਨ ਦੇ ਨਾਲ-ਨਾਲ ਗਿਆਨ-ਖੜਗ ਆਦਿਕ ਸਿਖਿਆ ਰੂਪ ਕ੍ਰਿਪਾਨ ਦੀ ਵੀ ਅਤਿਅੰਤ ਲੋੜ ਹੈ। ਸੋ ਕ੍ਰਿਪਾਨ ਇਕੱਲਾ ਚਿੰਨ੍ਹ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ ਅਤੇ ਅਤਿਅੰਤ ਲੋੜ ਪੈਣ ਤੇ ਸਿੱਖ ਇਸ ਦੀ ਸੁਜੋਗ ਵਰਤੋਂ ਕਰ ਸਕਦਾ ਹੈ। ਸਿੱਖ ਨੇ ਪੂਜਾ ਕਿਪ੍ਰਾਨ ਦੀ ਨਹੀਂ ਸਗੋਂ ਅਕਾਲ ਕੀ ਕਰਨੀ ਹੈ ਕਿਊਂਕਿ ਕ੍ਰਿਪਾਨ ਇੱਕ ਸ਼ਸ਼ਤ੍ਰ ਹੈ ਚਿੰਨ੍ਹ ਨਹੀਂ। ਲੋੜ ਪੈਣ ਤੇ ਉਤਾਰਨ ਨਾਲ ਅੰਮ੍ਰਿਤ ਨਹੀਂ ਟੁੱਟਦਾ ਅਤੇ ਨਾਂ ਹੀਂ ਧਰਮ ਖੰਡਤ ਹੁੰਦਾ ਹੈ ਇਹ ਸਭ ਭਰਮ ਅਤੇ ਡਰਾਵੇ ਹਨ। ਨਾਮ ਹੀ ਅੰਮ੍ਰਿਤ ਹੈ ਅਤੇ ਨਿਰਮਲ ਕਰਮ ਹੀ ਸਰਬੋਤਮ ਧਰਮ ਹੈ-ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪੁ ਨਿਰਮਲ ਕਰਮੁ॥(266) ਸਿੱਖ ਨੇ ਗੁਰਬਾਣੀ ਦੀ ਸਿਖਿਆ ਅਤੇ ਖੰਡੇ ਦੀ ਪਹੁਲ ਲੈ ਕੇ ਧਰਮੀ ਬਣਨਾ ਹੈ ਨਾਂ ਕਿ ਕਰਮਕਾਂਡੀ।ਸਿੱਖ ਕਿਸੇ ਸਾਧ ਦਾ ਨਹੀਂ ਸਗੋਂ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ।

Thursday, January 13, 2011

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?


ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ “ਵੈਦਿਕਧਰਮ” ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ “ਤਿਲ-ਰੋੜੀ” ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ, ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)

ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ “ਰਿਗ ਵੇਦ” ਮੰਨਿਆਂ ਜਾਂਦਾ ਹੈ। ਭਾ. ਕਾਹਨ ਸਿੰਘ ਨ੍ਹਾਭਾ ਅਨੁਸਾਰ-ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਦੇ ਸੰਗ੍ਰਹ ਨਾਲ ਹੈ। ਦੂਜਾ “ਸਾਮਦੇਵ” ਹੋਂਦ ਵਿੱਚ ਆਇਆ ਭਾਵ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ। ਉਸਤਤ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ। ਫਿਰ “ਯਜੁਰ ਵੇਦ” ਹੋਂਦ ਵਿੱਚ ਆਇਆ। ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਦੱਸਿਆ ਗਿਆ ਹੈ। ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ, ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ। ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਆਪਣੀ ਗੁਰਮਤਿ ਵਿਰੋਧੀ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ? ਕੀ ਇਹ ਸਿੱਖੀ ਹੈ ਜਾਂ ਕਿ ਕਰਮਕਾਂਡੀ ਬ੍ਰਾਹਮਣੀ ਰੀਤ? ਸਿੱਖ ਤਾਂ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਵਿਅਕਤੀ ਹੈ ਨਾਂ ਕਿ ਅੰਧਵਿਸ਼ਵਾਸ਼ੀ ਪੂਜਾ ਕਰਨ ਵਾਲਾ ਇਨਸਾਨ।

ਸਗਨ ਅਪਸਗਨ ਸਿੱਧੇ ਤੌਰ ਤੇ ਬ੍ਰਾਹਮਣ ਮੱਤ ਨਾਲ ਸਬੰਧਤ ਹਨ। ਗੁਰਬਾਣੀ ਦਾ ਫੁਰਮਾਨ ਹੈ-ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401) ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ। ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ। ਭਾਰਤ ਵਿੱਚ ਬਹੁਤਾ, ਹਿੰਦੂ ਬ੍ਰਾਹਮਣ ਦਾ ਪ੍ਰਭਾਵ ਹੋਣ ਕਰਕੇ ਫਸਲਾਂ ਵੀ ਸਗਨ ਅਪਸਗਨ ਦੇਖ ਕੇ ਬੀਜੀਆਂ ਜਾਂਦੀਆਂ ਸਨ। ਅੱਜ ਵੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋਹੜੀ ਦੇ ਸ਼ੁਭ ਸ਼ਗਨਾਂ ਦੇ ਨਾਮ ਤੇ ਪਹਿਲੇ ਚੌਵੀ ਘੰਟੇ ਸਗਨਾਂ ਨੂੰ ਹੀ ਸਮ੍ਰਪਤ ਹੁੰਦੇ ਹਨ। ਮਾਘ ਰਿੱਧੀ ਪੋਹ ਖਾਧੀ ਦੇ ਕਥਨ ਅਨੁਸਾਰ ਪੰਜਾਬ ਵਿੱਚ ਰਾਤ ਨੂੰ ਪੋਹ ਮਹੀਨੇ ਦੇ ਵਿੱਚ ਖਿਚੜੀ ਰਿੰਨ੍ਹ ਲਈ ਜਾਂਦੀ ਹੈ ਅਤੇ ਸਵੇਰੇ ਮਾਘੀ ਦੀ ਸੰਗ੍ਰਾਂਦ ਵਾਲੇ ਦਿਨ ਖਾਧੀ ਜਾਂਦੀ ਹੈ। ਉਚੇਚੇ ਰਾਤ ਨੂੰ ਰਿੰਨ੍ਹ ਕੇ ਸਵੇਰੇ ਖਾਣ ਵਾਲੇ ਇਸ ਸਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਕੀਤੀ ਜਾਂਦੀ ਹੈ ਕਿ ਅੰਨ ਭੰਡਾਰ ਹਰ ਸਵੇਰ ਚਲਦਾ ਰਹੇ ਅਤੇ ਫ਼ਸਲਾਂ ਸਦਾ ਵਧਦੀਆਂ ਫੁਲਦੀਆਂ ਰਹਿਣ। ਜਰਾ ਸੋਚੋ! ਕੀ ਫਸਲਾਂ ਚੰਗੀ ਦੇਖ-ਭਾਲ, ਚੰਗੇ ਵਾਤਾਵਰਣ ਅਤੇ ਵਧੀਆ ਮੌਸਮ ਨਾਲ ਵਧਦੀਆਂ ਫੁੱਲਦੀਆਂ ਹਨ ਜਾਂ ਕਿਸੇ ਮੰਤ੍ਰ ਪੜ੍ਹਨ ਜਾਂ ਸਗਨ-ਅਪਸਗਨ ਮੰਨਣ ਨਾਲ?

ਠੰਡੀ ਸਿਆਲੀ ਰੁੱਤ ਹੋਣ ਕਰਕੇ ਪੁਰਾਨੇ ਸਮੇਂ ਲੋਕ ਠੰਡ ਤੋਂ ਬਚਨ ਲਈ ਲਕੜਾਂ, ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਸਨ। ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਵੱਡੇ-ਵੱਡੇ ਖੁੰਡ ਬਾਲ ਕੇ ਲੋਕ ਇਕੱਠੇ ਹੋ ਕੇ ਅੱਗ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਅਤੇ ਖੁਸ਼ੀ ਦੇ ਗੀਤ ਗਾਉਂਦੇ ਸਨ। ਅਖੌਤੀ ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਅਤੇ ਵਹਿਮ ਨਾਲ ਜੋੜ ਕੇ ਪੂਜਾ ਦੇ ਨਾਂ ਤੇ ਸ਼ਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ। ਅੱਗ ਨੂੰ ਵੇਦਾਂ ਵਿੱਚ ਦੇਵਤਿਆਂ ਦੀ ਜੀਭ ਮੰਨਿਆਂ ਗਿਆ ਹੈ ਜੋ ਇਸ ਵਿੱਚ ਜਾਂ ਇਸ ਦੇ ਨਾਂ ਤੇ ਭੇਟਾ ਕੀਤਾ ਜਾਵੇ ਉਹ ਸਿੱਧਾ ਦੇਵਤਿਆਂ ਨੂੰ ਪਹੁੰਚ ਜਾਂਦਾ ਹੈ ਅਤੇ ਦੇਵੀ-ਦੇਵਤਾ ਪ੍ਰਸੰਨ ਹੋ ਕੇ ਵਰ ਦਿੰਦੇ ਹਨ ਪਰ ਇਹ ਸਾਰਾ ਕੁੱਝ ਪੁਜਾਰੀ ਰਾਹੀਂ ਕਰਵਾਇਆ ਜਾਵੇ ਤਾਂ ਜਲਦੀ ਪਹੁੰਚਦਾ ਹੈ। ਪੁਜਾਰੀ ਲੋਕ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਭਾਂਵੇ ਉਹ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ। ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ। ਫਿਰ ਬ੍ਰਾਹਮਣ ਪੁਜਾਰੀ ਦੇ ਕਹਿਣ ਤੇ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਅਤੇ ਸੰਗ੍ਰਾਂਦ ਆਦਿਕ ਦਿਨ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਲੱਗ ਪਏ। ਜਿਸ ਨਾਲ ਪੁਜਾਰੀ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।

ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁੱਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?

ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ। ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489) ਗੁਮਮਤਿ ਵਿੱਚ ਕੇਵਲ ਕਰਤੇ ਦੀ ਪੂਜਾ ਹੀ ਸਮਝਾਈ ਗਈ ਹੈ। ਗੁਰੂ ਦੀ ਸਿਖਿਆ ਲੈ ਕੇ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾ ਕੇ “ਗੁਣ ਕਹਿ ਗੁਣੀ ਸਮਾਵਣਿਆ” ਹੋਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।

ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਅਨ-ਅਧਿਕਾਰੀ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਥਾਂ ਅਗਿਆਨਤਾ ਦਾ ਦੌਰ ਚਲ ਰਿਹਾ ਹੈ। ਜਿਸ ਕਰਕੇ ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਸ਼ਰਾਬ ਆਦਿਕ ਮਾਰੂ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ। ਜੋ ਨਸ਼ੇ ਵਿੱਚ ਧੁੱਤ, ਲੜਾਈਆਂ-ਝਗੜੇ ਅਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ। ਕਈ ਵਾਰੀ ਤਿਉਹਾਰਾਂ ਤੇ ਅਪਣੀਆਂ ਪੁਰਾਣੀਆਂ ਦੁਸ਼ਮਣੀਆਂ ਵੀ ਕੱਢੀਆਂ ਜਾਂਦੀਆਂ ਹਨ ਅਤੇ ਅਨੇਕਾਂ ਨੂੰ ਲੰਮਾ ਸਮਾਂ ਜੇਲ੍ਹਾਂ, ਵਕੀਲਾਂ ਆਦਿਕ ਦੇ ਚੱਕਰ ਵੀ ਕੱਟਣੇ ਪੈਂਦੇ ਹਨ।

ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ, ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਜੋ ਸਾਨੂੰ ਇਨ੍ਹਾਂ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਅਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ। ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ ਅੱਜ ਗੁਰਦੁਆਰਿਆਂ ਵਿਖੇ ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਨਾਮਵਰ ਪੰਥਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਅਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ ਇਨ੍ਹਾਂ ਕੋਝੀਆਂ ਚਾਲਾਂ ਅਤੇ ਹੂੜਮੱਤਾਂ ਵਿੱਚੋਂ ਕੱਢਣ ਲਈ ਨਿਧੜਕ ਹੋ ਕੇ ਅੱਗੇ ਆਉਣ ਅਤੇ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ।

ਇਸ ਸਭ ਕੁੱਝ ਲਈ ਪੰਥ ਦੇ ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾ, ਹਉਮੈ-ਹੰਕਾਰ ਅਤੇ ਲੀਡਰੀ ਦੀ ਹੋੜ ਨੂੰ ਛੱਡ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਅਤੇ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ। ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ “ਗੋਹ ਵਾਂਗ ਚਿੰਬੜੀ” ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਅਤੇ ਅਜ਼ਾਦ ਹੋ ਕੇ “ਨਾਨਕ ਰਾਜ ਚਲਾਇਆ” ਵਾਲੇ ਰਾਜ-ਭਾਗ ਵੱਲ ਵਧੇਗੀ, ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਸਿੱਖੀ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਰੱਦ ਕਰ ਦਿੱਤਾ ਹੈ। ਅੱਜ ਗੁਰਦੁਆਰਿਆਂ, ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਅਤੇ ਕੌਮੀ ਸਹਿਮਤੀ ਨਾਲ ਗੁਰਮੁਖ ਜਨਾਂ ਨੂੰ ਗੁਰਧਾਮਾਂ ਦੀ ਸੇਵਾ ਸੌਂਪੀ ਜਾਵੇ, ਤਾਂ ਹੀ ਅਜਿਹੇ ਅਖੌਤੀ, ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।