ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਕੁੜੀ ਮਾਰ

ਤਰਲੋਚਨ ਸਿੰਘ ਦੁਪਾਲਪੁਰ —
ਕੁੜੀ ਮਾਰ

ਬਰਸਾਤਾਂ ਦੇ ਮੌਸਮ ਵਿਚ ਆਲੇ ਦੁਆਲੇ ਫਸਲਾਂ ਹੋਣ ਕਾਰਨ ਸਾਡੇ ਘਰ ਦੇ ਬਾਹਰ ਖੁੱਲ੍ਹੇ ਵਿਹੜੇ ਵਿਚ ਸੱਪ ਬਹੁਤ ਆ ਜਾਂਦੇ ਸਨ। ਦਿਖਾਈ ਦਿੰਦਿਆਂ ਸਾਰ ਅਸੀਂ ‘ਸੱਪ ਉਏ-ਸੱਪ ਉਏ’ ਕਰਦਿਆਂ ਅਸਮਾਨ ਸਿਰ ‘ਤੇ ਚੁੱਕ ਲੈਣਾ। ਆਪਣੇ ਗੁਵਾਂਢ ‘ਚ ਰਹਿੰਦੇ ਚੌਧਰੀ ਨੂੰ ਅਸੀਂ ਝੱਟ ਵਾਜਾਂ ਮਾਰਨੀਆਂ- “ਵੀਰਾ, ਲਾਠੀ ਲੈ ਕੇ ਆਈਂ ਛੇਤੀ, ਸਾਡੇ ਵਿਹੜੇ ਵਿਚ ਸੱਪ ਫਿਰਦਾ ਐ!’’ ਅੱਗਿਉਂ ਉਸਨੇ ‘ਲੈ ਮੈਂ ਆਇਆ’ ਕਹਿ ਕੇ, ਸੱਪ ਦਾ ਧਿਆਨ ਰੱਖਣ ਲਈ ਸਾਨੂੰ ਅਲਰਟ ਕਰ ਦੇਣਾ, ਪਰ ਚੌਧਰੀ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਰੌਲਾ ਸੁਣ ਕੇ ਹੋਰ ਲਾਗ-ਪਾਸ ਦੇ ਗੁਆਂਢੀਆਂ ਨੇ ਲਾਠੀਆਂ ਚੁੱਕੀ ਸਾਡੇ ਵਿਹੜੇ ਪਹੁੰਚ ਜਾਣਾ। ਉਨ੍ਹਾਂ ਵਲੋਂ ਸੱਪ ਮਾਰੇ ਜਾਣ ਤੇ ਬਾਅਦ ਚੌਧਰੀ ਨੇ ਹੱਥਾਂ ਨੂੰ ਥੁੱਕ ਲਾ ਲਾ ਡਾਂਗ ਉਲਾਰਦਿਆਂ ‘ਹਟੋ ਪਰੇ….ਕਿੱਥੇ ਆ ਸੱਪ?’ ਕਹਿੰਦੇ ਨੇ ਭੱਜਿਆ ਆਉਣਾ। ਵਿਸੁ ਘੋਲ ਰਹੇ ਅਧਮੋਏ ਸੱਪ ਦੀ ਪੂਛ ਉੱਪਰ ਜ਼ੋਰ ਜ਼ੋਰ ਕੇ ਲਾਠੀਆਂ ਮਾਰਦਿਆਂ ਉਸ ਨੇ ਉੱਚੀ ਉੱਚੀ ਆਖੀ ਜਾਣਾ- “ਹਾਲੇ ਨੀਂ ਮਰਿਆ-ਹਾਲੇ ਨੀਂ ਮਰਿਆ।’’
ਜੇ ਦੂਸਰੇ ਗੁਆਂਢੀਆਂ ਦੇ ਆਉਂਦਿਆਂ- ਕਰਦਿਆਂ ਸੱਪ ਇੱਧਰ-ਉੱਧਰ ਵਗ ਜਾਂਦਾ, ਤਾਂ ਫੇਰ ਚੌਧਰੀ ਨੇ ਪੁਲੀਸ ਦੇ ਖੋਜੀ ਕੁੱਤਿਆਂ ਵਾਂਗ, ਸਾਡੇ ਵਿਹੜੇ ‘ਚ ਆਲੇ ਦੁਆਲੇ ਗੇੜਾ ਮਾਰ ਕੇ, ਧਰਤੀ ਉੱਪਰ ਪਈਆਂ ਘਾਸਾਂ ਜਿਹੀਆਂ ਨੂੰ ਬੜੇ ਗਹੁ ਨਾਲ ਤਾੜਦਿਆਂ ਕਹਿਣਾ- “ਆਹ ਦੇਖੋ ਸੱਪ ਦੀਆਂ ਪੈੜਾਂ!’’ ਇੰਜ ਕਹਿ ਕੇ ਉਸ ਨੇ ਬੜਾ ‘ਫੁਰਤੀਲਾ’ ਬਣਦਿਆਂ ਹੋਇਆਂ, ਆਪਣੀ ਲਾਠੀ ਐਵੇਂ, ਖੁੱਡਾਂ ਵਿਚ ਘਸੋਈ ਜਾਣੀ। ਕਹਿਣ ਦਾ ਭਾਵ, ਦੋਹਾਂ ਹਾਲਤਾਂ ਵਿਚ, ਸੱਪ ਉਸ ਤੋਂ ਕਦੀ ਵੀ ਨਹੀਂ ਸੀ ਮਰਿਆ।
ਲੇਕਿਨ ਸੱਪ ਦੇ ਜਾਣ ਤੋਂ ਬਾਅਦ ਉਸ ਦੀ ਲਕੀਰ ਨੂੰ ਲਾਠੀ ਨਾਲ ਕੁੱਟਣਾ-ਮਾਰਨਾ, ਚੌਧਰੀ ਆਪਣਾ ‘ਪ੍ਰਥਮ ਫਰਜ਼’ ਸਮਝਦਾ ਸੀ। ਇਹ ਵੱਖਰੀ ਗੱਲ ਸੀ ਕਿ ਸਾਡਾ ਸਾਰਾ ਮਹੱਲਾ ਉਹਦੀ ਇਸ ਵਾਦੀ ਉੱਤੇ ਵਿਅੰਗ ਕੱਸਦਾ ਰਹਿੰਦਾ ਹੁੰਦਾ ਸੀ, ਪ੍ਰੰਤੂ ਚੌਧਰੀ ਹਮੇਸ਼ਾ ‘ਲਕੀਰ ਦਾ ਫਕੀਰ’ ਬਣਿਆ ਰਹਿੰਦਾ।
ਦੇਖਿਆ ਜਾਵੇ ਤਾਂ ਉਕਤ ਚੌਧਰੀ ਵਾਲਾ ਗੁਣ, ਸਾਡੇ ਪੰਜਾਬੀਆਂ ਦੇ ਜੀਨਜ਼ ਵਿਚ ਰਚਿਆ ਹੋਇਆ ਹੈ। ਸਾਡੇ ਸਮਾਜ ਦੀ ਇਹ ‘ਸਿਫਤ’ ਕੁਝ ਜਿ਼ਆਦਾ ਹੀ ਪ੍ਰਸਿੱਧ ਹੋ ਚੁੱਕੀ ਹੈ ਕਿ ਅਸੀਂ ਕਿਸੇ ਹੋਈ-ਬੀਤੀ ਘਟਨਾ ਦੇ ਅਸਲ ਕਾਰਨਾਂ ਨੂੰ ਵਾਚਣ ਦੀ ਥਾਂ, ਆਮ ਰਟੀ ਰਟਾਈ ਭਾਸ਼ਾ ਬੜੀ ਜਲਦੀ ਵਰਤਣ ਲੱਗ ਪੈਂਦੇ ਹਾਂ। ਕਿਸੇ ਅਮਾਨਵੀ ਵਰਤਾਰੇ ਬਾਬਤ ਜੇ ਦੋ ਚਾਰ ਮੋਹਰੀ ਸੱਜਣ, ਇਕ ਖ਼ਾਸ ਵਿਅਕਤੀ ਨੂੰ ਕਸੂਰਵਾਰ ਆਖ ਦੇਣ, ਬੱਸ ਫਿਰ ਦੇਖਾ ਦੇਖੀ ਸਾਰੀ ਭੀੜ ਉੱਚੀ ਬੋਲੀ ਬੋਲਦਿਆਂ ਆਪਣਾ ‘ਫਤਵਾ’ ਉਸੇ ਇਕ ਵਿਅਕਤੀ ਵਿਰੁਧ ਜਾਰੀ ਕਰੀ ਜਾਂਦੀ ਹੈ। ਜੇ ਕੋਈ ਸਿਆਣੀ ਆਵਾਜ਼ ਇਹ ਪੁੱਛਣ ਦਾ ਹੀਆ ਕਰੇ ਕਿ ਆਉ ਆਪਾਂ ‘ਕੁਲੱਛਣੀਆਂ ਘਟਨਾਵਾਂ’ ਦੇ ਦੂਸਰੇ ਕਾਰਨਾਂ ਬਾਬਤ ਵੀ ਵਿਚਾਰ ਕਰੀਏ, ਤਾਂ ਐਸੀ ਆਵਾਜ਼ ਨੂੰ, ਬਾਕੀ ਦੇ ਸਾਰੇ ਜਣੇ ਘੂਰ-ਘੱਪ ਕੇ ਚੁੱਪ ਕਰਾਉਣ ਲਈ ਪੱਬਾਂ ਭਾਰ ਹੁੰਦਿਆਂ ਕੁੱਦ ਕੁੱਦ ਪੈਂਦੇ ਹਨ।
ਐਸੀ ਇਕ ਤਾਜ਼ੀ ਮਿਸਾਲ ਸਾਹਮਣੇ ਆਈ ਹੈ ਜੋ ਮਿਸੀਸਾਗਾ (ਕੈਨੇਡਾ) ਨਾਲ ਸਬੰਧਤ ਹੈ। ਉੱਥੇ ਇਕ ਪੰਜਾਬੀ ਸਿੱਖ ਪਰਿਵਾਰ ਦੀ ਨੌਜਵਾਨ ਨੂੰਹ, ਬੀਬੀ ਅਮਨਦੀਪ ਕੌਰ, ਕਤਲੋਗਾਰਤ ਦੀ ਘਟਨਾ ਵਿਚ ਮਾਰੀ ਜਾ ਚੁੱਕੀ ਹੈ। ਮੀਡੀਏ ਦੀ ਜਾਣਕਾਰੀ ਮੁਤਾਬਕ ਇਸ ਨਿਭਾਗਣ ਲੜਕੀ ਦੇ ਕਤਲ ਪਿੱਛੇ ਉਸ ਦੇ ਸਹੁਰੇ ਦਾ ਹੱਥ ਮੰਨਿਆ ਜਾ ਰਿਹਾ ਹੈ।
ਇਸ ਦਰਦਨਾਕ-ਕਾਂਡ ਦੇ ਪਿਛੋਕੜ ਵਿਚ ਕੋਈ ਨਵੀਂ ਕਹਾਣੀ ਨਹੀਂ, ਸਗੋਂ ਉਹੀ ਪੁਰਾਣੀ ‘ਦਾਜ ਵਾਲੀ ਭੁੱਖ’ ਜਾਂ ਸਮਝੋ ਕਿ ਮੁੰਡੇ ਵਾਲਿਆਂ ਵਲੋਂ ਕੁੜੀ ਦੇ ਪਰਿਵਾਰ ਨੂੰ ਕੁੰਡੀ ‘ਚ ਫਸੀ ਹੋਈ ਮੱਛੀ ਮੰਨਣ ਵਾਲੀ ਮੰਦਭਾਗੀ ਬਿਰਤੀ ਹੀ ਕੰਮ ਕਰਦੀ ਜਾਪਦੀ ਹੈ। ਅਮਨਦੀਪ ਦੇ ਕਤਲ ਨੂੰ, ਲੁੱਟ ਖੋਹ ਦੀ ਵਾਰਦਾਤ ਸਮੇਂ ਹੋਈ ‘ਮੌਤ’ ਦਰਸਾਉਣ ਲਈ ਸਹੁਰਾ ਕਹੇ ਜਾਂਦੇ ਵਿਅਕਤੀ ਨੇ ਸਟੰਟ ਰਚਿਆ, ਪਰ ਅਸਲੀਅਤ ਸਾਹਮਣੇ ਆ ਰਹੀ ਹੈ। ਇਸ ਬਦਨਸੀਬ ਕੁੜੀ ਦਾ ਇਕੋ ਇਕ ਮਾਸੂਮ ਬੇਟਾ ਪੰਜਾਬ ਵਿਚ ਆਪਣੇ ਨਾਨਕਿਆਂ ਦੇ ਘਰੇ ਪਲ ਰਿਹਾ ਹੈ।
ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਅਭਾਗੀ ਕੁੜੀ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਸਥਾਨਕ ਪੰਜਾਬੀਆਂ ਨੇ, ਕਾਤਲ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਅਤੇ ਇਸ ਮੌਕੇ ਮਰਨ ਵਾਲੀ ਲੜਕੀ ਦੇ ਪੰਜਾਬ ਤੋਂ ਆਏ ਮਾਂ-ਬਾਪ ਅਤੇ ਛੋਟੀ ਭੈਣ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿੱਤਾ। ਹੋਰ ਲੋਕਾਂ ਨੂੰ ਵੀ ਦੁਖੀ-ਪਰਿਵਾਰ ਦੀ ਮਦਦ ਕਰਨ ਲਈ ਅਪੀਲਾਂ ਕੀਤੀਆਂ ਗਈਆਂ। ਦੱਸਿਆ ਗਿਆ ਕਿ ਇਸ ਸਮੇਂ ਅਮਨਦੀਪ ਦੇ ਮਾਂ ਬਾਪ ਨੇ ਹੰਝੂ ਕੇਰਦਿਆਂ ਆਪਣੀ ਬੇਟੀ ਦੇ ਲਾਲਚੀ ਸਹੁਰਾ ਪਰਿਵਾਰ ਦੀਆਂ ਕਮੀਨਗੀਆਂ ਬਿਆਨਦਿਆਂ ਆਖਿਆ ਕਿ ਉਨ੍ਹਾਂ ਨੇ ‘ਕੁੜਮਾਂ ਦੀ ਮੰਗ’ ਅਨੁਸਾਰ ‘ਸ਼ਾਹਾਨਾ ਢੰਗ’ ਨਾਲ ਵਿਆਹ ਕੀਤਾ। ਕੁੜੀ (ਅਮਨਦੀਪ) ਕੈਨੇਡਾ ਪਹੁੰਚਣ ਤੋਂ ਬਾਅਦ ਫਿਰ ਉਨ੍ਹਾਂ ਅੱਗੇ ਵੀਹ ਲੱਖ ਰੁਪਏ ਦੀ ਮੰਗ ਹੋਰ ਰੱਖ ਦਿੱਤੀ, ਜੋ ਅਮਨਦੀਪ ਦੇ ਮਾਪਿਆਂ ਨੇ ਪੂਰੀ ਕਰ ਦਿੱਤੀ। ਅਜਿਹੀਆਂ ਭੁੱਖ ਖਿਲਾਰਨ ਵਾਲੀਆਂ ਡਿੱਗੀਆਂ ਗੱਲਾਂ ਸੁਣ ਸੁਣ ਕੇ ਸਾਰੇ ਲੋਕਾਂ ਨੇ ਮੁੱਕ ਚੁੱਕੀ ਕੁੜੀ ਦੇ ਸਹੁਰਿਆਂ ਨੂੰ ਰੱਜ ਕੇ ਲਾਹਣਤਾਂ ਪਾਈਆਂ।
ਇਹੋ ਜਿਹੇ ਮਰੀ ਜ਼ਮੀਰ ਵਾਲੇ ਲਾਹਣਤੀਆਂ ਨੂੰ ਦਬੱਲ ਕੇ ਥੂਹ ਥੂਹ ਹੋਣੀ ਚਾਹੀਦੀ ਹੈ, ਪ੍ਰੰਤੂ ਇਸ ਮੌਕੇ ਤਸਵੀਰ ਦਾ ਦੂਸਰਾ ਪਾਸਾ ਜ਼ਰਾ ਜਿੰਨਾ ਵੀ ਦੇਖਣ ਦੀ ਕੋਸਿ਼ਸ਼ ਨਹੀਂ ਕੀਤੀ ਜਾਂਦੀ। ਹਰ ਕੋਈ ਇਕੋ ਇਕ ਧਿਰ ਵਿਚ ਸੁੰਡੀਆਂ ਕੱਢਣ ਲਗ ਜਾਂਦਾ ਹੈ, ਪਰ ਇਕ ਅਖਬਾਰ ਮੁਤਾਬਕ ਅਮਨਦੀਪ ਕੌਰ ਦੀ ਅੰਤਿਮ-ਅਰਦਾਸ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਨੇ, ਇਸ ਅਤਿ-ਦੁਖਦਾਈ ਕਾਂਡ ਦਾ ਇਕ ਮਹੱਤਵਪੂਰਨ ਪਹਿਲੂ ਉਠਾਉਂਦਿਆਂ ਹੋਇਆਂ, ਕੁਝ ਕੌੜੀਆਂ ਸੱਚਾਈਆਂ ਬਿਆਨ ਕੀਤੀਆਂ। ਕਿਸੇ ਸੂਝਵਾਨ ਬੁਲਾਰੇ ਦੇ ਇਹ ਸ਼ਬਦ ਪੜੋ-
‘‘….ਕਮਿਕਰ ਸਿੰਘ ਢਿੱਲੋਂ (ਅਮਨਦੀਪ ਦਾ ਕਥਿਤ ਕਾਤਲ ਸਹੁਰਾ) ਉੱਤੇ ਕਤਲ ਦੇ ਦੋਸ਼ ਲੱਗੇ ਹਨ ਤੇ ਉਹ ਕਥਿਤ ਤੌਰ ‘ਤੇ ਦਾਜ ਦਾ ਲੋਭੀ ਐਲਾਨਿਆ ਗਿਆ ਹੈ। ਇਸ ਮਾਮਲੇ ਬਾਰੇ ਫੈਸਲਾ ਅਦਾਲਤ ਕਰੇਗੀ। ਪਰ ਜਿਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਅਮਨਦੀਪ ਕੌਰ ਆਪਣੇ ਸਹੁਰਾ ਪਰਿਵਾਰ ਵਿਚ ਵਧੀਆ ਤੇ ਸੁਖੀ ਜੀਵਨ ਨਹੀਂ ਬਤੀਤ ਕਰ ਰਹੀ ਤੇ ਉਹ ਪਲ ਪਲ ਮਰ ਰਹੀ ਸੀ, ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਕੌਣ ਦਵੇਗਾ?…ਜਿਨ੍ਹਾਂ ਮਾਪਿਆਂ ਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਸਾਡੇ ਕੁੜਮਾਂ ਨੂੰ ਸਾਡੀ ਧੀ ਨਹੀਂ, ਸਗੋਂ ਦਹੇਜ ਚਾਹੀਦਾ ਹੈ ਤਾਂ ਫਿਰ ਉਹ ਕਿਉਂ ਆਪਦੀਆਂ ਕੁੜੀਆਂ ਨੂੰ ਬੇ-ਰਹਿਮ ਕਸਾਈਆਂ ਕੋਲ ਤੋਰਦੇ ਹਨ? ਪੰਜਾਬ ‘ਚ ਵਸਦੇ ਰਸਦੇ ਮਾਪਿਆਂ ਦੀ ਕੈਨੇਡਾ ਆਉਣ ਦੀ ਇੱਛਾ, ਕਿੰਨੀਆਂ ਕੁ ਧੀਆਂ ਦੀ ਬਲੀ ਲੈਂਦੀ ਰਹੇਗੀ?…ਉਹ ਕਿਹੜੀ ‘ਮਜਬੂਰੀ’ ਸੀ, ਜਿਹਦੇ ਕਰਕੇ ਅਮਨਦੀਪ ਕੌਰ ਦੇ ਮਾਪਿਆਂ ਨੇ ਸਿਰੇ ਦੇ ਲਾਲਚੀ ਕੁੜਮਾਂ ਨੂੰ ਵਿਆਹ ਤੋਂ ਬਾਅਦ ਵੀ ਵੀਹ ਲੱਖ ਰੁਪਈਆ ਪੰਜਾਬ ਤੋਂ ‘ਕੱਠਾ ਕਰਕੇ ਭੇਜ ਦਿੱਤਾ ਸੀ?’’
ਕੈਨੇਡੀਅਨ ਜੰਮਪਲ ਇਕ ਹੋਰ ਨੌਜਵਾਨ ਬੀਬੀ ਦੀ ਵੇਦਨਾ ਸੁਣੋ- “…ਸ਼ਾਇਦ ਕੈਨੇਡਾ ਬੈਠੀਆਂ ਦੁਖਿਆਰਨ ਧੀਆਂ ਦੀ ਆਵਾਜ਼ ਨੂੰ ਪੰਜਾਬ ਵਾਸੀ ਅਣਗੌਲਿਆ ਕਰਨ, ਇਸ ਲਈ ਮ੍ਰਿਤਕ ਅਮਨਦੀਪ ਦੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਪਰਤ ਕੇ ਪੰਜਾਬੀਆਂ ਦੇ ਗੁੰਗੇ-ਬੋਲੇ ਕੰਨਾਂ ਵਿਚ, ਇਹ ਕਰੁਣਾ ਭਰੀ ਆਵਾਜ਼ ਪਾਉਣ ਕਿ ਕੈਨੇਡਾ-ਅਮਰੀਕਾ ਜਾਣ ਦੇ ਲਾਲਚ ਵਿਚ, ਅੱਖਾਂ ਮੀਚ ਮੀਚ ਕੇ ਆਪਦੀਆਂ ਧੀਆਂ-ਧਿਆਣੀਆਂ ਦੀ ਕੁਰਬਾਨੀ ਨਾ ਦੇਵੋ।
ਭਲਾ ਇਹ ਸਾਰੀਆਂ ਗੱਲਾਂ, ਉਨ੍ਹਾਂ ਭਦਰਪੁਰਸ਼ਾਂ ਦੀ ਖਲੜੀ ‘ਤੇ ਕੋਈ ਅਸਰ ਪਾਉਣਗੀਆਂ, ਜਿਹੜੇ ਕੈਨੇਡਾ-ਅਮਰੀਕਾ ਦੀ ਝਾਕ ਵਿਚ, ਆਪਣੀਆਂ ਅਲ੍ਹੜ ਜਿਹੀਆਂ ਧੀਆਂ ਨੂੰ, ਬਿਨਾਂ ਕੋਈ ਪੁੱਛ ਪੜਤਾਲ ਕੀਤਿਆਂ, ਲਾਲਚੀ ਕੁੱਤਿਆਂ ਦੀਆਂ ਪੂਛਾਂ ਨਾਲ ਨੂੜ ਦਿੰਦੇ ਨੇ? ਨੀਤ ਦੇ ਭੁੱਖਿਆਂ ਦਾ ਮੂੰਹ ਕਿੰਨਾ ਕੁ ਚਿਰ ਸੋਨੇ ਅਤੇ ਰੁਪਈਆਂ ਨਾਲ ਭਰਿਆ ਜਾ ਸਕਦਾ ਹੈ? ਸਾਡਾ ਪੰਜਾਬ ਕਿੰਨਾ ਕੁ ਚਿਰ ‘ਬਾਹਰਲੇ ਮੁੰਡਿਆਂ’ ਲਈ ‘ਮੰਡੀ’ ਬਣਿਆ ਰਹੇਗਾ। ਜਿਵੇਂ ਅੱਗ ਦਾ ਇਕ ਚੰਗਿਆੜਾ, ਸੈਂਕੜੇ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਰਾਖ ਬਣਾ ਦਿੰਦਾ ਹੈ, ਇਵੇਂ ਹੀ ਇਸ ਕੁਲਹਿਣੇ-ਔਗੁਣ ਨੇ, ਪੰਜਾਬੀ ਕੌਮ ਦੀਆਂ ਸਾਰੀਆਂ ਖੂਬੀਆਂ ਦੀ ਸੁਆਹ ਬਣਾ ਦਿੱਤੀ ਹੋਈ ਹੈ। ਅਸੀਂ ਡੀਂਗਾਂ ਮਾਰੀ ਜਾਂਦੇ ਹਾਂ….ਅਸੀਂ ਜੀ ਲੰਗਰ ਚਲਾਉਂਦੇ ਹਾਂ! ….ਸਾਡੇ ਗੁਰਦੁਆਰੇ ਬੜੇ ਆਲੀਸ਼ਾਨ ਹਨ!….ਸਾਡਾ ਸੰਗੀਤ ਅੰਤਰ ਰਾਸ਼ਟਰੀ ਪੱਧਰ ‘ਤੇ ਧੁੂਮਾਂ ਪਾ ਰਿਹੈ।….ਅਸੀਂ ਵਿਦੇਸ਼ਾਂ ‘ਚ ਬਹੁਤ ‘ਮੱਲਾਂ’ ਮਾਰੀਆਂ… ਪਰ ਜਦ ਕੋਈ ਕਮਿੱਕਰ ਸਿਹੁੰ ਨੂੰਹ ਨੂੰ ਚਾਕੂ ਮਾਰ ਕੇ ਲਹੂ-ਲੁਹਾਣ ਕਰ ਦਿੰਦਾ ਹੈ, ਫਿਰ ਵਿਚੇ ਈ ਅਣਿਆਈ ਮੌਤੇ ਮਰ ਚੁੱਕੀ ਨੂੰਹ ਧੀ ਦੇ ਮਾਪਿਆਂ ਸਮੇਤ ਅਸੀਂ ਸਾਰੇ, ਲੰਘ ਚੁੱਕੇ ਸੱਪ ਦੀ ਲਕੀਰ ਉੱਪਰ ਬੇ-ਤਹਾਸ਼ਾ ਲਾਠੀਆਂ ਚਲਾਉਂਦੇ ਹਾਂ।….ਫੇਰ ਹਰੇਕ ਜਣਾ ‘ਸੋ ਕਿਉਂ ਮੰਦਾ ਆਖੀਐ’ ਦਾ ਸਲੋਕ ਉੱਚੀ ਆਵਾਜ਼ ਕੱਢ ਕੇ ਸੁਣਾਉਂਦਾ ਹੈ! ਫੰਡ ਇਕੱਠਾ ਕਰਨ ਦੀਆਂ ਜਜ਼ਬਾਤੀ ਅਪੀਲਾਂ ਕੀਤੀਆਂ ਜਾਂਦੀਆਂ ਹਨ!!!… ਕੁਝ ਦਿਨਾਂ, ਹਫਤਿਆਂ ਬਾਅਦ ਕੋਈ ਹੋਰ ਬਦਨਸੀਬ ‘ਅਮਨਦੀਪ’ ਆਪਣੇ ਮਾਪੇ ਪਰਿਵਾਰ ਦੇ ਵਿਦੇਸ਼ ਆਉਣ ਦੇ ਚਾਅ ਨੂੰ ਅੱਧ-ਵਾਟੇ ਛੱਡ ਜਾਂਦੀ ਹੈ।
ਵਿਦੇਸ਼ੀ ਰਿਸ਼ਤੇ ਕਰਨੇ ਕੋਈ ਗੁਨਾਹ ਨਹੀਂ ਹੈ, ਪਰ ਬੰਦੇ-ਕੁਬੰਦੇ ਦੀ ਪਰਖ ਕਰਨੀ ਤਾਂ ਜ਼ਰੂਰੀ ਹੈ। ਜਿਵੇਂ ਮੈਂ ਉਪਰੋਕਤ ਕਾਂਡ ਨਾਲ ਸਬੰਧਤ ਪਿੰਡਾਂ ਦੇ ਇਕ ਪਰਵਾਸੀ ਭਰਾ ਨੂੰ ਫੋਨ ਕਰਕੇ ਵਿਸਥਾਰ ਜਾਨਣਾ ਚਾਹਿਆ। ਉਸ ਦਾ ਜਵਾਬ ਸੁਣ ਲਉ: ‘‘ਭਾਈ ਸਾਹਿਬ, ਬਾਕੀ ਗੱਲਾਂ ਛੱਡੋ, ਮੈਂ ਤਾਂ ਇਹ ਪੜ੍ਹ ਕੇ ਹੈਰਾਨ ਹੋ ਗਿਆ ਕਿ ਉਸ……ਟੇ ਨੂੰ ਕਿਸ ਭੜੂਏ ਨੇ ਇੰਨੀ ਸੋਹਣੀ ਕੁੜੀ ਦਿੱਤੀ ਹੋਈ ਸੀ?’’
ਇਸ ਗਿਲਾਨੀ ਭਰੇ ਪੱਖ ਤੋਂ ਆਪਣੀ ਕੌਮ ਬਾਰੇ ਸੋਚਦਿਆਂ ਦਿਲ ਵਿਚ ਘ੍ਰਿਣਾ ਪੈਦਾ ਹੁੰਦੀ ਹੈ। ਵਿਦੇਸ਼ੀ ਰਿਸ਼ਤੇ ਕਰਨ ਲਈ, ਪੰਜਾਬੀਆਂ ਵਲੋਂ ਵੇਲੇ ਜਾਂਦੇ ਬੇ-ਸ਼ਰਮ ਪਾਪੜ ਤੇ ਬੇ-ਹਯਾ ਕਿੱਸਿਆਂ ਦਾ, ਭਨਿਆਰੇ ਵਾਲੇ ਸਾਧ ਦੇ ਬਣਾਏ ‘ਭਵ-ਸਾਗਰ ਗ੍ਰੰਥ’ ਜਿੱਡਾ ਪੋਥਾ ਬਣ ਸਕਦਾ ਹੈ। ਇਨ੍ਹਾਂ ਵਿਚ ਕਈ ਐਸੀਆਂ ‘ਗੁੱਝੀਆਂ ਜਾਣਕਾਰੀਆਂ’ ਹਨ, ਜਿਨ੍ਹਾਂ ਨੂੰ ਲਿਖਤ ‘ਚ ਪ੍ਰਗਟਾਉਣ ਲੱਗਿਆਂ ਖੁਦ ਨੂੰ ਸ਼ਰਮ ਆਉਣ ਲੱਗ ਪੈਂਦੀ ਹੈ।
ਪਿੱਛੇ ਜਿਹੇ ਕਟਾਰਾ ਨਾਂ ਦੇ ਇਕ ਸੂਰ-ਮੂੰਹੇ ਜਿਹੇ ਭਾਜਪਾਈ ਐਮ.ਪੀ. ਨਾਲ ‘ਦੋ ਨੰਬਰ’ ਵਿਚ ਕੈਨੇਡਾ ਆ ਰਹੀ ਪੰਜਾਬੀਆਂ ਦੀ ਨੌਜਵਾਨ ਨੂੰਹ ਫੜੀ ਗਈ ਸੀ। ਉਦੋਂ ਅਧਖੜ੍ਹ ਉਮਰ ਦੇ ਕਟਾਰੇ ਦੇ ਪਟਾਰੇ ਵਿਚੋਂ ਹੋਰ ਸਮਾਨ ਦੇ ਨਾਲ-ਨਾਲ, ਕਾਮ-ਤਾਕਤ-ਵਧਾਊ ਕੈਪਸੂਲ ਵੀ ਬਰਾਮਦ ਹੋਏ ਸਨ। ਲੰਡਨ ਦੇ ਬਾਜ਼ਾਰਾਂ ਵਿਚ ਕੋਈ ਪੰਜਾਬਣ ਆਪਣਾ ਚੰਦ ਜਿਹਾ ਪੁੱਤ ਅਣਵਾਲਾ ਛੱਡ ਕੇ ਦੌੜੀ ਫਿਰਦੀ ਹੈ। ਜੂੜੀ ‘ਤੇ ਚਿੱਟਾ ਰੁਮਾਲ ਬੰਨ੍ਹੀ ਫਿਰਦੇ ਸੋਹਣੇ-ਸੁਨੱਖੇ ਕਾਕੇ ਦੇ, ਯੂ.ਕੇ. ਦੀ ਪੁਲਿਸ ਡੀ.ਐਨ.ਏ. ਟੈਸਟ ਕਰਕੇ ਉਸਦੇ ਮਾਪਿਆਂ (ਅਸਲ ‘ਚ ਕਲਯੁਗੀ ਮਾਪਿਆਂ!) ਦਾ ਖੁਰਾ ਖੋਜਾ ਲੱਭ ਰਹੀ ਹੈ।
ਪੰਜਾਬ ਵਿਚ ਅਸੀਂ ਅਣਜੰਮੀਆਂ ਧੀਆਂ ਦੇ ਆਹੂ ਲਾਹ ਲਾਹ ਕੇ ਨਵੇਂ ਰਿਕਾਰਡ ਬਣਾ ਛੱਡੇ ਨੇ। ਬਾਹਰੋਂ ਆਏ ਬੁੱਢੜ-ਗੱਭਰੂਆਂ ਨੂੰ ਅਸੀਂ ਸੋਲ੍ਹਾਂ ਸੋਲ੍ਹਾਂ ਸਾਲਾਂ ਦੀਆਂ ਧੀਆਂ ਫੜਾਉਣ ਤੋਂ ਸੰਗ ਨਹੀਂ ਕਰਦੇ। ਦੋ ਪੈਰ ਘੱਟ ਪਰ ‘ਮੜਕ ਨਾਲ’ ਤੁਰਨ ਵਾਲੇ ਪੰਜਾਬੀ ਕਿਹੜੇ ਅਕਾਸ਼ਾਂ ‘ਚ ਅਲੋਪ ਹੋ ਗਏ? ਅਣਿਆਈ ਮੌਤੇ ਮਰਨ ਵਾਲੀਆਂ ਧੀਆਂ ਲਈ ਨੰਗੇ ਧੜ ਲੜਨ ਵਾਲੇ ਬਾਈ ਰਾਮੂਵਾਲੀਏ ਨੂੰ ਅਸੀਂ ਸਿਰਫ ਆਪਣਾ ‘ਚੌਕੀਦਾਰ’ ਸਮਝਿਆ ਹੋਇਐ! ਇਸ ਮਾਮਲੇ ਵਿਚ ਜੇ ਅਸੀਂ ਨਾ ਹੋਸ਼ ਕੀਤੀ, ਅੰਤਰ-ਆਤਮੇ ਨਾ ਝਾਤੀ ਮਾਰੀ, ਤਾਂ ਸਾਰੀ ਦੁਨੀਆਂ ਸਾਨੂੰ ‘ਕੁੜੀ ਮਾਰਾਂ ਦਾ ਕਬੀਲਾ’ ਕਹਿਣ ਲੱਗ ਪਵੇਗੀ। ਉਹ ਹੂੜ ਮਾਰ ਕਬੀਲਾ, ਜਿਹੜਾ ਸਾਡੇ ਪਿੰਡ ਦੇ ਚੌਧਰੀ ਵਾਂਗ, ਮਰੇ ਹੋਏ ਸੱਪ ਦੇ ਜਾਂ ਸੱਪ ਦੀ ਘਾਸ ਨੂੰ ਲਾਠੀਆਂ ਮਾਰ ਮਾਰ ਕੁੱਟੀ ਜਾਂਦਾ ਹੈ!