ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਪੰਜਾਬੀ ਕੌਮ ਦਾ ਬੇੜਾ ਗਰਕ ਹੋ ਜਾਊ ਕਿ

ਤਰਲੋਚਨ ਸਿੰਘ ਦੁਪਾਲਪੁਰ —
ਪੰਜਾਬੀ ਕੌਮ ਦਾ ਬੇੜਾ ਗਰਕ ਹੋ ਜਾਊ ਕਿ

ਮਰ ਗਇਆਂ ਨੂੰ ਮਾੜਾ ਨਹੀਂ ਕਹੀਦਾ। ਇਹ ਸਾਡੀ ਪੁਰਾਣੀ ਪਰੰਪਰਾ ਹੈ। ਜਹਾਨੋਂ ਕੂਚ ਕਰ ਗਿਆ ਹਰੇਕ ਪ੍ਰਾਣੀ ਆਖਰ ਇੰਨੇ ਕੁ ਸ਼ੁਭ ਕੰਮ ਤਾਂ ਕਰ ਹੀ ਗਿਆ ਹੁੰਦਾ ਹੈ, ਜਿਨਿਆਂ ਕੁ ਨਾਲ ਉਸ ਦੇ ਭੋਗ ਸਮਾਗਮ ਉੱਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਸਕਣ। ਪਰ ਖੁਦਾ ਨਾ ਖਾਸਤਾ, ਭਲਾ ਜੇ ਕਿਸੇ ਬੰਦੇ ਨੇ ਆਖਰੀ ਸਾਹ ਲੈਣ ਤੱਕ ‘ਬੰਦਿਆਂ ਵਾਲਾ’ ਕੋਈ ਕੰਮ ਹੀ ਨਾ ਕੀਤਾ ਹੋਵੇ? ਫਿਰ ਉਹਦੀ ਸ਼ੋਭਾ ਕਰਨ ਲਈ ਕਿਹੜੀ ਡਿਕਸ਼ਨਰੀ ‘ਚੋਂ ਸ਼ਬਦ ਲੱਭ ਕੇ ਲਿਆਂਦੇ ਜਾਣ? ਉਂਜ ਤਾਂ ਐਸੀ ‘ਸਮੱਸਿਆ’ ਕਿਸੇ ਦੇ ਵੀ ਭੋਗ ਮੌਕੇ ਅੱਜ ਤੱਕ ਨਹੀਂ ਆਈ ਸੁਣੀ। ਕਿਉਂਕਿ ਹਕੀਕਤ ਤੋਂ ਜਾਣੂ ਸ੍ਰੋਤੇ, ਸਟੇਜ ਤੋਂ ਤੋਲਿਆ ਜਾ ਰਿਹਾ ਕੁਫਰ, ਮੁਸ਼ਕੜੀਏਂ ਹੱਸਦੇ ਹੋਏ ਹਜ਼ਮ ਤਾਂ ਕਰ ਲੈਂਦੇ ਹਨ। ਪਰ ਬੁਲਾਰਿਆਂ ਦੀ ਟੋਕਾ-ਟਾਕੀ ਕੋਈ ਨਹੀਂ ਕਰਦਾ। ਸਿਆਸੀ ਲੀਡਰਾਂ ਵਲੋਂ ਚੋਣਾਂ ਮੌਕੇ ਕੀਤੇ ਜਾਂਦੇ ‘ਚੋਣ-ਮਨੋਰਥ ਪੱਤਰਾਂ’ ਦੇ ਧੂੰਆਂਧਾਰ ਪ੍ਰਚਾਰ ਵਾਂਗ ਸ਼ਰਧਾਂਜਲੀਆਂ ਨੂੰ ਵੀ ਲੋਕੀਂ ‘ਚੱਲ ਹੋਊ’ ਕਹਿ ਕੇ ਬਰਦਾਸ਼ਤ ਕਰ ਲੈਂਦੇ ਨੇ।
ਪਰ ਮੈਂ ਇਕ ਕਹਾਣੀ ਹੋਰ ਸੁਣੀ ਹੈ। ਕਹਿੰਦੇ ਕਿਤੇ ਕੋਈ ਮਹਾਂ-ਨਿਕੰਮਾ ਬੰਦਾ ਮਰ ਗਿਆ। ਉਸਦੇ ਭੋਗ ਮੌਕੇ ‘ਗੁਰਮੁਖਿ ਜਨਮ ਸਵਾਰ ਦਰਗਾਹ ਚੱਲਿਆ’ ਵਾਲਾ ਸ਼ਬਦ ਗਾਇਨ ਕਰਨ ਉਪਰੰਤ, ਰਾਗੀ ਸਿੰਘ ਆਪਣਾ ‘ਲਾਗ’ ਸਮੇਟ ਕੇ ਅਹੁ ਗਏ ਅਹੁ ਗਏ! ਸ਼ਰਧਾਂਜਲੀ ਦਾ ਗੁੱਡਾ ਬੰਨਣਾ ਬਹੁਤ ਜ਼ਰੂਰੀ ਸੀ। ਮੁਸ਼ਕਿਲ ਇਹ ਖੜ੍ਹ ਗਈ ਕਿ ਉਥੇ ਕੋਈ ਝੂਠ ਬੋਲਣ ਦਾ ‘ਸਪੈਸ਼ਲਿਸਟ’ ਭਾਵ ਕੋਈ ਸਿਆਸੀ ਨੇਤਾ ਹਾਜ਼ਰ ਨਹੀਂ ਸੀ। ਮਰ ਚੁੱਕੇ ਬੰਦੇ ਦੇ, ਚੌਂਹਾਂ ਪੰਜਾਂ ਭਰਾਵਾਂ ਨੇ ਸੋਚਿਆ ਕਿ ਸਾਡਾ ਭਰਾ ਸ਼ਰਧਾਂਜਲੀ ਤੋਂ ‘ਸੁੱਕਾ’ ਹੀ ਨਾ ਰਹਿ ਜਾਏ? ਉਨ੍ਹਾਂ ਆਲੇ ਦੁਆਲੇ ਨਜ਼ਰ ਘੁਮਾਈ। ਇਕੱਠ ਵਿਚ ਪਿੰਡ ਦਾ ਇਕ ਉਹ ਸੱਜਣ ਬੈਠਾ ਸੀ ਜੋ ਸਟੇਜ ‘ਤੇ ਬੋਲਣਾ ਤਾਂ ਜਾਣਦਾ ਸੀ ਪਰ ਉਹਦੇ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹ ਕਦੇ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਸੀ ਕਰਦਾ। ਇੱਕ ਸੱਚੇ-ਪੱਕੇ ਨੇਕ ਇਨਸਾਨ ਵਜੋਂ ਉਸ ਦੀ ਪਿੰਡ ਵਿਚ ਮਾਨਤਾ ਸੀ। ਮਜ਼ਬੂਰੀ ਵੱਸ ਉਸਨੂੰ ਸ਼ਰਧਾਂਜਲੀ ਦੇਣ ਲਈ ਮਾਈਕ ਫੜਾਇਆ ਗਿਆ। ਸਟੇਜ ‘ਤੇ ਆ ਕੇ ਉਸਨੇ ਸਵਰਗਵਾਸੀ ਦੀਆਂ ਸਿਫਤਾਂ ਇੰਜ ਕੀਤੀਆਂ:
‘‘…ਏਹ ਫਲਾਣਾ ਸਿਹੁੰ ਸਾਰੇ ਜ਼ਮਾਨੇ ਦਾ ਲੁੱਚਾ, ਦਸ ਨੰਬਰੀਆਂ ਬਦਮਾਸ਼, ਸਿਰੇ ਦਾ ਮੱਕਾਰ, ਬੇ-ਹਯਾ, ਹੰਕਾਰੀ, ਦੁਰਾਚਾਰੀ, ਅੱਤਿਆਚਾਰੀ…।’’ ਇੰਨੇ ਕੁ ਗੁਣ ਗਿਣਾ ਕੇ ਬੁਲਾਰੇ ਦੇ ਮਨ ਮਿਹਰ ਪੈ ਗਈ। ਹਟਣ ਲੱਗਿਆਂ ਉਸਨੇ ਮਰਨ ਵਾਲੇ ਦੀ ਸ਼ਾਨ ਵਧਾਉਣ ਲਈ, ਸਭਾ ਵਿਚ ਬੈਠੇ ਉਸਦੇ ਭਰਾਵਾਂ ਵਲ ਇਸ਼ਾਰਾ ਕਰਦਿਆਂ ਆਖਿਆ, ‘‘ਚਲੋ ਖ਼ੈਰ, ਉਹ ਜੋ ਵੀ ਸੀ, ਆਪਣੇ ਇਨ੍ਹਾਂ ਭਰਾਵਾਂ ਨਾਲੋਂ ਕੁੱਛ ਚੰਗਾ ਸੀ!’’
ਕਲਾ ਅਤੇ ਗੀਤ ਸੰਗੀਤ ਦੇ ਖੇਤਰ ਨਾਲ ਜੁੜੇ ਹੋਏ ਅਦਾਕਾਰ, ਕਲਾਕਾਰ ਜਾਂ ਕਲਮਕਾਰ ਜਦ ਚੜ੍ਹਾਈ ਕਰ ਜਾਂਦੇ ਹਨ ਤਾਂ ਉਨ੍ਹਾਂ ਦੇ ਅੰਤਿਮ ਸ਼ਰਧਾਂਜਲੀ ਸਮਾਗਮਾਂ ਦੇ ਨਾਲ ਨਾਲ ਕਈ ਕਈ ਦਿਨ ਅਖਬਾਰਾਂ ਮੈਗਜ਼ੀਨਾਂ ਵਿਚ, ਉਨ੍ਹਾਂ ਵਲੋਂ ਕੀਤੀ ਗਈ ‘ਸੱਭਿਆਚਾਰਕ ਸੇਵਾ’ ਦਾ ਗੁਣਗਾਨ ਹੁੰਦਾ ਰਹਿੰਦਾ ਹੈ। ਇਨ੍ਹਾਂ ਲੋਕਾਂ ‘ਤੇ ਇਹ ਇਕ ‘ਸਰਾਪ’ ਹੀ ਸਮਝੋ ਕਿ ਕੁਝ ਕੁ ਵਿਰਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਦਿੱਤੀਆਂ ਜਾਂਦੀਆਂ ‘ਲਿਖਤੀ ਸ਼ਰਧਾਂਜਲੀਆਂ ਵਿਚ ਸ਼ਰਾਬ ਦੇ ਨਸ਼ੇ ਅਤੇ ਔਰਤਾਂ ਨਾਲ ਨਾਜਾਇਜ਼ ਰਿਸ਼ਤਿਆਂ ਦੇ ਹਵਾਲੇ ਜ਼ਰੂਰ ਹੁੰਦੇ ਹਨ। ਕਿਸੇ ਨੇ ਦੋ ਦੋ, ਤਿੰਨ ਤਿੰਨ ਵਿਆਹ ਕੀਤੇ ਹੋਏ ਹੁੰਦੇ ਹਨ। ਕੋਈ ਭਦਰਪੁਰਸ਼ ਵਿਆਹ ਦੇ ਝੰਜਟ ਤੋਂ ਬਾਹਰੋਂ ਬਾਹਰ ਹੀ ਕਈ ਕਈ ਜਨਾਨੀਆਂ ਦਾ ਪਤੀ ਰਹਿ ਚੁੱਕਾ ਹੁੰਦੈ। ਕਈਆਂ ਦੀ ਜਿ਼ੰਦਗੀ ਵਿਚ ਹੋਏ ਬੀਤੇ ਗੈਰ ਇਖਲਾਕੀ ਅਜੀਬੋ ਗਰੀਬ ਹਾਦਸਿਆਂ ਦੀ ਭਰਮਾਰ ਹੁੰਦੀ ਹੈ।
ਇਸੇ ਵਰਗ ਨਾਲ ਸਬੰਧਿਤ ਕਈ ਨਾਮੀ ਗਰਾਮੀ ਬੀਬੀਆਂ ਦਾ ਵੀ ਇਹੀ ਹਾਲ ਦੇਖਣ ‘ਚ ਆਉਂਦਾ ਹੈ। ਹਾਲੇ ਤੱਕ ਪੰਜਾਬੀ ਸਮਾਜ ਵਿਚ ਸਿਗਰਟਨੋਸ਼ੀ ਕਰਨ ਵਾਲੀ ਜਾਂ ਸ਼ਰਾਬ ਪੀਣ ਵਾਲੀ ਔਰਤ ਨੂੰ ਘ੍ਰਿਣਾਂ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਲੇਕਿਨ ਪੰਜਾਬੀ ਦੀ ਇਕ ਨਾਮਵਰ ਕਵਿੱਤਰੀ ਸ਼ਰੇਆਮ ਸਿਗਰਟਾਂ ਦੇ ਕਸ਼ ਲਗਾਉਂਦੀ ਰਹੀ। ਪ੍ਰਚੱਲਤ ਰਵਾਇਤ ਨੂੰ ਉਲੰਘ ਕੇ ਇੱਕ ਸਿੱਖ ਖਾਨਦਾਨ ਨਾਲ ਸਬੰਧਿਤ ਹੁੰਦਿਆਂ ਸਿਰ ਦੇ ਵਾਲਾਂ ਦੇ ਪਟੇ ਬਣਾਉਂਦੀ ਰਹੀ।
ਜਹਾਨੋਂ ਤੁਰ ਗਿਆਂ ਨੂੰ ਸਭ ਕੁਝ ਮੁਆਫ ਵਾਲੀ ਪਰੰਪਰਾ ਦਾ ਪਾਲਣ ਕਰਦਿਆਂ ਹੋਇਆਂ, ਲੇਖਕ-ਭਰਾ, ਇਨ੍ਹਾਂ ਲੋਕਾਂ ਦੀਆਂ ਬਦਇਖਲਾਕੀਆਂ ਨੂੰ ਵੀ ਕਲਾ ਦੀ ਚਾਸ਼ਣੀ ‘ਚ ਗੁੰਨ੍ਹ ਗੁੰਨ੍ਹ ਕੇ ਪੇਸ਼ ਕਰਦੇ ਰਹਿੰਦੇ ਹਨ।
ਨਾਵਲ-ਲੇਖਣੀ ਵਿਚ ਚੰਗੀ ਪ੍ਰਸਿੱਧੀ ਖੱਟਣ ਵਾਲੇ ਇਕ ਪੰਜਾਬੀ ਲੇਖਕ ਦਾ, ਕਿਸੇ ਮੈਗਜ਼ੀਨ ਵਿਚ ਛਪਿਆ ਹੋਇਆ ਸਚਿੱਤਰ ਜੀਵਨ-ਬਿਉਰਾ ਪੜ੍ਹ ਰਿਹਾ ਸਾਂ। ਉਨ੍ਹਾਂ ਦੀ ਰੋਜ਼ਮੱਰ੍ਹਾ ਦੀ ਜਿ਼ੰਦਗੀ ਨਾਲ ਸਬੰਧਿਤ ਬਹੁਤ ਸਾਰੀਆਂ ਤਸਵੀਰਾਂ ਵੀ ਲਿਖਤ ਵਿਚ ਛਪੀਆਂ ਹੋਈਆਂ ਸਨ। ਰਸੋਈ ਵਿਚ ਰੋਟੀ ਪਾਣੀ ਦਾ ਕੰਮ ਕਰ ਰਹੀ ਇਕ ਸਾਦ ਮੁਰਾਦੀ ਪੇਂਡੂ ਬੀਬੀ ਦੀ ਫੋਟੋ ਹੇਠਾਂ ਲਿਖਿਆ ਹੋਇਆ ਸੀ ਕਿ ਲੇਖਕ ਜੀ ਦੀ ਧਰਮ-ਪਤਨੀ ਸ੍ਰੀਮਤੀ…ਕੌਰ ਜੀ ਰਸੋਈ ਵਿਚ ਸਬਜ਼ੀ-ਭਾਜੀ ਤਿਆਰ ਕਰਨ ‘ਚ ਰੁੱਝੇ ਹੋਏ ਹਨ। ਇਸ ਫੋਟੋ ਦੇ ਨਾਲ ਹੀ ਇਕ ਹੋਰ ਫੋਟੋ ਵਿਚ ਲੇਖਕ ਸ੍ਰੀਮਾਨ ਦੇ ਮੋਢੇ ਨਾਲ ਮੋਢਾ ਜੋੜ ਕੇ, ਕਾਲੇ ਚਸ਼ਮੇ ਪਹਿਨੀ ਸਮਾਰਟ ਜਿਹੀ ਬੀਬੀ ਮੁਸਕਰਾ ਰਹੀ ਸੀ। ਇਸ ਦੂਸਰੀ ਫੋਟੋ ਦੀ ਕੈਪਸ਼ਨ ਵਿਚ ‘ਭੁਲਾਵੇਂ ਅੱਖਰਾਂ ਵਾਂਗ ਇੰਜ ਲਿਖਿਆ ਹੋਇਆ ਸੀ-‘ਲੇਖਕ ਜੀ ਆਪਣੀ ‘ਜੀਵਨ-ਸਾਥਣ’ ਸ੍ਰੀਮਤੀ….ਕੌਰ ਨਾਲ ਖੜ੍ਹੇ ਹਨ!’ ਪਤਨੀ ਹੋਰ, ਜੀਵਨ-ਸਾਥਣ ਕੋਈ ਹੋਰ!!
ਲਉ ਕਰ ਲਉ ਗੱਲ! ਜੇ ਭਲਾ ਇਸ ਵਿਦਵਾਨ ਲੇਖਕ ਦੀ ਰੀਸੋ ਰੀਸੀ ਆਪਣੇ ਪੰਜਾਬੀ ਮਰਦ, ਧਰਮ-ਪਤਨੀਆਂ ਦੇ ਨਾਲ ਨਾਲ ‘ਜੀਵਨ-ਸਾਥਣਾਂ’ ਵੀ ਰੱਖਣ ਲੱਗ ਪੈਣ, ਤਾਂ ਪੰਜਾਬੀ ਕੌਮ ਦਾ ਬੇੜਾ ਗਰਕ ਹੋ ਜਾਊ ਕਿ ਨਹੀਂ? ਭਰੂਣ-ਹੱਤਿਆ ਦੇ ਦੈਂਤ ਵਲੋਂ ਪੰਜਾਬ ਵਿਚ ਜੰਮਦੀਆਂ ਧੀਆਂ ਨਿਗਲਣ ਕਰਕੇ, ਮਰਦਾਂ ਨੂੰ ਇਕ ਅੱਧ ਪਤਨੀ ਲੱਭਣੀ ਮੁਸ਼ਕਿਲ ਹੋਈ ਪਈ ਹੈ ਇੱਧਰ ਇਹ ਸ੍ਰੀ ਮਾਨ ‘ਚੋਪੜੀਆਂ ਨਾਲ ਦੋ ਦੋ’ ਵਾਲੇ ਅਖਾਣ ਨੂੰ ਸਾਕਾਰ ਕਰ ਰਹੇ ਹਨ। ਇਹ ਕੈਪਸ਼ਨਾਂ ਲਿਖਣ ਵਾਲੇ ਕਲਮਕਾਰ ਨੇ ਪੜ੍ਹਨ ਵਾਲਿਆਂ ਦੇ ਦਿਮਾਗ ਦੀ ਚੱਕਰੀ ਬੜੀ ਚੁਸਤੀ ਨਾਲ ਘੁਮਾਈ ਹੈ। ਪਾਠਕਾਂ ਮੋਹਰੇ ਜਲੇਬੀ-ਸ਼ੇਪ ਦਾ ਵਿੰਗ ਵਲੇਵਾਂ ਪਾ ਕੇ ਰੱਖ ਦਿੱਤਾ ਹੈ।
ਸਾਹਿਤ ਸਿਰਜਣ-ਪ੍ਰਕਿਰਿਆ ਬਾਬਤ ਵੱਖ ਵੱਖ ਬੁੱਧੀਜੀਵੀਆਂ ਦੇ ਕਈ ਤਰ੍ਹਾਂ ਦੇ ਵਿਚਾਰ ਹਨ। ਪਰ ਬਹੁਤਿਆਂ ਦਾ ਮੱਤ ਹੈ ਕਿ ਕਲਾ ਅਤੇ ਸਾਹਿਤ, ਨਰੋਆ ਸਮਾਜ ਸਿਰਜਦੇ ਹਨ। ਦੂਸਰੇ ਸ਼ਬਦਾਂ ਵਿਚ ਕਹਿ ਲਈਏ ਕਿ ਜਿਹੜੀ ਕਲਾ ਜਾਂ ਸਾਹਿਤ ਮਨੁੱਖ-ਮਾਤਰ ਨੂੰ ਕੋਈ ਸੇਧ ਹੀ ਨਹੀਂ ਦੇ ਸਕਦੇ, ਉਨ੍ਹਾਂ ਦਾ ਫਾਇਦਾ ਹੀ ਕੀ ਹੋਇਆ? ਆਵਾ ਗੌਣ ਕਾਗਜ਼ ਕਾਲੇ ਕਰਨ ਦਾ ਅਤੇ ਲੋਕਾਂ ਦਾ ਕੀਮਤੀ ਸਮਾਂ ਖਰਾਬ ਕਰਨ ਦਾ ਕੀ ਲਾਭ? ਇਸਤੋਂ ਅਗਲੀ ਗੱਲ ਇਹ ਕਿ ਆਪਣੀ ਕਲਾ ਜਾਂ ਕਲਮ ਨਾਲ ਆਪਣੇ ਸਮਾਜ ਲਈ ਸੁਨੇਹਾ ਦੇਣ ਵਾਲੇ ਦਾ ਆਪਣਾ ਕਿਰਦਾਰ ਜਾਂ ਅਮਲ ਕੈਸਾ ਹੈ?
ਠੀਕ ਚੱਲ ਰਹੀ ਘੜੀ, ਰੁਕੀਆਂ ਹੋਈਆਂ ਹੋਰ ਸੈਂਕੜੇ ਹਜ਼ਾਰ ਘੜੀਆਂ ਨੂੰ ਦਰੁਸਤ ਕਰ ਸਕਦੀ ਹੈ। ਜੋ ਆਪ ਹੀ ਗਲਤ ਹੈ ਉਹ ਦੂਜਿਆਂ ਨੂੰ ਵੀ ਭੁਲੇਖੇ ਵਿਚ ਪਾਵੇਗੀ। ‘ਪਾਤਰ’ ਦਾ ਇਕ ਸਿ਼ਅਰ ਹੈ:
ਉਸ ਦੀਆਂ ਗੱਲਾਂ ਸੁਣੋ,
ਕੀ ਰੰਗ ਕੀ ਕੀ ਰੌਸ਼ਨੀ,
ਹਾਇ! ਪਰ ਕਿਰਦਾਰ ਤੇ
ਗੱਲ ਬਾਤ ਵਿਚਲਾ ਫਾਸਲਾ!
ਸਰ ਮੁਹੰਮਦ ਇਕਬਾਲ ਨੇ ਵੀ ਕੁਝ ਇਹੋ ਜਿਹੇ ਵਿਚਾਰਾਂ ਨਾਲ ‘ਗੁਫ਼ਤਾਰ’ ਅਤੇ ‘ਕਿਰਦਾਰ’ ਵਿਚਲੇ ਫਰਕ ਨੂੰ ਇੰਜ ਦਰਸਾਇਆ ਹੈ:
ਇਕਬਾਲ ਹੈ ਗਾਜ਼ੀ ਬਾਤੋਂ ਕਾ
ਦਿਲ ਬਾਤੋਂ ਸੇ ਮੋਹ ਲੇਤਾ ਹੈ।
ਗੁਫ਼ਤਾਰ ਕਾ ਗਾਜ਼ੀ ਬਨ ਵੋ ਗਯਾ
ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।
ਸੱਚਾਈ ਅਤੇ ਖੁਦਾਈ ਦੇ ਸ਼ਾਇਰ ਸਤਿਗੁਰੂ ਨਾਨਕ ਜੀ ਨੇ ਵੀ ਮਨੁੱਖਤਾ ਨੂੰ ਠੰਢੀਆਂ ਮਿੱਠੀਆਂ ਛਾਵਾਂ ਵੰਡਣ ਵਾਲੇ ਦਰਖ਼ਤ ਦੀ ਮਿਸਾਲ ਦਿੰਦੇ ਹੋਏ ਫੁਰਮਾਇਆ ਹੈ ਕਿ ਖਲਾਅ ਵਿਚ ਫੈਲੀ ਹੋਈ ਉਸ ਦੀ ਹਰੀ ਕਚੂਰ ਛਤਰੀ ਦਾ ਆਧਾਰ ਸਭ ਤੋਂ ਪਹਿਲਾਂ ਧਰਤੀ ਦੀ ਹਿੱਕ ਵਿਚ ਦੱਬੇ ਪਏ ਬੀਜ ਦੇ ਅੰਕੁਰ ਵਿਚ ਹੀ ਹੁੰਦਾ ਹੈ।
ਪਹਿਲੋਂ ਦੇ ਜੜ੍ਹ ਅੰਦਰ ਜੰਮੈਂ ਤਾਂ ਉੱਪਰ ਹੋਵੈ ਛਾਉਂ॥
ਆਪਣੀ ਕਿਸੇ ਕਲਾ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰ ਦਾ ਆਪਣਾ ਆਪਾ ਵੀ ਜੇ ਦੂਸਰਿਆਂ ਲਈ ਪ੍ਰੇਰਨਾਮਈ ਹੋਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਸੱਚਾਈ ਦੀ ਵਕਾਲਤ ਕਰਨ ਵਾਲਾ ਸਚਿਆਰ ਦੇ ਨੇੜੇ-ਤੇੜੇ ਦਾ ਜਰੂਰ ਹੋਣਾ ਚਾਹੀਦਾ ਹੈ। ਜੇ ਉਹ ਅਜਿਹਾ ਤਾਲਮੇਲ ਫਿੱਟ ਨਹੀਂ ਬਿਠਾ ਪਾਉਂਦਾ, ਫਿਰ ਉਸਦੀ ਹਾਲਤ ਸ਼ੇਖ ਸਾਅਦੀ ਦੇ ਕਥਨ ਵਰਗੀ ਹੀ ਹੈ;
‘ਨੇਕ ਵਿਚਾਰ ਪ੍ਰਗਟਾਉਣ ਵਾਲੇ ਦੇ ਜੇ ਅਮਲ ਨੇਕ ਨਹੀਂ ਹਨ ਤਾਂ ਉਸਦੀ ਹਾਲਤ ਉਸ ਖੋਤੇ ਵਰਗੀ ਹੀ ਹੈ ਜਿਸ ਦੇ ਉੱਪਰ ਅਮੁੱਲੇ ਵਿਚਾਰਾਂ ਵਾਲੀਆਂ ਕਿਤਾਬਾਂ ਦਾ ਭਾਰ ਲੱਦਿਆ ਹੋਇਆ ਹੋਵੇ।’
ਪੜ੍ਹ ਲੀ ਗੁਲਿਸਤਾਂ-ਬੋਸਤਾਂ
ਮਤਲਬ ਨਾ ਪਾਇਆ ਸ਼ੈਖ ਕਾ
ਚੰਦ ਕਿਤਾਬੇਂ ਹਿਫਜ਼ ਕਰ
ਹਾਫਿਜ਼ ਹੂਆ ਤੋ ਕਿਆ!
ਫਿਲਾਸਫਰ ਬੇ-ਸ਼ੱਕ ਬਣੋ, ਪਰੰਤੂ ਤੁਹਾਡੀ ਫਿਲਾਸਫੀ ਦਾ ਮਨੋਰਥ, ਮਨੁੱਖ ਬਣਨਾ ਹੀ ਹੋਣਾ ਚਾਹੀਦਾ ਹੈ।
ਪੰਜਾਬੀ ਕਿੱਸਾ-ਸਾਹਿਤ ਵਿਚ ਸਾਧੂ ਦਯਾ ਸਿੰਘ ਆਰਿਫ ਦੇ ਲਿਖੇ ਹੋਏ ‘ਜਿ਼ੰਦਗੀ-ਬਿਲਾਸ’ ਦਾ ਉੱਘੜਵਾਂ ਸਥਾਨ ਹੈ। ਪੰਜਾਬੀ ਸਾਹਿਤ ਨਾਲ ਥੋੜਾ ਬਹੁਤ ਮੋਹ ਰੱਖਣ ਵਾਲਾ ਕੋਈ ਵਿਰਲਾ ਇਨਸਾਨ ਹੀ ਹੋਵੇਗਾ, ਜਿਸਨੇ ਕਦੇ ‘ਜਿ਼ੰਦਗੀ-ਬਿਲਾਸ’ ਦੇ ਕੁਝ ਬੈਂਤ ਨਾ ਪੜ੍ਹੇ-ਸੁਣੇ ਹੋਣ! ਆਮ ਪੇਂਡੂ ਮੁਹਾਵਰਿਆਂ ਅਤੇ ਅਲੰਕਾਰਾਂ ਨਾਲ ਸਿ਼ੰਗਾਰਿਆ ਇਹ ਵੈਰਾਗਮਈ ਕਿੱਸਾ ਪੜ੍ਹਦਿਆਂ ਇਸਦੇ ਲੇਖਕ ਸਾਧੂ ਦਯਾ ਸਿੰਘ ਆਰਿਫ ਦਾ ਤਿਆਗੀ ਤੇ ਤੇਜੱਸਵੀ ਵਿਅਕਤੀਤਵ ਸੁਤੇ ਹੀ ਜਿ਼ਹਨ ਵਿਚ ਉੱਕਰ ਆਉਂਦਾ ਹੈ। ਦਿਲਾਂ ਨੂੰ ਧੂਹ ਪਾਉਣ ਵਾਲੇ ਰਸਿਕ ਬੈਂਤ ਪੜ੍ਹਦਿਆਂ ਪੜ੍ਹਦਿਆਂ ਹਿਰਦੇ ਵਿਚ, ਇਸ ਲਿਖਾਰੀ ਨੂੰ ਮਿਲਣ ਲਈ ਤੜਪ ਪੈਦਾ ਹੁੰਦੀ ਹੈ।
ਜਿਨ੍ਹਾਂ ਦਿਨਾਂ ਵਿਚ ਸਾਧੂ ਦਯਾ ਸਿੰਘ ਆਰਿਫ ਜੀਵਤ ਸਨ, ਇਹ ਉਨ੍ਹਾਂ ਦਿਨਾਂ ਦੀ ਵਾਰਤਾ ਹੈ। ਸਾਡੇ ਗਵਾਂਢੀ ਅਟਾਰੀ ਪਿੰਡ ਦੇ ਸੱਜਣ ਹੁੰਦੇ ਸਨ ਸ. ਨਿਰਮਲ ਸਿੰਘ, ਜਿਨ੍ਹਾਂ ਨੂੰ ਜਿ਼ੰਦਗੀ ਬਿਲਾਸ ਦਾ ਕਾਫੀ ਵੱਡਾ ਹਿੱਸਾ ਜ਼ੁਬਾਨੀ ਕੰਠ ਹੁੰਦਾ ਸੀ। ਉਹ ਆਪਣੇ ਪਿੰਡ ਦੀ ਢਾਣੀ ਨੂੰ ਅਕਸਰ ਇਹ ਕਿੱਸਾ ਪੜ੍ਹ ਕੇ ਸੁਣਾਉਂਦੇ ਰਹਿੰਦੇ ਸਨ। ਭਾਈ ਨਿਰਮਲ ਸਿੰਘ ਨੇ ਇਹ ਗੱਲ ਸੁਣਾਉਂਦਿਆਂ ਮੈਨੂੰ ਦੱਸਿਆ ਕਿ ਇਕ ਵਾਰ ਮੈਂ ਤੇ ਮੇਰੇ ਤਿੰਨ ਚਾਰ ਸਾਥੀ ‘ਜਿ਼ੰਦਗੀ-ਬਿਲਾਸ’ ਪੜ੍ਹਦਿਆਂ ਇੰਨੇ ਬਿਹਬਲ ਹੋ ਉੱਠੇ ਕਿ ਅਸੀਂ ਆਰਿਫ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਨ੍ਹਾਂ ਦੇ ਪਿੰਡ ਨੂੰ ਤੁਰ ਪਏ।
ਪੁੱਛਦੇ ਪੁਛਾਉਂਦੇ ਉਨ੍ਹਾਂ ਦੇ ਪਿੰਡ ਜਾ ਪਹੁੰਚੇ। ਸਾਡੇ ਪਿੰਡ ਵੜਦਿਆਂ ਨੂੰ ਹੀ ਕਿਸੇ ਨੇ ਦੱਸ ਦਿੱਤਾ ਕਿ ਆਰਿਫ ਜੀ ਹੁਣੇ ਹੁਣੇ ਆਪਣੇ ਖੇਤਾਂ ਵਲ ਨੂੰ ਨਿੱਕਲੇ ਹਨ। ਅਸੀਂ ਵੀ ਦੱਸੇ ਗਏ ਰਸਤੇ ਪੈ ਕੇ ਉਨ੍ਹਾਂ ਦੇ ਮਗਰੇ ਖੇਤਾਂ ‘ਚ ਜਾ ਪਹੁੰਚੇ। ਉੱਥੇ ਕਮਾਦ ਛਿੱਲ ਰਹੇ ਕਿੰਨੇ ਸਾਰੇ ਬੰਦਿਆਂ ਵਿਚ ਇੱਕ ਨੂੰ ਅਸੀਂ ਪੁੱਛਿਆ ਕਿ ਭਾਈ ਅਸੀਂ ਸਾਧੂ ਦਯਾ ਸਿੰਘ ਨੂੰ ਮਿਲਣ ਆਏ ਹਾਂ, ਉਹ ਕਿੱਥੇ ਹਨ? ਉਸ ਬੰਦੇ ਨੇ ਹੌਲੀ ਦੇਣੀ, ਵੱਟ ‘ਤੇ ਖੜ੍ਹੇ ਗੰਨਾ ਚੂਪ ਰਹੇ ਇੱਕ ਬੰਦੇ ਵਲ ਇਸ਼ਾਰਾ ਕਰਦਿਆਂ ਆਖਿਆ, “ਔਹ ਖੜ੍ਹਾ ਐ”।
ਸਾਡੇ ਮਨ ਮਸਤਿਕ ਵਿਚ ਬਣਿਆ ਹੋਇਆ ਆਰਿਫ ਸਾਹਿਬ ਦਾ ਤਿਆਗੀ ਵੈਰਾਗੀ ਚਿੱਤਰ, ਉਸੇ ਵੇਲੇ ਢਹਿ ਢੇਰੀ ਹੋ ਗਿਆ। ਕਿਉਂਕਿ ਗੰਨਾ ਚੂਪ ਰਿਹਾ ਆਰਿਫ, ਗੰਨੇ ਘੜਨ ਵਾਲੇ ਕੁਝ ਕੰਮੀਆਂ ਨੂੰ, ਸਿਰੇ ਦੀ ਘਟੀਆ ਸ਼ਬਦਾਵਲੀ ਵਿਚ ਮੰਦਾ-ਚੰਗਾ ਬੋਲ ਰਿਹਾ ਸੀ। ਸ਼ਰਮਿੰਦੇ ਜਿਹੇ ਹੋਏ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਕੋਲ ਜਾ ਖੜੇ ਹੋਏ। ਦੁਆ-ਸਲਾਮ ਤੋਂ ਬਾਅਦ ਜਦ ਉਸ ਨੂੰ ਪਤਾ ਲੱਗਾ ਕਿ ਅਸੀਂ ਉਹਨੂੰ ਦੁਆਬੇ ਤੋਂ ਚੱਲ ਕੇ ਮਿਲਣ ਆਏ ਹਾਂ। ਤਾਂ ਉਹ ਨਛਿੱਕਾ ਜਿਹਾ ਹੁੰਦਿਆਂ ਆਪਣੇ ਹੱਥ ‘ਚ ਫੜੇ ਗੰਨੇ ਨੂੰ ਸਾਡੇ ਵਲ ਕਰਦਾ ਕਹਿੰਦਾ; ‘‘ਭਾਈ ਸੱਜਣੋ, ਜਿਹੜਾ ਦਯਾ ਸਿੰਘ ਆਰਿਫ਼ ਤੁਸੀਂ ਜਿ਼ੰਦਗੀ ਬਿਲਾਸ ਵਿਚ ਪੜ੍ਹਿਆ ਹੈ, ਉਹ ਤਾਂ ਹੈ ਐਸ ਗੰਨੇ ਵਰਗਾ ਤੇ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ, ਉਹ ਨਿੱਕਲਿਆ ਔਹਨਾਂ ਛਿਲਕਿਆਂ ਵਰਗਾ!’’ ਗੰਨਾ ਚੂਪ ਚੂਪ ਕੇ ਮੋਹਰੇ ਸੁੱਕੀ ਪਈ ਛਿਲਕਾਂ ਦੀ ਢੇਰੀ ਵਲ ਸੈਨਤ ਕਰਦਿਆਂ ਉਸਨੇ ਗੱਲ ਨਬੇੜੀ। ਆਪਣੀ ਪਦ-ਪਦਵੀ ਤੋਂ ਗਿਰੇ ਹੋਏ ਕੰਮ ਕਰਨ ਵਾਲਿਆਂ ਗਿਆਨੀਆਂ ਧਿਆਨੀਆਂ ਨੂੰ ਤਾਅਨਾ ਮਾਰਿਆ ਜਾਂਦੈ- ‘ਵਾਹ ਭਾਈ ਜੀ ਵਾਹ! ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ!’ ਪਰ ਲੇਖਣੀ ਤੇ ਅਮਲਾਂ ‘ਚ ਢੇਰ ਸਾਰਾ ਫਰਕ ਰੱਖਣ ਵਾਲੇ ਲਿਖਾਰੀਆਂ ਨੂੰ ਫਿਰ ਇਹੀ ਕਿਹਾ ਜਾ ਸਕਦੈ, ਵਾਹ ਭਾਈ ਵਾਹ, ਲਿਖਣੀਆਂ ਪੋਥੀਆਂ ਤੇ ਕੰਮ ਕਰਨੇ ਆਹ…