ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Saturday, August 28, 2010

ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ

ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ

ਅਵਤਾਰ ਸਿੰਘ ਮਿਸ਼ਨਰੀ

ਕਾਦਰ ਨੇ ਕੁਦਰਤਿ ਵਿੱਚ ਅਨੇਕ ਰੰਗ ਭਰੇ ਹਨ। ਦੁਨੀਆਂ ਰੰਗ ਬਰੰਗੀ ਹੈ। ਪਸ਼ੂ ਪੰਛੀ ਵੀ ਅਨੇਕ ਰੰਗੇ ਹਨ। ਹਰੇਕ ਰੰਗ ਦੀ ਆਪਣੀ-ਆਪਣੀ ਥਾਂ ਅਤੇ ਮਹਾਨਤਾ ਹੈ। ਚਿੱਟਾ ਰੰਗ ਅਮਨ ਦਾ ਪ੍ਰਤੀਕ ਹੈ, ਹਰਿਆਲਵਤਾ ਦਾ ਪ੍ਰਤੀਕ ਹਰਿਆ ਰੰਗ ਸਭ ਨੂੰ ਚੰਗਾ ਲਗਦਾ ਹੈ। ਚੰਗੀ ਸਿਹਤ ਲਈ ਲਾਲ (ਚੇਹਰਾ ਲਾਲ ਸੁਰਖ ਹੋਣਾਂ) ਤੇ ਹਰਾ ਅਤੇ ਪੀਲਾ ਬੀਮਾਰੀਆਂ ਦਾ ਪ੍ਰਤੀਕ ਮੰਨਿਆਂ ਗਿਆ ਹੈ। ਹਰਿਆ-ਪੀਲਾ ਰੰਗ ਖੁਸ਼ੀਆਂ, ਖੇੜਿਆਂ ਅਤੇ ਸਗਨਾਂ ਦਾ ਵੀ ਹੈ। ਲਾਲ ਰੰਗ ਨੂੰ ਖਤਰੇ ਦਾ ਪ੍ਰਤੀਕ ਮੰਨਿਆਂ ਗਿਆ ਹੈ। ਕਾਲਾ ਰੰਗ ਸੋਗ ਦਾ, ਨੀਲਾ ਤੇ ਸੁਰਮਈ ਰੰਗ ਖੁਸ਼ੀ ਅਤੇ ਬਹਾਦਰੀ ਦੇ ਪ੍ਰਤੀਕ ਹਨ। ਚਿੱਟਾ ਰੰਗ ਚਾਨਣ, ਠੰਡ, ਅਮਨ, ਕਾਲਾ ਰੰਗ ਹਨੇਰਾ, ਸੋਗ, ਗਰਮੀ ਅਤੇ ਲਾਲ ਰੰਗ ਖਤਰੇ ਅਤੇ ਰੁਕ ਜਾਣ ਦਾ ਵੀ ਪ੍ਰਤੀਕ ਹੈ। ਰੰਗ ਡਸਿਪਲਨ ਨਾਲ ਵੀ ਸਬੰਧ ਰੱਖਦੇ ਹਨ ਜਿਵੇਂ ਕਿਸੇ ਸਕੂਲ, ਜਮਾਤ ਜਾਂ ਫੌਜ਼ ਦੀ ਵਰਦੀ ਦੇ ਵੱਖਰੇ ਵੱਖਰੇ ਰੰਗ ਹੁੰਦੇ ਹਨ ਜੋ ਡਸਿਪਲਨ ਦੀ ਮਾਲਾ ਵਿੱਚ ਪਰੋਂਦੇ ਹਨ। ਹਰੇਕ ਦੇਸ਼ ਦੇ ਕੌਮੀ ਝੰਡਿਆਂ ਦੇ ਰੰਗ ਵੱਖ ਵੱਖ ਹੁੰਦੇ ਹਨ। ਰੰਗਾਂ ਨੂੰ ਧਰਮਾਂ ਨਾਲ ਵੀ ਜੋੜ ਦਿੱਤਾ ਗਿਆ ਹੈ ਜਿਵੇਂ ਚਿੱਟਾ ਈਸਾਈਆਂ ਦਾ, ਹਰਿਆ ਇਸਲਾਮ ਦਾ, ਇਨ੍ਹਾਂ ਦੇ ਝੰਡੇ ਹਰੇ ਹੁੰਦੇ ਹਨ। ਪੀਲਾ ਤੇ ਲਾਲ ਹਿੰਦੂਆਂ ਦਾ ਜਿਵੇਂ ਮੰਦਰਾਂ ਦੇ ਝੰਡੇ ਅਤੇ ਦੇਵੀਆਂ ਦੀਆਂ ਚੁੰਨੀਆਂ ਲਾਲ ਪੀਲੀਆਂ ਹੁੰਦੀਆਂ ਹਨ। ਗੂੜਾ ਸੂਹੀ ਬੋਧੀਆਂ ਦਾ, ਨੀਲਾ, ਸੁਰਮਈ ਅਤੇ ਕੇਸਰੀ ਸਿੱਖਾਂ ਦੇ ਜਿਵੇਂ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਨੀਲੇ, ਕੇਸਰੀ ਅਤੇ ਸੁਰਮਈ ਰੰਗੇ ਹੁੰਦੇ ਹਨ (ਨੋਟ- ਸਿੱਖ ਧਰਮ ਕਿਸੇ ਰੰਗ ਦਾ ਮੁਥਾਜ ਅਤੇ ਵਿਰੋਧੀ ਨਹੀਂ) ਬਿਜਨਸ ਵਿੱਚ ਰੰਗਾਂ ਦੀ ਚੋਣ ਕਰਕੇ ਬੁੱਕ ਵੀ ਕਰਾਉਣੇ ਪੈਂਦੇ ਹਨ ਜਿਵੇਂ ਟੈਕਸੀ ਕੰਪਨੀਆਂ ਨੇ ਆਪੋ ਆਪਣੀਆਂ ਟੈਕਸੀਆਂ ਦੇ ਰੰਗ ਚੁਣੇ ਹੁੰਦੇ ਹਨ ਆਦਿਕ।

ਆਪਾਂ ਗੱਲ ਕਰ ਰਹੇ ਸੀ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਬਾਰੇ ਜਿਵੇਂ ਅੱਜ ਕਲ੍ਹ ਹਰੇਕ ਵਿਗਸਤ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਦੇ ਚੌਂਕਾਂ-ਚੌਰਾਹਿਆਂ ਤੇ ਇਹ ਬੱਤੀਆਂ ਲੱਗੀਆਂ ਹੁੰਦੀਆਂ ਹਨ। ਹਰੀ ਬੱਤੀ ਜਾਣ ਦੀ, ਪੀਲੀ ਰੁਕਣ ਦੇ ਅਗਾਊਂ ਇਸ਼ਾਰੇ ਲਈ ਅਤੇ ਲਾਲ ਬੱਤੀ ਬਿਲਕੁਲ ਰੁਕ ਜਾਣ ਦਾ ਸੰਕੇਤ ਦਿੰਦੀ ਹੈ। ਇਹ ਟ੍ਰੈਫਕ ਦੇ ਰੂਲ ਹਨ ਜੋ ਡਰਾਈਵਰ ਇਨ੍ਹਾਂ ਦੀ ਪਾਲਣਾ ਕਰਦੇ ਹਨ ਉਹ ਸੇਫ ਰਹਿੰਦੇ ਹਨ ਅਤੇ ਇਨ੍ਹਾਂ ਰੂਲਾਂ ਦੀ ਅਵੱਗਿਆ ਕਰਨ ਵਾਲੇ ਐਕਸੀਡੈਂਟ ਆਦਿਕ ਰਾਹੀਂ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਵੀ ਕਰ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਕੋਟ ਕਚਹਿਰੀਆਂ ਦੇ ਚੱਕਰ ਕੱਟਣੇ ਪੈਂਦੇ ਅਤੇ ਟਿਕਟਾਂ ਆਦਿਕ ਦਾ ਖਰਚਾ ਵੀ ਭਰਨਾ ਪੈਂਦਾ ਹੈ। ਲਾਲ ਬੱਤੀ ਦੀ ਪ੍ਰਵਾਹ ਨਾਂ ਕਰਕੇ ਜਿੱਥੇ ਡਰੀਵਿੰਗ ਰੈਕਟ ਖਰਾਬ ਹੋ ਜਾਂਦਾ ਹੈ ਓਥੇ ਅਜਿਹਾ ਬਾਰ ਬਾਰ ਕਰਨ ਤੇ ਡਰਾਈਵਿੰਗ ਲਾਇਸੰਸ ਤੋਂ ਵੀ ਹੱਥ ਧੋਣੇ ਪੈਂਦੇ ਹਨ।

ਗੁਰਮਤਿ ਅਨੁਸਾਰ ਗੁਰਬਾਣੀ ਰਹਿਤ ਮਰਯਾਦਾ ਅਤੇ ਚੰਗੇ ਗੁਣ ਧਾਰਨੇ ਹਰੀ ਬੱਤੀ ਅਤੇ ਗੁਰਬਾਣੀ ਮਰਯਾਦਾ ਦੀ ਪ੍ਰਵਾਹ ਨਾਂ ਕਰਦੇ ਹੋਏ ਅਉਗੁਣਾਂ ਅਤੇ ਥੋਥੇ ਕਰਮਕਾਂਡਾਂ ਵਿੱਚ ਗਲਤਾਨ ਹੋਣਾ ਲਾਲ ਬੱਤੀ ਦਾ ਪ੍ਰਤੀਕ ਹੈ। ਜਿਵੇਂ ਅਸੀਂ ਟ੍ਰੈਫਕ (ਆਵਾਜਾਈ) ਦੇ ਨਿਯਮਾਂ ਦੀ ਪਾਲਣਾ ਕਰਕੇ ਐਕਸੀਡੈਂਟ ਆਦਿਕ ਖਤਰਿਆਂ ਤੋਂ ਬਚ ਸਕਦੇ ਹਾਂ ਇਵੇਂ ਹੀ ਜੇ ਅਸੀਂ ਗੁਰਬਾਣੀ ਦੀ ਸਿਖਿਆ, ਮਰਯਾਦਾ ਦੀ ਪਾਲਣਾ ਅਤੇ ਚੰਗੇ ਗੁਣ ਧਾਰਨ ਕਰਾਂਗੇ ਤਾਂ ਥੋਥੇ ਕਰਮਕਾਂਡਾਂ (ਉਹ ਕਰਮ ਜਿਨ੍ਹਾਂ ਦਾ ਆਪ ਅਤੇ ਦੂਜਿਆਂ ਨੂੰ ਕੋਈ ਫਾਇਦਾ ਨਾਂ ਹੋਵੇ ਸਗੋਂ ਧੰਨ ਤੇ ਸਮਾਂ ਬਰਬਾਦ ਹੋਵੇ ਅਤੇ ਭੇਖੀਆਂ ਦਾ ਤੋਰੀ ਫੁਲਕਾ ਚੱਲੇ ਆਦਿਕ) ਪਾਖੰਡੀ ਸਾਧਾਂ ਸੰਤਾਂ ਬਾਬਿਆਂ ਦੇ ਭਰਮਜਾਲ ਤੋਂ ਬਚਾਂਗੇ, ਚੰਗੇ ਕਰਮ ਅਤੇ ਗੁਣ ਧਾਰਨ ਕਰਕੇ ਆਪਣਾ, ਪ੍ਰਵਾਰ ਅਤੇ ਸਮਾਜ ਦਾ ਵੀ ਭਲਾ ਕਰਾਂਗੇ। ਕਿਰਤ ਕਰਨੀ, ਵੰਡ ਛੱਕਣਾ, ਨਾਮ ਜਪਣਾ ਹਰੀ ਬੱਤੀ, ਵਿਹਲੜ ਰਹਿ ਕੇ, ਦੂਜਿਆਂ ਤੇ ਬੋਝ ਬਣਨਾ ਅਤੇ ਕਰਤਾਰ ਨੂੰ ਭੁੱਲਣਾ ਹੀ ਲਾਲ ਬੱਤੀ ਦੇ ਪ੍ਰਤੀਕ ਹਨ। ਗੁਰਬਾਣੀ ਆਪ ਪੜ੍ਹਨੀ, ਵਿਚਾਰਨੀ ਅਤੇ ਧਾਰਨੀ ਹਰੀ ਬੱਤੀ ਅਤੇ ਇਸ ਦੇ ਉਲਟ ਭਾੜੇ ਦੇ ਪਾਠ, ਕੀਰਤਨ ਤੇ ਵਖਿਆਣ ਠੇਕੇ ਤੇ ਕਰਾਉਣੇ ਅਤੇ ਗੁਰਬਾਣੀ ਨੂੰ ਫਾਲੋ ਨਾਂ ਕਰਨਾ ਲਾਲ ਬੱਤੀ ਪਾਰ ਕਰਨਾ ਹੈ। ਜਿਵੇਂ ਲਾਲ ਤੋਂ ਪਹਿਲੇ ਪੀਲੀ ਬੱਤੀ ਜਗਦੀ ਹੈ ਜੋ ਰੁਕਣ ਲਈ ਇਸ਼ਾਰਾ ਕਰਦੀ ਹੈ ਇਸੇ ਤਰ੍ਹਾਂ ਜ਼ਮੀਰ ਦੀ ਅਵਾਜ਼ ਵੀ ਸਾਨੂੰ ਸੁਚੇਤ ਕਰਦੀ ਹੈ ਕਿ ਕੀ ਮਾੜਾ ਤੇ ਕੀ ਚੰਗਾ ਹੈ। ਜੇ ਅਸੀਂ ਸੁਣ ਕੇ ਰੁਕੀਏ ਅਤੇ ਵਿਚਾਰ ਕਰੀਏ ਤਾਂ ਸੁਖ ਨਹੀਂ ਤਾਂ ਲਾਲ ਬੱਤੀ ਪਾਰ ਕਰਦੇ ਭਾਵ ਗੁਰਬਾਣੀ ਸਿਧਾਤਾਂ ਨੂੰ ਵਿਸਾਰਦੇ ਦੁਖ ਪਾਵਾਂਗੇ। ਲਾਲ ਬੱਤੀ ਪਾਰ ਕਰਦੇ ਜੇ ਕੈਮਰੇ ਨੇ ਕੈਚ ਕਰ ਲਿਆ ਤਾਂ ਟਿਕਟ ਜੇ ਪੁਲਿਸ ਨੇ ਰੋਕ ਲਿਆ ਤਾਂ ਵੀ ਟਿਕਟ ਮਿਲੇਗੀ ਅਤੇ ਕੋਟ ਕਚਹਿਰੀਆਂ ਦਾ ਚੱਕਰ ਸ਼ੁਰੂ ਹੋ ਜਾਵੇਗਾ।

ਮਨੁੱਖਤਾ ਦੇ ਦਾਇਰੇ ਵਿੱਚ ਰਹਿਣਾ ਹਰੀ ਬੱਤੀ ਤੇ ਇਸ ਤੋਂ ਬਾਹਰ ਜਾਣਾ ਲਾਲ ਬੱਤੀ ਪਾਰ ਕਰਨਾ ਹੈ। ਸ਼ਬਦ ਗੁਰੂ ਨੂੰ ਛੱਡ ਕੇ ਪਾਖੰਡੀ ਦੇਹਧਾਰੀ ਗੁਰੂਆਂ ਦੇ ਮੱਗਰ ਲੱਗ ਕੇ ਧੰਨ, ਸਮਾਂ ਅਤੇ ਇਜ਼ਤ-ਆਬਰੂ ਬਰਬਾਦ ਕਰਨੀ ਲਾਲ ਬੱਤੀ ਪਾਰ ਕਰਨਾ ਹੈ। ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰੀ ਬੱਤੀ ਅਤੇ ਕੱਚੀ ਬਾਣੀ ਲਾਲ ਬੱਤੀ ਦੀ ਪ੍ਰਤੀਕ ਹੈ। ਬਾਕੀ ਗ੍ਰੰਥਾਂ ਦਾ ਅਧਿਐਨ ਅਤੇ ਕੰਮਪੈਰੇਟਿਵ ਸਟੱਡੀ ਕਰਨਾ ਪੀਲੀ ਬੱਤੀ ਦਾ ਪ੍ਰਤੀਕ ਹੈ ਪਰ ਬੁਰਬਾਣੀ ਨੂੰ ਛੱਡ ਕੇ ਉਨ੍ਹਾਂ ਦੇ ਹੀ ਮੱਗਰ ਲੱਗ ਜਾਣਾ ਲਾਲ ਬੱਤੀ ਲੰਘ ਜਾਣਾ ਹੈ। ਸਿੱਖ ਰਹਿਤ ਮਰਯਾਦਾ ਸਿੱਖ ਲਈ ਹਰੀ ਬੱਤੀ ਅਤੇ ਡੇਰਾਵਾਦੀ ਸਾਧਾਂ ਸੰਪ੍ਰਦਾਈਆਂ ਦੀ ਮਰਯਾਦਾ ਲਾਲ ਬੱਤੀ ਪਾਰ ਕਰਨਾ ਹੈ। ਸਿੱਖ ਲਈ ਰਹਿਤਾਂ ਰੱਖਣੀਆਂ ਹਰੀ ਬੱਤੀ ਅਤੇ ਕੁਰਹਿਤਾਂ ਕਰਨੀਆਂ ਲਾਲ ਬੱਤੀ ਦੀਆਂ ਪ੍ਰਤੀਕ ਹਨ। ਪਤੀ ਪਤਨੀ ਦਾ ਪਰਸਪਰ ਪਿਆਰ ਹਰੀ ਅਤੇ ਇਸ ਦੇ ਉਲਟ ਆਪ ਹੁਦਰੇ ਹੋ ਕੇ ਪਰ ਇਸਤ੍ਰੀ ਤੇ ਪਰ ਮਰਦ ਨਾਲ ਜਿਸਮਾਨੀ ਪਿਆਰ ਕਰਨਾਂ ਲਾਲ ਬੱਤੀ ਹੈ। ਜਾਤ-ਪਾਤ, ਛੂਆ-ਛਾਤ, ਊਚ-ਨੀਚ, ਚੁਗਲੀ ਨਿੰਦਿਆ, ਈਰਖਾ, ਸਾੜਾ, ਦਵੈਤ ਭਾਵਨਾ ਅਤੇ ਦੂਜਿਆਂ ਨਾਲ ਨਫਰਤ ਕਰਨੀ ਲਾਲ ਬੱਤੀ ਪਾਰ ਕਰਨਾ ਹੈ। ਸਤਿ, ਸੰਤੋਖ, ਦਇਆ, ਧਰਮ, ਹਲੀਮੀ, ਪ੍ਰੇਮ ਪਿਆਰ, ਸਤਿਕਾਰ, ਸਾਂਝੀਵਾਲਤਾ, ਸੇਵਾ, ਸਿਮਰਨ ਅਤੇ ਪਰਉਪਕਾਰ ਵਰਰਗੇ ਸਦ ਗੁਣ ਧਾਰਨ ਕਰਨੇ ਹਰੀ ਬੱਤੀ ਦੇ ਪ੍ਰਤੀਕ ਹਨ। ਧੜੇਬੰਦੀਆਂ ਅਤੇ ਵੱਖਵਾਦ ਪੈਦਾ ਕਰਕੇ ਪੰਥ ਨੂੰ ਖੇਰੂੰ-ਖੇਰੂੰ ਕਰਨਾ ਲਾਲ ਬੱਤੀ ਅਤੇ ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਹੁੰਦੇ ਹੋਏ ਪੰਥਕ ਏਕਤਾ ਦੀ ਮਾਲਾ ਦੇ ਮਣਕੇ ਬਣ ਕੇ ਰਹਿਣਾ ਹਰੀ ਬੱਤੀ ਵਿੱਚ ਚਲਣ ਦਾ ਪ੍ਰਤੀਕ ਹੈ।

ਜੇ ਕੋਈ ਪਹਿਲੀ ਵਾਰ ਲਾਲ ਬੱਤੀਆਂ ਟੱਪਣ ਦੀ ਉਲੰਘਣਾ ਕਰਦਾ ਹੈ ਤਾਂ ਟਿਕਟ ਮਿਲਦੀ ਹੈ, ਜਦ ਕੋਰਟ ਵਿਖੇ ਜੱਜ ਦੇ ਪੇਸ਼ ਹੁੰਦਾ ਹੈ ਤਾਂ ਬੇਨਤੀ ਕਰਨ ਤੇ ਜਾਂ ਜੱਜ ਦੇ ਮਨ ਮਿਹਰ ਪੈ ਜਾਵੇ ਤਾਂ ਉਹ ਕਮਿਊਨਟੀ ਸੇਵਾ ਲਾ ਕੇ ਸਜਾ ਮੁਆਫ ਕਰ ਦਿੰਦਾ ਹੈ ਪਰ ਦੂਜੀ ਵਾਰ ਜਾਂ ਬਾਰ ਬਾਰ ਅਜਿਹੀ ਗਲਤੀ ਦਾ ਜੁਰਮਾਨਾ ਭਰਨਾ ਹੀ ਪੈਂਦਾ ਹੈ। ਨਾਂ ਭਰਨ ਤੇ ਡ੍ਰਾਈਵੰਗ ਲਾਈਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ। ਇਵੇਂ ਹੀ ਗੁਰਮਤਿ ਵਿੱਚ ਗਲਤੀ ਮੰਨ ਲੈਣ ਤੇ ਮੁਆਫ ਕਰ ਦਿੱਤਾ ਜਾਂਦਾ ਹੈ ਪਰ ਬਾਰ ਬਾਰ ਵੱਡੀ ਗਲਤੀ (ਕੁਰਹਿਤ) ਕਰਨ ਤੇ ਹੱਥੀਂ ਸੇਵਾ ਕਰਨ ਦੀ ਸਜਾ ਲਾਈ ਜਾਂਦੀ ਹੈ ਤਾਂ ਕਿ ਉਸ ਵਿਆਕਤੀ ਦਾ ਮਨ ਸਾਫ ਹੋ ਜਾਵੇ। ਵਿਤ ਮੁਤਾਬਕ ਧੰਨ ਦੀ ਸਜਾ (ਡੰਨ) ਵੀ ਲਗਾਇਆ ਜਾ ਸਕਦਾ ਹੈ। ਗੁਰੂ ਪ੍ਰਮੇਸ਼ਰ ਸਦਾ ਬਖਸ਼ੰਦ ਹੈ-ਜੈਸਾ ਬਾਲਕੁ ਭਾਇ ਸੁਭਾਇ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਂਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸ਼ਿ ਲੈ ਪ੍ਰਭੁ ਆਗੈ ਮਾਰਗਿ ਪਾਵੈ॥ (624) ਪਰ ਪ੍ਰਮਾਤਮਾਂ ਪਾਪੀਆਂ ਨੂੰ ਡੰਡ ਵੀ ਦਿੰਦਾ ਹੈ-ਪਾਪੀ ਕਉ ਡੰਡੁ ਦੀਓਇ॥ (89) ਸੋ ਸਿੱਖ ਨੇ ਜਾਣ ਬੁੱਝ ਕੇ ਲਾਲ ਬੱਤੀਆਂ ਪਾਰ ਨਹੀਂ ਕਰਨੀਆਂ ਹਾਂ ਅਣਜਾਣੇ ਜਾਂ ਐਂਮਰਜੰਸੀ ਅਜਿਹਾ ਹੋ ਜਾਵੇ ਤਾਂ ਵੱਖਰੀ ਗੱਲ ਹੈ।

ਸਿੱਖ ਵਾਸਤੇ ਸਭ ਤੋਂ ਵੱਡੀ ਭੁੱਲ ਗੁਰੂ ਪ੍ਰਮੇਸ਼ਰ ਨੂੰ ਭੁੱਲ ਜਾਣਾ ਜਾਂ ਗੁਰੂ ਦੇ ਬਰਾਬਰ ਕਿਸੇ ਮਨੁੱਖ ਨੂੰ ਮਾਨਤਾ ਦੇਣਾ ਹੈ। ਅਜੋਕੇ ਅਣਜਾਣ, ਮਨਮੁਖ ਅਤੇ ਮਾਇਆਧਾਰੀ ਸਿੱਖ ਮਨਮਤਿ ਕਰਨ ਰੂਪ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਭਾਰੀ ਅਵੱਗਿਆ ਰੂਪੀ ਲਾਲ ਬੱਤੀ ਪਾਰ ਕਰਨਾ ਹੈ। ਇਹ ਸਭ ਕੁਝ ਸੰਪ੍ਰਦਾਈ ਡੇਰੇਦਾਰ ਕਰੀ ਕਰਾਈ ਜਾ ਰਹੇ ਹਨ ਜੋ ਪਾਠੀਆਂ, ਗ੍ਰੰਥੀਆਂ, ਰਾਗੀਆਂ, ਕਥਾਵਾਚਕਾਂ, ਸੰਤ ਬਾਬਿਆਂ, ਪ੍ਰਬੰਧਕਾਂ ਅਤੇ ਅਖੌਤੀ ਸਿੰਘ ਸਹਿਬਾਨਾਂ ਦੇ ਰੂਪ ਵਿੱਚ ਸੇਵਾ ਕਰਨ ਦੇ ਬਹਾਨੇ ਧਰਮ ਅਸਥਾਨਾਂ ਵਿੱਚ ਕਾਬਜ ਹੋ ਕੇ ਕਰ ਰਹੇ ਹਨ। ਗੁਰਬਾਣੀ ਦੇ ਪ੍ਰਚਾਰ ਨਾਲੋਂ ਕੱਚੀ ਬਾਣੀ, ਧੜੇਬੰਧੀ, ਬੇਲੋੜੀਆਂ ਸੰਗਮਰੀ ਬਿਲਡਿੰਗਾਂ ਉਸਾਰਨ ਅਤੇ ਸੋਨੇ ਦੇ ਕਲਸ ਚੜ੍ਹਾਉਣ ਦਾ ਵੱਧ ਪ੍ਰਚਾਰ ਹੋ ਰਿਹਾ ਹੈ। ਅਨਮਤੀ ਮਰਯਾਦਾ, ਕਰਮਕਾਂਡ ਅਤੇ ਤਿਉਹਾਰ ਜਿਵੇਂ ਮਸਿਆ, ਪੁੰਨਿਆਂ, ਸੰਗਰਾਂਦ, ਦਸਵੀਂ, ਪੰਚਕਾਂ ਆਦਿਕ ਗੁਰਦੁਆਰਿਆਂ ਵਿੱਚ ਮਨਾ ਕੇ ਲਾਲ ਬੱਤੀਆਂ ਪਾਰ ਕੀਤੀਆਂ ਜਾ ਰਹੀਆਂ ਹਨ। ਰਾਜਨੀਕ ਤੇ ਧਾਰਮਿਕ ਸਿੱਖ ਵੋਟਾਂ ਖਾਤਰ ਗੁਰਮਤਿ ਵਿਰੋਧੀ ਡੇਰਿਆਂ ਤੇ ਜਾਣ ਰੂਪ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ। ਪੈਸਾ, ਚੌਧਰ ਤੇ ਵੋਟਾਂ ਹੀ ਲੀਡਰਾਂ ਦਾ ਨਿਸ਼ਾਨਾ ਬਣਦਾ ਜਾ ਰਿਹਾ ਹੈ। ਕੌਮ ਦੇ ਵੱਡੇ ਧਾਰਮਿਕ ਆਗੂ ਰਾਜਨੀਤਕਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੇ ਦਬਾਅ ਹੇਠ ਗਲਤ ਫੈਸਲੇ ਕਰਕੇ ਆਏ ਦਿਨ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ।

ਸੋ ਗੁਰਸਿੱਖੋ! ਸਿੱਖ ਅਸੀਂ ਸ਼ਬਦ ਗੁਰੂ ਗ੍ਰੰਥ ਜੀ ਦੇ ਹਾਂ ਇਸ ਕਰਕੇ ਗੁਰੂ ਦੀ ਸਿਖਿਆ ਤੇ ਚੱਲਣ ਰੂਪ ਹਰੀ ਬੱਤੀ ਹੀ ਪਾਰ ਕਰੀਏ ਨਾਂ ਕਿ ਅਖੌਤੀ ਸਾਧਾਂ ਦੀ ਬ੍ਰਾਹਮਣਵਾਦੀ ਸਿਖਿਆ ਲੈ ਕੇ ਲਾਲ ਬੱਤੀਆਂ ਪਾਰ ਕਰੀ ਜਾਈਏ। ਲਾਲ ਬੱਤੀਆਂ ਖਤਰੇ ਦੀ ਘੰਟੀ ਹਨ ਇਸ ਕਰਕੇ ਸਾਨੂੰ ਖਤਰੇ ਦੀ ਘੰਟੀ ਸੁਣ ਕੇ ਜਾਂ ਖਤਰੇ ਦਾ ਨਿਸ਼ਾਨ ਦੇਖ ਕੇ ਰੁਕਣਾ ਚਾਹੀਦਾ ਹੈ। ਜਿਵੇਂ ਡ੍ਰਾਈਵਰ ਟ੍ਰੈਫਕ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਤਾਂ ਖਤਰਿਆਂ ਤੋਂ ਬਚਿਆ ਰਹਿੰਦਾ ਹੈ ਨਹੀਂ ਤਾਂ ਨੁਕਸਾਨ ਕਰਵਾਂਦਾ ਰਹਿੰਦਾ ਹੈ। ਇਵੇਂ ਹੀ ਜੋ ਸਿੱਖ ਗੁਰੂ ਪ੍ਰਮੇਸ਼ਰ ਦੀ ਸਿਖਿਆ ਤੇ ਚਲਦਾ ਹੈ ਲਾਲ ਬੱਤੀਆਂ ਟੱਪਣ ਰੂਪੀ ਅਨਮਤੀ ਅਤੇ ਮਨਮੱਤੀ ਆਦਿਕ ਸਭ ਖਤਰਿਆਂ ਤੋਂ ਬਚਿਆ ਰਹਿ ਕੇ ਜ਼ਿੰਦਗੀ ਰੂਪੀ ਕਾਰ ਨੂੰ ਇੱਕ ਚੰਗੇ ਡ੍ਰਾਈਵਰ ਵਾਂਗ ਚਲਾ ਕੇ, ਗੁਰੂ ਦੀ ਸਿਖਿਆ ਰੂਪ ਹਰੀਆਂ ਬੱਤੀਆਂ ਹੀ ਪਾਰ ਕਰਦਾ ਹੈ, ਪੀਲੀਆਂ ਦੇਖ ਭਾਵ ਖਤਰੇ ਦਾ ਇਸ਼ਾਰਾ ਦੇਖ ਕੇ ਗੁਰਮਤਿ ਦੇ ਉਲਟ ਜਾਣ ਰੂਪ ਲਾਲ ਬੱਤੀਆਂ ਪਾਰ ਨਹੀਂ ਕਰਦਾ।

ਗੁਰਮਤਿ ਦੀ ਲਾਲ ਬੱਤੀ ਸਾਨੂੰ ਡੇਰੇਦਾਰ ਸਾਧਾਂ ਕੋਲ ਜਾਣ ਤੋਂ ਰੋਕਦੀ ਹੈ ਪਰ ਅਸੀਂ ਬਹੁਤ ਸਾਰੇ ਇਸ ਨੂੰ ਵਿਸਾਰ ਕੇ ਲੰਘੀ ਜਾ ਰਹੇ ਹਾਂ ਭਾਵ ਡੇਰੇਦਾਰ ਸਾਧਾਂ ਕੋਲ ਜਾਣ ਤੋਂ ਨਹੀਂ ਰੁਕਦੇ ਅਤੇ ਸਾਧ ਵੀ ਗੁਰਦੁਆਰਿਆਂ ਵਿੱਚ ਧੜਾ ਧੜ ਸਟੇਜਾਂ ਤੇ ਆ ਕੇ ਕੱਚੀ ਬਾਣੀ ਰਾਹੀਂ ਬ੍ਰਾਹਮਣਵਾਦ ਦਾ ਪ੍ਰਚਾਰ ਕਰੀ ਜਾ ਰਹੇ ਹਨ। ਇਨ੍ਹਾਂ ਸਾਧਾਂ ਨੂੰ ਰੋਕਣ ਲਈ ਵੀ ਲਾਲ ਬੱਤੀਆਂ, ਸਟਾਪ ਸਾਈਨਾਂ ਰੂਪ ਜਾਗਰੂਕ ਪਹਿਰੇਦਾਰ ਪਲੀਸ ਵਾਲੇ ਹੋਣੇ ਚਾਹੀਦੇ ਹਨ ਜੋ ਇਨ੍ਹਾਂ ਬੂਬਣੇ ਸਾਧਾਂ ਅਤੇ ਇਨ੍ਹਾਂ ਦੇ ਪਿਛਲੱਗ ਢੌਂਗੀ ਲੀਡਰਾਂ ਦਾ ਚਲਾਣ ਕੱਟ ਕੇ ਮਨਮਤਿ ਰੋਕਣ ਰੂਪ ਸਜਾ ਦੇ ਸੱਕਣ। ਗੁਰਸ਼ਬਦ ਦੀ ਖੋਜੀ ਬਿਰਤੀ ਨਾਲ ਵਿਚਾਰ ਕਰਕੇ ਅਮਲ ਕਰਨਾ ਹੀ ਸਿੱਖ ਲਈ ਹਰੀ ਬੱਤੀ ਹੈ-ਸਭ ਸੈ ਊਪਰਿ ਗੁਰ ਸ਼ਬਦੁ ਵੀਚਾਰੁ॥ (904) ਸਿੱਖ ਦੁਨੀਆਂ ਦੀ ਹਰੇਕ ਚੰਗੀ ਚੀਜ਼ ਤੋਂ ਸਿੱਖਿਆ ਲੈਂਦਾ ਹੈ ਇਵੇਂ ਹੀ ਇਸ ਲੇਖ ਵਿੱਚ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਨੂੰ ਪ੍ਰਤੀਕ ਬਣਾ ਕੇ ਗੁਰਮਤਿ ਸਿਖਿਆ ਦੀ ਵੀਚਾਰ ਕੀਤੀ ਗਈ ਹੈ। ਸੋ ਸਾਨੂੰ ਗੁਰਸਿਖਿਆ ਰੂਪੀ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਨੂੰ ਫਾਲੋ ਕਰਕੇ ਮਨੁੱਖਾ ਜੀਵਨ ਦੀ ਗੱਡੀ ਬੜੇ ਧਿਆਨ ਨਾਲ ਚਲਾਉਣੀ ਚਾਹੀਦੀ ਹੈ ਤਾਂ ਕਿ ਭੇਖੀ ਸਾਧਾਂ, ਨਕਲੀ ਗੁਰੂਆਂ, ਫਜ਼ੂਲ ਦੇ ਕਰਮਕਾਂਡਾਂ, ਵਹਿਮਾਂ-ਭਰਮਾਂ, ਜਾਤਾਂ-ਪਾਤਾਂ, ਛੂਆ-ਛਾਤਾਂ, ਧਰਮ ਦੇ ਨਾਂ ਤੇ ਧੰਦਿਆਂ, ਧੜੇਬੰਦੀਆਂ ਦੀ ਫੁੱਟ, ਭਰਾ ਮਾਰੂ ਜੰਗ, ਡੇਰਿਆਂ ਤੇ ਧੀਆਂ ਭੈਣਾ ਨੂੰ ਘੱਲਣ ਰੂਪ ਆਦਿਕ ਕੁਰਮਾਂ ਤੋਂ ਬਚਿਆ ਜਾ ਸੱਕੇ।

Tuesday, August 17, 2010

ਦੂਰੰਦੇਸ਼ੀ ਗੁਰਮਤਿ ਅਤੇ ਸਾਡੇ ਲੀਡਰ

ਦੂਰੰਦੇਸ਼ੀ ਗੁਰਮਤਿ ਅਤੇ ਸਾਡੇ ਲੀਡਰ

ਅਵਤਾਰ ਸਿੰਘ ਮਿਸ਼ਨਰੀ



ਸੰਸਕ੍ਰਿਤ ਵਿੱਚ ਦੂਰ ਦਾ ਅਰਥ ਹੈ ਜੋ ਨੇੜੇ ਨਹੀਂ, ਫਾਸਲੇ ਪੁਰ, ਵਿੱਥ ਤੇ। ਦੂਰੰਦੇਸ਼ ਫਾਰਸੀ ਦਾ ਲਫਜ਼ ਹੈ ਅਰਥ ਹੈ ਦੂਰਦਰਸ਼ੀ। ਪੰਜਾਬੀ ਵਿੱਚ-ਦੂਰ ਦੀ ਸੋਚਣ ਵਾਲਾ, ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲਾ, ਸੋਚ ਸਮਝ ਕੇ ਕੰਮ ਕਰਨ ਵਾਲਾ, ਸੁਚੇਤ। ਸੰਸਕ੍ਰਿਤ ਵਿੱਚ-ਦੀਰਘ ਦ੍ਰਿਸ਼ਟੀ ਵਾਲਾ ਆਦਿਕ। ਦੂਰੰਦੇਸ਼ ਹੋਣਾ ਵੀ ਇੱਕ ਉਂਤਮ ਗੁਣ ਅਤੇ ਰੱਬੀ ਦਾਤ ਹੈ। ਹਰੇਕ ਮਨੁੱਖ ਦੂਰੰਦੇਸ਼ ਨਹੀਂ ਹੋ ਸਕਦਾ ਸਗੋਂ ਵਿਚਾਰਵਾਨ ਹੀ ਇਸ ਮੁਰਾਤਬੇ ਨੂੰ ਪਹੁੰਚ ਸਕਦਾ ਹੈ। ਦੂਰੰਦੇਸ਼ੀ ਇੱਕ ਐਸਾ ਗੁਣ ਹੈ ਜਿਸ ਨੂੰ ਧਾਰਨ ਕਰਕੇ ਜੀਵਨ ਨੂੰ ਸਫਲ ਬਣਾਇਆ, ਬੁਰਾਈਆਂ ਅਤੇ ਆਫਤਾਂ ਤੋਂ ਬਚਾਇਆ ਜਾ ਸਕਦਾ ਹੈ। ਜੋ ਮਨੁੱਖ ਦੂਰੰਦੇਸ਼ ਹੁੰਦਾ ਹੈ ਹਰੇਕ ਕੰਮ ਸੋਚ ਸਮਝ ਕੇ ਦੀਰਘ ਦ੍ਰਿਸ਼ਟੀ ਨਾਲ ਕਰਦਾ ਹੈ ਜਿਸ ਨਾਲ ਉਸ ਨੂੰ, ਪ੍ਰਵਾਰ ਨੂੰ ਅਤੇ ਸੰਸਾਰ ਨੂੰ ਵੀ ਲਾਭ ਹੋਵੇ। ਉਹ ਅਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਜਾਂਚ ਲੈਂਦਾ ਅਤੇ ਵਕਤ ਨੂੰ ਵਿਚਾਰ ਕੇ ਚੱਲਦਾ ਹੈ-ਵਖਤੁ ਵਿਚਾਰੇ ਸੁ ਬੰਦਾ ਹੋਇ॥(84) ਇਵੇਂ ਹੀ ਜਿਨ੍ਹਾਂ ਕੌਮਾਂ ਦੇ ਆਗੂ ਦੂਰੰਦੇਸ਼ ਹੁੰਦੇ ਹਨ ਉਹ ਸਦਾ ਚੜ੍ਹਦੀਆਂ ਕਲਾਂ ਵਿੱਚ ਤਰੱਕੀ ਦੀਆਂ ਪੁਲਾਂਘਾਂ ਪੁੱਟਦੀਆਂ ਹਨ ਇਸ ਦੇ ਉਲਟ ਨਿਕੰਮੇ-ਖੁਦਗਰਜ਼ ਆਗੂ ਕੌਮ ਨੂੰ ਮੰਝਧਾਰ ਵਿੱਚ ਡੋਬਦੇ ਅਤੇ ਜੋਕਾਂ ਬਣ ਕੇ ਕੌਮ ਦਾ ਖੂੰਨ ਪੀਂਦੇ ਰਹਿੰਦੇ ਹਨ।

ਆਓ ਆਪਾਂ ਦੂਰੰਦੇਸ਼ੀ ਦੇ ਵਡਮੁੱਲੇ ਗੁਣ ਬਾਰੇ “ਗੁਰੂ ਗ੍ਰੰਥ ਸਾਹਿਬ” ਤੋਂ ਸਿਖਿਆ ਲਈਏ। ਗੁਰੂ ਜੀ ਇਸ ਬਾਰੇ ਫਰਮਾਂਦੇ ਹਨ ਕਿ-ਅਗੋਂ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥(417) ਜੇ ਸੁਚੇਤ ਜਾਂ ਦੀਰਘ ਦ੍ਰਿਸ਼ਟ ਹੋ ਕੇ ਚੱਲੀਏ ਤਾਂ ਹੋਣ ਵਾਲੇ ਨੁਕਸਾਨ ਦੀ ਸਜਾ ਨਹੀਂ ਭੁਗਤਣੀ ਪਵੇਗੀ। ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲਐ॥(474) ਲੰਮੀ ਨਦਰਿ ਨਾਲ ਦੇਖੀਏ ਕਿ ਇਸ ਕਰਮ ਦਾ ਫਲ ਕੀ ਹੋਵੇਗਾ ਇਸ ਕਰਕੇ ਮੂਲੋਂ ਹੀ ਕਦੇ ਮੰਦਾ ਨਾਂ ਕਰੀਏ-ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ॥(918) ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥(1107) ਗੁਰੂ ਨਾਨਕ ਜੀ ਫੁਰਮਾਂਦੇ ਹਨ ਕਿ ਜਿਸ ਜਗਿਆਸੂ ਦੇ ਮਨ ਨੇ ਗੁਰ ਸ਼ਬਦ ਦਾ ਆਸਰਾ ਲੈ ਕੇ ਦੀਰਘ ਦ੍ਰਿਸ਼ਟੀ ਅਪਣਾਈ ਹੈ ਉਸ ਨੇ ਸਦਾ ਸੁਖ ਪਾਇਆ ਹੈ। ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ॥(981) ਭਾਵ ਜੋ ਮਨੁੱਖ ਦੂਰੰਦੇਸ਼ੀ ਤੋਂ ਕੰਮ ਨਹੀਂ ਲੈਂਦਾ ਜੇ ਕਿਤੇ ਉਸ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਉਸ ਨੂੰ ਬੁਝਾਉਣ ਲਈ ਖੂਹ ਪੁੱਟਣ ਲੱਗ ਜਾਵੇ ਤਦ ਤੱਕ ਘਰ ਸੜ ਕੇ ਸਵਾਹ ਹੋ ਜਾਵੇਗਾ ਅਤੇ ਉਸ ਨੂੰ ਆਪਣੀ ਮੂਰਤਾ ਤੇ ਪਛਤਾਉਣਾ ਹੀ ਪਵੇਗਾ।

ਗੁਰਮਤਿ ਦੇ ਮਹਾਂਨ ਸਕਾਲਰ ਭਾਈ ਗੁਰਦਾਸ ਜੀ ਵੀ ਦੂਰ-ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ-

ਜੈਸੇ ਘਰ ਲਾਗੈ ਆਗ ਜਾਗ ਕੂਆਂ ਖੋਦਯੋ ਚਾਹੈ, ਕਾਰਜ ਨ ਸਿੱਧ ਹੋਇ ਰੋਇ ਪਛਤਾਈਐ। ਜੈਸੇ ਤੌ ਸੰਗ੍ਰਾਮ ਸਮੈ ਸੀਖਯੋ ਚਾਹੈ ਵੀਰ ਵਿਦਿਯਾ, ਅਨਥਾ ਉਂਦਮ ਜੈਤ ਪਦਵੀ ਨ ਪਾਈਐ। ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ ਪਾਛੇ, ਭੋਰ ਭਏ ਭਾਰ ਬਾਂਧ ਚਲੇ ਕਤ ਜਾਈਐ। ਤੈਸੇ ਮਾਯਾ ਧੰਧ ਅੰਧ ਅਵਧਿ ਬਿਹਾਇ ਜਾਇ, ਅੰਤ ਕਾਲ ਕੈਸੇ ਹਰਿ ਨਾਮ ਲਿਵ ਲਾਈਐ॥495॥ ਭਾਈ ਸਾਹਿਬ ਇਸ ਕਬਿਤ ਵਿੱਚ ਕੁਝ ਉਦਾਹਰਣਾਂ ਦੇ ਕੇ ਦਰਸਾਉਂਦੇ ਹਨ ਕਿ ਘਰ ਨੂੰ ਅੱਗ ਲੱਗ ਜਾਵੇ, ਸੇਕ ਨਾਲ ਕੋਈ ਜਾਗ ਪਵੇ ਅਤੇ ਅੱਗ ਨੂੰ ਬਝਾਉਣ ਲਈ ਖੂਹ ਪੁੱਟਣ ਲੱਗ ਪਵੇ ਤਾਂ ਉਹ ਸਫਲ ਨਹੀਂ ਹੋਵੇਗਾ ਸਗੋਂ ਪਛਤਾਕੇ ਰੋਵੇਗਾ ਹੀ। ਦੂਜੀ ਮਸਾਲ ਦਿੰਦੇ ਹਨ ਕਿ ਜੇ ਅਚਾਨਕ ਦੁਸ਼ਮਣ ਨਾਲ ਯੁੱਧ ਛਿੜ ਪਵੇ ਤੇ ਓਦੋਂ ਕੋਈ ਸ਼ਸ਼ਤਰ ਵਿਦਿਆ ਸਿਖਣੀ ਸ਼ੁਰੂ ਕਰੇ ਤਾਂ ਉਹ ਕਦੇ ਜਿੱਤ ਨਹੀਂ ਸਕਦਾ ਸਗੋਂ ਭਾਰੀ ਮਾਰ ਖਵੇਗਾ। ਤੀਜੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਕਿਸੇ ਯਾਤਰਾ ਸਮੇਂ ਸੰਗੀ ਸਾਥੀ ਰਾਤ ਸੌਂ ਕੇ ਅਚਾਨਕ ਤੁਰ ਜਾਣ ਤੇ ਇਕੱਲਾ ਸਾਥੀ ਦਿਨ ਚੜ੍ਹੇ ਉਹ ਭਾਰ ਬੰਨ੍ਹ ਕੇ ਕਿੱਥੇ ਚੱਲਕੇ ਜਾਵੇਗਾ? ਚੌਥੀ ਮਸਾਲ ਦਿੰਦੇ ਹਨ ਕਿ ਇਵੇਂ ਹੀ ਮਾਇਆ ਦੇ ਧੰਦਿਆਂ ਵਿੱਚ ਸਾਰੀ ਉਮਰ ਬੀਤ ਜਾਵੇ ਤਾਂ ਕੇਵਲ ਅੰਤ ਵੇਲੇ ਕਿਵੇਂ ਕਰਤਾਰ ਦੇ ਨਾਮ ਵਿੱਚ ਸੁਰਤ ਜੁੜ ਸਕਦੀ ਹੈ। ਸਾਰੀ ਉਮਰ ਤਾਂ ਮੋਹ ਮਾਇਆ ਵਿੱਚ ਗਲਤਾਨ ਹੋਏ ਗਾਫਲਤਾ ਨਾਲ ਗਵਾ ਦਿੱਤੀ ਅੰਤ ਵੇਲੇ ਰੱਬ ਕਿਵੇਂ ਯਾਦ ਆਵੇਗਾ? ਭਾਵ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣ ਵਾਲਾ ਹੀ ਅੰਤ ਵੇਲੇ ਉਸ ਦੀ ਯਾਦ ਵਿੱਚ ਲੀਨ ਹੋ ਸਕਦਾ ਹੈ।

ਅੱਜ ਦੀ ਤਾਰੀਖ ਵਿੱਚ ਸਿੱਖ ਕੌਮ ਬਹੁਤੇ ਭੇਖੀ, ਲਾਲਚੀ, ਚਾਲ ਬਾਜ, ਮਕਾਰੀ ਸੰਤਾਂ ਅਤੇ ਲੀਡਰਾਂ ਦੇ ਵੱਸ ਪੈ ਚੁੱਕੀ ਹੈ। ਦੂਰੰਦੇਸ਼ੀ ਵਾਲੇ ਲੀਡਰ ਕੌਮ ਦੀ ਕਮਾਨ ਛੱਡ ਚੁੱਕੇ ਹਨ ਜਾਂ ਸਾਨ੍ਹਾਂ ਦੇ ਭੇੜ ਵਿੱਚ ਨਹੀਂ ਆਉਣਾਂ ਚਾਹੁੰਦੇ ਤਾਂ ਕੌਮ ਦਾ ਭਲਾ ਕਿਵੇਂ ਹੋਵੇਗਾ? ਅੱਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ। ਬਾਦਲ ਧੜਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਜੋ ਡੇਰਾਵਾਦ ਅਤੇ ਬ੍ਰਾਹਮਣਵਾਦ ਦੀ ਗ੍ਰਿਫਤ ਵਿੱਚ ਹੈ। ਇਸ ਕਰਕੇ ਸਿੱਖ ਸ਼ਕਲ ਅਤੇ ਨਾਂ ਦੀ ਦੁਰਵਰਤੋਂ ਕਰਕੇ ਜਾਂ ਆੜ ਲੈ ਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਤੇ ਕਾਬਜ ਹੋਣ ਲਈ ਆਪਣੀ ਕੂਟਨੀਤੀ ਰਾਹੀਂ ਤਰਲੋ ਮੱਛੀ ਹੋ ਰਿਹਾ ਹੈ। ਜਿਸ ਵਿੱਚ ਉਸ ਨੇ ਸਹਿਜਧਾਰੀ ਸਿੱਖਾਂ ਦੇ ਨਾਂ ਤੇ ਭਾਰੀ ਸਫਲਤਾ ਵੀ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਪੰਥ ਅਤੇ ਪੰਥਕ ਨਿਸ਼ਾਨੇ ਦੀਆਂ ਟਾਹਰਾਂ ਮਾਰਨ ਅਤੇ ਸੰਘਰਸ਼ ਕਰਨ ਵਾਲੇ ਖਿਦੋ ਦੀਆਂ ਲੀਰਾਂ ਵਾਂਗ ਫਟੇ ਪਏ ਹਨ। ਉਨ੍ਹਾਂ ਨੂੰ ਆਪਣੇ ਸਾਥੀਆਂ ਦੀਆਂ ਛੋਟੀਆਂ ਮੋਟੀਆਂ ਕਮਜ਼ੋਰੀਆਂ ਨੂੰ ਭੰਡਣ ਅਤੇ ਆਪੋ ਆਪਣੀ ਢਾਈ ਪਾ ਦੀ ਖਿਚੜੀ ਪਕਾਉਣ ਤੋਂ ਬਿਨਾ ਹੋਰ ਕੁਝ ਸੁਝ ਹੀ ਨਹੀਂ ਰਿਹਾ। ਭਲਿਓ! ਗੁਰੂ ਨੇ ਤੁਹਾਨੂੰ ਗੁਰਬਾਣੀ ਰਾਹੀਂ ਦੂਰੰਦੇਸ਼ੀ ਬਖਸ਼ੀ ਹੈ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰੋ ਲਿਵ ਲਾਇ॥(1185) ਅਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥(417) ਗੱਲਾਂ ਤੁਸੀਂ ਰਾਜ ਭਾਗ ਦੀਆਂ ਕਰ ਰਹੇ ਹੋ ਪਰ ਰਾਜ ਲੈਣਾ ਕਿਵੇਂ ਹੈ? ਇਸ ਬਾਰੇ ਕਦੇ ਦੀਰਘ ਦ੍ਰਿਸ਼ਟੀ ਨਹੀਂ ਅਪਣਾਉਂਦੇ। ਤੁਹਾਡੇ ਸਾਹਮਣੇ ਦੁਸ਼ਮਣ ਪਾੜੋ ਤੇ ਰਾਜ ਕਰੋ ਦੀਆਂ ਮਾਰੂ ਚਾਲਾਂ ਚੱਲ ਰਿਹਾ ਹੈ। ਕਦੇ ਤੁਹਾਨੂੰ ਸੰਪ੍ਰਦਾਵਾਂ, ਡੇਰਿਆਂ, ਜਾਤ ਬਰਾਦਰੀਆਂ, ਵੱਖ ਵੱਖ ਗ੍ਰੰਥਾਂ ਅਤੇ ਕਦੇ ਧੜੇਬੰਦੀਆਂ ਵਿੱਚ ਵੰਡੀ ਜਾ ਰਿਹਾ ਹੈ।

ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਤੁਸੀਂ “ਗੁਰੂ” ਦੇ ਸਿੱਖ ਹੋ ਜਾਂ ਵੱਖ ਵੱਖ ਸਾਧਾਂ ਸੰਤਾਂ ਅਤੇ ਸੰਪ੍ਰਦਾਵਾਂ ਦੇ। ਥੋੜੀ ਜਿਹੀ ਦੂਰੰਦੇਸ਼ੀ ਵਰਤੋ, ਸਭ ਮਨ-ਮੋਟਾਵ ਧੜੇ ਭੁਲਾ ਕੇ “ਗੁਰੂ” ਦੇ ਨਾਂ ਤੇ ਇਕੱਠੇ ਹੋ ਜਾਓ ਫਿਰ ਇਹ ਸਾਧ ਲਾਣਾ ਤੇ ਬਾਦਲ ਦੇ ਬਦਲ ਆਪੇ ਉਂਡ ਜਾਣਗੇ। ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਇਕੱਠੇ ਕਰ ਸਕਦੇ ਹਨ। ਜਿਵੇਂ ਮੱਖੀਆਂ ਸ਼ਹਿਦ ਦੁਅਲੇ ਇਕੱਠੀਆਂ ਹੋ ਇੱਕ ਵੱਡਾ ਛੱਤਾ ਬਣ ਜਾਂਦੀਆਂ ਹਨ ਇਵੇਂ ਹੀ-ਸਾਧਸੰਗਤਿ ਮਿਲਿ ਰਹੀਐ ਮਾਧੋ ਜੈਸੇ ਮਧੁਪ ਮਖੀਰਾ॥(486) ਤੁਸੀਂ ਜਰਾ ਸੋਚੋ ਕਿ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਨਹੀਂ ਅਪਣਾਅ ਰਹੇ? ਜੋ ਸਾਡੀ ਏਕਤਾ ਦੇ ਸੂਤਰ ਅਤੇ ਮਜਬੂਤ ਥੰਮ ਹਨ। ਹੁਣ ਸਿੱਖ ਕੌਮ ਨੂੰ ਦੂਰੰਦੇਸ਼ ਲੀਡਰਾਂ ਦੀ ਲੋੜ ਹੈ ਜੋ ਆਪਸੀ ਖਹਿਬਾਜ਼ੀ ਛੱਡ, ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ ਵਿੱਚ ਨਿਤਰਨ। ਦੂਰੰਦੇਸ਼ੀ ਇਹ ਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਾਓ ਅਤੇ ਲੋੜਵੰਦਾਂ ਦੀ ਮਦਦ ਕਰੋ। ਪਛੜੀਆਂ ਸ਼੍ਰੇਣੀਆਂ ਵਾਲੇ ਵੀਰ ਸਾਡੇ ਹੀ ਸਕੇ ਭਰਾ ਹਨ, ਉਨ੍ਹਾਂ ਨਾਲ ਘੁਟਵੀਆਂ ਜੱਫੀਆਂ ਪਾ ਲਓ ਅਤੇ ਮੰਨੂੰ ਬ੍ਰਾਹਮਣ ਦੀ ਪੈਦਾ ਕੀਤੀ ਜਾਤ-ਪਾਤ ਦੇ ਭਾਂਡੇ ਤੋੜ ਦਿਓ। ਸੋਚੋ ਗੁਰੂ ਨੇ ਸਾਨੂੰ ਸਿੱਖ ਬਣਾਇਆ ਸੀ ਨਾਂ ਕਿ ਜਾਤਾਂ ਪਾਤਾਂ ਦੀਆਂ ਜਮਾਤਾਂ ਵਿੱਚ ਵੰਡਿਆ ਸੀ? ਅੱਜ ਸਾਰੇ ਗੁੱਸੇ ਗਿਲੇ ਭੁਲਾ ਕੇ ਇੱਕ ਹੋ ਜਾਓ। ਗੁਰੂ ਜੀ ਦੇ ਹਜ਼ੂਰੀ ਸਿੱਖ ਅਤੇ ਪ੍ਰਸਿੱਧ ਵਿਦਵਾਨ ਭਾਈ ਨੰਦ ਲਾਲ ਜੀ ਦੀ ਸਿਖਿਆ ਹੀ ਪੱਲੇ ਬੰਨ੍ਹ ਲਓ-ਸਾਰੀ ਉਮਰ ਗੁਨਾਹੀ ਬੀਤੀ, ਹਰਿ ਕੀ ਭਗਤਿ ਨਾਂ ਕੀਤੀ। ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ (ਭਾ.ਨੰਦ ਲਾਲ) ਅੰਤ ਵਿੱਚ ਮੈਂ ਬਾਦਲ ਸਾਹਬ ਦੀ ਸਿਫਤ ਕਰਨੋ ਨਹੀਂ ਰਹਿ ਸਕਦਾ ਜਿਸ ਨੇ ਆਪਣੇ ਦਲ ਨੂੰ ਏਕਤਾ ਵਿੱਚ ਪਰੋਤਾ ਹੋਇਆ ਹੈ। ਕਹਿੰਦੇ ਹਨ ਕਿ ਕਾਂ ਵਿੱਚ ਵੀ ਗੁਣ ਹੈ ਭਾਵੇਂ ਉਹ ਗੰਦਗੀ ਫਰੋਲਦਾ ਤੇ ਥਾਂ ਥਾਂ ਠੂੰਗੇ ਮਾਰਦਾ ਫਿਰਦਾ ਹੈ ਪਰ ਚਲਾਕ ਏਨਾਂ ਹੈ ਕਿ ਕਿਸੇ ਦਾ ਵਿਸਾਹ ਨਹੀਂ ਖਾਂਦਾ। ਤੁਸੀਂ ਤਾਂ ਆਪਣੇ ਆਪ ਨੂੰ ਤੱਤ ਗੁਰਮਤਿ ਦੇ ਧਾਰਨੀ ਸਮਝਦੇ ਅਤੇ ਪ੍ਰਚਾਰਦੇ ਹੋ, ਫਿਰ ਕੀ ਗੱਲ ਹੈ ਤੁਸੀਂ ਸਾਰੇ ਬਾਦਲ ਵਿਰੋਧੀ ਇਕੱਠੇ ਹੋ ਮਿਲ ਕੇ ਨਹੀਂ ਚੱਲਦੇ? ਜਦ ਗੁਰੂ ਅਤੇ ਰਹਿਤ ਮਰਯਾਦਾ ਇੱਕ ਹੈ ਫਿਰ ਤੁਹਾਡੇ ਵਿੱਚ ਦੋਫਾੜ ਕਿਉਂ ਹੈ? ਕੋਈ ਡੇਰਾਵਾਦੀ ਅਤੇ ਸਰਕਾਰਵਾਦੀ ਨਾਰਦਮੁਨੀ ਜਰੂਰ ਤੁਹਾਡੇ ਵਿੱਚ ਸਿੱਖੀ ਬਾਣਾ ਧਾਰਨ ਕਰਕੇ ਘੁਸੜਿਆ ਹੋਇਆ ਹੈ, ਜੋ ਤੁਹਾਨੂੰ ਇੱਕ-ਦੂਜੇ ਦੇ ਨੇੜੇ ਨਹੀਂ ਆਉਣ ਦੇ ਰਿਹਾ, ਬੜੀ ਦੂਰੰਦੇਸ਼ੀ ਅਤੇ ਗੁਰਮਤਿ ਜੁਗਤਿ ਨਾਲ ਉਸ ਨੂੰ ਪਛਾਣ ਕੇ ਪਛਾੜਨ ਦੀ ਲੋੜ ਹੈ। ਸੋ ਕੌਮ ਦੇ ਆਗੂਓ “ਗੁਰੂ ਗ੍ਰੰਥ ਸਾਹਿਬ” ਜੀ ਤੋਂ ਗੁਰਮਤਿ ਸੇਧਾਂ ਲੈ ਕੇ ਦੂਰੰਦੇਸ਼ ਬਣੋ। ਇੱਕ ਗ੍ਰੰਥ, ਪੰਥ ਅਤੇ ਮਰਯਾਦਾ ਦੇ ਧਾਰਨੀ ਹੋ ਕੇ ਸਭ ਇਕੱਠੇ ਹੋ ਜਾਓ ਅਤੇ ਗੁਰਦੁਆਰਿਆਂ ਨੂੰ ਦੂਰੰਦੇਸ਼ੀ ਨਾਲ ਸੰਪ੍ਰਦਾਈ ਡੇਰਾਵਾਦੀਆਂ ਅਤੇ ਮੌਡਰਨ ਮਹੰਤਾਂ ਟਾਈਪ ਆਗੂਆਂ ਤੋਂ ਅਜ਼ਾਦ ਕਰਾਓ, ਇਹ ਹੀ ਸਾਰਥਕ ਦੂਰੰਦੇਸ਼ੀ ਸਮਝੀ ਜਾਵੇਗੀ। ਸ਼੍ਰੋਮਣੀ ਕਮੇਟੀ ਨੂੰ ਭੰਡਣ ਦੀ ਥਾਂ ਤੇ, ਉਸ ਦੇ ਮੈਂਬਰ ਬਣ ਕੇ ਉਸ ਦੀ ਨੁਹਾਰ ਬਦਲੋ। ਅੱਜ ਗੁਰਮਤਿ ਵਿਰੋਧੀ ਲੀਡਰ ਸਾਰੇ ਇਕੱਠੇ ਹਨ ਫਿਰ ਦੂਰੰਦੇਸ਼ੀ ਵਰਤ ਕੇ ਗੁਰਮਤਿ ਦੇ ਧਾਰਨੀ ਲੀਡਰ ਇਕੱਠੇ ਕਿਉਂ ਨਹੀਂ ਹੁੰਦੇ? ਕਿਉਂਕਿ ਹਉਮੈਂ, ਹੰਕਾਰ, ਖੁਦਗਰਜ਼ੀ, ਚੌਧਰ ਛੱਡਣੀ ਅਤੇ ਆਪਾ ਮਿਟਉਣਾ ਪੈਂਦਾ ਹੈ-ਆਪੁ ਗਵਾਈਐ ਤਾਂ ਸ਼ਹੁ ਪਾਈਐ ਅਉਰੁ ਕੈਸੀ ਚਤੁਰਾਈ॥() ਅਜੋਕੇ ਜੁਗ ਵਿੱਚ ਬਾਹੂ ਬਲ ਨਾਲੋਂ ਦੂਰੰਦੇਸ਼ੀ ਨਾਲ ਹੀ ਵਿਰੋਧੀ ਨੂੰ ਜਿਤਿਆ ਅਤੇ ਕੌਮੀ ਝੰਡੇ ਝੁਲਾਏ ਜਾ ਸਕਦੇ ਹਨ। ਇਸ ਲਈ ਕੌਮੀ ਆਗੂ ਬਹੁਤ ਹੀ ਦੂਰੰਦੇਸ਼ ਹੋਣੇ ਚਾਹੀਦੇ ਹਨ ਜੋ ਕੌਮੀ ਕਾਰਜਾਂ ਲਈ ਰਲ ਮਿਲ ਕੇ ਚੱਲ ਸੱਕਣ।

Friday, August 6, 2010

ਯੋਗਾ ਅਤੇ ਗੁਰਮੱਤ

ਯੋਗਾ ਅਤੇ ਗੁਰਮੱਤ-ਅਵਤਾਰ ਸਿੰਘ ਮਿਸ਼ਨਰੀ



ਗੁਰਮੱਤ ਜਿਸਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਹਨ ਜੋ ਸਾਰੇ ਮੱਤਾਂ ਤੋਂ ਨਿਆਰਾ, ਕਰਮਸ਼ੀਲ, ਯਤਨਸ਼ੀਲ ਅਤੇ ਗਿਆਨ-ਵਿਗਿਆਨ ਦਾ ਸੋਮਾਂ ਹੈ ਅਤੇ ਜਿਸ ਵਿੱਚ ਰੱਬੀ ਗੁਰੂਆਂ-ਭਗਤਾਂ ਦੇ ਸੁਨਹਿਰੀ ਉਪਦੇਸ਼ ਹਨ। ਅੰਧਵਿਸ਼ਵਾਸ਼ੀ ਲੋਕ ਇਸ ਅਗਾਂਹ ਵਧੂ ਅਤੇ ਕ੍ਰਿਆਸ਼ੀਲ ਮੱਤ ਨੂੰ ਬਰਦਾਸ਼ਤ ਨਾਂ ਕਰਦੇ ਹੋਏ ਇਸ ਵਿੱਚ ਵੀ ਫੋਕੇ ਕਰਮਕਾਂਡਾਂ ਦਾ ਰਲਾ ਕਰਨ ਲਈ ਆਏ ਦਿਨ ਵੱਖ-ਵੱਖ ਰੂਪਾਂ ਵਿੱਚ ਤਰਲੋਮੱਛੀ ਹੋ ਰਹੇ ਹਨ। ਸਾਨੂੰ ਇਸ ਮਾਜਰੇ ਨੂੰ ਗੰਭੀਰਤਾ ਨਾਲ ਸਮਝਣ ਦੀ ਅਤਿਅੰਤ ਲੋੜ ਹੈ। ਸਮੁੱਚੇ ਸੰਸਾਰ ਦਾ ਰੱਬੀ ਧਰਮ ਇੱਕ ਹੀ ਹੈ ਪਰ ਮੱਤ (ਮਜ਼ਹਬ) ਬਹੁਤ ਹਨ ਜਿਵੇਂ ਜੈਨਮੱਤ, ਬੁੱਧਮੱਤ, ਯਹੂਦੀਮੱਤ, ਈਸਾਈਮੱਤ, ਇਸਲਾਮਮੱਤ ਅਤੇ ਸਿੱਖਮੱਤ (ਗੁਰਮੱਤ) ਆਦਿਕ ਕਈ ਹੋਰ ਮੱਤ ਵੀ ਹਨ ਇਵੇਂ ਹੀ ਇਨ੍ਹਾਂ ਵਿੱਚ ਇੱਕ ਯੋਗਮੱਤ ਵੀ ਹੈ, ਇਸਦੇ ਆਪਣੇ ਵੱਖਰੇ ਨਿਯਮ-ਸਾਧਨ ਹਨ । ਆਓ ਆਪਾਂ ਇਸ ਬਾਰੇ ਵਿਚਾਰ-ਵਿਟਾਂਦਰਾ ਕਰੀਏ। ਮਹਾਨਕੋਸ਼ ਅਨੁਸਾਰ ਜੋਗ ਪੰਜਾਬੀ ਅਤੇ ਯੋਗ ਸੰਸਕ੍ਰਿਤ ਦੇ ਲਫਜ਼ ਹਨ, ਪ੍ਰਕਰਣ ਅਨੁਸਾਰ ਅਰਥ ਹਨ-ਜੋਗ=ਨੂੰ, ਕੋ, ਪ੍ਰਤਿ, ਤਾਈਂ ਜਿਵੇਂ-ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰਮੁਖ ਸਿੰਘ ਅਤੇ “ਤਿਤੁ ਮਹਲੁ ਜੋ ਸ਼ਬਦੁ ਹੋਆ ਸੋ ਪੋਥੀ ਗੁਰਿ ਅੰਗਦ ਜੋਗੁ ਮਿਲੀ” ਜੋਗ=ਲੀਏ, ਵਾਸਤੇ, ਲਈ-ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ (1412) ਜੋਗ=ਉਚਿੱਤ, ਲਾਇਕ, ਕਾਬਲ-ਨਾਨਕ ਸਦਾ ਧਿਆਈਐ ਧਿਆਵਨ ਜੋਗ (269) ਜੋਗ=ਮੇਲ, ਜੁੜਨਾ 5 ਜੋਗ=ਸਮਰੱਥ-ਪ੍ਰਭੁ ਸਭਨਾ ਗਲਾ ਜੋਗਾ ਜੀਉ (108) ਯੋਗਾ ਪਤੰਜਲਿ ਰਿਖੀ ਨਾਲ ਸਬੰਧਤ ਹੈ ਅਤੇ ਇਸਦੇ ਹਠਯੋਗ ਨਾਲ ਚਿੱਤ ਨੂੰ ਇਕਾਗਰ ਕਰਨ ਦੇ ਸਾਧਨ ਹਨ।

ਗੁਰਮਤਿ ਮਾਰਤੰਡ ਅਨੁਸਾਰ ਮੁੱਖ ਤੌਰ ਤੇ ਯੋਗ ਦੋ ਪ੍ਰਕਾਰ ਦਾ ਹੈ-ਹਠਯੋਗ ਅਤੇ ਸਹਜਯੋਗ। ਹਠਯੋਗ-ਜੋਗੀਆਂ, ਨਾਥਾਂ ਦਾ ਮਾਰਗ ਅਤੇ ਸਹਜਯੋਗ ਭਗਤਾਂ ਆਦਿਕ ਗੁਰਮੱਤ ਅਵਿਲੰਬੀਆਂ ਦਾ ਮਾਰਗ ਹੈ। ਹਠਯੋਗ ਵਿੱਚ ਸਰੀਰ ਨੂੰ ਗੈਰ-ਕੁਦਰਤੀ ਕਸ਼ਟ ਵੀ ਦਿੱਤੇ ਜਾਂਦੇ ਹਨ ਪਰ ਸਹਜਯੋਗ ਵਿੱਚ ਗ੍ਰਹਿਸਤ ਵਿੱਚ ਰਹਿੰਦਿਆ ਪ੍ਰੇਮਾਂ-ਭਗਤੀ ਕਰਕੇ ਮਨ ਸ਼ਾਂਤ ਕੀਤਾ ਜਾਂਦਾ ਹੈ। ਮੁੱਖ ਤੌਰ ਤੇ ਚਿੱਤ-ਬਿਰਤੀਆਂ ਨੂੰ ਰੋਕਣ ਦਾ ਨਾਉਂ ਯੋਗ ਹੈ ਪਰ ਯੋਗੀ ਲੋਕ ਇਸ ਵਾਸਤੇ ਹਠ-ਯੋਗ ਕਰਦੇ ਹਨ। ਹਠ-ਯੋਗ ਦੇ ਅੱਠ ਅੰਗ ਹਨ-1. ਯਮ (ਅਹਿੰਸਾ, ਸਤਯ, ਪਰ-ਧਨ, ਪਰ-ਇਸਤ੍ਰੀ ਦਾ ਤਿਆਗ, ਨੰਮ੍ਰਤਾ ਅਤੇ ਧੀਰਯ 2. ਨਿਯਮ (ਪਵਿਤ੍ਰਤਾ, ਸੰਤੋਖ, ਤਪ, ਵਿਦਿਆ ਅਭਿਆਸ, ਹੋਮ, ਦਾਨ ਅਤੇ ਸ਼ਰਧਾ 3. ਆਸਣ-ਯੋਗੀਆਂ ਨੇ 84 ਲੱਖ ਮੰਨੀ ਗਈ ਜੀਵਾਂ ਦੀ ਬੈਠਕ ਵਿੱਚੋਂ ਚੁਣ ਕੇ 84 ਆਸਨ ਪੁਸਤਕਾਂ ਵਿੱਚ ਲਿਖੇ ਹਨ ਜਿਨ੍ਹਾਂ ਵਿੱਚੋਂ ਕੂਰਮਾਸਨ, ਮਯੂਰਾਸਨ, ਮਾਂਡੂਕਾਸਨ, ਹੰਸਾਸਨ, ਵੀਰਾਸਨ ਆਦਿਕ ਪਰ ਅਭਿਆਸੀ ਵਾਸਤੇ ਸਿੱਧਾਸਨ ਅਤੇ ਮਦਮਾਸਨ ਦੋ ਹੀ ਸ਼੍ਰੋਮਣੀ ਮੰਨੇ ਹਨ। ਸਿੱਧਾਸਨ-ਗੁਦਾ ਅਤੇ ਲਿੰਗ ਦੇ ਵਿੱਚਕਾਰ ਜੋ ਨਾੜੀ ਹੈ ਉਸ ਨੂੰ ਖੱਬੇ ਪੈਰ ਦੀ ਅੱਡੀ ਨਾਲ ਦਬਾਉਣਾ, ਸੱਜੇ ਪੈਰ ਦੀ ਅੱਡੀ ਪੇਂਡੂ ਉੱਤੇ ਰੱਖਣੀ, ਦੋਹਾਂ ਪੈਰਾਂ ਦੇ ਅੰਗੂਠੇ ਲੱਤਾਂ ਹੇਠ ਲੁਕੋ ਲੈਣੇ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਰੱਖ ਕੇ ਠੋਡੀ ਨੂੰ ਅਚੱਲ ਕਰਨਾ, ਨੇਤ੍ਰਾਂ ਦੀ ਟਕ ਭੌਹਾਂ ਦੇ ਮੱਧ ਟਿਕਾਉਣੀ, ਤਲੀਆਂ ਉੱਤੇ ਨੂੰ ਕਰਕੇ ਦੋਵੇਂ ਹੱਥ ਪੱਟਾਂ ਉੱਪਰ ਅਡੋਲ ਰੱਖਣੇ। ਪਦਮਾਸਨ-ਖੱਬੇ ਪੱਟ ਉੱਤੇ ਸੱਜਾ ਪੈਰ, ਸੱਜੇ ਉੱਤੇ ਖੱਬਾ ਪੈਰ ਰੱਖਣਾ, ਕਮਰ ਦਾ ਵਲ ਕੱਢ ਕੇ ਸਿੱਧਾ ਬੈਠਣਾ, ਦੋਵੇਂ ਹੱਥ ਗੋਡਿਆਂ ਤੇ ਰੱਖਣੇ, ਠੋਡੀ ਛਾਤੀ ਨਾਲ ਲਾ ਕੇ, ਨੇਤ੍ਰਾਂ ਦੀ ਟਕ ਨੱਕ ਦੀ ਨੋਕ ਉੱਤੇ ਠਹਿਰਾਉਣੀ। ਜੇ ਪਿੱਠ ਪਿਛੋਂ ਦੀ ਬਾਹਾਂ ਲੈ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਅੰਗੂਠਾ ਪਕੜ ਲਿਆ ਜਾਏ ਤਾਂ ਇਸ ਦਾ ਨਾਂ ਬੱਧਪਦਮਾਸਨ ਹੈ 4. ਪ੍ਰਾਣਾਯਾਮ-ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨਾਂ ਪ੍ਰਾਯਾਮ ਹੈ। ਯੋਗੀਆਂ ਨੇ ਸਰੀਰ ਵਿੱਚ 72000 ਨਾੜੀਆਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ 10 ਨਾੜੀਆਂ ਪ੍ਰਾਣ ਅਭਿਆਸ ਦੀਆਂ ਸਹਾਇਕ ਦੱਸੀਆਂ ਹਨ (ਪਾਨ, ਅਪਾਨ, ਸਮਾਨ, ਉਦਾਨ, ਵਯਾਨ, ਕੂਰਮ, ਕ੍ਰਿਕਲ,ਦੇਵਦੱਤ, ਧਨੰਜਯ ਇਹ 10 ਪ੍ਰਾਣ ਕਲਪੇ ਹਨ ਜਿਨ੍ਹਾਂ ਚੋਂ ਪਹਿਲੇ ਪੰਜਾਂ ਦਾ ਅਭਿਆਸ ਯੋਗੀ ਕਰਦੇ ਹਨ) ਪ੍ਰਾਣਯਾਮ ਦੇ ਕਠਿਨ ਪ੍ਰਕਾਰ ਬੇਅੰਤ ਹਨ ਪਰ ਪ੍ਰਮੁੱਖ ਦੋ ਹਨ-ਚੰਦ੍ਰਾਂਗ ਅਤੇ ਸੂਰਯਾਂਗ। ਜੋਗੀ ਇੜਾ ਨਾੜੀ ਦੇ ਰਸਤੇ 12 ਵਾਰ ਓਅੰ ਮੰਤ੍ਰ ਜਪ ਕੇ ਹੌਲੀ-2 ਸੁਵਾਸਾਂ ਨੂੰ ਅੰਦਰ ਖਿੱਚਣਾ (ਪੂਰਕ ਕਰਨਾ) 16 ਵਾਰ ਓਅੰ ਜਪ ਨਾਲ ਸਵਾਸਾਂ ਨੂੰ ਰੋਕਣਾ (ਕੁੰਭਕ ਕਰਨਾ) ਅਤੇ 10 ਵਾਰ ਓਅੰ ਜਪੁ ਨਾਲ ਸਵਾਸ ਬਾਹਰ ਛੱਡਣੇ (ਰੇਚਕ ਕਰਨਾ) ਦੂਜਾ ਸੂਰਯਾਂਗ ਪ੍ਰਾਣਾਯਾਮ-ਪਿੰਗਲਾ ਦੇ ਰਸਤੇ (ਚੰਦ੍ਰਾਂਗ ਰੀਤੀ ਅਨੁਸਾਰ) ਪੂਰਕ ਅਤੇ ਕੁੰਭਕ ਪਿੱਛੋਂ ਇੜਾ ਨਾੜੀ ਦੁਆਰਾ ਰੇਚਕ ਕਰਨਾ ਫਿਰ ਇਸ ਅਭਿਆਸ ਨੂੰ ਵਧਾਉਂਦੇ ਹੋਏ 36 ਵਾਰ ਓਅੰ ਜਪ ਕਰਕੇ ਰੇਚਕ ਕਰਨਾ। ਪ੍ਰਾਣਾਯਾਮ ਦੇ ਬਲ ਕਰਕੇ ਕੁੰਡਲਨੀ (ਭੁਝੰਗਮਾ) ਨਾੜੀ ਜਿਸ ਨੇ ਸੁਖਮਨਾ ਦਾ ਦਰਵਾਜਾ ਕਵਾੜ ਰੂਪ ਹੋ ਕੇ ਬੰਦ ਕੀਤਾ ਹੋਇਆ ਹੈ ਪਰੇ ਹਟ ਜਾਂਦੀ ਹੈ ਅਤੇ ਸੁਖਮਨਾ ਦੁਆਰਾ ਦਸਮ ਦੁਆਰ ਵਿੱਚ ਪ੍ਰਾਣ ਚਲਦੇ ਹਨ। ਇਸ ਤੋਂ ਇਲਾਵਾ ਇੱਕ ਹੰਸ ਪ੍ਰਾਣਾਯਾਮ ਵੀ ਹੈ ਜੋ ਇਕਾਗਰ ਮਨ ਹੋ ਕੇ ਸੁਵਾਸ ਦੇ ਬਾਹਰ ਜਾਣ ਪਰ ‘ਹ’ ਅਰ ਅੰਦਰ ਜਾਣ ਪਰ ‘ਸ’ ਦਾ ਸਿਮਰਨ ਕਰਨਾ ਇਵੇਂ 60 ਘੜੀ ਵਿੱਚ 21600 ਵਾਰੀ ਜਾਪ ਹੋ ਜਾਂਦਾ ਹੈ।

ਇਸ ਦਾ ਨਾਂ ਹੀ ਜੋਗਮੱਤ ਅਨੁਸਾਰ ਅਜਪਾ-ਜਾਪ ਜਾਂ ਅਜਪਾ ਗਾਯਤ੍ਰੀ ਹੈ 5. ਪ੍ਰਤਯਾਹਾਰ-ਸ਼ਬਦ, ਸ਼ਪਰਸ਼, ਰੂਪ, ਰਸ, ਗੰਧ ਤੋਂ ਇੰਦ੍ਰੀਆਂ ਦੇ ਵੇਗ ਨੂੰ ਵਰਜ ਕੇ ਆਤਮ ਵਿਚਾਰ ਵਿੱਚ ਮਨ ਜੋੜਨ ਦਾ ਨਾਉਂ ਪ੍ਰਤਯਾਹਾਰ ਹੈ 6. ਧਾਰਨਾ-ਚਿੱਤ ਨੂੰ ਇਕਾਗ੍ਰ ਕਰਨਾ ਅਤੇ ਕਿਸੇ ਖਾਸ ਅਸਥਾਨ ਅਰ ਵਸਤੁ ਵਿੱਚ ਜੋੜਨਾ 7. ਧਿਆਨ-ਧੇਯ ਛੱਡ ਕੇ ਹੋਰ ਵੱਲ ਚਿੱਤ ਨਾਂ ਜਾਣਾ 8. ਸਮਾਧਿ-ਸਾਰੇ ਸੰਕਲਪ ਮਿਟ ਕੇ ਧੇਯ ਵਿੱਚ ਬਿਰਤੀ ਦਾ ਲਿਵਲੀਨ ਹੋਣਾ ਅਤੇ ਉਸ ਦਾ ਸਾਖਯਾਤ ਭਾਸਣਾ ਸਮਾਧੀ ਕਹੀ ਜਾਂਦੀ ਹੈ। ਇਹ ਜੋਗ ਮੱਤ ਦੇ ਕਠਨ ਸਾਧਨ ਹਨ ਜੋ ਵਿਹਲੜ ਹੀ ਕਰ ਸਕਦੇ ਹਨ ਹਾਂ ਕੁਝ ਕਸਰਤਾਂ ਜੋ ਸਰੀਰ ਦੀ ਵਰਜਿਸ਼ ਲਈ ਗੁਣਕਾਰੀ ਹਨ, ਕੀਤੀਆਂ ਜਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਗੁਰਦੁਆਰੇ ਅੰਦਰ “ਯੋਗਾ” ਨਹੀਂ ਕਿਹਾ ਜਾ ਸਕਦਾ।
ਜੋਗੀਆਂ ਦੇ ਮਨੁੱਖਤਾ ਤੋਂ ਗਿਰੇ ਕਰਮ-ਜੋਗਮੱਤ ਗ੍ਰਹਿਸਤ ਤੋਂ ਭਗੌੜਾ ਹੋ ਕੇ ਔਰਤ ਦੀ ਨਿੰਦਾ ਕਰਦਾ ਹੈ। ਗੋਰਖ ਨਾਥ ਔਰਤ ਨੂੰ ਬਘਿਅੜਣ ਕਹਿੰਦਾ ਹੈ-ਇਨ ਬਾਘਣ ਤ੍ਰੈਲੋਈ ਖਾਈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ॥ ਜੋਗੀ ਸਰੀਰ ਤੇ ਸਵਾਹ ਮਲਦੇ, ਜਟਾਂ ਧਾਰਨ ਕਰਦੇ, ਕੰਨ ਪਾੜ ਕੇ ਮੁੰਦਰਾਂ ਪਾਉਂਦੇ, ਖਿੰਥਾ ਧਾਰਨ ਕਰਦੇ, ਅੱਕ ਧਤੂਰਾ ਖਾਂਦੇ, ਭੰਗ, ਸ਼ਰਾਬਾਂ, ਚਿਲਮਾਂ ਪੀਂਦੇ, ਸ਼ਿਵਜੀ ਦੇ ਪੁਜਾਰੀ, ਗੋਰਖ ਨਾਥ, ਭਰਥਰ ਨਾਥ ਅਤੇ ਪਤੰਜਲ ਰਿਖੀ ਨੂੰ ਮੰਨਦੇ ਹਨ। ਜਰਾ ਸੋਚੋ! ਜਿਨਾਂ ਲੋਕਾਂ ਲਈ ਨਸ਼ੇ ਵਿੱਚ ਗੜੁੱਚ ਹੋਣਾ ਹੀ ਮਨ-ਬਿਰਤੀ ਦਾ ਟਿਕਾਓ ਹੈ, ਉਹ ਕਿਧਰ ਦੇ ਯੋਗੀ ਹੋ ਸਕਦੇ ਹਨ? ਇਨ੍ਹਾਂ ਨਸ਼ਈ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਰਾਬ ਦਾ ਪਿਆਲਾ ਭੇਂਟ ਕੀਤਾ ਪਰ ਮੂੰਹ ਤੇ ਸੱਚੋ ਸੱਚ ਕਹਿਣ ਵਾਲੇ ਰਹਿਬਰ ਨੇ ਕਿਹਾ ਅੰਮ੍ਰਿਤ ਦੇ ਵਾਪਰੀ ਮਤ ਮਾਰੂ ਛੂਛੀ ਮਦ ਦਾ ਵਾਪਾਰ ਅਤੇ ਸੇਵਨ ਨਹੀਂ ਕਰਦੇ-ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ ..ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੇ॥ ਕਹੁ ਨਾਨਕ ਸੁਣਿ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ (360) ਨਸ਼ੇ ਪੀ ਕੇ ਰਿਧੀਆਂ-ਸਿੱਧੀਆਂ ਦੇ ਬਲ ਨਾਲ ਲੋਕਾਂ ਨੂੰ ਡਰਾ ਕੇ ਆਪਣੀ ਪੂਜਾ ਕਰਾਉਣ ਵਾਲੇ ਸਿੱਧਾਂ ਜੋਗੀਆਂ ਨੂੰ ਗੁਰੂ ਜੀ ਨੇ ਸ਼ਬਦ ਬਾਣ ਨਾਲ ਜਿੱਤ ਕੇ ਚਿੱਤ ਕੀਤਾ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪੁਨਾ ਪੰਥ ਨਿਰਾਲਾ॥(ਭਾ.ਗੁ.)

ਗੁਰਮੱਤ ਦੇ ਜੋਗਮੱਤ ਬਾਰੇ ਵਿਚਾਰ-ਸਿੱਧਾਂ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥ਮਨ ਕੀ ਮੈਲੁ ਨ ਉਤਰੈ ਹਉਂਮੈ ਮੈਲੁ ਨ ਜਾਇ (558) ਸਿੱਧਾਂ-ਯੋਗੀਆਂ ਦੇ ਕਠਨ ਸਾਧਨਾਂ ਨਾਲ ਮਨ ਦੀ ਮੈਲ ਨਹੀਂ ਉੱਤਰਦੀ। ..ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥ ਜੋਗੁ ਨ ਦੇਸਿ ਦਿਸੰਤਰਿ ਭਵਿਐਂ ਜੋਗੁ ਨ ਤੀਰਥਿ ਨਾਈਐ॥.. ਸਤਿਗੁਰੁ ਭੇਟੈ ਤਾਂ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥..ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥..ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ (730) ਮੜੀਆਂ ਮਸਾਣਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ, ਦੇਸ਼ਾਂ ਦਾ ਭ੍ਰਮਣ ਕਰਨਾ ਅਤੇ ਪੁੰਨ ਕਰਮ ਲਈ ਤੀਰਥ ਨ੍ਹਾਉਣੇ ਨਿਰਾਥਕ ਕਰਮ ਹਨ। ਹੇ ਜੋਗੀਓ! ਜੇ ਸੱਚਾ ਗੁਰੂ ਮਿਲ ਜਾਏ ਤਾਂ ਭਰਮਾਂ ਦੇ ਪੜਦੇ ਤੁਟਦੇ ਹਨ ਅਤੇ ਮਨ ਦੀ ਮਾਇਆ ਵਾਲੀ ਦੌੜ ਮਿਟਦੀ ਹੈ। ਹੇ ਨਾਨਕ! ਜੀਂਵਦਿਆਂ ਹੀ ਅਜਿਹੇ ਫੋਕਟ ਕਰਮਾਂ ਅਤੇ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਹੀ ਜੋਗ ਹੈ। ਮਾਇਆ ਦੀ ਕਾਲਖ ਵਿਖੇ ਰਹਿੰਦੇ ਹੀ ਨਿਰਲੇਪ ਰਹਿਣਾ ਜੁਗਤੀ ਹੈ। ਏਹੁ ਜੋਗੁ ਨ ਹੋਵੈ ਜੋਗੀ ਜਿ ਕਟੰਬੁ ਛੋਡਿ ਪਰਭਵਣੁ ਕਰਹਿ (909) ਇਹ ਜੋਗ ਨਹੀਂ ਕਿ ਘਰ-ਪ੍ਰਵਾਰ ਦੀ ਜਿਮੇਵਾਰੀ ਛੱਡ ਕੇ ਵਿਹਲੜਾਂ ਦੀ ਤਰ੍ਹਾਂ ਘੁੰਮੇਂ। ਜੋਗੁ ਨ ਭਗਵੀਂ ਕਪੜੀਂ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ (1421)
ਗੁਰਮੱਤ ਦਾ ਸਹਜ, ਭਗਤ, ਰਾਜ, ਬ੍ਰਹਮ ਅਤੇ ਤੱਤ ਜੋਗ-ਕਿਰਤ-ਵਿਰਤ ਕਰਦੇ ਹੋਰਨਾਂ ਲੋੜਵੰਦਾਂ ਨਾਲ ਵੰਡ ਛੱਕਣਾ ਅਤੇ ਪ੍ਰਭੂ ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਹੀ ਸਹਿਜ ਸਮਾਧਿ ਭਾਵ ਮਨ ਦੀ ਇਕਾਗ੍ਰਤਾ ਹੈ-ਸਹਜਿ ਸਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ (68) ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮੱਤ ਦਾ ਸਹਜ-ਜੋਗ ਹੈ-ਜੋਗੁ ਬਨਿਆ ਤੇਰਾ ਕੀਰਤਨੁ ਗਾਈ (385) ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ (496) ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ ਸਹਜ-ਯੋਗ ਹੈ-ਗੁਰਿ ਮਨੁ ਮਾਰਿਓ ਕਰਿ ਸੰਜੋਗੁ॥..ਜਨ ਨਾਨਕ ਹਰਿ ਵਰੁ ਸਹਜ ਜੋਗੁ (1170) ਬ੍ਰਹਮਜੋਗ ਹੈ-ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ, ਹਰਿ ਪਾਈਐ ਸਤਸੰਗਤੀ, ਉਪਦੇਸਿ ਗੁਰੂ ਗੁਰ ਸੰਤ ਜਨਾ, ਖੋਲਿ ਖੋਲਿ ਕਪਾਟ॥(1297) ਸੁਖਮਨਾ ਨਾੜੀ ਦੇ ਕਪਾਟ ਨਹੀਂ ਸਗੋਂ ਭ੍ਰਮ ਰੂਪ ਕਪਾਟ ਗਿਆਨ ਬਲ ਨਾਲ ਖੋਲ੍ਹ ਕੇ। ਇਸ਼ਨਾਨ, ਦਾਨ, ਨਾਮ ਅਤੇ ਸਤਸੰਗ ਹੀ ਗੁਰਮੱਤ ਦਾ ਭਗਤ ਜੋਗ ਹੈ ਅਤੇ ਇਸ ਦੇ ਇਹ ਅੰਗ ਹਨ-ਪ੍ਰਭੂ ਦੀ ਯਾਦ, ਸ਼ੁੱਧ ਰਹਿਣਾ, ਧਰਮ-ਕਿਰਤ ਕਰਕੇ ਵੰਡ ਛੱਕਣਾ ਅਤੇ ਸਦਾਚਾਰੀ ਗੁਰਮੁਖਾਂ ਦੀ ਸੰਗਤ ਕਰਨੀ। ਸਿੱਖ ਰਾਜ ਗੱਦੀ ਤੇ ਬੈਠਾ ਵੀ ਜੋਗੀ ਹੈ-ਰਾਜੁ ਜੋਗੁ ਰਸ ਰਲੀਆਂ ਮਾਣੈ। ਸਾਧਸੰਗਤਿ ਵਿਟਹੁ ਕੁਰਬਾਣੈ॥1॥(ਭਾ.ਗੁ.) ਤੱਤਜੋਗ-ਆਤਮਬਲ ਕਰਕੇ ਦੁਖ ਵਿੱਚ ਸੁੱਖ, ਬੁਰੇ ਵਿੱਚ ਭਲਾ, ਹਾਰ ਵਿੱਚ ਜਿਤ, ਅਤੇ ਸੋਗ ਵਿੱਚ ਹਰਖ ਜਾਣ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ-..ਐਸੋ ਜਨੁ ਬਿਰਲੋ ਹੈ ਸੇਵਕੁ ਤਤ ਜੋਗ ਕਉ ਬੇਤੈ...(1302)

ਗੁਰਮੱਤ ਵਿੱਚ ਸਹਜ ਜੋਗ ਦੇ ਵੀ ਅੱਠ ਅੰਗ-ਪ੍ਰਥਮੇ ਯਮ-ਮਨ ਨੂੰ ਨੀਵਾਂ ਰੱਖਣਾ, ਗੁਣ ਕਰਕੇ ਅਭਿਮਾਨੀ ਨਾ ਹੋਣਾ। ਦੂਜਾ ਨੇਮ-ਕਥਾ ਕੀਰਤਨ ਵਿੱਚ ਮਨ ਠਹਿਰਾਉਣਾ ਨੇਮ ਨਾਲ ਗੁਰ ਸ਼ਬਦ ਪੜ੍ਹਨਾ ਜਾਂ ਸੁਣਨਾ ਤੀਸਰਾ ਇਕਾਂਤਦੇਸ਼-ਸਰਬ ਵਿਖੇ ਏਕ ਗੋਬਿੰਦ ਕੋ ਜਾਨਣਾ। ਚੌਥਾ ਆਸਣ-ਰੱਬ ਨਾਲ ਸੁਰਤ ਜੋੜਨੀ। ਪੰਜਵਾਂ ਪ੍ਰਾਣਾਯਾਮ-ਗੁਰ-ਬਚਨ ਮਨ ਵਿਖੇ ਇਕੱਤ੍ਰ ਕਰਨੇ ਪੂਰਕ, ਕਦੇ ਗੁਰ ਬਚਨਾਂ ਨੂੰ ਤਿਆਗਣਾ ਨਾਂ ਕੁੰਭਕ, ਜੋ ਪਦਾਰਥ ਤਿਆਗਣਯੋਗ ਹਨ ਗੁਰ ਬਚਨਾਂ ਕਰਕੇ ਤਿਆਗਣੇ ਰੇਚਕ। ਛੇਵਾਂ ਧਿਆਨ-ਗੁਰਬਾਣੀ ਪਾਠ, ਕਥਾ ਅਤੇ ਕੀਰਤਨ ਕਰਦੇ ਜਾਂ ਸੁਣਦੇ ਸਮੇ ਧਿਆਨ ਸ਼ਬਦ ਅਰਥਾਂ ਵਿਖੇ ਰੱਖਣਾ ਅਤੇ ਕੋਈ ਸੰਕਲਪ ਮਨ ਵਿਖੇ ਨਾਂ ਫੁਰਨ ਦੇਣਾ। ਸਤਵਾਂ ਧਾਰਨਾ-ਮਨ ਜੇ ਕਿਸੇ ਸੰਕਲਪ ਲਈ ਧਾਵੇ ਤਾਂ ਵੀ ਇਸ ਨੂੰ ਰੋਕ ਕੇ ਸ਼ਬਦ ਵਿਖੇ ਜੋੜਨਾ। ਅਠਵਾਂ ਸਮਾਧਿ-ਜੋ ਦੋ ਚਾਰ ਘੜੀਆਂ ਮਨ ਸ਼ਬਦ ਵਿਚਾਰ ਵਿੱਚ ਠਹਿਰਿਆ ਇਸ ਠਹਿਰਾਉ ਦੀ ਸਮਾਧ ਨੂੰ ਅਭਿਆਸ ਨਾਲ ਵਧਾਉਣਾ ਗੁਰਮੱਤ ਦਾ ਭਗਤ ਜੋਗ ਹੈ।
ਬਹੁਤੇ ਗੁਰਦੁਆਰਿਆਂ ਵਿੱਚ ਜਿੱਥੇ ਪਹਿਲੇ ਹੀ ਡੇਰਾਵਾਦੀ ਗ੍ਰੰਥੀਆਂ ਅਤੇ ਮਾਇਅਧਾਰੀ ਪ੍ਰਬੰਧਕਾਂ ਕਰਕੇ ਧਰਮ ਦੇ ਨਾਂ ਤੇ ਪਾਖੰਡ ਕਰਮ ਚਲ ਰਹੇ ਹਨ ਭਾਵ ਗੁਰਮਤਿ ਵਿਰੋਧੀ ਕਰਮ ਹੋ ਰਹੇ ਹਨ, ਓਥੇ ਹੁਣ ਕਈਆਂ ਗੁਰਦੁਆਰਿਆਂ ਵਿਖੇ “ਯੋਗਾ” ਦੀਆਂ ਕਲਾਸਾਂ ਵੀ ਚੱਲ ਪਈਆਂ ਹਨ ਜੋ ਦੇਖਣ ਨੂੰ ਸਰੀਰਕ ਕਸਰਤਾਂ ਹਨ ਪਰ ਹੌਲੀ-ਹੌਲੀ ਸਿੱਖੀ ਨੂੰ ਘੁਣਵਾਂਗ ਖਾਣਗੀਆਂ ਜਦੋਂ ਯੋਗਮੰਤ੍ਰ ਤੇ ਹਠਯੋਗ ਵਾਲੇ ਕਰਮਕਾਂਡ ਵੀ ਸ਼ੁਰੂ ਹੋ ਗਏ। ਕਿਤੇ ਨਾਮ ਚਰਚਾ ਦੇ ਨਾਂ ਤੇ ਜੋਗਮੱਤ ਸਿਖਾਇਆ ਜਾ ਰਿਹਾ ਹੈ ਅਤੇ ਕਿਤੇ ਗੁਰਬਾਣੀ ਵਿਚਾਰ ਦੀ ਥਾਂ ਗੁਰਦੁਆਰਿਆਂ ਵਿੱਚ ਜਗਰਾਤਾ ਕੀਰਤਨ ਹੋ ਰਹੇ ਹਨ। ਜਰਾ ਧਿਆਨ ਦਿਓ! ਯੋਗਾ (ਯੋਗ) ਤਾਂ ਗੁਰੂਆਂ ਵੇਲੇ ਵੀ ਸੀ ਪਰ ਕਿਸੇ ਗੁਰੂ-ਭਗਤ ਨੇ ਨਹੀਂ ਅਪਣਾਇਆ ਅਤੇ ਨਾਂ ਹੀ ਕਿਸੇ ਅਭਿਲਾਸ਼ੀ ਨੂੰ “ਯੋਗਾ” ਸਿਖਾ ਕੇ ਸਿੱਖ ਬਣਾਇਆ ਸੀ ਸਗੋਂ ਕਰਮਕਾਂਡੀ ਯੋਗੀਆਂ ਨੂੰ ਮੱਤਾਂ ਹੀ ਦਿੱਤੀਆਂ ਅਤੇ ਸਰੀਰਕ ਕਸਰਤ ਲਈ ਮੱਲਾਂ ਅਖਾੜੇ ਰਚੇ ਸਨ ਜਿੱਥੇ ਘੋਲ, ਕੁਸ਼ਤੀਆਂ ਅਤੇ ਬਾਅਦ ਵਿੱਚ ਨਾਲ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਵੀ ਕਰਵਾਏ ਜਾਂਦੇ ਸਨ ਨਾਂ ਕਿ “ਪਤੰਜਲ-ਯੋਗਾ” ਕਰਵਾਇਆ ਜਾਂਦਾ ਸੀ। ਅਸੀਂ ਗੁਰੂ ਨਾਲੋਂ ਸਿਆਣੇ ਨਹੀਂ ਅਤੇ ਨਾਂ ਹੀ ਸਾਨੂੰ ਗੁਰੂ ਘਰਾਂ ਵਿਖੇ ਅਨਮੱਤੀ ਅਤੇ ਅੰਧ ਵਿਸ਼ਵਾਸ਼ੀ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। ਧਿਆਨ ਦਿਓ! ਸਿੱਖ ਦਾ ਕਿਰਤੀ ਹੋਣਾ ਹੀ “ਯੋਗਾ” ਹੈ। ਕਿਰਤੀ ਇਨਸਾਨ ਦੀ ਵਰਜਿਸ਼ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ ਬਾਕੀ ਮਨ ਦੇ ਟਿਕਾ ਲਈ ਗੁਰਬਾਣੀ ਦਾ ਵਿਚਾਰ ਅਭਿਆਸ ਹੈ ਜਿਸ ਨੂੰ ਅਸੀਂ ਛਡਦੇ ਜਾ ਰਹੇ ਹਾਂ। ਫਜ਼ੂਲ ਦੇ ਚਿੰਤਾ ਫਿਕਰ ਹੀ ਮਾਨਸਕ ਤਨਾਓ ਪੈਦਾ ਕਰਦੇ ਹਨ। ਇਸ ਲਈ ਇਕਾਗਰ-ਚਿੱਤ ਹੋ ਕੇ ਗੁਰਬਾਣੀ ਦਾ ਪਾਠ, ਕੀਰਤਨ, ਕਥਾ-ਵਿਚਾਰ ਕਰਨਾ ਅਤੇ ਮਨ ਚੋਂ ਬੁਰੇ ਖਿਆਲਾਂ ਨੂੰ ਨਿਤਾਪ੍ਰਤੀ ਗੁਰ-ਉਪਦੇਸ਼ਾਂ ਦੁਆਰਾ ਕੱਢਦੇ ਰਹਿਣਾ ਮਨ ਨੂੰ ਸ਼ਾਤ ਕਰਨ ਦੇ ਸਾਧਨ ਹਨ। ਮਨੁੱਖਤਾ ਦੀ ਸੇਵਾ ਕਰਕੇ ਮਨ ਦੀ ਮੈਲ ਧੁਪਦੀ ਹੈ ਅਤੇ ਰੱਬੀ ਦਰਗਾਹ (ਆਤਮ ਅਵਸਥਾ) ਵਿੱਚ ਬੈਸਣ (ਟਿਕਾ) ਪ੍ਰਾਪਤ ਹੁੰਦਾ ਹੈ-ਵਿਚਿ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ (26)
ਜੇ ਅੱਜ ਕੁਝ ਜੋਗਾ ਪ੍ਰਚਾਰਕ “ਯੋਗਾ” ਦੁਆਰਾ ਆਪਣੇ ਮੱਤ ਦਾ ਪ੍ਰਚਾਰ ਕਰ ਰਹੇ ਹਨ ਤਾਂ ਕੀ ਸਿੱਖਮੱਤ ਜੋ ਦੁਨੀਆਂ ਦਾ ਆਲਮਗੀਰ ਮੱਤ ਹੈ ਜਿਸ ਨੂੰ ਅਸੀਂ ਬ੍ਰਾਹਮਣੀ ਪੂਜਾ-ਪਾਠ ਦੇ ਗਿਣਤੀ-ਮਿਣਤੀ ਦੇ ਕਰਮਕਾਂਡਾਂ, ਗੋਲਕਾਂ ਅਤੇ ਚੌਧਰਾਂ ਦਾ ਅੱਡਾ ਬਣਾ ਦਿੱਤਾ ਹੈ ਦੇ ਸੁਨਹਿਰੀ ਅਸੂਲਾਂ ਦਾ ਨਿਸ਼ਕਾਮ ਪ੍ਰਚਾਰ ਕਰਕੇ ਮਨੁੱਖਤਾ ਵਿੱਚ ਗੁਰੂਆਂ-ਭਗਤਾਂ ਦੇ ਸਰਬਸਾਂਝੇ ਗਿਆਨ-ਵਿਗਿਆਨ ਵਾਲੇ ਉਪਦੇਸ਼ ਨਹੀਂ ਵੰਡ ਸਕਦੇ ਹਾਂ? ਬਾਬੇ ਨਾਨਕ ਦੇ ਇਹ ਸਮੁੱਚੀ ਲੋਕਾਈ ਲਈ ਸਦਾ ਬਹਾਰ ਸੁਨਹਿਰੀ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਭਾਵ ਰੱਬੀ ਯਾਦ ਨੂੰ ਧਾਰਨ ਕਰੋ ਨਾਲੋਂ ਹੋਰ ਕਿਹੜਾ ਮਹਾਂਨ “ਯੋਗਾ” ਹੋ ਸਕਦਾ ਹੈ ਪਰ ਅਸੀਂ ਇਹ ਤਾਂ ਕੀਤਾ ਨਹੀਂ ਸਗੋਂ ਵਿਖਾਵੇ ਵਾਲੇ ਫੋਕੇ ਕਰਮਕਾਂਡ ਹੀ ਕਰੀ ਜਾ ਰਹੇ ਹਾਂ ਜਿਸ ਕਰਕੇ ਮਨ ਦਾ ਤਨਾਓ ਹੋਰ ਵਧ ਰਿਹਾ ਹੈ। ਸਾਡੀ ਇਸ ਕਮਜੋਰੀ ਨੂੰ ਵੇਖ ਕੇ ਅਨਮੱਤੀ ਯੋਗਾ ਵਾਲੇ ਗੁਰਦੁਆਰਿਆਂ ਵਿੱਚ ਵੀ ਇੰਟਰ ਹੁੰਦੇ ਜਾ ਰਹੇ ਹਨ। ਸਾਨੂੰ ਤਾਂ ਕਮਰੇ ਜਾਂ ਹਾਲ ਦੀ ਬੁਕਿੰਗ ਫੀਸ (ਭੇਟਾ) ਚਾਹੀਦੀ ਹੈ, ਲੋਕਾਂ ਦੀ ਭੀੜ ਜਾਂ ਵੋਟਾਂ ਚਾਹੀਦੀਆਂ ਹਨ ਫਿਰ ਭਾਂਵੇ ਕੋਈ ਗੁਰਮੱਤ ਵਿਰੋਧੀ ਕਾਰਵਾਈਆਂ ਸ਼ਰਦਾ ਦੇ ਗਿਲਾਫ ਵਿੱਚ ਲਪੇਟ ਕੇ ਕਰੀ ਜਾਵੇ ਸਾਨੂੰ ਇਸ ਦਾ ਕੋਈ ਫਿਕਰ ਨਹੀਂ। ਇਸ ਦੀ ਰੋਕਥਾਮ ਲਈ ਪ੍ਰਬੰਧਕ ਅਤੇ ਗ੍ਰੰਥੀ ਗੁਰਮਤਿ ਗਿਆਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੱਲ ਵਿਸ਼ਵਾਸ਼, ਗੁਰਬਾਣੀ ਅਤੇ ਇਤਿਹਾਸ ਦੀ ਡੂੰਗੀ ਜਾਣਕਾਰੀ ਰੱਖਣ ਵਾਲੇ ਗੁਰਮੁਖ ਧੜੇਬੰਦੀ ਤੋਂ ਮੁਕਤ ਹੋਣੇ ਚਾਹੀਦੇ ਹਨ। ਸੋ ਸਾਨੂੰ ਜੋਗਮੱਤ ਅਤੇ ਗੁਰਮੱਤ ਵਿੱਚ ਅੰਤਰ ਸਮਝਦੇ ਹੋਏ ਜੇ ਯੋਗਾ ਕਰਨਾਂ ਹੀ ਹੈ ਤਾਂ ਗੁਰਮੱਤ ਵਾਲਾ ਕਰਕੇ ਸਰੀਰ ਬਲਵਾਨ ਤੇ ਮਨ ਸ਼ਾਂਤ ਕਰਨਾ ਚਾਹੀਦਾ ਹੈ। ਗੁਰਮੱਤ ਆਪਣੇ ਆਪ ਵਿੱਚ ਸੰਪੂਰਨ ਅਤੇ ਨਿਵੇਕਲਾ ਮੱਤ ਹੈ ਗੁਰੂ ਘਰਾਂ ਵਿੱਚ ਇਸ ਦੇ ਆਲਮਗੀਰ ਸਿਧਾਤਾਂ ਦਾ ਹੀ ਅਭਿਆਸ-ਵਿਚਾਰ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ।