ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Saturday, June 26, 2010

ਕੀ ਸੱਚਮੁਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ

ਕੀ ਸੱਚਮੁਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
(ਮਝੈਲ ਸਿੰਘ ਕੈਲੇਫੋਰਨੀਆਂ)

ਅਕਸਰ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਸ ਪਿੱਛੇਕਈ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਇਤਿਫਾਕਨ ਹੀ ਕਈ ਘਟਨਾਵਾਂ ਐਦਾਂ ਦੀਆਂ ਹੋ ਜਾਂਦੀਆਂ ਹਨ ਜੋ ਕਿਤੇ ਪਹਿਲੇ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਨਾਲ ਹੂ-ਬ-ਹੂ ਨਹੀਂ ਤਾਂ ਕਾਫੀ ਹੱਦ ਤੱਕ ਮੇਲ ਖਾਂਦੀਆਂ ਹਨ। ਸ਼ਾਇਦ ਇਸੇ ਨੂੰ ਹੀ ਇਤਿਹਾਸ ਦੀ ਦੁਹਰਾਈ ਕਿਹਾ ਜਾਂਦਾ ਹੋਵੇਗਾ। ਜ਼ਿਆਦਾਤਰ ਇਹੋ ਜਿਹੀਆਂ ਘਟਨਾਵਾਂ ਦਾ ਸੰਬੰਧ ਵੱਡੇ ਬੰਦਿਆਂ ਨਾਲ ਹੀ ਹੁੰਦਾ ਹੈ ਖਾਸ ਕਰਕੇ ਰਾਜ ਸੱਤਾ `ਤੇ ਕਾਬਜ਼-ਭਾਵੇਂ ਉਹ ਪਹਿਲੇ ਸਮਿਆਂ ਦੇ ਰਾਜੇ ਮਹਾਰਾਜੇ ਹੋਣ ਜਾਂ ਫਿਰ ਅੱਜਕਲ੍ਹ ਦੇ ਸਿਆਸੀ ਲੀਡਰ। ਬਹੁਤਾ ਕਰਕੇ ਇਨ੍ਹਾਂ ਵੱਡਿਆਂ ਬੰਦਿਆਂ ਦੇ ਚਰਿਤਰ ਦੇ ਨਾਂਹਪੱਖੀ ਲੱਛਣਾਂ ਕਰਕੇ ਜਿਹੜਾ ਨੁਕਸਾਨ ਕਿਸੇ ਕੌਮ ਜਾਂ ਭਾਈਚਾਰੇ ਨੂੰ ਹੁੰਦਾ ਹੈ ਉਹਦਾ ਬੁਰਾ ਅਸਰ ਦੇਖਦੇ ਹੋਏ ਹੀ ਸਿਆਣੇ ਕਹਿ ਦਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕੁੱਝ ਇਹੋ ਜਿਹੀਆਂ ਹੀ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਜੋ ਸਿੱਖਾਂ ਨਾਲ ਸੰਬੰਧਤ ਦੋ ਵੱਡੇ ਬੰਦਿਆਂ ਦੀਆਂ ਹਨ। ਇਹ ਪੜਚੋਲ ਵੀ ਕਰਨੀ ਹੈ ਕਿ ਇਹ ਸੁਤੇ ਸਿੱਧ ਇਤਿਹਾਸ ਦੀ ਹੀ ਦੁਹਰਾਈ ਹੈ ਤੇ ਕੌਮ ਨੇ ਸਿਰ ਸੁੱਟ ਕੇ ਇਹਨੂੰ ਮੰਨਣਾ ਹੀ ਮੰਨਣਾ ਹੈ ਜਾਂ ਇਹਨੂੰ ਰੋਕਣ ਲਈ ਕਿਤੇ ਡੱਕਾ ਵੀ ਲਾਉਣਾ ਹੈ।
ਪਹਿਲਾ ਵੱਡਾ ਬੰਦਾ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦੂਜਾ ਵੀ ਹੈ ‘ਸ਼ੇਰ’ ਪਰ ਸਰਕਸ ਦਾ, ਜਿਹਨੂੰ ਪੰਜਾਬੀਆਂ ਨੇ ਆਪ ਹੀ ਮੋਹਰੇ ਕਰਕੇ ਰਾਜ ਦੀ ਸਭ ਤੋਂ ਵੱਡੀ ਕੁਰਸੀ `ਤੇ ਬਿਠਾਇਆ ਹੋਇਆ ਹੈ। ਪਰ ਉਸ ਆਪਣੇ ਗਲ ਦੀ ਸੰਗਲੀ ਕੱਟੜਪੰਥੀ ਸਿੱਖ ਵਿਰੋਧੀ ਅਡਵਾਨੀ ਦੇ ਹੱਥ ਫੜਾਈ ਹੋਈ ਹੈ ਤੇ ਉਦਾਂ ਦੀ ਟਪੂਸੀ ਮਾਰਦਾ ਜਿੱਦਾਂ ਉਹਦਾ ਮਾਲਕ ਚਾਹੁੰਦਾ। ਬੰਦਾ ਸਿੰਘ ਬਹਾਦਰ ਦੇ ਥੋੜਚਿਰੇ ਰਾਜ ਤੋਂ ਬਾਅਦ ਕੌਮ ਵਿੱਚ ਕੁੱਝ ਹਾਲਾਤ ਕਰਕੇ ਇੱਕ ਰਾਜਨੀਤਕ ਖਲਾਅ ਪੈਦਾ ਹੋ ਗਿਆ ਸੀ ਪਰ ਉਹਦਾ ਫਾਇਦਾ ਵੀ ਹੋਇਆ ਕਿ ਸਿੱਖ ਇਖਲਾਕੀ ਤੌਰ `ਤੇ ਬਹੁਤ ਬੁਲੰਦੀ `ਤੇ ਪਹੁੰਚ ਗਿਆ ਸੀ। ਭਾਵੇਂ ਗਿਣਤੀ ਵਿੱਚ ਘੱਟ ਸਨ, ਬਾਬਾ ਬੰਦਾ ਸਿੰਘ ਦੇ ਰਾਜ ਨੇ ਜਿਹੜੀ ਲੋਅ ਬੇਜ਼ਮੀਨੇ ਤੇ ਹੇਠਲੇ ਤਬਕੇ ਦੇ ਲੋਕਾਂ ਨੂੰ ਦਿਖਾਈ ਉਹ ਲੋਕ ਸਿੱਖ ਸਿਧਾਂਤਾਂ ਨਾਲ ਪੱਕੇ ਬੱਝ ਗਏ ਤੇ ਉਨ੍ਹਾਂ ਮਨਾਂ ਵਿੱਚ ਪੰਥਕ ਸਰਕਾਰ ਜਾਂ ਰਾਜ ਦਾ ਸੁਪਨਾ ਮੁੜ ਪੂਰਾ ਕਰਨ ਲਈ ਹਰ ਕੁਰਬਾਨੀ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਏਸ ਜਜ਼ਬੇ ਵਿਚੋਂ ਹੀ ਸਿੱਖ ਮਿਸਲਾਂ ਨਿਕਲੀਆਂ ਤੇ ਫਿਰ ਰਣਜੀਤ ਸਿੰਘ ਦਾ ਖਾਲਸਾ ਰਾਜ। ਮੁੱਢਲੇ ਤੌਰ `ਤੇ ਰਣਜੀਤ ਸਿੰਘ ਵਿੱਚ ਵੀ ਉਹ ਬੁਲੰਦ ਹੌਂਸਲਾ ਸੀ ਤੇ ਕੁੱਝ ਸਮੇਂ ਦੀ ਨਜ਼ਾਕਤ ਜਿਸ ਨੇ ਸਿੱਖ ਮਿਸਲਾਂ ਨੂੰ ਉਹਦੀ ਸਰਦਾਰੀ ਹੇਠ ਲੈ ਆਂਦਾ। ਇਸੇ ਦੌਰਾਨ ਰਣਜੀਤ ਸਿੰਘ ਨੂੰ ਇੱਕ ਜੁਗਤ ਵੀ ਆ ਗਈ ਸੀ ਕਿ ਸਿੱਖ ਪੱਤਾ ਖੇਡ ਕੇ ਸਿੱਖਾਂ ਦੇ ਜਜ਼ਬੇ ਨੂੰ ਆਪਣਾ ਰਾਜ ਪੱਕਾ ਕਰਨ ਲਈ ਕਿੱਦਾਂ ਵਰਤਣਾ ਹੈ ਕਿਉਂਕਿ ਖਾਲਸਾ ਫੌਜਾਂ ਉਹਦੀ ਤਾਕਤ ਸੀ ਜਿਸ ਨੇ ਦੇਸੀ ਰਿਆਸਤਾਂ ਦੇ ਨਾਲ ਨਾਲ ਪਹਾੜੀ ਰਾਜਿਆਂ ਤੇ ਮੁਸਲਮਾਨੀ ਇਲਾਕਿਆਂ ਨੂੰ ਵੀ ਉਹਦੇ ਹੇਠ ਲਿਆਂਦਾ। ਇਹ ਗੱਲ ਰਣਜੀਤ ਸਿੰਘ ਜਾਣ ਗਿਆ ਸੀ ਕਿ ਰਾਜ ਦਾ ਮੂੰਹ-ਮੁਹਾਂਦਰਾ ਪੰਥਕ ਰੱਖਣਾ ਹੀ ਪੈਣਾ ਹੈ ਕਿਉਂਕਿ ਇਹਦੀ ਸਥਾਪਤੀ ਹੋਈ ਹੀ ਸਿੱਖ ਜਜ਼ਬੇ ਵਿਚੋਂ ਸੀ। ਉਹ ਆਪਣੇ ਆਪ ਨੂੰ ਨਿਮਾਣਾ ਸਿੱਖ ਸਾਬਤ ਕਰਨ ਲਈ ਜਾਣਬੁੱਝ ਕੇ ਕੀਤੀ ਗਲਤੀ (ਮੋਰਾਂ ਨਾਚੀ ਨਾਲ ਵਿਆਹ) ਦੇ ਸੰਬੰਧ ਵਿੱਚ ਅਕਾਲੀ ਫੂਲਾ ਸਿੰਘ ਅੱਗੇ ਅਕਾਲ ਤਖਤ ਸਾਹਿਬ `ਤੇ ਕੋੜੇ ਖਾਣ ਲਈ ਪਿੱਠ ਨੰਗੀ ਕਰਕੇ ਖੜ੍ਹ ਗਿਆ ਸੀ। ਪਰ ਇਹੋ ਜਿਹੀਆਂ ਗਲਤੀਆਂ ਕਰਨੋਂ ਕਦੇ ਵੀ ਹਟਿਆ ਨਹੀਂ ਸੀ। ਅਗਲੀ ਗੱਲ ਰਣਜੀਤ ਸਿੰਘ ਨੂੰ ਜਿਹੜੀ ਜੱਚ ਗਈ ਸੀ ਉਹ ਸੀ ਸਿੱਖਾਂ ਦਾ ਆਪਣੇ ਧਾਰਮਿਕ ਅਸਥਾਨਾਂ ਪ੍ਰਤੀ ਮੋਹ। ਸਿੱਖ ਆਪਣੀ ਜਾਨ ਤਾਂ ਦੇ ਦਿੰਦੇ ਸੀ ਪਰ ਉਹ ਧਾਰਮਿਕ ਅਸਥਾਨਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦੇ ਇਸ ਕਰਕੇ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਲ ਆਪਣਾ ਉਚੇਚਾ ਧਿਆਨ ਦਿੱਤਾ। ਉਸ ਵੇਲੇ ਤੱਕ ਸਿੱਖਾਂ ਵਿੱਚ ਦਾਨੀਆਂ ਦਾ ਵੀ ਇੱਕ ਨਿਵੇਕਲਾ ਤੇ ਉੱਚਾ ਥਾਂ ਬਣ ਗਿਆ ਸੀ ਜੋ ਅੱਜ ਵੀ ਬਰਕਰਾਰ ਹੈ। ਰਣਜੀਤ ਸਿੰਘ ਨੇ ਉਹੋ ਕੁੱਝ ਕੀਤਾ। ਸਰਕਾਰੀ ਖਜ਼ਾਨੇ ਵਿਚੋਂ ਸਾਰੇ ਦਰਬਾਰ ਸਾਹਿਬ `ਤੇ ਸੋਨਾ ਚੜ੍ਹਾਇਆ ਗਿਆ ਤੇ ਸਿੱਖ ਮਨਾਂ ਵਿੱਚ ਸਭ ਤੋਂ ਵੱਡਾ ਦਾਨੀ ਬਣ ਬੈਠਾ। ਨਾਲ ਹੀ ਗੁਰੂ ਸਾਹਿਬਾਨ ਵਲੋਂ ਬਖਸ਼ੇ ਪਵਿੱਤਰ ਨਾਮ ਹਰਿਮੰਦਰ ਨੂੰ ਸੁਨਹਿਰੀ ਮੰਦਰ ਦੇ ਨਾਂ ਨਾਲ ਬਦਲਣ ਦੀ ਕੋਸ਼ਿਸ਼ ਕੀਤੀ। ਇਹ ਵੀ ਸੱਚ ਹੈ ਕਿ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਨਾਲੋਂ ਵਧ ਸੋਨਾ ਹਿੰਦੂ ਮੰਦਰਾਂ (ਬਨਾਰਸ ਦੇ ਵਿਸ਼ਵਾਨਾਥ ਮੰਦਰ `ਤੇ 6 ਕੁਇੰਟਲ ਤੇ ਜਵਾਲਾਮੁਖੀ ਮੰਦਿਰ ਤੇ 4 ਕੁਇੰਟਲ) `ਤੇ ਚੜ੍ਹਾਇਆ। ਹਿੰਦੂ ਮੰਦਿਰਾਂ `ਤੇ ਉਹਨੇ ਸਰਕਾਰੀ ਖਜ਼ਾਨੇ ਵਿਚੋਂ ਕੁੱਲ 16 ਕੁਇੰਟਲ ਤੋਂ ਵੀ ਵਧ ਸੋਨਾ ਚੜ੍ਹਾਇਆ ਪਰ ਕਿਸੇ ਹਿੰਦੂ ਨੇ ਅੱਜ ਤੱਕ ਵੀ ਉਹਨੂੰ ਦਾਨੀ ਕਹਿ ਕੇ ਨਹੀਂ ਵਡਿਆਇਆ। ਕਾਰਨ ਇਹ ਹੈ ਕਿ ਹੁਣ ਉਥੇ ਉਹ ਸੋਨਾ ਹੈ ਈ ਨਹੀਂ। ਉਹ ਤਾਂ ਉਥੋਂ ਦੇ ਹਿੰਦੂ ਪੁਜਾਰੀ ਲਾਹ ਕੇ ਘਰ ਲੈ ਗਏ। ਇਸਤੋਂ ਇਲਾਵਾ ਰਣਜੀਤ ਸਿੰਘ ਨੇ ਜੋ ਮਾਅਰਕੇ ਵਾਲਾ ਕੰਮ ਕੀਤਾ ਉਹ ਸੀ ਗੁਰੂ ਅਸਥਾਨਾਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਯਾਦਗਾਰਾਂ ਵਿੱਚ ਗੁਰਦੁਆਰੇ ਬਣਾਉਣੇ ਜੋ ਸਿੱਖ ਸੰਗਤਾਂ ਲਈ ਆਉਣ ਵਾਲੇ ਸਮਿਆਂ ਵਿੱਚ ਪ੍ਰੇਰਨਾ ਸ੍ਰੋਤ ਬਣੇ।
ਹੁਣ ਆਪਣੇ ਦੂਜੇ ਸ਼ੇਰ ਦੀ ਗੱਲ ਸ਼ੁਰੂ ਕਰੀਏ। ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਪਰ ਸਿੱਖਾਂ ਨਾਲ ਕੀਤੇ ਵਾਅਦੇ ਨਾਲ ਹੀ ਗੁਲਾਮ ਤੋਂ ਮਾਲਕ ਬਣੇ ਹਿੰਦੋਸਤਾਨੀ ਲੀਡਰਾਂ ਨੇ ਸਿੱਖਾਂ ਨੂੰ ਰਗਾਂ ਤੋਂ ਫੜਨ ਵਿੱਚ ਵੀ ਕੋਈ ਕਸਰ ਨਾ ਛੱਡੀ ਤਾਂ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਕੇ ਮੁੜ ਨਵੇਂ ਹਿੰਦੋਸਤਾਨੀ ਮਾਲਕਾਂ ਨਾਲ ਆਢਾ ਲੈਣਾ ਪਿਆ। ਭਾਵੇਂ ਕੌਮ ਦਾ ਠੱਗੇ ਜਾਣਾ ਉਸ ਵੇਲੇ ਦੇ ਸਿੱਖ ਲੀਡਰਾਂ ਵਿੱਚ ਦੂਰਅੰਦੇਸ਼ੀ ਦੀ ਘਾਟ ਕਰਕੇ ਵੀ ਹੋਇਆ। ਸਿੱਖ ਮੁੜ ਆਪਣੇ ਨਾਲ ਹੋਈ ਬੇਇਨਸਾਫੀ ਖਿਲਾਫ ਕੁਰਬਾਨੀ ਦੇਣ ਲਈ ਖੜ੍ਹ ਗਏ ਜਿਸਦੀ ਬਿਨਾ `ਤੇ ਪੰਜਾਬੀ ਸੂਬਾ ਬਣਿਆ। ਪੰਜਾਬੀ ਬੋਲੀ ਲਈ ਸਿਰਫ ਸਿੱਖ ਹੀ ਖੜੇ ਹੋਏ, ਜਦੋਂ ਕਿ ਬਾਕੀ ਪੰਜਾਬੀ ਤਬਕੇ ਇਸ ਦੇ ਉਲਟ ਭੁਗਤੇ। ਪੰਜਾਬੀ ਸੂਬਾ ਬਣਨ ਦਾ ਭਾਵ ਸੀ ਕਿ ਪੰਜਾਬ ਵਿੱਚ ਹਕੂਮਤ ਅਕਾਲੀਆਂ ਦੀ ਰਹੂਗੀ ਪਰ ਇਦਾਂ ਹੋ ਨਹੀਂ ਸਕਿਆ। ਉਸ ਵੇਲੇ ਦੇ ਦੋ ਸੰਤਾਂ-ਸੰਤ ਫਤਿਹ ਸਿੰਘ ਤੇ ਚੰਨਣ ਸਿੰਘ ਦੀਆਂ ਕੁੱਝ ਨੀਤੀਆਂ ਹੀ ਅਜਿਹੀਆਂ ਸਨ ਕਿ ਅਕਾਲੀ ਵੰਡੇ ਗਏ। ਕਦੀ ਗੁਰਨਾਮ ਸਿੰਘ ਤੇ ਕਦੀ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਬਣਿਆ। ਜਦੋਂ ਇਨ੍ਹਾਂ ਨੇ ਅੰਦਰਖਾਤੇ ਕਾਂਗਰਸ ਨਾਲ ਗੰਢਸੰਢ ਕੀਤੀ ਤਾਂ ਦਾਅ ਲੱਗ ਗਿਆ ਪ੍ਰਕਾਸ਼ ਸਿੰਘ ਬਾਦਲ ਦਾ, ਜੋ ਮਾਰਚ 1970 ਵਿੱਚ ਜਨਸੰਘ ਦੀ ਹਮਾਇਤ ਨਾਲ ਮੁੱਖ ਮੰਤਰੀ ਬਣ ਗਿਆ। ਇਹ ਉਹੋ ਜਨਸੰਘ ਹੈ ਜਿਹਨੇ ਪੰਜਾਬੀ ਸੂਬਾ ਬਣਨ ਦੇ ਖਿਲਾਫ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਅੰਮ੍ਰਿਤਸਰ ਵਿੱਚ ਬਣਨ ਵਾਲੀ ਯੂਨੀਵਰਸਿਟੀ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਰਖਣ ਉਪਰ ਸਖਤ ਇਤਰਾਜ਼ ਕੀਤਾ। ਉਦੋਂ ਤੋਂ ਹੀ ਆਪਣੇ ਇਸ ਸ਼ੇਰ ਨੇ ਆਪਣੀ ਸੰਗਲੀ ਇਨ੍ਹਾਂ ਨਿੱਕਰਧਾਰੀਆਂ ਦੇ ਹੱਥ ਦਿੱਤੀ ਹੋਈ ਹੈ। ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਾ ਮੁੱਕਣ ਵਾਲੀ ਲੜੀ ਸ਼ੁਰੂ ਕਰਨ ਵਾਲਾ ਇਹੋ ਮੁੱਖ ਮੰਤਰੀ ਸੀ। ਉਸੇ ਦੇ ਵੇਲੇ 1970 ਵਿੱਚ ਅੰਮ੍ਰਿਤਧਾਰੀ ਪੰਜਾਂ ਬਾਣੀਆਂ ਦੇ ਧਾਰਨੀ ਕਾਮਰੇਡ ਬਜ਼ੁਰਗ ਬਾਬਾ ਬੂਝਾ ਸਿੰਘ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਕਤਲ ਕੀਤਾ। ਕਾਰਨ ਸੀ ਕਿ ਉਹ ਜਾਗੀਰਦਾਰਾਂ ਦੇ ਖਿਲਾਫ ਸੀ ਤੇ ਉਸ ਵੇਲੇ ਦੀ ਨਕਸਲਵਾੜੀ ਲਹਿਰ ਵਿਚਲੇ ਮੁੰਡਿਆਂ ਨੂੰ ਸਲਾਹ-ਮਸ਼ਵਰਾ ਦਿੰਦਾ ਸੀ। ਇਹ ਸਾਰਾ ਕੁੱਝ ਇਸ ਵੱਡੇ ਜਗੀਰਦਾਰ ਨੂੰ ਮਨਜ਼ੂਰ ਨਹੀਂ ਸੀ। ਜਗੀਰਦਾਰੀ ਵਾਲਾ ਇਹ ਗੁਣ ਮਹਾਰਾਜਾ ਰਣਜੀਤ ਸਿੰਘ ਤੋਂ ਹੀ ਲਿਆ ਲਗਦਾ ਕਿਉਂਕਿ ਉਸਨੇ ਆਪਣੇ 40 ਸਾਲਾਂ ਦੇ ਰਾਜ ਦੌਰਾਨ ਜਗੀਰਦਾਰ ਹੀ ਬਣਾਏ ਸ਼ਾਇਦ ਸਿੱਖ ਤਾਂ ਇੱਕ ਵੀ ਨਹੀਂ ਸੀ ਬਣਾਇਆ। ਉਹੀ ਹਾਲ ਹੁਣ ਇਸਦਾ ਹੈ ਨਾਲੇ ਇਹ ਤਾਂ ਕਈ ਵਾਰੀ ਕਹਿ ਚੁਕਿਆ ਕਿ ਮੈਂ ਰਣਜੀਤ ਸਿੰਘ ਵਾਲਾ ਰਾਜ ਪੰਜਾਬ `ਚ ਲਿਆਉਣਾ। ਸਭ ਤੋਂ ਪਹਿਲਾਂ ਇਹਦੇ ਵਰਗਾ ਬਲੈਕਮੇਲਰ ਕੋਈ ਨੀ ਹੋਣਾ। ਜਿੰਨਾ ਇਸ ਬੰਦੇ ਨੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਨਾਲ ਧੋਖਾ ਦੇ ਕੇ ਵੋਟਾਂ ਬਟੋਰੀਆਂ, ਰਹੇ ਰੱਬ ਦਾ ਨਾਮ। ਅਸਲ ਅਨੰਦਪੁਰ ਸਾਹਿਬ ਦਾ ਮਤਾ 1973 ਦਾ ਹੈ ਜਿਸਨੂੰ ਸਿਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਜਿਸਦਾ ਸੰਖੇਪ ਜਿਹਾ ਮਤਲਬ ਉੱਤਰੀ ਭਾਰਤ ਵਿੱਚ ਸਿੱਖਾਂ ਲਈ ਭਾਰਤੀ ਯੂਨੀਅਨ ਦੇ ਅੰਦਰ ਇੱਕ ਜੁੜਵੇਂ ਅੰਗ ਵਜੋਂ ਖੁਦਮੁਖਤਿਆਰ ਹਿੱਸਾ ਬਣਾਉਣਾ ਸੀ ਪਰ ਜਦ ਇਹ ਪੰਥ ਦਾ ਸ਼ੇਰ ਦੂਜੀ ਵਾਰੀ 1977 ਵਿੱਚ ਮੁੱਖ ਮੰਤਰੀ ਬਣਿਆ ਤਾਂ ਨਿੱਕਰਧਾਰੀਆਂ ਦੇ ਜ਼ੋਰ ਦੇਣ `ਤੇ 1978 ਵਿੱਚ ਲੁਧਿਆਣੇ ਅਕਾਲੀਆਂ ਦੀ ਕਾਨਫਰੰਸ ਕਰਕੇ ਇੱਕ ਹੋਰ ਨਰਮ ਮਤਾ ਬਣਾ ਲਿਆ ਤੇ ਨਾਂ ਉਹਦਾ ਵੀ ਅਨੰਦਪੁਰ ਸਾਹਿਬ ਵਾਲਾ ਹੀ ਰੱਖਿਆ। ਨਾ ਕੋਈ ਕਾਰਵਾਈ 1973 ਵਾਲੇ `ਤੇ ਹੋਈ ਤੇ ਨਾ ਹੀ 1978 ਵਾਲੇ `ਤੇ ਇਹਨੇ ਕਰਵਾਈ, ਜਦੋਂਕਿ ਕੇਂਦਰ ਸਰਕਾਰ ਵਿੱਚ ਕਿੰਨੀ ਵਾਰੀ ਇਹ ਭਾਈਵਾਲ ਰਿਹਾ। ਹੁਣ ਤਾਂ ਇਹ ਵੋਟਾਂ ਵੇਲੇ ਮਤੇ ਦੀ ਡੁਗਡੁਗੀ ਵਜਾ ਕੇ ਤਮਾਸ਼ਾ ਜਿਹਾ ਕਰਦਾ ਤੇ ਸਿੱਖ ਪੰਜਾਬੀਆਂ ਦੀ ਥੋੜ੍ਹੇ ਜਿਹੇ ਦਿਨ ਮੱਤ ਮਾਰ ਕੇ ਵੋਟਾਂ ਲੈ ਕੇ ਫਿਰ ਇਸ ਬਾਰੇ ਧੂੰ ਵੀ ਨਹੀਂ ਕੱਢਦਾ। ਵੋਟਾਂ ਵੇਲੇ ਪੂਰਾ ਪੰਥਕ ਬਣ ਕੇ ਦਸੂਗਾ ਪਰ ਯਾਰੀ ਗੰਗੂਆਂ ਤੇ ਚੰਦੂਆਂ ਦੀ ਪਾਲਦਾ। ਹੁਣ ਤਾਂ ਉਦਾਂ ਵੀ ਜੇ ਦੇਖੀਏ ਤਾਂ ਇਹ ਟੱਬਰ ਖੁਦ ਆਪ ਵੀ ਗੰਗੂ-ਚੰਦੂ ਤੇ ਡੋਗਰਿਆਂ ਵਰਗਾ ਬਣ ਗਿਆ। ਇਨ੍ਹਾਂ ਨੂੰ ਤਾਂ ਹੁਣ ਬਾਬੇ ਦੀ ਗੁਰਬਾਣੀ ਦੇ ਸ਼ਬਦ ਵੀ ਚੁੱਭਣ ਲੱਗ ਪਏ। ਏਸ ਟੱਬਰ ਦੀ ਬੜੀ ਬੀਬੀ ਆਸ਼ੂਤੋਸ਼ ਦੀ ਪੈਰੋਕਾਰ ਵੀ ਹੈ ਤੇ ਪਿਛਲੇ ਸਾਲ ਲੰਗਰ ਵਾਲੀ ਬੀਬੀ ਨਾਲ ਮਸ਼ਹੂਰ ਹੋਈ ਸੀ, ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣ ਗਈ ਤਾਂ ਸ਼ਬਦ ਕੀਰਤਨ ਚੱਲ ਰਿਹਾ ਸੀ “ਏ ਸਰੀਰਾ ਮੇਰਿਆ ਇਸ ਜੱਗ ਮਹਿ ਆਇਕੇ ਕਿਆ ਤੁਧ ਕਰਮ ਕਮਾਇਆ”। ਪਤਾ ਨਹੀਂ ਪਈ ਇਸ ਬੀਬੀ ਨੂੰ ਹੋਰ ਕੁੱਝ ਸਮਝ ਲੱਗੀ ਕਿ ਨਹੀਂ ਪਰ ਇਸ ਸ਼ਬਦ ਨੂੰ ਉਸਨੇ ਆਪਣੇ ਨਾਲ ਜੋੜ ਲਿਆ। ਬੀਬੀ ਦਾ ਗੁੱਸਾ ਚੜ੍ਹ ਗਿਆ ਸਤਵੇਂ ਅਸਮਾਨ ਕਿ ਹਾਂ ਹਾਂ ਇਹ ਸ਼ਬਦ ਉਹਨੂੰ ਜਾਣ ਬੁੱਝ ਕੇ ਜਿੱਚ ਕਰਨ ਲਈ ਪੜ੍ਹਿਆ ਤੇ ਆ ਗਈ ਸ਼ਾਮਤ ਕੀਰਤਨ ਕਰਨ ਵਾਲੇ ਰਾਗੀਆਂ ਦੀ। ਆਪਣੇ ਮਾਤਹਿਤ ਪੁਜਾਰੀ ਮਹੰਤਾਂ ਨੂੰ ਫੁੰਕਾਰਾ ਮਾਰਿਆ ਤੇ ਉਨ੍ਹਾਂ ਵੀ ਦੇਰ ਨਾ ਲਾਈ ਹੁਕਮ ਦੀ ਤਮੀਲ ਕਰਨ ਨੂੰ, ਕਰਤੇ ਸਸਪੈਂਡ ਰਾਗੀ ਬਿਨਾ ਕਿਸੇ ਦਲੀਲ-ਅਪੀਲ ਦੇ। ਨਾਲ ਦੀ ਨਾਲ ਇੱਕ ਹੋਰ ਤਾਜ਼ੀ ਘਟਨਾ ਵੀ ਸਾਂਝੀ ਕਰ ਲਈਏ। ਲੁਧਿਆਣੇ ਵਿੱਚ ਜਿਸ ਤਰੀਕੇ ਨਾਲ ਪੁਲਿਸ ਨੇ ਗੋਲੀ ਨਾਲ ਜ਼ਖਮੀ ਡਿੱਗੇ ਪਏ ਸਿੱਖਾਂ ਨੂੰ ਕੁੱਟਿਆ ਕਿ ਤੁਸੀਂ ਕੌਣ ਹੁੰਦੇ ਹੋ ਆਸ਼ੂਤੋਸ਼ ਨੂੰ ਸਿੱਖ ਗੁਰੂਆਂ ਵਿਰੁਧ ਬੋਲਣ ਤੋਂ ਰੋਕਣ ਵਾਲੇ? ਜਦਕਿ ਕੁੱਝ ਦਿਨ ਬਾਅਦ ਉਸੇ ਸ਼ਹਿਰ ਵਿੱਚ ਜਗਨਨਾਥ ਦੀ ਸ਼ੋਭਾ ਯਾਤਰਾ ਕੱਢੀ ਗਈ ਤਾਂ ਵੱਡਾ ਸ਼ੇਰ ਸਭ ਤੋਂ ਮੋਹਰੇ ਹੋ ਕੇ ਝਾੜੂ ਫੇਰਦਾ ਸਿਰਾਂ `ਚ ਖੇਹ ਪਾ ਰਿਹਾ ਸੀ। ਆਹ ਇੱਕ ਨਵੀਂ ਚੀਜ ਹੋਰ ਇਹਦੇ ਨਿਕਰਧਾਰੀ ਯਾਰਾਂ ਨੇ ਕੀਤੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਨਰਲ ਵੈਦਿਆ ਦੀ ਫੋਟੋ ਵਾਲੇ ਸਟਿੱਕਰ ਬਣਵਾ ਕੇ ਵੰਡੇ ਹਨ ਜਿਸ `ਤੇ ਲਿਖਿਆ ਸੀ, “ਖੰਘੇ ਸੀ ਤਾਂ ਟੰਗੇ ਸੀ”। ਮਜਾਲ ਆ ਪਈ ਇਹ ਟੱਬਰ ਕੁਸਕਿਆ ਹੋਵੇ। ਅਸਲੀ ਗੱਲ ਜਿਹੜੀ ਦੋਹਾਂ ਵਿੱਚ ਸਾਂਝੀ ਲੱਗਦੀ ਹੈ ਉਹ ਹੈ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰੀ ਦਖਲਅੰਦਾਜ਼ੀ।
ਅੰਮ੍ਰਿਤਸਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਤਾਂ ਕੋਲ ਹੀ ਰਿਹਾ ਜਾਂ ਕਹਿ ਲਈਏ ਪੰਚ ਪ੍ਰਧਾਨੀ ਦੇ ਗੁਰੂ ਜੀ ਵਲੋਂ ਦਿੱਤੇ ਹੁਕਮ ਅਨੁਸਾਰ ਹੀ ਹੁੰਦਾ ਰਿਹਾ। ਇਹ ਸਿਸਟਮ ਮਿਸਲਾਂ ਵੇਲੇ ਤੇ ਫਿਰ ਰਣਜੀਤ ਸਿੰਘ ਵੇਲੇ ਵੀ ਰਿਹਾ। ਇਹੋ ਕਾਰਨ ਸੀ ਭਾਵੇਂ ਅਕਾਲੀ ਫੁਲਾ ਸਿੰਘ ਖਾਲਸਾ ਫੌਜ ਦੇ ਕਮਾਂਡਰ ਸਨ ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਤੌਰ `ਤੇ ਉਹ ਪੂਰਨ ਰੂਪ ਵਿੱਚ ਆਜ਼ਾਦ ਸਨ। ਤਾਹੀਓਂ ਤਾਂ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾ ਗਿਆ। ਸਿੱਖ ਸੰਗਤਾਂ ਵੀ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਸੁਪਰੀਮ ਮੰਨਦੀਆਂ ਸਨ ਤਾਂ ਰਣਜੀਤ ਸਿੰਘ ਦੇ ਮਨ ਵਿੱਚ ਆਇਆ ਹੋਣਾ ਕਿ ਕਿਉਂ ਨਾ ਇਨ੍ਹਾਂ ਦਾ ਪ੍ਰਬੰਧ ਸਰਕਾਰ ਦੇ ਹੇਠ ਲਿਆਂਦਾ ਜਾਵੇ। ਜਦੋਂ ਰਾਜ ਚੰਗੀ ਤਰ੍ਹਾਂ ਸਥਾਪਿਤ ਹੋ ਗਿਆ ਤਾਂ 1824 ਵਿੱਚ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਵੀ ਸਰਕਾਰ ਹੇਠ ਲੈ ਆਂਦਾ ਇਸ ਤੋਂ ਬਾਅਦ ਕੋਈ ਵੀ ਧਾਰਮਿਕ ਆਗੂ ਮਹਾਰਾਜੇ ਨੂੰ ਅੱਖ ਨਹੀਂ ਦਿਖਾ ਸਕਿਆ ਸਗੋਂ ਉਸ ਵਲੋਂ ਕੀਤੇ ਗੁਰ ਮਰਿਯਾਦਾ ਦੇ ਉਲਟ ਕੰਮਾਂ ਨੂੰ ਵੀ ਧਾਰਮਿਕ ਸਰਪ੍ਰਸਤੀ ਮਿਲ ਗਈ। ਜਿੱਥੋਂ ਤੱਕ ਹੁਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਹੈ ਸੰਵਿਧਾਨਕ ਤੌਰ `ਤੇ ਤਾਂ ਆਜ਼ਾਦ ਧਾਰਮਿਕ ਸੰਸਥਾ ਹੈ ਪਰ ਇਹ ਹੁਣ ਕੋਈ ਗੁੱਝਾ ਤਾਂ ਰਹਿ ਨਹੀਂ ਗਿਆ ਕਿ ਇਸਦਾ ਬਾਦਲੀਕਰਨ ਕਿੰਨਾ ਕੁ ਹੋ ਚੁੱਕਾ ਹੈ। ਹਰ ਸਾਲ ਇਹਦੇ ਪ੍ਰਧਾਨ ਦੀ ਚੋਣ ਦੀ ਪਰਚੀ ਪਿਉ-ਪੁੱਤ ਦੇ ਭੇਜੇ ਲਿਫਾਫੇ `ਚੋਂ ਨਿਕਲਦੀ ਹੈ। ਹੋਇਆ ਨਾ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਿੱਧਾ ਦਖ਼ਲ। ਅਸਲ ਵਿੱਚ ਇਨ੍ਹਾਂ ਪਿਉ-ਪੁੱਤਾਂ ਰਾਹੀਂ ਆਰ. ਐਸ. ਐਸ. ਗੁਰਦੁਆਰਿਆਂ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ `ਤੇ ਕੌਮ ਦੇ ਮਸਲਿਆਂ ਦੇ ਫੈਸਲੇ ਭਗਵੇਂ ਅਸਰ ਵਿੱਚ ਹੋ ਰਹੇ ਹਨ। ਕਦੇ ਕੋਈ ਸਿੱਖ ਸੋਚ ਵੀ ਸਕਦਾ ਹੈ ਕਿ ਕਈ ਤਖਤਾਂ ਦੇ ਜਥੇਦਾਰਾਂ ਨੂੰ ਅੰਦਰੋਗਤੀ ਤਨਖਾਹ ਆਰ. ਐਸ. ਐਸ. ਦੇ ਰਹੀ ਹੈ? ਪਰ ਇਹ ਸੱਚ ਹੈ। ਫਿਰ ਜੇ ਹੁਣ ਸਿੱਖ ਇਨ੍ਹਾਂ ਜਥੇਦਾਰ ਤੋਂ ਕਿਸੇ ਪੰਥਕ ਭੂਮਿਕਾ ਦੀ ਆਸ ਰੱਖਣ ਤਾਂ ਇਹ ‘ਝੋਟਿਆਂ ਦੇ ਘਰੋਂ ਲੱਸੀ ਭਾਲਣ’ ਵਾਲੀ ਗੱਲ ਹੀ ਹੋਵੇਗੀ। ਗੁਰਦੁਆਰਿਆਂ ਦਾ ਪ੍ਰਬੰਧ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰੀ ਪ੍ਰਬੰਧ ਹੇਠ ਲੈ ਆਂਦਾ ਤਾਂ ਇਸਦਾ ਅਸਰ ਕੀ ਪਿਆ ਜਦੋਂ ਰਾਜ ਹੀ ਖਾਲਸੇ ਦਾ ਸੀ। ਅਸਰ ਪਿਆ ਉਦੋਂ ਜਦ ਖਾਲਸਾ ਰਾਜ ਖਤਮ ਹੋ ਗਿਆ ਤੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਅੰਮ੍ਰਿਤਸਰ ਦੇ ਗੁਰਦੁਆਰੇ ਵੀ ਅੰਗਰੇਜ਼ਾਂ ਹੇਠ ਚਲੇ ਗਏ ਤੇ ਜਿਹੜਾ ਸਰਬਰਾਹ ਅਕਾਲ ਤਖਤ ਤੇ ਹਰਿਮੰਦਰ ਸਾਹਿਬ ਦਾ ਨਿਯੁਕਤ ਹੁੰਦਾ ਸੀ ਉਹਨੂੰ ਅੰਗਰੇਜ਼ ਲਾਉਂਦੇ ਸੀ ਤੇ ਉਹ ਫਿਰ ਉਨ੍ਹਾਂ ਦੇ ਹੀ ਹੁਕਮ ਵਜਾਉਂਦਾ ਸੀ, ਜਿਸਦੀ ਇੱਕੋ ਮਿਸਾਲ ਬੜੀ ਹੈ ਕਿ ਜਲਿਆਂਵਾਲੇ ਬਾਗ ਦੇ ਖੂਨੀ ਹਤਿਆਰੇ ਨੂੰ ਉਸ ਵੇਲੇ ਦੇ ਸਰਬਰਾਹ ਨੇ ਦਰਬਾਰ ਸਾਹਿਬ ਸੱਦ ਕੇ ਸਿਰੋਪਾ ਦਿੱਤਾ। ਉਹਨੂੰ ਅੰਮ੍ਰਿਤ ਛਕ ਕੇ ਸਿੱਖ ਬਣਨ ਲਈ ਕਿਹਾ ਸੀ ਜਦ ਉਹਨੇ (ਡਾਇਰ) ਕਿਹਾ ਕਿ ਮੈਂ ਤਾਂ ਸਿਗਰਟਾਂ ਪੀਂਦਾਂ ਤਾਂ ਅਰੂੜ ਸਿੰਘ ਨੇ ਕਿਹਾ, ਤੈਨੂੰ ਇਸਤੋਂ ਛੋਟ ਦੇ ਦਿਆਂਗੇ ਇਹ ਵੱਖਰੀ ਗੱਲ ਰਹੀ ਕਿ ਡਾਇਰ ਨੇ ਅੰਮ੍ਰਿਤ ਛੱਕਿਆ ਨਾ, ਨਹੀਂ ਤਾਂ ਉਸ ਵੇਲੇ ਦੇ ਇਨ੍ਹਾਂ ਸਰਬਉੱਚ ਸਿੱਖ ਅਸਥਾਨਾਂ `ਤੇ ਕਾਬਜ਼ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਲਈ ਜੋ ਬੱਜਰ ਕੁਰਹਿਤਾਂ ਦੱਸੀਆਂ ਗਈਆਂ ਸਨ, ਤੋਂ ਵੀ ਛੋਟ ਦੇਣ ਦੀ ਰਵਾਇਤ ਪੈ ਜਾਣੀ ਸੀ।
ਹੁਣੇ-ਹੁਣੇ ਜਿਸ ਤਰ੍ਹਾਂ ਦਸਮ ਗ੍ਰੰਥ ਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਪੈਂਤੜਾ ਲੈ ਕੇ ਪੰਥ ਦੇ ਜਥੇਦਾਰਾਂ ਨੇ ਫੈਸਲੇ ਲਏ ਤੇ ਕੌਮ ਨੂੰ ਕੁਰਾਹੇ ਪਾਉਣ ਦੀ ਕੁਚਾਲ ਚੱਲੀ, ਇਹ ਨਾ ਬਖਸ਼ਣਯੋਗ ਗੁਨਾਹ ਹੈ। ਜੇ ਇਹੀ ਚਾਲਾ ਰਿਹਾ ਤਾਂ ਛੇਤੀ ਹੀ ਏਦਾਂ ਦੇ ਜਥੇਦਾਰਾਂ ਨੇ ਕੇ. ਪੀ. ਐਸ. ਗਿੱਲ ਨੂੰ ਮਹਾਨ ਸਿੱਖ ਤੇ ਆਸ਼ੂਤੋਸ਼ ਨੂੰ ਸਰਬੋਤਮ ਸੰਤ ਵੀ ਐਲਾਨ ਦੇਣਾ ਹੈ। ਜੇ ਕੱਲ੍ਹ ਨੂੰ ਕਿਤੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਛੜੱਪਾ ਮਾਰ ਕੇ ਬੀ. ਜੇ. ਪੀ. `ਚ ਰਲ ਕੇ ਆਰ. ਐਸ. ਐਸ. ਦੀ ਛਤਰੀ ਤੇ ਆ ਜਾਣ ਤਾਂ ਕੋਈ ਅਣਹੋਣੀ ਨਾ ਸਮਝਣਾ ਜੇ ਇਨ੍ਹਾਂ ਨੂੰ ਅਕਾਲ ਤਖਤ `ਤੇ ਸੱਦ ਕੇ ਸਿਰੋਪੇ ਦੇ ਦਿੱਤੇ ਜਾਣ। ਇਹ ਗੱਲਾਂ ਕਰਨ ਨੂੰ ਚਿੱਤ ਤਾਂ ਨਹੀਂ ਕਰਦਾ, ਨਾ ਹੀ ਕੋਈ ਫਜ਼ੂਲ ਦਾ ਚਸਕਾ ਲੈਣ ਦਾ ਮਨ ਹੈ, ਕਿਉਂਕਿ ਇਨ੍ਹਾਂ ਅਸਥਾਨਾਂ ਦੇ ਭਾਈ ਗੁਰਦਾਸ, ਬਾਬਾ ਬੁੱਢਾ ਤੇ ਅਕਾਲੀ ਫੂਲਾ ਸਿੰਘ ਸੇਵਾਦਾਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਪਵਿੱਤਰ ਸਥਾਨਾਂ ਦੀ ਮਾਣ-ਮਰਿਆਦਾ ਨੂੰ ਇੰਨਾ ਕੁ ਉੱਚਾ ਚੁੱਕ ਦਿੱਤਾ ਸੀ ਕਿ ਸਮੇਂ ਦੇ ਹਾਕਮ ਘਾਬਰ ਗਏ ਸਨ। ਆਹ ਹੁਣ ਜੋ ਅੱਜ ਦੇ ਸੇਵਾਦਾਰਾਂ ਨੇ ਕਰਨਾ ਸ਼ੁਰੂ ਕੀਤਾ ਹੈ ਤਾਂ ਦੁਖੀ ਹੋ ਕੇ ਅੰਦਰੋਂ ਇਹ ਬੋਲ ਨਿਕਲਦੇ ਹਨ। ਨਹੀਂ ਤਾਂ ਕੀਹਦਾ ਜੀਅ ਕਰਦਾ ਆਪਣਿਆਂ ਨੂੰ ਮਾੜਾ ਕਹਿਣ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਸਰਬੰਸ ਕੌਮ ਤੋਂ ਕੁਰਬਾਨ ਕਰਨ ਉਪਰੰਤ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਸੀ। ਅੱਜ ਗੁਰੂ ਸਾਹਿਬ ਦੇ ਹੁਕਮ ਦੇ ਉਲਟ ਹੀ ਗੁਰੂ ਗ੍ਰੰਥ ਦਾ ਸ਼ਰੀਕ ਖੜ੍ਹਾ ਕੀਤਾ ਜਾ ਰਿਹਾ ਹੈ ਤੇ ਹੁਣ ਤਾਂ ਉਸ ਗ੍ਰੰਥ ਦੇ ਅਖੰਡ ਪਾਠ ਤੇ ਹੁਕਮਨਾਮੇ ਵੀ ਲੈਣ ਲੱਗ ਪਏ ਹਨ। ਜਿੱਦਾਂ ਦੇ ਰੁਕ-ਰਵਾਨ ਬਣ ਰਹੇ ਹਨ, ਆਰ. ਐਸ. ਐਸ. ਸਿੱਖ ਮਸਲਿਆਂ ਵਿੱਚ ਇੰਨੀ ਡੂੰਘੀ ਜਾ ਰਹੀ ਆ ਕਿ ਸਿੱਖਾਂ ਨੂੰ ਆਪਣੀਆਂ ਧੀਆਂ ਦੇ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਦਸਮ ਗ੍ਰੰਥ ਵਿਚੋਂ `ਚਰਿਤਰੋਪਾਖਿਆਨ’ ਦੀਆਂ ਲਾਵਾਂ ਪੜ੍ਹ ਕੇ ਕਰਨ ਲਈ ਮਨਜੂਰ ਕਰਨ ਲੱਗ ਪੈਣਾ। ਮੈਂ ਤਾਂ ਕਦੇ ਪੜ੍ਹਿਆ ਨਹੀਂ ਤੇ ਰੱਬ ਪੜ੍ਹਾਵੇ ਵੀ ਨਾ ਪਰ ਸੁਣਨ ਵਿੱਚ ਇਹੀ ਆਉਂਦਾ ਕਿ ਪਿਉ-ਧੀ-ਮਾਂ-ਪੁੱਤ- ਭਰਾ-ਭੈਣ ਇਕੱਠੇ ਬੈਠ ਕੇ ਸੁਣ ਨਹੀਂ ਸਕਦੇ ਜੋ ਕੁੱਝ ਉਸ `ਚ ਲਿਖਿਆ। ਇਹ ਸਾਰਾ ਕੁੱਝ ਆਪਣੇ ਨੀਲੇ ਸ਼ੇਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਕਿਸੇ ਹੋਰ ਦੀ ਸ਼ਹਿ `ਤੇ ਸਿੱਖ-ਸੁੱਚਤਾ ਨੂੰ ਢਾਹ ਲਾਉਣ ਲਈ। ਅਠਾਰਵੀਂ ਸਦੀ ਵਿੱਚ ਹਾਲਾਤ ਹੀ ਇੰਨੇ ਸਿੱਖਾਂ ਦੇ ਉਲਟ ਚੱਲ ਰਹੇ ਸੀ ਕਿ ਸਿੱਖੀ ਦਾ ਪ੍ਰਚਾਰ ਨਾਂਹ ਦੇ ਬਰਾਬਰ ਸੀ ਪਰ ਸਿੱਖ ਪੱਕੇ ਸੀ। ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਤਾਂ ਟਿਕ ਟਿਕਾਅ ਹੋਇਆ ਪਰ ਉਸ ਵਲੋਂ ਸਿੱਖ ਫਲਸਫੇ ਦਾ ਪ੍ਰਚਾਰ ਕੁੱਝ ਨਾ ਕੀਤਾ ਗਿਆ। ਉਹਦੇ ਚਾਰ ਦਹਾਕਿਆਂ ਦੇ ‘ਖਾਲਸਾ ਰਾਜ’ ਵਿੱਚ ਕਿਸੇ ਵੀ ਵੱਡੇ ਸਿੱਖ ਪ੍ਰਚਾਰਕ ਦਾ ਜ਼ਿਕਰ ਨਹੀਂ ਮਿਲਦਾ। ਪਰ ਰਣਜੀਤ ਸਿੰਘ ਨੇ ਇੱਕ ਪੁਜਾਰੀ ਜਮਾਤ ਪੱਕੇ ਪੈਰੀਂ ਖੜ੍ਹੀ ਕਰ ਦਿੱਤੀ, ਜਿਸਨੂੰ ਉਸ ਵੇਲੇ ਦੀ ਸਿੱਖ-ਸੰਗਤ ਵੀ ਸ਼ਰਧਾਵੱਸ ਬਹੁਤ ਮਾਨਤਾ ਦਿੰਦੀ ਸੀ। ਇਹ ਪੁਜਾਰੀ ਜਮਾਤ ਅਸਲ ਵਿੱਚ ਗੁਰੂ ਸਾਹਿਬਾਨ ਦੀ ਅਣਸ-ਬਣਸ ਬੇਦੀ, ਤਰੇਹਨ, ਭੱਲੇ ਤੇ ਸੋਢੀ ਗੋਤਾਂ ਵਿਚੋਂ ਸੀ। ਭਾਵੇਂ ਇਹ ਗੁਰੂਆਂ ਦੀਆਂ ਕੁਲਾਂ ਵਿਚੋਂ ਸਨ ਪਰ ਸਿੱਖੀ ਫਲਸਫੇ ਤੋਂ ਕੋਰੇ ਸਨ। ਸਗੋਂ ਜ਼ਿਆਦਾਤਰ ਹਿੰਦੂ ਬੰਧੇਜ ਵਿੱਚ ਸਨ। ਮਹਾਰਾਜੇ ਨੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ-ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਅਨੰਦਪੁਰ ਸਾਹਿਬ, ਬਣਵਾਏ ਉਥੋਂ ਦੇ ਪੁਜਾਰੀ ਇਨ੍ਹਾਂ ਗੋਤਾਂ ਵਾਲੇ ਹੀ ਬਣੇ ਤੇ ਲੋਕੀਂ ਉਨ੍ਹਾਂ ਦੀ ਪੂਜਾ ਗੁਰੂ ਕੁਲ ਵਿਚੋਂ ਹੋਣ ਕਰਕੇ ਗੁਰੂਆਂ ਵਾਂਗ ਹੀ ਕਰਦੇ ਸੀ। ਅਸਲ ਵਿੱਚ ਉਹ ਸਮਾਂ ਇਹੋ ਜਿਹਾ ਆਇਆ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਕਰ ਦਿੱਤਾ ਗਿਆ। ਇਸ ਵਿੱਚ ਦੋ ਰਾਵਾਂ ਨਹੀਂ ਕਿ ਰਣਜੀਤ ਸਿੰਘ ਦਾ ਰਾਜ ਕਾਇਮ ਕਰਨ ਵਿੱਚ ਸਭ ਤੋਂ ਵਧ ਯੋਗਦਾਨ ਸਿੱਖ ਜਜ਼ਬੇ ਵਿੱਚ ਰੰਗੀ ਖਾਲਸਾ ਫੌਜ ਦਾ ਰਿਹਾ। ਉਸਨੇ ਮਹਾਰਾਜਾ ਦੀ ਤਾਜਪੋਸ਼ੀ ਸਿੱਖ ਸਿਧਾਂਤ, ਭਾਵ ਪੰਚ ਪ੍ਰਧਾਨੀ ਹੇਠ ਨਾ ਕੀਤੀ, ਸਗੋਂ ਊਨੇ ਦੇ ਸੰਤ ਬਾਬਾ ਸਾਹਿਬ ਸਿੰਘ ਬੇਦੀ ਤੋਂ ਕਰਵਾਈ। ਇਸ ਦੇ ਦੋ ਕਾਰਨ ਹੋ ਸਕਦੇ ਸਨ, ਕਿ ਜਦੋਂ ਗੁਰੂਬੰਸ ਵਾਲਿਆਂ ਨੇ ਹੀ ਉਹਨੂੰ ਮਹਾਰਾਜਾ ਮੰਨ ਲਿਆ ਤਾਂ ਸਿੱਖਾਂ ਨੂੰ ਤਾਂ ਆਪਣੇ ਆਪ ਹੀ ਮੰਨਣਾ ਪੈਣਾ ਸੀ। ਬਾਅਦ ਵਿੱਚ ਇਤਿਹਾਸਕ ਗੁਰ ਅਸਥਾਨਾਂ ਦਾ ਪ੍ਰਬੰਧ ਵੀ ਇਨ੍ਹਾਂ ਨੂੰ ਦੇ ਕੇ ਸਿੱਖ ਧਾਰਮਿਕ ਭਾਵਨਾਵਾਂ ਇਨ੍ਹਾਂ ਨਾਲ ਜੋੜ ਦਿੱਤੀਆਂ ਜਿਸ ਨਾਲ ਸਿੱਖ ਚੇਤਨਾ ਵਿੱਚ ਕਮੀ ਆਉਣ ਕਰਕੇ ਉਹ ਆਪਣੇ ਹੀ ਐਬਾਂ `ਤੇ ਪਰਦਾ ਪੁਆ ਲੈਂਦਾ ਸੀ।
ਅਸਲ ਵਿੱਚ ਜਿਹੜੀ ਮਹੰਤ ਜਮਾਤ ਬਾਅਦ ਵਿੱਚ ਗੁਰਦੁਆਰਿਆਂ `ਤੇ ਹਾਵੀ ਹੋਈ ਉਹ ਇਸੇ ਪੁਜਾਰੀ ਵਰਗ ਵਿਚੋਂ ਸੀ ਤੇ ਜਿਨ੍ਹਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਸਿੱਖਾਂ ਨੂੰ ਲਹੂ ਡੋਲਵੀ ਲੜਾਈ ਲੜਨੀ ਪਈ। ਅੱਜ ਜਿਹੜੀ ਸੰਤ ਸਮਾਜ ਨਾਂ ਦੀ ਇੱਕ ਵੱਖਰੀ ਜਮਾਤ ਬਣੀ ਹੈ ਉਹਨੂੰ ਸਰਪ੍ਰਸਤੀ ਬਾਦਲ ਦੀ ਹੈ। ਜਿੰਨੇ ਸੰਤ ਹਨ ਉਨੇ ਹੀ ਡੇਰੇ ਤੇ ਉਨੀਆਂ ਹੀ ਵੱਖਰੀਆਂ ਮਰਿਯਾਦਾਵਾਂ। ਬਾਹਰੋਂ ਦੇਖਣ ਨੂੰ ਸੰਪੂਰਨ ਗੁਰਸਿੱਖੀ ਦਾ ਝਲਕਾਰਾ ਪਰ ਗੁਰਮਤਿ ਤੋਂ ਦੂਰ ਮਨਮਤਿ ਦਾ ਪ੍ਰਚਾਰ। ਉਹ ਵੀ ਐਨੀ ਕਾਰਸ਼ਤਾਨੀ ਨਾਲ ਕੀਤਾ ਜਾਂਦਾ ਹੈ ਕਿ ਥੋੜ੍ਹੇ ਕੀਤੇ ਸਮਝ ਹੀ ਨਹੀਂ ਲਗਦੀ ਕਿਉਂਕਿ ਮਨਮਤਿ ਨਾਲ ਭਰੀ ਕੜਾਹੀ ਨੂੰ ਗੁਰਮਤਿ ਦੇ ਪਤਲੇ ਜਿਹੇ ਕੱਪੜੇ ਨਾਲ ਢੱਕ ਕੇ ਪਰੋਸਿਆ ਜਾਂਦਾ ਹੈ। ਵਿਚਾਰੇ ਸਿੱਖ ਉਪਰ ਵਾਲੇ ਕੱਪੜੇ ਨੂੰ ਦੇਖ ਕੇ ਹੀ ਸਾਧਾਂ ਦੇ ਪੈਰਾਂ `ਤੇ ਢੇਰੀ ਹੋਈ ਜਾਂਦੇ ਹਨ। ਆਪਣੇ ਘਰਾਂ ਨੂੰ ਤਾਂ ਕਲੀ ਨਹੀਂ ਕਰਵਾ ਹੁੰਦੀ ਪਰ ਸ਼ਰਧਾਵਸ ਡੇਰਿਆਂ `ਤੇ ਸੰਗਮਰਮਰ ਲੁਆਈ ਜਾਂਦੇ ਆ ਤੇ ਸੰਤ ਬਾਬੇ ਲੋਕਾਂ ਨੂੰ ਮੱਤਾਂ ਦੇਈ ਜਾਂਦੇ ਹਨ ਕਿਰਤ ਕਰਨ ਦੀਆਂ, ਵੰਡ ਛੱਕਣ ਦੀਆਂ। ਆਪ ਇਨ੍ਹਾਂ ਦੋਹਾਂ ਅਸੂਲਾਂ ਦੇ ਨੇੜੇ ਤੇੜੇ ਵੀ ਨਹੀਂ ਖੜ੍ਹਦੇ। ਕੀ ਇਕੱਲਾ ਵਾਹਿਗੁਰੂ-ਵਾਹਿਗੁਰੂ ਕਰਨ ਨਾਲ ਨਾਨਕ ਸੱਚ ਪ੍ਰਗਟ ਹੋ ਸਕਦਾ? ਕੀ ਇਹ ਦਿਨ ਦੀਵੀਂ ਲੁੱਟ ਨਹੀਂ ਜਿਸ ਤੋਂ ਬਾਬਾ ਨਾਨਕ ਰੋਕਦਾ ਸੀ। ਅੱਜ-ਕਲ੍ਹ ਬਾਦਲ ਨੀਤੀ ਤੇ ਸੰਤ ਨੀਤੀ ਇੱਕ ਦੂਜੇ ਦੀਆਂ ਸਹਿਯੋਗੀ ਹਨ। ਕੌਮ `ਤੇ ਆਈਆਂ ਮੁਸੀਬਤਾਂ ਵੇਲੇ ਦੜ ਵੱਟ ਜਾਂਦੇ ਆ ਤੇ ਜਦੋਂ ਕੌਮ ਕਿਸੇ ਸਹੀ ਰਾਹ ਵਲ ਨੂੰ ਤੁਰਦੀ ਹੈ ਤਾਂ ਉਸ ਰਾਹ `ਚ ਕਦੇ ਦਸਮ ਗ੍ਰੰਥ, ਕਦੇ ਸਿੱਖ ਪਛਾਣ, ਕਦੇ ਨਾਨਕਸ਼ਾਹੀ ਕੈਲੰਡਰ ਵਿੱਚ ਢੁੱਚਰਾਂ ਲਾ ਕੇ ਟੋਏ ਪੁੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਆਜ਼ਾਦ ਸਿੱਖ ਸੋਚ ਮੁੜ ਬਿਪਰਵਾਦ ਵਿੱਚ ਰੰਗੀ ਜਾਵੇ। ਏਹੋ ਕੰਮ ਰਣਜੀਤ ਸਿੰਘ ਵੇਲੇ ਪੁਜਾਰੀਆਂ ਨੇ ਕੀਤਾ ਸੀ। ਪਰ ਹੁਣ ਵਾਲਾ ਨੀਲਾ ਸ਼ੇਰ ਤਾਂ ਦੋ ਕਦਮ ਮੋਹਰੇ ਈ ਆ ਕਿਉਂਕਿ ਤਾਕਤ ਜੂ ਵੋਟ `ਚ ਲੁਕੀ ਹੈ ਤੇ ਇਹਨੇ ਸਾਧ ਵੀ ਦੋ ਤਿੰਨ ਵਰਗਾਂ ਦੇ ਤਿਆਰ ਕਰ ਲਏ। ਇੱਕ ਨੂੰ ਬਿਹਾਰ ਵਿਚੋਂ ਲਿਆ ਕੇ ਹਿੰਦੂ ਵੋਟ `ਤੇ ਕਬਜ਼ਾ ਕਰ ਲਿਆ ਤੇ ਕਿਸੇ ਨੂੰ ਸਾਰਿਆਂ ਦਾ ਸਾਂਝਾ ਰਾਮ-ਰਹੀਮ-ਸਿੰਘ ਦਾ ਥਾਪੜਾ ਦਿੱਤਾ ਹੋਇਆ। ਬਾਕੀਆਂ ਤੇ ਸਿੱਖੀ ਦਾ ਲਿਬਾਸ ਚੜ੍ਹਾਇਆ ਹੋਇਆ ਤਾਂ ਕਿ ਕਿਸੇ ਪਾਸਿਓਂ ਵੀ ਵੋਟ ਕੱਚੀ ਨਾ ਰਹੇ ਤੇ ਲੋੜ ਪੈਣ `ਤੇ ਤਾਂ ਸਾਲਮ ਚਾਰਟਡ ਜਹਾਜ਼ ਕਰਕੇ ਕਿਸੇ ਸੰਤ ਦੀ ਦੇਹ ਲਿਆਉਣ `ਤੇ ਵੀ ਕਰੋੜਾਂ ਰੁਪਈਆ ਖਰਚ ਕਰ ਸਕਦਾ। ਨਜ਼ਾਕਤ ਦੇਖ ਕੇ ਇਨ੍ਹਾਂ ਤੋਂ ਇਕ-ਦੂਜੇ ਵਿਰੁਧ ਕੋਈ ਸ਼ੁਰਲੀ ਵੀ ਛੁਡਵਾ ਦਿੰਦਾ ਤਾਂ ਕਿ ਵਿਚਾਰੇ ਲੋਕੀਂ ਆਪਸ ਵਿੱਚ ਖੜਕ ਪੈਣ ਤੇ ਫਿਰ ਤੱਕੜੀ ਆਪਣੇ ਹੱਥ ਫੜ ਮਨਮਰਜ਼ੀ ਦਾ ਤੋਲਦਾ ਤੇ ਧਿਰਾਂ ਸੋਚਦੀਆਂ ਕਿ ਸਾਡਾ ਪੱਖ ਲੈ ਗਿਆ ਪਰ ਪੱਖ ਤਾਂ ਅਸਲ ਵਿੱਚ ਅੰਦਰਖਾਤੇ ਨਿੱਕਰਪੁਣੇ ਦਾ ਲੈਣਾ।
ਇਹ ਸਾਰਾ ਸਾਧ ਲਾਣਾ ਤਾਂ ਬੱਸ ਸੰਦ ਬਣ ਕੇ ਰਹਿ ਜਾਂਦੇ ਆ। ਉੱਦਾਂ ਵੀ ਹੁਣ ਸਾਡੇ ਸੰਤ ਬਾਬੇ ਆਰਾਮਪ੍ਰਸਤੀ ਦੀ ਸੁੱਖਾਂ ਭਰੀ ਜ਼ਿੰਦਗੀ ਬਸਰ ਕਰਦੇ ਹਨ। ਸਮੇਂ ਮੁਤਾਬਿਕ ਧਾਰਮਿਕ ਦਾਇਰੇ ਤੋਂ ਬਾਹਰ ਤਾਕਤ ਦਾ ਮੁਜ਼ਾਹਰਾ ਕਰਕੇ ਲੋਕਾਂ ਵਿੱਚ ਪ੍ਰਭਾਵ ਵਧਾਉਣ ਦੀ ਪ੍ਰਵਿਰਤੀ ਵੀ ਇਨ੍ਹਾਂ ਨੇ ਆਪਣੇ ਰਾਜਨੀਤਕਾਂ ਤੋਂ ਲਈ ਹੋਈ ਹੈ। ਇਸ ਕਰਕੇ ਕੋਈ ਇਨ੍ਹਾਂ ਦੇ ਕੀਤੇ ਕੰਮ ਤੇ ਕਿੰਤੂ ਕਰਨ ਦੀ ਜ਼ੁਰਅਤ ਨਹੀਂ ਕਰਦਾ, ਉੱਦਾਂ ਵੀ ਸਿੱਖਾਂ ਵਿੱਚ ਆਮ ਪ੍ਰਭਾਵ ਹੈ ਕਿ ਸੰਤ ਦੀ ਨਿੰਦਾ ਨਹੀਂ ਕਰੀਦੀ ਕਿਉਂਕਿ ਗੁਰਬਾਣੀ ਦੀਆਂ ਅਨੇਕਾਂ ਮਿਸਾਲਾਂ ਹਨ। ਨਾਲੇ ਸੰਤ ਹੁਣ ਗੱਲ ਝੱਲਦੇ ਵੀ ਨਹੀਂ, ਟੁੱਟ ਕੇ ਪੈ ਜਾਂਦੇ ਆ। ਇਹਦੀ ਇੱਕ ਮਿਸਾਲ ਬੱਬੂ ਮਾਨ ਦੇ ਗਾਏ ਗੀਤ ਦੀ ਹੈ ਜਿਸ ਨੇ ਅਖੌਤੀ ਸੰਤਾਂ ਦਾ ਸਾਰਾ ਹੀਜਪਿਆਜ ਨੰਗਾ ਕਰ ਦਿੱਤਾ। ਬੱਬੂ ਨੇ ਬਾਬੇ ਨਾਨਕ ਦੀ ਪ੍ਰਸ਼ੰਸਾ ਵਿੱਚ ਗੀਤ ਗਾ ਦਿੱਤਾ ਕਿ ਬਾਬਾ ਤੂੰ ਧੰਨ ਹੈ ਜਿਹਨੇ ਪੈਦਲ ਹੀ ਦੁਨੀਆਂ ਗਾਹ ਤੀ। ਔਰ ਇਹ ਹੈ ਵੀ ਸੱਚ ਕਿ ਬਾਬੇ ਨੇ ਆਪਣੀਆਂ ਉਦਾਸੀਆਂ ਵੇਲੇ 35 ਹਜ਼ਾਰ ਮੀਲ ਤੋਂ ਵੀ ਵਧ ਸਫਰ ਤੁਰ ਕੇ ਕੀਤਾ ਜਿਸ ਵਿੱਚ ਪਹਾੜੀ, ਰੇਗਿਸਤਾਨੀ ਤੇ ਜੰਗਲੀ ਰਸਤਾ ਸੀ। ਉਨ੍ਹਾਂ ਕਦੇ ਹਾਥੀ, ਘੋੜਾ ਜਾਂ ਰਥ ਇਸਤੇਮਾਲ ਨਹੀਂ ਕੀਤਾ। ਗਾਉਣ ਵਾਲੇ ਨੇ ਸਾਡੇ ਸੰਤਾਂ ਦੀ ਦੁੱਖਦੀ ਰਗ `ਤੇ ਵੀ ਮਾੜੀ ਜਿਹੀ ਉਂਗਲੀ ਰੱਖ ਦਿੱਤੀ। ਸਾਰੇ ਬਾਬੇ (ਜਿਨ੍ਹਾਂ ਦੀ ਰਗ ਦੁਖਦੀ ਸੀ) ਵਿਸ ਘੋਲਣ ਲੱਗ ਪਏ। ਇੱਕ ਨਵੀਂ ਉਮਰ ਵਾਲੇ ਸ਼ੁਕੀਨ ਬਾਬਾ ਜੀ ਤੋਂ ਨਾ ਜਰਿਆ ਗਿਆ। ਸਭ ਭੁੱਲ-ਭੁਲਾ ਗਿਆ ਕਿ ਘੰਟਿਆਂਬੱਧੀ ਵਾਜਾ ਵਜਾ ਕੇ ਸੁਹਣੀਆਂ ਤਿੱਖੀਆਂ ਤਰਜਾਂ ਨਾਲ ਮੰਤਰ-ਮੁਗਧ ਕਰਕੇ ਸਿੱਖ ਸੰਗਤਾਂ ਨੂੰ ਜੋ ਹਉਮੈ ਤਿਆਗ ਕੇ ਸਹਿਜ ਰਹਿਣ ਦਾ ਉਪਦੇਸ਼ ਦਿੰਦਾ ਆਇਆ, ਆਪ ਹੀ ਉਹਦਾ ਸ਼ਿਕਾਰ ਹੋ ਗਿਆ। ਕਹਿੰਦਾ, ਉਹ ਰੋਡਾ ਭੋਡਾ ਗਾਉਣ ਵਾਲਾ ਕੌਣ ਆ ਸਾਡੀਆਂ ਮਹਿੰਗੀਆਂ ਲਾਲ ਬੱਤੀ ਵਾਲੀਆਂ ਕਾਰਾਂ ਪਰਖਣ ਵਾਲਾ, ਨਾਲੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਜਿਹਦੇ `ਚ ਹਜ਼ਾਰਾਂ ਮੋਰੀਆਂ। ਸ਼ਾਇਦ ਇਸ ਬਾਬਾ ਜੀ ਦੇ ਮਨ ਵਿਚੋਂ ਗੁਰੂ ਤੇਗ ਬਹਾਦਰ ਜੀ ਦੇ ਬੋਲ ‘ਸਾਧੋ ਮਨ ਕਾ ਮਾਨ ਤਿਆਗੋ’ ਵਿਸਰ ਗਏ ਹੋਣ। ਕਾਹਤੋਂ ਐਨਾ ਸੁਹਪਣ ਦਾ ਗਰੂਰ ਕਰਦੇ ਆ, ਕਿਉਂ ਆਪਣੀ ਤੁਲਨਾ ਬਾਬੇ ਨਾਨਕ ਨਾਲ ਕਰਨ ਲੱਗ ਪਏ।
ਅਸੀਂ ਜਦੋਂ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਵੇਖਣਾ ਹੈ ਕਿ ਉਹ ਕਿੰਨਾ ਕੁ ਸਿੱਖ ਫਿਲਾਸਫੀ `ਤੇ ਪੂਰਾ ਉਤਰਿਆ? ਉਸ ਨੇ ਧਾਰਮਿਕ ਅਸਥਾਨਾਂ `ਤੇ ਮਣਾਮੂੰਹੀ ਸੋਨਾ ਚੜ੍ਹਾਇਆ। ਸਾਡੇ ਮਨਾਂ ਵਿੱਚ ਉਹ ਇੱਕ ਬਹੁਤ ਵੱਡਾ ਦਾਨੀ ਹੈ। ਆਪਣੇ ਰਾਜ ਨੂੰ ਸਰਕਾਰ-ਏ- ਖਾਲਸਾ ਦਾ ਨਾਮ ਦੇ ਕੇ ਵੱਡਾ ਪੰਥ ਹਿਤੈਸ਼ੀ ਵੀ ਕਹਾਇਆ ਕਿਉਂਕਿ ਆਪਣੇ ਰਾਜ ਵਿੱਚ ਉਹਨੇ ਜਿਹੜੇ ਸਿੱਕੇ ਚਲਾਏ ਉਨ੍ਹਾਂ `ਤੇ ਕਿਤੇ ਵੀ ਆਪਣਾ ਨਾਮ ਨਹੀਂ ਉਕਰਵਾਇਆ ਸਗੋਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ ਹੀ ਚਲਾਏ ਜਿਸ ਕਰਕੇ ਉਸ ਵਿੱਚ ਗੁਰੂਆਂ ਪ੍ਰਤੀ ਅਥਾਹ ਸ਼ਰਧਾ ਦਾ ਝਲਕਾਰਾ ਸੀ। ਦੂਜਾ ਪੱਖ ਉਹਦੀਆਂ ਨੀਤੀਆਂ ਦਾ ਰਿਹਾ, ਉਹਦੀ ਨਿੱਜੀ ਜ਼ਿੰਦਗੀ ਦਾ। ਮਹਾਰਾਜੇ ਦੀਆਂ ਨੀਤੀਆਂ `ਤੇ ਹਿੰਦੂ ਪ੍ਰਭਾਵ ਹਾਵੀ ਸੀ ਤੇ ਉਹਦੀ ਨਿੱਜੀ ਜ਼ਿੰਦਗੀ ਮੁਗਲ ਹਾਕਮਾਂ ਵਾਂਗ ਸੀ। ਕਈ-ਕਈ ਵਿਆਹ ਕਰਵਾ ਕੇ ਰਾਣੀਆਂ ਦਾ ਆਪਣਾ ਹਰਮ ਬਣਾਇਆ, ਵੱਖ-ਵੱਖ ਤਰ੍ਹਾਂ ਦੀਆਂ ਸ਼ਰਾਬਾਂ ਤੇ ਹੋਰ ਨਸ਼ੇ ਕੀਤੇ। ਅੰਧ-ਵਿਸ਼ਵਾਸ ਵਿੱਚ ਬਹੁਤ ਯਕੀਨ ਸੀ ਉਹਦਾ। ਆਪਣੇ ਸਿੱਖ ਜਰਨੈਲਾਂ `ਤੇ ਬੇਵਿਸਾਹੀ ਵੀ ਉਹਨੂੰ ਅਖੀਰੀ ਸਾਹ ਤੱਕ ਰਹੀ। ਇਸ ਮੁੱਦੇ ਤੇ ਅਸੀਂ ਸਿੱਖ ਉਹਦੀ ਨੁਕਤਾਚੀਨੀ ਜ਼ਿਆਦਾ ਕਰਦੇ ਹਾਂ ਪਰ ਉਹਦੇ ਰਾਜ ਦਾ ਇੱਕ ਅਹਿਮ ਪੱਖ ਬੜਾ ਘੱਟ ਗੌਲਦੇ ਹਾਂ। ਉਹ ਹੈ ਉਹਦੇ ਰਾਜ ਵਿੱਚ ਸਮਾਜ ਦੇ ਆਮ ਲੋਕਾਂ ਦਾ ਜੀਵਨ ਪੱਧਰ ਕਿੱਦਾਂ ਦਾ ਸੀ। 90% ਆਬਾਦੀ ਪੇਂਡੂ ਸੀ ਤੇ ਮੁੱਖ ਕਿੱਤਾ ਖੇਤੀਬਾੜੀ ਸੀ। ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੋਈ ਖਾਸ ਖਰਚ ਨਹੀਂ ਸੀ ਕੀਤਾ ਜਾਂਦਾ। ਜ਼ਿਆਦਾ ਖਰਚਾ ਫੌਜੀ ਮੁਹਿੰਮਾਂ ਤੇ ਸ਼ਾਹੀ ਪਰਿਵਾਰ `ਤੇ ਹੀ ਹੁੰਦਾ ਸੀ ਤੇ ਕੁੱਝ ਖਰਚਾ ਜਗੀਰਦਾਰਾਂ ਦੀ ਚੜ੍ਹਤ ਲਈ ਵੀ ਕੀਤਾ ਜਾਂਦਾ ਸੀ। ਬਾਕੀ ਬਚਦਾ ਸਰਕਾਰ ਦੇ ਅਹਿਲਕਾਰਾਂ ਲਈ ਹੁੰਦਾ ਸੀ ਤੇ ਕੁੱਝ ਧਾਰਮਿਕ ਥਾਵਾਂ `ਤੇ ਦਾਨ ਲਈ। ਇਨ੍ਹਾਂ ਪੱਖਾਂ `ਤੇ ਦਿੱਲ ਖੋਲ੍ਹ ਕੇ ਖਰਚ ਹੁੰਦਾ ਸੀ ਪਰ ਐਨਾ ਪੈਸਾ ਆਉਂਦਾ ਕਿੱਥੋਂ ਸੀ। ਉਹਦੇ ਰਾਜ ਵਿੱਚ ਸਰਕਾਰੀ ਆਮਦਨ ਦਾ ਮੁੱਖ ਸਾਧਨ ਖੇਤੀ ਮਾਲੀਆ ਸੀ। ਇਹ ਮਾਲੀਆ ਫਸਲ ਦੇ ਚੌਥੇ ਹਿੱਸੇ ਤੋਂ ਲੈ ਕੇ ਅੱਧ ਤੱਕ ਹੁੰਦਾ ਸੀ। ਮਾਲੀਆ ਉਗਰਾਹੁਣ ਵਿੱਚ ਕਦੀ ਵੀ ਢਿੱਲ-ਮੱਠ ਨਹੀਂ ਸੀ ਵਰਤੀ ਜਾਂਦੀ। ਕਿਸਾਨ ਕੋਲ ਤਾਂ ਕਈ ਵਾਰੀ ਆਪਣੇ ਟੱਬਰ ਦੇ ਖਾਣ ਜੋਗੇ ਦਾਣੇ ਵੀ ਮਸੀਂ ਬਚਦੇ ਸਨ, ਜਿੱਥੇ ਕਿਸਾਨੀ ਜਗੀਰਦਾਰਾਂ ਥੱਲੇ ਸੀ ਉਥੇ ਹਾਲਾਤ ਹੋਰ ਵੀ ਮਾੜੇ ਸੀ। ਫਰਕ ਇਹੋ ਪਿਆ ਸੀ ਬਈ ਪਹਿਲਾਂ ਧਾੜਵੀ ਲੁੱਟ ਕੇ ਲੈ ਜਾਂਦੇ ਸੀ ਤੇ ਮਹਾਰਾਜੇ ਵੇਲੇ ਸਰਕਾਰ ਕਾਨੂੰਨਨ ਲੈ ਜਾਂਦੀ ਸੀ। ਬੱਸ ਉਦੋਂ ਇੱਕ ਫਰਕ ਇਹ ਸੀ ਕਿ ਪੇਂਡੂ ਲੋਕਾਂ ਦੀਆਂ ਲੋੜਾਂ ਸੀਮਿਤ ਸਨ, ਫਿਰ ਵੀ ਕਿਸਾਨਾਂ ਸਿਰ ਸ਼ਾਹਾਂ ਦਾ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਿਹਾ ਪਰ ਉਹ ਆਤਮ ਹੱਤਿਆ ਦੇ ਰਾਹ ਨਹੀਂ ਸੀ ਪਏ, ਜੋ ਕਸਰ ਅੱਜ ਨੀਲੇ ਸ਼ੇਰ ਨੇ ਪੂਰੀ ਕਰ ਦਿੱਤੀ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਬਿਜਲੀ ਕਿਸਾਨਾਂ ਨੂੰ ਮੁਫਤ, ਮਾਮਲਾ ਮਾਫ ਫਿਰ ਕਿਸਾਨ ਹੀ ਕਿਉਂ ਆਤਮ ਹੱਤਿਆ ਕਰਦਾ ਹੈ? ਇਹਦੇ ਸਿਰ ਹੀ ਕਿਉਂ ਕਰਜ਼ੇ ਦੀ ਪੰਡ ਭਾਰੀ ਹੋਈ ਜਾਂਦੀ ਆ? ਜਦੋਂਕਿ ਆਮ ਕਿਸਾਨ ਦਾ ਰਹਿਣ-ਸਹਿਣ ਵੀ ਕੋਈ ਬਹੁਤਾ ਵਧੀਆ ਨਹੀਂ। ਲਿਖਣ-ਲਿਖਾਣ ਵਾਲੇ ਬਥੇਰੀਆਂ ਤੁਹਮਤਾਂ ਲਾਈ ਜਾਂਦੇ ਆ ਕਿ ਜੱਟ ਹੱਡ-ਹਰਾਮੀ ਹੋ ਗਏ। ਡੱਕਾ ਨੀ ਤੋੜਦੇ ਹੱਥੀਂ, ਨਸ਼ੇੜੀ ਹੋ ਗਏ ਤਾਂ ਮਰਦੇ ਆ, ਪਰ ਕਦੇ ਕਿਸੇ ਨੇ ਉਨ੍ਹਾਂ ਦੀ ਜ਼ਿੰਦਗੀ ਜੀਅ ਕੇ ਵੀ ਦੇਖਣ ਦੀ ਕੋਸ਼ਿਸ਼ ਕੀਤੀ? ਫਿਰ ਪਤਾ ਲੱਗਦਾ ਕਾਹਤੋਂ ਗਲ `ਚ ਰੱਸੀ ਪਾ ਕੇ ਕੋਈ ਕਿਸੇ ਦਰਖਤ ਨਾਲ ਫਾਹਾ ਲੈਂਦਾ। ਇਹ ਪੱਖ ਇਥੇ ਇਸ ਕਰਕੇ ਮਾੜਾ ਜਿਹਾ ਸਾਂਝਾ ਕੀਤਾ ਤਾਂ ਕਿ ਪਤਾ ਲੱਗੇ ਕਿ ਜਿਹੜਾ ਹੁਣ ਵਾਲੇ ਸ਼ੇਰ ਨੇ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਦਿਖਾ ਕੇ ਪੇਂਡੂਆਂ ਤੋਂ ਹੀ ਵੋਟ ਬਟੋਰ ਲਏ ਉਹ ਇਹਨੇ ਪੂਰਾ ਕਰ ਦਿੱਤਾ। ਸਗੋਂ ਦੋ ਪੈਰ ਉਸ ਰਾਜ ਨਾਲੋਂ ਅੱਗੇ ਹੀ ਆ। ਰਣਜੀਤ ਸਿੰਘ ਅਤੇ ਬਾਦਲ ਦੇ ਰਾਜ ਵਿੱਚ ਇੱਕ ਹੋਰ ਸਾਵਾਂਪਣ ਇਹ ਹੈ ਕਿ ਪੰਥਕ ਲਿਬਾਸ ਵਿੱਚ ਕਿੰਨਾ ਹਿੰਦੂਕਰਨ ਤੇ ਬਿੱਪਰਵਾਦ ਹੋਇਆ ਹੈ। ਰਣਜੀਤ ਸਿੰਘ ਦੇ ਮੰਤਰੀ ਮੰਡਲ ਦੇ 6 ਮੰਤਰੀ ਸਨ ਧਿਆਨ ਸਿੰਘ ਡੋਗਰਾ ਪ੍ਰਧਾਨ ਮੰਤਰੀ, ਉਸਦਾ ਭਰਾ ਰਾਜਾ ਸੁਚੇਤ ਸਿੰਘ ਡੋਗਰਾ, ਕਸ਼ਮੀਰੀ ਪੰਡਿਤ ਦੀਨਾ ਨਾਥ, ਪੂਰਬੀਆ ਬ੍ਰਾਹਮਣ ਮਿਸਰ ਖੁਸ਼ਹਾਲ ਸਿੰਘ-ਸਾਰੇ ਹੀ ਪੰਜਾਬ ਤੋਂ ਬਾਹਰ ਦੇ ਅਤੇ ਗੈਰ-ਸਿੱਖ ਪਿਛੋਕੜ ਵਾਲੇ ਕੱਟੜ ਹਿੰਦੂ ਵਿਚਾਰਧਾਰਾ ਦੇ ਮਾਲਕ ਸਨ। ਦੋ ਪੰਜਾਬੀ ਮੁਸਲਮਾਨ ਭਰਾ ਫਕੀਰ ਨੂਰਦੀਨ ਅਤੇ ਫਕੀਰ ਅਜੀਜੁਦੀਨ ਸਨ। ਅਸਲ ਵਿੱਚ ਇਹੋ ਦੋਵੇਂ ਹੀ ਖਾਲਸਾ ਰਾਜ ਲਈ ਦਿਲੋਂ ਸਮਰਪਿਤ ਸਨ ਜਦਕਿ ਪਹਿਲੇ 4 ਤਾਂ ਸਿੱਖ ਰਾਜ ਦੀਆਂ ਜੜ੍ਹਾਂ ਵੱਢਣ `ਤੇ ਲੱਗੇ ਹੋਏ ਸੀ। ਕਿਸੇ ਵੀ ਵੱਡੇ ਸਿੱਖ ਜਰਨੈਲ ਨੂੰ ਮੰਤਰੀ ਮੰਡਲ ਵਿੱਚ ਨਾ ਸ਼ਾਮਲ ਕੀਤਾ ਜਾਂ ਡੋਗਰਿਆਂ ਨੇ ਹਾਲਾਤ ਹੀ ਐਹੋ ਜਿਹੇ ਬਣਾਏ ਹੋਏ ਸੀ ਬਈ ਕਿਸੇ ਸਿੱਖ ਲਈ ਥਾਂ ਰਹਿਣ ਹੀ ਨਹੀਂ ਦਿੱਤੀ। ਉਲਟਾ ਉਨ੍ਹਾਂ ਨੂੰ ਰਾਜ ਦਰਬਾਰ ਤੋਂ ਪਰੇ ਰੱਖਣ ਹਿੱਤ ਦੂਰ-ਦੁਰਾਡੇ ਦੀਆਂ ਔਖੀਆਂ ਫੌਜੀ ਮੁਹਿੰਮਾਂ ਤੇ ਭੇਜੀ ਰਖਿਆ ਤਾਂ ਕਿ ਉਨ੍ਹਾਂ ਦਾ ਧਿਆਨ ਦਰਬਾਰ ਦੀਆਂ ਕਾਰਵਾਈਆਂ ਵਲ ਰਹੇ ਹੀ ਨਾ ਤੇ ਨਾਲ ਹੀ ਖਾਲਸਾ ਫੌਜ ਦੀ ਤਾਕਤ ਬਾਹਰ ਹੀ ਲੱਗੀ ਰਹੇ। ਧਿਆਨ ਸਿੰਘ ਡੋਗਰਾ ਇੰਨਾ ਚਾਲਬਾਜ਼ ਸੀ ਕਿ ਉਹਨੇ ਸ. ਹਰੀ ਸਿੰਘ ਨਲਵੇ ਤੇ ਕਸ਼ਮੀਰ ਦੀ ਮੁਹਿੰਮ ਸਮੇਂ ਪੈਸੇ ਦੀ ਹੇਰਾਫੇਰੀ ਦਾ ਇਲਜ਼ਾਮ ਵੀ ਲਾ ਦਿੱਤਾ ਸੀ ਤਾਂ ਕਿ ਰਣਜੀਤ ਸਿੰਘ ਦੇ ਮਨੋਂ ਉਹ ਲਹਿ ਜਾਵੇ, ਇਸ ਵਿੱਚ ਉਹ ਕਾਮਯਾਬ ਵੀ ਰਿਹਾ ਤੇ ਹਰੀ ਸਿੰਘ ਸਰਦਾਰ ਦੀ ਮੌਤ ਵੀ ਇਨ੍ਹਾਂ ਫੌਜੀ ਮੁਹਿੰਮਾਂ ਦੌਰਾਨ 1837 ਵਿੱਚ ਹੋ ਗਈ। ਰਣਜੀਤ ਸਿੰਘ ਨੇ ਸਿੱਖਾਂ ਨੂੰ ਧਾਰਮਿਕ ਤੌਰ `ਤੇ ਪੁਜਾਰੀਆਂ ਦੇ ਵੱਸ ਪਾਇਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦਾ ਹੀ ਚਿੰਨ ਬਣਾ ਦਿੱਤਾ ਸੀ। ਜਿਹੜੇ ਸਿੱਖ ਸਰਦਾਰ ਸਿੱਖੀ ਨੂੰ ਪ੍ਰਣਾਏ ਹੋਏ ਸਨ ਉਹ ਦੁਖੀ ਹੋ ਕੇ ਘਰੀਂ ਬਹਿ ਗਏ ਸਨ। ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਭਾਵੇਂ ਰਣਜੀਤ ਸਿੰਘ ਦਾ ਰਿਸ਼ਤੇਦਾਰ ਹੀ ਸੀ, ਜਿਹੜੇ ਸਿੱਖ ਸਰਦਾਰਾਂ ਨੇ ਆਪਣੀ ਜ਼ਮੀਰ ਨੂੰ ਮਾਰ ਕੇ ਬਿਪਰਵਾਦ ਦੀਆਂ ਨੀਤੀਆਂ ਸੰਬੰਧੀ ਚੁੱਪ ਵੱਟ ਲਈ ਉਨ੍ਹਾਂ ਨੂੰ ਜਗੀਰਾਂ ਨਾਲ ਨਿਵਾਜ ਕੇ ਪੱਕਾ ਸਰਕਾਰ ਨਾਲ ਗੱਠ ਲਿਆ। ਇਨ੍ਹਾਂ ਜਗੀਰਾਂ ਦੇ ਲਾਲਚ ਨੇ ਰਣਜੀਤ ਸਿੰਘ ਦੇ ਦੁਆਲੇ ਮੌਕਾਪ੍ਰਸਤ ਸਰਦਾਰਾਂ ਦਾ ਝੁਰਮਟ ਹੀ ਪਾ ਦਿੱਤਾ ਸੀ। ਜੇ ਅੱਜ ਦੇ ਪੰਜਾਬ ਨੂੰ ਦੇਖੀਏ ਤਾਂ ਉਪਰ ਵਾਲੀ ਗੱਲ ਪੂਰੀ ਤਰਾਂ ਲਾਗੂ ਹੁੰਦੀ ਹੈ। ਸਾਰਾ ਤਾਣਾ-ਬਾਣਾ ਪੰਜਾਬ ਦੇ ਇੱਕ ਟੱਬਰ ਦੇ ਦੁਆਲੇ ਇਕੱਠਾ ਹੋ ਗਿਆ ਹੈ। ਵੱਡੇ ਬਾਦਲ ਨੂੰ ਹਰੇਕ ਦੀ ਤਸੀਰ ਦਾ ਪਤਾ ਹੈ ਤੇ ਉਹਨੂੰ ਉੱਦਾਂ ਦਾ ਹੀ ਤੇ ਉਨਾਂ ਕੁ ਚੋਗਾ ਪਾਉਂਦਾ ਹੈ ਤਾਂ ਕਿ ਉਹਦੇ ਖਿਲਾਫ਼ ਮੂੰਹ ਬੰਦ ਰੱਖੇ। ਸਿੱਖ ਅਸੂਲਾਂ `ਤੇ ਪਹਿਰਾ ਦੇਣ ਵਾਲਿਆਂ ਉਤੇ ਗੋਲੀ ਵੀ ਚਲਵਾ ਦਿੰਦਾ ਤੇ ਗੋਲੀ ਚਲਾਉਣ ਵਾਲਿਆਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਦੇ ਘਰੀਂ ਵੀ ਪਹੁੰਚਾ ਦਿੰਦਾ ਹੈ। ਚਾਪਲੂਸਾਂ ਦੀ ਇੱਕ ਫੌਜ ਤਿਆਰ ਕੀਤੀ ਹੋਈ ਹੈ। ਲੋਕਾਂ ਲਈ ਖਰਚਣ ਵਾਸਤੇ ਭਾਵੇਂ ਖਜ਼ਾਨੇ `ਚ ਪੈਸਾ ਹੋਵੇ ਜਾਂ ਨਾ ਪਰ ਪੁੱਤ ਦੀਆਂ ਤਾਜਪੋਸ਼ੀਆਂ ਤੇ ਅਤੇ ਆਪਣੇ ਚਾਪਲੂਸਾਂ ਦੀ ਫੌਜ ਨੂੰ ਗਰਮੀਆਂ ਵਿੱਚ ਸ਼ਿਮਲੇ ਦੀਆਂ ਪਹਾੜੀਆਂ ਤੇ 5 ਸਟਾਰ ਹੋਟਲਾਂ `ਚ ਰੱਖਣ ਲਈ ਕਰੋੜਾਂ ਰੁਪਈਆ ਪਾਣੀ ਵਾਂਗ ਸਰਕਾਰੀ ਖਜ਼ਾਨੇ `ਚੋਂ ਵਹਾ ਦਿੰਦਾ ਹੈ। ਉੱਚ ਸਿੱਖ ਧਾਰਮਿਕ ਸੰਸਥਾ ਤੇ ਧਿਆਨ ਸਿੰਘ ਡੋਗਰੇ ਦੀ ਕੁਨਸਲ ਵਰਗਾ ਪ੍ਰਧਾਨ ਬਣਾ ਕੇ ਕਬਜ਼ਾ ਕੀਤਾ ਹੋਇਆ। ਜਿਹਦੇ ਰਾਹੀਂ ਗੁਰਦੁਆਰਿਆਂ ਵਿੱਚ ਆਰ. ਐਸ. ਐਸ. ਦਾ ਏਜੰਡਾ ਬਾਖੂਬੀ ਲਾਗੂ ਕਰਾਉਣ `ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਰਣਜੀਤ ਸਿੰਘ ਨੇ ਗੁਰੂ ਕੁਲ ਵਾਲਿਆਂ ਪੁਜਾਰੀਆਂ ਨੂੰ ਗੁਰਦੁਆਰਿਆਂ `ਚ ਪੱਕੇ ਪੈਰੀਂ ਕੀਤਾ ਤੇ ਅੱਜ ਵਾਲੇ ਸ਼ੇਰ ਨੇ ਸੰਤ ਬਾਬਿਆਂ ਦੇ ਡੇਰਿਆਂ `ਤੇ ਚੌਕੀਆਂ ਭਰ ਕੇ ਸਿੱਖਾਂ ਨੂੰ ਇਨ੍ਹਾਂ ਦੇ ਪੈਰਾਂ `ਚ ਸਿੱਟਿਆ ਹੋਇਆ। ਜਿਨ੍ਹਾਂ ਟਕਸਾਲਾਂ ਦਾ ਪਿਛੋਕੜ ਸਿੱਖ ਸ਼ਹਾਦਤ ਨਾਲ ਹੋਣ ਕਰਕੇ ਸਿੱਖ ਜਗਤ ਵਿੱਚ ਉਨ੍ਹਾਂ ਦਾ ਅਦਬ ਧੁਰ ਅੰਦਰੋਂ ਹੁੰਦਾ ਸੀ, ਉਨ੍ਹਾਂ ਹੀ ਟਕਸਾਲਾਂ ਨੂੰ ਅੱਜ ਆਰ ਐਸ ਐਸ ਵਰਗੀਆਂ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਲਈ ਵਰਤਿਆ ਜਾਣ ਲੱਗ ਪਿਆ।
ਹਰੇਕ ਸਿੱਖ ਨੇ ਗੁਰਦੁਆਰੇ ਤਾਂ ਜਾਣਾ ਹੀ ਹੈ ਭਾਵੇਂ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਵਾਲੇ ਹੋਣ ਜਾਂ ਸੰਤਾਂ ਦੇ ਡੇਰਿਆਂ ਵਾਲੇ ਜਾਂ ਫਿਰ ਤੀਜੇ ਪ੍ਰਾਈਵੇਟ ਲਿਮਟਿਡ। ਸ਼ਾਇਦ ਇਹ ਪ੍ਰਾਈਵੇਟ ਨਾਂ ਵੀਰਾਂ ਭੈਣਾਂ ਨੂੰ ਕੁਸੋਬਲਾ ਜਿਹਾ ਹੀ ਲੱਗੇ ਪਰ ਇਸਤੋਂ ਮੇਰਾ ਮਤਲਬ ਇਹ ਹੈ ਕਿ ਜਿਹੜੇ ਗੁਰਦੁਆਰੇ ਬਣਾਏ ਤਾਂ ਸਿੱਖ ਸੰਗਤਾਂ ਨੇ ਆਪਣੀ ਕਿਰਤ ਕਮਾਈ ਨਾਲ ਹਨ ਪਰ ਪ੍ਰਬੰਧ ਇੱਕ ਲੋਕਲ ਕਮੇਟੀ ਹੀ ਚਲਾਉਂਦੀ ਹੈ। ਜਿੱਥੇ ਪ੍ਰਬੰਧਾਂ ਨੂੰ ਲੈ ਕੇ ਜ਼ੋਰਅਜਮਾਈ ਵੀ ਹੁੰਦੀ ਹੈ। ਸਾਰੇ ਗੁਰਦੁਆਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਉਹ ਹੈ ‘ਸਿਰੋਪਾ ਕਲਚਰ’। ਜਿਹਨੇ ਜਾ ਕੇ ਜੇਬ ਜ਼ਿਆਦਾ ਢਿੱਲੀ ਕਰ ਦਿੱਤੀ ਉਹਦੇ ਗਲ `ਚ ਪੀਲਾ ਪਟਕਾ ਪਾ ਕੇ ਜੈਕਾਰੇ ਬੁਲਾ ਦਿੰਦੇ ਨੇ। ਮਹਾਨ ਸਿੱਖ ਦੀ ਉਪਾਧੀ ਵੀ ਬਖਸ਼ ਦਿੰਦੇ। ਕਈ ਵਾਰੀ ਤਾਂ ਐਨੀ ਹਾਸੋਹੀਣੀ ਗੱਲ ਵੀ ਹੁੰਦੀ ਹੈ ਕਿ ਪਹਿਲਾਂ ਇੱਕ ਮੈਂਬਰ ਦੂਜੇ ਦੇ ਗਲ ਸਿਰੋਪਾ ਪਾ ਕੇ ਉਹਨੂੰ ਮਹਾਨ ਸਿੱਖ ਕਹਿ ਕੇ ਜੈਕਾਰਾ ਬੁਲਾਉਂਦਾ ਹੈ ਫਿਰ ਦੂਜਾ ਪਹਿਲੇ ਦੇ ਗਲ ਸਿਰੋਪਾ ਪਾ ਕੇ ਮਹਾਨ ਸਿੱਖ ਕਹਿ ਕੇ ਜੈਕਾਰਾ ਛੱਡ ਦਿੰਦਾ ਹੈ। ਸਿਰੋਪੇ ਦੇਣ ਦੇ ਮਾਮਲੇ ਵਿੱਚ ਤਾਂ ਸਿੱਖ ਲੀਡਰ ਕਈ ਵਾਰ ਗਰਕੀ ਹੋਈ ਗੱਲ ਵੀ ਕਰ ਦਿੰਦੇ ਹਨ। ਇਹ ਕਈ ਵਾਰੀ ਦਿੱਲੀ ਵਿੱਚ ਹੁੰਦਾ ਹੈ ਜਦੋਂ ਕਿਸੇ ਗੁਰਪੁਰਬ `ਤੇ ਇਹ ਵੱਡੇ ਲੀਡਰ ਬੰਨ੍ਹੀ ਬਨ੍ਹਾਈ ਗੁਲਾਬੀ ਪੱਗ ਕਲਗੀ ਲਾ ਕੇ ਅਡਵਾਨੀ, ਵਾਜਪਾਈ ਦੇ ਸਿਰ `ਤੇ ਰੱਖਣ ਉਹਦੇ ਘਰ ਜਾਂਦੇ ਹਨ ਤੇ ਸ੍ਰੀ ਸਾਹਿਬ (ਕ੍ਰਿਪਾਨ) ਵੀ ਭੇਟ ਕਰਕੇ ਜੈਕਾਰੇ ਛੱਡਦੇ ਨਹੀਂ ਥੱਕਦੇ ਤੇ ਅਗੋਂ ਉਹ ਕਲਗੀ ਵਾਲੀ ਟੋਪੀਨੁਮਾ ਪੱਗ ਸਿਰ `ਤੇ ਰੱਖ ਕੇ ਹੱਥ ਵਿਚਲੀ ਕਿਰਪਾਨ ਉਨ੍ਹਾਂ ਸਿੱਖਾਂ ਵਲ ਨੂੰ ਕਰਕੇ ਘੁਮਾਉਂਦਾ ਸ਼ਾਇਦ ਅੰਦਰੋਂ-ਅੰਦਰੀ ਕਹਿੰਦਾ ਹੋਵੇ, ਮੌਕਾ ਆਏ `ਤੇ ਇਹਦੇ ਨਾਲ ਤੁਹਾਡੀ ਧੌਣ ਵੱਢਣੀ ਹੈ।
ਸਿੱਖ ਧਰਮ ਵਿੱਚ ‘ਸਿਰੋਪਾਓ’ ਦੀ ਰਸਮ ਕਦੋਂ ਸ਼ੁਰੂ ਹੋਈ ਉਹ ਤਾਂ ਵਿਦਵਾਨ ਵੀਰ ਹੀ ਜਾਣਦੇ ਹੋਣੇ ਆ, ਮੈਨੂੰ ਤਾਂ ਇੰਨਾ ਕੁ ਇਲਮ ਹੈ ਕਿ ਗੁਰੂ ਗੋਬਿੰਦ ਸਿੰਘ (ਉਦੋਂ ਗੋਬਿੰਦ ਰਾਏ) ਜੀ ਨੇ ਜਦੋਂ ਭੰਗਾਣੀ ਦਾ ਜੰਗ ਜਿੱਤਿਆ ਤਾਂ ਬਾਦ ਵਿੱਚ ਪਾਉਂਟਾ ਸਾਹਿਬ ਦਰਬਾਰ ਲਾਇਆ ਤਾਂ ਉਸ ਵਿੱਚ ਉਨ੍ਹਾਂ ਬਹਾਦਰਾਂ ਨੂੰ ਦਸਤਾਰਾਂ ਦੇ ਕੇ ਨਿਵਾਜਿਆ ਸੀ, ਜਿਨ੍ਹਾਂ ਨੇ ਜੰਗ ਗੁਰੂ ਜੀ ਵਲੋਂ ਹੋ ਕੇ ਲੜੀ ਸੀ। ਉਸ ਦਰਬਾਰ ਵਿੱਚ ਪੀਰ ਬੁੱਧੂ ਸ਼ਾਹ ਹਾਜ਼ਰ ਨਹੀਂ ਸਨ ਤਾਂ ਅਗਲੇ ਦਿਨ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਸੀ ਤੇ ਪੁਛਿਆ ਸੀ ਪੀਰ ਜੀਉ ਤੁਸੀਂ ਆਪਣੇ ਪੁੱਤਰ ਤੇ ਮੁਰੀਦ ਇਸ ਲੜਾਈ ਵਿੱਚ ਸ਼ਹੀਦ ਕਰਵਾ ਲਏ, ਦੱਸੋ ਤੁਸੀਂ ਨਾਨਕ ਦੇ ਘਰੋਂ ਕੀ ਮੰਗਦੇ ਹੋ। ਉਦੋਂ ਗੁਰੂ ਜੀ ਕੇਸਾਂ ਵਿੱਚ ਕੰਘਾ ਕਰ ਰਹੇ ਸੀ, ਪੀਰ ਜੀ ਨੇ ਗੁਰੂ ਦੇ ਚਿਹਰੇ ਵਲ ਜਦੋਂ ਦੇਖਿਆ ਤਾਂ ਉਹਨੂੰ ਖੁਦਾਈ ਜਲਾਲ ਦੇ ਦਰਸ਼ਨ ਹੋਏ। ਬੱਸ ਇੰਨਾ ਹੀ ਕਹਿ ਸਕਿਆ ਕਿ ਕੰਘੇ `ਚ ਅੜ੍ਹੇ ਕੇਸਾਂ ਸਮੇਤ ਕੰਘਾ ਜੇ ਬਖਸ਼ ਦਿਉ ਤਾਂ ਮੈਂ ਵਡਭਾਗਾ ਹੋਵਾਂਗਾ। ਗੁਰੂ ਜੀ ਨੇ ਉਵੇਂ ਹੀ ਕੰਘੇ ਸਮੇਤ ਟੁੱਟੇ ਕੇਸ ਅਤੇ ਇੱਕ ਛੋਟੀ ਦਸਤਾਰ ਪੀਰ ਜੀ ਨੂੰ ਬਖਸ਼ੀ ਜਿਹਨੂੰ ਲੈ ਕੇ ਪੀਰ ਬੁੱਧੂ ਸ਼ਾਹ ਆਪਣੇ ਘਰ ਆ ਗਏ। ਗੁਰੂ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਖੁਦਾਈ ਬਖਸ਼ਿਸ਼ ਜਾਣ ਕੇ ਅਦਬ ਦਿੱਤਾ। ਅੱਜ ਕੱਲ੍ਹ ਸਿੱਖਾਂ ਵਿੱਚ ਇੱਕ ਹੋਰ ਧਾਰਮਿਕ ਪ੍ਰਵਿਰਤੀ ਘਰ ਕਰਨ ਲੱਗੀ ਹੋਈ ਹੈ ਉਹ ਹੈ ਗੁਰੂ ਗਰੰਥ ਸਾਹਿਬ ਲਈ ਰੁਮਾਲੇ ਭੇਂਟ ਕਰਨੇ। ਇਹਨੂੰ ਹੀ ਵੱਡਾ ਦਾਨ ਸਮਝੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਬਹੁਤੇ ਰੁਮਾਲਿਆਂ ਦੀ ਲੋੜ ਨਹੀਂ। ਉਲਟਾ ਸਿੱਖਾਂ ਨੂੰ ਲੋੜ ਹੈ, ਉਸ ਵਿਚਲੇ ਫਲਸਫੇ ਨੂੰ ਜਾਨਣ ਦੀ ਤਾਂ ਕਿ ਜ਼ਿੰਦਗੀ ਨਾਨਕ ਸੱਚ ਮੁਤਾਬਿਕ ਜੀਅ ਹੋਵੇ। ਅਸਲ ਵਿੱਚ ਇਹ ਮਹੰਤ ਚਾਹੁੰਦੇ ਵੀ ਇਹੀ ਆ ਕਿ ਸਿੱਖ ਐਦਾਂ ਦੇ ਹੀ ਫੋਕਟ ਕਰਮਾਂ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਬੱਝਣ, ਸਿੱਖਿਆ ਤਾਂ ਅੱਜ ਕਲ੍ਹ ਕਿਸੇ ਹੋਰ ਗ੍ਰੰਥਾਂ ਦੀ ਦੇਣੀ ਚਾਹੁੰਦੇ ਆ।
ਰਣਜੀਤ ਸਿੰਘ ਨੇ 1829-30 ਵਿੱਚ ਹੀ ਆਪਣਾ ਜਾਨਸ਼ੀਨ ਆਪਣਾ ਵੱਡਾ ਪੁਤਰ ਖੜਕ ਸਿੰਘ ਥਾਪ ਦਿੱਤਾ ਸੀ। ਉਸ ਵੇਲੇ ਹਰੀ ਸਿੰਘ ਨਲਵੇ ਨੇ ਰਣਜੀਤ ਸਿੰਘ ਨੂੰ ਸਾਫ ਕਹਿ ਦਿੱਤਾ ਸੀ ਕਿ ਖਾਲਸਾ ਰਾਜ 100 ਸਾਲ ਦੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਇਆ, ਇਹ ਕਿਸੇ ਦੀ ਜੱਦੀ-ਪੁਰਖੀ ਮਿਲਖ ਨਹੀਂ। ਇਹ ਸਿੱਖ ਸੰਗਤਾਂ ਦਾ ਹੈ ਉਹੀ ਇਹਦੀ ਵਾਰਸ ਹੈ, ਜਿਹਨੂੰ ਇਹ ਚਾਹੂਗੀ ਉਹੀ ਏਸ ਤਖਤ `ਤੇ ਬੈਠੇਗਾ। ਨਾਲੇ ਉਸਨੇ ਕਿਹਾ ਕਿ ਖੜਕ ਸਿੰਘ ਭਾਵੇਂ ਉਹਦਾ ਮਿੱਤਰ ਹੈ ਪਰ ਉਹਦੀਆਂ ਲੱਤਾਂ ਇਹਦੀਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਣ ਤੋਂ ਊਣੀਆਂ ਹਨ। ਇਸ ਤੋਂ ਬਾਦ ਰਣਜੀਤ ਸਿੰਘ ਨੇ ਹਰੀ ਸਿੰਘ ਨਲਵੇ `ਤੇ ਵਿਸਾਹ ਨਾ ਕੀਤਾ ਤੇ ਰਾਜ ਭਾਗ `ਤੇ ਡੋਗਰੇ, ਮਿਸਰੇ ਤੇ ਬ੍ਰਾਹਮਣ ਕਾਬਜ਼ ਕਰ ਦਿੱਤੇ ਤਾਂ ਕਿ ਉਹ ਉਹਦੇ ਵਾਰਸਾਂ ਲਈ ਕੋਈ ਖਤਰਾ ਨਾ ਰਹੇ। ਅੱਜ ਵੀ ਇਹੋ ਹਾਲ ਹੈ ਕਿ ਪਿਉ ਨੇ ਹਰ ਹਰਬਾ ਵਰਤ ਕੇ ਆਪਣੇ ਪੁੱਤ ਲਈ ਗੱਦੀ ਰਾਖਵੀਂ ਕੀਤੀ ਹੋਈ ਹੈ ਤੇ ਟਕਸਾਲੀ ਲੀਡਰਾਂ ਨੂੰ ਖੁੱਡੇ ਲਾਈਨ ਲਾ ਕੇ ਰੱਖ ਦਿੱਤਾ। ਅੱਜ ਉਹਦੇ ਸਭ ਤੋਂ ਵੱਡੇ ਸਲਾਹਕਾਰ ਨਿੱਕਰਧਾਰੀ ਹਨ। ਡੋਗਰੇ ਤੇ ਮਿਸਰੇ, ਜਿਨ੍ਹਾਂ ਤੇ ਰਣਜੀਤ ਸਿੰਘ ਨੇ ਵਿਸ਼ਵਾਸ ਕੀਤਾ, ਉਹ ਸਭ ਤੋਂ ਪਹਿਲਾਂ ਰਣਜੀਤ ਸਿੰਘ ਦੇ ਵਾਰਸਾਂ ਦੇ ਹੀ ਕਾਤਲ ਬਣੇ। ਖੜਕ ਸਿੰਘ ਨੂੰ ਕੈਦ ਕਰਕੇ ਜ਼ਹਿਰ ਦੇ ਕੇ ਮਾਰਿਆ। ਉਹਦੇ ਪੁੱਤ ਕੰਵਰ ਨੌਨਿਹਾਲ ਸਿੰਘ ਨੂੰ ਸਿਰ `ਚ ਹਥੌੜੇ ਮਾਰ ਕੇ ਕਤਲ ਕੀਤਾ ਫਿਰ ਵਾਰੀ ਆਈ ਸਿੱਖ ਸਰਦਾਰਾਂ ਦੀ। ਉਹਦੇ ਬਾਕੀ ਵਾਰਸਾਂ ਦੀ, ਜਿਨ੍ਹਾਂ ਨੂੰ ਇੱਕਲੇ-ਇਕੱਲੇ ਨੂੰ ਇੱਕ ਦੂਜੇ ਤੋਂ ਕਤਲ ਕਰਵਾਇਆ। ਫਿਰ ਵਾਰੀ ਆਈ ਖਾਲਸਾ ਫੌਜ ਦੀ, ਜਿਸ ਨੂੰ ਗੱਦਾਰੀ ਕਰਕੇ ਜਿੱਤਿਆ ਹੋਇਆਂ ਨੂੰ ਵੀ ਹਰਾਇਆ ਤੇ ਸਭ ਤੋਂ ਪਿੱਛੋਂ ਆਈ ਵਾਰੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਵਾਕੇ ਦਮ ਲਿਆ। ਡੋਗਰਿਆਂ ਨੇ ਤੇ ਆਪ ਆਪਣਾ ਵੱਖਰਾ ਰਾਜ ਜੰਮੂਕਸ਼ਮੀਰ ਗੱਦਾਰੀ ਬਦਲੇ ਬਣਾ ਲਿਆ ਸੀ। ਕੀ ਹੁਣ ਬਾਦਲ ਦੇ ਨਿੱਕਰਧਾਰੀ ਯਾਰ ਉਸ ਤੋਂ ਬਾਅਦ ਉਹਦੇ ਵਾਰਸਾਂ ਨਾਲ ਰਣਜੀਤ ਸਿੰਘ ਦੇ ਵਾਰਸਾਂ ਵਾਲੀ ਵਫਾ ਕਮਾਉਣਗੇ? ਘੱਟੋ ਘੱਟ ਸਿੱਖ ਜ਼ਰੂਰ ਸੋਚਣ ਆਪਣੇ ਭਵਿੱਖ ਬਾਰੇ ਕਿ ਉਨ੍ਹਾਂ ਨੇ ਇਸ ਟੱਬਰ ਨਾਲ ਰਹਿ ਕੇ ਹੋਰ ਕਿਹੜੀ ਕਿਹੜੀ ਗੁਲਾਮੀ ਕਰਨੀ ਆ?
ਆਹ ਨਾਨਕਸ਼ਾਹੀ ਕੈਲੰਡਰ `ਤੇ ਕੀਤੀਆਂ ਸੋਧਾਂ ਤੇ ਜਿਹੜਾ ਬਾਹਰਲੇ ਮੁਲਕਾਂ ਦੇ ਸਿੱਖਾਂ ਨੇ ਸਖਤ ਪੈਂਤੜਾ ਲਿਆ ਉਹ ਇਸ ਟੱਬਰ ਤੋਂ ਖਹਿੜਾ ਛੁਡਾਉਣ ਲਈ ਵਧੀਆ ਕਦਮ ਹੈ, ਪਰ ਕਿਤੇ ਇਹ ਵਕਤੀ ਹੀ ਨਾ ਰਹਿ ਜਾਵੇ। ਕਿਉਂਕਿ ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। ਇਨ੍ਹਾਂ ਦੇ ਭੇਜੇ ਬਾਬਿਆਂ ਤੇ ਜਥੇਦਾਰਾਂ ਨੂੰ ਲਿਫਾਫੀਆਂ ਨਾ ਦਿਉ, ਨਾ ਮੂੰਹ ਲਾਓ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਨੂੰ ਸ਼ਰੀਕ ਬਣਾ ਕੇ ਪੇਸ਼ ਕਰਨ ਲੱਗੇ ਹੋਏ ਆ ਤੇ ਹੁਣ ਉਹ ਬਾਹਰਲੇ ਬੁੱਧੀਜੀਵੀ ਕਿਸ ਗੱਲੋਂ ਚੁੱਪ ਬੈਠੈ ਆ ਜਿਹੜੇ ਪੂਰਾ ਸਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੇ ਨਾਟਕ ਤੇ ਫ਼ਿਲਮਾਂ ਬਣਾ ਕੇ ਦਿਖਾ ਰਹੇ ਸੀ। ਕਿਉਂ ਨਹੀਂ ਠੋਕ ਕੇ ਕਹਿੰਦੇ ਕਿ ਜਥੇਦਾਰੋ ਤੇ ਪ੍ਰਧਾਨੋ ਤੁਸੀਂ ਗਲਤ ਹੋ। ਕੀ ਇਹ ਨਾਟਕ ਤੇ ਫਿਲਮਾਂ ਬੱਸ ਮਨੋਰੰਜਨ ਹੀ ਸੀ ਜਾਂ ਆਪਣੀ ਮਸ਼ਹੂਰੀ, ਜੋ ਆਪਣੀ ਜ਼ਮੀਰ ਕਹੇ ਉਵੇਂ ਕਹਿ ਦਿਉ। ਜੋ ਬੇਗਮਪੁਰਾ ਬਾਬਾ ਰਵਿਦਾਸ ਜੀ ਨੇ ਚਿਤਵਿਆ ਸੀ ਉਹ ਵਸਾਉਣ ਲਈ ਗੁਰੂ ਨਾਨਕ ਨੂੰ ਦਸ ਜਾਮਿਆ ਵਿੱਚ ਆਉਣਾ ਪਿਆ, ਕਿਤੇ ਆਪਣੇ ਆਪ ਨੂੰ ਜਿੰਦਾ ਅੱਗ `ਤੇ ਸੜਵਾਉਣਾ ਪਿਆ, ਕਿਤੇ ਸਿਰ ਕਟਵਾਣਾ ਪਿਆ ਤੇ ਦਸਵੇਂ ਜਾਮੇ ਵਿੱਚ ਤਾਂ ਆਪਣੇ ਹੀ ਮਾਸੂਮ ਪੁੱਤਰਾਂ ਦੀ ਸ਼ਹਾਦਤ ਵੀ ਏਸੇ ਬੇਗਮਪੁਰੇ ਲਈ ਦਿੱਤੀ ਤੇ ਚਮਕੌਰ ਦੀ ਗੜ੍ਹੀ ਦੀ ਉਹ ਰਾਤ ਕਿਸੇ ਵੀ ਸਿੱਖ ਹਿਰਦੇ ਵਿਚੋਂ ਮਨਫੀ ਨਹੀਂ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੂਪ ਜਾਣ ਕੇ ਬੇਗਮਪੁਰੇ ਦੀ ਨੀਂਹ ਪੱਕੀ ਕਰਨ ਲਈ ਭਾਈ ਸੰਗਤ ਸਿੰਘ ਨੂੰ ਆਪਣਾ ਲਿਬਾਸ ਤੇ ਕਲਗੀ ਦੇ ਕੇ ਸ਼ਹਾਦਤ ਲਈ ਭੇਜਿਆ। ਬੇਗਮਪੁਰਾ ਸਿਰ ਜੋੜ ਕੇ ਬੈਠ ਸੋਚ ਸਮਝ ਕੇ ਵਸਾਉਣਾ ਪੈਣਾਂ ਨਾ ਕਿ ਨੱਚਟੱਪ ਗਾ ਕੇ। ਜਿਹੜੇ ਬੇਗਮਪੁਰੇ ਦੇ ਰਾਹ `ਚ ਰੋੜੇ ਹਨ ਉਹ ਇਹੋ ਤਾਂ ਚਾਹੁੰਦੇ ਆ ਕਿ ਕਿਤੇ ਸਿਰ ਨਾ ਜੁੜ ਜਾਣ ਜੇ ਆਪਣਾ ਵਰਤਾਰਾ ਇਦਾਂ ਦਾ ਹੀ ਰਿਹਾ ਤਾਂ ਲੱਗਦਾ ਕਿ ਇਤਿਹਾਸ ਸ਼ਾਇਦ ਦੁਹਰਾ ਹੀ ਨਾ ਹੋ ਜਾਵੇ।

Tuesday, June 22, 2010

“ਲੋੜ ਪੰਥ ਤੋਂ ਬਾਗੀ ਸੰਪ੍ਰਦਾਈ-ਡੇਰੇਦਾਰਾਂ ਨੂੰ ਪੰਥ ਵਿੱਚ ਰਲੌਣ ਅਤੇ ਵਿਚਾਰਧਾਰਕ ਗੋਸ਼ਟੀਆਂ ਰਚਾਉਣ ਦੀ ਹੈ ਨਾਂ ਕਿ ਪੰਥਕ

“ਲੋੜ ਪੰਥ ਤੋਂ ਬਾਗੀ ਸੰਪ੍ਰਦਾਈ-ਡੇਰੇਦਾਰਾਂ ਨੂੰ ਪੰਥ ਵਿੱਚ ਰਲੌਣ ਅਤੇ ਵਿਚਾਰਧਾਰਕ ਗੋਸ਼ਟੀਆਂ ਰਚਾਉਣ ਦੀ ਹੈ ਨਾਂ ਕਿ ਪੰਥਕ
ਅਵਤਾਰ ਸਿੰਘ ਮਿਸ਼ਨਰੀ

ਪਿਛਲੇ ਹਫਤੇ ਤੋਂ ਅਖਬਾਰਾਂ ਵਿੱਚ ਅਤੇ ਰੇਡੀਓ ਤੇ ਅਕਾਲ ਤਖਤ ਦੇ ਮਜੂਦਾ ਜਥੇਦਾਰ ਤੇ ਸਾਥੀ ਸਿੰਘ ਸਹਿਬਾਨਾਂ ਵੱਲੋਂ ਇਹ ਖਬਰ ਬਾਰ ਬਾਰ ਆ ਰਹੀ ਹੈ ਕਿ ਜੇ ਪੰਥ ਚੋਂ ਛੇਕੇ ਬੰਦੇ ਅਤੇ ਸੌਦਾ ਸਾਧ ਗੁਰਮਤਿ ਰਾਮ ਰਹੀਮ ਇੱਕ ਮਹੀਨੇ ਦੇ ਅੰਦਰ-ਅੰਦਰ ਅਕਾਲ ਤਖਤ ਤੇ ਆ ਕੇ ਖਿਮਾ ਜਾਚਨਾ ਕਰ ਲੈਣ ਤਾਂ ਉਨ੍ਹਾਂ ਨੂੰ ਮਾਮੂਲੀ ਸਾਜਾਵਾਂ ਲਗਾ ਕੇ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਇਹ ਸੇਲ ਕੇਵਲ ਇੱਕ ਮਹੀਨੇ ਵਾਸਤੇ ਹੈ। ਆਓ ਜਰਾ ਇਸ ਬਾਰੇ ਗੌਰ ਕਰੀਏ ਕਿ ਕੀ ਇਹ ਗੁਰੂ ਦਾ ਸਿਧਾਂਤ ਹੈ? ਨਹੀਂ, ਕਿਉਂਕਿ ਕਿ ਗੁਰੂ ਤਾਂ ਸਦਾ ਬਖਸ਼ੰਦ ਹੈ-ਜੈਸਾ ਬਾਲਿਕ ਭਾਇ ਸੁਭਾਈ ਲਖਿ ਅਪਰਾਧ ਕਮਾਵੈ॥ਕਰਿ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲਿ ਲਾਵੈ॥ ਪਿਛਲੇ ਅਉਗਣ ਬਖਸ਼ ਲੈ ਪ੍ਰਭ ਆਗੈ ਮਾਰਗਿ ਪਾਵੈ॥ (624) ਸੋ ਗੁਰੂ ਤਾਂ ਸਦਾ ਬਖਸ਼ੰਦ ਹੈ ਨਾਂ ਕਿ ਕਿਸੇ ਖਾਸ ਸਮੇਂ ਤੇ ਹੀ ਬਖਸ਼ਦਾ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਤਾਂ ਕਿ ਡੇਰੇਦਾਰ ਸਾਧ, ਦੇਹਧਾਰੀ ਗੁਰੂਆਂ ਅਤੇ ਛੇਕੇ ਗਏ ਸਿੱਖਾਂ ਦੀ ਹਮਦਰਦੀ ਪ੍ਰਾਤਪਤ ਕੀਤੀ ਜਾ ਸੱਕੇ। ਇਹ ਤਾਂ “ਉਲਟਾ ਕੋਤਵਾਲ ਚੋਰ ਕੋ ਡਾਂਟੈ” ਵਾਲੀ ਗੱਲ ਹੈ ਕਿਉਂਕਿ ਗੁਰੂ ਘਰ ਦੇ ਚੋਰ ਇਹ ਆਪ ਹਨ। ਕੀ ਜੇ ਜੱਜ ਹੀ ਚੋਰ ਹੋਵੇ ਉਸ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਹੈ? ਜੇ ਨਹੀਂ ਤਾਂ ਕੀ ਉਸ ਦਾ ਹੁਕਮ ਮੰਨਿਆਂ ਜਾ ਸਕਦਾ ਹੈ? ਪਹਿਲਾਂ ਤਾਂ ਇਹ ਬਿਆਨ ਜਾਰੀ ਕਰਨ ਵਾਲੇ ਆਪ ਹੀ ਅਕਾਲ ਤਖਤ ਦੀ ਮਰਯਾਦਾ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਵਾਹਿਦ ਧਰਮ ਗ੍ਰੰਥ ਅਤੇ ਗੁਰੂ ਹੈ ਦੇ ਸਿਧਾਂਤ ਤੋਂ ਭਗੌੜੇ ਹਨ। ਇਹ ਆਪ ਹੀ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਅਤੇ ਨਾਂ ਹੀ ਇਹ ਪੰਥ ਪ੍ਰਵਾਣਿਤ ਜਥੇਦਾਰ ਹਨ। ਅੱਜ ਤੱਕ ਇਨ੍ਹਾਂ ਨੇ ਕਿਸੇ ਵੀ ਸਿੱਖ ਡੇਰੇ ਜਾਂ ਸੰਪਰਦਾ ਵਿੱਚ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ ਕੀਤੀ ਜੋ ਹਰੇਕ ਸਿੱਖ ਵਾਸਤੇ ਪੰਥਕ ਹੁਕਮਨਾਮਾ ਹੈ।
ਅੱਜ ਤੱਕ ਜਿੰਨੇ ਵੀ ਸਿੱਖ ਪੰਥ ਚੋਂ ਛੇਕੇ ਹਨ ਉਹ ਸਾਰੇ ਗੁਰਸਿੱਖ ਸਨ, ਪੰਥਕ ਵਿਦਵਾਨ ਸਨ ਜਾਂ ਦਰਵੇਸ਼ ਪੰਥਕ ਲੀਡਰ ਸਨ ਜੋ ਨਿਰੋਲ “ਗੁਰੂ ਗ੍ਰੰਥ ਸਾਹਿਬ” ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਸਨ ਤੇ ਹਨ । ਉਨ੍ਹਾਂ ਨਾਲ ਇਨ੍ਹਾਂ ਸੰਪਰਦਾਈ ਸਿੰਘ ਸਹਿਬਾਨਾਂ ਦੇ ਵਿਚਾਰ ਨਹੀਂ ਮਿਲੇ ਤਾਂ ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ। ਅਸੀਂ ਇਨ੍ਹਾਂ ਭੱਦਰ ਪੁਰਸ਼ਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਤਨੇ ਵੀ ਡੇਰੇਦਾਰ ਜਾਂ ਬਲਾਤਕਾਰੀ ਸਾਧ ਹਨ ਜੋ ਪੰਥਕ ਮਰਯਾਦਾ ਵੀ ਨਹੀਂ ਮੰਨਦੇ ਅਤੇ ਗੁਰਬਾਣੀ ਦੇ ਅਰਥ ਸਨਾਤਨੀ, ਬ੍ਰਾਹਮਣੀ ਅਤੇ ਵੇਦਾਂਤਕ ਤੌਰ ਤੇ ਕਰਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ ਉਨ੍ਹਾਂ ਨੂੰ ਕਿਉਂ ਨਹੀਂ ਛੇਕ ਰਹੇ? ਆਏ ਦਿਨ ਗੁਰਸਿੱਖਾਂ ਨੂੰ ਹੀ ਕਿਉਂ ਛੇਕਿਆ ਜਾਂਦਾ ਹੈ? ਡੇਰੇਦਾਰਾਂ ਦੀਆਂ ਵੋਟਾਂ ਅਤੇ ਬਾਦਲ ਵਰਗੇ ਹਾਕਮਾਂ ਦੀ ਖੁਸ਼ੀ ਲੈਣ ਲਈ ਇਹ ਸਾਰਾ ਡਰਾਮਾਂ ਤਾਂ ਨਹੀਂ ਖੇਡਿਆ ਜਾ ਰਿਹਾ? ਆਏ ਦਿਨ ਪੰਥਕ ਵਿਦਵਾਨਾਂ ਨੂੰ ਹੀ ਪੰਥ ਚੋਂ ਛੇਕਿਆ ਜਾ ਰਿਹਾ ਹੈ ਕਿਸੇ ਸੰਪ੍ਰਦਾਈ, ਡੇਰੇਦਾਰ ਜਾਂ ਬਾਦਲ ਦਲ ਨਾਲ ਸਬੰਧਤ ਲੀਡਰ ਨੂੰ ਕਿਉਂ ਨਹੀਂ? ਜੇ ਵਾਕਿਆ ਹੀ ਅਜੋਕੇ ਸਿੰਘ ਸਹਿਬਾਨਾਂ ਨੂੰ ਸੋਝੀ ਆ ਗਈ ਹੈ ਕਿ ਇਹ ਛੇਕਣ-ਛਕਾਣ ਵਾਲਾ ਮਸਲਾ ਗਲਤ ਹੈ ਤਾਂ ਹੁਣ ਤੱਕ ਪੰਥਕ ਵਿਦਵਾਨ ਲੀਡਰ ਪ੍ਰੋ. ਗੁਰਮੁਖ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ, ਤੱਪੜਾਂ ਦੇ ਮਸਲੇ ਤੇ ਛੇਕੇ ਹੋਏ ਸਿੱਖ ਅਤੇ ਮਜੂਦਾ ਦੌਰ ਵਿੱਚ ਪੰਥਕ ਵਿਦਵਾਨ ਕੀਰਤਨੀਏਂ, ਗੁਰਬਾਣੀ ਦੇ ਸਿਧਾਂਤਕ ਵਿਆਖਿਆਕਾਰ ਅਤੇ ਪ੍ਰਚਾਰਕ ਸਾਬਕਾ ਸਿੰਘ ਸਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸਮੂੰਹ ਖਾਲਸਾ ਪੰਥ ਕੋਲੋਂ ਆਪਣੇ ਤੋਂ ਪਹਿਲੇ ਅਤੇ ਆਪ ਮਜੂਦਾ ਜਥੇਦਾਰਾਂ ਵੱਲੋਂ ਜਬਰੀ ਛੇਕਣ ਵਾਲੇ ਕਾਰਨਾਮਿਆਂ ਦੀ ਮੁਆਫੀ ਕਿਉਂ ਨਹੀਂ ਮੰਗਦੇ? ਅਤੇ ਸਾਰੇ ਪੰਥਕ ਗੁਰਸਿੱਖਾਂ ਨੂੰ ਨਾਲ ਲੈ ਕੇ, ਸਮੁੱਚੇ ਸਿੱਖ ਡੇਰਿਆਂ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਪੰਥਕ ਹੁਕਮਨਾਮਾਂ ਕਿਉਂ ਨਹੀਂ ਕੱਢਦੇ? ਅਤੇ ਛੇਕਣ ਦੀ ਰੀਤ ਛੱਡ ਕੇ “ਸਿੱਧ ਗੋਸ਼ਟੀਆਂ” ਦੀ ਵਿਚਾਰਧਾਰਕ ਰੀਤ ਕਿਉਂ ਨਹੀਂ ਚਲਾਉਂਦੇ? ਜੇ ਗੁਰੂ ਨਾਨਕ ਜੀ ਨੇ ਸਿੱਧਾਂ ਨੂੰ ਸ਼ਬਦ ਵਿਚਾਰ ਨਾਲ ਜਿਤਿਆ ਸੀ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ॥(ਭਾ.ਗੁ.) ਤਾਂ ਅਜੋਕੇ ਜਥੇਦਾਰ ਕੌਮ ਦੇ ਲੀਡਰ ਸੰਪ੍ਰਦਾਈ ਸਾਧਾਂ, ਡੇਰੇਦਾਰਾਂ ਅਤੇ ਰਾਮਰਾਈੇਏ, ਵਡਭਾਗੀਏ, ਨਾਮਧਾਰੀ, ਨੀਲਧਾਰੀ, ਸਰਸੇ ਵਾਲੇ ਅਤੇ ਭਨਿਆਰੇ ਵਾਲੇ ਆਦਿਕ ਦੇਹਧਾਰੀ ਗੁਰੂਆਂ ਨਾਲ “ਸਿੱਧ ਗੋਸ਼ਟਾਂ” ਭਾਵ ਗੁਰਮਤਿ ਸੰਵਾਦ ਕਿਉਂ ਨਹੀਂ ਰਚਾਉਂਦੇ? ਇਸ ਤਰੀਕੇ ਨਾਲ ਉਨ੍ਹਾਂ ਨੂੰ ਪੰਥ ਵਿੱਚ ਸ਼ਾਮਲ ਕਿਉਂ ਨਹੀਂ ਕਰਦੇ? ਅਸੀਂ ਸਿੰਘ ਸਹਿਬਾਨਾਂ ਦਾ ਸਵਾਗਤ ਕਰਾਂਗੇ ਜੇ ਉਹ ਪੰਥ ਦੇ ਭਲੇ ਲਈ ਥਾਂ ਥਾਂ ਵਿਚਾਰ ਗੋਸ਼ਟੀਆਂ ਦੀ ਲਹਿਰ ਬਿਨਾਂ ਕਿਸੇ ਪੱਖ ਪਾਤ ਅਤੇ ਕਿਸੇ ਪਾਰਟੀ ਦੇ ਦਬਾਅ ਤੋਂ ਮੁਕਤ ਹੋ ਕੇ ਚਲਾਉਣਗੇ। ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮਤਿ ਬਖਸ਼ੇ। ਉਪ੍ਰੋਕਤ ਬੇਨਤੀ ਕਰਤਾ ਅਸੀਂ ਹਾਂ-ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੰਘ ਸਭਾ ਇੰਟ੍ਰਨੈਸ਼ਲ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ., ਅਦਾਰਾ ਜਾਗੋ ਖਾਲਸਾ ਨਿਊਯਾਰਕ, ਸਾਕਾ ਜਥੇਬੰਦੀ, ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਨਿਊਯਾਰਕ, ਸਿੰਘ ਸਭਾ ਯੂ ਐਸ.ਏ., ਪੰਥ ਦਰਦੀ ਮਿਸ਼ਨਰੀ ਪ੍ਰਚਾਕ ਅਤੇ ਸਹਿਯੋਗੀ ਸੰਗਤਾਂ।

ਸੰਪ੍ਰਦਾਈ ਕਥਾਕਾਰਾਂ ਵੱਲੋਂ ਵਾਹਿਗੁਰੂ ਸ਼ਬਦ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਣ!

ਸੰਪ੍ਰਦਾਈ ਕਥਾਕਾਰਾਂ ਵੱਲੋਂ ਵਾਹਿਗੁਰੂ ਸ਼ਬਦ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਣ!

ਅਵਤਾਰ ਸਿੰਘ ਮਿਸ਼ਨਰੀ (510-432-5827)

ਗੁਰਮਤਿ ਨੂੰ ਬ੍ਰਾਹਮਣੀ ਮੱਤ ਵਿੱਚ ਰਲਗਡ ਕਰਦੀ ਸੰਪ੍ਰਦਾਈ-ਡੇਰੇਦਾਰ ਕਥਾਕਾਰਾਂ ਵਲੋਂ ਵਾਹਿਗੁਰੂ ਸ਼ਬਦ ਦੀ ਕੀਤੀ ਜਾ ਰਹੀ ਗਲਤ ਵਿਆਖਿਆ ਵੱਲ ਪ੍ਰਬੰਧਕ ਅਤੇ ਗੁਰ-ਸੰਗਤਾਂ ਵਿਸ਼ੇਸ਼ ਧਿਆਨ ਦੇਣ! ਡੇਰੇਦਾਰ ਸੰਪ੍ਰਦਾਈ ਪ੍ਰਚਾਰਕ ਵਾਹਿਗੁਰੂ ਸ਼ਬਦ ਦੇ ਅਰਥ ਕਰ ਰਹੇ ਹਨ ਕਿ “ਵ” ਸਤਿਜੁਗ ਦੇ ਅਵਤਾਰ ਵਾਸਦੇਵ (ਵਿਸ਼ਨੂ) ਤੋਂ ਲਿਆ, “ਹ” ਦੁਆਪਰ ਦੇ ਅਵਤਾਰ ਹਰਿਕ੍ਰਿਸ਼ਨ ਤੋਂ, “ਰ” ਤ੍ਰੇਤੇ ਦੇ ਅਵਤਾਰ ਰਾਮ ਤੋਂ ਅਤੇ “ਗ” ਕਲਜੁਗ ਦੇ ਅਵਤਾਰ ਗੋਬਿੰਦ ਤੋਂ ਆਦਿਕ। ਜਰਾ ਧਿਆਨ ਦਿਓ! ਕੀ ਗੁਰੂ ਸਾਹਿਬ ਮੰਨੇ ਗਏ ਚਾਰ ਜੁੱਗਾਂ ਜਾਂ ਅਵਤਾਰਾਂ ਨੂੰ ਮਾਨਤਾ ਦਿੰਦੇ ਹਨ? ਉਤਰ ਹੈ ਨਹੀਂ ਜਦ ਕਿ ਇਹ ਅਵਤਾਰ ਆਪਣੇ ਆਪਣੇ ਸਮੇਂ ਦੇ ਰਾਜੇ ਹੋਏ ਹਨ ਪਰ ਲੋਕ ਇਨ੍ਹਾਂ ਨੂੰ ਪ੍ਰਮਾਤਮਾਂ ਦੇ ਅਵਤਾਰ ਦੱਸ ਕੇ ਪੂਜਾ ਕਰਦੇ ਸਨ ਤੇ ਹਨ ਕਿਉਂਕਿ ਉਸ ਵੇਲੇ ਲੋਕ ਰਾਜੇ ਦਾ ਹੁਕਮ ਹੀ ਰੱਬੀ ਫੁਰਮਾਨ ਸਮਝਦੇ ਸਨ-ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ (423) ਗੁਰੂ ਜੀ ਇਨ੍ਹਾਂ ਮੰਨੇ ਗਏ ਅਵਤਾਰਾਂ ਬਾਰੇ ਫੁਰਮਾਂਦੇ ਹਨ-ਅਵਤਾਰ ਨਾ ਜਾਨੈ ਅੰਤੁ॥ ਪ੍ਰਮੇਸਰ ਪਾਰਬ੍ਰਹਮੁ ਬਿਅੰਤ॥ (894) ਅਵਤਾਰ ਵਾਹਿਗੁਰੂ ਪ੍ਰਮੇਸ਼ਰ ਦੀ ਬੇਅੰਤਤਾ ਨੂੰ ਹੀ ਨਹੀਂ ਜਾਣਦੇ ਜੋ ਜਨਮ ਮਰਨ ਤੋਂ ਰਹਿਤ ਹੈ। ਅਵਤਾਰ ਤਾਂ ਮਾਂ ਬਾਪ ਤੋਂ ਜੰਮੇ ਅਤੇ ਸਮੇ ਨਾਲ ਸਰੀਰ ਕਰਕੇ ਮਰੇ ਵੀ ਪਰ ਲੋਕ ਭਰਮਾਂ ਵਿੱਚ ਪਏ ਹੋਏ ਕੱਚੀਆਂ ਗੱਲਾਂ ਕਰਦੇ ਹਨ-ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਿਤ ਨਾਰਾਇਣ॥ (1136) ਗੁਰੂ ਸਾਹਿਬ ਕਲਪਿਤ ਅਵਤਾਰਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਹੀ ਵਾਹਿਗੁਰੂ ਸ਼ਬਦ ਬਣਾਕੇ ਸਿੱਖਾਂ ਨੂੰ ਉਨ੍ਹਾਂ ਦੇ ਨਾਵਾਂ ਵਾਲਾ ਮੰਤ੍ਰ ਹੀ ਕਿਉਂ ਦੇਣਗੇ? ਗੁਰੂ ਜੀ ਤਾਂ ਫੁਰਮਾਂਦੇ ਹਨ-ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸ਼ਾਹੁ ਦਿਸੈ ਜਾਹਰਾ॥ (397) ਫਿਰ ਸਾਡੇ ਸਾਧਾਂ ਅਤੇ ਸੰਪ੍ਰਦਾਈ-ਡੇਰੇਦਾਰ ਪ੍ਰਚਾਰਕਾਂ ਨੂੰ ਕਿਸਨੇ ਹੱਕ ਦਿੱਤਾ ਹੈ ਕਿ ਉਹ ਆਪਣੀ ਮਨ-ਮਰਜੀ ਨਾਲ ਗੁਰਮਤਿ ਦੀ ਬ੍ਰਾਹਮਣੀ ਵਿਆਖਿਆ ਕਰੀ ਜਾਣ?

ਆਓ ਜਰਾ ਵਾਹਿਗੁਰੂ ਸ਼ਬਦ ਦੀ ਵਿਚਾਰ ਕਰੀਏ! ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨ੍ਹਾਭਾ ਦੇ ਲਿਖੇ ਮਹਾਨ ਕੋਸ਼ ਦੇ ਪੰਨਾ 1087 ਤੇ ਵਾਹਗੁਰੂ ਸ਼ਬਦ ਦੀ ਵਿਆਖਿਆ ਇਵੇਂ ਹੈ-ਜੋ ਮਨ ਬੁੱਧਿ ਤੋਂ ਪਰੇ ਸਭ ਤੋਂ ਵੱਡਾ ਪਾਰਬ੍ਰਹਮ ਧੰਨਤਾਯੋਗ ਕਰਤਾਰ, ਜਿਸ ਨੇ ਸੰਸਾਰਕ ਖੇਲ ਦੀ ਰਚਨਾ ਕੀਤੀ “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ (1403) ਵਾਹ ਦਾ ਅਰਥ ਹੈ ਅਸਚਰਜ ਰੂਪ, ਗੁ =ਅੰਧਕਾਰ ਵਿੱਚ, ਰੂ=ਪ੍ਰਕਾਸ਼ ਕਰਨ ਵਾਲਾ-ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗਯਾਨ ਅਨਿੱਤ। ਰੂ ਪ੍ਰਕਾਸ਼ ਕੀਯੋ ਜਿਨ ਚਿੱਤ। (ਨਾ. ਪ੍ਰਕਾਸ਼) ਸਿੱਖਾਂ ਦਾ ਮੂਲਮੰਤ੍ਰ-ਸਤਿਗੁਰੁ ਪੁਰਖ ਦਿਆਲ ਹੁਇ ਵਾਹਗੁਰੂ ਸਚ ਮੰਤ੍ਰ ਸੁਣਾਇਆ (ਭਾ. ਗੁ.) ਵਾਹੁ-ਵਾਹਗੁਰੂ ਦਾ ਸੰਖੇਪ-ਵਾਹੁ ਵਾਹੁ ਗੁਰਸਿਖ ਨਿਤ ਕਰਹਿ (515) ਕਰਤਾਰ ਬੇਪਰਵਾਹ ਹੈ-ਵਾਹੁ ਵਾਹੁ ਵੇਪਰਵਾਹੁ ਹੈ (ਗੂਜਰੀ ਮ: 3) ਗੁਰੂ ਅਮਰਦਾਸ ਜੀ ਨੇ ਖਾਸ ਕਰਕੇ ਕਰਤਾਰ ਦੀ ਮਹਿਮਾ ਵਾਹੁ ਵਾਹੁ ਸ਼ਬਦ ਨਾਲ ਕੀਤੀ ਹੈ-ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧਯਾਇਯਉ (ਸਵੈਯੇ ਮ: 4 ਕੇ) “ਵਾਹ” ਦਾ ਅਰਥ ਧੰਨ ਧੰਨ ਵੀ ਹੈ-ਵਾਹੁ ਮੇਰੇ ਸਾਹਿਬਾ ਵਾਹੁ (755)

ਗੁਰੂ ਗ੍ਰੰਥ ਸੰਕੇਤ ਕੋਸ਼ ਦੇ ਲੇਖਕ ਪਿਆਰਾ ਸਿੰਘ ਪਦਮ ਅਨੁਸਾਰ-ਵਾਹਗੁਰੂ ਦੋ ਸ਼ਬਦਾਂ ਦਾ ਸਮਾਸ ਹੈ (ਵਾਹ ਤੇ ਗੁਰੂ) ਵਾਹ ਦਾ ਅਰਥ ਅਸਚਰਜ ਅਤੇ ਗੁਰੂ ਦਾ ਅਰਥ ਪ੍ਰਕਾਸ਼ਕ ਗਿਆਨ ਸਤਾ ਹੈ। ਦੂਜੇ ਸ਼ਬਦਾਂ ਵਿੱਚ ਉਹ ਪਰਮ ਸ਼ਕਤੀ ਜੋ ਅਗੰਮ ਅਗੋਚਰ ਹੋਣ ਕਰਕੇ ਅਸਚਰਜ ਤੇ ਰਹਿਨੁਮਾਈ ਦੇਣ ਵਾਲੀ ਹੈ। ਪ੍ਰਾਚੀਨ ਭਾਰਤੀ ਸਹਿਤ ਵਿੱਚ ਇਹ ਸ਼ਬਦ ਪ੍ਰਾਪਤ ਨਹੀਂ ਪਰ ਸਿੱਖ ਸਹਿਤ ਵਿੱਚ ਨਵਾਂ ਸਿਰਜਿਆ ਗਿਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਇਉਂ ਪਤਾ ਲਗਦਾ ਹੈ ਕਿ ਪਹਿਲੇ ਪਹਿਲ ਜੋ ਗੁਰੂ ਦਰਸ਼ਨ ਲਈ ਸਿੱਖ ਅਉਂਦੇ ਸਨ, ਉਹ ਗੁਰੂ ਤੋਂ ਪ੍ਰਭਾਵਿਤ ਹੋ ਕੇ ਵਾਹ-ਗੁਰੂ, ਵਾਹ-ਗੁਰੂ (ਧੰਨ ਗੁਰੂ, ਧੰਨ ਗੁਰੂ) ਸ਼ਬਦ ਦਾ ਉਚਾਰਣ ਕਰਦੇ ਸਨ। ਉਹ ਆਪਣੇ ਆਤਮਕ ਅਨੰਦ ਨੂੰ ਇਸੇ ਤਰ੍ਹਾਂ ਹੀ ਪ੍ਰਗਟ ਕਰ ਸਕਦੇ ਸਨ। ਹੌਲੀ ਹੌਲੀ ਦੋਵੇਂ ਸ਼ਬਦ ਜੁੜ ਕੇ ਸਮਾਸ ਬਣ ਗਿਆ ਤੇ ਇਹ ਪ੍ਰਮੇਸ਼ਰ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋ ਰਹੀ ਸੀ ਉਸ ਸਮੇਂ ਭੱਟਾਂ ਇਸ ਸ਼ਬਦ ਦਾ ਪ੍ਰਯੋਗ ਜਿਵੇਂ ਕੀਤਾ ਉਸ ਤੋਂ ਪ੍ਰਤੱਖ ਹੁੰਦਾ ਹੈ ਕਿ ਇਹ ਸ਼ਬਦ ਪ੍ਰਮੇਸ਼ਰ ਦਾ ਬੋਧਕ ਹੋ ਗਿਆ ਸੀ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ (1403) ਸਾਰੀ ਰਚਨਾ ਪ੍ਰਮੇਸ਼ਰ ਦੀ ਹੀ ਹੋ ਸਕਦੀ ਹੈ ਕਿਸੇ ਦੇਹਧਾਰੀ ਗੁਰੂ ਦੀ ਨਹੀਂ।

ਪ੍ਰਸਿੱਧ ਵਿਦਵਾਨ ਭਾਈ ਵੀਰ ਸਿੰਘ ਅਨੁਸਾਰ- (ਸੰਸਕ੍ਰਿਤ ਵਿੱਚ) ਵਾਹ-ਲੈ ਜਾਣਾ, ਗੁਰੂ-ਗਿਆਨ ਪ੍ਰਕਾਸ਼ਕ ਭਾਵ ਜਿਸ ਪਾਸ ਗੁਰੂ ਲੈ ਜਾਏ ਸੋ ਪਾਰਬ੍ਰਹਮ ਪ੍ਰਮੇਸ਼ਰ। ਫਾਰਸੀ ਵਿੱਚ-ਵਾਹ-ਧੰਨ ਧੰਨ। ਪਾਰਬ੍ਰਹਮ-ਵਾਹੁ ਵਾਹੁ ਤਿਸ ਨੋ ਆਖੀਐ ਜੋ ਸਭ ਮਹਿ ਰਹਿਆ ਸਮਾਇ॥ (514) ਸਿਫਤ ਸਲਾਹ-ਵਾਹੁ ਵਾਹੁ ਸਿਫਤਿ ਸਲਾਹ ਹੈ (514) ਅਤੇ ਭਾਈ ਸਾਹਿਬ ਲਿਖਦੇ ਹਨ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਹਿਲੀ ਵਾਰ ਦੀ 49 ਵੀਂ ਪਾਉੜੀ “ਭਾਈ” ਜੀ ਦੀ ਨਹੀਂ ਹੋ ਸਕਦੀ ਕਿਉਂਕਿ ਇਸ ਪਰ ਗੁਣੀ ਜਣਾਂ ਨੂੰ ਸ਼ੰਕੇ ਹਨ ਕਿ-ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ ਵਿੱਚੋਂ ਵਾਸਦੇਵ, ਰਾਮ, ਹਰਿਕ੍ਰਿਸ਼ਨ ਅਤੇ ਗੋਬਿੰਦ ਅਵਤਾਰਾਂ ਦੇ ਨਾਵਾਂ ਤੋਂ “ਵਾ, ਰਾ, ਹ, ਗੋ” ਚਾਰ ਅੱਖਰ ਲੀਤੇ ਤਾਂ “ਵਾਰਾਹਗੋ” ਬਣਿਆਂ ਪਰ ਵਾਹਿਗੁਰੂ ਨਾਂ ਬਣਿਆਂ। ਜੇ ਸਤਿਜੁਗ, ਦੁਆਪਰ, ਤ੍ਰੇਤੇ ਅਤੇ ਕਲਜੁਗ ਦਾ ਕ੍ਰਮ ਬਦਲੋ ਤਾਂ “ਵਾਹਗੋਰਾ” ਬਣਦਾ ਹੈ। ਜੇ ਇੱਕ ਮਾਤ੍ਰ ਹੀ ਲਓ ਤਾਂ “ਵਹਗਰ” ਬਣਦਾ ਹੈ। ਵਾਸਦੇਵ ਚੋਂ ‘ਵ’ ਕੰਨੇ ਵਾਲਾ ਤੇ ਹਰੀਕ੍ਰਿਸ਼ਨ ਚੋਂ ‘ਹ’ ਮੁਕਤਾ ਤੇ ਰਾਮ ਵਿੱਚੋਂ ‘ਰ’ ਤੇ ਗੋਬਿੰਦ ਵਿੱਚੋਂ ‘ਗੁ’ ਲੀਤੇ। ‘ਵ” ਤਾਂ ਕੰਨੇ ਸਮੇਤ ਲਿਆ, ‘ਰਾ’ ਦਾ ਕੰਨਾ ਉਡਾ ਦਿੱਤਾ ਅਤੇ ‘ਗੋ’ ਦਾ ਹੋੜਾ ਔਂਕੜ ਵਿੱਚ ਬਦਲ ਦਿੱਤਾ, ਇਹ ਭਿੰਨਤਾ ਕਿਉਂ? ਭਾਈ ਗੁਰਦਾਸ ਜੀ ਵੇਲੇ ਸਤਿਗੁਰੂ ‘ਹਰਿ ਗੋਬਿੰਦ’ ਜੀ ਸਨ, ਤਾਂ ਅੱਖਰ ‘ਹ’ ਲੈਣਾ ਚਾਹੀਦਾ ਸੀ, ਹਰਿ ਗੋਬਿੰਦ ਚੋਂ ‘ਗ’ ਕੀਕੂੰ ਲੀਤਾ? ਉਂਝ ਵਡਿਆਈ ਨਮਿੱਤ ਗੁਰ ਨਾਨਕ ਨਾਮ ਚੋਂ ‘ਨ’ ਅੱਖਰ ਲੈਣਾ ਚਾਹੀਦਾ ਸੀ ਕਿਉਂਕਿ ਗੁਰੂ ਨਾਨਕ ਜੀ ਜਗਤ ਗੁਰੂ ਸਨ-ਜ਼ਾਹਰ ਪੀਰ ਜਗਤਿ ਗੁਰ ਬਾਬਾ (ਭਾ. ਗੁ.) ਗੋਬਿੰਦ ਗੁਰੂ ਜਿਸ ਤੋਂ ਲੇਖਕ ਦਾ ਇਸ਼ਾਰਾ ‘ਗੁਰੂ ਬੋਬਿੰਦ ਸਿੰਘ ਜੀ’ ਵੱਲ ਹੈ, ਅਜੇ ਪ੍ਰਗਟੇ ਨਹੀਂ ਸੇ। ਭਾਈ ਗੁਰਦਾਸ ਜੀ ਨੇ ਛਟਵਾਂ ਗੁਰੂ ਪੀਰ ਭਾਰੀ ਜੋ ਪ੍ਰਤੱਖ ਸੇ, ਛੱਡ ਕੇ ਅਤੇ ਆਦਿ ਗੁਰੂ ਨਾਨਕ ਛੱਡਕੇ ਦਸਮੇਂ ਗੁਰੂ ਦਾ ਅੱਖਰ ‘ਗ’ ਕਿਸ ਤਰ੍ਹਾਂ ਲੈ ਲਿਆ? ਕ੍ਰਿਸ਼ਨ ਅਤੇ ਰਾਮ ਕੇਵਲ ਅਵਤਾਰ ਮੰਨੇ ਜਾਂਦੇ ਹਨ ਅਰ ਕ੍ਰਿਸ਼ਨ ਤੋਂ ਛੁੱਟ ਬਾਕੀ ਦੇ ਅਵਤਾਰ ਵੀ ਸੋਲਾਂ ਕਲਾਂ ਸੰਪੂਰਨ ਨਹੀਂ ਮੰਨੀਂਦੇ। ਇਨ੍ਹਾਂ ਨੂੰ ਸਤਿਗੁਰੂ ਦੀ ਪਦਵੀ ਕਦੀ ਨਹੀਂ ਮਿਲੀ। ਰਾਮ ਚੰਦਰ ਦੇ ਗੁਰੂ ਵਸ਼ਿਸ਼ਟ ਤੇ ਵਾਸਦੇਵ ਸਨ ਅਤੇ ਸੰਦੀਪਨ ਤੇ ਦੁਰਬਾਸ਼ਾ ਰਿਖੀ ਕ੍ਰਿਸ਼ਨ ਦੇ ਗੁਰੂ ਸੇ। ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਗੁਰੂ ਕਿਕੂੰ ਆਖਿਆ? ਏਹ ਤਾਂ ਕੇਵਲ ਅਵਤਾਰ ਸੇ।

ਸੋ ਹਿੰਦੂ ਮੱਤ ਅਨੁਸਾਰ ਸਤਿਜੁਗ ਵਿੱਚ ਵਾਸਦੇਵ ਯਾਂ ਵਿਸ਼ਨੂੰ ਉਸ ਨਾਮ ਦੇ ਅਵਤਾਰ ਨਹੀਂ ਹੋਏ। ਵਾਸਦੇਵ ਨਾਮ ਹੈ ਕ੍ਰਿਸ਼ਨ ਦਾ ਜੋ ਉਨ੍ਹਾਂ ਦੇ ਪਿਤਾ ਵਾਸੁਨਵ ਤੋਂ ਬਣਿਆ ਹੈ। ਵਾਸਦੇਵ ਦਾ ਦੂਸਰਾ ਅਰਥ ਹੈ ਵਿਆਪਕ ਪਰਮੇਸ਼ਰ (ਦੇਖੋ ਵਿਸ਼ਨੂੰ ਪੁਰਾਣ) ਫਿਰ ਵਿਸ਼ਨੂੰ ਕਿ ਜਿਸ ਦਾ ਭਗਤੀ ਮਾਰਗ ਵਾਲੇ ਹਿੰਦੂ ਧਿਆਨ ਧਰਦੇ ਹਨ ਉਹ ਦੇਹਧਾਰੀ ਨਹੀਂ ਪਰ ਇੱਕ ਦੇਵਤਾ ਦਾ ਨਾਮ ਭੀ ਹੈ ਜੋ ਸਭਨਾਂ ਦੇਵਤਿਆਂ ਦਾ ਸ਼੍ਰੋਮਣੀ ਹੈ। ਵੇਦ ਵਿੱਚ ਹੋਰ ਅੱਠ ਦੇਵਤੇ ਹਨ ਜੋ ਵਸੂ ਕਹੀ ਦੇ ਹਨ। ਉਨ੍ਹਾਂ ਦੀਆਂ ਗਿਣਤੀਆਂ ਵਿੱਚੋਂ ਇੱਕ ਗਿਣਤੀ ਵਿੱਚ ਵਿਸ਼ਨੂੰ ਦਾ ਨਾਮ ਆਉਂਦਾ ਹੈ ਪਰ ਇਹ ਅੱਠੇ ਵੀ ਦੇਵਤੇ ਹੀ ਮੰਨੇ ਗਏ ਹਨ। ਵਿਸ਼ਨੂੰ ਦਾ ਦੂਸਰਾ ਅਰਥ ਵੀ ਵਿਆਪਕ ਹੀ ਹੈ। ਸੋ ਇਹ ਅਰਥ ਕਰਨਾ ਕਿ ਵਾਸਦੇਵ ਜੀ ਸਤਿਜੁਗ ਦੇ ਅਵਤਾਰ ਸਨ ਇਹ ਭੀ ਨਹੀਂ ਢੁਕਦਾ ਕਿਉਂਕਿ ਵਾਸਦੇਵ ਦੇ ਸਤਿਜੁਗ ਵਿੱਚ ਸਤਿਗੁਰੂ ਹੋਣ ਦਾ ਲੇਖ ਵੇਦ ਵਿੱਚ ਨਹੀਂ ਮਿਲਦਾ। ਸਤਿਗੁਰੂ ਪਦ ਦਸ ਗੁਰੂ ਸਾਹਿਬਾਨਾਂ ਨਾਲ ਵਰਤਿਆ ਗਿਆ ਹੈ। ਪਹਿਲੇ ਤ੍ਰੇਤੇ ਤੇ ਦੁਆਪਰ ਦੇ ਅਵਤਾਰਾਂ ਰਾਮ ਕ੍ਰਿਸ਼ਨ ਨਾਲ ਵੀ ਨਹੀਂ ਲਾਇਆ ਗਿਆ, ਉਹ ਅਵਤਾਰ ਕਹਾਏ ਅਤੇ ਦੇਹਧਾਰੀ ਗੁਰੂ ਉਨਾਂ ਨੇ ਧਾਰਨ ਕੀਤੇ। ਸੋ ਇਹ ਅਰਥ ਕਰਨਾਂ ਭੀ ਨਹੀਂ ਢੁੱਕਦਾ ਕਿ ਸਤਿਜੁਗ ਵਿੱਚ ਵਾਸਦੇਵ ਸਤਿਗੁਰੂ ਸੀ। ਨਾਂ ਇਹ ਢੁੱਕਦਾ ਹੈ ਕਿ ਸਤਿਗੁਰੂ ਨੇ ਵਾਸਦੇਵ ਵਿੱਚੋਂ ਵਵਾ ਲੀਤਾ ਕਿਉਂਕਿ ਤੁਕ ਵਿੱਚ ਕੋਈ ਕ੍ਰਿਆ ਪਦ ਨਹੀਂ ਪਿਆ, ਜੋ ਲੀਤਾ ਦਾ ਅਰਥ ਦੇਵੇ ਯਾ ਕਿਸੇ ਮਾਤ੍ਰਾ ਵਿੱਚੋਂ ਸੰਭਾਵਨ ਹੋ ਸਕੇ।

ਵਾਹਿਗੁਰੂ ਸ਼ਬਦ ਜਨਮ ਸਾਖੀਆਂ ਵਿੱਚ ਵੀ ਲਿਖਿਆ ਮਿਲਦਾ ਹੈ “ਬੋਲੋ ਭਾਈ ਵਾਹਿਗੁਰੂ” ਭੱਟਾਂ ਤੋਂ ਪਹਿਲਾਂ ਸੰਖੇਪ ਵਾਹੁ ਰੂਪ ਵਿੱਚ ਗੁਰਬਾਣੀ ਵਿੱਚ ਵਰਤਿਆ ਹੈ, ਭੱਟਾਂ ਨੇ ਤਾਂ ਇਸ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ-ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਗੁਰੂ ਗ੍ਰੰਥ) ਭਾ. ਗੁਰਦਾਸ ਜੀ ਨੇ ਵੀ ਵਾਰਾਂ ਵਿੱਚ ਕਈ ਵਾਰ ਵਰਤਦਿਆਂ ਸਪੱਸ਼ਟ ਕੀਤਾ ਹੈ-ਵਾਹਿਗੁਰੂ ਗੁਰਿ ਮੰਤ੍ਰੁ ਹੈ ਜਪਿ ਹਉਮੈ ਖੋਈ। ਅਤੇ ਗੁਰੂ ਨਾਨਕ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇਣ ਵੇਲੇ ਗੁਰ ਮੰਤ੍ਰ ਤੇ ਫਤਿਹ ਦੇ ਰੂਪ ਵਿੱਚ ਦ੍ਰਿੜ ਕਰਵਾਇਆ ਹੈ। ਅੱਜ ਵੀ ਦੇਖੋ ਹਿੰਦੂ ਰਾਮ ਰਾਮ, ਮੁਸਲਿਮ ਅੱਲਾਹ ਅੱਲਾਹ ਅਤੇ ਸਿੱਖ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਹੋਰ ਵੀ ਬਹੁਤ ਸਾਰੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਵਾਹਿਗੁਰੂ ਸ਼ਬਦ ਕਿਸੇ ਜੁਗ ਦੇ ਅਵਤਾਰ ਤੋਂ ਨਹੀਂ ਲਿਆ। ਜਿਹੜੇ ਅਵਤਾਰ ਆਪ ਜਰ, ਜੋਰੂ ਅਤੇ ਜ਼ਮੀਨ ਲਈ ਲੜਦੇ ਰਹਿ ਹੋਣ ਗੁਰੂ ਜੀ ਉਨ੍ਹਾਂ ਦਾ ਨਾਮ ਕਿਉਂ ਜਪਾਉਣਗੇ? ਸਤਿਗੁਰੂ ਨਾ ਹਿੰਦੂ ਹਨ ਨਾਂ ਮੁਸਲਮਾਨ-ਨਾਂ ਹਮ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥ (ਗੁਰੂ ਗ੍ਰੰਥ) ਅੱਜ ਗੁਰੂ ਗ੍ਰੰਥ ਦੀ ਫਿਲਾਸਫੀ ਨੂੰ ਛੱਡ ਕੇ ਕੋਈ ਆਪਣੇ ਆਪ ਨੂੰ ਪੰਡਿਤ ਅਤੇ ਵੇਦਾਂਤੀ ਕਹਾ ਰਿਹਾ ਹੈ। ਜਰਾ ਸੋਚੋ! ਨਿਆਰੇ ਸਿੱਖ ਪੰਥ ਦਾ ਆਗੂ ਵੇਦਾਂਤੀ ਕਿਵੇਂ ਹੋ ਸਕਦਾ ਹੈ? ਡੇਰੇਦਾਰ ਸੰਪ੍ਰਦਾਈ ਆਪਣੇ ਨਾਂ ਪਿਛੇ ਸਨਾਤਨ ਮੱਤ ਵਾਲੇ ਲਫਜ਼ ਸ੍ਰੀ ਮਾਨ ਸੰਤ ਜੀ ਮਹਾਂਰਾਜ 108 ਜਾਂ 1008 ਲਿਖ ਰਹੇ ਹਨ ਅਤੇ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਹਨ। ਗੁਰਬਾਣੀ ਦੇ ਨਿਰੋਲ ਅਰਥ ਕਰਦਿਆਂ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾਉਂਦਿਆਂ ਇਨ੍ਹਾਂ ਦੀ ਜ਼ਬਾਨ ਨਹੀਂ ਚਲਦੀ ਪਰ ਊਟ ਪਟਾਂਗੀ ਸਾਖੀਆਂ, ਚੁਟਕਲੇ ਅਤੇ ਬ੍ਰਾਹਮਣੀ ਵਿਚਾਰਧਾਰਾ ਬੜੇ ਫਕਰ ਨਾਲ ਸੁਣਾ ਸੁਣਾ ਕੇ ਸਿੱਖਾਂ ਦਾ ਭਗਵਾਕਰਨ ਕਰਨ ਵਿੱਚ, ਅੱਡੀ ਚੋਟੀ ਦਾ ਜੋਰ ਲਾ ਰਹੇ ਲਾਉਂਦੇ ਹੋਏ, ਇਹ ਬ੍ਰਾਹਮਣਨੁਮਾਂ ਬਾਬੇ ਕਥਾਵਾਚਕ ਸਾਡੇ ਆਗੂ ਵੀ ਬਣੇ ਫਿਰਦੇ ਹਨ। (R.S.S.) ਇਨ੍ਹਾਂ ਦੇ ਡੇਰਿਆਂ ਵਿੱਚ 99% ਘੁਸੜ ਕੇ, ਪੰਜ ਕਕਾਰੀ ਬਾਣਾ ਧਾਰਨ ਕਰਕੇ, ਪ੍ਰਚਾਰਕ ਵੀ ਬਣ ਚੁੱਕੀ ਹੈ, ਜਿਨ੍ਹਾਂ ਦੀ ਪਛਾਣ ਸਿਰਫ ਗੁਰ-ਸਿਧਾਂਤ ਤੋਂ ਹੀ ਕੀਤੀ ਜਾ ਸਕਦੀ ਹੈ, ਨਿਰਾ ਬਾਣੇ ਤੋਂ ਨਹੀਂ ਕਿ ਇਹ ਲੋਕ ਕੌਣ ਹਨ? ਇਹ ਲੋਕ ਸਾਡੇ ਸਿੱਖੀ ਸਿਧਾਂਤ ਮਿਲਗੋਭੇ ਕਰੀ ਜਾ ਰਹੇ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ-ਨਾ ਹਮ ਹਿੰਦੂ ਨਾ ਮੁਸਲਮਾਨ॥ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਵੀ ਲਿਖਦੇ ਹਨ ਕਿ-ਹਿੰਦੂ ਤੁਰਕਨ ਤੇ ਹੈ ਨਿਆਰਾ। ਫਿਰਕਾ ਇਨਕਾ ਅਪਰ ਅਪਾਰਾ। (ਪੰਥ ਪ੍ਰਕਾਸ਼) ਸੋ ਸਾਧ ਸੰਗਤ ਜੀ! ਵਾਹਿਗੁਰੂ ਸ਼ਬਦ ਬਾਰੇ ਜੇ ਕੋਈ ਬਾਬਾ ਜਾਂ ਕਥਾਵਾਚਕ ਤਰੋੜ ਮਰੋੜ ਕੇ ਗਲਤ ਅਰਥ ਕਰਦਾ ਹੈ ਤਾਂ ਚੁਪ ਕਰਕੇ ਅੱਖਾਂ ਮੀਟੀ ਸੁਣੀ ਹੀ ਨਾਂ ਜਾਓ। ਪਹਿਲਾਂ ਆਪ ਗੁਰ-ਸਿਧਾਂਤਾਂ (ਗੁਰਮਤਿ ਫਿਲੌਸਫੀ) ਤੋਂ ਜਾਣੂ ਹੋਵੋ ਤਾਂ ਤੁਸੀਂ ਇਨ੍ਹਾਂ ਸੰਪ੍ਰਦਾਈ-ਡੇਰੇਦਾਰ ਕਥਾਕਾਰਾਂ ਨੂੰ ਨਿਧੱੜਕ ਹੋ ਕੇ ਸਵਾਲ-ਜਵਾਬ ਕਰ ਸਕਦੇ ਹੋ। ਜੇ ਤੁਸੀਂ ਸਾਰੀ ਉੱਮਰ ਇਨ੍ਹਾਂ ਕਥਾਕਾਰਾਂ ਨੂੰ ਹੀ ਸੁਣਦੇ ਰਹੇ ਪਰ ਆਪ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਤੁਸੀਂ ਵੀ ਠੱਗੇ ਜਾਓਗੇ ਭਾਵ ਤੁਹਾਡਾ ਵੀ ਬ੍ਰਾਹਮਣੀਕਰਣ ਹੋ ਜਾਵੇਗਾ। ਇਹ ਲੋਕ ਤੁਹਾਡਾ ਐਸਾ ਮਾਂਈਡਵਾਸ਼ ਕਰਨਗੇ ਕਿ ਤੁਸੀਂ ਇਨ੍ਹਾਂ ਭੱਦਰਪੁਰਸ਼ਾਂ ਨੂੰ ਸਵਾਲ-ਜਵਾਬ ਕਰਨਾਂ ਵੀ ਪਾਪ ਸਮਝਣ ਲੱਗ ਜਾਓਗੇ।

ਵਾਹਿਗੁਰੂ ਸ਼ਬਦ ਦੇ ਸਿੱਧੇ ਅਰਥ ਹਨ (ਵਾਹ) ਅਸਚਰਜ, ਅਦਭੁਤ, ਵੰਡਰਫੁਲ, ਧਂਨਤਾਯੋਗ ਅਤੇ (ਗੁਰੂ) ਅਗਿਅਨਤਾ ਦੇ ਅੰਧੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨਵਾਲਾ ਸਰਬ ਵਿਆਪਕ ਗੁਰ-ਪਰਮੇਸ਼ਰ (ਗੁਰ ਪਰਮੇਸਰੁ ਏਕੋ ਜਾਣੁ॥ ਜਾ ਮਹਿ ਭੇਦ ਰੰਚ ਪਛਾਨ॥) (964) ਸਿੱਖ ਦਾ ਗੁਰੂ ਹੈ ਸ਼ਬਦ (ਗਿਆਨ) ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗੁ ਬਉਰਾਨੰ॥ (635) ਉਹ ਸ਼ਬਦ (ਗਿਅਨ) ਹੀ ਵਾਹਿਗੁਰੂ ਹੈ। ਜਦ ਸਿੱਖ ਦਾ ਹਿਰਦਾ ਐਸੇ ਰੱਬੀ-ਗਿਆਨ (ਸ਼ਬਦ) ਨਾਲ ਭਰ ਜਾਂਦਾ ਹੈ ਜਾਂ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾਂ ਕਰਦਾ ਹੈ ਜਾਂ ਉਸ ਦੇ ਅਨੋਖੇ ਅਦਭੁਤ ਕੌਤਕ ਅਤੇ ਨਜਾਰੇ ਤੱਕਦਾ ਹੈ ਤਾਂ ਉਸ ਦਾ ਮਨ ਇਕਾਗਰ ਹੋ ਕਹਿ ਉੱਠਦਾ ਹੈ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ (1403) ਧੰਨ ਵਾਹਿਗੁਰੂ! ਧੰਨ ਵਾਹਿਗੁਰੂ! ! ਧੰਨ ਵਾਹਿਗੁਰੂ! ! ! ਤੂੰ ਹੀ ਗਿਆਨ ਦਾ ਦਾਤਾ ਹੈਂ ਨਾਂ ਕਿ ਕੋਈ “ਵ” ਵਿਸ਼ਨੂੰ.”ਹ” ਹਰਿਕ੍ਰਿਸ਼ਨ, “ਗ” ਗੋਬਿੰਦ ਅਤੇ “ਰ” ਰਾਮ ਅਵਤਾਰ। ਬਚੋ! ਐਸੇ ਕਥਾਕਾਰਾਂ ਕੋਲੋਂ ਜੋ ਵਾਹਿਗੁਰੂ ਸ਼ਬਦ ਵਿੱਚ ਵੀ ਦੇਵੀ ਦੇਵਤੇ-ਅਵਤਾਰਾਂ ਦੇ ਨਾਂ ਘਸੋੜ ਰਹੇ ਹਨ। ਗੁਰਬਾਣੀ ਜਾਂ ਗੁਰ ਸਿਧਾਂਤਾਂ ਦੀ ਵਿਆਖਿਆ ਵੇਦਾਂ, ਸਿਮਰਤੀਆਂ, ਪੁਰਾਣਾਂ ਅਤੇ ਸੰਪ੍ਰਦਾਈ-ਡੇਰੇਦਾਰ ਸੰਤਾਂ ਦੇ ਲਿਖੇ ਗ੍ਰੰਥਾਂ ਅਨੁਸਾਰ ਨਹੀਂ ਕੀਤੀ ਜਾ ਸਕਦੀ ਬਲਕਿ ਗੁਰਬਾਣੀ ਦੇ ਸਿਧਾਂਤ ਗੁਰਬਾਣੀ ਵਿੱਚੋਂ ਹੀ ਖੋਜੇ ਜਾ ਸਕਦੇ ਹਨ। ਜਿਵੇਂ ਸਮੁੰਦਰ ਵਿੱਚ ਡੂੰਗੀ ਚੁੱਭੀ ਮਾਰਨਵਾਲਾ ਹੰਸ ਮੋਤੀ ਹੀਰੇ ਲੱਭ ਲੈਂਦਾ ਹੈ “ਹੀਰੇ ਰਤਨ ਲਭੰਨਿ” ਪਰ ਬਗਲਾ ਡਡੀਆਂ ਮਛੀਆਂ ਹੀ ਭਾਲਦਾ ਰਹਿੰਦਾ ਹੈ-ਹੰਸਾਂ ਹੀਰਾ ਮੋਤੀ ਚੁਗਣਾ ਬਗ ਡਡਾਂ ਭਾਲਣ ਜਾਵੈ (960) ਜਿਵੇਂ ਭਾ. ਰਣਧੀਰ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਗੁਰਬਾਣੀ ਵਿਆਕਰਣ ਲੱਭੀ ਜਿਸ ਅਨੁਸਾਰ ਸਾਰੀ ਬਾਣੀ ਦੇ ਅਰਥ ਕੀਤੇ ਨਾਂ ਕਿ ਕਿਸੇ ਵੇਦ ਜਾਂ ਡੇਰੇ ਸੰਪ੍ਰਦਾ ਦੇ ਗ੍ਰੰਥ ਅਨੁਸਾਰ। ਵਾਹਿਗੁਰੂ ਕਿਸੇ ਦੇਵੀ ਦੇਵਤੇ ਜਾਂ ਅਵਤਾਰ ਦੇ ਅੱਖਰਾਂ ਦਾ ਮੁਥਾਜ ਨਹੀਂ ਸਗੋਂ ਸੁਤੰਤਰ ਹੈ ਕਿਸੇ ਨੂੰ ਕੋਈ ਹੱਕ ਨਹੀਂ ਇਸ ਦੀ ਵੇਦਾਂਤੀ ਵਿਆਖਿਆ ਕਰੇ। ਸਿੱਖ ਦੇਵੀਆਂ ਜਾਂ ਅਵਤਾਰਾਂ ਦੇ ਪੂਜਕ ਨਹੀਂ ਸਗੋਂ ਇੱਕ ਅਕਾਲ ਦੇ ਪੁਜਾਰੀ ਹਨ। ਸੋ ਪ੍ਰਬੰਧਕ ਸਹਿਬਾਨ ਅਤੇ ਗੁਰ-ਸੰਗਤ ਜੀ! ਇਨ੍ਹਾਂ ਲੰਬੇ ਚੋਲੇ ਵਾਲਿਆਂ ਡੇਰੇਦਾਰ-ਸੰਪ੍ਰਦਾਈਆਂ ਨੂੰ ਸਿੱਖੀ ਨੂੰ ਭਗਵਾਕਰਨ ਕਰਨ ਤੋਂ ਰੋਕੋ ਨਹੀਂ ਤਾਂ ਇਹ ਲੋਕ ਸਮੁੱਚੀ ਬਾਣੀ ਦੀ ਵੇਦਾਂਤੀ ਵਿਆਖਿਆ ਕਰ ਦੇਣਗੇ ਜੋ ਗੁਰਸਿੱਖਾਂ ਨੂੰ ਕਲਪਿਤ, ਕਰਮਕਾਂਡੀ ਵਹਿਮਾਂ-ਭਰਮਾਂ ਦੇ ਬ੍ਰਾਹਮਣਵਾਦ ਰੂਪ ਖਾਰੇ ਸਮੁੰਦਰ ਵੱਲ ਧਕੇਲ ਦੇਵੇਗੀ। ਸੋ ਗੁਰਸਿੱਖੋ! ਆਪ ਵੀ ਵਿਚਾਰਵਾਦੀ ਬਣੋ ਨਿਰਾ ਕਲਪਿਤ ਕੰਨ-ਰਸੀ ਕਥਾ ਕਹਾਣੀਆਂ ਸੁਣਨ ਦੇ ਹੀ ਆਦੀ ਹੀ ਨਾਂ ਬਣੇ ਰਹੋ। ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮੱਤਿ ਬਖਸ਼ੇ, ਬੋਲੋ ਭਾਈ ਵਾਹਿਗੁਰੂ! ! !

Sunday, June 20, 2010

ਕੁੜੀ ਮਾਰ

ਤਰਲੋਚਨ ਸਿੰਘ ਦੁਪਾਲਪੁਰ —
ਕੁੜੀ ਮਾਰ

ਬਰਸਾਤਾਂ ਦੇ ਮੌਸਮ ਵਿਚ ਆਲੇ ਦੁਆਲੇ ਫਸਲਾਂ ਹੋਣ ਕਾਰਨ ਸਾਡੇ ਘਰ ਦੇ ਬਾਹਰ ਖੁੱਲ੍ਹੇ ਵਿਹੜੇ ਵਿਚ ਸੱਪ ਬਹੁਤ ਆ ਜਾਂਦੇ ਸਨ। ਦਿਖਾਈ ਦਿੰਦਿਆਂ ਸਾਰ ਅਸੀਂ ‘ਸੱਪ ਉਏ-ਸੱਪ ਉਏ’ ਕਰਦਿਆਂ ਅਸਮਾਨ ਸਿਰ ‘ਤੇ ਚੁੱਕ ਲੈਣਾ। ਆਪਣੇ ਗੁਵਾਂਢ ‘ਚ ਰਹਿੰਦੇ ਚੌਧਰੀ ਨੂੰ ਅਸੀਂ ਝੱਟ ਵਾਜਾਂ ਮਾਰਨੀਆਂ- “ਵੀਰਾ, ਲਾਠੀ ਲੈ ਕੇ ਆਈਂ ਛੇਤੀ, ਸਾਡੇ ਵਿਹੜੇ ਵਿਚ ਸੱਪ ਫਿਰਦਾ ਐ!’’ ਅੱਗਿਉਂ ਉਸਨੇ ‘ਲੈ ਮੈਂ ਆਇਆ’ ਕਹਿ ਕੇ, ਸੱਪ ਦਾ ਧਿਆਨ ਰੱਖਣ ਲਈ ਸਾਨੂੰ ਅਲਰਟ ਕਰ ਦੇਣਾ, ਪਰ ਚੌਧਰੀ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਰੌਲਾ ਸੁਣ ਕੇ ਹੋਰ ਲਾਗ-ਪਾਸ ਦੇ ਗੁਆਂਢੀਆਂ ਨੇ ਲਾਠੀਆਂ ਚੁੱਕੀ ਸਾਡੇ ਵਿਹੜੇ ਪਹੁੰਚ ਜਾਣਾ। ਉਨ੍ਹਾਂ ਵਲੋਂ ਸੱਪ ਮਾਰੇ ਜਾਣ ਤੇ ਬਾਅਦ ਚੌਧਰੀ ਨੇ ਹੱਥਾਂ ਨੂੰ ਥੁੱਕ ਲਾ ਲਾ ਡਾਂਗ ਉਲਾਰਦਿਆਂ ‘ਹਟੋ ਪਰੇ….ਕਿੱਥੇ ਆ ਸੱਪ?’ ਕਹਿੰਦੇ ਨੇ ਭੱਜਿਆ ਆਉਣਾ। ਵਿਸੁ ਘੋਲ ਰਹੇ ਅਧਮੋਏ ਸੱਪ ਦੀ ਪੂਛ ਉੱਪਰ ਜ਼ੋਰ ਜ਼ੋਰ ਕੇ ਲਾਠੀਆਂ ਮਾਰਦਿਆਂ ਉਸ ਨੇ ਉੱਚੀ ਉੱਚੀ ਆਖੀ ਜਾਣਾ- “ਹਾਲੇ ਨੀਂ ਮਰਿਆ-ਹਾਲੇ ਨੀਂ ਮਰਿਆ।’’
ਜੇ ਦੂਸਰੇ ਗੁਆਂਢੀਆਂ ਦੇ ਆਉਂਦਿਆਂ- ਕਰਦਿਆਂ ਸੱਪ ਇੱਧਰ-ਉੱਧਰ ਵਗ ਜਾਂਦਾ, ਤਾਂ ਫੇਰ ਚੌਧਰੀ ਨੇ ਪੁਲੀਸ ਦੇ ਖੋਜੀ ਕੁੱਤਿਆਂ ਵਾਂਗ, ਸਾਡੇ ਵਿਹੜੇ ‘ਚ ਆਲੇ ਦੁਆਲੇ ਗੇੜਾ ਮਾਰ ਕੇ, ਧਰਤੀ ਉੱਪਰ ਪਈਆਂ ਘਾਸਾਂ ਜਿਹੀਆਂ ਨੂੰ ਬੜੇ ਗਹੁ ਨਾਲ ਤਾੜਦਿਆਂ ਕਹਿਣਾ- “ਆਹ ਦੇਖੋ ਸੱਪ ਦੀਆਂ ਪੈੜਾਂ!’’ ਇੰਜ ਕਹਿ ਕੇ ਉਸ ਨੇ ਬੜਾ ‘ਫੁਰਤੀਲਾ’ ਬਣਦਿਆਂ ਹੋਇਆਂ, ਆਪਣੀ ਲਾਠੀ ਐਵੇਂ, ਖੁੱਡਾਂ ਵਿਚ ਘਸੋਈ ਜਾਣੀ। ਕਹਿਣ ਦਾ ਭਾਵ, ਦੋਹਾਂ ਹਾਲਤਾਂ ਵਿਚ, ਸੱਪ ਉਸ ਤੋਂ ਕਦੀ ਵੀ ਨਹੀਂ ਸੀ ਮਰਿਆ।
ਲੇਕਿਨ ਸੱਪ ਦੇ ਜਾਣ ਤੋਂ ਬਾਅਦ ਉਸ ਦੀ ਲਕੀਰ ਨੂੰ ਲਾਠੀ ਨਾਲ ਕੁੱਟਣਾ-ਮਾਰਨਾ, ਚੌਧਰੀ ਆਪਣਾ ‘ਪ੍ਰਥਮ ਫਰਜ਼’ ਸਮਝਦਾ ਸੀ। ਇਹ ਵੱਖਰੀ ਗੱਲ ਸੀ ਕਿ ਸਾਡਾ ਸਾਰਾ ਮਹੱਲਾ ਉਹਦੀ ਇਸ ਵਾਦੀ ਉੱਤੇ ਵਿਅੰਗ ਕੱਸਦਾ ਰਹਿੰਦਾ ਹੁੰਦਾ ਸੀ, ਪ੍ਰੰਤੂ ਚੌਧਰੀ ਹਮੇਸ਼ਾ ‘ਲਕੀਰ ਦਾ ਫਕੀਰ’ ਬਣਿਆ ਰਹਿੰਦਾ।
ਦੇਖਿਆ ਜਾਵੇ ਤਾਂ ਉਕਤ ਚੌਧਰੀ ਵਾਲਾ ਗੁਣ, ਸਾਡੇ ਪੰਜਾਬੀਆਂ ਦੇ ਜੀਨਜ਼ ਵਿਚ ਰਚਿਆ ਹੋਇਆ ਹੈ। ਸਾਡੇ ਸਮਾਜ ਦੀ ਇਹ ‘ਸਿਫਤ’ ਕੁਝ ਜਿ਼ਆਦਾ ਹੀ ਪ੍ਰਸਿੱਧ ਹੋ ਚੁੱਕੀ ਹੈ ਕਿ ਅਸੀਂ ਕਿਸੇ ਹੋਈ-ਬੀਤੀ ਘਟਨਾ ਦੇ ਅਸਲ ਕਾਰਨਾਂ ਨੂੰ ਵਾਚਣ ਦੀ ਥਾਂ, ਆਮ ਰਟੀ ਰਟਾਈ ਭਾਸ਼ਾ ਬੜੀ ਜਲਦੀ ਵਰਤਣ ਲੱਗ ਪੈਂਦੇ ਹਾਂ। ਕਿਸੇ ਅਮਾਨਵੀ ਵਰਤਾਰੇ ਬਾਬਤ ਜੇ ਦੋ ਚਾਰ ਮੋਹਰੀ ਸੱਜਣ, ਇਕ ਖ਼ਾਸ ਵਿਅਕਤੀ ਨੂੰ ਕਸੂਰਵਾਰ ਆਖ ਦੇਣ, ਬੱਸ ਫਿਰ ਦੇਖਾ ਦੇਖੀ ਸਾਰੀ ਭੀੜ ਉੱਚੀ ਬੋਲੀ ਬੋਲਦਿਆਂ ਆਪਣਾ ‘ਫਤਵਾ’ ਉਸੇ ਇਕ ਵਿਅਕਤੀ ਵਿਰੁਧ ਜਾਰੀ ਕਰੀ ਜਾਂਦੀ ਹੈ। ਜੇ ਕੋਈ ਸਿਆਣੀ ਆਵਾਜ਼ ਇਹ ਪੁੱਛਣ ਦਾ ਹੀਆ ਕਰੇ ਕਿ ਆਉ ਆਪਾਂ ‘ਕੁਲੱਛਣੀਆਂ ਘਟਨਾਵਾਂ’ ਦੇ ਦੂਸਰੇ ਕਾਰਨਾਂ ਬਾਬਤ ਵੀ ਵਿਚਾਰ ਕਰੀਏ, ਤਾਂ ਐਸੀ ਆਵਾਜ਼ ਨੂੰ, ਬਾਕੀ ਦੇ ਸਾਰੇ ਜਣੇ ਘੂਰ-ਘੱਪ ਕੇ ਚੁੱਪ ਕਰਾਉਣ ਲਈ ਪੱਬਾਂ ਭਾਰ ਹੁੰਦਿਆਂ ਕੁੱਦ ਕੁੱਦ ਪੈਂਦੇ ਹਨ।
ਐਸੀ ਇਕ ਤਾਜ਼ੀ ਮਿਸਾਲ ਸਾਹਮਣੇ ਆਈ ਹੈ ਜੋ ਮਿਸੀਸਾਗਾ (ਕੈਨੇਡਾ) ਨਾਲ ਸਬੰਧਤ ਹੈ। ਉੱਥੇ ਇਕ ਪੰਜਾਬੀ ਸਿੱਖ ਪਰਿਵਾਰ ਦੀ ਨੌਜਵਾਨ ਨੂੰਹ, ਬੀਬੀ ਅਮਨਦੀਪ ਕੌਰ, ਕਤਲੋਗਾਰਤ ਦੀ ਘਟਨਾ ਵਿਚ ਮਾਰੀ ਜਾ ਚੁੱਕੀ ਹੈ। ਮੀਡੀਏ ਦੀ ਜਾਣਕਾਰੀ ਮੁਤਾਬਕ ਇਸ ਨਿਭਾਗਣ ਲੜਕੀ ਦੇ ਕਤਲ ਪਿੱਛੇ ਉਸ ਦੇ ਸਹੁਰੇ ਦਾ ਹੱਥ ਮੰਨਿਆ ਜਾ ਰਿਹਾ ਹੈ।
ਇਸ ਦਰਦਨਾਕ-ਕਾਂਡ ਦੇ ਪਿਛੋਕੜ ਵਿਚ ਕੋਈ ਨਵੀਂ ਕਹਾਣੀ ਨਹੀਂ, ਸਗੋਂ ਉਹੀ ਪੁਰਾਣੀ ‘ਦਾਜ ਵਾਲੀ ਭੁੱਖ’ ਜਾਂ ਸਮਝੋ ਕਿ ਮੁੰਡੇ ਵਾਲਿਆਂ ਵਲੋਂ ਕੁੜੀ ਦੇ ਪਰਿਵਾਰ ਨੂੰ ਕੁੰਡੀ ‘ਚ ਫਸੀ ਹੋਈ ਮੱਛੀ ਮੰਨਣ ਵਾਲੀ ਮੰਦਭਾਗੀ ਬਿਰਤੀ ਹੀ ਕੰਮ ਕਰਦੀ ਜਾਪਦੀ ਹੈ। ਅਮਨਦੀਪ ਦੇ ਕਤਲ ਨੂੰ, ਲੁੱਟ ਖੋਹ ਦੀ ਵਾਰਦਾਤ ਸਮੇਂ ਹੋਈ ‘ਮੌਤ’ ਦਰਸਾਉਣ ਲਈ ਸਹੁਰਾ ਕਹੇ ਜਾਂਦੇ ਵਿਅਕਤੀ ਨੇ ਸਟੰਟ ਰਚਿਆ, ਪਰ ਅਸਲੀਅਤ ਸਾਹਮਣੇ ਆ ਰਹੀ ਹੈ। ਇਸ ਬਦਨਸੀਬ ਕੁੜੀ ਦਾ ਇਕੋ ਇਕ ਮਾਸੂਮ ਬੇਟਾ ਪੰਜਾਬ ਵਿਚ ਆਪਣੇ ਨਾਨਕਿਆਂ ਦੇ ਘਰੇ ਪਲ ਰਿਹਾ ਹੈ।
ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਅਭਾਗੀ ਕੁੜੀ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਸਥਾਨਕ ਪੰਜਾਬੀਆਂ ਨੇ, ਕਾਤਲ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਅਤੇ ਇਸ ਮੌਕੇ ਮਰਨ ਵਾਲੀ ਲੜਕੀ ਦੇ ਪੰਜਾਬ ਤੋਂ ਆਏ ਮਾਂ-ਬਾਪ ਅਤੇ ਛੋਟੀ ਭੈਣ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿੱਤਾ। ਹੋਰ ਲੋਕਾਂ ਨੂੰ ਵੀ ਦੁਖੀ-ਪਰਿਵਾਰ ਦੀ ਮਦਦ ਕਰਨ ਲਈ ਅਪੀਲਾਂ ਕੀਤੀਆਂ ਗਈਆਂ। ਦੱਸਿਆ ਗਿਆ ਕਿ ਇਸ ਸਮੇਂ ਅਮਨਦੀਪ ਦੇ ਮਾਂ ਬਾਪ ਨੇ ਹੰਝੂ ਕੇਰਦਿਆਂ ਆਪਣੀ ਬੇਟੀ ਦੇ ਲਾਲਚੀ ਸਹੁਰਾ ਪਰਿਵਾਰ ਦੀਆਂ ਕਮੀਨਗੀਆਂ ਬਿਆਨਦਿਆਂ ਆਖਿਆ ਕਿ ਉਨ੍ਹਾਂ ਨੇ ‘ਕੁੜਮਾਂ ਦੀ ਮੰਗ’ ਅਨੁਸਾਰ ‘ਸ਼ਾਹਾਨਾ ਢੰਗ’ ਨਾਲ ਵਿਆਹ ਕੀਤਾ। ਕੁੜੀ (ਅਮਨਦੀਪ) ਕੈਨੇਡਾ ਪਹੁੰਚਣ ਤੋਂ ਬਾਅਦ ਫਿਰ ਉਨ੍ਹਾਂ ਅੱਗੇ ਵੀਹ ਲੱਖ ਰੁਪਏ ਦੀ ਮੰਗ ਹੋਰ ਰੱਖ ਦਿੱਤੀ, ਜੋ ਅਮਨਦੀਪ ਦੇ ਮਾਪਿਆਂ ਨੇ ਪੂਰੀ ਕਰ ਦਿੱਤੀ। ਅਜਿਹੀਆਂ ਭੁੱਖ ਖਿਲਾਰਨ ਵਾਲੀਆਂ ਡਿੱਗੀਆਂ ਗੱਲਾਂ ਸੁਣ ਸੁਣ ਕੇ ਸਾਰੇ ਲੋਕਾਂ ਨੇ ਮੁੱਕ ਚੁੱਕੀ ਕੁੜੀ ਦੇ ਸਹੁਰਿਆਂ ਨੂੰ ਰੱਜ ਕੇ ਲਾਹਣਤਾਂ ਪਾਈਆਂ।
ਇਹੋ ਜਿਹੇ ਮਰੀ ਜ਼ਮੀਰ ਵਾਲੇ ਲਾਹਣਤੀਆਂ ਨੂੰ ਦਬੱਲ ਕੇ ਥੂਹ ਥੂਹ ਹੋਣੀ ਚਾਹੀਦੀ ਹੈ, ਪ੍ਰੰਤੂ ਇਸ ਮੌਕੇ ਤਸਵੀਰ ਦਾ ਦੂਸਰਾ ਪਾਸਾ ਜ਼ਰਾ ਜਿੰਨਾ ਵੀ ਦੇਖਣ ਦੀ ਕੋਸਿ਼ਸ਼ ਨਹੀਂ ਕੀਤੀ ਜਾਂਦੀ। ਹਰ ਕੋਈ ਇਕੋ ਇਕ ਧਿਰ ਵਿਚ ਸੁੰਡੀਆਂ ਕੱਢਣ ਲਗ ਜਾਂਦਾ ਹੈ, ਪਰ ਇਕ ਅਖਬਾਰ ਮੁਤਾਬਕ ਅਮਨਦੀਪ ਕੌਰ ਦੀ ਅੰਤਿਮ-ਅਰਦਾਸ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਨੇ, ਇਸ ਅਤਿ-ਦੁਖਦਾਈ ਕਾਂਡ ਦਾ ਇਕ ਮਹੱਤਵਪੂਰਨ ਪਹਿਲੂ ਉਠਾਉਂਦਿਆਂ ਹੋਇਆਂ, ਕੁਝ ਕੌੜੀਆਂ ਸੱਚਾਈਆਂ ਬਿਆਨ ਕੀਤੀਆਂ। ਕਿਸੇ ਸੂਝਵਾਨ ਬੁਲਾਰੇ ਦੇ ਇਹ ਸ਼ਬਦ ਪੜੋ-
‘‘….ਕਮਿਕਰ ਸਿੰਘ ਢਿੱਲੋਂ (ਅਮਨਦੀਪ ਦਾ ਕਥਿਤ ਕਾਤਲ ਸਹੁਰਾ) ਉੱਤੇ ਕਤਲ ਦੇ ਦੋਸ਼ ਲੱਗੇ ਹਨ ਤੇ ਉਹ ਕਥਿਤ ਤੌਰ ‘ਤੇ ਦਾਜ ਦਾ ਲੋਭੀ ਐਲਾਨਿਆ ਗਿਆ ਹੈ। ਇਸ ਮਾਮਲੇ ਬਾਰੇ ਫੈਸਲਾ ਅਦਾਲਤ ਕਰੇਗੀ। ਪਰ ਜਿਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਅਮਨਦੀਪ ਕੌਰ ਆਪਣੇ ਸਹੁਰਾ ਪਰਿਵਾਰ ਵਿਚ ਵਧੀਆ ਤੇ ਸੁਖੀ ਜੀਵਨ ਨਹੀਂ ਬਤੀਤ ਕਰ ਰਹੀ ਤੇ ਉਹ ਪਲ ਪਲ ਮਰ ਰਹੀ ਸੀ, ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਕੌਣ ਦਵੇਗਾ?…ਜਿਨ੍ਹਾਂ ਮਾਪਿਆਂ ਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਸਾਡੇ ਕੁੜਮਾਂ ਨੂੰ ਸਾਡੀ ਧੀ ਨਹੀਂ, ਸਗੋਂ ਦਹੇਜ ਚਾਹੀਦਾ ਹੈ ਤਾਂ ਫਿਰ ਉਹ ਕਿਉਂ ਆਪਦੀਆਂ ਕੁੜੀਆਂ ਨੂੰ ਬੇ-ਰਹਿਮ ਕਸਾਈਆਂ ਕੋਲ ਤੋਰਦੇ ਹਨ? ਪੰਜਾਬ ‘ਚ ਵਸਦੇ ਰਸਦੇ ਮਾਪਿਆਂ ਦੀ ਕੈਨੇਡਾ ਆਉਣ ਦੀ ਇੱਛਾ, ਕਿੰਨੀਆਂ ਕੁ ਧੀਆਂ ਦੀ ਬਲੀ ਲੈਂਦੀ ਰਹੇਗੀ?…ਉਹ ਕਿਹੜੀ ‘ਮਜਬੂਰੀ’ ਸੀ, ਜਿਹਦੇ ਕਰਕੇ ਅਮਨਦੀਪ ਕੌਰ ਦੇ ਮਾਪਿਆਂ ਨੇ ਸਿਰੇ ਦੇ ਲਾਲਚੀ ਕੁੜਮਾਂ ਨੂੰ ਵਿਆਹ ਤੋਂ ਬਾਅਦ ਵੀ ਵੀਹ ਲੱਖ ਰੁਪਈਆ ਪੰਜਾਬ ਤੋਂ ‘ਕੱਠਾ ਕਰਕੇ ਭੇਜ ਦਿੱਤਾ ਸੀ?’’
ਕੈਨੇਡੀਅਨ ਜੰਮਪਲ ਇਕ ਹੋਰ ਨੌਜਵਾਨ ਬੀਬੀ ਦੀ ਵੇਦਨਾ ਸੁਣੋ- “…ਸ਼ਾਇਦ ਕੈਨੇਡਾ ਬੈਠੀਆਂ ਦੁਖਿਆਰਨ ਧੀਆਂ ਦੀ ਆਵਾਜ਼ ਨੂੰ ਪੰਜਾਬ ਵਾਸੀ ਅਣਗੌਲਿਆ ਕਰਨ, ਇਸ ਲਈ ਮ੍ਰਿਤਕ ਅਮਨਦੀਪ ਦੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਪਰਤ ਕੇ ਪੰਜਾਬੀਆਂ ਦੇ ਗੁੰਗੇ-ਬੋਲੇ ਕੰਨਾਂ ਵਿਚ, ਇਹ ਕਰੁਣਾ ਭਰੀ ਆਵਾਜ਼ ਪਾਉਣ ਕਿ ਕੈਨੇਡਾ-ਅਮਰੀਕਾ ਜਾਣ ਦੇ ਲਾਲਚ ਵਿਚ, ਅੱਖਾਂ ਮੀਚ ਮੀਚ ਕੇ ਆਪਦੀਆਂ ਧੀਆਂ-ਧਿਆਣੀਆਂ ਦੀ ਕੁਰਬਾਨੀ ਨਾ ਦੇਵੋ।
ਭਲਾ ਇਹ ਸਾਰੀਆਂ ਗੱਲਾਂ, ਉਨ੍ਹਾਂ ਭਦਰਪੁਰਸ਼ਾਂ ਦੀ ਖਲੜੀ ‘ਤੇ ਕੋਈ ਅਸਰ ਪਾਉਣਗੀਆਂ, ਜਿਹੜੇ ਕੈਨੇਡਾ-ਅਮਰੀਕਾ ਦੀ ਝਾਕ ਵਿਚ, ਆਪਣੀਆਂ ਅਲ੍ਹੜ ਜਿਹੀਆਂ ਧੀਆਂ ਨੂੰ, ਬਿਨਾਂ ਕੋਈ ਪੁੱਛ ਪੜਤਾਲ ਕੀਤਿਆਂ, ਲਾਲਚੀ ਕੁੱਤਿਆਂ ਦੀਆਂ ਪੂਛਾਂ ਨਾਲ ਨੂੜ ਦਿੰਦੇ ਨੇ? ਨੀਤ ਦੇ ਭੁੱਖਿਆਂ ਦਾ ਮੂੰਹ ਕਿੰਨਾ ਕੁ ਚਿਰ ਸੋਨੇ ਅਤੇ ਰੁਪਈਆਂ ਨਾਲ ਭਰਿਆ ਜਾ ਸਕਦਾ ਹੈ? ਸਾਡਾ ਪੰਜਾਬ ਕਿੰਨਾ ਕੁ ਚਿਰ ‘ਬਾਹਰਲੇ ਮੁੰਡਿਆਂ’ ਲਈ ‘ਮੰਡੀ’ ਬਣਿਆ ਰਹੇਗਾ। ਜਿਵੇਂ ਅੱਗ ਦਾ ਇਕ ਚੰਗਿਆੜਾ, ਸੈਂਕੜੇ ਮਣ ਲੱਕੜਾਂ ਦੇ ਢੇਰ ਨੂੰ ਸਾੜ ਕੇ ਰਾਖ ਬਣਾ ਦਿੰਦਾ ਹੈ, ਇਵੇਂ ਹੀ ਇਸ ਕੁਲਹਿਣੇ-ਔਗੁਣ ਨੇ, ਪੰਜਾਬੀ ਕੌਮ ਦੀਆਂ ਸਾਰੀਆਂ ਖੂਬੀਆਂ ਦੀ ਸੁਆਹ ਬਣਾ ਦਿੱਤੀ ਹੋਈ ਹੈ। ਅਸੀਂ ਡੀਂਗਾਂ ਮਾਰੀ ਜਾਂਦੇ ਹਾਂ….ਅਸੀਂ ਜੀ ਲੰਗਰ ਚਲਾਉਂਦੇ ਹਾਂ! ….ਸਾਡੇ ਗੁਰਦੁਆਰੇ ਬੜੇ ਆਲੀਸ਼ਾਨ ਹਨ!….ਸਾਡਾ ਸੰਗੀਤ ਅੰਤਰ ਰਾਸ਼ਟਰੀ ਪੱਧਰ ‘ਤੇ ਧੁੂਮਾਂ ਪਾ ਰਿਹੈ।….ਅਸੀਂ ਵਿਦੇਸ਼ਾਂ ‘ਚ ਬਹੁਤ ‘ਮੱਲਾਂ’ ਮਾਰੀਆਂ… ਪਰ ਜਦ ਕੋਈ ਕਮਿੱਕਰ ਸਿਹੁੰ ਨੂੰਹ ਨੂੰ ਚਾਕੂ ਮਾਰ ਕੇ ਲਹੂ-ਲੁਹਾਣ ਕਰ ਦਿੰਦਾ ਹੈ, ਫਿਰ ਵਿਚੇ ਈ ਅਣਿਆਈ ਮੌਤੇ ਮਰ ਚੁੱਕੀ ਨੂੰਹ ਧੀ ਦੇ ਮਾਪਿਆਂ ਸਮੇਤ ਅਸੀਂ ਸਾਰੇ, ਲੰਘ ਚੁੱਕੇ ਸੱਪ ਦੀ ਲਕੀਰ ਉੱਪਰ ਬੇ-ਤਹਾਸ਼ਾ ਲਾਠੀਆਂ ਚਲਾਉਂਦੇ ਹਾਂ।….ਫੇਰ ਹਰੇਕ ਜਣਾ ‘ਸੋ ਕਿਉਂ ਮੰਦਾ ਆਖੀਐ’ ਦਾ ਸਲੋਕ ਉੱਚੀ ਆਵਾਜ਼ ਕੱਢ ਕੇ ਸੁਣਾਉਂਦਾ ਹੈ! ਫੰਡ ਇਕੱਠਾ ਕਰਨ ਦੀਆਂ ਜਜ਼ਬਾਤੀ ਅਪੀਲਾਂ ਕੀਤੀਆਂ ਜਾਂਦੀਆਂ ਹਨ!!!… ਕੁਝ ਦਿਨਾਂ, ਹਫਤਿਆਂ ਬਾਅਦ ਕੋਈ ਹੋਰ ਬਦਨਸੀਬ ‘ਅਮਨਦੀਪ’ ਆਪਣੇ ਮਾਪੇ ਪਰਿਵਾਰ ਦੇ ਵਿਦੇਸ਼ ਆਉਣ ਦੇ ਚਾਅ ਨੂੰ ਅੱਧ-ਵਾਟੇ ਛੱਡ ਜਾਂਦੀ ਹੈ।
ਵਿਦੇਸ਼ੀ ਰਿਸ਼ਤੇ ਕਰਨੇ ਕੋਈ ਗੁਨਾਹ ਨਹੀਂ ਹੈ, ਪਰ ਬੰਦੇ-ਕੁਬੰਦੇ ਦੀ ਪਰਖ ਕਰਨੀ ਤਾਂ ਜ਼ਰੂਰੀ ਹੈ। ਜਿਵੇਂ ਮੈਂ ਉਪਰੋਕਤ ਕਾਂਡ ਨਾਲ ਸਬੰਧਤ ਪਿੰਡਾਂ ਦੇ ਇਕ ਪਰਵਾਸੀ ਭਰਾ ਨੂੰ ਫੋਨ ਕਰਕੇ ਵਿਸਥਾਰ ਜਾਨਣਾ ਚਾਹਿਆ। ਉਸ ਦਾ ਜਵਾਬ ਸੁਣ ਲਉ: ‘‘ਭਾਈ ਸਾਹਿਬ, ਬਾਕੀ ਗੱਲਾਂ ਛੱਡੋ, ਮੈਂ ਤਾਂ ਇਹ ਪੜ੍ਹ ਕੇ ਹੈਰਾਨ ਹੋ ਗਿਆ ਕਿ ਉਸ……ਟੇ ਨੂੰ ਕਿਸ ਭੜੂਏ ਨੇ ਇੰਨੀ ਸੋਹਣੀ ਕੁੜੀ ਦਿੱਤੀ ਹੋਈ ਸੀ?’’
ਇਸ ਗਿਲਾਨੀ ਭਰੇ ਪੱਖ ਤੋਂ ਆਪਣੀ ਕੌਮ ਬਾਰੇ ਸੋਚਦਿਆਂ ਦਿਲ ਵਿਚ ਘ੍ਰਿਣਾ ਪੈਦਾ ਹੁੰਦੀ ਹੈ। ਵਿਦੇਸ਼ੀ ਰਿਸ਼ਤੇ ਕਰਨ ਲਈ, ਪੰਜਾਬੀਆਂ ਵਲੋਂ ਵੇਲੇ ਜਾਂਦੇ ਬੇ-ਸ਼ਰਮ ਪਾਪੜ ਤੇ ਬੇ-ਹਯਾ ਕਿੱਸਿਆਂ ਦਾ, ਭਨਿਆਰੇ ਵਾਲੇ ਸਾਧ ਦੇ ਬਣਾਏ ‘ਭਵ-ਸਾਗਰ ਗ੍ਰੰਥ’ ਜਿੱਡਾ ਪੋਥਾ ਬਣ ਸਕਦਾ ਹੈ। ਇਨ੍ਹਾਂ ਵਿਚ ਕਈ ਐਸੀਆਂ ‘ਗੁੱਝੀਆਂ ਜਾਣਕਾਰੀਆਂ’ ਹਨ, ਜਿਨ੍ਹਾਂ ਨੂੰ ਲਿਖਤ ‘ਚ ਪ੍ਰਗਟਾਉਣ ਲੱਗਿਆਂ ਖੁਦ ਨੂੰ ਸ਼ਰਮ ਆਉਣ ਲੱਗ ਪੈਂਦੀ ਹੈ।
ਪਿੱਛੇ ਜਿਹੇ ਕਟਾਰਾ ਨਾਂ ਦੇ ਇਕ ਸੂਰ-ਮੂੰਹੇ ਜਿਹੇ ਭਾਜਪਾਈ ਐਮ.ਪੀ. ਨਾਲ ‘ਦੋ ਨੰਬਰ’ ਵਿਚ ਕੈਨੇਡਾ ਆ ਰਹੀ ਪੰਜਾਬੀਆਂ ਦੀ ਨੌਜਵਾਨ ਨੂੰਹ ਫੜੀ ਗਈ ਸੀ। ਉਦੋਂ ਅਧਖੜ੍ਹ ਉਮਰ ਦੇ ਕਟਾਰੇ ਦੇ ਪਟਾਰੇ ਵਿਚੋਂ ਹੋਰ ਸਮਾਨ ਦੇ ਨਾਲ-ਨਾਲ, ਕਾਮ-ਤਾਕਤ-ਵਧਾਊ ਕੈਪਸੂਲ ਵੀ ਬਰਾਮਦ ਹੋਏ ਸਨ। ਲੰਡਨ ਦੇ ਬਾਜ਼ਾਰਾਂ ਵਿਚ ਕੋਈ ਪੰਜਾਬਣ ਆਪਣਾ ਚੰਦ ਜਿਹਾ ਪੁੱਤ ਅਣਵਾਲਾ ਛੱਡ ਕੇ ਦੌੜੀ ਫਿਰਦੀ ਹੈ। ਜੂੜੀ ‘ਤੇ ਚਿੱਟਾ ਰੁਮਾਲ ਬੰਨ੍ਹੀ ਫਿਰਦੇ ਸੋਹਣੇ-ਸੁਨੱਖੇ ਕਾਕੇ ਦੇ, ਯੂ.ਕੇ. ਦੀ ਪੁਲਿਸ ਡੀ.ਐਨ.ਏ. ਟੈਸਟ ਕਰਕੇ ਉਸਦੇ ਮਾਪਿਆਂ (ਅਸਲ ‘ਚ ਕਲਯੁਗੀ ਮਾਪਿਆਂ!) ਦਾ ਖੁਰਾ ਖੋਜਾ ਲੱਭ ਰਹੀ ਹੈ।
ਪੰਜਾਬ ਵਿਚ ਅਸੀਂ ਅਣਜੰਮੀਆਂ ਧੀਆਂ ਦੇ ਆਹੂ ਲਾਹ ਲਾਹ ਕੇ ਨਵੇਂ ਰਿਕਾਰਡ ਬਣਾ ਛੱਡੇ ਨੇ। ਬਾਹਰੋਂ ਆਏ ਬੁੱਢੜ-ਗੱਭਰੂਆਂ ਨੂੰ ਅਸੀਂ ਸੋਲ੍ਹਾਂ ਸੋਲ੍ਹਾਂ ਸਾਲਾਂ ਦੀਆਂ ਧੀਆਂ ਫੜਾਉਣ ਤੋਂ ਸੰਗ ਨਹੀਂ ਕਰਦੇ। ਦੋ ਪੈਰ ਘੱਟ ਪਰ ‘ਮੜਕ ਨਾਲ’ ਤੁਰਨ ਵਾਲੇ ਪੰਜਾਬੀ ਕਿਹੜੇ ਅਕਾਸ਼ਾਂ ‘ਚ ਅਲੋਪ ਹੋ ਗਏ? ਅਣਿਆਈ ਮੌਤੇ ਮਰਨ ਵਾਲੀਆਂ ਧੀਆਂ ਲਈ ਨੰਗੇ ਧੜ ਲੜਨ ਵਾਲੇ ਬਾਈ ਰਾਮੂਵਾਲੀਏ ਨੂੰ ਅਸੀਂ ਸਿਰਫ ਆਪਣਾ ‘ਚੌਕੀਦਾਰ’ ਸਮਝਿਆ ਹੋਇਐ! ਇਸ ਮਾਮਲੇ ਵਿਚ ਜੇ ਅਸੀਂ ਨਾ ਹੋਸ਼ ਕੀਤੀ, ਅੰਤਰ-ਆਤਮੇ ਨਾ ਝਾਤੀ ਮਾਰੀ, ਤਾਂ ਸਾਰੀ ਦੁਨੀਆਂ ਸਾਨੂੰ ‘ਕੁੜੀ ਮਾਰਾਂ ਦਾ ਕਬੀਲਾ’ ਕਹਿਣ ਲੱਗ ਪਵੇਗੀ। ਉਹ ਹੂੜ ਮਾਰ ਕਬੀਲਾ, ਜਿਹੜਾ ਸਾਡੇ ਪਿੰਡ ਦੇ ਚੌਧਰੀ ਵਾਂਗ, ਮਰੇ ਹੋਏ ਸੱਪ ਦੇ ਜਾਂ ਸੱਪ ਦੀ ਘਾਸ ਨੂੰ ਲਾਠੀਆਂ ਮਾਰ ਮਾਰ ਕੁੱਟੀ ਜਾਂਦਾ ਹੈ!

ਸਿੱਖ ਪਰਿਵਾਰ ਦੇ ਪੁੱਤਰ

ਤਰਲੋਚਨ ਸਿੰਘ ਦੁਪਾਲਪੁਰ —
ਸਿੱਖ ਪਰਿਵਾਰ ਦੇ ਪੁੱਤਰ

ਹਥਲੀ ਲਿਖਤ ਪੜ੍ਹਨ ਤੋਂ ਬਾਅਦ, ਪਾਠਕ ਸਾਹਿਬਾਨ ਦੀ ਕਿਸੇ ਸੰਭਾਵੀ ‘ਟਿੱਚਰ’ ਦਾ ਸਮਾਧਾਨ, ਪਹਿਲੋਂ ਹੀ ਮੈਂ ਰਮਾਇਣ ਦੇ ਇਕ ਪ੍ਰਸੰਗ ਨਾਲ ਕਰਨਾ ਚਾਹੁੰਦਾ ਹਾਂ, ਤਾਂ ਕਿ ਇਹ ਨਾ ਹੋਵੇ ਕਿ ਮੇਰੇ ਦੋਸਤ ਮੇਰੇ ‘ਤੇ ਵਿਅੰਗ ਕੱਸਣ ਕਿ ਮੈਂ ਹਲਦੀ ਦੀ ਇਕ-ਅਧ ਗੱਠੀ ਲੱਭ ਪੈਣ ‘ਤੇ ਪੰਸਾਰੀ ਬਣਿਆਂ ਹੋਣ ਦਾ ਭਰਮ ਪਾਲ ਰਿਹਾ ਹਾਂ। ਜਦਕਿ ਅਸਲੀਅਤ ਇਹ ਹੈ ਕਿ ਮੈਂ ਹਲਦੀ ਦੀ ਕੋਈ ‘ਗੱਠੀ’ ਲੱਭ ਪੈਣ ਦਾ ਦਾਅਵਾ ਵੀ ਨਹੀਂ ਕਰਦਾ। ਉਪਕਾਰਾਂ ਦੀ ਗੰਗਾ ਵਗਾਉਣ ਵਾਲਿਆਂ ਮੋਹਰੇ, ਤ੍ਰੇਲ-ਤੁਪਕੇ ਜਿੰਨਾ ਪਾਣੀ ਕਿਸੇ ਦੇ ਮੂੰਹ ‘ਚ ਪਾਉਣ ਵਾਲੇ ਦੀ ਕੀ ਔਕਾਤ ਹੋ ਸਕਦੀ ਹੈ? ਪਰ ਹਾਂ ਕਿਸੇ ਦੇ ਹਿਰਦੇ ਦੀਆਂ ਡੂੰਘਾਈਆਂ ‘ਚੋਂ ਨਿਕਲ ਰਹੀਆਂ ਅਸੀਸਾਂ ਦੁਆਵਾਂ ਸੁਣ ਕੇ ਫਖ਼ਰ ਜਿਹਾ ਜ਼ਰੂਰ ਹੁੰਦਾ ਹੈ। ਇਸੇ ਫਖ਼ਰ ਵਿਚੋਂ ਭਵਿੱਖ ਲਈ ਕੁਝ ਹੋਰ ਕਰ ਗੁਜ਼ਰਨ ਦੀ ਤਮੰਨਾ ਪੈਦਾ ਹੁੰਦੀ ਹੈ। ਸੁਣਿਆ ਹੈ ਕਿ ਜਦੋਂ ਰਾਵਣ ਦੇ ਬਾਗ ਦੀ ਕੈਦ ਵਿਚੋਂ ਮਾਤਾ ਸੀਤਾ ਨੂੰ ਵਾਪਸ ਲੈ ਆਉਣ ਲਈ, ਭਗਵਾਨ ਰਾਮ ਆਪਣੀ ਵਾਨਰ-ਸੈਨਾ ਦੀ ਮਦਦ ਨਾਲ, ਲੰਕਾ ਵਲ ਵਧਣ ਲਈ ਸਮੁੰਦਰ ‘ਤੇ ਪੁਲ ਤਿਆਰ ਕਰ ਰਹੇ ਸਨ, ਤਾਂ ਉੱਥੇ ਇਕ ਗੁਲਹਿਰੀ ਵੀ ‘ਕਾਰ-ਸੇਵਾ’ ਵਿਚ ਹਿੱਸਾ ਪਾ ਰਹੀ ਸੀ। ਹੋਰ ਸਾਰੇ ਨਰ-ਨਾਰੀ ਜਿੱਥੇ ਵੱਡੇ ਪੱਥਰ ਆਦਿਕ ਚੁੱਕ ਚੁੱਕ ਕੇ ਬੀੜ ਰਹੇ ਸਨ, ਉੱਥੇ ਗੁਲਹਿਰੀ ਵਿਚਾਰੀ ਪਹਿਲਾਂ ਦੌੜ ਕੇ ਪਾਣੀ ‘ਚ ਵੜ ਕੇ ਆਪਣੇ ਆਪ ਨੂੰ ਭਿਉਂਦੀ। ਫਿਰ ਆਪਣੇ ਸਰੀਰ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਲਿਬੇੜਦੀ। ਭੱਜ ਕੇ ਪੁਲ ਵਾਲੀ ਜਗ੍ਹਾ ਪਹੁੰਚ ਕੇ ਸਰੀਰ ਨੂੰ ਛੰਡ ਕੇ ਆਪਣੇ ਨਾਲ ਲੱਗੀ ਮਿੱਟੀ ਝਾੜ ਆਉਂਦੀ। ਕਿਸੇ ਹੋਰ ਸੇਵਕ ਨੇ ਮਖੌਲ ਕੀਤਾ।
‘‘ਵਾਹ! ਤੇਰੀ ਇਸ ਭੋਰਾ-ਭਰ ਮਿੱਟੀ ਨਾਲ ਪੁਲ ਬਹੁਤ ਜਲਦੀ ਬਣ ਜਾਏਗਾ!!’’
‘‘ਮੇਰੇ ਭਰਾ…..” ਗੁਲਹਿਰੀ ਨੇ ਮੋਹਰਿਉਂ ਜਵਾਬ ਦਿੰਦੇ ਹੋਏ ਆਖਿਆ- “ਪੁਲ ਬਣਾਉਣ ਦਾ ਤਾਂ ਮੈਂ ਦਾਅਵਾ ਨਹੀਂ ਕਰਦੀ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੇ ਭਗਵਾਨ ਰਾਮ ਦੇ ਹੁਕਮ ਮੁਤਾਬਕ ਕਾਰ-ਸੇਵਾ ਵਿਚ ਜੁੱਟੀ ਹੋਈ ਹਾਂ।’’ ਅਮਰੀਕਨ ਪੰਜਾਬੀ ਪ੍ਰਿੰਟ ਮੀਡੀਏ ਦੀ ਸਿਰਕੱਢ ਅਖਬਾਰ ‘ਪੰਜਾਬ ਟਾਈਮਜ਼’ ਵਿਚ, ਪਿਛਲੇ ਸਾਢੇ ਕੁ ਚਾਰ ਸਾਲ ਤੋਂ ‘ਲਿਖਤੁਮ’ ਕਾਲਮ ਲਗਾਤਾਰ ਲਿਖਦਾ ਆ ਰਿਹਾ ਹਾਂ। ਗਾਹੇ-ਬਗਾਹੇ ਕਿਸੇ ਸਥਾਨਕ ਸਮਾਗਮਾਂ/ਗਤੀਵਿਧੀਆਂ ਦੀ ਲੋੜ ਅਨੁਸਾਰ ‘ਰਿਪੋਰਟਿੰਗ’ ਵੀ ਕਰਦਾ ਹਾਂ। ਕਦੇ ਕਦਾਈਂ ਕੋਈ ਆਰਟੀਕਲ ਦਿਲਚਸਪ ਜਾਂ ਵਧੀਆ ਲਿਖਿਆ ਜਾਂਦਾ ਹੈ। ਜਿਸ ਨੂੰ ਪਾਠਕ ਵੀਰ ਖੂਬ ਪਸੰਦ ਕਰਦੇ ਹਨ। ਪਾਠਕਾਂ ਵਲੋਂ ਮਿਲਦੀ ਪਰਤਵੀਂ ਪ੍ਰਸੰਸਾਂ ਤੋਂ ਹੀ ਕਿਸੇ ਲਿਖਤ ਦੀ ਮਕਬੂਲੀਅਤ ਦਾ ਅਹਿਸਾਸ ਹੁੰਦਾ ਹੈ। ਅਜਿਹਾ ਹੀ ਦਿਲ ਖਿਚਵਾਂ ਇਕ ਲੇਖ ‘ਪੰਜਾਬ ਟਾਈਮਜ਼’ ਦੇ ਮਿਤੀ 12 ਅਪ੍ਰੈਲ 2008 ਵਾਲੇ ਅੰਕ ਵਿਚ ਛਪਿਆ ਸੀ, ਜਿਸ ਦਾ ਅਨੁਵਾਨ ਸੀ-ਕੇਸ, ਕਕਾਰ ਅਤੇ ਕੇਸਗੜ੍ਹ ਸਾਹਿਬ। ਇਸ ਨਾਚੀਜ਼ ਵਾਸਤੇ ਇਹ ਗੱਲ ਵੀ ਕਾਬਲੇ-ਫ਼ਖਰ ਹੈ ਕਿ ਮੇਰੇ ਇਨ੍ਹਾਂ ਲੇਖਾਂ ਨੂੰ ਪੰਜਾਬ ਸਮੇਤ, ਦੂਸਰੇ ਦੇਸ਼ਾਂ ਵਿਚ ਛਪਣ ਵਾਲੀਆਂ ਪੰਜਾਬੀ ਅਖ਼ਬਾਰਾਂ ਵੀ ਵੱਡੀ ਚਾਹਤ ਨਾਲ ਛਾਪਦੀਆਂ ਹਨ। ਕਹਿਣ ਦਾ ਭਾਵ ਕਿ ਉਪਰੋਕਤ ਲੇਖ, ਚੰਡੀਗੜ੍ਹ ਤੋਂ ਛਪਦੀ ਬਹੁ ਚਰਚਿਤ ਰੋਜ਼ਾਨਾ ਅਖ਼ਬਾਰ ‘ਸਪੋਕਸਮੈਨ’ ਦੇ 9 ਅਗਸਤ 2008 ਵਾਲੇ ਅੰਕ ਵਿਚ ਵੀ ਛਪਿਆ। ਇਹੀ ਲੇਖ ਭਾਵੇਂ ਆਸਟ੍ਰੇਲੀਆ, ਇੰਗਲੈਂਡ ਅਤੇ ਕੈਨੇਡਾ ਵਿਚ ਵੀ ਛਪਿਆ, ਪ੍ਰੰਤੂ ‘ਰੋਜ਼ਾਨਾ ਸਪੋਕਸਮੈਨ’ ਦੇ ਇਕ ਪਾਠਕ ਪਰਿਵਾਰ ਨੇ ਇਸ ਤਹਿਰੀਰ ਤੋਂ ਕਿਵੇਂ ਅਤੇ ਕਿਤਨੀ ਪ੍ਰੇਰਣਾ ਲਈ, ਉਸ ਨੂੰ ਸ਼ਬਦੀ-ਜਾਮਾ ਪਹਿਨਾਉਣ ਦਾ ਅੱਗੇ ਯਤਨ ਕਰ ਰਿਹਾ ਹਾਂ।
ਪਿਛਲੇ ਸਾਲ 9 ਅਗਸਤ ਤੋਂ ਪੌਣੇ ਕੁ ਛੇ ਮਹੀਨੇ ਬਾਅਦ 25 ਜਨਵਰੀ 2009 ਵਾਲੇ ‘ਰੋਜ਼ਾਨਾ ਸਪੋਕਸਮੈਨ’ ਦੇ ਐਡੀਟੋਰੀਅਲ ਸਫੇ ‘ਤੇ ਇਕ ‘ਮਿਡਲ’ ਛਪਿਆ। ਇਸ ਨੂੰ ਲਿਖਣ ਵਾਲੀ ਸੀ ‘ਕਮਲ ਨਰਸਿੰਗ ਹੋਮ ਰੋਪੜ’ ਦੀ ਬੀਬੀ ਹਰਪਿੰਦਰ ਕੌਰ ‘ਡਿੰਪਲ’- ਇਸ ਸੁਘੜ-ਸਿਆਣੀ ਧੀ ਰਾਣੀ ਦੇ ਦਿਲ ਦੀਆਂ ਗਹਿਰਾਈਆਂ ‘ਚੋਂ ਨਿਕਲੇ ਹੋਏ ਮੋਹ-ਭਿੱਜੇ ਸ਼ਬਦਾਂ ਦੀ ਲੜੀ ਦੇ ਕੁਝ ਅੰਸ਼ ਦੁਹਰਾਅ ਰਿਹਾ ਹਾਂ। ਜੋ ਕਿ ਉਕਤ ਅਖ਼ਬਾਰ ਵਿਚ ‘….ਇਕ ਲੇਖ ਨੇ ਮੇਰੇ ਘਰ ਦਾ ਨਕਸ਼ਾ ਬਦਲਿਆ!’ ਦੇ ਸਿਰਲੇਖ ਅਧੀਨ ਛਪੇ ਹੋਏ ਹਨ- ‘‘…..ਮੈਂ ਬਹੁਤ ਹੀ ਭਾਵੁਕ ਮਨ ਨਾਲ ਆਪ ਜੀ ਨੂੰ ਇਹ ਪੱਤਰ ਲਿਖਣ ਲੱਗੀ ਹਾਂ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਉਹ ਸ਼ਬਦ ਕਿੱਥੋਂ ਲੱਭਾਂ, ਜਿਨ੍ਹਾਂ ਨਾਲ ਮੈਂ ਆਪਦੇ ਅਖ਼ਬਾਰ ਅਤੇ ਆਪਣੇ ਪਿਤਾ ਸਮਾਨ ਲੇਖਕ ਸ. ਤਰਲੋਚਨ ਸਿੰਘ ਜੀ ਦਾ ਧੰਨਵਾਦ ਕਰ ਸਕਾਂ। ਧੰਨਵਾਦ ਕਰਨ ਦਾ ਕਾਰਨ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਅਤੀਤ ਬਾਰੇ ਦੱਸਣਾ ਚਾਹੁੰਦੀ ਹਾਂ।
ਮੇਰਾ ਵਿਆਹ ਹੋਏ ਨੂੰ ਸਵਾ ਕੁ ਦੋ ਸਾਲ ਹੋ ਚੁੱਕੇ ਹਨ। ਮੇਰੇ ਪਤੀ ਨਾਮਵਰ ਗੀਤਕਾਰ ‘ਰੋਮੀ ਘੜਾਮੇ ਵਾਲਾ’ (ਅਸਲ ਨਾਂ ਗੁਰਬਿੰਦਰ ਸਿੰਘ) ਹੁਣ ਰੋਜ਼ ਹੀ ਸ਼ਰਾਬ ਦਾ ਸੇਵਨ ਕਰਦੇ ਸਨ। ਬੇਸ਼ੱਕ ਉਨ੍ਹਾਂ ਸ਼ਰਾਬ ਪੀ ਕੇ ਮੈਨੂੰ ਅੱਜ ਤੱਕ ਵਧ-ਘੱਟ ਨਹੀਂ ਬੋਲਿਆ ਅਤੇ ਨਾ ਹੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਹੋਣ ਦਿੱਤੀ ਹੈ। ਪਰ ਹਰ ਰੋਜ਼ ਸ਼ਾਮ ਵੇਲੇ ਉਨ੍ਹਾਂ ਨੂੰ ਸ਼ਰਾਬ ਪੀਂਦਿਆਂ ਦੇਖ ਕੇ, ਮੈਨੂੰ ਹਰ ਸਮੇਂ ਇਹ ਧੁੜਕੂ ਲੱਗਿਆ ਰਹਿੰਦਾ ਸੀ ਕਿ ਜੇਕਰ ਨਿੱਤ ਦੀ ਸ਼ਰਾਬ ਕਾਰਨ, ਇਨ੍ਹਾਂ ਨੂੰ ਕੋਈ ਬੀਮਾਰੀ ਲੱਗ ਗਈ ਜਾਂ ਕੁਝ ਹੋਰ ਹੋ ਗਿਆ ਤਾਂ ਪਿੱਛੋਂ ਸਾਡਾ ਕੀ ਬਣੂੰ? ਮੈਂ ਇਨ੍ਹਾਂ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸਿ਼ਸ਼ ਵੀ ਕੀਤੀ ਕਿ ਤੁਸੀਂ ਇੰਨੇ ਵਧੀਆ ਸਿੱਖ ਪਰਿਵਾਰ ਦੇ ਪੁੱਤਰ ਹੋ ਕੇ ਸ਼ਰਾਬ ਵੀ ਪੀਂਦੇ ਹੋ ਤੇ ਦਾਹੜੀ ਕੇਸ ਵੀ ਕਟਵਾ ਰੱਖੇ ਨੇ।
ਪਰ ਉਨ੍ਹਾਂ ਦਾ ਇਕ ਹੀ ਜਵਾਬ ਹੁੰਦਾ- “ਦੇਖ ਡਿੰਪਲ, ਆਪਣਾ ਕੰਮ ਕਿੰਨਾ ਟੈਨਸ਼ਨ ਭਰਿਆ ਹੈ। ਸਾਰਾ ਦਿਨ ਦੀ ਨੱਸ-ਭਜਾਈ ‘ਚ ਸਿਰ ਦੁੱਖਣ ਲੱਗ ਪੈਂਦਾ ਏ…ਨੀਂਦ ਵੀ ਨਹੀਂ ਆਉਂਦੀ….ਬਾਕੀ ਰਹੀ ਗੱਲ ਦਾਹੜੀ ਕਟਵਾਉਣ ਦੀ, ਭਲੀਏ ਲੋਕੇ, ਇਹਨੂੰ ਵਧਾ ਕੇ ਕਿਹੜਾ ਅੰਬ ਲੱਗ ਜਾਣੇ ਨੇ…।’’ ਇਹੋ ਜਿਹਾ ਜਵਾਬ ਸੁਣ ਕੇ ਮੈਂ ਵੀ ਕੁਝ ਨਾ ਬੋਲਦੀ। ਕਿਉਂਕਿ ਮੈਂ ਸੋਚਦੀ ਸਾਂ ਕਿ ਕਿਤੇ ਗੁੱਸੇ ‘ਚ ਆ ਕੇ ਜਿ਼ਆਦਾ ਪੀਣੀ ਨਾ ਸ਼ੁਰੂ ਕਰ ਦੇਣ!….ਸੱਚ ਜਾਣਿਉਂ 9 ਅਗਸਤ 2008 ਦਿਨ ਸ਼ਨਿਚਰਵਾਰ ਵਾਲਾ ‘ਰੋਜ਼ਾਨਾ ਸਪੋਕਸਮੈਨ’ ਮੇਰੇ ਅਤੇ ਮੇਰੇ ਪਰਿਵਾਰ ਲਈ ਰੱਬ ਬਣ ਕੇ ਬਹੁੜਿਆ। ਮੇਰੇ ਪਤੀ ਰੋਜ਼ ਵਾਂਗ ਉਸ ਦਿਨ ਪੇਪਰ ਪੜ੍ਹ ਰਹੇ ਸਨ। ਨੌਂ ਅਗਸਤ 2008 ਦੇ ਅਖ਼ਬਾਰ ਵਿਚ ਸ. ਤਰਲੋਚਨ ਸਿੰਘ ‘ਦੁਪਾਲਪੁਰ’ ਹੋਰਾਂ ਦਾ ਲਿਖਿਆ ਲੇਖ- ‘ਕੇਸ, ਕਕਾਰ ਅਤੇ ਕੇਸਗੜ੍ਹ ਸਾਹਿਬ’ ਉਨ੍ਹਾਂ ਪੜ੍ਹਿਆ ਤਾਂ ਮੈਨੂੰ ਬੁਲਾ ਕੇ ਕਹਿਣ ਲੱਗੇ-
‘‘ਡਿੰਪਲ ਅੱਜ ਮੈਨੂੰ ਆਪਣਾ ਆਪ ਕੁਝ ਗਲਤ ਜਿਹਾ ਮਹਿਸੂਸ ਹੋ ਰਿਹਾ ਹੈ!’’
ਮੈਂ ਕਾਰਨ ਪੁੱਛਿਆ ਤਾਂ ਉਨ੍ਹਾਂ ਮੈਨੂੰ ਲੇਖ ਪੜ੍ਹਨ ਲਈ ਕਿਹਾ। ਮੈਂ ਵੀ ਲੇਖ ਪੜ੍ਹ ਕੇ, ਇਸ ਦੇ ਹੱਕ ਵਿਚ ਹੋ ਕੇ ਕਿਹਾ- “ਫਿਰ ਠੀਕ ਈ ਕਿਹਾ ਹੈ ਦੁਪਾਲਪੁਰੀ ਸਾਹਿਬ ਨੇ!’’ ਉਸੇ ਦਿਨ ਤੋਂ ਮੇਰੇ ਪਤੀ ਨੇ ਸ਼ਰਾਬ ਨਾ ਪੀਣ ਅਤੇ ਸਾਬਤ ਸੂਰਤਿ ਸਿੱਖ ਬਣਨ ਦਾ ਨਿਸ਼ਚਾ ਧਾਰ ਲਿਆ। ਦੁਪਾਲਪੁਰ ਜੀ ਅਤੇ ਸਪੋਕਸਮੈਨ ਦੀ ਕ੍ਰਿਪਾ ਨਾਲ ਮੇਰਾ ਪਤੀ ਸਰਦਾਰ ਅਤੇ ਵੈਸ਼ਨੋ (ਭਾਵ ਸ਼ਰਾਬ ਤੋਂ ਰਹਿਤ) ਬਣ ਚੁੱਕਿਆ ਹੈ। ਮੈਂ ਆਪ ਜੀ ਨੂੰ ਆਪਣੇ ਪਤੀ ਦੀ ਅੱਠ ਮਹੀਨੇ ਪੁਰਾਣੀ ਫੋਟੋ ਅਤੇ ਇਕ ਹੁਣ ਦੀ ਤਾਜ਼ਾ ਫੋਟੋ ਭੇਜ ਰਹੀ ਹਾਂ। ਤਾਂ ਕਿ ਕੋਈ ਹੋਰ ਨੌਜਵਾਨ ਵੀ ਇਨ੍ਹਾਂ ਤਸਵੀਰਾਂ ਵਿਚਲੇ ਫਰਕ ਵੇਖ ਕੇ ਸਾਬਤ-ਸੂਰਤਿ ਬਣਨ ਦਾ ਮਨ ਬਣਾ ਸਕੇ। ਆਪ ਨੂੰ ਇਕ ਬੇਨਤੀ ਹੋਰ ਕਰਨੀ ਚਾਹਾਂਗੀ ਕਿ ‘ਕੇਸ, ਕਕਾਰ ਅਤੇ ਕੇਸ ਗੜ੍ਹ ਸਾਹਿਬ’ ਵਰਗੇ ਲੇਖ ਕੁਝ ਕੁਝ ਵਕਫੇ ਬਾਅਦ ਲਗਾਤਾਰ ਛਾਪੇ ਜਾਣ…।’’
ਕਿਸੇ ਲੇਖਕ ਦੀ ਕੋਈ ਕਿਰਤ ਪੜ੍ਹ ਕੇ ਇਹੋ ਜਿਹਾ ਪ੍ਰਤੀਕਰਮ ਸਾਹਮਣੇ ਆਵੇ ਤਾਂ ਇਸ ਦੀ ਖੁਸ਼ੀ ਨੂੰ ਕੋਈ ਲਿਖਾਰੀ ਹੀ ਸਮਝ ਸਕਦਾ ਹੈ। ਖਾਸ ਕਰਕੇ ਵਰਤਮਾਨ ਸਮੇਂ, ਜਦੋਂ ਸਭ ਪਾਸੇ ‘ਕੰਨ-ਰਸ’ ਅਤੇ ‘ਅੱਖ-ਰਸ’ ਦਾ ਹੀ ਬੋਲ ਬਾਲਾ ਹੋਵੇ। ਜਿੱਥੇ ਕੋਈ ਨਸੀਹਤ ਜਾਂ ਸਿੱਖਿਆ ਲੈਣ ਦੀ ਬਜਾਏ ਸਿਰਫ ‘ਮਨੋਰੰਜਨ’ ਹੀ ਪ੍ਰਧਾਨ ਹੋਵੇ। ਇੱਥੇ ਨਿਊਯਾਰਕ ਦਾ ਇਕ ਵਾਕਿਆ ਲਿਖਣਾ ਵੀ ਗੈਰ ਪ੍ਰਸੰਗਕ ਨਹੀਂ ਹੋਵੇਗਾ। ਉੱਥੇ ਦੀ ਇਕ ਪ੍ਰਸਿੱਧ ਧਾਰਮਿਕ ਜਥੇਬੰਦੀ ਨੇ ਫੈਸਲਾ ਕੀਤਾ ਕਿ ਉੱਘੇ ਕਥਾ-ਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਭਰੇ ਇਕੱਠ ਵਿਚ ਗਿਆਨੀ ਅਮਰੀਕ ਸਿੰਘ ਜੀ ਨੇ ਇਕ ਬੇ-ਬਾਕ ਟਿੱਪਣੀ ਇੰਜ ਕੀਤੀ-
‘ਭਰਾਵੋ, ਮੈਂ ਇੱਥੇ ਕਈ ਹਫਤੇ ਲਗਾਤਾਰ ਕਥਾ ਕੀਤੀ ਹੈ। ਤੁਸੀਂ ਮੇਰਾ ‘ਸਨਮਾਨ’ ਕਰ ਰਹੇ ਹੋ, ਧੰਨਵਾਦ! ਪ੍ਰੰਤੂ ਕਿੰਨਾ ਚੰਗਾ ਹੁੰਦਾ ਅਗਰ ਕੋਈ ਇਕ ਸ੍ਰੋਤਾ ਵੀ ਮੈਨੂੰ ਬਾਂਹ ਕੱਢ ਕੇ ਕਹਿੰਦਾ ਕਿ ਗਿਆਨੀ ਜੀ ਮੈਂ ਆਪ ਦੀ ਕਥਾ ਸੁਣ ਕੇ ਆਪਣਾ ਫਲਾਣਾ ਔਗੁਣ ਤਿਆਗ ਦਿੱਤਾ ਹੈ…ਜਾਂ ਮੈਂ ਮਨ ਦੀ ਮਤਿ ਛੱਡ ਕੇ ਗੁਰ-ਮਤਿ ਧਾਰਨ ਕਰ ਲਈ ਹੈ! ਐਸਾ ਕੋਈ ਸ੍ਰੋਤਾ, ਜੇ ਮੇਰੇ ਗਲ਼ ਵਿਚ ਜੁੱਤੀਆਂ ਦਾ ਹਾਰ ਵੀ ਪਾ ਦੇਵੇ, ਮੈਂ ਉਸ ਨੂੰ ਹੀਰਿਆਂ ਦੀ ਮਾਲਾ ਸਮਝ ਲਵਾਂਗਾ!’’ ਮੁੱਕਦੀ ਗੱਲ, ਰੋਪੜ ਵਾਲੀ ਬੀਬਾ ਹਰਪਿੰਦਰ ਕੌਰ ‘ਡਿੰਪਲ’ ਦੇ ਘਰ ਵਾਲੇ ਸ੍ਰੀ ਰੋਮੀ ਘੜਾਮੇ ਵਾਲਾ (ਹੁਣ ਸਰਦਾਰ ਗੁਰਬਿੰਦਰ ਸਿੰਘ!) ਦੀ ਕੁਝ ਦਿਨ ਪਹਿਲਾਂ ਆਈ ‘ਈ-ਮੇਲ’ ਚਿੱਠੀ ਪੜ੍ਹ ਕੇ, ਮੈਂ ਹੋਰ ਵੀ ਹੈਰਾਨ ਹੋ ਗਿਆ! ਉਸ ਨੇ ਲਿਖਿਆ ਕਿ ਮੈਂ ਤਰਕਸ਼ੀਲ ਭਰਾਵਾਂ ਦਾ ਸਾਹਿਤ ਪੜ ਪੜ ਕੇ ਨਾਸਤਕ ਬਣ ਚੁੱਕਿਆ ਸਾਂ। ਪਰ ਮੈਨੂੰ ਹੁਣ ਸਮਝ ਲੱਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ, ਸਾਨੂੰ ਤਰਕਸ਼ੀਲ ਦੀ ਥਾਂ ‘ਵਿਵੇਕਸ਼ੀਲ’ ਬਣਾਉਂਦੀ ਹੈ। ਹੁਣ ਮੈਂ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ਼ਾਂ ਤੋਂ ਰਹਿਤ ਹੋ ਕੇ ਗੁਰੂ ਦਾ ਬਿਬੇਕ ਬੁੱਧ ਸਿੱਖ ਬਣ ਕੇ ਬਾਕੀ ਦੀ ਜਿ਼ੰਦਗੀ ਜੀਵਾਂਗਾ। ਹੋਰ ਤਾਂ ਹੋਰ ਉਸ ਨੇ ਮੈਨੂੰ ਵੀ ‘ਅਕਲ’ ਦਿੱਤੀ ਹੈ। ‘‘…ਤੁਸੀਂ ਆਹ ਬਾਦਲਾਂ-ਸ਼ਾਦਲਾਂ ਬਾਰੇ ਬਹੁਤੀ ਕਲਮ ਨਾ ਚਲਾਇਆ ਕਰੋ। ਇਥੋਂ ਕਾਰੂੰ ਬਾਦਸ਼ਾਹ ਵਰਗੇ ਹੋ ਕੇ ਚਲੇ ਗਏ…ਹਜ਼ਾਰਾਂ ਆਏ, ਲੱਖਾਂ ਚਲੇ ਗਏ…ਪਰ ਗੁਰੂ ਦਾ ਫਲਸਫਾ ਅੱਟਲ-ਅਡੋਲ ਹੈ। ਜਿਸ ਤੋਂ ਅੱਜ ਗੁਰੂ ਦੇ ਸਿੱਖ ਹੀ ਮੂੰਹ ਮੋੜ ਰਹੇ ਹਨ।…ਤੁਸੀਂ ਮੇਰੇ ਵਰਗੇ ਸਿੱਖਾਂ ਦੇ ਘਰ ਜਨਮੇ ਹੋਏ, ਪਰ ਔਝੜੇ ਪਿਆਂ ਹੋਇਆਂ ਨੂੰ ਗੁਰੂ ਦਾ ਰਾਹ ਦਿਖਾਇਆ ਕਰੋ!’’ ਮੈਨੂੰ ‘ਬਾਪੂ ਜੀ’ ਕਹਿ ਕੇ ਸੰਬੋਧਨ ਕੀਤੀ ਹੋਈ ਚਿੱਠੀ ਵਿਚ ਉਸ ਨੇ ਹੋਰ ਵੀ ਬਹੁਤ ਸਾਰੀਆਂ ਅਰਥ-ਭਰਪੂਰ ਗੱਲਾਂ ਲਿਖੀਆਂ ਹੋਈਆਂ ਹਨ, ਪਰ ਮੈਂ ਵਿਸਥਾਰ ਦੇ ਡਰੋਂ ਇੱਥੇ ਨਹੀਂ ਲਿਖ ਰਿਹਾ। ਚਿੱਠੀ ਦੀ ਸਮਾਪਤੀ ਉੱਤੇ ਉਸ ਨੇ ਲਿਖਿਆ ਹੈ- ‘ਆਪ ਦਾ ਸੁਧਰਿਆ ਹੋਇਆ ਪੁੱਤਰ ਗੁਰਬਿੰਦਰ ਸਿੰਘ ‘ਰੋਮੀ’ ਰੋਪੜ ਫੋਨ ਨੰ.-94639-31624 ਅਤੇ 94171-21134
ਅੰਤਿਕਾ-ਮੇਰੀਆਂ ਲਿਖਤਾਂ ਪੜ੍ਹ ਕੇ ਕਈ ਪਾਠਕ ਮੈਨੂੰ ਕੱਟੜ ਜਿਹਾ ਸਮਝਣ ਦਾ ਭੁਲੇਖਾ ਖਾ ਲੈਂਦੇ ਨੇ। ਜਦਕਿ ਅਜਿਹਾ ਨਹੀਂ ਹੈ। ਮੇਰੇ ਗੂੜ੍ਹੇ ਮਿੱਤਰਾਂ ਵਿਚ ਕਾਮਰੇਡ, ਹਿੰਦੂ, ਨਾਸਤਕ, ਮੁਸਲਿਮ ਬੋਧੀ ਅਤੇ ਇਸਾਈ ਆਦਿ ਸਭ ਸ਼ਾਮਲ ਹਨ। ਮੈਂ ਕਿਸੇ ‘ਤੇ ਵੀ ਆਪਣੇ ਵਿਚਾਰ ਥੋਪਦਾ ਨਹੀਂ। ਮੈਂ ਆਪਣੇ ਮੂੰਹੋਂ ਕਿਸੇ ਕਲੀਨ ਸ਼ੇਵਨ ਵੀਰ ਨੂੰ ‘ਸਰਦਾਰ’ ਬਣਨ ਲਈ ਵੀ ਨਹੀਂ ਆਖਦਾ। ਨਾ ਹੀ ਮੈਂ ਕੇਸ-ਧਾਰੀਆਂ ਨੂੰ ‘ਬਹੁਤ ਹੀ ਚੰਗੇ’ ਜਾਂ ਗੈਰ ਕੇਸਾਂ ਵਾਲਿਆਂ ਨੂੰ ਕਿਸੇ ਗੱਲੋਂ ਬੁਰੇ ਸਮਝਦਾ ਹਾਂ। ਮੈਨੂੰ ਇਹ ਵੀ ਗਿਆਤ ਹੈ ਕਿ ਸਿਰਫ ਕੇਸ-ਧਾਰੀ ਹੋ ਜਾਣਾ ਹੀ ‘ਸਿੱਖੀ’ ਨਹੀਂ, ਸਿੱਖੀ ਨੂੰ ਅਮਲ ਵਿਚ ਲਿਆਉਣਾ ਅਤਿ ਜ਼ਰੂਰੀ ਹੈ। ਕੌਣ ਚੰਗਾ, ਕੌਣ ਮਾੜਾ? ਇਸ ਦਾ ਫੈਸਲਾ ਤਾਂ ਅਕਾਲ ਪੁਰਖ ਨੇ ਹੀ ਕਰਨਾ ਹੈ।
ਫਿਰ ਵੀ, ਜਦ ਮੈਂ ਨੀਲੇ ਦੇ ਸ਼ਾਹ ਅਸਵਾਰ ਪੰਥ ਦੇ ਬਾਪੂ, ਬਾਜਾਂ ਵਾਲੇ ਮਾਹੀ ਦੀ ਜਿ਼ੰਦਗੀ ਬਾਰੇ ਸੋਚਦਾਂ…ਆਪਣਾ ਸ਼ਾਹੀ ਮਹਲਾਂ ਵਰਗਾ ਘਰ-ਘਾਟ ਛੱਡ ਕੇ, ਹਰ ਤਰ੍ਹਾਂ ਦੇ ਸੁਖ ਆਰਾਮ, ਸ਼ਾਹਾਨਾ ਜਿ਼ੰਦਗੀ ਤਿਆਗ ਕੇ, ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ ਝੱਲਦਾ ਹੋਇਆ, ਉਹ ਬੇ-ਤਾਜ ਹੋ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲ ਗਾਹੁੰਦਾ ਹੋਇਆ, ਆਪਣੇ ਜਿਗਰ ਦੇ ਟੁਕੜਿਆਂ ਨੂੰ ਸ਼ਹਾਦਤਾਂ ਦੇ ਰਾਹ ਪਾ ਕੇ ਆਪਣੀ ਬਿਰਧ ਮਾਤਾ ਨੂੰ ਰੱਬ ਆਸਰੇ ਛੱਡ ਕੇ, ਲੱਖੀ ਜੰਗਲ ਵਿਚ ਜੁੜੇ ਖਾਲਸੇ ਨੂੰ ਆਪਣੇ ‘ਹਜ਼ਾਰਾਂ ਪੁੱਤਰ’ ਕਹਿ ਕੇ ਆਪਣੀਆਂ ਜਵਾਨ ਉਮਰ ਸੁਪਤਨੀਆਂ ਨੂੰ ਰਹਿੰਦੀ ਜਿ਼ੰਦਗੀ ਪੇਕਿਆਂ ਘਰੇ ਬਿਤਾਉਣ ਦਾ ਆਦੇਸ਼ ਦੇ ਕੇ, ਉਹ ਵੈਰਾਗ, ਉਦਾਸ ਤੇ ਹਉਕੇ ਭਰਦੇ ਪੰਜਾਬ ਨੂੰ ਧੀਰਜ ਦਿੰਦਾ ਹੋਇਆ, ਗੁਦਾਵਰੀ ਦੇ ਕੰਢੇ ਬੈਠੇ ਕਿਸੇ ਬਾਬੇ ਨੂੰ ਮਿਲਣ ਲਈ, ਦੂਰ ਦੱਖਣ ਵਲ ਚਲਾ ਗਿਆ…ਆਖਰ ਕਾਹਦੇ ਲਈ ਉਹ ਮਾਹੀ ਨੇ ਐਡੇ ਜਫ਼ਰ ਜਾਲੇ?
…ਸਾਡੇ ਕੋਲੋਂ ਨਨਕਾਣਾ ਸਾਹਿਬ ਖੁੱਸਿਆ, ਅਸੀਂ ਆਪਣੀ ਅਰਦਾਸ ਵਿਚ ਸ਼ਬਦ ਜੋੜ ਲਏ- ‘ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੋ!’…ਪਰ ਹੁਣ ‘ਪੰਥ ਮਹਾਰਾਜ’ ਆਪਣੇ ਨਿਆਰੇ ਪਣ ਦੀ ਨਿਸ਼ਾਨੀ ‘ਕੇਸ ਗੜ੍ਹ ਸਾਹਿਬ’ ਤੋਂ ਆਪ ਹੀ ਮੂੰਹ ਮੋੜੀ ਫਿਰਦਾ ਹੈ!

ਜੇ ਭਲਾ

ਤਰਲੋਚਨ ਸਿੰਘ ਦੁਪਾਲਪੁਰ —
ਜੇ ਭਲਾ

ਨੇਪਾਲ ਦੇਸ਼ ਦੀ ਇਕ ਬੜੀ ਰੌਚਿਕ ਲੋਕ ਕਥਾ ਹੈ ਕਿ ਇਕ ਬੁੱਤ-ਘਾੜੇ ਨੇ ਬੁਢਾਪੇ ਦੀ ਉਮਰ ਵਿਚ, ਆਪਣੀ ਮੌਤ ਤੋਂ ਬਚਣ ਲਈ ਇਕ ਤਰਕੀਬ ਬਣਾਈ। ਉਸ ਨੇ ਹੂ-ਬ-ਹੂ ਆਪਣੇ ਚਿਹਰੇ-ਮੋਹਰੇ ਵਾਲੇ ਕਈ ਸਾਰੇ ਬੁੱਤ ਬਣਾ ਕੇ ਆਪਣੇ ਘਰ ਵਿਚ ਇਧਰ-ਉਧਰ ਟਿਕਾ ਦਿੱਤੇ। ਇਤਨੀ ਕਾਰੀਗਰੀ ਨਾਲ ਉਸ ਨੇ ਇਹ ਬੁੱਤ ਤਿਆਰ ਕੀਤੇ ਕਿ ਦੇਖਣ ਵਾਲਿਆਂ ਨੂੰ ਵੀ ਅਸਲ-ਨਕਲ ਦੀ ਪਹਿਚਾਣ ਨਾ ਰਹੀ। ਬੁੱਤ-ਘਾੜਾ ਜਦੋਂ ਕਿਤੇ ਇਨ੍ਹਾਂ ਬੁੱਤਾਂ ਵਿਚ ਟਿਕ ਕੇ ਬਹਿ ਜਾਂਦਾ ਤਾਂ ਉਸ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਂਦੀ। ਅਜਿਹਾ ਉਸ ਬੁੱਤ-ਘਾੜੇ ਨੇ ਇਹ ਸੋਚ ਕੇ ਕੀਤਾ ਸੀ ਕਿ ਜਦੋਂ ਮੌਤ ਦਾ ਫਰਿਸ਼ਤਾ ਉਸ ਨੂੰ ਲੈਣ ਆਵੇਗਾ ਤਾਂ ਉਹ ਵੀ ਸ਼ਸ਼ੋਪੰਜ ਵਿਚ ਪੈ ਜਾਏਗਾ ਕਿ ਇਨ੍ਹਾਂ ਵਿਚੋਂ ਮੈਂ ਕਿਸ ਨੂੰ ਲੈ ਕੇ ਜਾਵਾਂ? ਐਸਾ ਹੀ ਹੋਇਆ। ਜਦੋਂ ਬੁੱਤ-ਘਾੜੇ ਦਾ ਅੰਤ-ਕਾਲ ਆਇਆ, ਧਰਮ ਰਾਜ ਦੇ ਭੇਜੇ ਹੋਏ ਦੂਤ ਗੇੜਾ ਮਾਰ ਕੇ ਖਾਲੀ ਹੱਥੀਂ ਦਰਗਾਹ ‘ਚ ਜਾ ਪਹੁੰਚੇ। ਪੁੱਛਣ ‘ਤੇ ਉਨ੍ਹਾਂ ਧਰਮ ਰਾਜ ਨੂੰ ਪ੍ਰੇਸ਼ਾਨੀ ਦੱਸੀ ਕਿ ਉਥੇ ਤਾਂ ਕਈ ਬੁੱਤ-ਘਾੜੇ ਬੈਠੇ ਨੇ। ਅਸੀਂ ਕਿਸ ਨੂੰ ਲੈ ਕੇ ਆਈਏ? ਦੂਤਾਂ ਦੀ ਮੁਸ਼ਕਿਲ ਸੁਣ ਕੇ ਧਰਮ ਰਾਜ ਨੇ, ਅਸਲ ਬੁੱਤ-ਘਾੜਾ ਪਹਿਚਾਨਣ ਲਈ, ਉਨ੍ਹਾਂ ਨੂੰ ਇਕ ਸਕੀਮ ਦੱਸੀ। ਸਾਰੀ ਯੋਜਨਾ ਸਮਝਾ ਕੇ ਉਨ੍ਹਾਂ ਨੂੰ ਫਿਰ ਧਰਤੀ ‘ਤੇ ਭੇਜਿਆ ਗਿਆ।
ਧਰਮ ਰਾਜ ਦੀ ਦੱਸੀ ਤਰਕੀਬ ਅਨੁਸਾਰ ਮੌਤ ਦੇ ਫਰਿਸ਼ਤੇ ਬੁੱਤ-ਘਾੜੇ ਦੇ ਘਰ ਪਹੁੰਚ ਕੇ, ‘ਕੱਲੇ ‘ਕੱਲੇ ਬੁੱਤ ਕੋਲ ਖਲੋ ਕੇ ਉਸਨੂੰ ਨਿਹਾਰਨ ਲੱਗੇ। ਪੂਰੇ ਗਹੁ ਨਾਲ ਤੱਕਦਿਆਂ ਉਹ ਇਕ ਬੁੱਤ ਕੋਲ ਜਾ ਕੇ ਆਖਣ ਲੱਗੇ- ‘‘ਬਾਕੀ ਸਾਰੇ ਤਾਂ ਬਿਲਕੁਲ ਇਕੋ ਜਿਹੇ ਨੇ, ਕਿਸੇ ‘ਚ ਰਾਈ ਜਿੰਨਾ ਫਰਕ ਨਹੀਂ। ਪਰ ਅਹਿ ਬੁੱਤ ਬਣਾਉਣ ਵੇਲੇ ਬੁੱਤ-ਘਾੜਾ ਕਈ ਗਲਤੀਆਂ ਕਰ ਗਿਆ।’’
ਦੂਤਾਂ ਦੇ ਮੂੰਹੋਂ ਬੁੱਤ ਵਿਚ ਨੁਕਸ ਦੱਸਣ ਵਾਲੀ ਗੱਲ ਸੁਣਦਿਆਂ ਸਾਰ, ਬੁੱਤਾਂ ਵਿਚ ਬੁੱਤ ਬਣ ਕੇ ਬੈਠਾ ਬੁੱਤ-ਘਾੜਾ ਗੁੱਸੇ ‘ਚ ਆਉਂਦਿਆਂ ਬੋਲਿਆ- ‘‘ਤੁਸੀਂ ਕੌਣ ਹੁੰਦੇ ਹੋ ਮੇਰੀ ਕਲਾ-ਕ੍ਰਿਤ ਵਿਚ ਨੁਕਸ ਕੱਢਣ ਵਾਲੇ?….ਦੂਜਿਆਂ ਨਾਲੋਂ ਇਸ ਬੁੱਤ ਵਿਚ ਕਿਹੜਾ ਨੁਕਸ ਹੈ, ਮੈਨੂੰ ਦਿਖਾਉ ਤਾਂ ਜ਼ਰਾ?’’ ਉਹਦੇ ਬੋਲਣ ਦੀ ਦੇਰ ਸੀ ਕਿ ਦੂਤ ਝਪਟ ਕੇ ਉਸ ਨੂੰ ਪੈ ਗਏ। ਫਟਾਫਟ ਉਨ੍ਹਾਂ ਬੁੱਤ-ਘਾੜੇ ਦੀਆਂ ਮਸ਼ਕਾਂ ਬੰਨ੍ਹ ਲਈਆਂ ਅਤੇ ਲੈ ਤੁਰੇ ਉਸ ਨੂੰ ਰੱਬ ਦੀ ਦਰਗਾਹ ਵਲ ਨੂੰ!
ਇਸ ਲੋਕ-ਕਥਾ ਵਿਚਲੇ ਮੌਤ ਦੇ ਫਰਿਸ਼ਤੇ ਤਾਂ ਆਪਣੀ ‘ਆਈ’ ‘ਤੇ ਹੀ ਆ ਗਏ ਅਤੇ ਉਧਰੋਂ ਬੁੱਤ-ਘਾੜਾ ਵੀ ਆਪਣੀ ਜ਼ਰਾ ਜਿੰਨੀ ਅਲੋਚਨਾ ਸੁਣ ਕੇ ਤੈਸ਼ ‘ਚ ਆ ਗਿਆ। ਲੇਕਿਨ ਮੌਤ ਦੀ ‘ਟੈਲੀਗ੍ਰਾਮ’ ਲੈ ਕੇ ਆਉਣ ਵਾਲੇ ਧਰਮ ਰਾਜ ਦੇ ‘ਮੈਸੰਜਰ’ ਕਈ ਵਾਰੀ ਰਹਿਮ ਦਿਲੀ ਵੀ ਦਿਖਾ ਜਾਂਦੇ ਹਨ। ਜਦ ਕੋਈ ਭਲਾ ਪੁਰਸ਼ ਇਹ ਗੱਲ ਕਹੇ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬੇਅੰਤ ਹੁੰਦਾ ਹੈ, ਤਾਂ ਉਹ ਜ਼ਰੂਰ ਮੌਤ ਦੇ ਦੂਤਾਂ ਦੀ ਦਰਿਆ ਦਿਲੀ ਦੀ ਸ਼ੋਭਾ ਹੀ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜਦ ਕਿਸੇ ਸਮਾਚਾਰ ਪੱਤਰ ਵਿਚ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਦੀ ਸੁਰਖੀ ਹੇਠ ਖਬਰ ਛਪੀ ਹੋਈ ਹੋਵੇ, ਤਾਂ ਉਹਦੇ ਵਿਚ ਵੀ ਕਾਲ ਨਗਾਰਾ ਵਜਾਉਣ ਵਾਲੇ ਦੂਤਾਂ ਦੀ ‘ਫ਼ਰਾਖ਼ ਦਿਲੀ’ ਹੀ ਦਰਸਾਈ ਗਈ ਹੁੰਦੀ ਹੈ।
ਨੇਪਾਲੀ ਲੋਕ-ਕਥਾ ਤੋਂ ਬਾਅਦ ਮੇਰੀ ਆਪਣੀ ਨਿੱਜ-ਕਥਾ ਵੀ ਸੁਣ ਲਉ। ਦੋਹਾਂ ਕਥਾਵਾਂ ਵਿਚ ਫਰਕ ਇੰਨਾ ਕੁ ਹੈ ਕਿ ਕ੍ਰੋਧ ਵਿਚ ਆ ਕੇ ਬੁੱਤ-ਘਾੜਾ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠਾ, ਪਰ ਮੈਨੂੰ ਤੈਸ਼ ਵਿਚ ਆਏ ਨੂੰ ਵੀ ਦੂਤਾਂ ਵਲੋਂ ‘ਬਖਸ਼’ ਦਿੱਤਾ ਗਿਆ। ਐਸੇ ਮੌਕਿਆਂ ‘ਤੇ ਸਬੰਧਤ ਵਿਅਕਤੀ ਦੀ ਸੋਚਣ-ਸ਼ਕਤੀ ਘੜੀਆਂ ਪਲਾਂ ਵਿਚ ਹੀ ‘ਸ਼ੂਨਯ’ ਹੋ ਜਾਂਦੀ ਹੈ। ਕਰਤੇ-ਪੁਰਖ ਦੇ ਅਨੰਤ ਭਾਣੇ ਦੀ ਬੰਦੇ ਨੂੰ ਉਦੋਂ ਸਮਝ ਪੈਂਦੀ ਹੈ ਜਦ ਕੋਈ ਅਦ੍ਰਿਸ਼ਟ ਕਲਾ ਵਰਤ ਜਾਂਦੀ ਹੈ ਤਾਂ ਆਪਣੀਆਂ ਚੁਸਤ-ਚਲਾਕੀਆਂ ਅਤੇ ਦਿਮਾਗੀ-ਘੋੜਿਆਂ ਦੀਆਂ ਲਗਾਮਾਂ ਇਕਦਮ ਢਿੱਲੀਆਂ ਪੈ ਜਾਂਦੀਆਂ ਹਨ। ਬਾਕੀ ਗੱਲਾਂ ਬਾਅਦ ਵਿਚ, ਲਉ ਪਹਿਲਾਂ ਇਹ ਵਚਿੱਤਰ-ਘਟਨਾ ਸੁਣ ਲਉ-
ਜਲੰਧਰ ਜਿ਼ਲ੍ਹੇ ਦੇ ਕਸਬੇ ਭੋਗਪੁਰ ਤੋਂ ਬੀਬੀ ਜਗੀਰ ਕੌਰ ਦੇ ਪੇਕੇ ਪਿੰਡ ਭਟਨੂਰਾ ਲੁਬਾਣਾ ਵਲ ਨੂੰ ਜਾਂਦੀ ਸੜਕ ‘ਤੇ ਮੇਰੇ ਸਹੁਰਿਆਂ ਦਾ ਪਿੰਡ ਸੱਗਰਾਂ ਵਾਲੀ ਸਥਿਤ ਹੈ। ਕਿਸੇ ਵਿਆਹ ਸ਼ਾਦੀ ਦੇ ਸਬੰਧ ਵਿਚ ਆਪਣੀ ਪਤਨੀ ਸਮੇਤ ਉਥੇ ਪਹੁੰਚਿਆ ਹੋਇਆ ਸਾਂ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਵਾਪਸੀ ਸਮੇਂ ਅਸੀਂ ਦੋ ਚਾਰ ਹੋਰ ਸਵਾਰੀਆਂ ਸਮੇਤ, ਸੱਗਰਾਂ ਵਾਲੀ ਦੇ ਬੱਸ-ਸਟਾਪ ‘ਤੇ ਭੋਗਪੁਰ ਵਲ ਆਉਣ ਲਈ ਸੜਕ ‘ਤੇ ਖੜ੍ਹੇ ਸਾਂ। ਮਸ਼ਹੂਰ ਅਖਾਣ ਹੈ ਕਿ ਔਰਤ ਵਿਆਹ ‘ਚੋਂ ਅਤੇ ਝੋਟਾ ਗਾਹ ‘ਚੋਂ ਕੱਢਣੇ ਬੜੇ ਔਖੇ ਹੁੰਦੇ ਹਨ। ਉਤੋਂ ਵਿਆਹ ਵੀ ਮਾਪਿਆਂ ਦੇ ਘਰ! ਵਿਦਾ-ਵਿਦਾਈ ਕਰਦਿਆਂ ਇਕ ਤਾਂ ਅਸੀਂ ਘਰੋਂ ਹੀ ਲੇਟ ਤੁਰੇ। ਅੱਗੋਂ ਇਹ ਚਿੰਤਾ ਕਿ ਨਵਾਂਸ਼ਹਿਰ ਹਰ ਹਾਲਤ ਵਿਚ ਛੇ ਵਜੇ ਤੋਂ ਪਹਿਲਾਂ ਪਹੁੰਚਣਾ ਪੈਣਾ ਸੀ। ਉਥੋਂ ਸਾਡੇ ਪਿੰਡਾਂ ਵਲ ਨੂੰ ਆਖਰੀ ਬੱਸ ਛੇ ਵਜੇ ਨਿਕਲ ਜਾਂਦੀ ਹੁੰਦੀ ਸੀ। ਸੋ, ਸੱਗਰਾਂ ਵਾਲੀ ਦੇ ਬੱਸ-ਅੱਡੇ ‘ਤੇ ਸਾਨੂੰ ਖੜ੍ਹਿਆਂ ਨੂੰ ਅੱਚੋ-ਤਾਈ ਲੱਗੀ ਹੋਈ ਸੀ ਕਿ ਛੇਤੀ ਛੇਤੀ ਭੋਗਪੁਰ ਪਹੁੰਚ ਕੇ ਜਲੰਧਰ ਦੀ ਬੱਸ ਫੜੀਏ। ਪਰ ਕਾਹਲੀ ਅੱਗੇ ਟੋਏ ਵਾਂਗ ਉਥੇ ਹਾਲਤ ਇਹ ਬਣੀ ਹੋਈ ਸੀ ਕਿ ਭਟਨੂਰੇ ਵਲੋਂ ਜਿਹੜੀ ਵੀ ਬੱਸ ਆਵੇ, ਉਹ ਸਵਾਰੀਆਂ ਨਾਲ ਤੂੜੀ ਹੋਈ ਹੀ ਹੋਵੇ। ਸਗੋਂ ਛੱਤ ਉੱਪਰ ਵੀ ਸਵਾਰੀਆਂ ਬੈਠੀਆਂ ਹੁੰਦੀਆਂ!
ਅਜਿਹੀਆਂ ਨੱਕੋ-ਨੱਕ ਭਰੀਆਂ ਬੱਸਾਂ ਸਾਡੇ ਵਲੋਂ ਹੱਥ ਦੇਣ ਦੇ ਬਾਵਜੂਦ ਰੁਕਣ ਈ ਨਾ! ਅੱਧੇ-ਪੌਣੇ ਘੰਟੇ ਬਾਅਦ ਬੱਸ ਆਵੇ, ਪਰ ਸਾਡੇ ਕੋਲੋਂ ‘ਸ਼ੂੰ’ ਕਰਕੇ ਲੰਘ ਜਾਵੇ। ਜਿਉਂ ਜਿਉਂ ਦਿਨ ਢਲ੍ਹਦਾ ਜਾਏ, ਸਾਡੀ ਪ੍ਰੇਸ਼ਾਨੀ ਵਧਦੀ ਜਾਏ।
ਅਕਸਰ ਜਿਵੇਂ ਐਸੇ ਮੌਕਿਆਂ ‘ਤੇ ਹੁੰਦਾ ਹੀ ਹੈ, ਮਰਦ ਆਪਣੀਆਂ ਪਤਨੀਆਂ ‘ਤੇ ਰੋਅ੍ਹਬ ਝਾੜਨ ਲੱਗ ਜਾਂਦੇ ਹਨ! ਮੈਂ ਵੀ ਆਪਣੀ ਪਤਨੀ ਨੂੰ, ਪੇਕਿਆਂ ਘਰੋਂ ਬੇ-ਲੋੜੀ ਘੀਸ-ਘੀਸ ਕਰਕੇ ਲੇਟ ਤੁਰਨ ਲਈ ਤੱਤੀਆਂ-ਠੰਡੀਆਂ ਕਹਿਣ ਲੱਗ ਪਿਆ। ਕੋਲ ਖੜੀਆਂ ਬਜ਼ੁਰਗ ਮਾਈਆਂ ਮੇਰੀ ਘਰ ਵਾਲੀ ਦੀ ਤਰਫਦਾਰੀ ਕਰਦੀਆਂ ਬੋਲ ਪਈਆਂ, ‘‘ਨਾ ਭਾਈ ਕਾਕਾ, ਐਂ ਤੂੰ ਗਰਮ-ਸਰਦ ਨਾ ਹੋ, ਰਮਾਨ ਨਾਲ ਖੜ੍ਹਾ ਰਹੁ! ਕਿਸੇ ਪਾਸੇ ਨਿਕਲਾਂਗੇ ਈ ਐਥੋਂ!!’’
ਬੱਸਾਂ ਤੋਂ ਬਾਅਦ ਇਕ ਟੈਂਪੂ ਆਇਆ ਉਸ ਦੇ ਆਲੇ-ਦੁਆਲੇ ਸਵਾਰੀਆਂ ਇਉਂ ਲਟਕ ਰਹੀਆਂ ਸਨ, ਜਿਵੇਂ ਬਰਸਾਤਾਂ ਮੌਕੇ ਤੂੜੀ ਦੇ ਕੁੱਪਾਂ ਦੁਆਲੇ ਤੋਰੀਆਂ ਲਟਕਦੀਆਂ ਹੁੰਦੀਆਂ ਹਨ। ਕਈ ਜਣੇ ਟੈਂਪੂ ਦੇ ਮਡ-ਗਾਰਡਾਂ ਉੱਪਰ ਸਿਰਫ ਆਪਣੇ ਪੈਰਾਂ ਦੇ ਪੰਜੇ ਟਿਕਾ ਕੇ ਹੀ ਖੜੇ ਸਨ। ਟੈਂਪੂ ਦੀ ਕੇਵਲ ‘ਭੂੰ-ਭੂੰ’ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ, ਜਾਂ ਫਿਰ ਕਾਲਾ ਸ਼ਾਹ ਧੂੰਆਂ-ਬਾਕੀ ਸਵਾਰੀਆਂ ਹੀ ਸਵਾਰੀਆਂ। ਐਸੀ ਹਾਲਤ ਵਾਲੇ ਟੈਂਪੂ ਨੂੰ ਰੁਕਣ ਲਈ ਇਸ਼ਾਰਾ ਕਰਨਾ ਮੂਰਖ-ਮੱਤੀ ਹੀ ਹੋਣੀ ਸੀ। ਸੋ ਉਹ ਵੀ ਸਾਡੇ ਕੋਲੋਂ ਗੁਜ਼ਰ ਗਿਆ। ਸਾਨੂੰ ਨਵਾਂਸ਼ਹਿਰ ਤੋਂ ਪਿੰਡ ਨੂੰ ਜਾਣ ਦੀ ਚਿੰਤਾ ਵੱਢ ਵੱਢ ਖਾਣ ਲੱਗੀ। ਚੰਗੇ ਭਾਗਾਂ ਨੂੰ ਅੱਧੇ ਕੁ ਘੰਟੇ ਬਾਅਦ ਹੀ ਇਕ ਟੈਂਪੂ ਹੋਰ ਆਉਂਦਾ ਦਿਖਾਈ ਦਿੱਤਾ। ਜ਼ਰਾ ਨੇੜੇ ਆਇਆ ਦੇਖ ਕੇ ਸਾਡੇ ਸਾਹ ‘ਚ ਸਾਹ ਆਇਆ ਕਿਉਂਕਿ ਇਸ ਵਿਚ ਸਵਾਰੀਆਂ ਹੀ ਅੱਠ-ਨੌਂ ਕੁ ਹੀ ਸਨ ਅਤੇ ਪਿਛਲਾ ਫੱਟਾ ਵੀ ਖਾਲੀ ਹੀ ਸੀ। ਹੁਣ ਸਾਡੇ ਚਿਹਰੇ ਤਣਾਅ-ਮੁਕਤ ਹੋ ਗਏ। ਮੈਂ ਚਾਈਂ-ਚਾਈਂ ਆਉਂਦੇ ਟੈਂਪੂ ਨੂੰ ਰੁਕਣ ਲਈ ਹੱਥ ਦਿੱਤਾ।
ਪਤਾ ਨਹੀਂ ਟੈਂਪੂ ਡਰਾਈਵਰ ਦੇ ਮਨ ਵਿਚ ਕੀ ਆਈ? ਉਸ ਨੇ ਜ਼ਰਾ ਕੁ ਹੌਲੀ ਕਰਕੇ ਟੈਂਪੂ ਫੇਰ ਭਜਾ ਲਿਆ। ਅਸੀਂ ਸਾਰੇ ਹੱਕੇ ਬੱਕੇ ਰਹਿ ਗਏ। ਇਹ ਕੀ ਹੋਇਆ? ਅੱਧਾ ਕੁ ਖਾਲੀ ਟੈਂਪੂ, ਡਰਾਈਵਰ ਦੁੜ੍ਹਾਅ ਕੇ ਕਿਉਂ ਲੈ ਗਿਆ? ਗੁੱਸੇ ‘ਚ ਮੇਰਾ ਮੱਥਾ ਫਿਰ ਤਣ ਗਿਆ। ਨੱਕ ਠੂੰਹੇ ਦੀ ਪੂਛ ਵਰਗਾ ਹੋ ਗਿਆ…ਇਕ ਚੜ੍ਹੇ ਇਕ ਉੱਤਰੇ!!
ਅਸੀਂ ਭਵੰਤਰਿਆਂ ਵਾਂਗ ਖੜ੍ਹੇ ਸਾਂ ਕਿ ਤਦੇ ਇਕ ਫੋਰ-ਵ੍ਹੀਲਰ ਆਉਂਦਾ ਦਿੱਸਿਆ। ਇਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਸੀ। ਟਰਾਈ ਵਜੋਂ ਹੀ ਮੈਂ ਖਿਝੇ-ਬੁੱਝੇ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਭਲੇ ਮਾਣਸ ਡਰਾਈਵਰ ਨੇ ਸਾਡੇ ਕੋਲ ਆ ਕੇ ਬਰੇਕ ਲਾ ਲਈ। ਇਹ ਭੋਗਪੁਰ ਵਲ ਹੀ ਜਾ ਰਿਹਾ ਸੀ। ਕੁਝ ਮਾਈਆਂ ਫੋਰ-ਵ੍ਹੀਲਰ ਦੇ ਪਿੱਛੇ ਚੜ੍ਹ ਗਈਆਂ। ਮੈਨੂੰ ਤੇ ਮੇਰੀ ਪਤਨੀ ਨੂੰ ਡਰਾਈਵਰ ਨੇ ਅੱਗੇ ਹੀ ਬਿਠਾ ਲਿਆ।
ਬਹਿੰਦਿਆਂ ਸਾਰ ਮੈਂ ਡਰਾਈਵਰ ਨੂੰ ਟੈਂਪੂ ਵਾਲੇ ਦੀ ਕਰਤੂਤ ਦੱਸੀ ਅਤੇ ਉਸਨੂੰ ਜੋਰ ਦੇ ਕੇ ਕਿਹਾ ਕਿ ਮੈਂ ਟੈਂਪੂ ਵਾਲੇ ਦੀ ਝਾੜ-ਝੰਬ ਜ਼ਰੂਰ ਕਰਨੀ ਹੈ, ਇਸ ਕਰਕੇ ਫੋਰ-ਵ੍ਹੀਲਰ ਭਜਾਅ ਕੇ ਅੱਗੇ ਅੱਗੇ ਜਾ ਰਹੇ ਟੈਂਪੂ ਤੋਂ ਮੋਹਰੇ ਕੱਢ ਲੈ। ਬਿਜਲੀ ਮੁਲਾਜ਼ਮ ਨੇ ਮੇਰੇ ਕਹੇ ਤੋਂ ਸਪੀਡ ਚੁੱਕ ਦਿੱਤੀ। ਹੁਣ ਅਸੀਂ ਟੈਂਪੂ ਦੇ ਬਿਲਕੁਲ ਪਿੱਛੇ ਪਿੱਛੇ ਜਾ ਰਹੇ ਸਾਂ।
ਮੇਰੀ ਪਤਨੀ ਦਾ ਚਿਹਰਾ ਇਕਦਮ ਖਿੜ ਉੱਠਿਆ। ਉਸਨੇ ਅੱਗੇ ਜਾ ਰਹੇ ਟੈਂਪੂ ਵਿਚ ਸਫਰ ਕਰ ਰਹੀ ਇਕ ਕੁੜੀ ਨੂੰ ਪਛਾਣਦਿਆਂ ਆਖਿਆ ਕਿ ਔਹ ਭਟਨੂਰੇ ਦੀ ਭੋਲੀ ਐ….ਇਹ ਮੇਰੇ ਨਾਲ ਪੜ੍ਹਦੀ ਹੁੰਦੀ ਸੀ। ਚਿਰੀਂ ਵਿਛੁੰਨੇ ਮਿਲਾਪ ਦੀ ਤਾਂਘ ਵਿਚ ਮੇਰੀ ਪਤਨੀ ਦਾ ਚਿਹਰਾ ਹੋਰ ਲਾਲ ਸੂਹਾ ਹੋ ਗਿਆ! ਹੁਣ ਉਹ ਡਰਾਈਵਰ ਨੂੰ ਕਹਿਣ ਲੱਗੀ- ‘‘ਭਾਅ ਜੀ, ਗੱਡੀ ਤੇਜ਼ ਕਰਕੇ ਟੈਂਪੂ ਤੋਂ ਮੋਹਰੇ ਕਰ ਲਉ। ਕਿਤੇ ਇਹ ਕੁੜੀ ਭੋਗਪੁਰ ਜਾ ਕੇ ਇਧਰ-ਉਧਰ ਦੀ ਬੱਸੇ ਨਾ ਚੜ੍ਹ ਜਾਏ!’’
ਡਰਾਈਵਰ ਦੇ ਨਾਲ ਬੈਠੇ ਅਸੀਂ ਦੋਵੇਂ ਮੀਆਂ-ਬੀਵੀ, ਉਸਨੂੰ ਵਾਰ ਵਾਰ ਟੈਂਪੂ ਤੋਂ ਅੱਗੇ ਹੋਣ ਲਈ ਆਖੀ ਜਾ ਰਹੇ ਸਾਂ। ਮੈਂ ਹੋਰ ਮਕਸਦ ਲਈ ਅਜਿਹਾ ਕਹਿ ਰਿਹਾ ਸਾਂ, ਘਰ ਵਾਲੀ ਕਿਸੇ ਹੋਰ ਮਕਸਦ ਲਈ। ਮੇਰੇ ਮਨ ਵਿਚ ਅੱਗੇ ਜਾ ਰਹੇ ਟੈਂਪੂ-ਡਰਾਈਵਰ ਪ੍ਰਤੀ ਗੁੱਸਾ ਫੁੰਕਾਰੇ ਮਾਰ ਰਿਹਾ ਸੀ। ਪਤਨੀ ਆਪਣੀ ਪੁਰਾਣੀ ਸਹੇਲੀ ਨੂੰ ਦੇਖ ਦੇਖ ਬਿਹਬਲ ਹੋ ਰਹੀ ਸੀ। ਪ੍ਰੰਤੂ ਲੱਖ ਕੋਸਿ਼ਸ਼ ਕਰਨ ਦੇ ਬਾਵਜੂਦ ਟੁੱਟੀ ਫੁੱਟੀ ਸੜਕ ਹੋਣ ਕਰਕੇ, ਫੋਰ-ਵ੍ਹੀਲਰ ਟੈਂਪੂ ਤੋਂ ਅੱਗੇ ਨਾ ਨਿਕਲ ਸਕਿਆ।
ਇੰਜ ਅੱਗੜ-ਪਿੱਛੜ ਲੁਕਣ-ਮੀਚੀ ਜਿਹੀ ਖੇਡਦੇ ਅਸੀਂ ਭੋਗਪੁਰ-ਪਠਾਨਕੋਟ ਜੀ.ਟੀ.ਰੋਡ ਦੇ ਲਾਗੇ ਪਹੁੰਚ ਗਏ। ਮੋਹਰੇ ਜਾ ਰਿਹਾ ਟੈਂਪੂ ਜਿਉਂ ਹੀ ਭੋਗਪੁਰ ਵਲ ਨੂੰ ਮੁੜ ਕੇ ਜੀ.ਟੀ.ਰੋਡ ‘ਤੇ ਚੜ੍ਹਿਆ, ਸਾਡੇ ਦੇਖਦਿਆਂ ਦੇਖਦਿਆਂ ਹੁਸਿ਼ਆਰਪੁਰ ਵਲੋਂ ਆ ਰਿਹਾ ਤੇਜ਼ ਸਪੀਡ ਟਰੱਕ ਟੈਂਪੂ ਵਿਚ ਆ ਵੱਜਿਆ! ਜ਼ੋਰਦਾਰ ਖੜਾਕਾ ਹੋਇਆ। ਟੈਂਪੂ ਭੁਆਟਣੀਆਂ ਖਾਂਦਾ ਹੋਇਆ, ਸੜਕ ਦੇ ਇਕ ਪਾਸੇ ਡੂੰਘੇ ਖੱਡਿਆਂ ਵਿਚ ਜਾ ਡਿੱਗਾ। ਚੀਕ-ਚਿਹਾੜਾ ਪੈ ਗਿਆ- ਕਿਸੇ ਦੀਆਂ ਲੱਤਾਂ ਤੋਂ ਟਰੱਕ ਦੇ ਟਾਇਰ ਲੰਘ ਗਏ….ਕਈ ਟੈਂਪੂ ਦੇ ਵਿਚੇ ਹੀ ਘੁਮੇਟਣੀਆਂ ਖਾਈ ਗਏ….ਸੜਕ ਉੱਪਰ ਖੂਨ ਦੇ ਛੱਪੜ ਲੱਗ ਗਏ- ਕੁਰਲਾਹਟ ਮੱਚ ਗਈ। ਸਾਥੋਂ ਉਹ ਕਰੁਣਾਮਈ ਦ੍ਰਿਸ਼ ਦੇਖਿਆ ਨਾ ਜਾਵੇ। ਪਲਾਂ-ਛਿਣਾਂ ਵਿਚ ਹੀ ਕੀ ਦਾ ਕੀ ਹੋ ਗਿਆ?
ਹੁਣੇ-ਹੁਣੇ ਟੈਂਪੂ-ਡਰਾਈਵਰ ਪ੍ਰਤੀ ਚੜ੍ਹਿਆ ਕ੍ਰੋਧ, ਆਪਣੇ ਆਪ ‘ਤੇ ਲਾਹਣਤਾਂ ਵਿਚ ਤਬਦੀਲ ਹੋ ਗਿਆ। ਅੰਤਰ-ਆਤਮੇ ਫਿਟਕਾਰਾਂ ਪਾਈਆਂ…ਹੇ ਮੂਰਖ ਮਨਾਂ, ਜੇ ਭਲਾਂ ਮੈਂ ਤੇ ਮੇਰੀ ਪਤਨੀ ਉਸ ਟੈਂਪੂ ‘ਚ ਚੜ੍ਹ ਗਏ ਹੁੰਦੇ? ਮੈਂ ਜਿਹੜਾ ਫੋਰ-ਵ੍ਹੀਲਰ ‘ਚ ਬੈਠਾ ਬੈਠਾ ਨੱਕ ‘ਚੋਂ ਠੂੰਹੇ ਸੁੱਟਦਾ ਆਇਆ ਸਾਂ, ਉਹ ਕਿੰਨੇ ਕੁ ਜਾਇਜ਼ ਸਨ? …ਠੀਕ ਹੈ ਮੌਤ ਦੀ ਘੰਟੀ ਖੜਕਾਉਣ ਵਾਲੇ ਦੂਤਾਂ ਨੂੰ ਕੁਰੱਖਤ, ਚੰਡਾਲ ਅਤੇ ਬੇ-ਤਰਸ ਮੰਨਿਆ ਜਾਂਦਾ ਹੈ ਪਰ ਇਹ ਅਨੋਖੀ ਡਿਊਟੀ ਨਿਭਾਉਣ ਵਾਲੇ ਫਰਿਸ਼ਤੇ ਵੀ ਕਦੇ ਕਦੇ, ਕਿਸੇ ਕਿਸੇ ਲਈ ਰਹਿਮ-ਦਿਲੀ ਦਿਖਾ ਹੀ ਦਿੰਦੇ ਹਨ। ਜੇ ਭਲਾ ਸੱਗਰਾਂ ਵਾਲੀ ਪਿੰਡ ਦੀ ਲਿੰਕ-ਰੋਡ ਉੱਤੇ, ਉਸ ਦਿਨ ਟੈਂਪੂ ਵਾਲਾ ਸਾਨੂੰ ਬਿਠਾ ਲੈਂਦਾ, ਤਾਂ ਪ੍ਰਵਾਸੀ ਅਖ਼ਬਾਰਾਂ ਵਿਚ ਇਹ ਲੇਖ ‘ਦੁਪਾਲਪੁਰੀ’ ਦੀ ਜਗ੍ਹਾ ਕੋਈ ਹੋਰ ਹੀ ਲਿਖਦਾ!

ਜਿਊਂਦੀਆਂ ਜਾਗਦੀਆਂ ਚੁੜੇਲਾਂ ?

ਤਰਲੋਚਨ ਸਿੰਘ ਦੁਪਾਲਪੁਰ —
ਜਿਊਂਦੀਆਂ ਜਾਗਦੀਆਂ ਚੁੜੇਲਾਂ ?

ਸ਼ਾਇਦ ਇਹ ਕਥਨ ਕਿਸੇ ਕਵੀ ਜਾਂ ਵਾਰਤਕ ਲੇਖਕ ਦਾ ਘੜਿਆ ਹੋਇਆ ਹੀ ਹੋਵੇਗਾ ਕਿ ਇਕ ਚਿੱਤਰ, ਚਾਲੀ ਹਜ਼ਾਰ ਸ਼ਬਦਾਂ ਦਾ ਨਿਚੋੜ ਹੁੰਦਾ ਹੈ। ਮਤਲਬ ਕਿ ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਨੂੰ ਜੇ ਲਿਖਤ ਰਾਹੀਂ ਦਰਸਾਉਣਾ ਹੋਵੇ ਤਾਂ ਘੱਟੋ-ਘੱਟ ਚਾਲੀ ਹਜ਼ਾਰ ਸ਼ਬਦ ਲਿਖਣੇ ਪੈਣਗੇ। ਹੁਣ ਤੁਸੀਂ ਦੱਸੋ-ਪੇਂਡੂ ਘਰ ਦੇ ਖੁੱਲ੍ਹੇ-ਚਪੱਟ ਵਿਹੜੇ ਵਿਚ ਹਰੀ ਭਰੀ ਨਿੰਮ ਦਾ ਦਰਖ਼ਤ ਖੜ੍ਹਾ ਹੈ-ਗੂੜ੍ਹੀ ਛਾਂ ਹੇਠ ਇਧਰ-ਉਧਰ ਸਣ ਤੇ ਸੁਣੱਕੜੇ ਦੇ ਬੁਣੇ ਹੋਏ ਮੰਜੇ ਡੱਠੇ ਹੋਏ ਨੇ। ਨਿੰਮ ਉੱਪਰ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੇ ਰੌਣਕ ਲਾਈ ਹੋਈ ਐ-ਨਿੰਮ ਦੇ ਇਕ ਮੋਟੇ ਟਾਹਣ ਨਾਲ ਪੀਂਘ ਪਈ ਹੋਈ ਹੈ-ਕੁੜੀਆਂ ਆਪਸ ਵਿਚੀਂ ‘ਤੇਰੀ ਵਾਰੀ-ਮੇਰੀ ਵਾਰੀ’ ਕਰਦੀਆਂ ਹੋਈਆਂ ਲੜਦੀਆਂ ਝਗੜਦੀਆਂ ਇਕ ਦੂਜੀ ਤੋਂ ਪੀਂਘ ਦਾ ਰੱਸਾ ਖੋਹੀ ਜਾਂਦੀਆਂ ਹਨ - ਇਕ ਪਾਸੇ ਕੱਚੀ ਖੁਰਲ੍ਹੀ ਤੇ ਬੱਝੀਆਂ ਹੋਈਆਂ ਗਾਵਾਂ ਮੱਝਾਂ ਜੁਗਾਲੀ ਕਰ ਰਹੀਆਂ ਨੇ-ਉਨ੍ਹਾਂ ਦੇ ਕੱਟੇ-ਵੱਛੇ ਆਪਣੀਆਂ ਮਾਵਾਂ ਦੇ ਥਣਾਂ ਵਲ ਦੇਖ ਦੇਖ ਤੀਂਘੜ ਰਹੇ ਨੇ- ਪੱਛੋਂ ਦੀ ਪੌਣ ਰੁਮਕ ਰਹੀ ਹੈ - ਇਕ ਮੰਜੇ ‘ਤੇ ਆਪਣੀ ਮੌਜ ‘ਚ ਬੈਠੇ ਸਾਡੇ ਪਿਤਾ ਜੀ ਕੋਲ ਗੁਆਂਢੀ ਪਿੰਡ ਰਾਣੇਵਾਲ ਦਾ ਚਿੱਟੇ ਕੱਪੜਿਆਂ ਵਾਲਾ ਬਾਪੂ ਗੇਂਦਾ ਸਿੰਘ ਆ ਬੈਠਾ ਹੈ-ਅਸੀਂ ਸਾਰੇ ਭੈਣ-ਭਰਾ ਬਾਬੇ ਨੂੰ ‘ਸਾ-ਸਰੀ-ਕਾਲ’ ਬੁਲਾਉਣ ਲਈ ਭੱਜਦੇ ਹਾਂ’….ਐਸੇ ਮਾਹੌਲ ਦਾ ਦ੍ਰਿਸ਼-ਚਿਤਰਣ ਕਰਨ ਲਈ ਚਾਲੀ ਹਜ਼ਾਰ ਤਾਂ ਕੀ, ਅੱਸੀ ਹਜ਼ਾਰ ਸ਼ਬਦ ਵੀ ਥੋੜ੍ਹੇ ਹਨ!
ਪੂਣੀ ‘ਚੋਂ ਤੰਦ ਕੱਢਣ ਵਾਂਗ ਆਪਣੀ ਗੱਲ ਅਗਾਂਹ ਤੋਰੀਏ- ਇਹ ਲਾਜਵਰ ਲਾਏ ਹੋਏ ਚਿੱਟੀ ਕਮੀਜ਼ ਤੇ ਚਿੱਟੇ ਚਾਦਰੇ ਵਾਲਾ ਬਾਪੂ ਗੇਂਦਾ ਸਿੰਘ ਜਦ ਕਦੀ ਸਾਡੇ ਘਰੇ ਆਉਂਦਾ ਹੁੰਦਾ ਸੀ ਤਾਂ ਸਾਨੂੰ ਇਸ ਗੱਲ ਦਾ ਚਾਅ ਚੜ੍ਹ ਜਾਂਦਾ ਸੀ ਕਿ ਅੱਜ ਭੂਤ-ਚੁੜੇਲਾਂ ਵਾਲੀ ਕਹਾਣੀ ਸੁਣਾਂਗੇ। “ਭਾਈ ਮੱਲਿਉ, ਆਹ ‘ਢਿੱਡ ਫੂਕਣੀ’ ਨਾ ਬਣਾਇਉ।” ਚਾਹ ਤੋਂ ਮਨ੍ਹਾਂ ਕਰਕੇ ਮੰਜੇ ‘ਤੇ ਬਹਿੰਦਿਆਂ ਸਾਰ ਉਸ ਨੇ ਖੀਸੇ ‘ਚੋਂ ਕੱਢ ਕੇ ਸਾਨੂੰ ਇਕ ਇਕ ਪਤਾਸਾ ਦੇਣਾ। ਪ੍ਰਸ਼ਾਦ ਲੈਣ ਵਾਂਗ ਅਸੀਂ ਦੋਹਾਂ ਹੱਥਾਂ ਨਾਲ ਪਤਾਸੇ ਫੜ ਕੇ ਰੌਲ਼ਾ ਪਾਉਣਾ- “ਬਾਬਾ, ਉਹ ਗੱਲ ਸੁਣਾ, ਜਦ ਤੁਸੀਂ ਚੁੜੇਲਾਂ ਨੱਚਦੀਆਂ ਦੇਖਣ ਗਏ ਸੀ?” ਕੋਲ ਬੈਠਿਆਂ ਦੀਆਂ ਸਾਡੀਆਂ ਪਿੱਠਾਂ ਪਲੋਸਦਿਆਂ ਉਸ ਨੇ ਉੱਚੀ-ਉੱਚੀ ‘ਹਾ-ਹਾ-ਹਾ’ ਕਰਕੇ ਹੱਸਣਾ- “ਆਹ ਤੁਹਾਡਾ ਭਾਪਾ ਵੀ ਸਾਡੇ ਨਾਲ ਈ ਤੀ ਚੁੜੇਲਾਂ ਦਾ ਨਾਚ ਦੇਖਣ ਗਿਆ, ਸਾਡਾ ਮੋਹਰੀ ਤਾਂ ਇਹੋ ਬਣਿਆ ਤੀ….ਇਹਨੂੰ ਪੁੱਛੋ ਤਾਂ ਕਿੱਦਾਂ ਹੋਈ ਤੀ?”
ਸਰੋਤੇ ਤਾਂ ਬਹੁਤ ਦੇਖੇ, ਪਰ ਜਿਸ ਤਰ੍ਹਾਂ ਅੱਖੀਂ ਡਿੱਠਾ ਹਾਲ ਇਹ ਦੋਵੇਂ ਜਣੇ, ਇਕ ਮੇਰਾ ਬਾਪ ਤੇ ਦੂਜਾ ਰਾਣੇਵਾਲੀਆ ਗੇਂਦਾ ਸਿੰਘ ਬਜ਼ੁਰਗ, ਸੁਣਾਇਆ ਕਰਦੇ ਸਨ, ਐਸਾ ‘ਕਹਾਣੀ-ਵਕਤਾ’ ਮੈਂ ਅੱਜ ਤੱਕ ਨਹੀਂ ਦੇਖਿਆ। ‘ਚੁੜੇਲਾਂ ਦਾ ਡਾਂਸ’ ਦੇਖਣ ਵਾਲੀ ਰਹੱਸ-ਭਰਪੂਰ ਕਥਾ ਸੁਣਦਿਆਂ, ਸਾਨੂੰ ਇਉਂ ਮਹਿਸੂਸ ਹੋਣਾ ਕਿ ਅਸੀਂ ਕਹਾਣੀ ਸੁਣ ਨਹੀਂ ਰਹੇ, ਸਗੋਂ ਭੂਤਾਂ-ਪ੍ਰੇਤਾਂ ਦੀ ਕੋਈ ਫਿਲਮ ਦੇਖ ਰਹੇ ਹਾਂ। ਜਿਵੇਂ ਕਿਸੇ ਢਾਡੀ ਜਥੇ ਦਾ ਲੈਕਚਰਾਰ, ਇਤਿਹਾਸਕ ਪ੍ਰਸੰਗ ਸ਼ੁਰੂ ਕਰਦਾ ਹੈ ਤੇ ਉਸ ਦੇ ਸਾਥੀ ਗਵੱਈਏ, ਵਿਚ ਵਿਚ ਜੋਸ਼ੀਲੀਆਂ ਵਾਰਾਂ ਦਾ ਗਾਇਨ ਕਰਦੇ ਹਨ। ਐਨ੍ਹ ਇਸੇ ਤਰ੍ਹਾਂ ਦੋਹਾਂ ਨੇ ਇਕ ਦੂਜੇ ਕੋਲੋਂ ਕਥਾ ਦੀ ਤੰਦ ਫੜੀ ਜਾਣੀ।
“…..ਘੁੱਪ ਹਨੇਰੀ ਰਾਤ, ਹੱਥ ਨੂੰ ਹੱਥ ਨਾ ਦਿਸੇ, ਸਾਰਾ ਪਿੰਡ ਸੁੱਤਾ ਪਿਆ-ਚਾਰੇ ਪਾਸੇ ਸੰਨਾਟਾ!…ਖੜਾਕ ਹੋਣ ਦੇ ਡਰੋਂ ਅਸੀਂ ਚਾਰੇ-ਪੰਜੇ ਜਣੇ ਦੱਬੇ ਪੈਰੀਂ ਹੌਲੀ ਹੌਲੀ ਤੁਰ ਰਹੇ ਸਾਂ…. ਉੱਚੀ ਵੱਟ ‘ਤੇ ਖੜ੍ਹੇ ਹੋ ਕੇ ਜਿਹੜਾ ‘ਨਜ਼ਾਰਾ’ ਅਸੀਂ ਦੇਖਿਆ, ਓਹ ਸਾਡਿਆ ਰੱਬਾ! ਬੋਹੜ ਦੇ ਉੱਪਰ ਇਕ ਪਾਸਿਉਂ ‘ਲੈਟ’ ਦੂਜੇ ਪਾਸੇ ਨੂੰ ਦੌੜੇ, ਉੱਧਰੋਂ ਫਿਰ ਵਾਪਸ ਮੁੜਦੀ ਆਵੇ!! ਨਾਲੋ-ਨਾਲ ਧਮਾਲਾਂ ਪੈਣ, ਢੋਲਕੀ ਵੱਜੇ, ਗਾਉਂਦੀਆਂ ਚੁੜੇਲਾਂ ਦੀਆਂ ਆਵਾਜ਼ਾਂ ਐਨ ਸੁਣਨ!….ਸਾਡੇ ਸਾਹ ਸੂਤੇ ਗਏ-ਜਿੱਦਾਂ ਪ੍ਰਾਣ ਹੀ ਮੁੱਕ ਗਏ ਹੋਣ….।”
ਟ੍ਰੇਲਰ ਦਿਖਾਉਣ ਵਾਂਗ ਬਾਪੂ ਗੇਂਦਾ ਸਿੰਘ ਇੰਨਾ ਕੁ ਲਿਸ਼ਕਾਰਾ ਜਿਹਾ ਦਿਖਾ ਕੇ ਫਿਰ ਸਾਡੇ ਬਾਪ ਵਲ ਦੇਖਣ ਲੱਗਣਾ। ਜਿੰਨ-ਭੂਤ-ਚੁੜੇਲ ਦਾ ਜਿ਼ਕਰ ਸੁਣ ਕੇ ਕੁੜੀਆਂ ਨੇ ਵੀ ਪੀਂਘ ਛੱਡ ਮੰਜਿਆਂ ਦੀ ਪੈਂਦ ਉੱਪਰ ਆ ਬਹਿਣਾ। ਅੱਖਾਂ ਅੱਡੀ ਬੈਠੇ ਇਸ ਸ੍ਰੋਤਾ-ਮੰਡਲ ਸਾਹਮਣੇ ਫਿਰ ਭਾਈਆ ਜੀ, ‘ਅਲੌਕਿਕ ਕਥਾ’ ਦਾ ਪਿਛੋਕੜ ਬਿਆਨਿਆ ਕਰਦੇ ਸਨ-
ਰੌਲਿਆਂ ਤੋਂ ਪਹਿਲੀਆਂ ਗੱਲਾਂ ਨੇ ਇਹ। ਰਾਣੇਵਾਲ ਤੋਂ ਪਿੰਡ ਅਸਮਾਨਪੁਰ ਵਲ ਨੂੰ ਜਾਂਦੀ ਗੋਹਰੀ ਉੱਪਰ, ਰਾਣੇਵਾਲ ਤੇ ਅਸਮਾਨਪੁਰ ਦੇ ਵਿਚਾਲੇ ਜਿਹੇ ਇਕ ਬਹੁਤ ਭਾਰਾ ਪੁਰਾਣਾ ਬੋਹੜ ਹੁੰਦਾ ਸੀ। ਇਹਦੇ ਥੱਲਿਉਂ ਤੰਗ ਜਿਹਾ ਰਸਤਾ ਲੰਘਦਾ ਸੀ ਤੇ ਆਲੇ ਦੁਆਲੇ ਪਏ ਉਜਾੜ ਵਿਚ ਉੱਚਾ ਸਰਕੜਾ, ਝਾੜ ਝੂੰਡਾ, ਕੰਡਿਆਲੇ ਮਲ੍ਹੇ ਦੇਖ ਕੇ, ਇਥੇ ਦਿਨੇ ਵੀ ਭੈਅ ਆਉਂਦਾ ਹੁੰਦਾ ਸੀ। ਬੋਹੜ ਦੇ ਕੋਲ ਹੀ ਇਕ ਬੇ-ਅਬਾਦ ਪਿਆ ਖੂਹ ਹੁੰਦਾ ਸੀ। ਇਥੇ ਰਾਹੀ-ਮੁਸਾਫਰਾਂ ਨਾਲ ਲੁੱਟ-ਖੋਹ ਤੇ ਕਦੇ ਕਦਾਈਂ ਕਤਲੋ-ਗਾਰਤ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਸਨ। ਇਕ ਵਾਰ ਇਥੋਂ ਇਕ ਲਾਸ਼ ਵੀ ਮਿਲੀ ਸੀ, ਜੋ ਕਿ ਕਿਸੇ ਦੂਰ-ਦੁਰਾਡੇ ਦੇ ਵਪਾਰੀ ਦੀ ਸੀ। ਪਤਾ ਨਹੀਂ ਕਿਉਂ ਇਸ ਥਾਂ ਦੀ ‘ਬੀਟਣੀ’ ਕਰਕੇ ਅੱਲ ਪਈ ਹੋਈ ਸੀ। ਇਸੇ ਕਰਕੇ ਬੋਹੜ ਨੂੰ ਵੀ ‘ਬੀਟਣੀ ਵਾਲਾ ਬੋਹੜ’ ਹੀ ਕਿਹਾ ਜਾਂਦਾ ਸੀ। ਇਲਾਕੇ ਭਰ ਵਿਚ ਇਹ ਗੱਲ ਕਾਫੀ ਧੁੰਮੀ ਹੋਈ ਸੀ ਕਿ ਬੀਟਣੀ ਵਾਲੇ ਬੋਹੜ ਥੱਲੇ ਚੁੜੇਲਾਂ-ਭੂਤਨੇ ਰਹਿੰਦੇ ਹਨ। ‘ਕੱਲੇ-ਦੁਕੱਲੇ ਰਾਹੀ ਦਾ ਖੂਨ ਚੂਸ ਕੇ ਉਸ ਨੂੰ ਖੂਹ ਵਿਚ ਸੁੱਟ ਦਿੰਦੇ ਹਨ। ਦਿਨ ਵੇਲੇ ਵੀ ਇਥੋਂ ਲੋਕੀਂ ਥਰ ਥਰ ਕੰਬਦੇ ਲੰਘਦੇ ਹੁੰਦੇ ਸਨ। ਪੂਰੇ ਇਲਾਕੇ ਵਿਚ ਇਨ੍ਹਾਂ ਗੱਲਾਂ ਦੀ ਚਰਚਾ ਤਾਂ ਹੁੰਦੀ ਰਹਿੰਦੀ ਸੀ। ਲੇਕਿਨ ਕਿਸੇ ਨੇ ਅੱਖੀਂ ਕਦੇ ਕੁੱਝ ਨਹੀਂ ਸੀ ਦੇਖਿਆ। ਬੱਸ ਮੂੰਹੋਂ-ਮੂੰਹੀਂ ਕਹਾਣੀਆਂ-ਤੁਰਦੀਆਂ ਰਹਿੰਦੀਆਂ ਸਨ।
ਬੀਟਣੀ ਨਾਲ ਸਬੰਧਿਤ ਸੁਣੀਆਂ-ਸੁਣਾਈਆਂ ਗੱਲਾਂ ਬਾਰੇ, ਮੇਰਾ ਆਪਣੇ ਹਾਣੀਆਂ ਨਾਲ ਬਹਿਸ-ਮੁਬਹਿਸਾ ਹੁੰਦਾ ਰਹਿੰਦਾ। ਗੁਰੂ ਘਰ ਆਉਣ ਜਾਣ ਸਦਕਾ ਇੰਨਾ ਕੁ ਪਤਾ ਸੀ ਕਿ ਚੁੜੇਲਾਂ-ਭੂਤ ਸਭ ਮਨ ਦੇ ਵਹਿਮ ਹਨ। ਲੋਟੂ ਚੇਲਿਆਂ, ਜੋਗੀ-ਜੋਗੜਿਆਂ ਨੇ ਆਪਣਾ ਤੋਰੀ-ਫੁਲਕਾ ਚੱਲਦਾ ਰੱਖਣ ਲਈ ਜਿੰਨ-ਭੂਤਾਂ ਦੀ ਹੋਂਦ ਬਣਾਈ ਹੋਈ ਹੈ।
ਜਦਕਿ ਗੁਰਬਾਣੀ ਦਾ ਫੈਸਲਾ ਹੈ ਕਿ ਜਿਨ੍ਹਾਂ ਘਰਾਂ ਵਿਚ ਆਏ-ਗਏ ਮਹਿਮਾਨ ਦੀ ਟਹਿਲ-ਸੇਵਾ ਨਹੀਂ ਹੁੰਦੀ ਅਤੇ ਵਾਹਿਗੁਰੂ ਦੀ ਸਿਫਤ-ਸਲਾਹ ਨਹੀਂ ਹੁੰਦੀ, ਉਹ ਘਰ ਸ਼ਮਸ਼ਾਨ ਭੂਮੀ ਦੀ ਨਿਆਈਂ ਹਨ ਅਤੇ ਉਥੇ ਵੱਸਣ ਵਾਲੇ ਅਸਲ ਚੁੜੇਲਾਂ-ਭੂਤਨੇ ਹਨ। ਪਰ ਇਕ ਵਾਰ ਬਾਈ ਗੇਂਦਾ ਸਿੰਘ ਹੋਣੀ ਬੀਟਣੀ ਵਾਲੇ ਬੋਹੜ ‘ਤੇ ਐਸਾ ਅਦਭੁੱਤ ਸੀਨ ਦੇਖਿਆ। ਜਿਨ੍ਹਾਂ ਨੇ ਮੇਰੀਆਂ ਸਾਰੀਆਂ ਦਲੀਲਾਂ ਨੂੰ ਮਾਤ ਦੇ ਦਿੱਤੀ….!
“ਮੱਲਿਉ, ਇਕ ਵਾਰ ਰਾਤ ਨੂੰ ਮੈਂ ਪਿਸ਼ਾਬ ਦੀ ਹਾਜਤ ਲਈ ਉੱਠਿਆ।” ਹੁਣ ਬਾਪੂ ਗੇਂਦਾ ਸਿੰਘ ਨੇ ਕਹਾਣੀ ਦੀ ਕਮਾਂਡ ਸੰਭਾਲੀ “ਮੇਰੇ ਕੰਨਾਂ ‘ਚ ਨਾਚ-ਗਾਣੇ ਦੀ ਆਵਾਜ਼ ਪਈ। ਜਦ ਮੈਂ ਆਪਣੀ ਬੀਟਣੀ ਵਲ ਨੂੰ ਦੇਖਿਆ ਤਾਂ ਬੋਹੜ ਉੱਪਰ ਪਈ ‘ਤਾ ਥੱਈਆ - ਤਾ ਥੱਈਆ’ ਹੋਵੇ। ਵਾਜੇ ਵੱਜਣ!, ਬੋਹੜ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ‘ਲੈਟ’ ਨੱਠੀ ਫਿਰੇ। ਮੇਰਾ ਤਾਂ ਜੀ ਸਰੀਰ ਝੂਠਾ ਪੈ ਗਿਆ। ਮੈਂ ਇਹ ਕੌਤਕ ਆਪਣੇ ਘਰਦਿਆਂ ਨੂੰ ਵੀ ਉਠਾ ਕੇ ਦਿਖਾਇਆ!….ਲਉ ਜੀ, ਅਸੀਂ ਆ ਕੇ ਗਿਆਨੀ (ਮੇਰੇ ਪਿਤਾ ਜੀ ਨੂੰ ਸਾਡੇ ਪਿੰਡਾਂ ਵਿਚ ਗਿਆਨੀ ਜੀ ਆਖਿਆ ਜਾਂਦਾ ਸੀ) ਨੂੰ ਦੱਸਿਆ। ਇਹ ਅੱਗਿਉਂ ਕਹਿੰਦਾ ਕਿ ਜਦ ਤੱਕ ਮੈਂ ਆਪਣੇ ਅੱਖੀਂ ਨਹੀਂ ਕੁਝ ਦੇਖ ਲੈਂਦਾ, ਮੈਂ ਨਹੀਂ ਯਕੀਨ ਕਰਦਾ।…ਅਸੀਂ ਆਪਣੀ ਥਾਂ ਅੜ ਗਏ, ਇਹ ਆਪਣੀ ਜਗ੍ਹਾ!… ਆਖਰ ਗੱਲ ਇਥੇ ਮੁੱਕੀ ਕਿ ਜਿਸ ਰਾਤ ਹੁਣ ਬੀਟਣੀ ਦੇ ਬੋਹੜ ਉੱਪਰ ਚੁੜੇਲਾਂ ਨੱਚਣ, ਅਸੀਂ ਗਿਆਨੀ ਨੂੰ ਰਾਣੇਵਾਲ ਲਿਜਾ ਕੇ ਦਿਖਾਈਏ….!”
ਇਸ ਗੱਲ ਤੋਂ ਮਹੀਨਾ ਕੁ ਬਾਅਦ ਹੀ ਇਕ ਰਾਤ ਰਾਣੇਵਾਲ ਤੋਂ ਸਾਈਕਲ ‘ਤੇ ਆਏ ਇਕ ਬੰਦੇ ਨੇ ਮੈਨੂੰ ਸੁੱਤੇ ਪਏ ਨੂੰ ਆ ਉਠਾਇਆ। ਹੁਣ ਭਾਈਆ ਜੀ ਆਪਣੀਆਂ ਅੱਖਾਂ ਵਿਚ ਚਮਕ ਲਿਆ ਕੇ, ਇਸ ਅਨੋਖੀ ਕਹਾਣੀ ਨੂੰ ਸਿਖਰ ਵਲ ਲਿਜਾਂਦੇ। “ਜਦ ਜੀ ਮੈਂ ਗਿਆ ਉਥੇ, ਇਹ ਪੰਜ-ਛੇ ਜਣੇ ਟਾਂਡਿਆਂ ਦੇ ਕੁੱਨੂੰ ਨਾਲ ਛਹਿ ਲਾ ਕੇ ਬੀਟਣੀ ਵਲ ਨਿਗਾਹਾਂ ਗੱਡੀ ਖੜ੍ਹੇ। ਫੁਸ-ਫੁਸ ਕਰਦਿਆਂ ਇਨ੍ਹਾਂ ਨੇ ਮੇਰੇ ਮੋਢੇ ਨੂੰ ਹਲੂਣਦਿਆਂ ਕਿਹਾ- ‘ਔਹ ਦੇਖ ਸਾਹਮਣੇ ਕਿਆ ਹੁੰਦੈ!’….ਬੋਹੜ ਵਲ ਦੇਖ ਕੇ ਮੇਰੇ ਵੀ ਤ੍ਰਾਹ ਨਿਕਲ ਗਏ! ਇੰਨ-ਬਿੰਨ ਇਨ੍ਹਾਂ ਵਲੋਂ ਦੱਸਿਆ ਜਾਂਦਾ ਸੀਨ-ਢੋਲਕੀ ਦੀ ਧੱਪ-ਧੱਪ ਸੁਣੇ-ਬੋਹੜ ਦੇ ਟਾਹਣਿਆਂ ਵਿਚ ਇਧਰ-ਉਧਰ ‘ਲੈਟ’ ਭੱਜੀ ਫਿਰੇ। ਜਦੋਂ ਉਸ ਪਾਸਿਉਂ ਹਵਾ ਦਾ ਬੁੱਲਾ ਆਵੇ ਤਾਂ ਗਾ ਰਹੀਆਂ ਚੁੜੇਲਾਂ ਦੀ ਆਵਾਜ਼ ਜ਼ਰਾ ਉੱਚੀ ਸੁਣਾਈ ਦਿੰਦੀ। ਇਹ ਅਜਬ ਤਮਾਸ਼ਾ ਦੇਖ ਕੇ ਮੇਰਾ ਵੀ ਮੂੰਹ ਤਾਂ ਅੱਡਿਆ ਰਹਿ ਗਿਆ, ਲੇਕਿਨ ਮੇਰੇ ਅੰਦਰੋਂ ਇਹ ‘ਵਾਜ ਉੱਠੀ ਜਾਵੇ ਕਿ ਇਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ! ਪੰਜ-ਦਸ ਮਿੰਟ ਇਨ੍ਹਾਂ ਵਾਂਗ ਚੁੜੇਲ-ਸੰਗੀਤ ਸੁਣਦਿਆਂ ਮੈਂ ਸੋਚਿਆ ਕਿ ਅੱਜ ਹਕੀਕਤ ਦਾ ਕੱਟਾ-ਕੱਟੀ ਜ਼ਰੂਰ ਕੱਢਣਾ ਚਾਹੀਦਾ ਹੈ। ਜੋ ਮਰਜ਼ੀ ਹੋ ਜਾਏ!
ਟਾਂਡਿਆਂ ਦੇ ਕੁੱਨੂੰ ਓਹਲੇ ਬਹਿ ਕੇ ਮੈਂ ਇਨ੍ਹਾਂ ਨੂੰ ਸਮਝਾਉਣ ਲੱਗਿਆ ਕਿ ਗੱਲ ਤੁਹਾਡੀ ਵੀ ਠੀਕ ਹੈ। ਸਾਰਾ ਕੁੱਛ ਸਾਹਮਣੇ ਹੋ ਰਿਹਾ ਹੈ। ਪਰ ਆਪਾਂ ਇਹ ਤਾਂ ਦੇਖ ਲਈਏ ਕਿ ਇਹ ਚੁੜੇਲਾਂ-ਭੂਤਨੇ ਹੁੰਦੇ ਕਿਹੋ ਜਿਹੇ ਹੋਣਗੇ? ਜੇ ਮੇਰੀ ਮੰਨੋਂ, ਅਸੀਂ ਆਪਣੇ ਕੋਲ ਕਿਰਪਾਨਾਂ, ਗੰਡਾਸੀਆਂ, ਬਰਛੇ ਲੈ ਕੇ ਬੀਟਣੀ ਨੂੰ ਚੱਲੀਏ। ਤੁਹਾਡੇ ਮੋਹਰੇ ਮੈਂ ਹੋਵਾਂਗਾ!”
“ਗਿਆਨੀ, ਤੈਂ ਸਾਨੂੰ ਅਣਿਆਈ ਮੌਤੇ ਮਰਵਾਉਣਾ?” ਬਾਈ ਗੇਂਦਾ ਸਿੰਘ ਹੋਰੀਂ ਇਕੱਠੇ ਈ ਬੋਲੇ।
ਇਨ੍ਹਾਂ ਦੇ ਦਿਲਾਂ ਵਿਚੋਂ ਡਰ ਦੂਰ ਕਰਨ ਦੀ ਮਨਸ਼ਾ ਨਾਲ ਮੈਂ ਜਨਮ-ਸਾਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਯਾਰੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਜਿਨ੍ਹਾਂ ਤੋਂ ਡਰਦਿਆਂ ਕਲਯੁਗ ਨੇ ਆਖਿਆ ਸੀ ਕਿ ਜਿਸ ਪ੍ਰਾਣੀ ਦੇ ਮੂੰਹ ਵਿਚ ‘ਧੰਨ ਗੁਰੂ ਨਾਨਕ’ ਦੀ ਆਵਾਜ਼ ਆਏਗੀ, ਉਸ ਉੱਤੇ ਮੇਰਾ ਕੋਈ ਪ੍ਰਭਾਵ ਨਹੀਂ ਪਵੇਗਾ। ਸੋ ਮੇਰੇ ਨਾਲ ਤੁਰੋ, ਮੈਂ ਅੱਗੇ ਅੱਗੇ ਮੂਲ-ਮੰਤਰ ਦਾ ਜਾਪ ਕਰਦਾ ਜਾਵਾਂਗਾ। ਤੁਸੀਂ ਮੇਰੇ ਪਿੱਛੇ ਪਿੱਛੇ ਹਥਿਆਰ ਸੰਭਾਲ ਕੇ ਤੁਰੇ ਆਇਉ। ਕੋਈ ਹਬ੍ਹੀ-ਨਬ੍ਹੀ ਹੋਈ ਤਾਂ ਪਹਿਲਾਂ ਮੇਰੇ ‘ਤੇ ਹੀ ਹੋਵੇਗੀ। ਤੁਸੀਂ ਤਕੜੇ ਹੋਵੋ!
ਲਉ ਜੀ, ਮੇਰੀਆਂ ਗੱਲਾਂ ਦਾ ਅਸਰ ਕਬੂਲਦਿਆਂ ਇਹ ਸਾਰੇ ਮੇਰੇ ਨਾਲ ਬੀਟਣੀ ਨੂੰ ਜਾਣ ਲਈ ਤਿਆਰ ਹੋ ਗਏ। ਮਨ ਕਰੜਾ ਜਿਹਾ ਕਰਕੇ ਕੰਬਦੀ ਜਿਹੀ ਆਵਾਜ਼ ਨਾਲ ‘ਵਾ..ਹਿ…ਗੁ…ਰੂ’ ਕਹਿ ਕੇ ਇਨ੍ਹਾਂ ਦਾ ‘ਲੀਡਰ’ ਬਣ ਕੇ ਮੈਂ ਤੁਰ ਤਾਂ ਪਿਆ ਅੱਗੇ ਅੱਗੇ, ਪਰ ਬੀਟਣੀ ਦੇ ਬੋਹੜ ਦੇ ਟਾਹਣਿਆਂ ‘ਚ ਘੁੰਮਦੀ ਲੈਟ ਦੇਖ ਕੇ ਅਤੇ ਉੱਧਰੋਂ ਆਉਂਦੀਆਂ ਆਵਾਜ਼ਾਂ ਸੁਣ ਕੇ ਮੇਰੀਆਂ ਵੀ ਲੱਤਾਂ ਕੰਬਣ ਲੱਗ ਪਈਆਂ। ਮਨ ਵਿਚ ਆਵੇ ਕਿ ਭਲਾ ਸੱਚ-ਮੁੱਚ ਚੁੜੇਲਾਂ-ਭੂਤਨੇ ਬੋਹੜ ਤੋਂ ਉੱਤਰ ਕੇ ਸਾਡੇ ਗਲ ਪੈ ਗਏ, ਫਿਰ ਕੀ ਬਣੇਗਾ? ਪਛਤਾਵਾ ਵੀ ਆਵੇ ਕਿ ਮੰਨ ਲਉ ਚੁੜੇਲਾਂ ਦੀ ਅਸਲੀਅਤ ਕੁਝ ਹੋਰ ਨਿੱਕਲੀ, ਫੇਰ ਕਿਹੜਾ ਲੋਕਾਂ ਨੇ ਜਿੰਨ-ਭੂਤਨਿਆਂ ਤੋਂ ਡਰਨਾ ਹਟ ਜਾਣੈ? ਐਵੇਂ ਪੰਗਾ ਈ ਲਿਆ! ਪਰ ਮੈਂ ਜੱਕੋ-ਤੱਕੋ ਕਰਦਾ ਇਨ੍ਹਾਂ ਦੇ ਹੱਥਾਂ ਵਿਚ ਹਥਿਆਰ ਦੇਖ ਕੇ ਅੱਗੇ ਅੱਗੇ ਤੁਰ ਪਿਆ।
ਕਾਲੀ-ਬੋਲੀ ਰਾਤ ਅਸੀਂ ਤੁਰ ਪਏ ਬੀਟਣੀ ਦੇ ਬੋਹੜ ਥੱਲੇ ਨੂੰ, ਜਿਥੋਂ ਸਿਖਰ ਦੁਪਹਿਰੇ ਲੰਘਦਿਆਂ ਵੀ ਲੋਕੀਂ ਖੌਫ਼ ਖਾਂਦੇ ਸਨ। ਪੁੱਟੀਏ ਪੈਰ ਅਸੀਂ ਮੋਹਰੇ ਨੂੰ, ਪਰ ਜਾਣ ਪਿੱਛੇ ਨੂੰ! ਪਰ ਸਿਰੜ ਬੰਨ੍ਹ ਕੇ ਸਾਡਾ ਜਥਾ ਤੁਰਿਆ ਰਿਹਾ। ਸਾਡੇ ਪੈਰਾਂ ਦੀ ਸਰ-ਸਰਾਹਟ ਸੁਣ ਕੇ ਜੇ ਕੋਈ ਚਿੜੀ-ਪਰਿੰਦਾ ‘ਸ਼ੂਅ’ ਦੀ ਆਵਾਜ਼ ਕਰਕੇ ਉੜਦਾ ਤਾਂ ਸਾਨੂੰ ਲੱਗਦਾ ਕਿ ਬੋਹੜ ਤੋਂ ਕੋਈ ਚੁੜੇਲ ਸਾਡੇ ‘ਤੇ ਹਮਲਾ ਕਰਨ ਆਈ ਹੈ! ਬੇ-ਦਿਲੀ ਅਤੇ ਹੌਸਲੇ ਦੇ ਕੰਢਿਆਂ ਵਿਚਕਾਰ ਅਸੀਂ ਕੱਛੂ ਵਾਂਗ ਤੁਰਦੇ ਗਏ। ਹੁਣ ਸਾਡੇ ਤੇ ਬੋਹੜ ਵਿਚਕਾਰ ਫਾਸਲਾ ਦੋ-ਚੌਂਹ ਖੇਤਾਂ ਦਾ ਹੀ ਰਹਿ ਗਿਆ। ਰਾਤ ਦੇ ਸੰਨਾਟੇ ‘ਚ ਗਾਉਣ ਦੀਆਂ ਅਵਾਜ਼ਾਂ ਹੋਰ ਸਾਫ ਸੁਣਾਈ ਦੇਣ ਲੱਗੀਆਂ। ਹੁਣ ਸਾਨੂੰ ਛੈਣੇ ਵੱਜਦੇ ਵੀ ਸੁਣਨ ਲੱਗ ਪਏ! ਪਰ ਅਸੀਂ ਤੁਰਨਾ ਜਾਰੀ ਰੱਖਿਆ।
ਜਦ ਬੋਹੜ ਤੋਂ ਅਸੀਂ ਸਿਰਫ ਇਕ ਖੇਤ ਪਿੱਛੇ ਰਹਿ ਗਏ, ਮੈਂ ਸਾਥੀਆਂ ਦਾ ਹੌਂਸਲਾ ਵਧਾਉਣ ਲਈ, ਖੁਸ਼ਕ ਹੋ ਰਹੇ ਗਲੇ ਵਿਚੋਂ ਝੂਠ-ਮੂਠ ਹੀ ਕਹਿ ਦਿੱਤਾ ਕਿ ਦੇਖਿਉ, ਗੱਲ ਵਿਚੋਂ ਕੋਈ ਹੋਰ ਈ ਨਿਕਲੂ! ਨਾਲ ਹੀ ਜੇਰਾ ਕਰਕੇ ਮੈਂ ਇਕ ਰੋੜਾ ਚੁੱਕ ਕੇ, ਸਾਰੇ ਜ਼ੋਰ ਨਾਲ ਬੋਹੜ ਵਲ ਵਗਾਹ ਮਾਰਿਆ। ਬੋਹੜ ਦੇ ਆਲੇ-ਦੁਆਲੇ ਦੇ ਝਾੜ-ਝੂੰਡਿਆਂ ‘ਚ ਰੋੜਾ ਡਿੱਗਣ ਨਾਲ ਕਈ ਸਾਰੇ ਪੰਛੀ-ਜਨੌਰ ਇਕੋ ਦਮ ਫੁੱਰਰ ਕਰਕੇ ਉੜ ਪਏ। ਬੋਹੜ ‘ਤੇ ਬੈਠੇ ਕੁਝ ਜਾਨਵਰਾਂ ਨੇ ਵੀ ਖੰਭ ਫੜ-ਫੜਾਏ ਤੇ ‘ਘੀਂਚ-ਘੀਂਚ’ ਦੀਆਂ ਆਵਾਜ਼ਾਂ ਆਈਆਂ, ਜੋ ਸ਼ਾਇਦ ਗਿਰਝਾਂ ਦੀਆਂ ਸਨ। ਪਰ ਇਸ ਦੇ ਬਾਵਜੂਦ ਵੀ ਗਾਉਣ-ਵਜਾਉਣ ਦੀਆਂ ਆਵਾਜ਼ਾਂ ਬਾ-ਦਸਤੂਰ ਜਾਰੀ ਰਹੀਆਂ। ਇਸ ਤੋਂ ਸਾਨੂੰ ‘ਸ਼ੱਕ’ ਹੋ ਗਿਆ ਕਿ ਰੋੜਾ ਵੱਜਣ ਦੀ ਆਵਾਜ਼ ਸੁਣ ਕੇ ਵੀ ਜੇ ਭੂਤਾਂ ਨੇ ਵਾਜੇ-ਢੋਲਕੀਆਂ ਬੰਦ ਨਹੀਂ ਕੀਤੇ, ਇਹਦਾ ਮਤਲਬ ਕੋਈ ‘ਗੜਬੜ’ ਹੈ।
ਰਾਣੇਵਾਲ ਦੀ ਆਬਾਦੀ ਤੋਂ ਲੈ ਕੇ ਬੀਟਣੀ ਦੇ ਮੋੜ ਤੱਕ ਜ਼ਮੀਨ ਦਾ ਇਕੋ ਲੈਵਲ ਹੈ, ਪਰ ਅੱਗੇ ਇਕਦਮ ਢਲਾਣ ਹੈ। ਸੋ ਅਸੀਂ ਮਜ਼ਬੂਤ ਇਰਾਦੇ ਨਾਲ ਦੌੜ ਕੇ ਬੋਹੜ ਥੱਲੇ ਜਾ ਪਹੁੰਚੇ! ਉਥੇ ਪਹੁੰਚ ਕੀ ਦੇਖਦੇ ਹਾਂ ਕਿ ਬੋਹੜ ਉੱਪਰ ਤਾਂ ਸੁੰਨ-ਮ-ਸਾਨ ਹੈ, ਪਰ ਸਾਹਮਣੇ ਟਿੱਬੇ ‘ਤੇ ਸਥਿਤ ਪਿੰਡ ਸੋਇਤੇ ਦੇ ਬਾਹਰਵਾਰ ਪਿੜਾਂ ਵਿਚ ਮੁਜ਼ਰਾ ਚੱਲ ਰਿਹਾ ਹੈ। ਮੁਜ਼ਰੇ ਵਿਚ ਗਾ ਰਹੀਆਂ ਨਚਾਰਾਂ ਦੇ ਚਿਹਰਿਆਂ ‘ਤੇ ਰੌਸ਼ਨੀ ਪਾਉਣ ਲਈ ਮਸ਼ਾਲਚੀ ਹੱਥਾਂ ਵਿਚ ਮਸ਼ਾਲਾਂ ਫੜ ਕੇ ਨਚਾਰਾਂ ਦੇ ਨਾਲ ਨਾਲ ਇਧਰੋਂ-ਉਧਰੋਂ ਭੱਜੀ ਜਾ ਰਹੇ ਸਨ। ਇਥੇ ਹੀ ਢੋਲਕੀ, ਵਾਜੇ ਤੇ ਛੈਣੇ ਵੱਜ ਰਹੇ ਸਨ।
ਹੱਸ ਹੱਸ ਕੇ ਦੋਹਰੇ ਹੁੰਦਿਆਂ ਭਾਈਆ ਜੀ ਤੇ ਬਾਪੂ ਗੇਂਦਾ ਸਿੰਘ ਸਾਨੂੰ ‘ਚੁੜੇਲਾਂ ਦੇ ਸੰਗੀਤ’ ਦਾ ਰਹੱਸ ਸਮਝਾਉਂਦਿਆਂ ਦੱਸਦੇ ਹੁੰਦੇ ਸਨ ਕਿ ਪਿੰਡ ਰਾਣੇਵਾਲ, ਸੋਇਤਾ ਤੇ ਬੀਟਣੀ ਵਾਲਾ ਬੋਹੜ, ਇਕੋ ਸੇਧ ਵਿਚ ਸਨ।
ਦੋਵੇਂ ਪਿੰਡ ਇਕ ਹੀ ਲੈਵਲ ‘ਤੇ ਸਥਿਤ ਸਨ ਜਦ ਕਿ ਦੋਹਾਂ ਦੇ ਵਿਚਕਾਰ ਬੋਹੜ ਨੀਵੇਂ ਥਾਂ ‘ਤੇ ਖੜ੍ਹਾ ਸੀ। ਪਰ ਬੋਹੜ ਦੀ ਭਾਰੀ ਛਤਰੀ, ਦੋਹਾਂ ਪਿੰਡਾਂ ਦੇ ਲੈਵਲ ਵਿਚਕਾਰ ਆਉਂਦੀ ਸੀ। ਸੰਨ 47 ਤੋਂ ਪਹਿਲਾਂ ਸੋਇਤੇ ਪਿੰਡ ਵਿਚ ਰੰਘੜ ਮੁਸਲਮਾਨ ਜਿ਼ਆਦਾ ਰਹਿੰਦੇ ਸਨ, ਜਿਹੜੇ ਅਕਸਰ ਮੌਜ-ਮਸਤੀ ਲਈ ਕੰਜਰੀਆਂ ਦੇ ਮੁਜ਼ਰੇ ਕਰਵਾਉਂਦੇ ਰਹਿੰਦੇ ਸਨ। ਸੋ ਰਾਣੇਵਾਲ ਦੀ ਸਾਈਡ ਤੋਂ ਸੋਇਤੇ ਪਿੰਡ ਦੇ ਪਿੜਾਂ ਵਿਚ ਬਲਦੀਆਂ ਮਸ਼ਾਲਾਂ ਇਉਂ ਜਾਪਦੀਆਂ ਸਨ, ਜਿਵੇਂ ਇਹ ਬੀਟਣੀ ਵਾਲੇ ਬੋਹੜ ਦੀ ਛਤਰੀ ਵਿਚ ਘੁੰਮ ਰਹੀਆਂ ਹੋਣ। ਹਾਂ, ਮੁਜਰੇ ਵਿਚ ਨੱਚਦੀਆਂ, ਕੰਜਰੀਆਂ ਨੂੰ ਤਾਂ ਤੁਸੀਂ ਭੂਤਨੀਆਂ ਜਾਂ ਚੁੜੇਲਾਂ ਕਹਿ ਹੀ ਸਕਦੇ ਹੋ! ਪਰ ਇਹ ਜਿਊਂਦੀਆਂ ਜਾਗਦੀਆਂ ਚੁੜੇਲਾਂ ਸਨ, ਉਹ ਨਹੀਂ, ਜੋ ਬਾਪੂ ਗੇਂਦਾ ਸਿੰਘ ਤੇ ਉਨ੍ਹਾਂ ਦੇ ਸਾਥੀ ਸਮਝਦੇ ਸਨ।
ਅੰਤਿਕਾ : ਇਨ੍ਹਾਂ ਸਤਰਾਂ ਦਾ ਲੇਖਕ ਸੰਨ 73-74 ਵਿਚ ਨਵਾਂਸ਼ਹਿਰ ਪੜ੍ਹਨ ਜਾਣ ਸਮੇਂ ਰੋਜ਼ਾਨਾ ਦੋ ਵੇਲੇ ਇਸੇ ਬੀਟਣੀ ‘ਚੋਂ ਸਾਈਕਲ ‘ਤੇ ਲੰਘਦਾ ਰਿਹਾ। ਉਦੋਂ ਤੱਕ ਬੋਹੜ ਵੀ ਵੱਢਿਆ ਜਾ ਚੁੱਕਾ ਸੀ, ਟਰੈਕਟਰਾਂ ਨਾਲ ਮਲ੍ਹੇ-ਝਾੜੀਆਂ ਸਾਫ ਕੀਤੇ ਜਾ ਚੁੱਕੇ ਸਨ। ਖੂਹ ਪੂਰ ਕੇ ਟਿਊਬਵੈੱਲ ਲੱਗ ਚੁੱਕਾ ਸੀ। ਕੱਚੀ ਗੋਹਰੀ ਦੀ ਥਾਂ ਬਣੀ ਹੋਈ ਪੱਕੀ ਸੜਕੇ ਬਚੀਆਂ ਖੁਚੀਆਂ ਚੁੜੇਲਾਂ ਪਤਾ ਨਹੀਂ ਕਿਧਰ ਦੌੜ ਗਈਆਂ!

ਦੈਂਤਾਂ ਦੇ ਦਲ ਵਿਚ ਦੇਵਤੇ?

ਤਰਲੋਚਨ ਸਿੰਘ ਦੁਪਾਲਪੁਰ —
ਦੈਂਤਾਂ ਦੇ ਦਲ ਵਿਚ ਦੇਵਤੇ?

ਸੰਨ ਉਨੀ ਸੌ ਪਚਾਸੀ-ਛਿਆਸੀ ਦਾ ਅਤਿ ਖਤਰਨਾਕ ਸਮਾਂ…ਪੰਜਾਬ ਵਿਚ ਚਾਰੋਂ ਤਰਫ ਮਾਰੋ-ਮਾਰੀ…ਕਦੇ ਕਿਤੇ ਪੁਲਿਸ ਮੁਕਾਬਲਾ ਕਦੇ ਕਿਤੇ…ਸਿੱਖ ਨੌਜਵਾਨਾਂ ਦਾ ਸਿ਼ਕਾਰ ਪੂਰੇ ਜ਼ੋਰਾਂ ‘ਤੇ…ਦਿਨ ਢਲਦਿਆਂ ਹੀ ਸ਼ਹਿਰ-ਬਾਜ਼ਾਰ ਸੁੰਨੇ ਸੁੰਨੇ…ਜੰਗਲ ਦਾ ਰਾਜ…ਕਿਸ ਨੂੰ ਕਿੱਥਿਉਂ ਫੜ ਕੇ, ਕਿੱਥੇ ਲੈ ਜਾ ਕੇ ਮੁਕਾਬਲੇ ‘ਚ ਮੁਕਾਉਣਾ ਹੈ?…ਕੋਈ ਪਤਾ ਨਹੀਂ!
ਪੁਲਿਸ ਅਤੇ ਸੁਰੱਖਿਆ ਬਲਾਂ ਤੋਂ ਸਾਰੇ ਪੰਜਾਬ ਵਾਸੀ ਭੈਅ-ਭੀਤ! ਐਹੋ ਜਿਹੇ ਕਲੀ-ਕਾਲ ਦੇ ਦਿਨੀਂ, ਫਿਲੌਰ ਦੇ ਬੱਸ ਅੱਡੇ ਵਿਚ ਪਈ ਸ਼ਾਮ ਦਾ ਇਕ ਦ੍ਰਿਸ਼…ਆਲੇ ਦੁਆਲੇ ਚਾਹ-ਦੁੱਧ ਦੀਆਂ ਦੁਕਾਨਾਂ, ਢਾਬੇ ਸਭ ਬੰਦ…ਮੂੰਗਫਲੀ ਦੀਆਂ ਰੇੜ੍ਹੀਆਂ ਵਾਲੇ ਵੀ ਕਦੋਂ ਦੇ ਆਪਣੇ ਆਪਣੇ ਘਰੀਂ ਜਾ ਚੁੱਕੇ ਨੇ…ਚਾਰ-ਚੁਫੇਰੇ ਕਾਂ ਨਾ ਕਵਿੱਤਰੀ…ਕਰਫਿਊ ਵਰਗੀ ਹਾਲਤ…ਇਧਰ ਉਧਰ ਜਾਣ ਵਾਲੀਆਂ ਆਖਰੀ, ਬੱਸਾਂ ਵੀ ਜਾ ਚੁੱਕੀਆਂ ਨੇ…ਸੁੰਨ-ਮਸਾਨ ਸੜਕ ਉਤੋਂ ਕਦੇ-ਕਦਾਈਂ ਕੋਈ ਵਾਹਨ ਗੁਜ਼ਰਦਾ… ਪਲ ਪਲ ਵਧਦੀ ਜਾਂਦੀ ਠੰਢ ਅਤੇ ਹੋ ਰਹੇ ਹਨੇਰੇ ਵਿਚ, ਕੱਛਾਂ ‘ਚ ਹੱਥ ਦੇਈ ਤਿੰਨ ਯਾਤਰੂ ਸਹਿਮੇ ਹੋਏ ਖੜ੍ਹੇ ਹਨ…ਇਕ, ਖੁੱਲ੍ਹੀ ਦਾਹੜੀ ਤੇ ਨੀਲੀ ਪੱਗ ਵਾਲਾ ਨੌਜਵਾਨ ਗੱਭਰੂ, ਦੂਸਰਾ, ਉਚੇ ਲੰਮੇ ਕੱਦ-ਕਾਠ ਵਾਲਾ ਵਿਦੇਸ਼ ਤੋਂ ਆਇਆ ਹੋਇਆ ਜਾਪਦਾ ਨਵਾਂ ਨਵਾਂ ਵਿਆਹਿਆ ਕਲੀਨ ਸ਼ੇਵ ਨੌਜਵਾਨ, ਨਾਲ ਖੜੀ ਉਸ ਦੀ ਨਵ-ਵਿਆਹੀ ਵਹੁਟੀ, ਜਿਸ ਨੇ ਗਲ ਵਿਚ ਤੇ ਕੰਨਾਂ ਵਿਚ ਸੋਨੇ ਦੇ ਮੋਟੇ ਮੋਟੇ ਗਹਿਣੇ ਪਾਏ ਹੋਏ ਹਨ…ਡੌਰ-ਭੌਰ ਹੋਏ ਤਿੰਨੋਂ ਜਣੇ ਐਧਰ-ਉਧਰ ਨੂੰ ਝਾਕ ਰਹੇ ਨੇ।
ਬੱਸ ਦੀ ਉਡੀਕ ਵਿਚ ਖੜ੍ਹੇ ਇਨ੍ਹਾਂ ਤਿੰਨਾਂ ਮਾਸੂਮ ਜਿਹੇ ਯਾਤਰੂਆਂ ਵਲ, ਬੱਸ ਅੱਡੇ ਦੇ ਇਕ ਪਾਸੇ ਤਾਇਨਾਤ ਖੜੇ ਸੁਰੱਖਿਆ ਫੋਰਸ ਦੇ ਜਵਾਨ, ਘੂਰ ਘੂਰ ਕੇ ਦੇਖ ਰਹੇ ਹਨ। ਨਵਾਂ ਸ਼ਹਿਰ ਵਲ ਨੂੰ ਜਾਣ ਵਾਲੇ ਕਿਸੇ ਟਰੱਕ ਜਾਂ ਕਿਸੇ ਹੋਰ ਵਾਹਨ ਅੱਗੇ ਦੌੜ ਕੇ, ਪੱਗ ਵਾਲਾ ਗੱਭਰੂ ਰੁਕ ਜਾਣ ਲਈ ਹੱਥ ਦਾ ਇਸ਼ਾਰਾ ਕਰਦਾ, ਪਰ ਕੁਵੇਲਾ ਹੋਣ ਕਰਕੇ ਖੜ੍ਹਦਾ ਕੋਈ ਵੀ ਨਾ। ਬੇ-ਵੱਸ ਹੋਏ ਇਨ੍ਹਾਂ ਤਿੰਨਾਂ ਅੱਗੇ, ਅਚਾਨਕ ਇਕ ਫੋਰ-ਵੀਲ੍ਹਰ ਆਣ ਰੁਕਦਾ ਹੈ, ਆਸ਼ਾਵਾਦੀ ਜਿਹੇ ਹੋ ਕੇ ਇਹ ਤਿੰਨੋਂ, ਡਰਾਈਵਰ ਨੂੰ ਪੁੱਛਦੇ ਨੇ-
“ਭਾਈ ਰਾਹੋਂ-ਨਵਾਂਸ਼ਹਿਰ ਵਲ ਜਾ ਰਹੇ ਹੋ?”
ਡਰਾਈਵਰ ਆਪਣੇ ਮੂੰਹੋਂ ‘ਹਾਂ-ਨਾਂਹ’ ਕਹਿਣ ਦੀ ਬਜਾਏ ਨਾਲ ਬੈਠੇ ਪੁਲਸੀਆਂ ਵਲ ਤੱਕਦਾ ਹੈ। ਡਰਾਈਵਰ ਦੇ ਨਾਲ ਫਸ-ਫਸ ਕੇ ਬੈਠੇ ਪੁਲਸੀਆਂ ਵਿਚੋਂ ਇਕ ਜਣਾ, ਪਹਾੜੀ ਕਾਂ ਵਰਗੀ ਆਵਾਜ਼ ਕੱਢ ਕੇ ਬੋਲਦਾ ਹੈ-
“ਆਹੋ, ਨਵਾਂ ਸ਼ਹਿਰ ਈ ਜਾਣੈ, ਦੱਸੋ!”
ਉਸ ਦੇ ਨਾਲ ਵਾਲੇ ਪੁਲਸੀਆਂ ਨੇ ਵੀ ਧੌਣਾਂ ਉੱਚੀ ਕਰਕੇ ਥੱਲੇ ਖੜੀਆਂ ‘ਸਵਾਰੀਆਂ’ ਵਲ ਅੱਖਾਂ ਪਾੜ ਪਾੜ ਕੇ ਦੇਖਿਆ। ਵਿਚ ਬੈਠੇ ਪੁਲਸੀਆਂ ਵਲ ਦੇਖ ਕੇ, ਥੱਲੇ ਖੜ੍ਹੇ ਤਿੰਨੋ ਜਣੇ ਖੌਫਜ਼ਦਾ ਹੋ ਕੇ ਫੋਰ ਵੀਲ੍ਹਰ ਤੋਂ ਪਿੱਛੇ ਨੂੰ ਹੋ ਗਏ। ਉਨ੍ਹਾਂ ਇੰਜ ਮਹਿਸੂਸ ਕੀਤਾ, ਜਿਵੇਂ ਕਿਤੇ ਉਨ੍ਹਾਂ ਤੋਂ ਭੁਲੇਖੇ ਨਾਲ ਸੱਪ ਦੀ ਖੁੱਡ ‘ਚ ਹੱਥ ਪੈ ਗਿਆ ਹੋਵੇ!
ਜੀ-ਭਿਆਣੇ ਜਿਹੇ ਹੋ ਕੇ ਤਿੰਨੋਂ ਯਾਤਰੂ ਜਦੋਂ ਬਿਨਾ ਕੋਈ ਗੱਲ ਕੀਤਿਆਂ, ਫੇਰ ਫੋਰ-ਵੀਲ੍ਹਰ ਕੋਲੋਂ ਪਿੱਛੇ ਨੂੰ ਹਟ ਕੇ ਖੜ ਗਏ ਤਾਂ ਡਰਾਈਵਰ ਨੇ ਗੱਡੀ ਦਾ ਇੰਜਣ ਬੰਦ ਕਰ ਦਿੱਤਾ। ਦੂਸਰੀ ਸਾਈਡ ਦੀ ਡੋਰ ਖੁੱਲ੍ਹਦੀ ਹੈ ਅਤੇ ਤਿੰਨ ਪੁਲਿਸ ਜਵਾਨ ਰਫਲਾਂ ਚੁੱਕੀ ਥੱਲੇ ਛਾਲਾਂ ਮਾਰਦੇ ਹਨ। ਸੜਕ ਟੱਪ ਕੇ ਇਹ ਤਿੰਨੇ ਜਣੇ, ਯਾਤਰੂਆਂ ਵਲ ਆਉਂਦੇ ਨੇ। ਮੋਹਰੇ ਮੋਹਰੇ ਤੁਰਿਆ ਹੋਇਆ ‘ਸਰਦਾਰ’ ਪੁਲਸੀਆ ਇਨ੍ਹਾਂ ਦਾ ਅਫਸਰ ਜਾਪਦਾ ਹੈ।
ਮੌਤ ਦੇ ਮੂੰਹ ‘ਚ ਪੈ ਗਏ ਜਾਣ ਕੇ, ਤਿੰਨਾਂ ਯਾਤਰੂਆਂ ਦੇ ਚਿਹਰੇ ਪੀਲੇ ਭੂਕ ਹੋ ਗਏ…ਕਿਸੇ ਅਣਹੋਣੀ ਵਾਪਰਨ ਦੇ ਖਦਸ਼ੇ ਇਨ੍ਹਾਂ ਦੇ ਜਿ਼ਹਨ ‘ਚ ਤੈਰਨ ਲੱਗ ਪਏ…ਪੰਜਾਬ ਪੁਲਿਸ ਦੇ ‘ਸੁਭਾਅ ਅਤੇ ਵਿਵਹਾਰ’ ਦੇ ਸੁਣੇ ਹੋਏ ਕਿੱਸੇ, ਇਨ੍ਹਾਂ ਦੀ ਜਾਨ ਸੁਕਾਉਣ ਲੱਗੇ…!
…ਠਹਿਰੋ! ਅੱਗੇ ਕੀ ਹੋਇਆ? ਇਹ ਦੱਸਣ ਤੋਂ ਪਹਿਲਾਂ ਅਹਿ ਜਾਣਕਾਰੀ ਵੀ ਦੇ ਦਿਆਂ ਕਿ ਸੁਣਾਈ ਜਾ ਰਹੀ ਕਹਾਣੀ ਕੋਈ ਕਾਲਪਨਿਕ ਜਾਂ ਫਰਜ਼ੀ ਨਹੀਂ, ਸਗੋਂ ਹਕੀਕਤ ਬਿਆਨੀ ਜਾ ਰਹੀ ਹੈ। ਇਸ ਦੇ ਤਿੰਨ ਮੁੱਖ ਪਾਤਰਾਂ ਵਿਚ ਦਸਤਾਰਧਾਰੀ ਮੇਰਾ ਛੋਟਾ ਭਰਾ ਅਤੇ ਨਵਾਂ ਵਿਆਹਿਆ ਜੋੜਾ, ਮੇਰਾ ਭਾਣਜਾ ਤੇ ਭਾਣਜ-ਨੂੰਹ ਹਨ।
ਅਸਲ ਵਿਚ ਮੇਰੇ ਭਾਣਜੇ ਨੇ ਵਿਦੇਸ਼ ਤੋਂ ਪੰਜਾਬ ਜਾ ਕੇ ਵਿਆਹ ਕਰਵਾਇਆ ਸੀ। ਜਿ਼ਲਾ ਨਵਾਂਸ਼ਹਿਰ ਵਿਚ ਸਾਡੇ ਪਿੰਡ ਇਹ ਠਹਿਰੇ ਹੋਏ ਸਨ। ਆਪਣੀ ਵਹੁਟੀ ਦੀ ਪੇਕਿਆਂ ਵਲੋਂ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਵਾਸਤੇ ਮੇਰੇ ਭਰਾ ਨੂੰ ਨਾਲ ਲੈ ਕੇ, ਇਹ ਜਗਰਾਵਾਂ ਵਲ ਚੱਲੇ ਗਏ। ਉਥੋਂ ਵਾਪਸ ਆਉਂਦਿਆਂ ਇਨ੍ਹਾਂ ਨੂੰ ਕਾਫੀ ਹਨੇਰਾ ਹੋ ਗਿਆ।
ਗੜਬੜੀ ਵਾਲੇ ਹਾਲਾਤ ਕਰਕੇ ਉਨ੍ਹਾਂ ਦਿਨਾਂ ਵਿਚ ਬੱਸਾਂ ਦੀ ਆਵਾਜਾਈ ਸ਼ਾਮ ਛੇ ਕੁ ਵਜੇ ਹੀ ਬੰਦ ਹੋ ਜਾਂਦੀ ਸੀ। ਲੁਧਿਆਣੇ ਤੋਂ ਜਲੰਧਰ ਜਾਣ ਵਾਲੀ ਬੱਸ ਬਹਿ ਕੇ ਇਹ ਤਿੰਨੇ ਜਣੇ ਫਿਲੌਰ ਤਾਂ ਪਹੁੰਚ ਗਏ। ਪਰ ਅੱਗੇ ਨਵਾਂਸ਼ਹਿਰ ਜਾਂ ਰਾਹੋਂ ਪਹੁੰਚਣ ਲਈ ਇਨ੍ਹਾਂ ਨੂੰ ਕੋਈ ਵਸੀਲਾ ਨਹੀਂ ਸੀ ਲੱਭ ਰਿਹਾ।
ਉਨ੍ਹਾਂ ਦਿਨਾਂ ਵਿਚ ਹਾਲੇ ਟੈਲੀਫੋਨ ਪਿੰਡਾਂ ਤੱਕ ਨਹੀਂ ਸਨ ਪਹੁੰਚੇ। ਇਸ ਕਰਕੇ ਜਿਉਂ ਜਿਉਂ ਹਨੇਰਾ ਪਸਰਦਾ ਜਾ ਰਿਹਾ ਸੀ, ਅਸੀਂ ਪਿੰਡ ਬੈਠੇ ਚਿੰਤਾ ਫਿਕਰ ਵਿਚ ਸੁੱਕੀ ਜਾ ਰਹੇ ਸਾਂ। ਮਿੱਥੇ ਹੋਏ ਪ੍ਰੋਗਾਮ ਅਨੁਸਾਰ ਇਨ੍ਹਾਂ ਸ਼ਾਮ ਨੂੰ ਅਵੱਸ਼ ਮੁੜ ਆਉਣਾ ਸੀ, ਕਿਉਂਕਿ ਦੂਜੇ ਦਿਨ ਲਈ ਕੁਝ ਹੋਰ ਖਾਸ ਰੁਝੇਵੇਂ ਉਲੀਕੇ ਹੋਏ ਸਨ। ਮੇਰੀ ਮਾਂ ਤੇ ਭੈਣ, ਮੁੜ ਮੁੜ ਗਲ਼ ‘ਚ ਚੁੰਨੀ ਪਾ ਕੇ ਅਰਦਾਸਾਂ ਕਰ ਰਹੀਆਂ ਸਨ। ਸਾਡੇ ਸਾਰਿਆਂ ਦੇ ਕੰਨ, ਪਿੰਡ ‘ਚ ਆਉਣ ਵਾਲੀ ਕਿਸੇ ਗੱਡੀ ਜਾਂ ਟੈਂਪੂ ਦੀ ਬਿੜਕ ਵਲ ਲੱਗੇ ਹੋਏ ਸਨ। ਕੋਈ ਜਣਾ ਨਾਲ ਗਈ ਵਹੁਟੀ ਦੇ ਪਾਏ ਹੋਏ ਗਹਿਣਿਆਂ ਦੀ ਗੱਲ ਕਰ ਰਿਹਾ ਸੀ।
ਕੋਈ ਨੀਲੀ ਪੱਗ ਬੰਨ੍ਹ ਕੇ ਗਏ ਮੇਰੇ ਭਰਾ ਦੀ ਨਿੱਤ ਦਿਨ ਅਖ਼ਬਾਰਾਂ ‘ਚ ਆਉਂਦੀਆਂ ਕੁਲਹਿਣੀਆਂ ਖ਼ਬਰਾਂ ਨੂੰ ਚਿਤਵਦਿਆਂ ਸਾਡੇ ਸਾਰਿਆਂ ਦੇ ਸਾਹ ਸੂਤੇ ਪਏ ਸਨ। ਰਾਤ ਦਾ ਰੋਟੀ-ਪਾਣੀ ਤਾਂ ਪਕਾਇਆ ਜਾ ਰਿਹਾ ਸੀ, ਪਰ ਖਾਣ ਦੀ ਹਿੰਮਤ ਕਿਸੇ ਦੀ ਨਹੀਂ ਸੀ ਪੈਂਦੀ।
…ਤੇ ਕਾਫੀ ਦੇਰ ਰਾਤ ਗਈ, ਛਾਏ ਹੋਏ ਸੰਨਾਟੇ ਵਿਚ ਸਾਡੇ ਘਰ ਦੀਆਂ ਕੰਧਾਂ ਉਪਰ ਤੇਜ਼ ਲਾਈਟਾਂ ਪਈਆਂ! ਇਸ ਦੇ ਨਾਲ ਹੀ ਕਿਸੇ ਵਾਹਨ ਦੀ ਰੁਕਣ ਦੀ ਆਵਾਜ਼ ਆਈ!…ਫਿਰ ਉਸ ਦੀਆਂ ਤਾਕੀਆਂ ਖੁੱਲ੍ਹਣ ਅਤੇ ਬੰਦ ਹੋਣ ਦਾ ਖੜਾਕਾ ਹੋਇਆ!! ਅਸੀਂ ਸਾਰਾ ਟੱਬਰ ਵਾਹੋ-ਦਾਹੀ ਬਾਹਰ ਵਲ ਨੂੰ ਦੌੜ ਪਏ…ਅੱਗੇ ਕੀ ਦੇਖਦੇ ਹਾਂ…ਇਕ ਫੋਰ ਵੀਲ੍ਹਰ ਖੜਾ ਹੈ…।
ਜੇ ਕੋਈ ਆਖੇ ਕਿ ਮੈਂ ਸ਼ੇਰ ਦੇ ਘੁਰਨੇ ਵਿਚ ਵੜ ਕੇ ਸਹੀ ਸਲਾਮਤ ਆ ਗਿਆ ਹਾਂ, ਜਾਂ ਇੱਲ੍ਹ ਦੇ ਆਲ੍ਹਣੇ ‘ਚੋਂ ਮਾਸ ਲੱਭ ਜਾਣ ਦੀ ਗੱਲ ਕਰੇ, ਤਾਂ ਕੋਈ ਯਕੀਨ ਨਹੀਂ ਕਰ ਸਕਦਾ। ਪਰ ਕਈ ਵਾਰੀ ਐਸੇ ਕਰਾਮਾਤੀ ਵਾਕਿਆਤ ਹੋ ਨਿਬੜਦੇ ਹਨ ਕਿ ਦੇਖਣ ਸੁਣਨ ਵਾਲਿਆਂ ਦੇ ਦੰਦ ਹੀ ਜੁੜ ਜਾਂਦੇ ਹਨ। ਸਰਬ ਸ਼ਕਤੀ-ਮਾਨ ਵਾਹਿਗੁਰੂ ਜਦੋਂ ਔਰੰਗਜ਼ੇਬ ਜਿਹੇ ਬਣਾਉਂਦਾ ਹੈ ਤਾਂ ਨਾਲ ਪੀਰ ਬੁੱਧੂ ਸ਼ਾਹ ਵੀ ਸਾਜ਼ ਦਿੰਦਾ ਹੈ। ਜਦੋਂ ਕਦੇ ਵਜੀਦ ਖਾਨ ਸਰਹਿੰਦ ਜਿਹੇ ਦੈਂਤਾਂ ਦੀ ਰਚਨਾ ਕਰਦਾ ਹੈ ਤਾਂ ਕਿਸੇ ਗਨੀ ਖਾਂ, ਨਬੀ ਖਾਂ ਨੂੰ ਵੀ ਸਾਜਦਾ ਹੈ। ਪੱਥਰ ਦਿਲ ਚੰਦੂਆਂ, ਗੰਗੂਆਂ, ਸੁੱਚਾ ਨੰਦਾਂ ਦੇ ਨਾਲ ਨਾਲ ਕਿਸੇ ਮੋਤੀ ਮਹਿਰੇ ਅਤੇ ਟੋਡਰ ਮੱਲ ਜਿਹੇ ਰਹਿਮ-ਦਿਲ ਫਰਿਸ਼ਤਿਆਂ ਦੀ ਘਾੜਤ ਵੀ ਘੜ ਦਿੰਦਾ ਹੈ।
ਸੂਰਜ, ਚੰਨ, ਸਿਤਾਰੇ, ਜੁਗਨੂੰ
ਰਮਜ਼ੀਂ ਰਮਜ਼ੀਂ ਆਖ ਰਹੇ
ਨੇਰ੍ਹ ਮਿਟੌਣ ਵਾਲੇ
ਆਪਣੇ ਫਰਜ਼ੋਂ ਨਾਗਾ ਪੌਣ ਕਦੋਂ!
…ਫਿਲੌਰ ਅੱਡੇ ‘ਚ ਰੁਕੇ ਫੋਰ-ਵੀਲ੍ਹਰ ‘ਚੋਂ ਉਤਰੇ ਪੁਲਿਸ ਵਾਲਿਆਂ ਨੇ ਤਿੰਨਾਂ ਮੁਸਾਫਰਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ? ਹੁਣ ਸੁਣੋ ਉਹ ਦਿਲਚਸਪ ਬ੍ਰਿਤਾਂਤ…
ਕੌਣ ਕੌਣ ਹੈ? ਕਿਥੋਂ ਆਏ ਤੇ ਕਿਥੇ ਚੱਲੇ ਹੋ? ਵਗੈਰਾ ਸਵਾਲ ਪੁੱਛ ਕੇ, ਪੁਲਿਸ ਵਾਲਿਆਂ ਇਨ੍ਹਾਂ ਨੂੰ ਆਖਿਆ ਕਿ ਅਸੀਂ ਨਵਾਂ ਸ਼ਹਿਰ ਹੀ ਜਾ ਰਹੇ ਹਾਂ। ਸਾਡੇ ਨਾਲ ਹੀ ਚਲੋ। ਪੰਜਾਬ ਪੁਲਿਸ ਤੇ ਰਹਿਮ ਦਿੱਲੀ? ਇਹ ਕਿਵੇਂ ਹੋ ਸਕਦਾ ਹੈ? ਦੁਚਿੱਤੀ ਵਿਚ ਪਏ ਹੋਏ ਤਿੰਨੇ ਮੁਸਾਫਿਰ ਫੋਰ-ਵੀਲ੍ਹਰ ਵਲ ਨੂੰ ਤੁਰ ਪਏ। ਜਦ ਇਹ ਤਿੰਨੇ ਜਣੇ ਗੱਡੀ ‘ਚ ਚੜ੍ਹਨ ਲਈ ਪਿਛਲਾ ਡਾਲਾ ਖੋਲ੍ਹਣ ਲੱਗੇ ਤਾਂ ਪੁਲਸੀਏ ਇਨ੍ਹਾਂ ਨੂੰ ਕਹਿਣ ਲੱਗੇ-
“ਓ ਬਈ ਮੁੰਡਿਉ, ਤੁਹਾਡੇ ਨਾਲ ਅਹਿ ਬੀਬੀ ਜੀ ਤੋਂ ਪਿੱਛੇ ਖੜ੍ਹਿਆ ਨਹੀਂ ਜਾਣਾ। ਨਾਲੇ ਠੰਢ ਬਹੁਤ ਲੱਗੇਗੀ। ਐਦਾਂ ਕਰੋ ਅਸੀਂ ਤਿੰਨੇ ਪਿੱਛੇ ਖਲੋ ਜਾਂਦੇ ਹਾਂ। ਤੁਸੀਂ ਤਿੰਨੇ ਅੱਗੇ ਡਰਾਈਵਰ ਨਾਲ ਬਹਿ ਜਾਉ!”
ਰਾਹੋਂ ਪਹੁੰਚ ਕੇ ਪੁਲਿਸਮੈਨਾਂ ਫੋਰ-ਵੀਲ੍ਹਰ ਇਕ ਢਾਬੇ ‘ਤੇ ਰੁਕਵਾ ਲਿਆ। ਡਰਾਈਵਰ ਸਮੇਤ ਸਾਰਿਆਂ ਨੂੰ ਗਰਮ ਗਰਮ ਚਾਹ ਪਿਲਾਈ। ਇੱਥੇ ਗੱਲਾਂਬਾਤਾਂ ਕਰਦਿਆਂ ਜਦੋਂ ਪੁਲਿਸ ਅਫਸਰ ਨੂੰ ਇਹ ਪਤਾ ਲੱਗਾ ਕਿ ਮੇਰਾ ਭਰਾ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੈਕਚਰਾਰ ਲੱਗਾ ਹੋਇਐ, ਤਾਂ ਉਸ ਪੁਲਿਸ ਮੈਨ ਨੇ ਉੱਠ ਕੇ ਅਦਬ ਨਾਲ ਮੇਰੇ ਭਰਾ ਨੂੰ ‘ਸਲੂਟ’ ਮਾਰਦਿਆਂ ਆਖਿਆ-
“ਸਰ ਜੀ, ਮੈਂ ਵੀ ਉਸ ਕਾਲਜ ਦਾ ਸਟੂਡੈਂਟ ਰਿਹਾ ਹੋਇਆਂ!”
ਨਵਾਂਸ਼ਹਿਰ ਪਹੁੰਚ ਕੇ ਫੋਰ-ਵੀਲ੍ਹਰ ਵਾਲੇ ਨੇ ਜਦੋਂ ਸਿੱਧੇ ਰੋਪੜ ਜਾਣ ਦੀ ਇਸ ਜਥੇ ਤੋਂ ‘ਇਜਾਜ਼ਤ’ ਮੰਗੀ ਤਾਂ ਉਹੀ ਪੁਲਸੀਆ ਆਪਣੀ ‘ਅਸਲ ਬੋਲੀ’ ਬੋਲਦਿਆਂ ਕਹਿੰਦਾ-
“ਗੱਲ ਸੁਣ ਉਏ, ਬੰਦੇ ਦਾ ਪੁੱਤ ਬਣ ਕੇ ਪਹਿਲਾਂ ਸਰਦਾਰ ਜੀ ਹੁਣਾਂ ਨੂੰ ਇਨ੍ਹਾਂ ਦੇ ਪਿੰਡ ਛੱਡ ਕੇ ਆ। ਫੇਰ ਜਾਈਂ ਰੋਪੜ-ਰਾਪੜ ਨੂੰ!…ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਪ੍ਰੋਫੈਸਰ ਸਾਹਿਬ ਹੁਣਾਂ ਨੂੰ ਕਿਤੇ ਰਾਹ ‘ਚ ਈ ਉਤਾਰ ਦਿੱਤਾ, ਤਾਂ ਬੱਚੂ ਯਾਦ ਰੱਖੀ ਨਵਾਂਸ਼ਹਿਰ ਚੌਂਕ ‘ਚ ਸਵੇਰੇ ਮੈਂ ਹੀ ਖੜ੍ਹਨੈ! ਏਹ ਦੇਖ ਲਈਂ!!”
‘ਰਹਿਮ ਦਿਲ’ ਪੁਲਿਸ ਵਾਲਿਆਂ ਦੇ ‘ਦਬਕੇ’ ਤੋਂ ਡਰਦਾ ਹੋਇਆ ਵਿਚਾਰਾ ਡਰਾਈਵਰ ਸਾਡੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਵਿਹੜੇ ‘ਚ ਉਤਾਰ ਕੇ ਗਿਆ। ਅਜਿਹਾ ਕਰਦਿਆਂ ਭਾਵੇਂ ਉਸ ਨੂੰ ਵੀਹ ਪੱਚੀ ਮੀਲਾਂ ਦਾ ਗੇੜਾ ਹੀ ਪਿਆ।
‘ਪੰਜਾਬ ਪੁਲਿਸ ਤਾਂ ਕੈਲੇਫੋਰਨੀਆ ਦੀ ਪੁਲੀਸ ਨਾਲੋਂ ਵੀ ਚੰਗੀ ਹੈ।’
ਜਦੋਂ ਕਿਤੇ ਮੇਰਾ ਵਿਦੇਸ਼ੀ ਭਾਣਜਾ ਇਹ ਗੱਲ ਕਹਿੰਦਾ ਹੈ ਤਾਂ ਮੈਂ ਹੱਸਦਿਆਂ ਆਖਦਾ ਹੁੰਦਾ ਹਾਂ ਕਿ ਦੈਂਤਾਂ ਦੇ ਦਲ ਵਿਚ ਕੁਝ ਦੇਵਤੇ ਭੁੱਲ ਭੁਲੇਖੇ ਹੀ ਆ ਵੜੇ ਹੋਣਗੇ!

ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!

, ਤਰਲੋਚਨ ਸਿੰਘ ਦੁਪਾਲਪੁਰ —
ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!

“ਕਿੰਨੇ ਭਰਾ ਹੁੰਦੇ ਓ ਬਈ ਤੁਸੀਂ?” ਰਾਹ ਤੁਰੇ ਜਾਂਦੇ ਇਕ ਬੰਦੇ ਨੇ, ਅਚਾਨਕ ਆਣ ਮਿਲੇ ਕਿਸੇ ਨਾਵਾਕਿਫ ਸੱਜਣ ਨੂੰ ਸਵਾਲ ਕੀਤਾ।
“ਚਾਰ ਜੀ” ਅੱਗਿਉਂ ਜਵਾਬ ਮਿਲਿਆ।
“ਜੇ ਭਲਾ ਤੁਸੀਂ ਪੰਜ ਵੀ ਹੁੰਦੇ, ਫੇਰ ਕਿਹੜਾ ਤੁਸੀਂ ਮੇਰੀ ਟੰਗ ਭੰਨ ਲੈਣੀ ਸੀ?”
ਹੋਈ ਨਾ ਉਹੀ ਗੱਲ! ਅਖੇ ਤੂੰ ਕੌਣ? ਮੈਂ ਖਾਹ-ਮ-ਖਾਹ ਜੇ ਆਪਣੇ ਭਰਾਵਾਂ ਦੀ ਗਿਣਤੀ ਦੱਸਣ ਵਾਲਾ ਵਿਅਕਤੀ ਵੀ ‘ਖ਼ਰਦਿਮਾਗ’ ਹੁੰਦਾ ਅਤੇ ਮੋਹਰਿਉਂ ਆਖ ਦਿੰਦਾ-“ਤੂੰ ਮਾਮਾ ਮਰਦਮਸ਼ੁਮਾਰੀ ਕਰਦਾ ਫਿਰਦੈਂ?-ਤੂੰ ਕੀ ਲੈਣਾ-ਦੇਣੈ ਮੇਰੇ ਭਰਾਵਾਂ ਤੋਂ? ਅਸੀਂ ਜਿੰਨੇ ਮਰਜ਼ੀ ਹੋਈਏ!” ਤਾਂ ਵੀ ਦੋਹਾਂ ਦਾ ਖੜਕਾ-ਦੜਕਾ ਪੱਕਾ ਈ ਸੀ। ਜੇ ਦੂਸਰੇ ਨੇ ਸਾਊਪੁਣਾ ਵਰਤਦਿਆਂ, ਆਪਣੇ ਭਰਾਵਾਂ ਦੀ ਗਿਣਤੀ ਸਹੀ ਸਹੀ ਦੱਸ ਦਿੱਤੀ ਤਾਂ ਵੀ ਪੁੱਛਣ ਵਾਲੇ ਨੇ ਬਿਨ-ਮਤਲਬ ‘ਲੱਤ ਭੰਨ ਲੈਣ’ ਦੀ ਬੇਲੋੜੀ ਟਿੱਪਣੀ ਕਰਕੇ, ਲੜਾਈ-ਝਗੜੇ ਲਈ ਮਾਹੌਲ ਤਿਆਰ ਕਰ ਲਿਆ। ਇਕ ਹੀ ਤਲਖ਼-ਕਲਾਮੀ ਨੇ ਦੋ ਅਣਜਾਣ ਵਿਅਕਤੀ, ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ। ਜਿਵੇਂ ਕਹਿੰਦੇ ਨੇ ਕਿ ਹਜ਼ਾਰਾਂ ਮਣ ਲੱਕੜੀ ਦਾ ਢੇਰ, ਇਕ ਚਿੰਗਾਰੀ ਨਾਲ ਹੀ ਸੁਆਹ ਦੀ ਢੇਰੀ ਵਿਚ ਬਦਲਿਆ ਜਾ ਸਕਦਾ ਹੈ।
ਅਕਬਰ-ਬੀਰਬਲ ਦੇ ਦਿਲਚਸਪ ਸਵਾਲ-ਜੁਆਬਾਂ ਨੂੰ ਮਸਾਲੇ ਲਾ ਲਾ ਕੇ ਸੁਣਾਉਣ ਵਾਲਾ ਇਕ ਬਜ਼ੁਰਗ ਦੱਸਿਆ ਕਰਦਾ ਸੀ ਕਿ ਇਕ ਵਾਰੀ ਭਰੀ ਸਭਾ ‘ਚ ਬਾਦਸ਼ਾਹ ਅਕਬਰ ਨੇ ਦਰਬਾਰੀਆਂ ਨੂੰ ਦੋ ਸਵਾਲ ਕੀਤੇ। ਪਹਿਲਾ ਇਹ ਕਿ ਆਦਮੀ ਦੇ ਸਰੀਰ ਵਿਚ ਸਭ ਤੋਂ ਚੰਗਾ ਅੰਗ ਕਿਹੜਾ ਹੈ? ਦੂਸਰਾ ਇਹ ਕਿ ਸਭ ਤੋਂ ਮਾੜਾ ਅੰਗ ਕਿਹੜਾ ਹੈ? ਸਾਰਿਆਂ ਨੇ ਹੀ ਕੁਝ ਸਮਾਂ ਸੋਚਣ ਦੀ ਮੋਹਲਤ ਮੰਗੀ। ਆਪਣੀ ਆਪਣੀ ਸੋਚ ਅਨੁਸਾਰ ਕਿਸੇ ਨੇ ਕੋਈ ਮਾੜੇ-ਚੰਗੇ ਅੰਗ ਗਿਣਾਏ, ਕਿਸੇ ਨੇ ਕੋਈ। ਲੇਕਿਨ ਕਿਸੇ ਵੀ ਅਮੀਰ-ਵਜ਼ੀਰ ਦੇ ਜੁਆਬ ਤੋਂ ਅਕਬਰ ਸੰਤੁਸ਼ਟ ਨਾ ਹੋਇਆ। ਅਖੀਰ ਵਿਚ ਇਹ ਦੋਵੇਂ ਸਵਾਲ ਬੀਰਬਲ ਨੂੰ ਪੁੱਛੇ ਗਏ। ਜੋ ਹੁਣ ਤੱਕ ਚੁੱਪ-ਗੜੁੱਪ ਬੈਠਾ ਸੀ। ਉਹ ਉੱਠ ਕੇ ਕਹਿਣ ਲੱਗਾ- “ਬਾਦਸ਼ਾਹ ਸਲਾਮਤ! ਬੰਦੇ ਦੇ ਸਰੀਰ ਵਿਚ ਕੋਈ ਵੀ ਅਲੱਗ ਅਲੱਗ ਚੰਗੇ ਮਾੜੇ ਅੰਗ ਨਹੀਂ, ਸਗੋਂ ਅਜਿਹਾ ਕੇਵਲ ਇਕ ਹੀ ਅੰਗ ਹੈ, ਜੋ ਪੁੱਜ ਕੇ ਚੰਗਾ ਹੈ ਅਤੇ ਸਿਰੇ ਦਾ ਮਾੜਾ ਵੀ!”
ਸਰੀਰ ਦੇ ਅਲੱਗ-ਅਲੱਗ ਅੰਗਾਂ ਦੇ ਔਗੁਣ ਜਾਂ ਚੰਗਿਆਈਆਂ ਬਿਆਨਣ ਵਾਲੇ ਦਰਬਾਰੀ, ਬੀਰਬਲ ਦੀ ਗੱਲ ਸੁਣ ਕੇ ‘ਸੁੰਨ’ ਹੀ ਹੋ ਗਏ। ਸਾਰਿਆਂ ਨੇ ਇਕ-ਜ਼ੁਬਾਂ ਹੋ ਕੇ ਬਾਦਸ਼ਾਹ ਨੂੰ ਅਰਜ਼ ਕੀਤੀ ਕਿ ਉਹ ਬੀਰਬਲ ਨੂੰ ਆਪਣੇ ਉੱਤਰ ਦੀ ਵਜ਼ਾਹਤ ਕਰਨ ਲਈ ਆਖਣ। ਬਾਦਸ਼ਾਹ ਦਾ ਇਸ਼ਾਰਾ ਮਿਲਦਿਆਂ ਬੀਰਬਲ ਬੋਲਿਆ- “ਹਰੇਕ ਬੰਦੇ ਦੇ ਮੂੰਹ ਵਿਚਲੀ ਜੀਭ ਹੀ ਸਭ ਤੋਂ ਵਧ ਮਾੜੀ ਅਤੇ ਸਭ ਤੋਂ ਵਧ ਚੰਗੀ ਹੁੰਦੀ ਹੈ। ਜਦੋਂ ਇਹ ਜੀਭ ਮਿੱਠੇ ਤੇ ਰਸੀਲੇ ਬਚਨ ਬੋਲਦੀ ਹੈ ਤਾਂ ਬੰਦੇ ਨੂੰ ਮਾਣ-ਸਤਿਕਾਰ ਦਿਵਾਉਂਦੀ ਹੈ। ਉਹੀ ਮਾਣ-ਸਨਮਾਨ ਪ੍ਰਾਪਤ ਕਰਨ ਵਾਲਾ ਆਦਮੀ, ਜਦੋਂ ਉਸੇ ਜੀਭ ਨਾਲ ਕਿਸੇ ਨੂੰ ਗਾਲਾਂ ਕੱਢਦਾ ਹੈ, ਭੈੜਾ ਬੋਲਦਾ ਹੈ, ਤਾਂ ਜੁੱਤੀਆਂ ਖਾਣ ਲਈ ਥਾਂ ਕਰ ਲੈਂਦਾ ਹੈ। ਇਸ ਲਈ ਸਰੀਰ ਦੇ ਕਿਸੇ ਹੋਰ ਅੰਗ ਦੀ ਬਜਾਏ, ਇਹੋ ਜੀਭ ਹੀ ਚੰਗੀ ਤੇ ਮਾੜੀ ਹੁੰਦੀ ਹੈ!”
ਇਸ ਤੱਥ ਵਿਚ ਕਿੰਨਾ ਗਹਿਰਾ ਭੇਦ ਛੁਪਿਆ ਹੋਇਆ ਹੈ। ਕੋਈ ਵਕਤਾ ਬੋਲਦਾ ਹੋਇਆ ਸੈਂਕੜੇ ਹਜ਼ਾਰਾਂ ਸਰੋਤਿਆਂ ਦੇ ਦਿਲਾਂ ਨੂੰ ਸ਼ਾਂਤ ਕਰ ਸਕਦਾ ਹੈ। ਉਸੇ ਜੀਭ ਨਾਲ ਭੜਕੀਲਾ ਲੈਕਚਰ ਕਰਕੇ ਉਹ ਸ਼ਾਂਤ ਮਾਹੌਲ ਨੂੰ ਲਾਂਬੂ ਵੀ ਲਾ ਸਕਦਾ ਹੈ। ਇਸਲਾਮੀ ਦਾਨਿਸ਼ਵਰ ਸ਼ੇਖ ਸ਼ਾਅਦੀ ਨੇ ਇਕ ਬੜੇ ਕਮਾਲ ਦੀ ਪੰਕਤੀ ਲਿਖੀ ਹੈ- ‘ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ।’ ਇਕ ਥਾਂ ਹੋਰ ਸ਼ੇਖ ਸਾਹਿਬ ਨਸੀਹਤ ਫੁਰਮਾਉਂਦੇ ਹਨ- ‘ਤੁਹਾਡੇ ਕੋਲ ਸ਼ਹਿਦ ਹੋਣਾ ਚਾਹੀਦੈ, ਕੀੜੀਆਂ ਆਪੇ ਤੁਰੀਆਂ ਆਉਣਗੀਆਂ!’ ਮਿੱਠਾ ਬੋਲਣ ਦੀ ਉਸਤਤਿ ‘ਚ ਲਿਖਿਆ ਅਹਿ ਕਥਨ ਪੜ੍ਹੋ ਤਾਂ ਜਰਾ; “ਜਿਸ ਨੂੰ ਮਿੱਠਾ ਬੋਲਣਾ ਆ ਗਿਆ, ਉਸ ਨੂੰ ਆਪਣੀ ਉਦਰਪੂਰਤੀ (ਰੋਟੀ ਪਾਣੀ) ਦੀ ਚਿੰਤਾ ਮੁੱਕ ਜਾਂਦੀ ਹੈ। ‘ਰਾਮ ਰਾਮ’ ਬੋਲਣ ਵਾਲਾ ਤੋਤਾ ਵੀ ਚੂਰੀ ਖਾਣ ਦਾ ਹੱਕਦਾਰ ਬਣ ਜਾਂਦਾ ਹੈ।”
ਕੁੜੱਤਣ ਭਰੇ ਬੋਲਾਂ ਨਾਲ ਪਏ ਫਸਾਦਾਂ ਦੀਆਂ ਇਤਿਹਾਸਕ ਮਿਸਾਲਾਂ ਦੇਣ ਦੀ ਬਜਾਏ ਇੱਥੇ ਮੈਂ ਆਪਣੇ ਬਚਪਨ ਵਿਚ ਗ੍ਰਹਿਣ ਕੀਤੀਆਂ ਦੋ ਰੌਚਿਕ ਕਥਾਵਾਂ ਲਿਖਣ ਜਾ ਰਿਹਾ ਹਾਂ। ਪਹਿਲੀ ਉਦੋਂ ਦੀ ਹੈ, ਜਦੋਂ ਅਸੀਂ ਪਿੰਡ ਦੇ ਬਾਹਰਵਾਰ ਖੜ੍ਹੇ ਵੱਡੇ ਬੋਹੜ ਦੀਆਂ ਜੜ੍ਹਾਂ ਨੂੰ ‘ਘੋੜੇ’ ਬਣਾ ਬਣਾ ਖੇਡਦੇ ਹੁੰਦੇ ਸਾਂ।
ਉਥੇ ਰੋਜ਼ਾਨਾ ਹੀ ਦੁਪਹਿਰ ਵੇਲੇ ਖੁੰਢ-ਚਰਚਾ ਚੱਲਦੀ ਹੁੰਦੀ। ਪ੍ਰਮੁੱਖ ਵਕਤਾ ਹੁੰਦਾ ਸੀ ਬਾਬਾ ਪ੍ਰੇਮ ਸਿਉਂ। ਪੇਂਡੂ ਸੱਭਿਆਚਾਰ ਅਤੇ ਆਪਸੀ ਸਾਂਝ ਦੀਆਂ ਬਰਕਤਾਂ ਨੂੰ ਫਨਾਹ ਕਰਨ ਵਾਲੀਆਂ ‘ਟੈਲੀਵੀਜ਼ਨੀ ਤੋਪਾਂ’ ਦੇ ਅੱਗ-ਵਰ੍ਹਾਊ ਫਾਇਰ ਹਾਲੇ ਸ਼ੁਰੂ ਨਹੀਂ ਸਨ ਹੋਏ, ਇਸ ਕਰਕੇ ਸਾਡਾ ਮਨੋਰੰਜਨ ਉਸ ਸੱਥ ਵਿਚ ਸੁਣੀਆਂ ਗੱਲਾਂ ਨਾਲ ਹੁੰਦਾ ਸੀ, ਜਦੋਂ ਕਦੀ ਵਿਆਹੇ-ਵਰੇ ਗਭਰੇਟ ਮਸਤੀ ‘ਚ ਆਏ ਲੂਣ-ਸਲੂਣੀਆਂ ਕਰਨ ਲੱਗਦੇ ਤਾਂ ਅਸੀਂ ‘ਗੰਦੀਆਂ ਗੱਲਾਂ ਕਰਦੇ ਆ’ ਕਹਿੰਦੇ ਹੋਏ ਉਰੇ-ਪਰੇ ਨੂੰ ਦੁੜੰਗੇ ਮਾਰਦੇ ਵਗ ਜਾਂਦੇ। ਇਕ ਵਾਰ ਇਥੇ ਚਲ ਰਹੀ ਕਿਸੇ ਵਾਰਤਾ ਦੇ ਪ੍ਰਥਾਏ, ਬਾਬੇ ਪ੍ਰੇਮੇ ਨੇ ਇਹ ਲੋਕ-ਰੁਚੀ ਸਾਖੀ ਸੁਣਾਈ;
-ਦੋ ਪੇਂਡੂ ਗੱਭਰੂ ਕਿਤੇ ਦੂਰ-ਦੁਰਾਡੇ ਵਾਂਢੇ ਜਾਣ ਲਈ ਪੈਦਲ ਤੁਰੇ ਜਾ ਰਹੇ ਸਨ। ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਤੇ ਉਨ੍ਹਾਂ ਨੂੰ ਭੁੱਖ ਵੀ ਲੱਗ ਗਈ। ਇੰਨੇ ਨੂੰ ਰਾਹ ਵਿਚ ਇਕ ਪਿੰਡ ਆ ਗਿਆ। ਉਨ੍ਹਾਂ ਨੇ ਪਿੰਡ ਵਿਚ ਜਾ ਕੇ ਕਿਸੇ ਘਰੋਂ ਕੁਝ ਖਾ ਲੈਣ ਦੀ ਸੋਚੀ। ਪਿੰਡ ਵੜਦਿਆਂ ਸਾਰ ਉਨ੍ਹਾਂ ਦੀ ਨਜ਼ਰ ਇਕ ਐਸੇ ਘਰ ਵਲ ਪਈ, ਜਿੱਥੇ ਕੋਈ ਬਜ਼ੁਰਗ ਮਾਤਾ ਚੁੱਲੇ-ਚੌਂਕੇ ਵਿਚ ਰੁੱਝੀ ਹੋਈ ਸੀ। ਦਰਵਾਜ਼ਾ ਲੰਘ ਕੇ ਦੋਹਾਂ ਨੇ ਮਾਈ ਦੇ ਗੋਡੀਂ ਹੱਥ ਲਾਇਆ ਅਤੇ ਕੁਝ ਖਾਣ ਪੀਣ ਲਈ ਮੰਗਿਆ। ਆਦਰ-ਭਾਅ ਨਾਲ ਦੋਹਾਂ ਜਣਿਆਂ ਨੂੰ ਮੰਜੀ ‘ਤੇ ਬਹਾਉਂਦਿਆਂ ਮਾਤਾ ਕਹਿਣ ਲੱਗੀ ਕਿ ਪੁੱਤਰੋ ਮੈਂ ਹੁਣੇ ਹੀ ਖਿਚੜੀ ਚੁੱਲ੍ਹੇ ‘ਤੇ ਧਰੀ ਹੈ। ਬੁਰਕੀ ਬੁਰਕੀ ਤੁਸੀਂ ਵੀ ਖਾ ਲਿਉ। ਦੋਵੇਂ ਗੱਭਰੂ ਬੀਬੇ ਰਾਣੇ ਬਣ ਕੇ ਮੰਜੀ ਉੱਪਰ ਸਜ ਗਏ।
ਤਿਆਰ ਹੋਈ ਖਿਚੜੀ ਥਾਲੀਆਂ ਵਿਚ ਪਾ ਕੇ ਮਾਤਾ ਨੇ ਦੋਹਾਂ ਮੂਹਰੇ ਪਰੋਸ ਦਿੱਤੀ। ਖਿਚੜੀ ਖਾਣੀ ਸ਼ੁਰੂ ਕਰਨ ਦੀ ਥਾਂ, ਦੋਵੇਂ ਜਣੇ ਮਾਤਾ ਦੇ ਵਿਹੜੇ ‘ਚ ਬੱਝੀ ਸੱਜਰ ਸੂਈ-ਮੱਝ ਵਲ ਦੇਖ ਕੇ ਕਹਿੰਦੇ-“ਮਾਂ ਅਹਿ ਮੱਝ ਬੜੀ ਭਾਰੀ ਐ!”
“ਆਹੋ ਪੁੱਤਰੋ, ਮੈਂ ਰੀਝਾਂ ਨਾਲ ਪਾਲੀ ਹੋਈ ਹੈ…ਵੰਡ ਵੜੇਵੇਂ ਮੈਂ ਕਦੇ ਮੁੱਕਣ ਨਹੀਂ ਦਿੱਤੇ!” ਮਾਤਾ ਨੇ ਆਪਣੀ ਮਹਿੰ ਦੀ ਸਿਫਤ ਸੁਣ ਕੇ ਜਵਾਬ ਦਿੱਤਾ।
“ਪਰ ਮਾਤਾ ਤੂੰ ਇਕ ਗਲਤੀ ਕਰ ਗਈ!”
“ਕਿਹੜੀ ਪੁੱਤ?” ਹੈਰਾਨ ਹੁੰਦੀ ਹੋਈ ਮਾਈ ਬੋਲੀ।
“ਆਪਣਾ ਦਰਵਾਜ਼ਾ ਬੜਾ ਤੰਗ ਰੱਖਿਐ!”
“ਮੈਂ ਸਮਝੀ ਨ੍ਹੀਂ ਪੁੱਤ…!” ਦੋਹਾਂ ਦੇ ਮੂੰਹਾਂ ਵਲ ਗਹੁ ਨਾਲ ਤੱਕਦਿਆਂ ਮਾਈ ਨੇ ਪੁੱਛਿਆ।
“ਆਹੀ, ਕਿ ਜੇ ਤੇਰੀ ਮੱਝ ਮਰ ਜਾਏ ਤਾਂ ਇਨੇ ਭੀੜੇ ਦਰਵਾਜ਼ੇ ਵਿਚੋਂ ਬਾਹਰ ਕਿਵੇਂ ਕੱਢੀ ਜਾ ਸਕੇਗੀ?” ਏਨੀ ਸੁਣਦਿਆਂ ਮਾਈ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਦੋਹਾਂ ਦੇ ਮੌਰਾਂ ਵਿਚ ਇਕ ਸੋਟਾ ਜੜਿਆ। ਬਜ਼ੁਰਗ ਮਾਈ ਕੋਲੋਂ ਛਿੱਤਰ-ਪ੍ਰੇਡ ਕਰਵਾ ਕੇ ਜਦੋਂ ਉਹ ਦਰਵਾਜ਼ਾ ਟੱਪਣ ਲੱਗੇ ਤਾਂ ਮਾਤਾ ਨੇ ਖਿਝ ਕੇ, ਥਾਲੀਆਂ ਵਿਚ ਪਾਈ ਹੋਈ ਖਿਚੜੀ ਦੋਹਾਂ ਦੀਆਂ ਪਿੱਠਾਂ ‘ਤੇ ਵਗਾਹ ਮਾਰੀ। ਦੋਵੇਂ ਮੁੰਡੇ ਨਿੰਮੋਝੂਣੇ ਜਿਹੇ ਹੋ ਕੇ ਗਲੀ ਗਲੀ ਤੁਰੇ ਜਾ ਰਹੇ ਸਨ। ਇਨ੍ਹਾਂ ਦੇ ਕੱਪੜਿਆਂ ‘ਚੋਂ ਚੌਲਾਂ ਦੀ ਪਿੱਛ ਚੋਂਦੀ ਦੇਖ ਕੇ ਕਿਸੇ ਪੇਂਡੂ ਨੇ ਪੁੱਛਿਆ ਕਿ ਜਵਾਨੋ ਤੁਹਾਡੇ ਕੁੜਤਿਆਂ ‘ਚੋਂ ਕੀ ਚੋਅ ਰਿਹਾ ਹੈ?
“ਸਾਡੀ ਜ਼ੁਬਾਨ ਦਾ ਰਸ!” ਬੇਸੁਰਾ ਜਿਹਾ ਮੂੰਹ ਬਣਾ ਕੇ ਮੁੰਡਿਆਂ ਨੇ ਜਵਾਬ ਦਿੱਤਾ।
ਦੂਸਰੀ ‘ਬਾਤ’ ਉਦੋਂ ਦੀ ਹੈ, ਜਦੋਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸਾਂ। ਸਾਡੇ ਇਲਾਕੇ ਦੇ ਪੜ੍ਹੇ ਲਿਖੇ ਪਿੰਡ ਵਜੋਂ ਜਾਣੇ ਜਾਂਦੇ ਦੌਲਤਪੁਰ ਤੋਂ ਦੋ ਅਧਿਆਪਕ ਸਾਡੇ ਪਿੰਡ ਦੇ ਮਿਡਲ ਸਕੂਲ ਆ ਲੱਗੇ। ਸ। ਗੁਰਮੇਲ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ ਅਤੇ ਸ। ਤਰਸੇਮ ਸਿੰਘ ਪੰਜਾਬੀ। ਪਹਿਲੇ ਤਾਂ ਸਨ ਚੁੱਪ-ਚੁੱਪ ਤਬੀਅਤ ਵਾਲੇ, ਪਰ ਸ। ਤਰਸੇਮ ਸਿੰਘ ਬੜੇ ਹੀ ਹਸਮੁੱਖ ਅਤੇ ਲਤੀਫੇਬਾਜ਼ ਸੁਭਾਅ ਦੇ ਮਾਲਕ ਸਨ। ਸਕੂਲੀ ਪਾਠ-ਪੁਸਤਕਾਂ ਤੋਂ ਇਲਾਵਾ ਉਹ ਸਾਨੂੰ ਲੋਕ-ਸਾਹਿਤ ਦੀਆਂ ਸਿੱਖਿਆਦਾਇਕ ਕਹਾਣੀਆਂ ਤੇ ਟੋਟਕੇ ਵੀ ਬਹੁਤ ਸੁਣਾਇਆ ਕਰਦੇ ਸਨ। ਉਨ੍ਹਾਂ ਦੇ ਸਾਈਕਲ ਦੀ ਟੋਕਰੀ ਵਿਚ ਪਈ ‘ਨਵਾਂ ਜ਼ਮਾਨਾ’ ਅਖ਼ਬਾਰ ਮੈਂ ਅੱਧੀ ਛੁਟੀ ਵੇਲੇ ਪੜ੍ਹਦਾ ਹੁੰਦਾ ਸਾਂ। ਜਮਾਤ ਦਾ ਮਨੀਟਰ ਹੋਣ ਕਰਕੇ ਇਕ ਵੇਰ ਉਨ੍ਹਾਂ ਨੇ ਚੈੱਕ ਕੀਤੇ ਹੋਏ ਪੇਪਰ ਮੈਨੂੰ ਵੰਡਣ ਲਈ ਦਿੱਤੇ। ਆਪ ਉਹ ਕੁਰਸੀ ‘ਤੇ ਡੰਡਾ ਲੈ ਕੇ ਬਹਿ ਗਏ ਤਾਂ ਕਿ ਪੇਪਰਾਂ ‘ਚੋਂ ਘੱਟ ਨੰਬਰ ਲੈਣ ਵਾਲੇ ਮੁੰਡਿਆਂ ਦਾ ‘ਵਜੰਤਰ’ ਕਰ ਸਕਣ। ਪੇਪਰਾਂ ਦਾ ਬੰਡਲ ਹੱਥ ‘ਚ ਲੈ ਕੇ ਮੈਂ ਖੜ੍ਹਾ ਖੜ੍ਹਾ ਬੋਲੀ ਜਾ ਰਿਹਾ ਸਾਂ-ਫਲਾਣਾ ਸਿੰਘ ਰੋਲ ਨੰ। ਐਨਾ, ਨੰਬਰ ਐਨੇ।
ਜਦ ਕਿਸੇ ਮੁੰਡੇ-ਕੁੜੀ ਦੇ ਪੇਪਰ ‘ਤੇ ਜ਼ੀਰੋ ਬਟਾ ਸੌ ਲਿਖਿਆ ਹੁੰਦਾ ਤਾਂ ਮੈਂ ਹੁਸਿ਼ਆਰ ਹੋਣ ਦੇ ਹੰਕਾਰ ‘ਚ ਫੁੱਲ ਕੇ ਇੰਜ ਬੋਲਦਾ… “ਰੂਪ ਲਾਲ, ਗੋਲ ਅੰਡਾ…ਸੁਰਜੀਤ ਸਿੰਘ, ਮੁਰਗੇ ਦਾ ਅੰਡਾ!” ਤਿੰਨ ਚਾਰ ਵਾਰੀ ਚਾਮ੍ਹਲ ਚਾਮ੍ਹਲ ਕੇ ਮੈਨੂੰ ਇੰਜ ਕਹਿੰਦਿਆਂ ਦੇਖ ਕੇ, ਮਾਸਟਰ ਜੀ ਨੇ ਇਕ ਦਮ ਮੈਨੂੰ ਟੋਕਿਆ; “ਬੱਚੂ, ਮਨੀਟਰਪੁਣੇ ਦੀ ਆਕੜ ਵਿਚ ਤੂੰ ਜਿਹੜਾ ‘ਗੋਲ ਅੰਡਾ-ਗੋਲ ਅੰਡਾ’ ਕਹੀ ਜਾਨੈ, ਇਨ੍ਹਾਂ ਨੂੰ ਸਾਰੀ ਉਮਰ ਇਹਦਾ ਚੇਤਾ ਰਹਿਣੈ!” ਮੇਰੀ ਮਾੜਚੂ ਜਿਹੀ ਸਿਹਤ ਵਲ ਇਸ਼ਾਰਾ ਕਰਕੇ ਕਹਿਣ ਲੱਗੇ- “ਛੁੱਟੀ ਵੇਲੇ ਘਰ ਨੂੰ ਜਾਂਦਿਆਂ, ਇਹ ਕਿਤੇ ਤੇਰਾ ਈ ‘ਗੋਲ ਅੰਡਾ’ ਨਾ ਬਣਾ ਦੇਣ!” ਥਰਮਾਮੀਟਰ ਦੇ ਪਾਰੇ ਵਾਂਗ ਮੇਰੀ ਹਉਮੈ ਥੱਲੇ ਨੂੰ ਆ ਗਈ। ਪੇਪਰ-ਵੰਡ ਸਿਲਸਿਲਾ ਕੁਝ ਚਿਰ ਲਈ ਰੋਕਦਿਆਂ ਉਨ੍ਹਾਂ ਮੈਨੂੰ ਮੁਖਾਤਿਬ ਕਰਕੇ, ਸਾਰੀ ਜਮਾਤ ਨੂੰ ‘ਮੂੰਹ ਸੰਭਾਲ ਕੇ ਬੋਲਣ’ ਦੀ ਤਾਕੀਦ ਕਰਦੀ ਨੀਤੀ ਕਥਾ ਸੁਣਾਈ।
ਇਕ ਲੱਕੜ ਹਾਰੇ ਦਾ ਜੰਗਲੀ ਜਾਨਵਰਾਂ ਨਾਲ ਗੂੜ੍ਹ ਪਿਆਰ ਪੈ ਗਿਆ। ਉਹ ਕਦੇ ਆਪਣੇ ਨਾਲ ਬਾਂਦਰ ਨੂੰ ਘਰੇ ਲੈ ਆਉਂਦਾ ਕਦੀ ਹਿਰਨ ਨੂੰ। ਇਨ੍ਹਾਂ ਦੀ ਚੰਗੀ ਟਹਿਲ ਪਾਣੀ ਕਰਦਾ। ਇਕ ਦਿਨ ਉਹ ਸ਼ੇਰ ਨੂੰ ਆਪਣੇ ਨਾਲ ਲੈ ਆਇਆ। ਸ਼ੇਰ ਨੂੰ ਬੈਠਕ ਵਿਚ ਬਹਾ ਕੇ, ਲੱਕੜਹਾਰਾ ਰਸੋਈ ਵਿਚ ਚਲਾ ਗਿਆ। ਜਦ ਉਸਦੀ ਪਤਨੀ ਨੂੰ ਪਤਾ ਲਗਾ ਕਿ ਅੱਜ ਉਹਦਾ ਪਤੀ ਸ਼ੇਰ ਘਰੇ ਲੈ ਆਇਆ ਹੈ, ਉਹ ਇਕ ਦਮ ਡਰ ਗਈ ਤੇ ਘਰਵਾਲੇ ਨੂੰ ਕਹਿੰਦੀ, “ਇਹ ਸ਼ੇਰ ਤਾਂ ਬੜਾ ਖੂਨੀ ਜਾਨਵਰ ਹੁੰਦਾ ਹੈ। ਭੁੱਖ ਲੱਗਣ ‘ਤੇ ਜਿਹੜਾ ਮੂਹਰੇ ਆਵੇ, ਉਸ ਨੂੰ ਪਾੜ ਸੁੱਟਦੈ। ਇਹ ਨਹੀਂ ਕਿਸੇ ਦਾ ਵੀ ਮਿੱਤ ਹੁੰਦਾ…ਇਹਨੂੰ ਹੁਣੇ ਘਰੋਂ ਦਫਾ ਕਰ…ਮੈਂ ਨਹੀਂ ਇਹਦੇ ਲਈ ਕੁਝ ਵੀ ਬਣਾਉਣਾ!”
ਲੱਕੜਹਾਰਾ ਪਤਨੀ ਦੇ ਹਾੜ੍ਹੇ ਕੱਢਣ ਲੱਗਾ ਕਿ ਇਹ ਸ਼ੇਰ ਮੇਰਾ ਪੱਕਾ ਮਿੱਤਰ ਹੈ। ਇਸ ਨੂੰ ਬੁਰਾ-ਭਲਾ ਨਾ ਆਖ। ਪਤੀ ਪਤਨੀ ਦਾ ਇਹ ਵਾਰਤਾਲਾਪ ਸ਼ੇਰ ਦੇ ਕੰਨੀਂ ਵੀ ਪੈ ਗਿਆ। ਰਸੋਈ ਵਿਚੋਂ ਬਾਹਰ ਆਏ ਲੱਕੜਹਾਰੇ ਨੂੰ ਸ਼ੇਰ ਆਖਣ ਲੱਗਾ ਕਿ ਭਰਾਵਾ, ਮੈਂ ਕੁਝ ਨਹੀਂ ਖਾਣਾ ਪੀਣਾ। ਬੱਸ ਮੇਰੀ ਇਕ ਮੰਗ ਪੂਰੀ ਕਰਦੇ। ਉਹ ਇਹ ਕਿ ਆਪਣੇ ਕੁਹਾੜੇ ਨਾਲ ਮੇਰੇ ਸਿਰ ਵਿਚ ਇਕ ਟੱਕ ਮਾਰ ਦੇ? ਵਿਚਾਰਾ ਲੱਕੜਹਾਰਾ ਆਪਣੇ ਦੋਸਤ ਦੀ ਇਹ ਅਜੀਬ ਮੰਗ ਸੁਣ ਕੇ ਪ੍ਰੇਸ਼ਾਨ ਹੋ ਉੱਠਿਆ। ਉਸਨੂੰ ਸ਼ਸ਼ੋਪੰਜ ‘ਚ ਪਿਆ ਦੇਖ ਕੇ ਸ਼ੇਰ ਗੁਰਰਾਇਆ- “ਛੇਤੀ ਟੱਕ ਲਾ ਦੇ ਨਹੀਂ ਤਾਂ ਸਾਰੇ ਟੱਬਰ ਨੂੰ ਮਾਰ ਦੇਊਂ!” ਡਰਦੇ ਮਾਰੇ ਲੱਕੜ ਹਾਰੇ ਨੇ ਸ਼ੇਰ ਦੇ ਸਿਰ ਦੇ ਗੱਭੇ ਕੁਹਾੜੇ ਦਾ ਟੱਕ ਮਾਰ ‘ਤਾ। ਜ਼ਖਮੀ ਹੋਇਆ ਸ਼ੇਰ, ਚੁੱਪ ਚਾਪ ਜੰਗਲ ਵਲ ਚਲਾ ਗਿਆ।
ਸ਼ੇਰ ਦੇ ਇਸ ਅਜੀਬੋ-ਗਰੀਬ ਵਰਤਾਰੇ ਦਾ ਭੇਤ ਉਸ ਦਿਨ ਖੁੱਲ੍ਹਿਆ। ਜਦੋਂ ਮਹੀਨੇ ਕੁ ਬਾਅਦ ਉਹੀ ਸ਼ੇਰ ਲੱਕੜਹਾਰੇ ਦੇ ਘਰੇ ਆ ਕੇ ਉਸ ਨੂੰ ਆਪਣਾ ਸਹੀ ਸਲਾਮਤ ਹੋਇਆ ਜ਼ਖਮ ਦਿਖਾਉਂਦਿਆਂ ਕਹਿੰਦਾ; “ਲੱਕੜਹਾਰੇ ਭਰਾਵਾ, ਤੇਰੇ ਕੁਹਾੜੇ ਦਾ ਘਾਉ ਤਾਂ ਮੇਰੇ ਸਿਰ ਤੋਂ ਮਿਟ ਗਿਆ ਹੈ, ਪਰ ਤੇਰੀ ਵਹੁਟੀ ਦੇ ਮਾਰੇ ਹੋਏ ਮਿਹਣਿਆਂ ਦੇ ਜ਼ਖਮ, ਮੇਰੇ ਦਿਲ ਤੋਂ ਕਦੇ ਵੀ ਨਹੀਂ ਮਿਟਣੇ!”
ਇਸ ਤੋਂ ਮਗਰੋਂ ਮਾਸਟਰ ਜੀ ਨੇ ਵਾਰਿਸ ਸ਼ਾਹ ਦਾ ਇਕ ਬੈਂਤ ਬੋਲਿਆ ਸੀ, ਜਿਸ ਦਾ ਭਾਵ-ਅਰਥ ਕੁਝ ਐਸਾ ਸੀ; ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!

ਅਸਲੀ ਨਕਲੀ-ਗਲਤ ਇਰਾਦੇ

ਤਰਲੋਚਨ ਸਿੰਘ ਦੁਪਾਲਪੁਰ —
ਅਸਲੀ ਨਕਲੀ-ਗਲਤ ਇਰਾਦੇ

“ਕਿਸੇ ਦੋਧੀ ਦੀ ਵੱਡੀ ਤੋਂ ਵੱਡੀ ਗੱਪ ‘ਤੇ ਬੇਸ਼ੱਕ ਯਕੀਨ ਕਰ ਲਿਉ ਪਰ ਅਗਰ ਉਹ ਆਪਣੇ ਕਿਸੇ ਪੀਰ ਪੈਗੰਬਰ ਦੀ ਕਸਮ ਵੀ ਖਾ ਕੇ ਇਹ ਦਾਅਵਾ ਕਰੇ ਕਿ ਮੈਂ ਦੁੱਧ ਵਿਚ ਪਾਣੀ ਨਹੀਂ ਰਲਾਉਂਦਾ, ਤਾਂ ਸਮਝ ਲਿਉ ਉਸ ਨੂੰ ਆਪਣੇ ਧਾਰਮਿਕ ਰਹਿਬਰਾਂ ਦਾ ਰੱਤੀ ਭਰ ਵੀ ਡਰ-ਭਉ ਨਹੀਂ ਹੈ।”
ਸਮੂਹ ਦੋਧੀਆਂ ਦੀ ਅਸਲੀਅਤ ਦਰਸਾਉਂਦਾ ਇਹ ‘ਇਕਬਾਲੀਆ ਬਿਆਨ’ ਦੇ ਕੇ ਚੰਡੀਗੜ੍ਹ ਸ਼ਹਿਰ ਲਾਗਲੇ ਮੋਹਾਲੀ ਦੇ ਕੁਝ ਘਰਾਂ ਵਿਚ ਰੋਜ਼ਾਨਾ ਦੁੱਧ ਵੰਡਣ ਵਾਲਾ ਇਕ ਦੋਧੀ ਭਾਈ, ਆਪਣੀ ਹੱਡ-ਬੀਤੀ ਸੁਣਾਉਂਦਾ ਹੁੰਦਾ ਸੀ।
ਸਿਆਲ ਦੀ ਰੁੱਤੇ ਸਵੇਰੇ ਅੰਮ੍ਰਿਤ ਵੇਲੇ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਤੋਂ ਮੈਨੂੰ ਗਿਆਨ ਹੋਇਆ ਕਿ ਫਲਾਂ ਫਲਾਂ ਤਰੀਕ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਜਾਣਾ ਹੈ। ਇਹ ਸੋਚਦਿਆਂ ਮੇਰੇ ਮਨ ਵਿਚ ਵੀ ਗੁਰੂ ਬਾਬਾ ਜੀ ਪ੍ਰਤੀ ਸ਼ਰਧਾ ਜਾਗ ਪਈ। ‘ਮਨਾਂ! ਰੋਜ਼ ਹੀ ਦੁੱਧ ‘ਚ ਪਾਣੀ ਮਿਲਾਈਦਾ ਹੈ, ਜੇ ਇਕ ਦਿਨ ਗੁਰੂ ਦੇ ਦਿਵਸ ‘ਤੇ ਇਹ ਪਾਪ ਨਾ ਕਰਾਂ!!’ …ਪੱਕਾ ਫੈਸਲਾ ਕਰ ਲਿਆ ਕਿ ਗੁਰਪੁਰਬ ਵਾਲੇ ਦਿਨ ਇਕ ਦਮ ਪਿਉਰ ਦੁੱਧ ਸਾਰੇ ਘਰੀਂ ਦੇਣਾ ਹੈ।
ਲਉ ਜੀ ਗੁਰਪੁਰਬ ਵਾਲੇ ਦਿਨ, ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਦਿਲ ਹੀ ਦਿਲ ਕੀਤਾ ਹੋਇਆ ਕੌਲ ਪੁਗਾ ਦਿੱਤਾ। ਘਰੋਂ ਘਰੀਂ ਦੁੱਧ ਵਰਤਾਉਣ ਬਾਅਦ ਮੈਨੂੰ ਬੜਾ ਹੀ ਸਕੂਨ ਮਿਲਿਆ। ਤਸੱਲੀ ਜਿਹੀ ਹੋਈ। ਵਾਪਸ ਘਰ ਮੁੜਦਿਆਂ ਮੈਂ ਆਪਣੇ ਆਪ ਨੂੰ ਹਲਕਾ ਫੁੱਲ ਹੋਇਆ ਮਹਿਸੂਸ ਕਰ ਰਿਹਾ ਸਾਂ। ਮਾਨਸਿਕ ਖੇੜਾ ਮੇਰੇ ‘ਤੇ ਤਾਰੀ ਰਿਹਾ। ਦੂਸਰਾ ਦਿਨ ਚੜ੍ਹਿਆ। ਸੁਵਖਤੇ ਡਰੰਮ ਚੁੱਕੇ। ਜਿਸ ਟਿਊਬਵੈੱਲ ਤੋਂ ਰੋਜ਼ਾਨਾ ਦੁੱਧ ਵਿਚ ਪਾਣੀ ਸੁੱਟਦਾ ਹੁੰਦਾ ਸਾਂ, ਉਹਦੇ ਕੋਲ ਆ ਕੇ ਸਾਈਕਲ ਖੜਾ ਕਰ ਲਿਆ। ਮਨ ਦੇ ਚੰਗੇ ਹਿੱਸੇ ਨੇ ਫਿਟਕਾਰ ਪਾਈ- “ਗੁਰੂ ਤਾਂ ਅੱਜ ਵੀ ਹਾਜ਼ਰ ਨਾਜ਼ਰ ਹੈ। ਅੱਜ ਇਹ ਪਾਪ ਕਿਉਂ?” ਸਾਈਕਲ ਤੋਰ ਲਿਆ। ਮੋਹਾਲੀ ਜਾ ਪਹੁੰਚਿਆ। ਪਰ ਇਹ ਕੀ? …ਪਹਿਲੇ, ਦੂਜੇ, ਤੀਜੇ, ਗੱਲ ਕੀ ਕੁਝ ਕੁ ਨੂੰ ਛੱਡ ਕੇ ਬਾਕੀ ਹਰੇਕ ਘਰੋਂ ਉਲਾਂਭੇ!…ਕਿਸੇ ਦੇ ਨਿਆਣਿਆਂ ਨੂੰ ਟੱਟੀਆਂ ਲੱਗ ਗਈਆਂ, ਕਿਸੇ ਦੇ ਸਿਆਣਿਆਂ ਨੂੰ!! ਕੋਈ ਆਖੇ- ‘ਭਾਈ ਕੱਲ੍ਹ ਦੁੱਧ ਵਿਚ ਕੋਈ ਗੜਬੜ ਸੀ?’ ਕਿਸੇ ਆਖਿਆ- ‘ਡਰੰਮ ਜ਼ਰਾ ਸੁਆਰ ਕੇ ਧੋ ਲਿਆ ਕਰ ਯਾਰ।’ ਕਿਸੇ ਘਰੋਂ ਇਹ ‘ਕੰਪਲੇਂਟ’ ਆਈ- ‘ਪਹਿਲੋਂ ਤਾਂ ਬਾਈ ਤੇਰੀ ਕਦੇ ਕੋਈ ਸਿ਼ਕਾਇਤ ਨਹੀਂ ਆਈ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ?…ਦੁੱਧ ਪੀ ਕੇ ਬਦ-ਹਜ਼ਮੀ ਜਿਹੀ ਹੋਈ ਪਈ ਐ!’
ਜੇ ਮਿਲਾਵਟ ਰਹਿਤ ਸ਼ੁੱਧ ਦੁੱਧ, ਲੋਕਾਂ ਦੀ ਸਿਹਤ ਖਰਾਬ ਕਰੇ ਅਤੇ ਮਿਹਦਿਆਂ ‘ਚ ਬਦਹਜ਼ਮੀ ਪੈਦਾ ਕਰ ਦਏ, ਤਾਂ ਫਿਰ ਦੋਧੀ ਵਿਚਾਰੇ ਕੀ ਕਰਨ?
ਨਿਰੋਲ ਦੁੱਧ ਦੀ ਥਾਂ ਕੱਚੀ ਲੱਸੀ ਪੀ ਕੇ ਰਾਜ਼ੀ ਰਹਿਣ ਵਾਲਿਆਂ ਦਾ ਇਹ ਸੱਚਾ-ਕਿੱਸਾ, ਮੈਨੂੰ ਯਾਦ ਕਰਾਇਆ, ਅਗਸਤ ਮਹੀਨੇ ਦੇ ਪਹਿਲੇ ਹਫਤੇ ਛਪੀ ਇਕ ਪ੍ਰਵਾਸੀ ਅਖ਼ਬਾਰ ਦੀ ਭਾਵ-ਪੂਰਤ ਟਿੱਪਣੀ ਨੇ। ਕੈਨੇਡਾ ਤੋਂ ਛਪਣ ਵਾਲੀ ਇਸ ਪੰਜਾਬੀ ਅਖ਼ਬਾਰ ਦੇ ਸਿਆਣੇ ਸੰਪਾਦਕ ਨੇ ਫਰੰਟ ਪੇਜ਼ ਉਪਰ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ, ਸੱਚਖੰਡ ਵਾਸੀ ਭਗਤ ਪੂਰਨ ਸਿੰਘ ਜੀ ਦੀ ਫੋਟੋ ਛਾਪ ਕੇ, ਹੇਠਾਂ ਕੈਪਸ਼ਨ ਵਿਚ ਪੰਜਾਬੀਆਂ ਜਾਂ ਸਿੱਖਾਂ ‘ਤੇ ਨਿਹੋਰਿਆਂ ਦੇ ਬਾਣ ਕੱਸ ਕੱਸ ਕੇ ਮਾਰੇ ਹੋਏ ਸਨ। ਕੈਪਸ਼ਨ-ਲੇਖਕ ਦਾ ਉਜ਼ਰ ਸੀ ਕਿ ਪੰਥ ਦੇ ਇਤਿਹਾਸਕ ਅਸਥਾਨਾਂ ਦੀ ਨਕਲ ਕਰਨ ਵਾਲੇ, ਜਨ-ਸਾਧਾਰਨ ਸਿੱਖਾਂ ਨੂੰ ਮੱਸਿਆ-ਪੁੰਨਿਆ ਦੇ ਭਰਮ ਜਾਲ ‘ਚ ਫਸਾਉਣ ਵਾਲੇ ਅਤੇ ਆਪਣੇ ਸ਼ਰਧਾਲੂਆਂ ਨੂੰ ਡੇਰਿਆਂ ਨਾਲ ਜੋੜ ਕੇ, ਸਿੱਖ ਜਗਤ ਦੀ ਕੌਮੀ-ਯੱਕਜਹਿਤੀ ਨੂੰ ਖੰਡਿਤ ਕਰਨ ਵਾਲੇ ਅਣਗਿਣਤ ਬਾਬਿਆਂ ਦੇ ਜਨਮ-ਦਿਨ ਤੇ ਬਰਸੀਆਂ ਮਨਾਉਣੋਂ ਅਸੀਂ ਕਦੇ ਖੁੰਝਦੇ ਨਹੀਂ। ਪਰੰਤੂ ਕਰਮਯੋਗੀ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਨਾ ਕਿਸੇ ਅਖ਼ਬਾਰ ਨੇ ਕੋਈ ਜਿ਼ਕਰ ਕੀਤਾ ਅਤੇ ਨਾ ਹੀ ਕਿਸੇ ਗੁਰਦੁਆਰਾ ਕਮੇਟੀ ਨੇ ਭਗਤ ਜੀ ਦਾ ਨਾਮ ਲਿਆ। ਇਸੇ ਤਰ੍ਹਾਂ ਦਾ ਸਿ਼ਕਵਾ ਕਿਸੇ ਹੋਰ ਅਖ਼ਬਾਰ ਵਿਚ ਇਕ ਪਾਠਕ ਵਲੋਂ ਵੀ ਕੀਤਾ ਹੋਇਆ ਸੀ।
ਸੰਤ-ਬਾਬਿਆਂ ਦੇ ਜਨਮ-ਦਿਵਸ ਜਾਂ ਬਰਸੀਆਂ ਮਨਾਉਣ ਦਾ ਰਿਵਾਜ ਸਾਡੇ ਸਿੱਖ ਸਮਾਜ ਵਿਚ ਇਸ ਕਦਰ ‘ਹਰਮਨ ਪਿਆਰਾ’ ਹੋ ਚੁੱਕਾ ਹੈ ਕਿ ਪ੍ਰਸਿੱਧੀ ਪ੍ਰਾਪਤ ਡੇਰਿਆਂ ਮੱਠਾਂ ਦੇ ਮਹਾਂ-ਪੁਰਸ਼ਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਉਨ੍ਹਾਂ ਬਾਬਿਆਂ ਦੀਆਂ ਬਰਸੀਆਂ ਵੀ ਇੰਟਰਨੈਸ਼ਨਲ ਪੱਧਰ ‘ਤੇ ਮਨਾਈਆਂ ਜਾਣ ਲੱਗ ਪਈਆਂ ਹਨ, ਜਿਨ੍ਹਾਂ ਨੂੰ ਸਥਾਨਕ ਇਲਾਕੇ ਦੇ ਦੋ-ਚਹੁੰ ਪਿੰਡਾਂ ਤੋਂ ਬਾਹਰ ਕੋਈ ਜਾਣਦਾ ਤੱਕ ਨਹੀਂ। ਐਸੇ ਅਣਗਿਣਤ ਮਹਾਂਪੁਰਸ਼ ਹੋਣਗੇ, ਜਿਨ੍ਹਾਂ ਦੇ ਡੇਰਿਆਂ ਦੇ ਲਾਗਲੇ ਪਿੰਡਾਂ ਵਾਲਿਆਂ ਨੇ ਇੰਗਲੈਂਡ, ਕਨੈਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਜਾ ਕੇ, ‘ਆਪਣੇ ਸੰਤਾਂ’ ਦੀ ਅੰਤਰਰਾਸ਼ਟਰੀ ਸ਼ਾਨ ਵਧਾਈ। ਜਿਸ ਸਮਾਜ ਵਿਚ ਬਰਸੀਆਂ ਦੀ ਬਰਸਾਤ ਇਤਨੇ ਵਿਰਾਟ ਰੂਪ ‘ਚ ਬਰਸਦੀ ਹੋਵੇ, ਉੱਥੇ ਭਗਤ ਪੂਰਨ ਸਿੰਘ ਜਿਹੇ ਪਰਉਪਕਾਰੀ ਨੂੰ ਕਿਉਂ ਵਿਸਾਰ ਦਿੱਤਾ ਗਿਆ?
ਰੰਜ-ਭਰੇ ਇਸ ਸਵਾਲ ਦਾ ਜਵਾਬ ਲੱਭਣ ਲਈ ਪਹਿਲਾਂ ਆਪਾਂ ਗੁਰੂ ਬਾਬਾ ਜੀ ਦੀਆਂ ‘ਕਲਯੁੱਗੀ ਵਰਤਾਰੇ’ ਬਾਬਤ ਲਿਖੀਆਂ ਕੁਝ ਪੰਕਤੀਆਂ ਸ੍ਰਵਣ ਕਰ ਲਈਏ-
ਆਵਤ ਕਉ ਜਾਤਾ ਕਹੈ,
ਜਾਤੇ ਕਉ ਆਇਆ॥
ਪਰ ਕੀ ਕਉ ਅਪਨੀ ਕਹੈ,
ਅਪਨੋ ਨਹੀਂ ਭਾਇਆ॥
ਮੀਠੇ ਕਉ ਕਉੜਾ ਕਹੈ,
ਕੜੂਏ ਕਉ ਮੀਠਾ।
ਰਾਤੇ ਕੀ ਨਿੰਦਾ ਕਰੇ
ਐਸਾ ਕਲ ਮਹਿ ਡੀਠਾ॥
ਧਰਮ-ਮਾਰਗ ‘ਤੇ ਚੱਲ ਕੇ ਸਚਿਆਰ ਬਣਨ ਜਾ ਰਹੇ ਨੂੰ ‘ਗਿਆ ਗੁਜ਼ਰਿਆ’ ਅਤੇ ਰੰਗ-ਤਮਾਸਿ਼ਆਂ ਤੇ ਭੋਗਾਂ ਵਿਚ ਖਚਿਤ ਹੋਣ ਵਾਲੇ ਨੂੰ ‘ਗੁਣਵਾਨ’ ਕਿਹਾ ਜਾਂਦੈ। ਹਰੇਕ ਬਿਗਾਨੀ ਵਸਤੂ ਨੂੰ ਆਪਣੀ, ਲੇਕਿਨ ਜੋ ਹਕੀਕਤ ਵਿਚ ਆਪਣਾ (ਪ੍ਰਭੂ) ਹੈ, ਉਹ ਚੰਗਾ ਨਹੀਂ ਲੱਗਦਾ। ਸ਼ਹਿਦ ਜਿਹੀ ਮਿਠਾਸ ਨੂੰ ਥੂਹ-ਥੂਹ, ਪਰ ਕੌੜੀਆਂ ਜ਼ਹਿਰਾਂ ਨੂੰ ਮਿੱਠੀਆਂ ਚੀਜ਼ਾਂ ਦੀ ਨਿਆਈਂ ਛਕਿਆ ਜਾਂਦੈ। ਧਰਮ-ਸਿਧਾਂਤ ‘ਤੇ ਦ੍ਰਿੜ ਰਹਿਣ ਵਾਲਿਆਂ ਨੂੰ ਅਣਗੌਲਿਆਂ ਕਰਨਾ ਐਸਾ ਕਲਯੁਗ ਵਿਚ ਹੀ ਦੇਖਿਆ ਜਾਂਦੈ! ਅਸਲ ਵਲ ਪਿੱਠ ਮੋੜ ਕੇ, ਨਕਲ ਨੂੰ ਅਸਲ ਨਾਲੋਂ ਵੀ ਵਧ ਕੇ ਪਿਆਰਿਆ/ਸਤਿਕਾਰਿਆ ਜਾ ਰਿਹਾ ਹੈ। ਸੱਚ ਦੀ ਥਾਂ, ਸੱਚ ਦਾ ਲਿਬਾਦਾ ਪਹਿਨ ਕੇ ਬੈਠੇ ਝੂਠ ਦੀ ਵਾਹ ਵਾਹ ਕੀਤੀ ਜਾ ਰਹੀ ਹੈ। ਸਿ਼ਕਾਰ ਦੀ ਤਾਕ ਵਿਚ ਅੱਖਾਂ ਮੀਸਣੀਆਂ ਜਿਹੀਆਂ ਕਰਕੇ ਬੈਠੇ ਲੂੰਬੜ ਨੂੰ ‘ਧਰਮਾਤਮਾ’ ਮੰਨਿਆ ਜਾ ਰਿਹੈ। ਲੋੜ ਪੈਣ ‘ਤੇ ਹਰ ਕਿਸਮ ਦਾ ਪਖੰਡ ਕਰਨ ਵਾਲੇ ਨੂੰ ‘ਨੀਤੀ-ਵੇਤਾ’ ਕਹਿ ਕੇ ਵਡਿਆਇਆ ਜਾ ਰਿਹਾ ਹੈ। ਧਰਮ ਦੇ ਅਧੀਨ ਚੱਲਣ ਦੀ ਬਜਾਏ ਧਰਮ ਨੂੰ ਆਪਣੇ ਅਧੀਨ ਕਰਨ ਦੀਆਂ ਕੁਚਾਲਾਂ ਚੱਲਣ ਵਾਲਿਆਂ ਨੂੰ ਰਹਿਬਰ ਮਿੱਥਿਆ ਜਾ ਰਿਹਾ ਹੈ। ਉਲਟੀ ਗੰਗਾ ਵਗਣ ਵਾਲੇ ਮਾਹੌਲ ਵਿਚ ਭਗਤ ਪੂਰਨ ਸਿੰਘ ਦਾ ਕਿਸ ਨੂੰ ਚੇਤਾ ਰਹਿ ਸਕਦਾ ਹੈ?
ਪਿਛਲੇ ਹਫਤੇ ਹੀ ਕੁਝ ਸਭਾ-ਸੁਸਾਇਟੀਆਂ ਦੇ ਕਰਤਿਆਂ-ਧਰਤਿਆਂ ਦਾ ਇਕ ਅਖ਼ਬਾਰੀ ਬਿਆਨ ਪੜ੍ਹਿਆ ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਰਨਾ ਦੀ ਨਿਖੇਧੀ ਕਰਦਿਆਂ, ਮੁੱਖ ਮੰਤਰੀ ਪੰਜਾਬ ਸ। ਬਾਦਲ ਤੇ ਉਨ੍ਹਾਂ ਦੇ ਪੁੱਤਰ ਦੀ ਇਸ ਗੱਲੋਂ ਭਰਪੂਰ ਸ਼ੋਭਾ ਕੀਤੀ ਗਈ ਸੀ ਕਿ ਉਹ ਬੱਲਾਂ ਵਾਲੇ ਡੇਰੇ ਪਹੁੰਚ ਕੇ ਰਵਿਦਾਸੀਆ ਭਾਈਚਾਰੇ ਦੇ ਦੁੱਖ ਵਿਚ ਸ਼ਰੀਕ ਹੋਏ।
ਜਥੇਦਾਰ ਸਰਨਾ ਦੇ ਬਿਆਨਾਂ ਦੀ ਨਿੰਦਾ ਵਾਲੀ ਗੱਲ ਤਾਂ ਸਮਝ ਵਿਚ ਆਉਂਦੀ ਹੈ, ਪਰ ਬਾਦਲ-ਜੋੜੀ ਦੇ ਬੱਲਾਂ ਪਹੁੰਚਣ ਤੋਂ ਬਾਗੋ ਬਾਗ ਹੋਣ ਵਾਲੇ ਸੱਜਣ ਕੀ ਇਹ ਸਮਝਦੇ ਹਨ ਕਿ ਦੋਹਾਂ ਬਾਦਲਾਂ ਨੂੰ ਸੰਤਾਂ ਦੀ ਹੱਤਿਆ ਦਾ ਬਹੁਤ ਹੀ ‘ਸਦਮਾ’ ਲੱਗਿਆ? ਉਨ੍ਹਾਂ ਹੀ ਦਿਨਾਂ ਵਿਚ ਆਜ਼ਾਦੀ ਘੁਲਾਟੀਏ, ਸੌ ਸਾਲ ਤੋਂ ਵਧ ਉਮਰ ਵਾਲੇ ਬਾਬਾ ਭਗਤ ਸਿੰਘ ਬਿਲਗਾ ਦੀ ਮ੍ਰਿਤਕ ਦੇਹ, ਇੰਗਲੈਂਡ ਤੋਂ ਪੰਜਾਬ ਲਿਜਾ ਕੇ ਸੰਸਕਾਰੀ ਗਈ ਸੀ। ਉਨ੍ਹਾਂ ਦੇ ਦਾਹ-ਸੰਸਕਾਰ ਵੇਲੇ ਬਾਦਲ ਸਰਕਾਰ ਦਾ ਕੋਈ ਮੰਤਰੀ-ਸੰਤਰੀ ਵੀ ਨਹੀਂ ਸੀ ਪੁੱਜਾ।
ਇਸ ਘਟਨਾਕ੍ਰਮ ਨੂੰ ਦੇਖਦਿਆਂ, ਸਿਆਸਤ ਦੀ ਨਾਂ-ਮਾਤਰ ਜਾਣਕਾਰੀ ਰੱਖਣ ਵਾਲਾ ਬੰਦਾ ਵੀ ਕਹਿ ਉੱਠੇਗਾ ਕਿ ਨੂਰਮਹਿਲ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ-ਮਿਣਤੀ ਹੀ ਦੋਹਾਂ ਬਾਦਲਾਂ ਨੂੰ ਬੱਲਾਂ ਡੇਰੇ ਲੈ ਕੇ ਗਈ ਸੀ। ਮਹਿਜ਼ ਵੋਟਾਂ ਦੀ ਗਰਜ਼ ਖਾਤਿਰ ਕੀਤਾ ਗਿਆ ‘ਸਟੰਟ’ ਪ੍ਰਸ਼ੰਸਾ ਦੇ ਢੇਰ ਦਿਵਾ ਗਿਆ;
ਸਾਜਿਸ਼ ਲਈ ਨਿੱਤ ਬੜੇ ਬਹਾਨੇ, ਮੋੜ ਮੁੜਨ ਲਈ ਮੋੜ ਬੜੇ।
ਐਸੇ ਦੌਰ ‘ਚ ਗਲਤ ਇਰਾਦੇ, ਅਸਲੀ ਗੱਲ ‘ਤੇ ਔਣ ਕਦੋਂ?
ਚਲੋ ਖ਼ੈਰ ਆਪਾਂ ਪਿੰਗਲਵਾੜੇ ਵਾਲੇ ਭਗਤ ਜੀ ਦੀ ਸਾਲਾਨਾ ਯਾਦ ਨੂੰ ਭੁਲਾ ਦੇਣ ਦੇ ਵਿਸ਼ੇ ਵਲ ਆਈਏ। ਦੇਖਿਆ ਜਾਵੇ ਤਾਂ ਇਸ ਗੁਨਾਹ ਦੇ ‘ਕਸੂਰਵਾਰ’ ਭਗਤ ਪੂਰਨ ਸਿੰਘ ਜੀ ਨੂੰ ਹੀ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਦੀਆਂ ਬਰਸੀਆਂ ਮਨਾ ਮਨਾ ਕੇ ਤਾਂ ਅਸੀਂ ਧੂੜਾਂ ਪੁੱਟ ਦੇਣੀਆਂ ਸਨ, ਜੇ ਕਿਤੇ ਉਨ੍ਹਾਂ ਪਿੰਗਲਵਾੜੇ ਦੀ ਥਾਂ, ਆਪਣਾ ਆਲੀਸ਼ਾਨ ਡੇਰਾ ਤਾਮੀਰ ਕਰਵਾਇਆ ਹੁੰਦਾ। ਦੁਖੀਏ, ਬੇ-ਸਹਾਰੇ ਲੂਲ੍ਹੇ ਲੰਗੜਿਆਂ ਦੀ ਬਜਾਏ ਉੱਥੇ ਹੱਟੇ-ਕੱਟੇ ਸੇਵਾਦਾਰ ਰੱਖੇ ਹੁੰਦੇ। ਪਿੰਗਲਵਾੜੇ ਦਾ ਲੋਹ-ਲੰਗਰ ਤਪਦਾ ਰੱਖਣ ਲਈ ਭਗਤ ਜੀ ਤਾਂ ਖੁਦ ਰਿਕਸ਼ਾ ਚਲਾ ਕੇ ਘਰ ਘਰ, ਬਾਜ਼ਾਰੋ ਬਾਜ਼ਾਰ ਉਗਰਾਹੀ ਕਰਦੇ ਰਹੇ।
ਇਹ ‘ਦੁਕੰਮਣ’ ਕਰਨ ਨਾਲੋਂ ਜੇ ਕਿਤੇ ਉਨ੍ਹਾਂ ਲਗਜ਼ਰੀ ਗੱਡੀ ਲਈ ਹੁੰਦੀ, ਵੱਖਰੇ ਹੀ ਸਟਾਈਲ ਨਾਲ ਦਸਤਾਰ ਦਾ ਹੇਠਲਾ ਲੜ ਚੌੜਾ ਜਿਹਾ ਕਰਕੇ ਮੋਢਿਆਂ ਉੱਪਰ ਫੈਲਾਉਣ ਦਾ ‘ਸਵਾਂਗ’ ਰਚਿਆ ਹੁੰਦਾ…ਅਗਰ ਉਨ੍ਹਾਂ ਸਬਰ-ਸਬੂਰੀ ਵਾਲੇ ਜੀਵਨ ‘ਥੋੜ੍ਹਾ ਸੰਵਹਿ ਥੋੜ੍ਹਾ ਹੀ ਖਾਵਹਿ’ ਦਾ ਤਿਆਗ ਕਰਕੇ, ਖੁੱਲ੍ਹਾ ਡੁੱਲ੍ਹਾ ਛਕਦਿਆਂ, ਖੰਡ ਦੀ ਬੋਰੀ ਜਿੱਡਾ ਢਿੱਡ ਵਧਾਇਆ ਹੁੰਦਾ…ਸਿੱਖੀ ਦੀ ਸੇਵਾ ਦੇ ਨਾਮ ਹੇਠ ਆਪਣੀ ਕੋਈ ਅਲੱਗ ਸੰਪਰਦਾ-ਟਕਸਾਲ ਚਲਾ ਕੇ ਦੂਰ-ਦਰਾਜ਼ ਤੱਕ ਉਸਦੀਆਂ ਬ੍ਰਾਂਚਾਂ ਕਾਇਮ ਕੀਤੀਆਂ ਹੁੰਦੀਆਂ…ਆਪਣੇ ਡੇਰੇ ਵਿਚ ਅਪੰਗਾਂ-ਅਪਾਹਜ਼ਾਂ ਦੀ ਮਲ੍ਹਮ-ਪੱਟੀ ਕਰਨ ਨਾਲੋਂ, ਅਖੰਡ ਪਾਠਾਂ ਦੀਆਂ ’ਕ੍ਹੋਤਰੀਆਂ ਚਲਾਉਣ ਲਈ ਕਈ ਦਰਜਣ ਪਾਠੀ ਸਿੰਘ ਰੱਖੇ ਹੁੰਦੇ…ਤਾਂ ਫਿਰ ਹੁਣ ਤੱਕ ਉਨ੍ਹਾਂ ਦੇ ਜਾਨਸ਼ੀਨ ਵੀ ਕਈ ਬਾਬੇ ਬਣ ਚੁੱਕੇ ਹੋਣੇ ਸਨ…ਉਨ੍ਹਾਂ ਸਾਰਿਆਂ ਨੇ ਇਕ ਦੂਜੇ ਤੋਂ ਵਧ ਕੇ ਬਰਸੀਆਂ ਮਨਾਉਣੀਆਂ ਸਨ ਭਗਤ ਜੀ ਦੀਆਂ! ਮਿਲਾਵਟੀ ਦੁੱਧ ਦੇ ਆਦੀ ਲੋਕਾਂ ਨੂੰ ਨਕਲੀ ਹੀ ਧੂਅ ਪਾਉਂਦੇ ਹਨ, ਅਸਲੀ ਨਹੀਂ !

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ

ਤਰਲੋਚਨ ਸਿੰਘ ਦੁਪਾਲਪੁਰ —
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ

ਉਸ ਕੋਠੀ ਵਿਚ ਦੋ-ਤਿੰਨ ਕੁ ਵਾਰ ਵਿਸ਼ਰਾਮ ਕਰਨ ਮੌਕੇ ਮੈਂ ਪ੍ਰਸ਼ਾਦਾ-ਪਾਣੀ ਛਕ ਚੁੱਕਿਆ ਹਾਂ, ਜਿਸ ਨੂੰ ਖਾਲੀ ਕਰਵਾਉਣ ਲਈ ਇਨ੍ਹੀਂ ਦਿਨੀਂ ਗਰਮਾ-ਗਰਮ ਬਿਆਨਬਾਜ਼ੀ ਹੋ ਰਹੀ ਹੈ। ਖਾੜਕੂ ਸੁਭਾਅ ਵਾਲੇ ‘ਸਿੰਘ ਸਾਹਿਬ’ ਵਜੋਂ ਜਾਣੇ ਜਾਂਦੇ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਮੱਕੜ ਜੀ ਆਖ ਰਹੇ ਹਨ ਕਿ ਕੋਠੀ ਖਾਲੀ ਕਰ ਭਾਈ। ਜਿਸ ਸ਼ਖਸ ਨੂੰ ਇਕ ਸਮੇਂ ਸੋਨੇ ਨਾਲ ਤੋਲਣ ਲਈ ਕਈ ਜਥੇਬੰਦੀਆਂ ਐਲਾਨ ‘ਤੇ ਐਲਾਨ ਕਰ ਰਹੀਆਂ ਸਨ, ਅੱਜ ਉਸ ਨੂੰ ਰਿਹਾਇਸ਼ ਵੀ ਖਾਲੀ ਕਰਨ ਲਈ ਹੁਕਮ ਕੀਤੇ ਜਾ ਰਹੇ ਹਨ। ਸਿੱਖ ਫਿਤਰਤ ਵਿਚਲੇ ਇਸ ਜ਼ਮੀਨ ਅਸਮਾਨ ਦੇ ਫਰਕ ਬਾਰੇ ਭਾਈ ਰਣਜੀਤ ਸਿੰਘ ਹੁਰਾਂ ਦੀ ਖੁਦ ਦੀ ਹੀ ਇਕ ਦਿਲਚਸਪ ਟਿੱਪਣੀ ਦਾ ਜਿ਼ਕਰ ਅੱਗੇ ਜਾ ਕੇ ਕਰਾਂਗੇ, ਪਹਿਲਾਂ ਇਸ ਵਿਸ਼ੇ ਦੀਆਂ ਹੋਰ ਗੱਲਾਂ ਕਰ ਲਈਏ।
ਸ੍ਰੀ ਅੰਮ੍ਰਿਤਸਰ ਸਥਿਤ ਉਕਤ ਕੋਠੀ ਵਿਚ ਹੀ ਭਾਈ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਢਾਹਾਂ ਕਲੇਰਾਂ ਸੰਸਥਾ ਦੇ ਬਜ਼ੁਰਗ ਪ੍ਰਧਾਨ ਜੀ ਨੇ ਮੇਰਾ ਤੁਆਰਫ਼ ਕਰਵਾਉਂਦਿਆਂ ਹੋਇਆਂ, ਭਾਈ ਰਣਜੀਤ ਸਿੰਘ ਅੱਗੇ ਮੇਰੀ ਉਪਮਾ ਦੇ ਬੜੇ ਪੜੁੱਲ ਬੰਨ੍ਹੇ, ‘‘ਇਹ ਜੀ ਲਿਖਾਰੀ ਹਨ, ਸਿੱਖ ਧਰਮ ਇਤਿਹਾਸ ਦੀ ਡੂੰਘੀ ਜਾਣਕਾਰੀ ਰੱਖਦੇ ਹਨ…ਚੰਗੇ ਬੁਲਾਰੇ ਵੀ ਹਨ…ਵਗੈਰਾ ਵਗੈਰਾ।’’ ਭਾਈ ਸਾਹਿਬ ਮੇਰੇ ਚਿਹਰੇ ਵਲ ਉਨਾ ਚਿਰ ਟਿਕਟਿਕੀ ਲਗਾ ਕੇ ਦੇਖਦੇ ਰਹੇ, ਜਿੰਨਾ ਚਿਰ ਢਾਹਾਂ ਕਲੇਰਾਂ ਵਾਲੇ ਬਜ਼ੁਰਗ ਮੇਰੀਆਂ ‘ਖੂਬੀਆਂ’ ਗਿਣਾਈ ਗਏ। ਗੱਲ ਮੁੱਕਣ ਤੋਂ ਬਾਅਦ ਭਾਈ ਸਾਹਿਬ ਖੜਕਵੀਂ ਆਵਾਜ਼ ‘ਚ ਕਹਿੰਦੇ, ‘‘ਇਨ੍ਹਾਂ ਦੀ ਵਿਦਵਤਾ ਕਿਹੜੇ ਕੰਮ?… ਐਸ ਵੇਲੇ ਤਾਂ ਇਹ ਬਾਦਲ ਦੀ ਗਾਂ ਹੀ ਬਣੇ ਹੋਏ ਨੇ।’’
ਸਿੰਘ ਸਾਹਿਬ ਮੂੰਹੋਂ ਆਪਣੇ ਲਈ ਇਹ ਅਸੱਭਿਅਕ ਜਿਹਾ ਸ਼ਬਦ ਸੁਣ ਕੇ ਮੈਂ ਇਕਦਮ ਛਿੱਥਾ ਤਾਂ ਹੋ ਗਿਆ ਪਰ ਮੈਂ ਆਪਣੀ ਸਫਾਈ ਵਜੋਂ ਕਈ ਸਪੱਸ਼ਟੀਕਰਨ ਦਿੱਤੇ ਕਿ ਫਲਾਂ-ਫਲਾਂ ਮੌਕਿਆਂ ‘ਤੇ ਮੈਂ ਪਾਰਟੀ ਨੀਤੀਆਂ ਦੇ ਖਿਲਾਫ਼ ਜਾਂਦਿਆਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਾ ਰਿਹਾ ਹਾਂ। ਲੇਕਿਨ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ‘ਤੇ ਮੇਰੀਆਂ ਦਿੱਤੀਆਂ ਸਫਾਈਆਂ ਦਾ ਕੋਈ ਅਸਰ ਨਹੀਂ ਸੀ ਹੋਇਆ। ਉਨ੍ਹਾਂ ਦੀ ਨਜ਼ਰ ਵਿਚ ਮੈਂ ਉਹੀ ਕੁਝ ਸਾਂ, ਜੋ ਮੈਨੂੰ ਪਹਿਲਾਂ ਕਹਿ ਚੁੱਕੇ ਸਨ।’’
ਸੰਨ ਅਠ੍ਹਤਰ ਦੀ ਖੂਨੀ ਵਿਸਾਖੀ ਤੋਂ ਬਾਅਦ ਹੋਈਆਂ ਬੀਤੀਆਂ ਘਟਨਾਵਾਂ ਦਰਮਿਆਨ ਜਦੋਂ ਉਨ੍ਹਾਂ ਦਾ ਨਾਮ ਮੀਡੀਏ ਵਿਚ ਆਇਆ, ਉਹ ਉਸ ਵੇਲੇ ਹਰ ਸਿੱਖ ਲਈ ਵੱਡੇ ਸਤਿਕਾਰ ਦੇ ਪਾਤਰ ਬਣ ਗਏ ਸਨ। ਉਨ੍ਹਾਂ ਵਲੋਂ ਕੀਤੇ ਗਏ ਕਾਰਨਾਮੇ ਨੂੰ ਸਿੱਖ ਮਾਨਸਿਕਤਾ ਨੇ ਮੱਸੇ ਰੰਘੜ ਵਾਲੇ ਇਤਿਹਾਸ ਨਾਲ ਜੋੜ ਕੇ ਆਪਣੇ ਦਿਲਾਂ ‘ਚ ਵਸਾ ਲਿਆ। ਭਾਈ ਸਾਹਿਬ ਦੀ ਸ਼ਾਨ ਵਿਚ ਸਿੱਖ ਕਵੀਆਂ ਨੇ ਦਿਲ ਖਿੱਚਵੀਆਂ ਕਵਿਤਾਵਾਂ ਲਿਖੀਆਂ। ਰਾਗੀਆਂ-ਢਾਡੀਆਂ ਨੇ ਧਾਰਮਿਕ ਦੀਵਾਨਾਂ ਵਿਚ ਦਿੱਲੀ ਕਾਂਡ ਦੇ ਪ੍ਰਸੰਗ ਸੁਣਾਏ। ਪੰਥ ਪ੍ਰਸਿੱਧ ਕਵੀ ਰਾਮ ਨਾਰਾਇਣ ਸਿੰਘ ‘ਦਰਦੀ’ ਦੀ ਇਕ ਜੋਸ਼ੀਲੀ ਕਵਿਤਾ ਵਿਚ ਭਾਈ ਸਾਹਿਬ ਵਲੋਂ ਅਪਨਾਈ ਗਈ ‘ਖੁਫੀਆ ਵਿਉਂਤ’ ਦੀ ਸ਼ਲਾਘਾ ਇੰਝ ਕੀਤੀ ਗਈ:
ਜਿਹੜਾ ਆਖਦਾ ਸੀ ਜਾਣੀ ਜਾਣ ਰੱਬ ਹਾਂ,
ਜਾਣੀ ਜਾਣ ਦੀ ਕਈ ਕਰਾਮਾਤ ਕਿੱਥੇ?
ਘਰ ਵਿਚ ਬੈਠਾ ਹੋਇਆ ਕਾਤਲ ਨਾ ਜਾਣ ਸਕਿਆ,
ਅੰਤਰਜ਼ਾਮੀ ਦੀ ਕਈ ਕਰਾਮਾਤ ਕਿੱਥੇ?’’
ਲੰਬੀ ਅਦਾਲਤੀ ਪ੍ਰਕਿਰਿਆ ‘ਚੋਂ ਲੰਘਣ ਬਾਅਦ ਹੋਈ ਰਿਹਾਈ ‘ਤੇ ਭਾਈ ਸਾਹਿਬ ਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਬਖਸ਼ੀ ਗਈ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਉਨ੍ਹਾਂ ਦਾ ਸ਼ਾਹਾਨਾ ਸਵਾਗਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਤਾਜਪੋਸ਼ੀ ਸਮਾਗਮ ਵਿਚ ਇਹ ਲੇਖਕ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਮਲ ਹੋਇਆ ਸੀ।
ਖਾਲਸਾਈ ਜਾਹੋ-ਜਲਾਲ ਵਾਲੇ ਉਸ ਪੰਥਕੀ ਸਮਾਗਮ ਜੈਸਾ ਇਕੱਠ ਮੈਂ ਅੱਜ ਤਕ ਕਿਤੇ ਨਹੀਂ ਦੇਖਿਆ। ਤਕਰੀਬਨ ਸਾਰੀਆਂ ਹੀ ਜਥੇਬੰਦੀਆਂ ਦੀ ਸ਼ਮੂਲੀਅਤ ਵਾਲਾ ਉਹ ਇਕੱਠ ਆਪਣੀ ਮਿਸਾਲ ਆਪ ਹੀ ਹੋ ਨਿਬੜਿਆ। ਸਿੱਖਾਂ ਦੇ ਬੱਚੇ ਬੱਚੇ ਦੀ ਜ਼ੁਬਾਨ ‘ਤੇ ਇਹੀ ਗੱਲ ਸੀ ਕਿ ਭਾਈ ਰਣਜੀਤ ਸਿੰਘ ਨੇ ਸਿੱਖ ਇਤਿਹਾਸ ਦੀ ਲਾਜ ਰੱਖ ਲਈ।
ਅਠ੍ਹਾਰਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਜਿ਼ਕਰ ਆਉਂਦਾ ਹੈ ਕਿ ਸਿੱਖ ਜਰਨੈਲ ਬਘੇਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਦਿੱਲੀ ਫਤਹਿ ਕਰਕੇ, ਲਾਲ ਕਿਲੇ ਦੀ ਫਸੀਲ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਕੁਝ ਦਿਨਾਂ ਬਾਅਦ ਵਿਸਾਖੀ ਦਾ ਪੁਰਬ ਆ ਗਿਆ ਤਾਂ ਸਿੰਘ ਦਿੱਲੀ ਛੱਡ ਕੇ ਅੰਮ੍ਰਿਤਸਰ ਨੂੰ ਇਹ ਕਹਿ ਕੇ ਤੁਰ ਪਏ ਅਖੇ ਦਿੱਲੀ ਆਪਾਂ ਢਿੱਲੀ ਕਰ ਦਿੱਤੀ ਹੈ। ਇਸ ਨੂੰ ਫੇਰ ਸਾਂਭ ਲਾਂਗੇ, ਪਹਿਲਾਂ ਆਪਾਂ ਸ੍ਰੀ ਅਕਾਲ ਬੁੰਗੇ ਜਾ ਕੇ ਵਿਸਾਖੀ ਮਨਾ ਆਈਏ। ਇਸ ਦਾਸਤਾਂ ਨੂੰ ਬਿਆਨ ਕਰਦੇ ਹੋਏ ਸਿਰਮੌਰ ਢਾਡੀ ਗਿਆਨੀ ਦਿਲਬਰ ਜੀ, ਸਿੱਖਾਂ ਦੇ ਸੁਭਾਅ ਵਿਚ ਵਸੀ ਹੋਈ ਅਣਗਹਿਲੀ ਜੈਸੀ ਬੇਪ੍ਰਵਾਹੀ ਦੀ ਮਿਸਾਲ ਦਿਆ ਕਰਦੇ ਸਨ;
ਪੰਜ ਸੱਤ ਸਿੰਘ ਇਕੱਠੇ ਹੋ ਕੇ ਕਿਸੇ ਸਰੋਵਰ ‘ਤੇ ਇਸ਼ਨਾਨ ਕਰਨ ਵਾਸਤੇ ਗਏ। ਬਾਕੀ ਦੇ ਸਾਰੇ ਤਾਂ ਇਸ਼ਨਾਨ-ਪਾਨ ਕਰਕੇ ਸਰੋਵਰ ਤੋਂ ਬਾਹਰ ਆ ਕੇ ਆਪਣੇ ਵਸਤਰ ਪਹਿਨਣ ਲੱਗ ਪਏ ਪਰ ਇਕ ਸੁਸਤ ਜਿਹੇ ਸਿੰਘ ਹੱਥੋਂ ਰੱਸਾ ਛੁੱਟ ਗਿਆ ਤੇ ਉਹ ਡੂੰਘੇ ਪਾਣੀ ਵਿਚ ਗੋਤੇ ਖਾਣ ਲੱਗ ਪਿਆ। ਡੁਬਕੂੰ-ਡੁਬਕੂੰ ਕਰਦਾ ਹੋਇਆ ਉਹ ਉਚੀ ਉਚੀ ‘ਵਾਜਾਂ ਮਾਰਨ ਲੱਗਿਆ, ‘‘ਖਾਲਸਾ ਜੀ, ਸਿੰਘ ਚੱਲਿਆ ਜੇ!… ਸਿੰਘ ਚੱਲਿਆ ਜੇ…!!’’ ਕੰਢੇ ‘ਤੇ ਖੜ੍ਹੇ ਸਿੰਘਾਂ ਨੇ ਪਿੱਛੇ ਮੁੜ ਕੇ ਉਸ ਡੁੱਬ ਰਹੇ ਸਿੰਘ ਵਲ ਦੇਖਿਆ। ‘ਸਿੰਘ’ ਚੱਲਿਆ ਜੇ!’ ਦੇ ਜਵਾਬ ਵਜੋਂ ਉਨ੍ਹਾਂ ਸਿੰਘਾਂ ਨੇ ਹੱਥ ਜੋੜਦਿਆਂ ਆਖਿਆ;
‘‘ਚੰਗਾ ਭਾਈ ਸਿੰਘਾ! ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ।’’
ਕੌਮ ਦੇ ਸ਼ਾਨਾਂਮੱਤੇ ਇਤਿਹਾਸ ‘ਤੇ ਕਾਲਾ ਦਾਗ ਸਾਬਤ ਹੋ ਰਹੀ ਨਾਮੁਰਾਦ ਬੇਪ੍ਰਵਾਹੀ ਦੀਆਂ ਹੋਰ ਤਸ਼ਬੀਹਾਂ ਲੱਭਣ ਲਈ ਦੂਰ ਜਾਣ ਦੀ ਲੋੜ ਨਹੀਂ ਹੈ। ਮੌਜੂਦਾ ਦੌਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਹੋ ਰਹੀ ਬੇ-ਹੁਰਮਤੀ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਵੇਲੇ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਾਬਕਾ ਜਥੇਦਾਰ ਵਿਚਰ ਰਹੇ ਹਨ ਜਿਨ੍ਹਾਂ ਵਿਚੋਂ ਇਕ ਭਾਈ ਰਣਜੀਤ ਸਿੰਘ ਜੀ ਵੀ ਹਨ। ਇਨ੍ਹਾਂ ਪੰਜਾਂ ਜਣਿਆਂ ਨੂੰ ਹੀ ਬੜੇ ਬੇਇੱਜ਼ਤੀ ਭਰੇ ਢੰਗ ਨਾਲ ਸੇਵਾਮੁਕਤ ਕੀਤਾ ਗਿਆ। ਉਂਜ ਰਾਗ ਗਾਇਆ ਜਾ ਰਿਹਾ ਹੈ ਅਕਾਲ ਤਖ਼ਤ ਮਹਾਨ ਵਾਲਾ। ਨਿਯੁਕਤੀ ਵੇਲੇ ਗੱਲਾਂ ਵਿਚ ਕਈ-ਕਈ ਸਿਰੋਪੇ ਪਾ ਕੇ, ਸਿਰ ਉਪਰ ਛਤਰ ਝੁਲਾਏ ਜਾਂਦੇ ਹਨ ਪਰ ਲਾਹੁਣ ਵੇਲੇ? ਜੋ ਹੁੰਦਾ ਹੈ, ਉਹ ਅਸੀਂ ਸਾਰੇ ਦੇਖਦੇ ਆ ਰਹੇ ਹਾਂ।
ਭਾਈ ਰਣਜੀਤ ਸਿੰਘ ‘ਤੇ ਬੇਸ਼ੱਕ ਮਰਹੂਮ ਟੌਹੜਾ ਸਾਹਿਬ ਨਾਲ ‘ਰਿਆਇਤ’ ਵਰਤਣ ਦੇ ਦੋਸ਼ਾਂ ਤੋਂ ਇਲਾਵਾ ਲੰਗਰ ਪ੍ਰਥਾ ਬਾਰੇ ਹੁਕਮਨਾਮਾ ਜਾਰੀ ਕਰਨ ਬਾਬਤ ਉਂਗਲਾਂ ਉਠੀਆਂ। ਪਰ ‘ਅੱਗੇ ਨਾਲੋਂ ਪਿੱਛਾ ਭਲਾ’ ਦੇ ਅਖਾਣ ਮੁਤਾਬਕ ਭਾਈ ਸਾਹਿਬ ਵਲੋਂ ਬਤੌਰ ਜਥੇਦਾਰ ਦਿਖਾਈ ਗਈ ਜੁਰਅਤ ਅਤੇ ਸਿਦਕਦਿਲੀ ਹੁਣ ਕਿਤੇ ਦਿਖਾਈ ਨਹੀਂ ਦੇ ਰਹੀਆਂ। ਵਰਤਮਾਨ ਦੌਰ ਦੇ ‘ਸਿੰਘ ਸਾਹਿਬਾਨਾਂ’ ਬਾਰੇ ਭਾਈ ਰਣਜੀਤ ਸਿੰਘ ਦੇ ਖਿਆਲ ਹੀ ਸੁਣ ਲਓ।
ਪਿਛਲੇ ਵਰ੍ਹੇ ਜਦੋਂ ਪੰਜਾਂ ਪਿਆਰਿਆਂ ਵਿਚ ਜਾਂ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ‘ਤੇ ਕਿਸੇ ਬੀਬੀ ਨੂੰ ਬਹਾਉਣ ਦੀ ਚਰਚਾ ਪੰਥ ਵਿਚ ਖੂਬ ਭਖੀ ਹੋਈ ਸੀ ਤਾਂ ਮੈਂ ਭਾਈ ਸਾਹਿਬ ਨੂੰ ਫੋਨ ਕਰਕੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ। ਉਨ੍ਹਾਂ ਬੇਲਾਗ ਤੇ ਬੇਬਾਕ ਜਵਾਬ ਦਿੰਦੇ ਹੋਏ ਉਲਟਾ ਕੌਮ ਨੂੰ ਵਿਅੰਗਨੁਮਾ ਸਵਾਲ ਕਰ ਦਿੱਤਾ, ‘‘ਆਹ ਜਿਹੜੇ ਹੁਣ ਬੈਠੇ ਆ, ਇਨ੍ਹਾਂ ਨੂੰ ਤੁਸੀਂ ਮਰਦ ਸਮਝਦੇ ਹੋ? ਸਗੋਂ ਇਹ ਤਾਂ ਫਲਾਣੇ ਸਿੰਘਾਂ ਦੀਆਂ…. ਹਨ।’’
ਇਥੇ ਮੈਂ ਭਾਈ ਸਾਹਿਬ ਦੀ ਕੋਈ ਖੁਸ਼ਾਮਦ ਜਾਂ ਵਕਾਲਤ ਨਹੀਂ ਕਰ ਰਿਹਾ। ਨਾ ਹੀ ਮੈਂ ਉਨ੍ਹਾਂ ਨੂੰ ਸੋਲਾਂ ਕਲਾਂ ਸੰਪੂਰਨ ਜਥੇਦਾਰ ਦਾ ਰੁਤਬਾ ਦੇ ਰਿਹਾ ਹਾਂ। ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਲੱਗਾ ਹੋਇਆ ਖੋਰਾ ਦੇਖ ਕੇ ਹੰਝੂ ਕੇਰ ਰਹੇ ਪੰਥ ਦਰਦੀਆਂ ਵਾਂਗ ਮੈਂ ਚਿੰਤਾ ਪ੍ਰਗਟਾ ਰਿਹਾ ਹਾਂ ਕਿ ਸਿੱਖ ਹਿਰਦਿਆਂ ਵਿਚ ਤਖ਼ਤ ਸਾਹਿਬ ਦਾ ਭੈਅ ਅਦਬ ਕਿਵੇਂ ਬਹਾਲ ਕੀਤਾ ਜਾਵੇ?
ਸ਼ਹੀਦੀ ਦਾ ਮੌਕਾ, ਸਿੱਖ ਫਲਸਫੇ ਅਨੁਸਾਰ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਮਹਾਨ ਸ਼ਹਾਦਤਾਂ ਨੂੰ ਯਾਦ ਕਰਕੇ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦੀ ਪਰੰਪਰਾ ਸਾਡਾ ਕੌਮੀ ਗੁਣ ਹੈ। ਪਰ ਇਹ ਸਾਡੀ ਕਿਧਰਲੀ ਸਿਆਣਪ ਹੈ ਕਿ ਇਕ ਜਿ਼ੰਦਾ ਸ਼ਹੀਦ ਨੂੰ ਦਿੱਤੀ ਹੋਈ ਰਿਹਾਇਸ਼ ਵੀ ਖੋਹ ਲਈ ਜਾਵੇ? ਇਹ ਕੈਸੀ ਜੱਗੋਂ ਤੇਰ੍ਹਵੀਂ ਕੀਤੀ ਜਾ ਰਹੀ ਹੈ ਕਿ ਜੂਨ ਚੁਰਾਸੀ ਵਾਲਾ ਘੱਲੂਘਾਰਾ ਕਰਵਾਉਣ ਦੇ ਹਿੱਕਾਂ ਠੋਕ ਕੇ ਦਾਅਵੇ ਕਰਨ ਵਾਲੇ ਅਡਵਾਨੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿਚ ਬੁਲਾ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਪਰ ਭਾਈ ਰਣਜੀਤ ਸਿੰਘ ਜਿਹੇ ਕੌਮੀ ਯੋਧੇ ਨੂੰ ਮਿਹਣੇ-ਤਾਅਨੇ ਮਾਰੇ ਜਾ ਰਹੇ ਹਨ।
ਜੱਫਿਆਂ ਤੇ ਗੱਫਿਆਂ ਦੀ
ਸੋਚ ਬੈਠੀ ਗੋਲਕਾਂ ‘ਤੇ।
ਸਾਖੀਆਂ ਦੇ ਲੜ ਲਾਇਆ
ਕੌਮੀ ਸੇਵਾਦਾਰ ਪਹਿਲਾ।
ਮਿੰਨੀ ਮੀਣੀ ਸੋਚ ਅੱਜ
ਚਾਰੇ ਪਾਸੇ ਦਿਸੇ ਭਾਰੂ,
ਭੇਖ ਨੂੰ ਧੁਮਾਈ ਜਾਂਦੀ,
ਕੌਮ ਦਾ ਮਯਾਰ ਪਹਿਲਾ।
ਲੱਗੀ ਹੈ ਸਿਆਸੀ ਸਿਉਂਕ
ਉਚੀ ਸੁੱਚੀ ਸ਼ਾਖ ਤਾਈਂ,
ਕੌਮ ਦੀ ਅਟਾਰੀ ਸੁੰਞੀ,
ਲੱਭੇ ਪਹਿਰੇਦਾਰ ਪਹਿਲਾ।
ਅੱਜ ਦੇ ਦੁਖਾਂਤ ਬਾਰੇ
ਕੁਸਕਣੋਂ ਵੀ ਜਰਕ ਰਹੇ।
ਉਂਜ ਦੰਭੀ ਗਾਈ ਜਾਂਦੇ,
ਕੌਮ ਦਾ ਉਭਾਰ ਪਹਿਲਾ।