ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, June 20, 2010

ਅੱਗ ਲਾ ਕੇ ਤਮਾਸ਼ਾ ਦੇਖਣ

ਤਰਲੋਚਨ ਸਿੰਘ ਦੁਪਾਲਪੁਰ —
ਅੱਗ ਲਾ ਕੇ ਤਮਾਸ਼ਾ ਦੇਖਣ

ਪਿੰਡਾਂ ਵਿਚ ਇਕ ਤਾਂ ਸਰਪੰਚ ਹੁੰਦੇ ਨੇ, ਜਿਨ੍ਹਾਂ ਨੂੰ ਪਿੰਡ ਵਾਸੀ ਵੋਟਾਂ ਨਾਲ ਚੁਣਦੇ ਹਨ ਜਾਂ ਕਦੀ ਕਦੀ ਸਰਬਸੰਮਤੀ ਨਾਲ ਵੀ ਬਣਾਏ ਜਾਂਦੇ ਹਨ। ਇਨ੍ਹਾਂ ਸਰਪੰਚਾਂ ਦੇ ਜਿ਼ੰਮੇ ਮੁੱਖ ਕੰਮ ਪਿੰਡ ਦਾ ਵਿਕਾਸ ਕਰਨਾ ਹੁੰਦਾ ਹੈ। ਪਿੰਡਾਂ ਵਿਚ ਦੂਸਰਾ ਮੁਖੀ ਲੰਬੜਦਾਰ ਹੁੰਦਾ ਹੈ ਜੋ ਆਮ ਕਰਕੇ ਜੱਦੀ ਪੁਸ਼ਤੀ ਹੀ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਪੇਂਡੂ ਜੀਵਨ ਵਿਚ ਇਕ ਤੀਸਰਾ ਚੌਧਰੀ ਵੀ ਅਕਸਰ ਹਰੇਕ ਪਿੰਡ ਵਿਚ ਹੀ ਹੁੰਦਾ ਹੈ। ਇਸ ਨੂੰ ਠੇਠ ਪੰਜਾਬੀ ਵਿਚ ਆਖਿਆ ਜਾਂਦਾ ਹੈ ਖੜਪੈਂਚ! ਦੂਸਰੇ ਦੋ ਮੁਖੀਆਂ ਦੇ ਉਲਟ ਇਹ ਖੜਪੈਂਚ ਵਾਲਾ ਅਹੁਦਾ ਕਿਸੇ ਵਿਧੀ-ਵਿਧਾਨ ਦਾ ਮੁਥਾਜ ਨਹੀਂ ਹੁੰਦਾ। ਇਸ ਸਵੈ-ਸਜੇ ਅਹੁਦੇ ਦੀ ਇਕ ਹੋਰ ਖਾਸੀਅਤ ਇਹ ਹੁੰਦੀ ਹੈ ਕਿ ਜਰੂਰੀ ਨਹੀਂ ਕਿਸੇ ਪਿੰਡ ਵਿਚ ਕੇਵਲ ਇਕ ਖੜਪੈਂਚ ਹੀ ਹੋਵੇ। ਇਕ, ਦੋ ਜਾਂ ਇਸ ਤੋਂ ਵੀ ਵਧ ਹੋ ਸਕਦੇ ਹਨ। ਸਰਪੰਚਾਂ ਵਾਂਗ ਇਨ੍ਹਾਂ ਖੜਪੈਂਚਾਂ ਦਾ ਕੰਮ ਵਿਕਾਸ ਕਰਨਾ ਨਹੀਂ ਸਗੋਂ ‘ਵਿਨਾਸ਼’ ਕਰਨਾ ਹੀ ਹੁੰਦਾ ਹੈ। ਇਹ ਵੀ ਧਾਰਨਾ ਪੱਕੀ ਹੀ ਸਮਝੋ ਕਿ ਪਿੰਡ ਦੇ ਖੜਪੈਂਚ ਜਾਂ ਖੜਪੈਂਚਾਂ ਦਾ ਸਰਪੰਚ-ਲੰਬੜਦਾਰ ਨਾਲ ਇੱਟ-ਖੜੱਕਾ ਚਲਦਾ ਹੀ ਰਹਿੰਦਾ ਹੈ। ਸਰਪੰਚ-ਲੰਬੜਦਾਰ ਤਾਂ ਆਪਣੇ ਅਹੁਦੇ ਦੀ ਮਾਣ-ਮਰਿਯਾਦਾ ਬਰਕਰਾਰ ਰੱਖਦੇ ਹੋਏ, ਬਿਨ-ਬੁਲਾਏ ਕਿਸੇ ਦੇ ਘਰ ਨਹੀਂ ਜਾਂਦੇ। ਪਰ ਖੜਪੈਂਚ ਸਾਹਿਬਾਨ ਦਾ ਹਾਲ ਇਹ ਹੁੰਦਾ ਹੈ, ‘ਅਖੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲ੍ਹੀ!’ ਇਸੇ ਫੇਰਾ-ਤੋਰੀ ਦੀ ਬਦੌਲਤ ਇਨ੍ਹਾਂ ਨੂੰ ਪਿੰਡ ਦੇ ਹਰ ਜੀਆ-ਜੰਤ ਦੀ ਪੂਰੀ ‘ਖ਼ਬਰ’ ਹੁੰਦੀ ਹੈ। ਜਾਂ ਇਉਂ ਆਖੋ ਕਿ ਖੜਪੈਂਚ ਸਾਹਿਬਾਨ ਆਪਣੇ ਪਿੰਡ ਦੀ ਰਗ-ਰਗ ਤੋਂ ਵਾਕਿਫ ਹੁੰਦੇ ਹਨ। ਆਪਣੇ ‘ਆਰਟ’ ਵਿਚ ਇਹ ਇਤਨੇ ਨਿਪੁੰਨ ਹੁੰਦੇ ਹਨ ਕਿ ਸਰਪੰਚ ਦਾ ‘ਵਾਰ’ ਤਾਂ ਖਾਲੀ ਜਾ ਸਕਦਾ ਹੈ ਪਰ ਇਨ੍ਹਾਂ ਦੀ ਲਾਈ ਹੋਈ ਤੀਲ੍ਹੀ ਕਈ ਪੁਸ਼ਤਾਂ ਤੱਕ ਭਾਂਬੜ ਬਣ ਕੇ ਮੱਚਦੀ ਰਹਿ ਸਕਦੀ ਹੈ। ‘ਅੱਗ ਲਾ ਕੇ ਡੱਬੂ ਨਿਆਈਆਂ’ ਵਾਲੇ ਅਖਾਣ ਦੀ ਤਹਿ ਦਿਲੋਂ ਪਾਲਣਾ ਕਰਦਿਆਂ ਖੜਪੈਂਚ ਸ੍ਰੀਮਾਨ ਆਪਣੀ ਕਲਾ ਦੇ ਜੌਹਰ ਦਿਖਾ ਕੇ ਸਬੰਧਿਤ ਘਟਨਾ-ਸਥਾਨ ਤੋਂ ਫੌਰਨ ਅਲੋਪ ਹੋ ਜਾਂਦੇ ਨੇ। ਇਨ੍ਹਾਂ ਦੇ ਜ਼ਹਿਰੀਲੇ ਡੰਗ ਦਾ ਮਾਰਿਆ ਬੰਦਾ ਕਸੀਸ ਵੱਟ ਕੇ ‘ਸੀ…ਸੀ’ ਕਰਦਾ ਰਹਿੰਦਾ ਹੈ, ਪਰ ਇਹ ਭੱਦਰਪੁਰਸ਼ ਆਪਣੇ ਕਿਸੇ ਹੋਰ ਸਿ਼ਕਾਰ ਦੀ ਭਾਲ ਵਿਚ ਇਧਰ-ਉਧਰ ਨਿਕਲ ਵਗਦੇ ਹਨ। ਅਜਿਹੀ ਖਸਲਤ ਦਾ ਮਾਲਕ ਕਿਸੇ ਪਿੰਡ ਦਾ ਇਕ ਖੜਪੈਂਚ ਘੁੰਮਦਾ-ਘੁਮਾਉਂਦਾ ਬਿਨ ਬੁਲਾਏ ਮਹਿਮਾਨ ਵਾਂਗ ਪਿੰਡ ਵਿਚਲੀ ਲਾਲੇ ਦੀ ਹੱਟੀ ਜਾ ਪਹੁੰਚਿਆ। ਅੱਧੀ ਕੁ ਹੋ ਚੁੱਕੀ ਵੜੇਵਿਆਂ ਦੀ ਬੋਰੀ ਉੱਪਰ ਪਥੱਲਾ ਮਾਰ ਕੇ ਬਹਿੰਦਿਆਂ ਸਾਰ ਕੋਲ ਪਏ ਪੀਪੇ ਵਿਚ ਹੱਥ ਮਾਰ ਕੇ ਕਹਿੰਦਾ;

‘‘ਲਾਲਾ, ਅਹਿ ਪੀਪੇ ‘ਚ ਕੀ ਪਿਐ ਭਲਾ?’’

ਲਾਲੇ ਵਲੋਂ ‘ਸੀਰਾ’ ਕਹਿਣ ਤੋਂ ਪਹਿਲਾਂ ਹੀ ਖੜਪੈਂਚ ਜੀ ਆਪਣੀਆਂ ਸੀਰੇ ਨਾਲ ਲਿੱਬੜੀਆਂ ਦੋ ਉਂਗਲਾਂ ਪੀਪੇ ਤੋਂ ਬਾਹਰ ਕੱਢ ਕੇ, ਲੰਬੀ ਸੁਰ ਵਿਚ ‘ਅੱ….ਛਾ-ਅ’ ਕਹਿੰਦਿਆਂ ਕੰਧ ਨਾਲ ਘਸਾ ਕੇ ਸਾਫ ਕਰਨ ਲੱਗ ਪਿਆ। ਨਾ ਤਾਂ ਉਸਨੇ ਹੱਟੀ ਤੋਂ ਕੋਈ ਚੀਜ਼ ਵਸਤ ਖਰੀਦਣੀ ਸੀ ਅਤੇ ਨਾ ਹੀ ਉਸਨੇ ਸੀਰੇ ‘ਚੋਂ ਕੁਝ ਕੱਢਣਾ ਪਾਉਣਾ ਸੀ। ਪਰ ਸੀਰੇ ਨਾਲ ਲਿੱਬੜੀਆਂ ਉਂਗਲਾਂ ਨਾਲ ਉਸਨੇ ਹੱਟੀ ਦੀ ਅੰਦਰਲੀ ਕੰਧ ਉੱਪਰ ਗੰਦ ਜਰੂਰ ਪਾ ਦਿੱਤਾ।

ਮਿੱਠਾ ਸੀਰਾ ਕੰਧ ‘ਤੇ ਲੱਗਣ ਦੀ ਦੇਰ ਸੀ, ਉੱਥੇ ਮੱਖੀਆਂ ਨੇ ਝੁਰਮਟ ਪਾ ਲਿਆ। ਹੱਟੀ ਵਿਚ ਰੱਖੇ ਸਾਮਾਨ ਦੇ ਡੱਬਿਆਂ ਪਿੱਛੋਂ ਨਿਕਲੀ ਇਕ ਕਿਰਲੀ ਮੱਖੀਆਂ ਦਾ ਸਿ਼ਕਾਰ ਕਰਨ ਲਈ ਭੱਜ ਕੇ ਪਈ। ਸ਼ਾਇਦ ਚੂਹੇ ਦੇ ਭੁਲੇਖੇ, ਲਾਲੇ ਦੀ ਪਾਲਤੂ ਬਿੱਲੀ ਨਾਸ੍ਹਾਂ ਵਿਚੋਂ ‘ਛੀਂ-ਛੀਂ’ ਦੀ ਆਵਾਜ਼ ਕੱਢਦੀ ਹੋਈ ਕੁੱਦ ਕੇ ਕਿਰਲੀ ਵਲ ਅਹੁਲੀ। ਕਿਰਲੀ ਤਾਂ ਕਾਹਲੀ ਨਾਲ ‘ਯੂ-ਟਰਨ’ ਮਾਰ ਕੇ ਡੱਬਿਆਂ ਪਿੱਛੇ ਜਾ ਵੜੀ। ਪਰ ਇੱਧਰ ਐਨ ਇਸੇ ਵੇਲੇ ਹੱਟੀ ‘ਤੇ ਪਹੁੰਚੇ ਇਕ ਗਾਹਕ ਨਾਲ ਆਏ ਬੂਛਰ ਜਿਹੇ ਕੁੱਤੇ ਨੇ, ਇਕ ਦਮ ਹਮਲਾ ਕਰਕੇ ਲਾਲੇ ਦੀ ਬਿੱਲੀ ਨੂੰ ਜਾ ਧੌਣੋ ਫੜਿਆ। ਲਾਲੇ ਨੇ ਪੁੱਤਾਂ-ਧੀਆਂ ਵਾਂਗ ਪਾਲੀ ਹੋਈ ਆਪਣੀ ਪਿਆਰੀ ਮਾਣੋ ਬਿਲੀ ਦੇ ਡੇਲੇ ਜਦ ਬਾਹਰ ਨੂੰ ਨਿੱਕਲੇ ਦੇਖੇ, ਤਾਂ ਉਸਨੇ ਚੁੱਕ ਲਿਆ ਸੋਟਾ। ਉਧਰੋਂ ਬਿੱਲੀ ਦੇ ਪ੍ਰਾਣ ਪੰਖੇਰੂ ਉਡ ਗਏ ਤੇ ਇੱਧਰੋਂ ਲਾਲੇ ਨੇ ਗੁੱਸੇ ‘ਚ ਆਏ ਨੇ ਘੁਮਾਅ ਕੇ ਸੋਟਾ ਕੁੱਤੇ ਦੀ ਪੁੜਪੁੜੀ ‘ਚ ਦੇ ਮਾਰਿਆ। ਇੱਕੋ ਲੇਰ ਜਿਹੀ ਮਾਰ ਕੇ ਕੁੱਤਾ ਵੀ ਲੁੜ੍ਹਕ ਕੇ ਅਹੁ ਜਾ ਪਿਆ।

ਜਿੰਨੀ ਲਾਲੇ ਨੂੰ ਬਿੱਲੀ ਪਿਆਰੀ ਸੀ, ਗਾਹਕ ਨੂੰ ਵੀ ਆਪਣਾ ਕੁੱਤਾ ਉਨਾ ਹੀ ਪਿਆਰਾ ਸੀ। ਬਿੱਲੀ-ਕੁੱਤੇ ਦੀਆਂ ਕੋਲੇ ਕੋਲੇ ਪਈਆਂ ਲਾਸ਼ਾਂ ਵਲ ਦੇਖ ਕੇ ਦੋਹਾਂ ਦਿਆਂ ਮਾਲਕਾਂ ਦੇ ਸੀਨਿਆਂ ‘ਚ ਸੱਲ ਉੱਭਰਨ ਲੱਗਾ।

‘ਤੇਰੇ ਕੁੱਤੇ ਨੇ ਮੇਰੀ ਬਿੱਲੀ ਮਾਰ ‘ਤੀ’ ਕਹਿੰਦਾ ਹੋਇਆ ਲਾਲਾ, ਗਾਹਕ ਉੱਪਰ ਡੰਡਾ ਵਰ੍ਹਾਉਣ ਲੱਗ ਪਿਆ। ‘ਤੂੰ ਮੇਰਾ ਕੁੱਤਾ ਮਾਰ’ ‘ਤਾ ਕਹਿ ਕੇ ਗਾਹਕ, ਲਾਲੇ ‘ਤੇ ਵਰ੍ਹ ਪਿਆ। ਡਾਂਗ-ਸੋਟੇ ਦੀ ਲੜਾਈ ਕਾਰਨ ਦੋਹਾਂ ਦੇ ਸਿਰ ਪਾਟ ਗਏ। ਦੋਵੇਂ ਜ਼ਖਮੀ ਹੋਏ ਤਾਂ ਹਸਪਤਾਲ ਦਾਖਲ ਹੋ ਗਏ ਅਤੇ ਬੈੱਡਾਂ ਉੱਪਰ ਜਾ ਪਏ। ਲੇਕਿਨ ਸੀਰੇ ਨਾਲ ਲਿੱਬੜੀਆਂ ਉਂਗਲਾਂ ਕੰਧ ‘ਤੇ ਲਾਉਣ ਵਾਲਾ ਖੜਪੈਂਚ, ਪੈੱਗ-ਸ਼ੈੱਗ ਲਾ ਕੇ ਅਰਾਮ ਨਾਲ ਘਰੇ ਜਾ ਕੇ ਸੌਂ ਗਿਆ!

ਅਮਨ-ਅਮਾਨ ਵਾਲੇ ਹਾਲਾਤ ਆਮ ਤੌਰ ‘ਤੇ ਖੜਪੈਂਚਾਂ ਨੂੰ ਨਹੀਂ ਭਾਉਂਦੇ। ਕਿਉਂਕਿ ਸੁਲਾਹ ਸਫਾਈ ਦੇ ਮਾਹੌਲ ਵਿਚ ਇਨ੍ਹਾਂ ਨੂੰ ਆਪਣਾ ‘ਹੁਨਰ’ ਦਿਖਾਉਣ ਦੇ ਮੌਕੇ ਬਹੁਤ ਘੱਟ ਦਰਿਆਫ਼ਤ ਹੁੰਦੇ ਹਨ। ਜਾਂ ਫਿਰ ਮਾੜੀ-ਮੋਟੀ ਸੱਤ-‘ਕਵੰਜਾ ਨੂੰ ਇਹ ਆਪਣੀ ਹਿੰਮਤ ਨਾਲ ਧੂਅ ਕੇ ਤਿੰਨ ਸੌ ਦੋ ਤੱਕ ਲਿਜਾ ਸਕਦੇ ਹੁੰਦੇ ਹਨ। ਜਿੱਥੇ ਵੀ ਕਿਤੇ ‘ਪੰਗਾ’ ਪਿਆ ਹੋਇਆ ਦਿਖਾਈ ਦੇਵੇ ਤਾਂ ਪੱਕਾ ਜਾਣ ਲਉ ਕਿ ਇਥੇ ਕਿਸੇ ਨਾ ਕਿਸੇ ਖੜਪੈਂਚ ਦਾ ਪਹਿਰਾ ਜਰੂਰ ਹੋਵੇਗਾ।

ਪੰਗਾ ਲਫਜ਼ ਤੋਂ ਮੈਨੂੰ ਯਾਦ ਆਇਆ ਕਿ ਸਾਡੇ ਇਲਾਕੇ ਦਾ ਇਕ ਕਾਮਰੇਡ ਆਗੂ ਹੁੰਦਾ ਸੀ, ਜਿਸਦਾ ਗੋਤ ਯਾਨਿ ‘ਲਾਸਟ ਨੇਮ’ ਸੀ ਸੰਘਾ! ਇਸਨੇ ਆਪਣੀ ਜਿ਼ੰਦਗੀ ‘ਲੋਕ-ਘੋਲਾਂ’ ਨੂੰ ਹੀ ਸਮਰਪਿਤ ਕੀਤੀ ਹੋਈ ਸੀ। ਲਾਲ ਝੰਡੇ ਵਾਲਿਆਂ ਵਲੋਂ ਕੀਤੇ ਜਾਂਦੇ ਮੁਜਾਹਰਿਆਂ ਵਿਚ ਤਾਂ ਇਸ ਦੀ ਹਾਜ਼ਰੀ ਯਕੀਨੀ ਹੁੰਦੀ ਹੀ ਸੀ। ਪਰ ਇਸ ਤੋਂ ਇਲਾਵਾ ਭੱਠਾ ਮਜ਼ਦੂਰਾਂ ਦੀਆਂ ਰੈਲੀਆਂ, ਮੁਲਾਜ਼ਮਾਂ ਦੇ ਰੋਸ ਧਰਨਿਆਂ, ਗੰਨਾਂ ਮਿੱਲ੍ਹਾਂ ਅੱਗੇ ਕਿਸਾਨਾਂ ਦੇ ਚੱਕਾ ਜਾਮ ਅੰਦੋਲਨਾਂ, ਪਿੰਡਾਂ ਵਿਚਲੀਆਂ ਧੜੇਬੰਦਕ ਲੜਾਈਆਂ ਜਾਂ ਘਰੇਲੂ ਮਸਲਿਆਂ ਦੇ ਬਾਤ ਤੋਂ ਬਤੰਗੜ ਬਣੇ ਹੋਏ ਝਗੜਿਆਂ ਵਿਚ ਕਾਮਰੇਡ ਸੰਘਾ ਸਿਰ ਕੱਢਵਾਂ ਰੋਲ ਅਦਾ ਕਰਦੇ ਹੁੰਦੇ ਸਨ। ਉਨ੍ਹਾਂ ਵਲੋਂ ਕੀਤੀਆਂ ਜਾਂਦੀਆਂ ਇਨ੍ਹਾਂ ‘ਨਿਸ਼ਕਾਮ ਸੇਵਾਵਾਂ’ ਤੋਂ ਖੁਸ਼ ਹੁੰਦਿਆਂ, ਕਾਮਰੇਡ ਸੰਘਾ ਦੇ ਪ੍ਰਸ਼ੰਸਕਾਂ ਨੇ ਆਪਣੇ ਆਗੂ ਦੇ ਪਰਉਪਕਾਰੀ ਸੁਭਾਅ ਦੀ ਸ਼ੋਭਾ ਵਜੋਂ ਇਕ ਲੋਕ ਬੋਲੀ ਘੜੀ ਹੋਈ ਸੀ- ‘ਜਿੱਥੇ ਪਊ ਪੰਗਾ-ਉੱਥੇ ਪਹੁੰਚੂ ਸੰਘਾ!’’

ਕਦੇ-ਕਦਾਈਂ ਗਲਤ ਦੁਆਈ ਖਾਣ ਨਾਲ ਹੋਣ ਵਾਲੇ ‘ਰਿਐਕਸ਼ਨ’ ਵਾਂਗ ਖੜਪੈਂਚਾਂ ਨੂੰ ਮੂੰਹ ਦੀ ਖਾਣੀ ਵੀ ਪੈ ਜਾਂਦੀ ਹੈ। ਕਹਿੰਦੇ ਕਿਸੇ ਬਿਗਾਨੇ ਮੁਲਕ ਵਿਚ ਕੰਮ ਧੰਦਾ ਕਰਨ ਗਏ ਇਕ ਪਰਦੇਸੀ ਕੋਲੋਂ ਕੋਈ ਗੈਰਕਾਨੂੰਨੀ ਕੰਮ ਹੋ ਗਿਆ। ਹਾਕਮ ਨੇ ਭਰੇ ਦਰਬਾਰ ਵਿਚ ਪਰਦੇਸੀ ਨੂੰ ਬੁਲਾ ਕੇ ਉਹਦੇ ਕਸੂਰ ਦੀ ਸਾਰੀ ਕਹਾਣੀ ਸੁਣੀ ਤੇ ਉਸਨੂੰ ਫਾਂਸੀ ਦੇਣ ਦਾ ਹੁਕਮ ਸੁਣਾ ਦਿੱਤਾ। ਮੌਤ ਦੀ ਸਜ਼ਾ ਸੁਣਦਿਆਂ ਪਰਦੇਸੀ ਗੁੱਸੇ ‘ਚ ਆ ਕੇ ਆਪਣੀ ਬੋਲੀ ਵਿਚ ਹਾਕਮ ਨੂੰ ਗਾਲ੍ਹਾਂ ਕੱਢਣ ਲੱਗ ਪਿਆ।

‘‘…ਮੇਰੇ ਮਾਮੂਲੀ ਜਿਹੇ ਦੋਸ਼ ਬਦਲੇ ਮੈਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਦੁਸ਼ਟ ਹਾਕਮ ਦਾ ਕੱਖ ਨਾ ਰਹੇ!…ਇਹਦਾ ਰਾਜ ਭਾਗ ਤਬਾਹ ਹੋ ਜਾਏ…ਇਹਦਾ ਟੱਬਰ ਮਰ ਜਾਏ!!’’

ਪਰਦੇਸੀ ਦੀ ਭਾਸ਼ਾ ਤੋਂ ਬਿਲਕੁਲ ਅਨਜਾਣ ਹਾਕਮ ਸਭਾ ਵਿਚ ਬੈਠੇ ਆਪਣੇ ਇਕ ਸਿਆਣੇ ਵਜ਼ੀਰ ਨੂੰ ਪੁੱਛਣ ਲੱਗਿਆ ਕਿ ਦੋਸ਼ੀ ਕੀ ਆਖ ਰਿਹਾ ਹੈ? ਕੁਝ ਸੋਚ ਵਿਚਾਰ ਕੇ ਬੜੇ ਧੀਰਜ ਨਾਲ ਵਜੀਰ ਬੋਲਿਆ- “ਜਨਾਬ, ਇਹ ਕਹਿ ਰਿਹਾ ਹੈ ਕਿ ਇਸ ਦੇਸ਼ ਦਾ ਹਾਕਮ ਬਹੁਤ ਦਯਾਲੂ ਤੇ ਕ੍ਰਿਪਾਲੂ ਹੈ। ਉਸਨੇ ਮੈਨੂੰ ਸਜ਼ਾ ਸੁਣਾਉਣ ਲੱਗਿਆਂ ਬਹੁਤ ਰਹਿਮਦਿਲੀ ਦਿਖਾਈ ਹੈ। ਨਹੀਂ ਤਾਂ ਮੇਰੇ ਵੱਡੇ ਕਸੂਰ ਕਾਰਨ ਮੈਨੂੰ ਜਿਉਂਦੇ ਨੂੰ ਅੱਗ ਵਿਚ ਸੁੱਟ ਦੇਣ ਦੀ ਸਜ਼ਾ ਵੀ ਘੱਟ ਸੀ…ਸੋ ਇਹ ਆਪ ਨੂੰ ਅਸੀਸਾਂ ਦੇ ਰਿਹਾ ਹੈ!’’

ਵਜੀਰ ਦੀ ਗੱਲ ਸੁਣ ਕੇ ਖੁਸ਼ ਹੁੰਦਿਆਂ, ਹਾਕਮ ਨੇ ਪਰਦੇਸੀ ਦੀ ਸਜ਼ਾ ਮੁਆਫ ਕਰਕੇ ਉਸਨੂੰ ਹਾਲੇ ਰਿਹਾਅ ਕਰ ਦੇਣ ਦਾ ਹੁਕਮ ਸੁਣਾਇਆ ਹੀ ਸੀ ਕਿ ਲਾਗਿਉਂ ਕੋਈ ਖੜਪੈਂਚ ਉੱਠ ਕੇ ਕਹਿਣ ਲੱਗਾ;

‘‘ਹਜੂਰ, ਬਿਲਕੁਲ ਝੂਠ! ਮੈਂ ਵੀ ਇਸ ਪਰਦੇਸੀ ਦੀ ਬੋਲੀ ਚੰਗੀ ਤਰ੍ਹਾਂ ਜਾਣਦਾ ਹਾਂ।…ਤੁਹਾਡੇ ਵਜ਼ੀਰ ਨੇ ਸਰਾਸਰ ਝੂਠੀ ਜਾਣਕਾਰੀ ਦਿੱਤੀ ਹੈ ਆਪਨੂੰ…ਇਹ ਪਰਦੇਸੀ ਤਾਂ ਤੁਹਾਨੂੰ ਬਹੁਤ ਬੁਰੀਆਂ ਬੁਰੀਆਂ ਬਦ-ਦੁਆਵਾਂ ਦੇ ਰਿਹਾ ਹੈ, ਨਾਲੇ ਗਾਲ੍ਹਾਂ ਕੱਢ ਰਿਹਾ!!’’

‘‘ਝੂਠ’ ਬੋਲਣ ਵਾਲੇ ਵਜ਼ੀਰ ਦੇ ਸਿਰ ਤਾਂ ਸੌ ਘੜਾ ਪਾਣੀ ਦਾ ਪੈ ਗਿਆ! ਡਰਦਾ ਹੋਇਆ ਲੱਗਾ ਥਰਥਰ ਕੰਬਣ!! ਪਰ ਇਹ ਕੀ? ਹਾਕਮ ਲੋਹਾ-ਲਾਖਾ ਹੋ ਕੇ ਖੜਪੈਂਚ ਨੂੰ ਟੁੱਟ ਕੇ ਪੈ ਗਿਆ- “ਬੈਠਾ ਰਹੁ ਓਏ ਵੱਡਿਆ ਸੱਚ-ਪੁੱਤਰਾ! ਤੇਰੇ ਸੱਚ ਨਾਲੋਂ ਮੇਰੇ ਵਜ਼ੀਰ ਦਾ ਝੂਠ ਸੌ ਗੁਣ ਚੰਗਾ ਹੈ, ਜੋ ਕਿਸੇ ਦੀ ਜਾਨ ਬਚਾਉਣ ਲਈ ਬੋਲਿਆ ਗਿਆ ਹੈ!!’’

ਲਾਂਬੂ ਲਾ ਕੇ ਤਮਾਸ਼ਾ ਦੇਖਣ ਵਾਲੇ ਇਕ ‘ਸੇਵਾਦਾਰ’ ਵਲੋਂ ਮਿੰਨ੍ਹੀਆਂ-ਛੁਰੀਆਂ ਚਲਾ ਕੇ ਵੱਡੇ ਪਰਿਵਾਰਕ ਕਲੇਸ਼ ਖੜ੍ਹੇ ਕੀਤੇ ਜਾਂਦੇ ਮੈਂ ਆਪਣੀ ਅੱਖੀਂ ਦੇਖੇ ਹੋਏ ਹਨ। ਇਲਾਕੇ ਵਿਚ ਇਕ ਸਤਿਕਾਰਿਤ ਧਾਰਮਿਕ ਆਗੂ ਵਜੋਂ ਸਥਾਪਤ ਹੋਏ ਇਕ ਬਿਰਧ ਬਜ਼ੁਰਗ ਨੇ ਹਵੇਲੀ ਤੋਂ ਆਪਣੇ ਸੇਵਾਦਾਰ ਨੂੰ ਘਰੋਂ ਲੱਸੀ ਲੈਣ ਲਈ ਭੇਜਿਆ। ਇਹ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ‘ਨੂੰਹਾਂ-ਧੀਆਂ’ ਆਪਣੇ ਵੱਡਿਕਿਆਂ ਤੋਂ ਡਰਦੀਆਂ ਘਰ ‘ਚ ਉੱਚੀ ਸਾਹ ਵੀ ਨਹੀਂ ਸਨ ਕਢਦੀਆਂ ਹੁੰਦੀਆਂ। ਹੱਥ ਵਿਚ ਬਾਲਟੀ ਲਈ ਖੜੇ ਸੇਵਾਦਾਰ ਨੂੰ ਵੱਡੀ ਨੂੰਹ ਨੇ ਡਰਦਿਆਂ ਡਰਦਿਆਂ ਦੱਸਿਆ ਕਿ ਲੱਸੀ ਤਾਂ ਅੱਜ ਬਿੱਲੀ ਨੇ ਜੂਠੀ ਕਰ ਦਿੱਤੀ ਸੀ। ਇਸ ਲਈ ਸਾਰੀ ਚਾਟੀ ਬਾਹਰ ਡੋਲ੍ਹ ਦਿੱਤੀ ਹੈ। ਚੁਆਤੀ ਲਾਊ ਫਿਤਰਤ ਵਾਲੇ ਸੇਵਾਦਾਰ ਨੂੰ ਘਰ ਵਿਚ ਮਹਾਂਭਾਰਤ ਮਚਾਉਣ ਦਾ ਸੁਨਹਿਰੀ ਮੌਕਾ ਮਿਲ ਗਿਆ। ਖਾਲੀ ਹੱਥ ਹਵੇਲੀ ਜਾ ਪਹੁੰਚਾ, ਬਜ਼ੁਰਗ ਬਾਪੂ ਕੋਲ। ਨਿੱਕੀ ਨਿੱਕੀ ਗੱਲ ਤੋਂ ਵੀ ਕ੍ਰੋਧਿਤ ਹੋ ਉੱਠਣ ਵਾਲੇ ਬਾਪੂ ਨੇ ਜਦ ਲੱਸੀ ਬਾਰੇ ਉਸਨੂੰ ਪੁੱਛਿਆ, ਤਾਂ ਅੱਗਿਉਂ ਬਣਾ ਸੁਆਰ ਕੇ ਸੇਵਾਦਾਰ ਬੋਲਿਆ;

‘‘ਬਾਬਾ ਜੀ, ਅੱਜ ਤੁਹਾਡੀਆਂ ਨੂੰਹਾਂ-ਰਾਣੀਆਂ ਨੇ ਸਿਰਫ ਕੁੱਤਿਆਂ-ਬਿੱਲੀਆਂ ਜੋਗੀ ਲੱਸੀ ਹੀ ਰਿੜਕੀ ਸੀ!’’

ਸੱਪ, ਸਪੋਲੇ, ਬਿੱਛੂ ਰੱਬ ਬਣਾਏ ਨੇ

ਕੁੱਝ ‘ਇਨਸਾਨੀ’ ਜਾਮੇ ਵਿਚ ਵੀ ਆਏ ਨੇ।

ਇਸ ‘ਚੁਆਤੀ ਲਾਉਣੇ’ ਸੇਵਾਦਾਰ ਜਿਹੇ ਖੜਪੈਂਚ ਤਾਂ ਇਕ ਪਰਿਵਾਰ ਵਿਚ ਜਾਂ ਵੱਧ ਤੋਂ ਵਧ ਆਪਣੇ ਪਿੰਡ ਵਿਚ ਅੱਗ ਲਾ ਕੇ ਤਮਾਸ਼ਾ ਦੇਖਣ ਦਾ ਸ਼ੌਕ ਪੂਰਾ ਕਰ ਸਕਦੇ ਹਨ। ਲੇਕਿਨ ਸੁਨੇਹੇ-ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੀਆਂ ਬੇਓੜਕੀਆਂ ਸੁੱਖ-ਸਹੂਲਤਾਂ ਨਾਲ ਸੁੰਗੜ ਚੁੱਕੇ ਸੰਸਾਰ ਵਿਚ ਖੜਪੈਂਚ ਵੀ ਬਹੁਤ ਵਧ ਗਏ ਨੇ ਅਤੇ ਉਨ੍ਹਾਂ ਦਾ ਦਾਇਰਾ ਵੀ ਵਸੀਹ ਹੋ ਗਿਆ ਹੈ। ਅਜੋਕੀਆਂ ਸੁਵਿਧਾਵਾਂ ਦੇ ਹੁੰਦਿਆਂ ਹੁਣ ਜਰੂਰੀ ਨਹੀਂ ਕਿ ਕਿਸੇ ਖਾਸ ਖਿੱਤੇ ਵਿਚ ਨਿਜੀ ਰੂਪ ਵਿਚ ਪਹੁੰਚ ਕੇ ਹੀ ਕੋਈ ਖੜਪੈਂਚ ਭੜਥੂ ਪਾ ਸਕਦਾ ਹੈ। ਹੁਣ ਤਾਂ ਉੱਚ ਟੈਕਨੀਕ ਦੀ ਮਦਦ ਨਾਲ ਵੀਡੀਓਗ੍ਰਾਫੀ ਦੀ ਮਨ ਇੱਛਤ ਤੋੜ-ਭੰਨ ਕਰਕੇ, ਅਮਰੀਕਾ-ਕੈਨੇਡਾ ਜਾਂ ਕਿਸੇ ਹੋਰ ਮੁਲਕ ‘ਚ ਬੈਠਿਆਂ ਬੈਠਿਆਂ ਹੀ, ਦੂਰਦਰਾਜ ਖਿੱਤੇ ਵਿਚ ਅੱਗਾਂ ਲਗਾਈਆਂ ਜਾਂ ਸਕਦੀਆਂ ਨੇ, ਭਾਂਬੜ ਬਾਲੇ ਜਾ ਸਕਦੇ ਹਨ। ਕਿਸੇ ਵੀ ਨਾਮੀ-ਗਰਾਮੀ ਬੰਦੇ ਦੀ ਬਣੀ ਬਣਾਈ ਇੱਜ਼ਤ ਬਰਬਾਦ ਕੀਤੀ ਜਾਂ ਕਰਵਾਈ ਜਾ ਸਕਦੀ ਹੈ। ਇਕ ਘਰ ਵਿਚ ਜਾਂ ਇਕ ਪਿੰਡ ਵਿਚ ਰਹਿਣ ਵਾਲੇ ਲਾਂਬੂ ਲਾਉਣੇ ਖੜਪੈਂਚ ਹੱਥੋਂ ਇੰਨਾ ਉਪੱਦਰ ਨਹੀਂ ਹੋ ਸਕਦਾ, ਜਿੰਨਾ ਕੋਈ ਮਾਡਰਨ ਯੁੱਗ ਦਾ ਤੀਲ੍ਹੀ ਲਾਊ ਖੜਪੈਂਚ ਕਰ ਸਕਦਾ ਹੈ। ਹੁਣ ਤਾਂ ਪੂਰੀ ਦੀ ਪੂਰੀ ਕੌਮ ਵਿਚ ਖਾਨਾਜੰਗੀ ਮਚਾ ਸਕਦੇ ਨੇ ਅੰਤਰਰਾਸ਼ਟਰੀ ਖੜਪੈਂਚ!

ਵੋ ਤੋ ਬਸ ਹਾਥ ਹਿਲਾਤਾ ਹੈ

ਗੁਜ਼ਰ ਜਾਤਾ ਹੈ।

ਸਹਰ ਆ ਜਾਤੇ ਹੈਂ

ਵਹਸ਼ਤ ਕੇ ਅਸਰ ਮੇਂ ਖ਼ੁਦ ਹੀ!