ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, July 31, 2013


ਧਾਰਾ 295 a
ਰਾਜਨੀਤਿਕ ਤੇ ਰਾਜ ਪ੍ਰੋਹਿਤ ਵਾਲੀ ਜੋੜੀ ਜੋ,
ਆਦਿ-ਕਾਲ ਤੋਂ ਜੰਤਾ ਦੀ ਲੁੱਟ ਕਰਦੀ ਆਈ ਹੈ।
ਇੱਕ ਦੂਜੇ ਦੇ ਪੂਰਕ ਬਣ ਸ਼ਿਕਾਰ ਫਸਾਉਂਦੇ ਨੇ,
ਇੱਕ ਡਰਾਇਆ ਨਰਕੋਂ ਦੂਜੇ ਡਾਂਗ ਦਿਖਾਈ ਹੈ।
ਹੁਕਮਨਾਮੇ ਤੇ ਫਤਵੇ ਇੱਕ ਦੇ ਯਾਰ ਕਰੀਬੀ ਨੇ,
ਧੌਣਾਂ ਗਿਣਕੇ ਦੂਜੇ ਨੇ ਸਰਕਾਰ ਚਲਾਈ ਹੈ।
ਅਗਿਆਨ-ਹਨੇਰੇ ਅੰਦਰ ਦੋਵੇਂ ਵਧਦੇ-ਫੁਲਦੇ ਨੇ,
ਗਿਆਨ-ਰੋਸ਼ਨੀ ਬਣਦੀ ਦੋਵਾਂ ਲਈ ਦੁਖਦਾਈ ਹੈ।
ਲੁੱਟਣ ਦੇ ਲਈ ਦੋਵਾਂ ਨੂੰ ਜੱਗ ਸੁੱਤਾ ਚਾਹੀਦਾ,
ਜਾਗਣ ਅਤੇ ਜਗਾਉਣ ਦੀ ਤਾਂਹੀਂ ਸਜਾ ਬਣਾਈ ਹੈ।
ਅੰਧਕਾਰ ਵਿੱਚ ਚਾਨਣ ਵਾਲੀ ਜਿਹੜਾ ਗੱਲ ਕਰੂ,
ਵਿਸ਼ਵਾਸ ਨੂੰ ਠੇਸ ਪੁਚਾਵਣ ਦੀ ਪੈ ਜਾਣੀ ਦੁਹਾਈ ਹੈ।
ਗੁਰੂਆਂ ਭਗਤਾਂ ਨੂੰ ਵੀ ਇਹ ਦੋਸ਼ੀ ਠਹਿਰਾ ਸਕਦੇ,
 ਧਰਮ ਦੇ ਨਾਂ ਤੇ ਲੁੱਟ ਦੀ ਜਿਹਨਾਂ ਕਰੀ ਸਫਾਈ ਹੈ।
ਅੰਧ-ਵਿਸ਼ਵਾਸਾਂ, ਕਰਮ-ਕਾਂਢ ਤੇ ਵਹਿਮਾਂ ਭਰਮਾ ਲਈ,
ਐਸਾ ਲਗਦਾ ਧਾਰਾ ਬਣਨੀ ਬੜੀ ਸਹਾਈ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

Wednesday, July 24, 2013

ਅਗਿਆਨਤਾ
ਵਰਗਾਂ,ਨਸਲਾਂ,ਮਜ਼ਹਬਾਂ,ਵਿੱਚੋਂ, ਤਿਆਗ ਕੇ ਸਮਾਨਤਾ।
ਖੁਦ ਨੂੰ ਗਿਆਨੀ ਸਮਝਦੀ ਹੈ, ਸਦਾ ਹੀ ਅਗਿਆਨਤਾ।।
ਕਰਿਸ਼ਮਿਆਂ ਨੂੰ ਧਰਮ ਦਾ, ਪ੍ਰਚਾਰ ਇਹ ਹੈ ਸਮਝਦੀ,
ਕਰਿਸ਼ਮੇਂ ਤਾਂ ਹੁੰਦੇ ਸੱਚ ਵਾਲੀ, ਪਕੜ ਤੋਂ ਅਣਜਾਣਤਾ।।
ਧਰਮ ਦਾ ਅਧਾਰ ਇਹ ਤਾਂ, ਆਖਦੀ ਵਿਸ਼ਵਾਸ ਨੂੰ,
ਤਰਕ-ਰਹਿਤ-ਅੰਧ-ਵਿਸ਼ਵਾਸਾਂ ਦੀ ਕਰਕੇ ਮਾਨਤਾ।।
ਕਿਰਤੀ ਨੂੰ ਵਿਹਲੜ ਦੱਸਦਾ, ਮਾਇਆ ਹੈ ਕੈਸੀ ਨਾਗਣੀ,
ਮਾਇਆ ਨੂੰ ਕੁੰਢਲ ਮਾਰਕੇ, ਇਹ ਸਮਝਦੀ ਉਪਰਾਮਤਾ।।
ਠੱਗਾਂ ਨੇ ਬਾਣਾ ਪਾ ਲਿਆ ਹੈ, ਸਾਧੂਆਂ ਦੀ ਦਿੱਖ ਦਾ,
ਇਹਦੇ ਤੋਂ ਵੱਧ ਕੀ ਹੋਵਣੀ, ਇਨਸਾਨ ਦੀ ਨਾਕਾਮਤਾ।।
"ਕਰਤੇ ਨੂੰ ਲੱਭਣ ਵਾਸਤੇ, ਖੁਸ਼ਾਮਦ ਤੇ ਜੁਗਤੀ ਦੱਸਦੀ",
ਲੋਟੂ ਵਿਚੋਲਾ ਬਣ ਰਹੀ, ਬੰਦੇ ਦੀ ਅੰਤਰਜਾਮਤਾ।।
ਖੁਦੀ ਨੂੰ ਬੇਵਸ ਜਾਣਕੇ, ਪੂਜਣ ਦੇ ਰਸਤੇ ਪੈ ਗਈ,
ਰੱਬ ਨੂੰ ਮਨਾਂ ਚੋਂ' ਕੱਢਕੇ, ਪੱਥਰਾਂ ਦੇ ਘਰੀਂ ਠਾਣਤਾ।।
ਕੁਦਰਤ ਦੇ ਅਟੱਲ ਨਿਯਮਾਂ, ਨੂੰ ਬਦਲ ਸਕਦੀ ਨਹੀਂ,
ਹੋਵੇ ਕਰਮ-ਕਾਂਢੀਆਂ ਦੀ ਕਿੰਨੀ ਵੀ ਪ੍ਰਧਾਨਤਾ।।
ਸਮਝ ਕੇ ਬ੍ਰਹਿਮੰਡੀ ਨਿਯਮਾਂ ਨੂੰ, ਜੋ ਵਰਤੇ ਜਗਤ ਲਈ,
ਭਗਤ ਹੈ ਕਾਦਰ ਦਾ, ਭਾਵੇਂ ਖੋਜ ਦੀ ਅੰਜਾਮਤਾ।।
ਕਾਦਰ ਦੇ ਨਿਯਮਾਂ ਅੰਗ-ਸੰਗ, ਜੀਣਾ ਸਖਾਵੇ ਜੱਗ ਨੂੰ,
ਨਾਨਕ ਦੇ ਗਾਏ ਰਾਗ ਦੀ, ਸਮਝੋ ਜੇ ਕੁਝ ਮਹਾਨਤਾ।।
ਜਿਸਨੇ ਵੀ ਬਹਿ ਵਿਚਾਰ ਕੇ, ਬਾਬੇ ਦੀ ਬਾਣੀ ਭੁੰਚ ਲਈ,
ਹਉਮੇਂ ਤੇ ਉਲਝਣ ਮਾਰਕੇ, ਇਹ ਬਖ਼ਸ਼ਦੀ ਨਿਸ਼ਕਾਮਤਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com

Tuesday, July 9, 2013

ਭਾਈਚਾਰੇ ਦੀ ਹਾਰ

ਭਾਈਚਾਰੇ ਦੀ ਹਾਰ
ਜਦ ਵੀ ਵੋਟਾਂ ਵਾਲਾ ਕਿਤੇ ਨਗਾਰਾ ਵੱਜਦਾ ਏ,
ਲੋਕ ਰਾਜ ਤੇ ਦਿਲ ਸਭਦਾ ਬਲਿਹਾਰ ਹੀ ਜਾਂਦਾ ਏ।
ਕਿਹੜੇ ਕਿਹੜੇ ਲੀਡਰ ਦੇਸ਼ ਤਰੱਕੀ ਚਾਹੁੰਦੇ ਨੇ,
ਮਿਲ ਸਭਨਾਂ ਨੂੰ ਦੱਸਣ ਦਾ ਅਧਿਕਾਰ ਹੀ ਜਾਂਦਾ ਏ।
ਨਿੱਜੀ ਗਰਜਾਂ ਦੇ ਨਾਲ ਲੋਕੀਂ ਵੋਟਾਂ ਪਾਉਂਦੇ ਨੇ,
ਪੈਸਾ ਵੰਡਿਆ ਕਈ ਵਾਰੀ ਕੰਮ ਸਾਰ ਹੀ ਜਾਦਾ ਏ।
ਜੰਤਾ ਪੈਰੀਂ ਕਰਨ ਦੀ ਕੋਈ ਨੀਤੀ ਬਣਦੀ ਨਾਂ,
ਵੋਟਰ ਨੂੰ ਮਿਲ ਸੁਪਨਿਆ ਦਾ ਸੰਸਾਰ ਹੀ ਜਾਂਦਾ ਏ।
ਰੋਟੀ ਆਪ ਕਮਾਵਣ ਜੋਗਾ ਵੋਟਰ ਨਾਂ ਹੋ ਜਾਏ,
ਲੋਕਾਂ ਕੋਲੇ ਸਸਤੀ ਦਾ ਪਰਚਾਰ ਹੀ ਜਾਂਦਾ ਏ।
ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚ ਕੰਧਾਂ ਕਰ ਦੇਣਾਂ,
ਰਾਜਨੀਤਕ ਦਾ ਤਪਦਾ ਹਿਰਦਾ ਠਾਰ ਹੀ ਜਾਂਦਾ ਏ।
ਸਾਲਾਂ ਦੇ ਨਾਲ ਸਾਂਝ ਜੋ ਲੋਕਾਂ ਅੰਦਰ ਬਣਦੀ ਏ,
ਇੱਕੋ ਸੀਜਨ ਸਾਰਾ ਕੁਝ ਡਕਾਰ ਹੀ ਜਾਂਦਾ ਏ।
ਭਾਵੇਂ ਵੰਡਕੇ ਨਸ਼ੇ ਲੋਕ ਕੁਝ ਜਿੱਤ ਵੀ ਜਾਂਦੇ ਨੇ,
ਪਰ ਹਰ ਵਾਰੀ ਭਾਈਚਾਰਾ ਹਾਰ ਹੀ ਜਾਂਦਾ ਏ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

ਕੁਦਰਤੀ-ਆਫਤ, ਗੈਬੀ-ਸ਼ਕਤੀ, ਭਵਿੱਖਬਾਣੀ ਅਤੇ ਅੰਤਰਜਾਮਤਾ


ਅਵਤਾਰ ਸਿੰਘ ਮਿਸ਼ਨਰੀ (510432582)singhstudent@yahoo.com
ਅਰਬੀ ਵਿੱਚ *ਕੁਦਰਤਿ* ਦਾ ਅਰਥ ਹੈ ਤਾਕਤਸ਼ਕਤੀ ਅਤੇ ਮਾਇਆ-ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ (੫੦੮) ਜਾਂ ਕਰਤਾਰ ਦੀ ਰਚਨਾ ਸ਼ਕਤੀ-ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥(੪੬੩) ਸਰਬ ਵਿਆਪਕ ਸਤਾ-ਕੁਦਰਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰ॥..(੪੬੪) ਆਫਤ-ਅਰਬੀ ਦਾ ਲਫਜ਼ ਹੈ ਅਰਥ ਹੈਮੁਸੀਬਤਵਿਪਦਾ,ਦੁਖਕਲੇਸ਼ਭੈੜੀ ਅਤੇ ਭਿਆਨਕ ਦਸ਼ਾ। ਗੈਬੀ-ਗੈਬੀ ਵੀ ਅਰਬੀ ਦ ਲਫਜ਼ ਹੈ ਅਰਥ ਹੈ ਗੁਪਤ-ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥(੪੮੩) ਭਵਿੱਖ-ਸੰਸਕ੍ਰਿਤ ਦਾ ਸ਼ਬਦ ਹੈ ਅਰਥ ਹੈ ਆਉਣ ਵਾਲਾ ਸਮਾਂ। ਭਵਿੱਖਬਾਣੀ ਭਾਵ ਆਉਣ ਵਾਲੇ ਸਮੇ ਬਾਰੇ ਬੋਲੀ ਬਾਣੀ ਜਾਂ ਕੀਤੀ ਗਈ ਪੇਸ਼ੀਨਗੋਈ। ਅੰਤਰਜਾਮੀ ਵੀ ਸੰਸਕ੍ਰਿਤ ਦਾ ਲਫਜ਼ ਹੈ-ਅੰਦਰ ਦੀ ਜਾਨਣ ਵਾਲਾ ਤੇ ਉਹ ਕੇਵਲ ਪ੍ਰਮਾਤਮਾ ਹੀ ਹੈ-ਅੰਤਰਜਾਮੀ ਸੋ ਪ੍ਰਭੁ ਪੂਰਾ॥(੫੬੩)

Tuesday, July 2, 2013

ਕਿਧਰੋਂ ਕਿਧਰ ਨੂੰ?

ਕਿਧਰੋਂ ਕਿਧਰ ਨੂੰ?
ਅਸੀਂ ਬੁਰਿਆਈ ਨਾਲ ਲੜਨਾਂ ਸੀ,
ਪਰ ਬੁਰਿਆਂ ਦੇ ਨਾਲ ਖਹਿ ਗਏ ਹਾਂ।।
ਅਸੀਂ ਬਾਹਰਲਿਆਂ ਨੂੰ ਜਿੱਤਦੇ ਰਹੇ,
ਪਰ ਅੰਦਰਲਿਆਂ ਤੋਂ ਢਹਿ ਗਏ ਹਾਂ।।
ਸਾਨੂੰ ਮਜ਼ਹਬੀ ਭੰਵਰ ਚੋਂ' ਨਿਕਲਣ ਦਾ,
ਗੁਰੂ ਨਾਨਕ ਰਸਤਾ ਦੱਸਿਆ ਸੀ।
ਅਸੀਂ ਨਿਆਰੇ ਰਸਤੇ ਨੂੰ ਛੱਡਕੇ,
ਮੁੜ ਬਹਿਣਾ ਦੇ ਵਿੱਚ ਬਹਿ ਗਏ ਹਾਂ।।
ਸੱਚ-ਧਰਮ ਦੇ ਪਹੀਏ ਦੋ ਹੁੰਦੇ,
ਇਕ ਗਿਆਨ ਤੇ ਦੂਜਾ ਸ਼ਰਧਾ ਦਾ।
ਅਸੀਂ ਅੰਧਵਿਸ਼ਵਾਸੀ ਸ਼ਰਧਾ ਦੇ,
ਅਲਵਿਦਾ ਗਿਆਨ ਨੂੰ ਕਹਿ ਗਏ ਹਾਂ।।
ਸਾਨੂੰ ਰੋਜ਼ੀ ਦੇ ਲਈ ਗੁਰਬਾਣੀ,
ਸੁਕਿਰਤ ਕਰਨ ਲਈ ਕਹਿੰਦੀ ਹੈ।
ਸਾਡੀ ਮਿਹਨਤ ਖਾਧੀ ਜੋਕਾਂ ਨੇ,
ਅਸੀਂ ਕਿਸਮਤ ਕਹਿਕੇ ਸਹਿ ਗਏ ਹਾਂ।।
ਗੁਰ ਨਾਨਕ ਨੇ ਉਪਦੇਸ਼ ਲਿਖੇ,
ਜੀਵਨ ਵਿੱਚ ਧਾਰਨ ਕਰਨੇ ਲਈ।
ਅਸੀਂ ਗੁਰ-ਸਿੱਖਿਆ ਨੂੰ ਭੁੱਲਕੇ ਤੇ,
ਪੂਜਾ ਦੇ ਰਸਤੇ ਪੈ ਗਏ ਹਾਂ।।
ਉਸ ਇਕ ਉੰਗਲ ਚੁੱਕ ਦੱਸਿਆ ਸੀ,
ਬ੍ਰਹਿਮੰਡ ਦਾ ਕਰਤਾ ਇੱਕੋ ਹੈ।
ਅਸੀਂ ਗਲ ਸਮਝਣ ਦੀ ਥਾਵੇਂ ਤਾਂ,
ਉੰਗਲ ਹੀ ਪੂਜਣ ਡਹਿ ਗਏ ਹਾਂ।।
ਕੁਦਰਤ ਦੇ ਗੁੱਝੇ ਨਿਯਮਾਂ ਨੂੰ,
ਉਸ ਹੁਕਮ ਸਾਹਿਬ ਦਾ ਆਖਿਆ ਸੀ।
ਅਸੀਂ ਰਮਜਾਂ ਸਮਝਣ ਜੋਗੇ ਨਾਂ,
ਸ਼ਬਦਾਂ ਵਿੱਚ ਫਸਕੇ ਰਹਿ ਗਏ ਹਾਂ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com

Tuesday, June 25, 2013

ਨਵੀਂ ਕਤਾਰ
ਧਰਮ ਦੇ ਨਾਂ ਤੇ ਲੋਟੂ ਟੋਲੇ,
ਭਾਵਨਾਵਾਂ ਦਾ ਕਰਨ ਵਪਾਰ।
ਕੁਦਰਤ ਨੂੰ ਜੋ ਜਾਣ ਸਕੇ ਨਾ,
ਰੱਬ ਦੇ ਬਣਦੇ ਠੇਕੇਦਾਰ।
ਪੂਜਾ,ਮੰਤਰ,ਜੋਤਿਸ਼,ਤੰਤਰ,
ਸੱਚ ਨਾਲ ਨੇ ਖਾਂਦੇ ਖਾਰ।
ਕੁਦਰਤ ਨੂੰ ਇਹ ਜਿੱਤਣਾ ਦੱਸਣ,
ਕਰਮ-ਕਾਂਢ ਦਾ ਲੈ ਹਥਿਆਰ।
ਭੂਤ-ਭਵਿੱਖ ਨੂੰ ਜਾਨਣ ਦੇ ਜੋ,
ਕਰਦੇ ਦਾਅਵੇ ਬੇ-ਸ਼ੁਮਾਰ।
ਦੁਨੀਆਂ ਨੂੰ ਦੱਸ ਸਕੇ ਨਾ ਕੁਝ ਵੀ,
ਜਦ ਜਦ ਕੁਦਰਤ ਮਾਰੀ ਮਾਰ।
ਗਿਆਨ-ਵਿਹੂਣੀ ਅੰਨ੍ਹੀ ਸ਼ਰਧਾ,
ਸਭ ਕੁਝ ਜਲਦੀ ਦਵੇ ਵਿਸਾਰ।
ਅੰਧ-ਵਿਸ਼ਵਾਸੀ ਡੇਰਿਆਂ ਅੱਗੇ,
ਫਿਰ ਬਣ ਜਾਂਦੀ ਨਵੀਂ ਕਤਾਰ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) gsbarsal@gmail.com

ਅਖੰਡ-ਪਾਠ ਆਦਿਕ ਭਾੜੇ ਦੇ ਪਾਠ ਕਿਉਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ?
ਅਵਤਾਰ ਸਿੰਘ ਮਿਸ਼ਨਰੀ (5104325827)
ਅਖੰਡ ਪਾਠ ਦੁਸ਼ਮਣ ਮਗਰ ਲੱਗਾ ਹੋਣ ਕਰਕੇ, ਔਖੇ ਸਮੇਂ ਆਰੰਭ ਹੋਏ ਦੱਸੇ ਜਾਂਦੇ ਹਨ ਅਤੇ ਬਾਅਦ ਵਿੱਚ ਪੁਜਾਰੀਆਂ ਦੀ ਰੋਟੀ ਰੋਜੀ ਬਣ ਜਾਣ ਕਰਕੇ, ਮਰਯਾਦਾ ਬਣਾ ਦਿੱਤੇ ਗਏ ਜੋ ਹੁਣ ਅੰਨ੍ਹੀ ਸ਼ਰਧਾ, ਮਨੋਕਾਮਨਾਂ ਦੀ ਪੂਰਤੀ ਦੇ ਲਾਲਚ, ਅਤੇ ਲੋਕ ਲਾਜ ਵੱਸ, ਦੇਖਾ ਦੇਖੀ ਹੋ ਰਹੇ ਹਨ, ਇਸ ਕਰਕੇ ਛੱਡਣੇ ਔਖੇ ਲਗਦੇ ਹਨ। ਆਓ ਹੁਣ ਵਿਸਥਾਰ ਨਾਲ, ਇਸ ਬਾਰੇ ਵਿਚਾਰ ਕਰੀਏ। ਮਹਾਂਨ ਕੋਸ਼ ਅਨੁਸਾਰ ਪਾਠ ਸੰਸਕ੍ਰਿਤ ਦਾ ਲਫਜ ਹੈ ਅਤੇ ਇਸ ਦੇ ਅਰਥ ਹਨ-ਪੜ੍ਹਨ ਦੀ ਕ੍ਰਿਆ, ਪਠਨ, ਪੜ੍ਹਾਈ, ਸਬਕ, ਸੰਥਿਆ, ਪੁਸਤਕ ਦਾ ਭਾਗ, ਅਧਿਆਇ, ਕਿਸੇ ਪੁਸਤਕ ਜਾਂ ਸਤੋਤ੍ਰ ਨੂੰ ਨਿਤ ਪੜ੍ਹਨ ਦੀ ਕ੍ਰਿਆ, ਪਾਠੀ ਦਾ ਅਰਥ ਹੈ ਪੜ੍ਹਨ ਵਾਲਾ ਅਤੇ ਅਖੰਡ ਪਾਠ-ਜੋ ਲਗਾਤਾਰ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਵੇ ਉਸ ਨੂੰ ਅਖੰਡ ਪਾਠ ਕਹਿੰਦੇ ਹਨ। ਚਾਰ ਜਾਂ ਪੰਜ ਪਾਠੀਏ ਨੰਬਰ ਵਾਰ ਬਦਲਦੇ ਰਹਿੰਦੇ ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ। ਪਾਠ ਦੀ ਇਹ ਰੀਤ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ ਅਤੇ ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ। ਭਾਈ ਕਾਨ੍ਹ ਸਿੰਘ ਜੀ ਗੁਰਮਤਿ ਮਾਰਤੰਡ ਦੇ ਪੰਨਾ 421-22 ਤੇ ਲਿਖਦੇ ਹਨ ਕਿ ਉਜਰਤ (ਭੇਟਾ) ਦੇ ਕੇ ਪਾਠ ਕਰਾਉਣਾ, ਤੰਤ੍ਰ ਸ਼ਾਸ਼ਤ੍ਰ ਦੀ ਦੱਸੀ ਰੀਤਿ ਅਨੁਸਾਰ ਜਪ, ਵਰਣੀਆਂ, ਸਪਤਾਹ ਪਾਠ (ਸਤ ਦਿਨਾ ਪਾਠ) ਸੰਪਟ ਪਾਠ (ਕਿਸੇ ਤੁਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ ਹਰੇਕ ਸ਼ਬਦ ਅਤੇ ਪਉੜੀ ਸ਼ਲੋਕ ਦੇ ਆਦਿ ਅੰਤੁ ਦੇ ਕੇ ਪਾਠ ਕਰਨਾ ਸੰਪਟ ਪਾਠ ਹੈ ਜਿਵੇਂ-ਸਗਲ ਮਨੋਰਥ ਪੂਰੇ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥ ਸਗਲ ਮਨੋਰਥ ਪੂਰੇ॥) ਨਾਲ ਨਲੇਰ, ਕਲਸ, ਦਿਨੇ ਦੀਵਾ ਆਦਿ ਸਭ ਕਰਮ ਹਿੰਦੂ ਰੀਤਿ ਦੀ ਨਕਲ ਹਨ।
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ (5104325827)
ਸਿਰੋਪਾ ਸਨਮਾਨ ਚਿੱਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ ਰੂਪ ਦਰਸਾਇਆ ਗਿਆ ਹੈ। ਸਿਰੋਪਾ ਸ਼ਬਦ ਦੇ ਵੱਖ-ਵੱਖ ਰੂਪ ਹਨ ਜਿਵੇਂ-ਸਰਪਾ, ਸਿਰੋਪਾ, ਸਿਰਪਾਉ, ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਉ ਕਿਹਾ ਗਿਆ ਹੈ-ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।। (੬੩੧) ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥(631) ਪ੍ਰੇਮਾਂ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ ਲਿਆ। ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥(1073) ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾਂ ਦੀ ਬਖਸ਼ਿਸ਼ ਦਾ ਖਾਸ ਸਿਰਪਾਉ ਪੈਂਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥(520) ਮੇਰੇ ਸ਼ਹਿਨਸ਼ਾਹ ਪ੍ਰਭੂ ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ ਮੈਂਨੂੰ ਬਖਸ਼ਿਸ਼ ਕੀਤਾ ਹੈ। ਅਯੋਗ ਵਿਅਕਤੀ ਸਾਕਤ ਅਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ-ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤਿ ਖੋਈ॥ (811) ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੇ ਹੰਕਾਰ ਅਤੇ ਵਿਸ਼ੇ ਵਿਕਾਰਾਂ ਕਾਰਨ ਆਪਣੀ ਇਜ਼ਤ ਗਵਾਈ ਹੈ।

Tuesday, June 11, 2013

ਗੁਰਦੁਆਰਾ ਹੇਵਰਡ ਵਿਖੇ ਗੁਰਬਾਣੀ ਸੰਥਿਆ ਕਲਾਸ, ਕਵੀ ਦਰਬਾਰ ਅਤੇ ਗੁਰਮਤ ਕਲਾਸ
(ਅਵਤਾਰ ਸਿੰਘ ਮਿਸ਼ਨਰੀ) 9 ਜੂਨ 2013 ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਵੱਲੋਂ, ਗੁਰਮਤਿ ਸਟਾਲ ਲਾਈ ਗਈ, ਕਵੀ ਦਰਬਾਰ ਵਿੱਚ, ਰਹਿਤ ਮਰਯਾਦਾ ਅਤੇ ਗੁਰਬਾਣੀ ਸੰਥਿਆ ਪ੍ਰਚਾਰ ਬਾਰੇ ਵੱਖ ਵੱਖ ਕਵੀਆਂ ਨੇ ਚਾਨਣਾ ਪਾਇਆ। ਪ੍ਰੋ ਸੁਰਜੀਤ ਸਿੰਘ ਨਨੂਆਂ ਨੇ ਵਿਸਥਾਰ ਵੱਖ ਵੱਖ ਮਰਯਾਦਾ ਬਾਰੇ ਲੰਬੀ ਕਵਿਤਾ ਪੜ੍ਹੀ। ਸੰਗਤ ਅਖੀਰ ਤੱਕ ਸਾਰਾ ਪ੍ਰੋਗ੍ਰਾਮ ਸੁਣਦੀ ਰਹੀ।ਪ੍ਰੋ. ਸੁਰਜੀਤ ਸਿੰਘ ਨਨੂਆਂ, ਪਰਮਿੰਦਰ ਸਿੰਘ ਪ੍ਰਵਾਨਾਂ, ਪ੍ਰਿਸੀਪਲ ਹਜੂਰਾ ਸਿੰਘ, ਸ੍ਰ. ਜਸਦੀਪ ਸਿੰਘ, ਬੀਬੀ ਗੁਰਦੇਵ ਕੌਰ, ਬੀਬੀ ਹਰਸਿਮਰਤ ਕੌਰ, ਸ੍ਰ. ਤਰਸੇਮ ਸਿੰਘ ਸੁਮਨ ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਕਵੀ ਦਰਬਾਰ, ਕਥਾ, ਸਟਾਲ ਅਤੇ ਗੁਰਬਾਣੀ ਸੰਥਿਆ ਕਲਾਸ ਵਿੱਚ ਭਾਗ ਲਿਆ।
ਸ੍ਰ. ਪਰਮਿੰਦਾਰ ਸਿੰਘ ਪ੍ਰਵਾਨਾ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ। ਬੀਬੀ ਗੁਰਦੇਵ ਕੌਰ ਨੇ ਪਾਖੰਡੀ ਸਾਧਾਂ ਤੋਂ ਸੰਗਤਾਂ ਨੂੰ ਬਚਣ ਦੀ ਤਾਗੀਦ ਕੀਤੀ। ਸ੍ਰ ਜਸਦੀਪ ਸਿੰਘ ਜੀ ਨੇ ਸ਼ਹੀਦਾਂ ਤੇ ਕਵਿਤਾ ਗਾਈ। ਦਾਸ ਨੇ ਕਥਾ ਕਰਦੇ ਇਹ ਵੀ ਦਰਸਾਇਆ ਕਿ ਜਿਨ੍ਹਾਂ ਨੇ ਕਦੇ ਸਿੱਖ ਰਹਿਤ ਮਰਯਾਦਾ ਪੜ੍ਹੀ ਹੀ ਨਹੀਂ ਬਹੁਤੇ ਉਹ ਲੋਕ ਹੀ ਧਰਮ ਅਸਥਾਨਾਂ ਵਿੱਚ ਪ੍ਰਚਾਰਕਾਂ ਅਤੇ ਸੰਗਤਾਂ ਨੂੰ ਮੱਤਾ ਦੇਣ ਲੱਗ ਜਾਂਦੇ ਹਨ। ਸਿੱਖ ਦਾ ਮਤਲਵ ਹੀ ਸਿੱਖਣਾ ਹੈ, ਅਸੀਂ ਗੁਰਦੁਆਰੇ ਗੁਰਮਤਿ ਸਿੱਖਣ ਲਈ ਆਉਂਦੇ ਹਾਂ ਨਾਂ ਕਿ ਅਨਮੱਤਾਂ ਸਿਖਾਉਣ ਅਤੇ ਉਨ੍ਹਾਂ ਦਾ ਬੇਲੋੜਾ ਪ੍ਰਚਾਰ ਕਰਨ ਵਾਸਤੇ। ਦੀਵਾਨ ਦੀ ਸਪਾਪਤੀ ਤੋਂ ਬਾਅਦ 2 ਤੋਂ 3 PM ਤੱਕ ਗੁਰਬਾਣੀ ਸੰਥਿਆ ਦੀ ਕਲਾਸ ਵੀ ਲਾਈ ਗਈ। ਸੰਗਤਾਂ ਨੇ ਸਟਾਲਾਂ ਤੋਂ ਲਿਠਰੇਚਰ ਵੀ ਲਿਆ। ਗੁਰਦੁਆਰਾ ਹੇਵਰਡ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ ਸਾਰੇ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਲਈ ਚਾਹਵਾਨ 5104325827 ਅਤੇ 5108881600 ਨੰਬਰਾਂ ਤੇ ਕਾਲ ਕਰ ਸਕਦੇ ਹੋ। ਗੁਰਬਾਣੀ ਸੰਥਿਆ ਵਿਚਾਰ ਦੀ ਅਗਲੀ ਕਲਾਸ ਜੂਨ 23 ਦਿਨ ਐਤਵਾਰ ਨੂੰ ਲਗਾਈ ਜਾਵੇਗੀ।

Wednesday, June 5, 2013

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਗੁਰਮਤਿ ਸਟਾਲ(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਐੱਲਸਬਰਾਂਟੇ ਦੀ ਸੰਗਤ ਵੱਲੋਂ ਬਰਕਲੇ (ਕੈਲੇਫੋਰਨੀਆਂ) ਵਿਖੇ 2 ਜੂਨ 2013 ਨੂੰ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ ਜਿੱਥੇ ਹੋਰ ਵੀ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਸਨਓਥੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਵੀ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਸਟਾਲ ਲਾਈ ਗਈ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਵਿੱਚ ਕਈ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਸ਼ਾਮਲ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਨਾਲ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ ਸਿੰਘ ਕਰ ਰਹੇ ਸਨ। ਸ਼ਬਦ ਕੀਰਤਨ ਵਖਿਆਨਾਂ ਦੇ ਨਾਲ ਗਤਕਾ ਦਲਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਚੱਲ ਰਹੇ ਸਨ। ਗਰਮੀ ਹੋਣ ਕਰਕੇ ਆਈਸ ਕਰੀਮ ਦਾ ਲੰਗਰ ਵੀ ਖੂਬ ਚੱਲਿਆ। ਦਾਸ ਸਟਾਲ ਤੇ ਬਿਜੀ ਹੋਣ ਕਰਕੇ ਬਹੁਤਾ ਇਧਰ-ਉਧਰ ਨਹੀਂ ਜਾ ਸੱਕਿਆ ਪਰ ਸੰਗਤਾਂ ਘੁੰਮਦੀਆਂ ਫਿਰਦੀਆਂ ਸਾਰੇ ਪਾਸੇ ਆ ਜਾ ਰਹੀਆਂ ਸਨ। ਸ੍ਰ. ਪਰਮਜੀਤ ਸਿੰਘ ਦਾਖਾ ਅਤੇ ਪ੍ਰੋ. ਨਨੂਆਂ ਜੀ ਨੇ ਵੀ ਸਟਾਲ ਵਾਸਤੇ ਹੈਲਪ ਕੀਤੀ।
ਸੰਗਤਾਂ ਨੇ ਗੁਰਮਤਿ ਦੀ ਨਵੇਕਲੀ ਸਟਾਲ ਤੋਂ ਤੱਤ ਗੁਰਮਤਿ ਦਾ ਲਿਟ੍ਰੇਚਰ ਵੀ ਲਿਆ ਅਤੇ ਕਈਆਂ ਨੇ ਦਾਸਾਂ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ। ਖਾਸ ਕਰਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਸਬੰਧਤ ਸਿੰਘ “ਸਿੱਖ ਰਹਿਤ ਮਰਯਾਦਾ” ਵੀ ਲੈ ਕੇ ਗਏ। ਫਰਿਜਨੋ ਅਤੇ ਟਰੇਸੀ ਤੋਂ ਆਏ ਸਿੰਘਾਂ ਨੇ ਵੀ ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਦਾਸ ਦੇ ਆਰਟੀਕਲ (ਲੇਖ) ਵੈਬਸਾਈਟਾਂ ਅਤੇ ਅਖਬਾਰਾਂ ਵਿੱਚ ਪੜ੍ਹਨ ਵਾਲੇ ਪਾਠਕਾਂ ਅਤੇ ਰੇਡੀਓ ਚੜ੍ਹਦੀ ਕਲਾ ਅਤੇ ਹਮਸਫਰ ਦੇ ਸਰੋਤਿਆਂ ਨੇ ਦਾਸ ਦੀ ਲਿਖੀ ਹੋਈ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਮੰਗ ਮੰਗ ਕੇ ਲਈ। ਜਿਸ ਕਰਕੇ ਇਹ ਪੁਸਤਕ ਹੁਣ ਖਤਮ ਹੋ ਗਈ ਹੈ ਜੋ ਅਗਲੇ ਦੋ ਮਹੀਨੇ ਤੱਕ ਭਾਰਤ ਤੋਂ ਆਉਣ ਵਾਲੀਆਂ ਹੋਰ ਸਕਾਲਰਾਂ ਦੀਆਂ ਪੁਸਤਕਾਂ ਨਾਲ ਆ ਰਹੀ ਹੈ। ਗੁਰਮਤਿ ਵਿਚਾਰਾਂ ਅਤੇ ਲਿਟ੍ਰੇਚਰ ਲਈ ਆਪ 5104325827 ਤੇ ਫੋਨ ਅਤੇ
 singhstudent@yahoo.com ਤੇ ਸੰਪਰਕ ਕਰ ਸਕਦੇ ਹੋ। ਅਸੀਂ ਨਗਰ ਕੀਰਤਨ ਦੇ ਪ੍ਰਬੰਧਕਾਂ, ਸੰਗਤਾਂ, ਪੁਸਤਕ, ਲੇਖ ਪਾਠਕਾਂ ਅਤੇ ਰੇਡੀਓ ਸਰੋਤਿਆਂ, ਅਖਬਾਰਾਂ, ਵੈਬਸਾਈਟਾਂ ਅਤੇ ਮੰਥਲੀ ਰਸਾਲਿਆਂ ਦੇ ਸੰਚਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮੂੰਹ ਸੰਗਤਾਂ ਨੂੰ ਅਰਜੋਈ ਕਰਦੇ ਹਾਂ ਕਿ ਦੁਨਿਆਵੀ ਲੰਗਰਾਂ ਦੇ ਨਾਲ-ਨਾਲ ਗੁਰ-ਸ਼ਬਦ ਵਿਚਾਰ ਦਾ ਲੰਗਰ ਵੀ ਲਾਇਆ ਅਤੇ ਛਕਿਆ ਕਰਨ ਜਿਸ ਦੀ ਐਸ ਵੇਲੇ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ।
ਨੋਟ-9 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ 2 ਤੋਂ 3 ਵਜੇ ਤੱਕ ਗੁਰਬਾਣੀ ਸੰਥਿਆ ਵਿਚਾਰ ਦੀ ਕਲਾਸ ਲਾਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਜਗਿਆਸੂ ਭਾਗ ਲੈ ਸਕਦਾ ਹੈ ਜੋ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਲੱਗਿਆ ਕਰੇਗੀ।

Sunday, May 19, 2013


ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਜਿਸਦਾ ਪ੍ਰਚਾਰ ਕਿਰਤੀ ਬਾਬੇ ਨਾਨਕ ਜੀ ਨੇ ਸੰਸਾਰ ਵਿੱਚ ਕਰਦੇ ਹੋਏ ਇਸ ਨੂੰ ਪੁਜਾਰੀਵਾਦ ਤੋਂ ਮੁਕਤ ਰੱਖਿਆ। ਬਾਬੇ ਨੇ ਮੱਝਾਂ ਚਾਰੀਆਂ, ਖੇਤੀ, ਨੌਕਰੀ, ਦੁਕਾਨਦਾਰੀ, ਅਤੇ ਵਾਪਾਰ ਵੀ ਕੀਤਾ। ਸੰਸਾਰ ਨੂੰ ਤਿੰਨ ਸੁਨਹਿਰੀ ਅਸੂਲ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਵੀ ਦਿੱਤੇ। ਬਾਬਾ ਕਰਤਾ, ਕੁਦਰਤ, ਮਨੁੱਖਤਾ ਅਤੇ ਸੰਗੀਤ ਦਾ ਪ੍ਰੇਮੀ ਸੀ। ਇਸ ਲਈ ਬਾਬੇ ਨੇ ਰਬਾਬੀ ਸੰਗੀਤ ਰਾਹੀਂ ਕਰਤੇ ਦੀ ਸਿਫਤ-ਸਲਾਹ ਕਰਦੇ ਹੋਏ, ਕੁਦਰਤੀ ਨਜ਼ਾਰਿਆਂ, ਮਨੁੱਖਤਾ ਦੀ ਭਲਾਈ ਦਾ ਵਰਨਣ, ਰਾਜਨੀਤਕਾਂ ਦੀ ਬੇਵਫਾਈ, ਛੂਆ-ਛਾਤ, ਜਾਤ-ਪਾਤ ਦਾ ਖੰਡਨ ਅਤੇ ਪੁਜਾਰੀਆਂ ਦੀ ਮਚਾਈ ਲੁੱਟ ਦਾ ਨਕਸ਼ਾ ਪੇਸ਼ ਕਰਦੇ ਹੋਏ, ਸੰਸਾਰਕ ਬੁਰਾਈਆਂ ਦਾ ਕਰੜਾ ਵਿਰੋਧ ਕੀਤਾ।

Sunday, May 12, 2013


ਅਵਤਾਰ ਸਿੰਘ ਮਿਸ਼ਨਰੀ
“ਭਾਈ ਸੰਗਤ ਸਿੰਘ ਜੀ ਦਾ ਜਨਮ ਦਿਨ ਧੂੰਮ-ਧਾਮ ਨਾਲ ਮਨਾਇਆ ਗਿਆ”(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਸੈਕਟਰੀ ਭਾਈ ਜੋਗਾ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ 29 ਅਪ੍ਰੈਲ 2013 ਦਿਨ ਐਤਵਾਰ ਨੂੰ ਭਾਈ ਸੰਗਤ ਸਿੰਘ ਜੀ ਦਾ ਜਨਮ ਦਿਨ ਗੁ: ਸਾਂਝਾ ਸਾਹਿਬ ਵਿਖੇ ਮਨਾਇਆ ਗਿਆ। ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਰੀਬ ਹਰੇਕ ਭਗਤ ਅਤੇ ਪੁਰਾਤਨ ਸਿੰਘ ਸਿੰਘਣੀਆਂ ਦੇ ਦਿਹਾੜੇ ਮਨਾਉਣ ਦਾ ਸ਼ਲਾਘਾਯੋਗ ਉਦਮ ਆਰੰਭਿਆ ਹੈ। ਅੱਜ ਅਸੀਂ ਰੱਬੀ ਭਗਤਾਂ ਅਤੇ ਪੁਰਾਤਨ ਸਿੰਘ ਸਿੰਘਣੀਆਂ ਅਤੇ ਸ਼ਹੀਦਾਂ ਨੂੰ ਭੁੱਲ ਚੁੱਕੇ ਹਾਂ। ਸਾਡੇ ਪ੍ਰਚਾਰਕਾਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਦਾ ਸਾਰਾ ਜੋਰ ਰਵਾਇਤੀ ਪ੍ਰਸੰਗਾਂ, ਮਿਥਹਾਸਕ ਰਿਸ਼ੀਆਂ ਮੁਨੀਆਂ, ਦੇਵੀ ਦੇਵਤਿਆਂ ਅਤੇ ਅਖੌਤੀ ਸਾਧਾਂ ਸੰਤਾਂ ਦੇ ਸੋਹਿਲੇ ਗਾਉਣ ਤੇ ਲੱਗਾ ਰਹਿੰਦਾ ਹੈ। ਕਰਾਮਾਤੀ ਅਣਹੋਣੀਆਂ ਸਾਖੀਆਂ ਬਾਰ-ਬਾਰ ਸੁਣਾਈਆਂ ਜਾਂਦੀਆਂ ਹਨ।
ਭਗਤਾਂ ਅਤੇ ਖਾਸ ਕਰ ਦਲਤ ਮਹਾਂਪੁਰਖਾਂ ਜਾਂ ਗੁਰਸਿੱਖਾਂ ਦਾ ਇਤਿਹਾਸ ਵੀ ਪੂਰਾ ਨਹੀਂ ਮਿਲਦਾ। ਮੁਤੱਸਬੀ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਲਿਖਣ ਵੇਲੇ ਵੀ ਬੇਈਮਾਨੀ ਕੀਤੀ ਹੈ। ਓਧਰੋਂ ਪ੍ਰਬੰਧਕ ਤੇ ਡੇਰੇਦਾਰ ਵੀ ਖਾਸ-ਖਾਸ ਗੁਰ ਪੁਰਬ ਮਨਾਉਂਦੇ ਹਨ। ਡੇਰੇਦਾਰਾਂ ਨੂੰ ਤਾਂ ਉਨ੍ਹਾਂ ਦੇ ਵੱਡੇ ਵਡੇਰੇ ਆਪੂੰ ਬਣੇ ਮਹਾਂ ਪੁਰਖਾਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਉਣ ਤੋਂ ਹੀ ਵਿਹਲ ਨਹੀਂ। ਉਹ ਤਾਂ ਕਥਾ ਵੀ ਬਹੁਤਾ ਦੇਵੀ ਦੇਵਤਿਆਂ ਅਤੇ ਰਿਸ਼ੀ-ਮੁਨੀ ਅਵਤਾਰਾਂ ਦੀ ਕਰਦੇ ਨਹੀਂ ਥਕਦੇ।

Wednesday, May 8, 2013


ਗੁਰਮਤਿ ਪ੍ਰਚਾਰ ਅਤੇ ਪ੍ਰਬੰਧ ਦੇ ਬਦਲਦੇ ਰੂਪ
ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਦੁਨੀਆਂ ਤੱਕ ਪਹੁੰਚਾਉਣ ਨੂੰ ਗੁਰਮਤਿ ਦਾ ਪ੍ਰਚਾਰ ਕਿਹਾ ਜਾਂਦਾ ਹੈ। ਗੁਰੂ ਕਾਲ ਵੇਲੇ ਜਿਸ ਵੀ ਜਗਹ ਤੇ ਗੁਰੂ ਸਾਹਿਬ ਵਿਚਰ ਰਹੇ ਹੁੰਦੇ, ਗੁਰਮਤਿ ਪ੍ਰਚਾਰ ਦਾ ਕੇਂਦਰ ਹੁੰਦਾ ਸੀ। ਗੁਰੂ ਪਾਤਸ਼ਾਹ ਦੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਜਿੱਥੇ ਵੀ ਸੰਗਤਾਂ ਲਗਾਤਾਰ ਜੁੜਨ ਲੱਗਦੀਆਂ ਆਪਣੇ ਆਪ ਵਿੱਚ ਪ੍ਰਚਾਰ ਕੇਂਦਰ ਬਣ ਜਾਂਦਾ। ਬਹੁਤ ਵਾਰੀ ਅਜਿਹੇ ਲੋਕ ਜੋ ਮਨੁੱਖਤਾ ਨੂੰ ਤੰਗ ਕਰਦੇ ਸਨ, ਵੀ ਗੁਰੂ ਸਾਹਿਬਾਂ ਦੀਆਂ ਸੱਚ-ਤਰਕ ਦੀਆਂ ਗੱਲਾਂ ਤੋਂ ਪਰਭਾਵਿਤ ਹੋ ਕੇਵਲ ਸ਼ਰਧਾਲੂ ਨਾਂ ਹੋਕੇ ਸਗੋਂ ਗੁਰੂ ਦੀ ਗਲ ਅੱਗੇ ਤੋਰਨ ਵਾਲੇ ਪ੍ਰਚਾਰਕ ਬਣੇ। ਤੀਜੇ ਅਤੇ ਚੌਥੇ ਨਾਨਕ ਵੇਲੇ ਪ੍ਰਚਾਰਕਾਂ ਨੂੰ ਮੰਜੀਆਂ ਅਤੇ ਪੀਹੜਿਆਂ ਨਾਲ ਨਿਵਾਜਿਆ ਗਿਆ ਜਿਹਨਾਂ ਨੂੰ ਉਸ ਵੇਲੇ ਦੀ ਭਾਸ਼ਾ ਅਨੁਸਾਰ ਮਸੰਦ ਕਿਹਾ ਜਾਂਦਾ ਸੀ। ਇਹ ਮਸੰਦ ਗੁਰਮਤਿ ਦੇ ਪਰਚਾਰ ਦੇ ਨਾਲ ਨਾਲ ਸੰਗਤਾਂ ਦੀਆਂ ਭੇਟਾਵਾਂ, ਦਸਵੰਧ ਆਦਿ ਗੁਰੂ ਸਾਹਿਬਾਂ ਤੱਕ ਅਰਥਾਤ ਗੁਰਮਤਿ ਦੇ ਮੁੱਖ ਕੇਂਦਰ ਤੱਕ ਪਹੁੰਚਾਉਂਦੇ ਸਨ। ਸੁਕਿਰਤ ਕਰਨਾ ਗੁਰਮਤਿ ਦਾ ਮੁਢਲਾ ਉਪਦੇਸ਼ ਹੋਣ ਕਾਰਣ ਇਹ ਪ੍ਰਚਾਰਕ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਹੱਥੀਂ ਕਿਰਤ ਕਰਕੇ ਕਰਦੇ ਸਨ। ਗੁਰੂ ਸਾਹਿਬ ਦੇ ਚਲਾਏ ਜਾ ਰਹੇ ਮੁੱਖ ਗੁਰਮਤਿ ਪ੍ਰਚਾਰ ਕੇਂਦਰ ਤੋਂ ਦੂਰ ਦੁਰਾਡੇ ਰਹਿਣ ਵਾਲੀਆਂ ਸੰਗਤਾਂ ਵਿੱਚ ਇਹਨਾਂ ਦਾ ਜਿਆਦਾ ਪ੍ਰਭਾਵ ਹੋਣ ਕਾਰਣ ਇਹ ਪ੍ਰਚਾਰਕ ਵੀ ਸੰਗਤਾਂ ਤੋਂ ਮਾਣ ਸਤਿਕਾਰ ਲੈਂਦੇ ਲੈਂਦੇ ਹਉਮੇ ਗ੍ਰਸਤ ਹੁੰਦੇ ਗਏ। ਹੱਥੀਂ ਕਿਰਤ ਕਰਕੇ ਗੁਜਾਰਾ ਕਰਨ ਦੀ ਜਗਹ ਸੰਗਤਾ ਲਈ ਇਕੱਤਰ ਕੀਤੀਆਂ ਵਸਤਾਂ ਆਪ ਵਰਤਣ ਲੱਗ ਗਏ। ਹੌਲੀ ਹੌਲੀ ਵਧ ਰਹੇ ਲਾਲਚ ਕਾਰਣ ਦਸਵੰਧ ਲਈ ਸੰਗਤਾਂ ਨੂੰ ਤੰਗ ਪਰੇਸ਼ਾਨ ਵੀ ਕਰਨ ਲੱਗ ਗਏ। ਆਖਿਰ ਦਸਵੇਂ ਨਾਨਕ ਨੇ ਇਸ ਮਸੰਦ ਪ੍ਰਥਾ ਨੂੰ ਸਦਾ ਲਈ ਖਤਮ ਕਰਕੇ ਸਿੱਖ ਸੰਗਤਾਂ ਨੂੰ ਕੇਵਲ ਸ਼ਬਦ ਗੁਰੂ ,ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ ਹੋਇਆਂ, ਪਾਵਨ ਉਪਦੇਸ਼ "ਆਪਿ ਜਪਹੁ ਅਵਰਾ ਨਾਮੁ ਜਪਾਵਹੁ"(੨੮੯) ਅਨੁਸਾਰ ਜੀਵਨ ਜੁਗਤ ਨਾਲ ਜੁੜਨ ਤੇ ਜੋਰ ਦਿੱਤਾ। ਜਿਨਾਂ ਥਾਵਾਂ ਤੇ ਸੰਗਤਾਂ ਨੇ ਆਪ ਰਲ-ਮਿਲ ਗੁਰਮਤਿ ਉਪਦੇਸ਼ਾਂ ਨੂੰ ਵਿਚਾਰਨਾ, ਧਾਰਨਾਂ ਅਤੇ ਪ੍ਰਚਾਰਨਾ ਸ਼ੁਰੂ ਕੀਤਾ ਉਹਨਾਂ ਥਾਵਾਂ ਨੂੰ ਪਹਿਲਾਂ ਪਹਿਲ ਧਰਮਸ਼ਾਲਾ ਅਰਥਾਤ ਧਰਮ ਦਾ ਸਕੂਲ ਅਤੇ ਬਾਅਦ ਵਿੱਚ ਗੁਰਦੁਆਰਾ ਅਰਥਾਤ ਗੁਰੂ ਦੀ ਮੱਤ ਲੈਣ ਦਾ ਦੁਆਰ ਕਿਹਾ ਜਾਣ ਲੱਗ ਪਿਆ। ਸ਼ੁਰੂ ਸ਼ੁਰੂ ਵਿੱਚ ਇਹ ਗੁਰਦੁਆਰੇ ਕੇਵਲ ਇਤਿਹਾਸਿਕ ਸਥਾਨਾਂ ਤੇ ਹੀ ਸਨ ਪਰ ਹੌਲੀ ਹੌਲੀ ਸੰਗਤਾਂ ਦੀ ਲੋੜ ਅਨੁਸਾਰ ਸ਼ਹਿਰਾਂ ਪਿੰਡਾਂ ਵਿੱਚ ਬਣਨੇ ਸ਼ੁਰੂ ਹੋ ਗਏ। ਇਹ ਗੁਰਦਵਾਰੇ ਹੀ ਗੁਰਮਤਿ ਪ੍ਰਚਾਰ, ਪ੍ਰਸਾਰ ਦੇ ਕੇਂਦਰ ਬਣ ਗਏ।
ਸ਼ੁਰੂ ਸ਼ੁਰੂ ਵਿੱਚ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਸੰਗਤਾਂ ਵਲੋਂ ਗੁਰਮਤਿ ਨਿਰਦੇਸ਼ਾਂ ਅਨੁਸਾਰ ਪਿਆਰ, ਇਤਫਾਕ ਅਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਹੀ ਹੁੰਦਾ ਸੀ। ਪ੍ਰਚਾਰਕ ਹੀ ਪ੍ਰਬੰਧਕ ਅਤੇ ਪ੍ਰਬੰਧਕ ਹੀ ਪ੍ਰਚਾਰਕ ਹੁੰਦੇ ਸਨ। ਹੌਲੀ ਹੌਲੀ ਗੁਰਦਵਾਰਿਆਂ ਦੇ ਵਧ ਰਹੇ ਅਕਾਰਾਂ ਨਾਲ ਵਧੀਆਂ ਜਿਮੇਵਾਰੀਆਂ ਕਾਰਣ ਪ੍ਰਚਾਰਕ ਅਤੇ ਪ੍ਰਬੰਧਕ ਵੱਖਰੀ ਵੱਖਰੀ ਸ਼੍ਰੇਣੀ ਬਣਦੇ ਗਏ। ਵੱਖ ਵੱਖ ਤਰਾਂ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਵੰਡੀਆਂ ਗਈਆਂ ਜਿੰਮੇਵਾਰੀਆਂ ਅਹੁਦੇਦਾਰੀਆਂ ਵਿੱਚ ਤਬਦੀਲ ਹੋ ਗਈਆਂ। ਹੌਲੀ ਹੌਲੀ ਇਹਨਾਂ ਅਹੁਦੇਦਾਰੀਆਂ ਨੂੰ ਸੰਗਤਾਂ ਤੋਂ ਮਿਲ ਰਹੇ ਸਤਿਕਾਰ ਕਾਰਣ ਹਉਮੇ ਦੀ ਪੁੱਠ ਚੜ੍ਹਨੀ ਸ਼ੁਰੂ ਹੋ ਗਈ ਜਿਸ ਕਾਰਣ ਅਜਿਹੇ ਅਹੁਦਿਆਂ ਤੇ ਰਹਿਕੇ ਮਾਣ ਸਤਿਕਾਰ ਲੈਣ ਦੀ ਲਾਲਸਾ ਹਰ ਹੀਲੇ ਅਹੁਦੇ ਹਥਿਆਉਣ ਦਾ ਮੁਕਾਬਲਾ ਬਣਨ ਲਗ ਗਈ। ਹੌਲੀ ਹੌਲੀ ਇਹ ਅਹੁਦੇਦਾਰ ਆਪਣਿਆਂ ਇਹਨਾਂ ਅਹੁਦਿਆਂ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤਦੇ ਵਰਤਦੇ ਗੁਰਬਾਣੀ ਗਿਆਨ ਵਾਲੇ ਸੇਵਾ ਭਾਵਨਾ ਦੇ ਫਲਸਫੇ ਤੋਂ ਦੂਰ ਹੁੰਦੇ ਚਲੇ ਗਏ। ਦੇਖਦੇ ਦੇਖਦੇ ਦੁਨਿਆਵੀ ਰਾਜਨੀਤੀ, ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਧਾਰਮਿਕ ਅਦਾਰਿਆਂ ਵਿੱਚ ਪ੍ਰਵੇਸ਼ ਕਰ ਗਈ। ਸ਼ੁਰੂ ਸ਼ੁਰੂ ਵਿੱਚ ਧਰਮ ਪ੍ਰਚਾਰਕ ਦਾ ਸਤਿਕਾਰ ਗੁਰਦਵਾਰਾ ਪ੍ਰਬੰਧਕ ਤੋਂ ਜਿਆਦਾ ਸੀ ਪਰ ਹੌਲੀ ਹੌਲੀ ਆਪਣੀ ਰਾਜਨੀਤੀ ਸਹਾਰੇ ਪ੍ਰਬੰਧਕ ਸਾਰਾ ਇੱਜਤ ਮਾਣ ਆਪਣੇ ਲਈ ਰਾਖਵਾਂ ਕਰਦਾ ਗਿਆ। ਗੁਰਮਤਿ ਦਾ ਗਿਆਨਵਾਨ ਪ੍ਰਚਾਰਕ, ਪ੍ਰਚਾਰ ਲਈ ਗੁਰਮਤਿ ਤੋਂ ਸੱਖਣੇ ਪ੍ਰਬੰਧਕਾਂ ਦਾ ਮੁਹਤਾਜ ਹੋ ਗਿਆ। ਰੋਜੀ ਲਈ ਕਿਰਤ ਨੂੰ ਵਿਸਾਰਕੇ ਪ੍ਰਚਾਰ ਨੂੰ ਕਿਰਤ ਬਣਾਉਣ ਕਾਰਣ ਪਰਚਾਰਕ, ਸਮੇਂ ਅਤੇ ਪ੍ਰਚਾਰ ਦੇ ਵਿਸ਼ੇ ਲਈ ਪ੍ਰਬੰਧਕਾਂ ਦੇ ਰਹਿਮੋ ਕਰਮ ਦਾ ਗੁਲਾਮ ਹੋ ਗਿਆ। ਸੰਗਤ ਨੂੰ ਗੁਰੂ ਨਾਨਕ ਸਾਹਿਬ ਦਾ ਖਰਾ ਸੱਚ ਨਾਂ ਦੱਸਕੇ ਅਜਿਹੀਆਂ ਕਥਾ ਕਹਾਣੀਆਂ ਸੁਣਵਾਉਣ ਦਾ ਦੌਰ ਸ਼ੁਰੂ ਹੋ ਗਿਆ ਜਿਹਨਾਂ ਨੂੰ ਸੁਣਕੇ ਸੰਗਤ ਕੇਵਲ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੀ ਗਿਆਨ ਦੇ ਦਰਵਾਜੇ ਬੰਦ ਕਰ ਭੇਟਾਵਾਂ ਹੀ ਚੜ੍ਹਾਂਦੀ ਰਹੇ। ਗੁਰਦਵਾਰਿਆਂ ਵਿੱਚੋਂ ਸੇਵਾ ਭਾਵਨਾ ਸਿੱਖਕੇ ਬਾਹਰ ਸਮਾਜ ਦੀ ਸੇਵਾ ਕਰਨ ਦੀ ਜਗਹ ਸੰਗਤਾਂ ਨੂੰ ਕੇਵਲ ਗੁਰਦਵਾਰਿਆਂ ਵਿੱਚ ਹੀ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਸੰਮੋਹਣ ਕੀਤਾ ਗਿਆ। ਜਿਆਦਾ ਤਰ ਅਜਿਹੀਆਂ ਕਥਾ ਕਹਾਣੀਆਂ ਹੀ ਸੁਣਾਈਆਂ ਗਈਆਂ ਜਿਨਾਂ ਵਿੱਚ ਮਨੁੱਖ ਅਕਾਲਪੁਰਖ ਦੇ ਬਕਸ਼ੇ ਦਿਮਾਗ ਦੀ ਵਰਤੋਂ ਨਾਲ ਸਮਾਜ ਵਿੱਚ ਪ੍ਰਕਾਸ਼ ਫੈਲਾਣ ਦੀ ਜਗਹ ਕੇਵਲ ਮਜ਼ਹਬੀ ਆਗੂਆਂ ਅਤੇ ਅਖਾਉਤੀ ਸਾਧਾਂ ਦਾ ਝੋਲੀ-ਚੁੱਕ ਬਣਕੇ ਗੋਡੇ ਘੁੱਟਦਾ ਅਤੇ ਮੂਠੀ-ਚਾਪੀ ਕਰਦਾ ਰਹੇ। ਅਜਿਹੀਆਂ ਸਾਖੀਆਂ ਹੀ ਪ੍ਰਚਲਤ ਕਰੀਆਂ ਗਈਆਂ ਕਿ ਗੁਰੂ ਦੀ ਦਿੱਤੀ ਮੱਤ ਦੀ ਗੁਰਮਤਿ ਅਨੁਸਾਰੀ ਵਰਤੋਂ ਨਾਲ ਨਹੀਂ ਸਗੋਂ ਅੱਖਾਂ ਮੀਚਕੇ ਅਖਾਉਤੀ ਸਾਧਾਂ ਦੀ ਸੇਵਾ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਗੁਰਦਵਾਰਿਆਂ ਦੀਆਂ ਸਟੇਜਾਂ ਕੇਵਲ ਭੰਡਾਂ ਵਾਂਗ ਰਾਜਨੀਤਕਾਂ ਦੇ ਗੁਣ ਗਾਕੇ ਆਪਦੇ ਨਿੱਜੀ ਕੰਮ ਕਢਵਾਉਣ ਅਤੇ ਸਵਾਰਨ ਲਈ ਹੀ ਵਰਤੀਆਂ ਜਾਣ ਲਗ ਪਈਆਂ। ਅਜਿਹੀ ਸਿੱਖਿਆ ਨਾਲ ਬਹੁਤ ਵਾਰ ਦੇਖਿਆ ਗਿਆ ਕਿ ਜਿਨਾਂ ਨੇ ਕਦੇ ਮਾਪਿਆਂ, ਬਜੁਰਗਾਂ ਜਾਂ ਲੋੜਬੰਦਾ ਦੀ ਲੋੜ ਸਮੇਂ ਸੇਵਾ ਨਹੀਂ ਕੀਤੀ ਉਹ ਕੇਵਲ ਕਿਸੇ ਸਵਾਰਥੀ ਨੀਤੀ ਤਹਿਤ ਸੰਗਤ ਵਿੱਚ ਖੁਦ ਨੂੰ ਸੇਵਾ ਕਰਦਾ ਦਿਖਾਉਣ ਲਈ ਹੀ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਸ਼ਮੂਲੀਅਤ ਕਰਦੇ ਹਨ। ਗੁਰਦਵਾਰੇ ਵਿੱਚ ਸੇਵਾ ਲਈ ਕਿਸੇ ਅਹੁਦੇ ਦੀ ਜਰੂਰਤ ਨਹੀਂ ਹੁੰਦੀ ਪਰ ਕਈਆਂ ਲਈ ਅਹੁਦੇਦਾਰੀ ਹੀ ਸੇਵਾ ਦਾ ਪ੍ਰਗਟਾਵਾ ਹੁੰਦੀ ਹੈ।
ਕਿਸੇ ਸਮੇ ਜਦੋਂ ਗੁਰਦਵਾਰੇ ਅੱਜ ਜਿਂਨੇ ਨਹੀਂ ਸਨ ਪਿੰਡਾਂ ਦੀਆਂ ਸੱਥਾਂ ਜਾਂ ਸਾਝੀਆਂ ਥਾਵਾਂ ਹੀ ਗੁਰਮਤਿ ਦੀਆਂ ਸਟੇਜਾਂ ਬਣ ਜਾਂਦੀਆਂ ਸਨ। ਕਿਸੇ ਪ੍ਰਚਾਰਕ, ਰਾਗੀ, ਢਾਡੀ ਜਾਂ ਕਵੀਸ਼ਰ ਨੂੰ ਸੁਣਨ ਲਈ ਸਾਰਾ ਪਿੰਡ ਹੀ ਆ ਢੁਕਦਾ ਸੀ। ਕਦੀ ਕਦਾਈਂ ਆਏ ਅਜਿਹੇ ਪ੍ਰਚਾਰਕ ਦੀਆਂ ਸੁਣਾਈਆਂ ਗੱਲਾਂ ਨਗਰ ਨਿਵਾਸੀ ਕਈ ਕਈ ਸਾਲ ਯਾਦ ਰੱਖਦੇ ਸਨ। ਅੱਜ ਕਲ ਗੁਰਦਵਾਰਿਆਂ ਅਤੇ ਪ੍ਰਚਾਰਕਾਂ ਦੀ ਏਨੀਂ ਬਹੁਤਾਤ ਦੇ ਬਾਵਜੂਦ ਗੁਰਦਵਾਰਿਆਂ ਵਿੱਚੋਂ ਕਥਾ ਜਾਂ ਸ਼ਬਦ ਸੁਣਕੇ ਬਾਹਰ ਆ ਰਹੀਆਂ ਸੰਗਤਾਂ ਸਭ ਕੁਝ ਭੁੱਲ-ਭੁਲਾ ਚੁੱਕੀਆਂ ਹੁੰਦੀਆਂ ਹਨ। ਸਭ ਜਗਹ ਇਸ ਤਰਾਂ ਜਾਪਦਾ ਹੁੰਦਾ ਹੈ ਜਿਸ ਤਰਾਂ ਧਰਮ ਦੇ ਨਾਮ ਤੇ ਕੁਝ ਰਸਮਾਂ ਨਿਭਾਈਆਂ ਜਾ ਰਹੀਆਂ ਹੋਣ। ਸਿਤਮ ਦੀ ਗਲ ਹੈ ਕਿ ਅਜਿਹੀਆਂ ਰਸਮਾਂ ਦਾ ਨਿਭਾਉਣਾ ਕਰਮਕਾਂਢ ਨਹੀਂ ਮੰਨਿਆ ਜਾ ਰਿਹਾ ਹੁੰਦਾ। ਗੁਰਬਾਣੀ ਉਪਦੇਸ਼ਾਂ ਨੂੰ ਅਨਮਤਾਂ ਦੇ ਮੰਤਰਾਂ ਵਾਂਗ ਉਚਾਰਣ ਕਰਨਾਂ ਅਤੇ ਬਿਨ ਸਮਝੇ ਹਾਜਰੀ ਭਰਨੀ ਹੀ ਕਿਤੇ ਸਵਰਗਾਂ ਵਿੱਚ ਹਾਜਰੀ ਲੱਗਣ ਦਾ ਸਾਧਨ ਦੱਸਿਆ ਜਾ ਰਿਹਾ ਹੁੰਦਾ ਹੈ ਜਿਸਦੇ ਕਾਰਣ ਬਿਨਾਂ ਮਿਹਨਤੋਂ ਹੀ ਸਾਰੇ ਦੁਨਿਆਵੀ ਕਾਰਜ ਸੌਰ ਜਾਣੇ ਹੁੰਦੇ ਹਨ। ਪਿਕਨਿਕ ਦੀ ਤਰਜ਼ ਤੇ ਲੰਗਰ ਅਤੇ ਪੈਸੇ ਨਾਲ ਕਾਰਜ ਸਿੱਧ ਕਰਨ ਵਾਲੇ ਮੰਤਰਾਂ ਦੇ ਪਾਠਾਂ ਦਾ ਭੋਗ ਗੁਰਬਾਣੀ ਸਿਖਿਆ ਰਹਿਤ ਦਿਮਾਗਾਂ ਨੂੰ ਕਾਫੀ ਰਾਹਤ ਦੇ ਰਿਹਾ ਹੁੰਦਾ ਹੈ। ਅਸਲ ਵਿੱਚ ਸੁਭਾਵਾਂ ਦਾ ਅਜਿਹਾ ਬਣ ਜਾਣ ਦਾ ਕਾਰਣ ਖੁਦ ਦੀ ਗੁਰਬਾਣੀ ਉਪਦੇਸ਼ਾਂ ਤੋਂ ਅਣਜਾਣਤਾ ਅਤੇ ਪਰਬੰਧਕਾਂ ਦੀ ਆਪਣੇ ਸਵਾਰਥ ਲਈ ਸੰਗਤਾਂ ਨੂੰ ਅਗਿਆਨੀ ਰੱਖਣ ਦੀ ਕਾਮਨਾ ਹੁੰਦੀ ਹੈ। ਸੰਗਤਾਂ ਦੀ ਅਗਿਆਨਤਾ ਮਜ਼ਹਬੀ ਅਤੇ ਰਾਜਨੀਤਿਕ ਆਗੂਆਂ ਲਈ ਵਰਦਾਨ ਹੁੰਦੀ ਹੈ।
ਪੁਰਾਣੇ ਸਮਿਆਂ ਵਿੱਚ ਮਨ ਦਾ ਜਿਆਦਾ ਖਿਲਾਰਾ ਨਹੀਂ ਸੀ ਹੁੰਦਾ ਨਾਂ ਹੀ ਬੰਦਾ ਅੱਜ ਜਿਨਾ ਰੁੱਝਿਆ ਸੀ। ਸੁਣ ਸੁਣਾਕੇ ਵੀ ਧਰਮ ਕਰਮ ਦੀਆਂ ਗੱਲਾਂ ਪੱਲੇ ਬੰਨ ਲਈਆਂ ਜਾਂਦੀਆਂ ਸਨ। ਜਿਓਂ ਜਿਓਂ ਸਮੇਂ ਨੇ ਤਰੱਕੀ ਕੀਤੀ ਚਾਰੇ ਪਾਸਿਓਂ ਉੱਠ ਰਹੀ ਬਹੁਪਾਸੀ ਰੁਝੇਵਿਂਆਂ ਭਰੀ ਵਿਚਾਰਾਂ ਦੀ ਗਰਦਿਸ਼ ਆਮ ਇਨਸਾਨ ਨੂੰ ਭਬਲਭੂਸਿਆਂ ਵਲ ਲੈ ਤੁਰੀ। ਥੱਕਿਆ-ਅੱਕਿਆ ਮਨੁੱਖ ਥੋੜ-ਚਿਰੀ ਸ਼ਾਤੀ ਦੀ ਭਾਲ ਲਈ ਧਾਰਮਿਕ ਸਥਾਨਾਂ ਵਿੱਚ ਦਿਮਾਗ ਖੋਲ ਕੇ ਬੈਠਣ ਨਾਲੋਂ ਬੰਦ ਕਰ ਬੈਠਣਾ ਫਾਏਦੇਮੰਦ ਸਮਝਣ ਲਗਦਾ ਹੈ। ਇਸ ਤਰਾਂ ਬਿਨਾਂ ਸਮਝ ਵਿਚਾਰ ਤੋਂ ਦੁਨਿਆਵੀ ਸੁੱਖਾਂ ਲਈ ਪੁਜਾਰੀਆਂ ਦੇ ਕਰਮ ਕਾਂਢ ਰੂਪੀ ਛੜਯੰਤਰ ਦਾ ਸ਼ਿਕਾਰ ਬਣਨਾ ਸ਼ੁਰੂ ਹੋ ਜਾਂਦਾ ਹੈ। ਆਖਿਰ ਉਹ ਆਪਣੇ ਤਨ ਮਨ ਅਤੇ ਧਨ ਦੀ ਹੋ ਰਹੀ ਲੁੱਟ ਨੂੰ ਠੱਗਾਂ ਦੇ ਕਹਿਣ ਤੇ ਆਪਣੇ ਧੰਨ ਭਾਗ ਸਮਝ ਸਵੀਕਾਰਨਾ ਸ਼ੁਰੂ ਕਰ ਦਿੰਦਾ ਹੈ।
ਗੁਰਦਵਾਰਿਆਂ ਨੂੰ ਧਰਮ ਦੇ ਸਕੂਲ ਆਖਿਆ ਜਾਦਾ ਹੈ ਜਿੱਥੋਂ ਜਗਿਆਸੂਆਂ ਨੇ ਧਰਮ ਦਾ ਗਿਆਨ ਲੈਣਾ ਹੁੰਦਾ ਹੈ। ਦੁਨਿਆਵੀ ਸਕੂਲ ਵਿੱਚ ਵੀ ਗਿਆਨ ਦੇ ਪੱਧਰ ਅਤੇ ਜਗਿਆਸਾ ਅਨੁਸਾਰ ਵੱਖ ਵੱਖ ਜਮਾਤਾਂ ਹੁੰਦੀਆਂ ਹਨ ਪਰ ਅਜੋਕੇ ਗਿਆਨ ਦੇ ਯੁੱਗ ਵਿੱਚ ਇਹ ਧਰਮ ਦੇ ਸਕੂਲ ਕੇਵਲ ਇੱਕ ਹੀ ਸਰਭ-ਸਾਂਝੀ ਜਮਾਤ ਬਣ ਕੇ ਰਹਿ ਗਏ ਹਨ। ਪ੍ਰਾਚੀਨ ਕਾਲ ਦੇ ਸਕੂਲਾਂ ਅਨੁਸਾਰ ਇੱਕ ਹੀ ਹਾਲ ਵਿੱਚ ਇੱਕ ਹੀ ਜਮਾਤ ਹੁੰਦੀ ਹੈ ਜਿੱਥੇ ਵੱਖ ਵੱਖ ਗਿਆਨ ਦੇ ਪੱਧਰ ਦੇ ਵਿਦਿਆਰਥੀ ਇਕ ਹੀ ਜਗਹ ਬੈਠਣ ਲਈ ਮਜਬੂਰ ਹੁੰਦੇ ਹਨ। ਬਦਲ ਰਹੇ ਸਮੇਂ ਅਨੁਸਾਰ ਗਿਆਨ ਵੰਡਣ ਦੇ ਤੌਰ ਤਰੀਕੇ ਅਗਰ ਲੋੜ ਅਨੁਸਾਰ ਨਹੀਂ ਬਣਾਏ ਜਾਂਦੇ ਤਾਂ ਵਿਦਿਆਰਥੀ ਗਿਆਨ ਵਿੱਚ ਪਛੜ ਜਾਂਦੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਘਟਣ ਲਗਦੀ ਹੈ। ਅਜਿਹਾ ਹੀ ਧਰਮ ਦੇ ਖੇਤਰ ਵਿੱਚ ਹੋ ਰਿਹਾ ਹੈ। ਗੁਰਦਵਾਰਿਆਂ ਵਿੱਚ ਗੁਰਮਤਿ ਦੇ ਅਭਿਲਾਖੀਆਂ ਲਈ ਇੱਕ ਹੀ ਸਰਬਸਾਂਝੀ ਸਟੇਜ ਹੁੰਦੀ ਹੈ ਜਿੱਥੋਂ ਸਭ ਪੱਧਰ ਦੇ ਵਿਦਿਆਰਥੀਆਂ ਨੇ ਗਿਆਨ ਲੈਣਾ ਹੁੰਦਾ ਹੈ। ਛੋਟੇ ਛੋਟੇ ਪੰਜਾਬੀ ਤੋਂ ਅੰਜਾਣ ਜਾਂ ਹਲੇ ਪੰਜਾਬੀ ਸਿੱਖ ਰਹੇ ਬੱਚੇ, ਗੁਰ ਸ਼ਬਦ ਦੀ ਸੋਝੀ ਲੈ ਸਕਣ ਅਤੇ ਅਜੇ ਨਾਂ ਲੈ ਸਕਣ ਵਾਲੇ ਵਿਦਿਆਰਥੀ, ਗੁਰਮਤਿ ਫਲਸਫੇ ਨੂੰ ਸਮਝਣ ਅਤੇ ਹਲੇ ਨਾਂ ਸਮਝਣ ਵਾਲੇ ਵਿਦਿਆਰਥੀ, ਗੁਰ-ਗਿਆਨ ਅਭਿਲਾਸ਼ੀ ਅਤੇ ਗੁਰ-ਗਿਆਨ ਤੋਂ ਅਨਜਾਣ, ਗੁਰ-ਉਪਦੇਸ਼ਾਂ ਨੂੰ ਸਮਝ ਜਿੰਦਗੀ ਵਿੱਚ ਧਾਰਨ ਵਾਲੇ ਅਤੇ ਕੇਵਲ ਪੜਨ-ਸੁਣਨ ਨਾਲ ਹੀ ਅਖੌਤੀ ਬੈਕੁੰਠਾਂ ਵਿੱਚ ਹਾਜਰੀ ਲਗਣ ਦੀ ਝਾਕ ਰੱਖਣ ਵਾਲੇ, ਗੁਰ-ਸ਼ਬਦਾਂ ਦੇ ਕੀਰਤਨ ਦਾ ਆਨੰਦ ਲੈਣ ਵਾਲੇ ਅਤੇ ਕੇਵਲ ਰਾਗਾਂ-ਤਰਜਾਂ ਦੇ ਕੰਨ ਰਸੀ ਸਭ ਇਕ ਹੀ ਜਗਹ ਬੈਠ ਰਹੇ ਹੁੰਦੇ ਹੰਨ। ਸੋ ਵਕਤ ਦੀ ਲੋੜ ਮੁਤਾਬਕ ਗੁਰਦਵਾਰਿਆਂ ਨੂੰ ਸਹੀ ਮੈਨਿਆਂ ਵਿੱਚ ਗੁਰਮਤਿ ਦੇ ਸਕੂਲ ਬਣਾਉਣ ਲਈ ਸਾਨੂੰ ਗੁਰਮਤਿ ਦੇ ਵਿਦਿਆਰਥੀਆਂ ਦੇ ਆਤਮਿਕ ਪੱਧਰ ਅਨੁਸਾਰ ਨਵੀਨ ਸਾਧਨਾ ਨਾਲ ਵੱਖ ਵੱਖ ਕਮਰਿਆਂ/ਹਾਲਾਂ/ਸਟੇਜਾਂ ਰਾਹੀਂ ਵੱਖ ਵੱਖ ਪੱਧਰ ਦਾ ਗਿਆਨ ਵੱਖ ਵੱਖ ਜਮਾਤਾਂ ਵਿੱਚ ਲੜੀਵਾਰ ਹੀ ਦੇਣਾ ਪਵੇਗਾ।
ਧਰਮ ਦੀ ਪੜ੍ਹਾਈ ਵੀ ਸੂਝ ਦੇ ਪੱਧਰ ਮੁਤਾਬਿਕ ਵੱਖ ਵੱਖ ਪੱਧਰ ਦੀ ਹੁੰਦੀ ਜਾਂਦੀ ਹੈ। ਜਿਸ ਤਰਾਂ ਛੋਟੀਆਂ ਕਲਾਸਾਂ ਵਿੱਚ ਬੱਚੇ ਊੜਾ ਐੜਾ ਜਾਂ ਪਹਾੜੇ ਪੜਦੇ ਹਨ ਅਤੇ ਵੱਡੀਆਂ ਕਲਾਸਾਂ ਵਿੱਚ ਇਹ ਮੁਢਲਾ ਗਿਆਨ ਸਵਾਲ ਕੱਢਣ ਅਤੇ ਉੱਚਾ ਪੜ੍ਹਨ ਲਈ ਆਧਾਰ ਬਣਦਾ ਹੈ। ਫਿਰ ਹਰ ਜਮਾਤ ਅਗਲੀ ਜਮਾਤ ਦੀ ਪੜ੍ਹਾਈ ਦਾ ਆਧਾਰ ਬਣਦੀ ਜਾਂਦੀ ਹੈ। ਹੌਲੀ ਹੌਲੀ ਵਿਦਿਆਰਥੀ ਦੇ ਗਿਆਨ ਦੀ ਰੁਚੀ ਉਸਨੂੰ ਕਿਸੇ ਖਾਸ ਵਿਸ਼ੇ ਵਿੱਚ ਨਿਪੁੰਨਤਾ ਬਕਸ਼ਦੀ ਹੈ। ਇਸੇ ਤਰਾਂ ਜਦੋਂ ਅਸੀਂ ਹਲੇ ਧਰਮ ਦਾ ਗਿਆਨ ਸ਼ੁਰੂ ਹੀ ਕਰ ਰਹੇ ਹੁੰਦੇ ਹਾਂ ਤਾਂ ਕੁਝ ਮੁਢਲੀਆਂ ਗੱਲਾਂ ਸਥਾਨਕ ਧਰਮ ਪੜ੍ਹਾਉਣ ਵਾਲਿਆਂ ਬਾਬਿਆਂ, ਗ੍ਰੰਥੀਆਂ, ਡੇਰਿਆਂ, ਸਾਧਾਂ ਸੰਤਾਂ ਤੋਂ ਹੀ ਸਹਿਜ ਸੁਭਾਅ ਮਿਲ ਜਾਂਦੀਆਂ ਹਨ। ਉਸਤੋਂ ਬਾਅਦ ਹੌਲੀ ਹੌਲੀ ਧਰਮ-ਗਿਆਨ ਦੀ ਜਗਿਆਸਾ ਵਧਣ ਕਾਰਣ ਜਗਿਆਸੂ ਅਗਲੀਆਂ ਜਮਾਤਾਂ ਵਿੱਚ ਜਾਣਾ ਚਾਹੁੰਦਾ ਹੈ। ਪਰ ਕਈ ਵਾਰ ਪਰਾਇਮਰੀ ਵਾਲੇ ਅਧਿਆਪਕ ਦੁਨਿਆਵੀ ਵਿਦਿਅਕ ਨੀਤੀ ਦੇ ਉਲਟ ਆਪਦੀ ਜਮਾਤ ਨੂੰ ਹਰੀ-ਭਰੀ ਹੀ ਰੱਖਣ ਦੀ ਬਦ ਨੀਤੀ ਕਾਰਣ, ਹੋ ਰਹੀ ਪੂਜਾ ਪ੍ਰਤਿਸ਼ਟਤਾ ਦੀ ਸਦੀਵੀ ਸਾਂਭ ਲਈ , ਵਿਦਿਆਰਥੀਆਂ ਨੂੰ ਪ੍ਰਾਇਮਰੀ ਤੋਂ ਅੱਗੇ ਜਾਣ ਹੀ ਨਹੀਂ ਦੇਣਾ ਚਾਹੁੰਦੇ। ਰੋਜੀ-ਰੋਟੀ, ਹੋ ਰਹੀ ਟਹਿਲ-ਸੇਵਾ ਅਤੇ ਮਿਲ ਰਹੀ ਵਢਿਆਈ ਕਾਰਣ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਇਹ ਵਿਦਿਆਰਥੀ ਸਾਰੀ ਉਮਰ ਇੱਕੇ ਮੇਰੀ ਪ੍ਰਾਇਮਰੀ ਕਲਾਸ ਵਿੱਚ ਹੀ ਬੈਠੇ ਰਹਿਣ ਅਤੇ ਸਾਰੀ ਉਮਰ ਊੜਾ-ਐੜਾ ਅਤੇ ਪਹਾੜੇ ਗੁਣਗਣਾਂਦੇ ਰਹਿਣ ਅਤੇ ਦੁਨੀਆਂ ਵਿੱਚ ਵਿਚਰਦਿਆਂ ਇਸ ਮੁਢਲੀ ਪੜ੍ਹਾਈ ਦੀ ਵਰਤੋਂ ਨਾਂ ਕਰਨਾ ਸਿੱਖ ਸਕਣ। ਜਿਸ ਤਰਾਂ ਦੁਨਿਆਵੀ ਪੜ੍ਹਾਈ ਵਾਲੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਪੰਛੀਆਂ ਜਾਨਵਰਾਂ ਆਦਿ ਦੀਆਂ ਮਨੋਕਲਪਿਤ ਕਹਾਣੀਆਂ ਬੱਚਿਆਂ ਨੂੰ ਸੁਣਾਂਦੇ ਰਹਿੰਦੇ ਹਨ ਉਸੇ ਤਰਾਂ ਧਰਮ ਦੀਆਂ ਪ੍ਰਾਇਮਰੀ ਜਮਾਤਾਂ ਦੇ ਇਹ ਅਧਿਆਪਕ ਆਪਦੇ ਵਿਦਿਆਰਥੀਆਂ ਦੀ ਸੋਚ ਨੂੰ ਕਾਬੂ ਰੱਖਣ ਲਈ ਕੇਵਲ ਕ੍ਰਿਸ਼ਮਿਆਂ ਵਾਲੀਆਂ ਗੈਰ ਕੁਦਰਤੀ ਮਿਥਿਹਾਸਿਕ ਕਥਾ ਕਹਾਣੀਆਂ ਹੀ ਸੁਣਾਉਂਦੇ ਹਨ। ਵਿਦਿਆਰਥੀਆਂ ਨੂੰ ਉੱਚੀਆਂ ਜਮਾਤਾਂ ਵਿੱਚ ਬੈਠ ਵਧੇਰਾ ਗਿਆਨ ਲੈਣ ਦੀ ਉਪਜ ਰਹੀ ਭਾਵਨਾਂ ਤੋਂ ਰੋਕਣ ਲਈ ਇਹ ਲੋਕ ਸਾਰੀ ਜਿੰਦਗੀ ਜੋਰ ਲਗਾਂਦੇ ਰਹਿੰਦੇ ਹਨ। ਅਜਿਹੀ ਬਦਨੀਤੀ ਲਈ ਇਹ ਲੋਕ ਰਾਜਨੀਤਕਾਂ ਨਾਲ ਗੰਢ-ਸੰਢ ਵੀ ਕਰਦੇ ਰਹਿੰਦੇ ਹਨ। ਰੋਜੀ ਰੋਟੀ ਲਈ ਬਣੇ ਇਹਨਾਂ ਅਖੌਤੀ ਆਪੇ ਬਣੇ ਧਰਮ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਅੱਜ-ਕਲ ਦੇ ਦੂਰ-ਦ੍ਰਿਸ਼ਟ ਅਤੇ ਸੂਝਵਾਨ ਗੁਰਮਤਿ ਦੇ ਜਗਿਆਸੂ ਕਿਰਤੀ ਸਮਾਜ ਦਾ ਸਭ ਤੋਂ ਵੱਡਾ ਅੜਿੱਕਾ ਸਮਝਣ ਲਗ ਪਏ ਹਨ।
ਦੁਨੀਆਂ ਦੇ ਕਿਸੇ ਵੀ ਮਜ਼ਹਬ ਦੇ ਧਾਰਮਿਕ ਅਦਾਰਿਆਂ ਦੇ ਪ੍ਰਬੰਧ ਲਈ ਅਜਿਹੇ ਰਾਜਨੀਤਿਕ ਪੈਂਤੜੇ ਦੇਖਣ ਨੂੰ ਨਹੀਂ ਮਿਲਦੇ ਜਿਹੋ ਜਿਹੇ ਸਿੱਖਾਂ ਵਿੱਚ ਮਿਲਦੇ ਹਨ। ਨੈਤਿਕਿਤਾ ਨਾਲ ਪ੍ਰਬੰਧਕਾਂ ਦੀ ਸਰਬਪ੍ਰਮਾਣਿਤ ਸਰਬਸੰਮਤੀ ਅਨੁਸਾਰੀ ਵਿਚਾਰ ਵਟਾਂਦਰਿਆਂ ਰਾਹੀਂ ਚੋਣ ਦੀ ਜਗਹ ਕਿਸੇ ਰਾਜਨੀਤਿਕ ਪਾਰਟੀ ਵਾਂਗ ਬਹੁਸੰਮਤੀ ਵਾਲੀ ਕੇਵਲ ਸਿਰ ਗਿਣਕੇ ਖਾਨਾ ਪੂਰਤੀ ਕਰਨ ਵਾਲੀ ਚੋਣ ਹੀ ਲੋਕਤੰਤਰਿਕ ਠਹਿਰਾਈ ਜਾਂਦੀ ਹੈ। ਦੋ ਤੇ ਦੋ ਚਾਰ ਕਹਿਣ ਵਾਲੇ ਗਿਣਤੀ ਵਿੱਚ ਥੋੜੇ ਲੋਕਾਂ ਨੂੰ ਕੇਵਲ ਇਸ ਲਈ ਗਲਤ ਸਾਬਤ ਕਰਕੇ ਦੋ ਤੇ ਦੋ ਪੰਜ ਕਹਿਣ ਵਾਲੇ ਸੱਚੇ ਸਥਾਪਿਤ ਕਰੇ ਜਾਂਦੇ ਹਨ ਕਿਓਂਕਿ ਉਹਨਾਂ ਕੋਲ ਜਿਆਦਾ ਵੋਟਾਂ ਹੁੰਦੀਆਂ ਹਨ । ਸੋ ਇਸ ਪੈਮਾਨੇ ਰਾਹੀਂ ਵੱਧ ਵੋਟਾਂ ਵਾਲਾ ਦੋ ਅਤੇ ਦੋ ਪੰਜ ਕਹਿਣ ਵਾਲਾ ਸੱਚਾ ਸਾਬਿਤ ਹੋਕੇ ਹਰ ਤਰਾਂ ਦੇ ਪ੍ਰਬੰਧ ਤੇ ਕਾਬਜ ਹੋ ਜਾਂਦਾ ਹੈ। ਗਧਿਆਂ ਘੌੜਿਆਂ ਦੇ ਝੁੰਡ ਵਿੱਚੋਂ ਗਧਾ ਪਰਧਾਨ ਕੇਵਲ ਵੋਟ ਗਿਣਤੀ ਨਾਲ ਬਣਦਾ ਹੈ। ਧਰਮ ਤੋਂ ਭਾਵ ਚੰਗੇ ਗੁਣਾਂ ਦਾ ਧਾਰਨ ਕਰਨਾ ਹੁੰਦਾ ਹੈ ਜਿਸ ਦਾ ਸਚਾਈ ਅਤੇ ਇਮਾਨਦਾਰੀ ਆਧਾਰ ਬਣਦੇ ਹਨ। ਕਿਸੇ ਦਾ ਹੱਕ ਮਾਰਨਾ ਗੁਨਾਹ ਗਿਣਿਆ ਜਾਂਦਾ ਹੈ। ਪਰ ਕਿਸੇ ਯੋਗ ਵਿਅਕਤੀ ਦਾ ਸਮਾਜ ਨੂੰ ਸੇਧ ਦੇ ਸਕਣ ਦਾ ਹੱਕ ਅਜਿਹੀ ਰਾਜਨੀਤੀ ਨਾਲ ਮਾਰਕੇ ਲੋਕਾਂ ਨੂੰ ਵਧੀਆ ਸੇਧ ਤੋਂ ਵਿਰਵਾ ਰੱਖਣਾ ਲੋਕ-ਰਾਜੀ ਪ੍ਰਣਾਲੀ ਅਨੁਸਾਰ ਜਨਮ-ਸਿੱਧ ਅਧੀਕਾਰ ਮੰਨਿਆਂ ਜਾ ਰਿਹਾ ਹੈ।
ਇਸਾਈਆਂ ਵਿੱਚ ਪੋਪ ਦੀ ਚੋਣ ਕਿਸੇ ਵੋਟਿੰਗ ਪ੍ਰਣਾਲੀ ਨਾਲ ਨਹੀਂ ਸਗੋਂ ਅਜਿਹੀ ਵਿਚਾਰ ਨਾਲ ਹੁੰਦੀ ਹੈ ਜਿਸ ਵਿੱਚ ਦੂਰ ਦੂਰ ਤੋਂ ਆਏ ਸੂਝਵਾਨ ਪਾਦਰੀਆਂ ਦੀ ਕਈ ਦਿਨਾਂ ਦੀ ਵਿਚਾਰ, ਸਰਬਸੰਮਤੀ ਤੇ ਪੁੱਜਦੀ ਹੈ। ਵਿਚਾਰ ਚਰਚਾ ਸਮੇ ਕਿਸੇ ਬਾਹਰਲੇ ਇਨਸਾਨ ਜਾਂ ਸੰਸਥਾ ਨਾਲ ਸੰਪਰਕ ਵੀ ਨਹੀਂ ਰੱਖਿਆ ਜਾਂਦਾ। ਚੋਣ ਸਮੇ ਹੋਈਆਂ ਵਿਚਾਰਾਂ ਨੂੰ ਬਾਅਦ ਵਿੱਚ ਵੀ ਕਦੇ ਜਨਤਕ ਨਹੀਂ ਕਰਿਆ ਜਾਂਦਾ। ਇਸ ਤਰਾਂ ਚੁਣਿਆ ਹੋਇਆ ਪੋਪ ਇਸਾਈ ਜਗਤ ਵਿੱਚ ਸਰਬ-ਪ੍ਰਮਾਣਿਤ ਹੁੰਦਾ ਹੈ। ਜਿਊਰੀ ਪ੍ਰਣਾਲੀ ਵੀ ਧਾਰਮਿਕ ਚੋਣ ਲਈ ਕਾਰਗਾਰ ਹੋ ਸਕਦੀ ਹੈ। ਜਿਊਰੀ ਪ੍ਰਣਾਲੀ ਕਈ ਦੇਸ਼ਾਂ ਵਿੱਚ ਮੁਲਜਿਮ ਨੂੰ ਦੋਸ਼ੀ ਜਾਂ ਨਾਂ-ਦੋਸ਼ੀ ਠਹਿਰਾਉਣ ਲਈ ਨਾਗਰਿਕਾਂ ਚੋਂ ਗਿਆਰਾਂ ਮੈਂਬਰਾਂ ਦੀ ਆਰਜੀ ਕਮੇਟੀ ਬਣਾਈ ਜਾਂਦੀ ਹੈ ਜੋ ਆਪਦਾ ਫੈਸਲਾ ਬਹੁਸੰਮਤੀ ਨਾਲ ਨਹੀਂ ਸਗੋਂ ਸਰਬਸੰਮਤੀ ਨਾਲ ਕਰਦੇ ਹਨ। ਫੈਸਲਾ ਦੂਜੇ ਤੇ ਥੋਪਿਆ ਨਹੀਂ ਜਾਂਦਾ ਸਗੋਂ ਵਿਚਾਰਿਆ ਜਾਂਦਾ ਹੈ। ਹਰ ਪਹਿਲੂ ਤੇ ਵਿਚਾਰ ਬਰੀਕੀ ਨਾਲ ਕਰੀ ਜਾਂਦੀ ਹੈ। ਦਲੀਲ ਹੀ ਸਰਬਸੰਮਤੀ ਦਾ ਅਧਾਰ ਬਣਦੀ ਹੈ। ਇਕ ਵੀ ਅਸਹਿਮਤ ਵਿਚਾਰਾਂ ਵਾਲੇ ਨੂੰ ਅਣਗੌਲਿਆ ਨਹੀਂ ਕਰਿਆ ਜਾ ਸਕਦਾ। ਪੁਰਾਣੇ ਵੇਲੇ ਹੋਏ ਸਰਬੱਤ-ਖਾਲਸਿਆਂ ਵਿੱਚ ਵੀ ਵੱਖ ਵੱਖ ਗਰੁੱਪਾਂ/ਜੱਥਿਆਂ/ਮਿਸਲਾਂ ਦੇ ਕੇਵਲ ਜੱਥੇਦਾਰਾਂ ਦੁਆਰਾ ਰਣਨੀਤੀ ਅਤੇ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਂਦਾ ਸੀ। ਆਮ ਸੰਗਤ ਦੀਆਂ ਵੋਟਾਂ ਜਾਂ ਹੱਥ ਖੜੇ ਕਰਾਕੇ ਬਹੁਸੰਮਤੀ ਦਿਖਾਉਣ ਦਾ ਰਿਵਾਜ ਨਹੀਂ ਸੀ। ਗੁਰੂ ਕਾਲ ਵੇਲੇ ਵੀ ਕਦੇ ਗਿਣਤੀ ਨਾਲ ਕਿਸੇ ਦੀ ਚੋਣ ਨਹੀਂ ਹੋਈ ਸਗੋਂ ਗੁਣਾਂ ਦੇ ਆਧਾਰ ਤੇ ਹੁੰਦੀ ਸੀ। ਸੋ ਗੁਰਮਤਿ ਅਨੁਸਾਰ ਬਹੁ-ਸੰਮਤੀ ਨਹੀਂ ਸਗੋਂ ਸਰਬ-ਸੰਮਤੀ ਪ੍ਰਮਾਣ ਹੈ। ਨਿਮਰਤਾ, ਨਿਸ਼ਕਾਮਤਾ, ਸਹਿਣਸ਼ੀਲਤਾ, ਮਿੱਠਾ ਬੋਲਣਾ ਅਤੇ ਹੰਕਾਰ ਰਹਿਤ ਨਿਰ-ਸੁਆਰਥ ਪਰਉਪਕਾਰੀ ਬਿਰਤੀ ਕਾਰਣ ਹੀ ਸਿੱਖ, ਨਵਾਬੀਆਂ ਨਾਲੋਂ ਗੁਰੂ ਦੇ ਸਿੱਖਾਂ ਦੇ ਘੋੜਿਆਂ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਸਨ। ਕਿਸੇ ਪ੍ਰਧਾਨਗੀ ਜਾਂ ਨਵਾਬੀ ਨੂੰ ਕਬੂਲ ਕਰਨ ਲਈ ਅਜਿਹੇ ਗੁਣਾਂ ਵਾਲੀ ਸਿੱਖ ਸੰਗਤ ਦੇ ਆਦੇਸ਼ ਅੱਗੇ ਸਿਰ ਝੁਕਾ ਦਿੱਤਾ ਜਾਂਦਾ ਸੀ।
ਅਗਰ ਅੱਜ ਅਸੀਂ ਤੇਜੀ ਨਾਲ ਬਦਲ ਰਹੇ ਸਮੇ ਅਨੁਸਾਰ ਸਮੇਂ ਦੇ ਹਾਣੀ ਨਾਂ ਹੋ ਕੇ ਗੁਰਮਤਿ ਚੋਣ ਪ੍ਰਬੰਧ ਅਤੇ ਪ੍ਰਚਾਰ ਪ੍ਰਬੰਧ ਵਿੱਚ ਗੁਰਮਤਿ ਫਲਸਫੇ ਅਨੁਸਾਰੀ ਤਬਦੀਲੀਆਂ ਨਹੀਂ ਕੀਤੀਆਂ ਤਾਂ ਭਵਿੱਖ ਵਿੱਚ ਸਿੱਖਾਂ ਨੂੰ ਅਨਮਤੀ ਮਜ਼ਹਬਾਂ ਵਾਂਗ ਕਰਮਕਾਂਢੀ ਅਤੇ ਅੰਧਵਿਸ਼ਵਾਸੀ ਬਣਕੇ ਲੁੱਟਾਈ ਖਾਣ ਤੋਂ ਰੋਕ ਪਾਉਣਾ ਮੁਸ਼ਕਲ ਹੋ ਜਾਵੇਗਾ। ਗੁਰਮਤਿ ਆਸ਼ੇ ਅਨੁਸਾਰ ਗੁਰਮਤਿ ਦੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੀ ਯੋਗਤਾ ਨਿਸ਼ਚਤ ਕਰਦੇ ਸਮੇ ਸਭ ਦਾ ਕਿਰਤੀ ਹੋਣਾ ਨਿਸ਼ਚਿਤ ਹੋਣਾ ਚਾਹੀਦਾ ਹੈ। ਗੁਰਮਤਿ ਦੀ ਗਲ ਹੋਰਾਂ ਨੂੰ ਸਮਝਾਉਣ ਵਾਲੇ ਅਗਰ ਖੁਦ ਮੁਢਲੇ ਅਸੂਲਾਂ ਦੇ ਧਾਰਨੀ ਹੋਣਗੇ ਤਾਂ ਗੁਰਮਤਿ ਦਾ ਅਸਲ ਫਲਸਫਾ ਸੰਗਤਾਂ ਤੱਕ ਪੁੱਜ ਸਕੇਗਾ ਅਤੇ ਇਸ ਤਰਾਂ ਸਿੱਖ ਕੌਮ ਗੁਰ ਉਪਦੇਸ਼ਾਂ ਨੂੰ ਪੜ੍ਹਦੀ-ਸਿੱਖਦੀ ਆਪਣੇ ਵਧ ਰਹੇ ਪੱਧਰ ਅਨੁਸਾਰ ਵਿਚਾਰਦੀ ਅਤੇ ਧਾਰਦੀ ਪੁਜਾਰੀਆਂ ਦੇ ਰਹਿਮੋ-ਕਰਮ ਤੋਂ ਵੱਖ ਹੋ ਵਿਦਵਾਨਾਂ ਦੀ ਕੌਮ ਬਣ ਸਕਦੀ ਹੈ ਜਿਸ ਨੂੰ ਦੁਨੀਆਂ ਦੀ ਕੋਈ ਅੰਧ-ਵਿਸ਼ਵਾਸੀ,ਕਰਮ-ਕਾਂਢੀ ਲੋਟੂ ਜੁੰਡਲੀ ਵਰਗਲਾ ਕੇ ਆਰਥਿਕ ਅਤੇ ਮਾਨਸਿਕ ਪੱਧਰ ਤੇ ਲੁੱਟ ਨਹੀਂ ਸਕੇਗੀ। ਵੈਸੇ ਅੱਜ-ਕਲ ਗੁਰਮਤਿ ਪ੍ਰਚਾਰ ਪੁਰਾਣੇ ਜਮਾਨੇ ਵਾਂਗ ਖਾਸ ਸਮੇਂ ਸੰਗਤਾਂ ਦੇ ਇਕੱਠਿਆਂ ਹੋਣ ਤੇ ਕੇਵਲ ਕਿਸੇ ਸਰਬ ਸਾਂਝੀ ਗੁਰਦਵਾਰੇ ਵਰਗੀ ਸਟੇਜ ਦਾ ਮੁਹਤਾਜ ਨਹੀਂ ਰਿਹਾ ਬਲਕਿ ਇੰਟਰਨੈੱਟ ਅਧਾਰਿਤ ਸੰਚਾਰ ਦੇ ਨਵੇਂ ਨਵੇਂ ਸਾਧਨਾਂ ਦੀ ਵਰਤੋਂ ਨਾਲ ਬੱਝਵੇਂ ਸਮੇਂ ਤੋਂ ਆਜਾਦ ਹੋ ਹਰ ਜਗਿਆਸੂ ਸਿੱਧਾ ਹੀ ਗੁਰਮਤਿ ਸਿੱਖਣ ਸਿਖਾਣ ਦੀਆਂ ਸਟੇਜਾਂ ਨਾਲ ਜੁੜਦਾ ਜਾ ਰਿਹਾ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Wednesday, April 17, 2013

ਕਦੋਂ ਸਿਖ ਜਾਗਣ ਗੇ ਅਤੇ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਉਤਸਵ ਅਸਲ ਤਿਥੀ ਉਤੇ ਮਨਾਉਣ ਗੇ ?



ਕਦੋਂ ਸਿਖ ਜਾਗਣ ਗੇ ਅਤੇ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਉਤਸਵ ਅਸਲ ਤਿਥੀ ਉਤੇ ਮਨਾਉਣ ਗੇ ?
ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ

ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ(ਰਾਏ ਭੋਏ ਦੀ ਤਲਵੰਡੀ) ਵਿਖੇ ਮੇਹਤਾ ਕਲਯਾਨ ਦਾਸ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਿਹ ਵਿਖੇ ਵੇਸਾਖ ਸੁਦੀ , ੨੦ ਵੇਸਾਖ ਸੰਬਤ ੧੫੨੬ ਅਰਥਾਤ ੧੫ ਅਪ੍ਰੈਲ ਸੰਨ ੧੪੬੯ ਨੂੰ ਹੋਇਆ। ਵੇਖੋ ਮਹਾਂਨ ਕੋਸ਼ ਪੰਨਾਂ ੬੯੨ (੧੯੭੪)

ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਜਿਸ 'ਨਿਰਮਲ ਪੰਥ' ਦੀ ਬੁਨਿਆਦ ਰਖੀ ਸੀ, ਇਹ 'ਨਿਰਮਲ ਪੰਥ' ਹੀ ਸਤਿਗੁਰੁ ਗੋਬਿੰਦ ਸਿੰਘ ਸਾਹਿਬ ਜੀ ਤਕ ਵਿਕਾਸ ਕਰ ਕੇ 'ਗੁਰੂ ਖਾਲਸਾ ਪੰਥ' ਦੇ ਰੂਪ ਵਿਚ ਪਰਗਟ ਹੋਇਆ। ਇਸੇ 'ਗੁਰੂ ਖਾਲਸਾ ਪੰਥ' ਨੂੰ ਹੀ ਭਾਈ ਗੁਰਦਾਸ ਸਿੰਘ ਆਪਣੀ ਵਾਰ ਵਿਚ 'ਤੀਸਰ ਪੰਥ' ਦਾ ਨਾਮ ਦਿੰਦਿਆਂ ਫੁਰਮਾਂਦੇ ਹਨ: "ਇਉਂ ਤੀਸਰ ਪੰਥ ਚਲਾਿੲਨ ਵਡ ਸੂਰ ਗਹੇਲਾ।"

Tuesday, April 16, 2013


ਸਾਡਾ ਹੱਕ
ਜ਼ਖਮ, ਜੁਲਮ ਦੇ ਦੇਣੇ, ਹੱਕ ਸਮਝਦੇ ਨੇ,
ਕੋਈ ਜ਼ਖਮ ਦਿਖਾਉਣਾ, ਕਹਿੰਦੇ ਹੱਕ ਨਹੀਂ
ਚੰਗੇਜ,ਹਲਾਕੂ,ਹਿਟਲਰ ਵਾਲੀ ਨੀਤੀ ਤੇ,
ਮਾਰਨ ਤੇ ਕੁਰਲਾਉਣਾ, ਕਹਿੰਦੇ ਹੱਕ ਨਹੀਂ
ਲਾਸ਼ਾਂ ਦੀ ਗਿਣਤੀ ਵੀ ਜੇਕਰ ਕਰਦੇ ਹੋ,
ਲੋਕਾਂ ਨੂੰ ਗਿਣਵਾਉਣਾ, ਕਹਿੰਦੇ ਹੱਕ ਨਹੀਂ
ਨੀਤੀ ਦੇ ਨਾਲ ਲੋਕ ਸੰਮੋਹਣ ਕੀਤੇ ਨੇ,
ਕੱਚੀ ਨੀਂਦ ਜਗਾਉਣਾ, ਕਹਿੰਦੇ ਹੱਕ ਨਹੀਂ
ਸਿਰਾਂ ਦੀ ਗਿਣਤੀ ਨਾਲ ਹਕੂਮਤ ਚਲਦੀ ਹੈ,
ਅੰਦਰੋਂ ਸਿਰ ਅਜਮਾਉਣਾ, ਕਹਿੰਦੇ ਹੱਕ ਨਹੀਂ
ਧਰਮੀਂ ਦੇ ਪਹਿਰਾਵੇ ਅੰਦਰ ਰਹਿਣਾ ਹੈ,
ਐਪਰ ਧਰਮ ਕਮਾਉਣਾ, ਕਹਿੰਦੇ ਹੱਕ ਨਹੀਂ
ਮੁਜਰਿਮ ਦੇ ਨਾਲ ਯਾਰੀ ਸਾਡੀ ਨੀਤੀ ਹੈ,
ਪਰ ਇਨਸਾਫ਼ ਦਿਵਾਉਣਾ, ਕਹਿੰਦੇ ਹੱਕ ਨਹੀਂ
ਕਲਮਾਂ, ਟੀ-ਵੀ, ਅਖਬਾਰਾਂ ਤੇ ਨੈੱਟ ਰਾਹੀਂ,
ਰਤਾ ਆਵਾਜ਼ ਉਠਾਉਣਾ, ਕਹਿੰਦੇ ਹੱਕ ਨਹੀਂ
ਜੋ ਬੀਤੀ ਸੋ ਬੀਤੀ ਬਹਿਕੇ ਸਬਰ ਕਰੋ,
ਸਾਡਾ ਹੱਕ ਫਿਲਮਾਉਣਾ, ਕਹਿੰਦੇ ਹੱਕ ਨਹੀਂ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) gsbarsal@gmail.com

Thursday, March 21, 2013


ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ !ਅਵਤਾਰ ਸਿੰਘ ਮਿਸ਼ਨਰੀ (5104325827)
 
ਭਾ. ਕਾਨ੍ਹ ਸਿੰਘ ਜੀ ਨ੍ਹਾਭਾ ਨੇ "ਹੋਲੇ-ਮਹੱਲੇ" ਬਾਰੇ ਇਸ ਤਰ੍ਹਾਂ ਲਿਖਿਆ ਹੈ “ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਧੀ ਇੱਕ ਨੂੰ ਸਿਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। 'ਮਹੱਲਾਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹੱਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸ਼ਤ੍ਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। ਅਸੀਂ ਸਾਲ ਪਿਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਂਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ" ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰ ਇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਸਾਹਿਤ ਸਭਾ ਕੈਲੇਫੋਰਨੀਆਂ ਦਾ ਇਕ ਨਵਾਂ ਤਜ਼ਰਬਾ
.............................................................
ਜਿਆਦਾ ਤਰ ਪੰਜਾਬੀਆਂ ਜਿਸ ਵੀ ਦੇਸ ਵਿੱਚ ਪਰਵਾਸ ਕੀਤਾ ਹੈ, ਉੱਥੋਂ ਦੇ ਰੰਗ ਵਿੱਚ ਰੰਗਣ ਦੀ ਬਜਾਏ ਆਪਣੇ ਨਾਲ ਲੈ ਗਏ ਸਭਿਆਚਾਰ ਦੇ ਹੀ ਝੰਡੇ ਗੱਡੇ ਹਨ। ਪਰਦੇਸਾਂ ਵਿੱਚ ਹਰ ਸ਼ਹਿਰ ਵਿੱਚ ਗੁਰਦਵਾਰੇ ਅਤੇ ਉੱਥੇ ਚਲਦੇ ਪੰਜਾਬੀ ਦੇ ਸਕੂਲ ਆਮ ਹੀ ਦਿਖਾਈ ਦਿੰਦੇ ਹਨ। ਪੰਜਾਬੀ ਕਲਾਸਾਂ, ਗੁਰਮਤਿ ਕਲਸਾਂ, ਕੀਰਤਨ ਕਲਾਸਾਂ, ਗੱਤਕਾਂ ਕਲਾਸਾਂ ਦੇ ਨਾਲ ਨਾਲ ਕਈ ਜਗਹ ਬੱਚਿਆਂ ਵਿੱਚ ਭਾਸ਼ਣ, ਕਵੀਤਾਵਾਂ, ਆਦਿ ਦੀ ਸਿਖਲਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਭੰਗੜੇ, ਗਿੱਧੇ ਵਰਗੇ ਲੋਕ ਨਾਚਾਂ ਦੀਆਂ ਅਕੈਡਮੀਆਂ ਵੀ ਚਲ ਰਹੀਆਂ ਹਨ। ਹਰ ਕਾਲੇਜ ਯੂਨੀਵਰਸਟੀ ਦੀ ਆਪੋ ਆਪਣੀ ਭੰਗੜਾ ਟੀਮ ਹੈ ਜਿਨਾਂ ਦੇ ਆਪਸੀ ਮੁਕਾਬਲੇ ਅਕਸਰ ਚਲਦੇ ਰਹਿੰਦੇ ਹਨ। ਸਾਹਿਤ ਦੀ ਪਰਫੁੱਲਤਾ ਲਈ ਹਰ ਸ਼ਹਿਰ ਜਾਂ ਇਲਾਕੇ ਵਿੱਚ ਸਾਹਿਤ ਸਭਾਵਾਂ ਵੀ ਸਰਗਰਮ ਦੇਖੀਆਂ ਜਾ ਸਕਦੀਆਂ ਹਨ। ਕਵੀ ਦਰਬਾਰ, ਕਹਾਣੀ ਦਰਬਾਰ, ਕਿਤਾਬਾਂ ਦੀ ਛਪਾਈ, ਘੁੰਡ ਚੁਕਾਈ, ਅਲੋਚਨਾਂ ਅਤੇ ਦੂਰ ਦੁਰਾਡੇ ਤੋਂ ਆਏ ਸਾਹਿਤਕਾਰਾਂ ਦੇ ਸਨਮਾਨ ਵਿੱਚ ਅਕਸਰ ਮਹਿਫਲਾਂ ਜੁੜਦੀਆਂ ਹੀ ਰਹਿੰਦੀਆਂ ਹਨ। ਪਰ ਇਕ ਘਾਟ ਜੋ ਅਕਸਰ ਮਹਿਸੂਸ ਕਰੀ ਜਾਂਦੀ ਹੈ ਕਿ ਸਾਹਿਤ ਸਭਾਵਾਂ ਵਿੱਚ ਜੁੜ ਰਹੇ ਸ਼ਾਇਰ ਤਕਰੀਬਨ ਇੰਡੀਆ ਤੋਂ ਲਿਖੇ-ਪੜੇ ਹੀ ਹੁੰਦੇ ਹਨ। ਬਾਹਰਲੇ ਮੁਲਖਾਂ ਵਿੱਚ ਜੰਮੇ-ਪਲੇ ਬੱਚਿਆਂ ਦੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਿਰਕਤ ਨਾ ਬਰਾਬਰ ਹੈ। 

Sunday, March 10, 2013

ਮਰਹੂਮ ਸ੍ਰ. ਗਿਆਨ ਸਿੰਘ ਮਿਸ਼ਨਰੀ ਜੀ ਨੂੰ  ਵਿਦਵਾਨਾਂ ਅਤੇ ਸਬੰਧੀਆਂ ਵੱਲੋਂ ਯਾਦਗਾਰੀ ਸ਼ਰਧਾਂਜਲੀ
(ਅਵਤਾਰ ਸਿੰਘ ਮਿਸ਼ਨਰੀ) ਮਿਸ਼ਨਰੀ ਲਹਿਰ ਦੇ ਮੋਢੀ ਅਤੇ ਕਿਰਤੀ ਪ੍ਰਚਾਰਕ ਸ੍ਰ. ਗਿਆਨ ਸਿੰਘ ਮਿਸ਼ਨਰੀ ਸੈਕਰਾਮੈਂਟੋ ਜੋ 11 ਫਰਵਰੀ 2013 ਨੂੰ ਕੈਲੇਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅਕਾਲ ਚਲਾਣਾ ਕਰ ਗਏ ਜੋ ਪੰਜਾਬ ਦੇ ਪਿੰਡ ਨਿਝਰਾਂ (ਜਲੰਧਰ) ਦੇ ਰਹਿਣ ਵਾਲੇ ਸਨ। ਆਪ ਜੀ ਦਾ ਜਨਮ ਸ੍ਰ. ਰੇਸ਼ਮ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਸੰਨ 1941 ਨੂੰ ਹੋਇਆ। ਬਚਪਨ ਅਤੇ ਜਵਾਨੀ ਪੰਜਾਬ ਵਿੱਚ ਹੀ ਪੜ੍ਹਦੇ, ਖੇਤੀ ਅਤੇ ਵੱਖ-ਵੱਖ ਥਾਵਾਂ ਤੇ ਬਾਖੂਬੀ ਨੌਕਰੀ ਅਤੇ ਧਰਮ ਪ੍ਰਚਾਰ ਕਰਦੇ ਬੀਤੀ। ਆਪ ਜੀ ਯੂਨੀਵਰਸਿਟੀ ਨਵੀਂ ਦਿੱਲ੍ਹੀ ਤੋਂ ਗਰੈਜੂਏਟ ਸਨ ਅਤੇ 1975 ਈ. ਵਿੱਚ ਆਪ ਜੀ ਨੇ ਮਿਸ਼ਨਰੀ ਕਾਲਜ ਦਿੱਲ੍ਹੀ ਵਿੱਚ ਦਾਖਲਾ ਲੈ ਕੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ। ਆਪ ਜੀ ਦੀ ਸ਼ਾਦੀ ਬੀਬੀ ਨਸੀਬ ਕੌਰ ਨਾਲ ਹੋਈ ਅਤੇ ਆਪ ਜੀ ਦੇ ਬਾਗ ਪ੍ਰਵਾਰ ਵਿੱਚ ਵੱਡੇ ਸਪੁੱਤਰ ਹਰਨੇਕ ਸਿੰਘ- ਨੂੰਹ ਨਰਿੰਦਰਜੀਤ ਕੌਰ, ਅਮੋਲ ਕੌਰ ਪੋਤੀ ਅਤੇ ਅਮਿਤ ਸਿੰਘ ਪੋਤਾ, ਵਿਚਲੇ ਸਪੁੱਤਰ ਜਸਵੀਰ ਸਿੰਘ-ਨੂੰਹ ਜਤਿੰਦਰਜੀਤ ਕੌਰ ਅਤੇ ਪੋਤੀਆਂ ਅਮਰ ਕੌਰ, ਪ੍ਰੀਤ ਕੌਰ, ਰੂਪ ਕੌਰ ਅਤੇ ਸੋਹਿਨੀ ਕੌਰ, ਛੋਟੇ ਸਪੁੱਤਰ ਸ੍ਰ, ਅਮਰਜੀਤ ਸਿੰਘ ਨੂੰਹ-ਸਰਬਜੀਤ ਕੌਰ, ਪੋਤਾ ਸਾਹਿਬਵੀਰ ਸਿੰਘ ਅਤੇ ਪੋਤੀ ਜੈਸਮੀਨ ਕੌਰ ਹਨ।
ਅੰਕਲ ਜੀ ਆਪਣੇ ਕੰਮ ਵਿੱਚੋਂ ਸਮਾਂ ਕੱਢ੍ਹ ਕੇ ਹਰ ਉਮਰ ਭਾਵ ਬੱਚਿਆਂ, ਜਵਾਨਾਂ ਅਤੇ ਬਜੁਰਗਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਗੁਰਮਤਿ ਸਿਖਲਾਈ ਕਲਾਸਾਂ ਲਾਉਂਦੇ, ਮਿਸ਼ਨਰੀ ਮੈਗਜ਼ੀਨ ਬੁੱਕ ਕਰਦੇ ਅਤੇ ਗੁਰਮਤਿ ਸਟਾਲਾਂ ਦੀ ਸੇਵਾ, ਵਿੱਚ ਬਿਜੀ ਰਹਿੰਦੇ। ਆਪ ਜੀ ਗੁਰਬਾਣੀ ਦੀ ਨਿਰੋਲ ਕਥਾ ਕਰਦੇ ਸਨ ਜੋ ਆਖਰੀ ਦਮ ਤੱਕ ਬਰਾਡਸ਼ਾਹ ਗੁਰਦੁਆਰੇ ਤੋਂ ਬਾਅਦ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵੀ ਕਰਦੇ ਰਹੇ। ਆਪ ਜੀ ਗੁਰਮਤਿ ਪ੍ਰਚਾਰ ਤੋਂ ਛੁੱਟ ਸਮਾਜਿਕ ਤੌਰ ਤੇ ਵੀ ਲੋੜਵੰਦਾਂ ਦੀ ਮਦਦ ਕਰਦੇ ਸਨ ਜੋ ਉਨ੍ਹਾਂ ਨੇ ਆਪਣੇ ਵਿਕਸਤ ਪਿੰਡ ਨਿਝਰਾਂ ਤੋਂ ਹੀ ਸ਼ੁਰੂ ਕੀਤੀ ਸੀ। ਜਿੰਦਗੀ ਦੇ ਆਖਰੀ ਪੜ੍ਹਾ ਤੇ ਪੰਜਾਬ (ਭਾਰਤ) ਤੋਂ ਰੀਟਾਇਰ ਹੋ ਕੇ, ਆਪਣੇ ਵੱਡੇ ਸਪੁੱਤਰ ਹਰਨੇਕ ਸਿੰਘ ਨਿੱਝਰ ਕੋਲ ਸੈਕਰਾਮੈਂਟੋ ਆ ਗਏ। ਆਪ ਜੀ ਮਿਹਨਤੀ ਸੁਭਾਅ ਦੇ ਮਾਲਿਕ ਹੋਣ ਕਰਕੇ, ਇੱਥੇ ਵੀ ਸਕੂਲੀ ਦਫਤਰ ਵਿੱਚ ਕੰਮ ਕਰਦੇ ਰਹੇ, ਨਾਲ-ਨਾਲ ਧਰਮ ਪ੍ਰਚਾਰ ਵੀ ਜਾਰੀ ਰੱਖਿਆ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ। ਆਪ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਨਾ ਵੱਲੋਂ ਪ੍ਰਕਾਸ਼ਤ ਹੁੰਦੇ ਮੈਗਜ਼ੀਨ ਮਿਸ਼ਨਰੀ ਸੇਧਾਂ ਅਤੇ ਸਿੱਖ ਫੁਲਵਾੜੀ ਭਾਰੀ ਗਿਣਤੀ ਵਿੱਚ ਸੰਗਤਾਂ ਵਿੱਚ ਵੰਡੇ ਅਤੇ ਬੁੱਕ ਕੀਤੇ।
ਆਪ ਜੀ ਗੁਰਬਾਣੀ ਦੇ ਵੀ ਸੁਲਝੇ ਹੋਏ ਵਿਆਖਿਆਕਾਰ ਸਨ। ਆਪ ਜੀ ਦੇ ਸਹਿਜ ਸੁਭਾਅ, ਗੁਣਾਂ ਅਤੇ ਲਿਆਕਤ ਨੂੰ ਦੇਖ ਕੇ ਗੁਰਦੁਆਰਾ ਬਰਾਡਸ਼ਾਹ (ਸੈਕਰਾਮੈਂਟੋ) ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਆਪ ਜੀ ਨੂੰ ਗੁਰਦੁਆਰੇ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਪਦਵੀ ਸੌਂਪ ਦਿੱਤੀ। ਆਪ ਜੀ ਪ੍ਰਧਾਨ ਹੁੰਦੇ ਹੋਏ ਵੀ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਰਹੇ। ਆਮ ਤੌਰ ਤੇ ਕਮੇਟੀ ਮੈਂਬਰ ਗੁਰਬਾਣੀ ਦੀ ਕਥਾ ਨਹੀਂ ਕਰਦੇ, ਉਹ ਇਹ ਕੰਮ ਭਾਈਆਂ ਕਥਾਕਾਰਾਂ ਦਾ ਸਮਝਦੇ ਹਨ। ਇਸ ਕਰਕੇ ਬਹੁਤੀ ਵਾਰ ਉਹ ਚੰਗੇ ਸੁਲਝੇ ਹੋਏ ਕਥਾਵਾਚਕ ਪ੍ਰਚਾਰਕਾਂ ਦੀ ਸੇਵਾ ਨਹੀਂ ਲੈਂਦੇ ਅਤੇ ਡੇਰੇਦਾਰ ਸੰਪ੍ਰਦਾਈ ਕਥਾਵਾਚਕ ਹੀ ਬੁਲਾਉਂਦੇ ਰਹਿੰਦੇ ਹਨ ਜੋ ਗੁਰਬਾਣੀ ਘੱਟ ਅਤੇ ਮਨਘੜਤ ਮਿਥਿਹਾਸਕ ਕਹਾਣੀਆਂ ਵੱਧ ਸੁਣਾਂਦੇ, ਕਰਮਕਾਂਡਾਂ ਦਾ ਪ੍ਰਚਾਰ ਕਰਦੇ ਹੋਏ, ਪ੍ਰਬੰਧਕਾਂ ਦੀ ਜੀ ਹਜੂਰੀ ਵੱਧ ਕਰ ਜਾਂਦੇ ਹਨ।
ਦਾਸ ਵੀ ਜਦ ਸੰਨ 1996 ਨੂੰ ਕੈਲੇਫੋਰਨੀਆਂ ਵਿਖੇ ਵੈਸਟ ਸੈਕਰਾਮੈਂਟੋ ਗੁਰਦੁਆਰੇ ਵਿਖੇ ਕਥਾ ਕਰ ਰਿਹਾ ਸੀ ਤਾਂ ਬਰਾਡਸ਼ਾਹ ਦੇ ਟਕਸਾਲੀ ਪ੍ਰਬੰਧਕ ਦਾਸ ਨੂੰ ਗੋਲ ਪੱਗ ਅਤੇ ਚੋਲਾ ਪਹਿਨਿਆ ਹੋਣ ਕਰਕੇ ਗ੍ਰੰਥੀ ਦੀ ਸੇਵਾ ਵਾਸਤੇ ਬਰਾਡਸ਼ਾਹ ਲੈ ਗਏ ਜਿੱਥੇ ਦਾਸ ਨੇ ਪਹਿਲੇ ਦਿਨ ਐਤਵਾਰ ਨੂੰ ਮੂਲ ਮੰਤ੍ਰ ਦੀ ਕਥਾ ਕੀਤੀ। ਸ੍ਰ. ਗਿਆਨ ਸਿੰਘ ਜੀ ਨੇ ਟੈਸਟ ਲੈ ਕੇ ਪਾਸ ਕਰਨਾ ਸੀ। ਜਦ ਉਹ ਟੇਬਲ ਤੇ ਲੰਗਰ ਛਕ ਰਹੇ ਸਨ ਤਾਂ ਦਾਸ ਵੀ ਲੰਗਰ ਲੈ ਕੇ ਉਨ੍ਹਾਂ ਦੇ ਨਾਲ ਟੇਬਲ ਤੇ ਲੰਗਰ ਛੱਕਣ ਲੱਗਾ ਤਾਂ ਉਨ੍ਹਾਂ ਬੜੇ ਗਹੁ ਨਾਲ ਦੇਖਿਆ ਕਿ ਦੇਖਣ ਨੂੰ ਇਹ ਗਿਆਨੀ ਟਕਸਾਲੀ ਲਗਦਾ ਹੈ ਪਰ ਇਨ੍ਹੇ ਕਥਾ ਤਾਂ ਗੁਰਮਤਿ ਅਨੁਸਾਰ ਕੀਤੀ ਹੈ ਅਤੇ ਲੰਗਰ ਵੀ ਤੱਪੜ ਤੇ ਨਹੀਂ ਛਕਿਆ। ਜਦ ਆਪਸੀ ਗੱਲਾਂ ਬਾਤਾਂ ਕੀਤੀਆ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਦਾਸ ਤਾਂ ਮਿਸ਼ਨਰੀ ਕਾਲਜ ਰੋਪੜ ਦਾ ਵਿਦਿਆਰਥੀ ਹੈ ਜਿੱਥੇ ਪਹਿਲੀਆਂ ਕਲਾਸਾਂ ਅਰੰਭ ਹੋਣ ਵੇਲੇ ਹਾਜਰ ਸੀ ਤਾਂ ਉਨ੍ਹਾਂ ਨੇ ਉਸੇ ਵੇਲੇ ਦਾਸ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪ ਦਿੱਤੀ। ਦਾਸ ਨੇ ਗੁਰਦੁਆਰਾ ਸਾਹਿਬ ਵਿਖੇ ਬੁੱਧਵਾਰ ਦੇ ਦਿਵਾਨ ਵੀ ਸ਼ੁਰੂ ਕਰਕੇ ਕਥਾ ਕਰਨੀ ਆਰੰਭੀ ਅਤੇ ਬੱਚਿਆਂ ਦੀਆਂ ਪੰਜਾਬੀ ਗੁਰਮਤਿ ਦੀਆ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ। ਉਸ ਵੇਲੇ ਵੀ ਕਮੇਟੀ ਵਿੱਚ ਸੰਪ੍ਰਦਾਈ ਬਿਰਤੀ ਵਾਲੇ ਅਤੇ ਪਹੇਵੇ ਵਾਲੇ ਡੇਰੇਦਾਰ ਦੇ ਸ਼ਰਧਾਲੂ ਸਨ ਜੋ ਤੱਤ ਗੁਰਮਤਿ ਪ੍ਰਚਾਰ ਤੋਂ ਔਖੇ ਹੋਣ ਲੱਗ ਪਏ। ਬਦਕਿਸਮਤੀ ਨੂੰ ਦਾਸ ਦਾ ਖਤਰਨਾਕ ਐਕਸੀਡੈਂਟ ਹੋ ਗਿਆ ਜਿਸ ਕਰਕੇ ਲੰਬਾ ਸਮਾਂ ਮੌਤ ਤੇ ਮੂੰਹ ਵਿੱਚ ਪਏ ਨੂੰ ਯੂਸੀ ਡੇਵਿਡ ਹਸਪਤਾਲ ਵਿਖੇ ਰਹਿਣਾ ਪਿਆ। ਪਿੱਛੋਂ ਇੱਕ ਸੰਪ੍ਰਦਾਈ ਸ੍ਰ. ਗਿਆਨ ਸਿੰਘ ਜੀ ਅਤੇ ਪ੍ਰਬੰਧਕਾਂ ਨਾਲ ਇਹ ਵਾਹਿਦਾ ਕਰਕੇ ਗ੍ਰੰਥੀ ਲੱਗ ਗਿਆ ਕਿ ਉਹ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਦੇ ਦਾਇਰੇ ਚ’ ਹੀ ਸੇਵਾ ਕਰੇਗਾ ਪਰ ਪੇਪਰ ਮਿਲਣ ਤੋਂ ਬਾਅਦ ਸਾਰੇ ਸੰਪ੍ਰਦਾਈ ਕਰਮਕਾਂਡ ਕਰਨ ਲੱਗ ਪਿਆ। ਓਧਰੋਂ ਸ੍ਰ. ਗਿਆਨ ਸਿੰਘ ਅਤੇ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਵੀ ਅਤਸੀਫਾ ਦੇ ਗਏ ਪਰ ਅੰਕਲ ਗਿਆਨ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਵਿਚਾਰ ਜਾਰੀ ਰੱਖੀ।
ਅੰਕਲ ਜੀ ਨੇ ਆਖਰੀ ਦਮਾਂ ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿੱਥੇ ਸ੍ਰ. ਅਵਤਾਰ ਸਿੰਘ ਅਟਵਾਲ ਪ੍ਰਧਾਨ, ਰਾਗੀ ਭਾਈ ਹਰਮੇਸ਼ ਸਿੰਘ ਅਤੇ ਭਾਈ ਹਰਨੇਕ ਸਿੰਘ ਪੰਜੇਟਾ ਸੇਵਾਦਾਰ ਹੈ ਓਥੇ ਗੁਰਬਾਣੀ ਦੀ ਗਿਆਨਮਈ ਕਥਾ ਕੀਤੀ। ਸਾਰੇ ਸੈਕਰਾਮੈਂਟੋ ਸ਼ਹਿਰ ਵਿਖੇ ਹੀ ਆਪ ਜੀ ਦਾ ਬੜਾ ਮਾਨ ਸਤਿਕਾਰ ਸੀ। ਆਪ ਜੀ ਦੇ ਸਸਕਾਰ ਅਤੇ ਗੁਰਦੁਆਰੇ ਅੰਤਮ ਅਰਦਾਸ ਤੱਕ ਸੰਗਤਾਂ, ਪ੍ਰੇਮੀਆਂ, ਰਿਸ਼ਤੇਦਾਰਾਂ ਅਤੇ ਗੁਰਮਤਿ ਅਵਲੰਭੀਆਂ ਦਾ ਭਾਰੀ ਇਕੱਠ ਸੀ। ਖਾਸ ਕਰਕੇ ਬਜੁਰਗ ਵਿਦਵਾਂਨ ਪ੍ਰਿੰਸੀਪਲ ਸ੍ਰ. ਸੁਰਜੀਤ ਸਿੰਘ ਫਰਿਜ਼ਨੋ, ਪ੍ਰਸਿੱਧ ਲੇਖਕ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਪ੍ਰਵਾਰ, ਦਾਸ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਵਰਲਡ ਸਿੱਖ ਫੈਡਰੇਸ਼ਨ ਦੇ ਉਘੇ ਕਵੀ ਅਤੇ ਲਿਖਾਰੀ ਸ੍ਰ. ਗੁਰਮੀਤ ਸਿੰਘ ਬਰਸਾਲ ਅਤੇ ਸ੍ਰ. ਨਗਿੰਦਰ ਸਿੰਘ ਬਰਸਾਲ, ਉਘੇ ਚਿੰਤਕ ਸ੍ਰ. ਹਾਕਮ ਸਿੰਘ, ਗਿ. ਕੁਲਦੀਪ ਸਿੰਘ, ਗੁਰਦੁਆਰਾ ਕਮੇਟੀਆਂ ਦੇ ਮੈਂਬਰ ਅਤੇ ਹੋਰ ਉਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਸ੍ਰ. ਗਿਆਨ ਸਿੰਘ ਜੀ ਮਿਸ਼ਨਰੀ ਦੇ ਪੋਤੇ ਪੋਤੀਆਂ ਨੇ ਬੜੇ ਠਰੰਮੇ ਨਾਲ ਗੁਰਮਤਿ ਅਨੁਸਾਰੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕੋਈ ਰੋਣਾਂ ਧੋਣਾ ਨਹੀਂ ਸੀ ਸਗੋਂ ਸੰਗਤਾਂ, ਪ੍ਰਵਾਰ ਅਤੇ ਰਿਸ਼ਤੇਦਾਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ।
ਅਖੀਰ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਪਾਠ ਦੀ ਸਮਾਪਤੀ ਤੋਂ ਬਾਅਦ ਭਾਈ ਹਰਮੇਸ਼ ਸਿੰਘ ਜੀ ਹਜੂਰੀ ਰਾਗੀ ਜਥੇ ਨੇ ਭਾਵਭਿੰਨਾ ਕੀਰਤਨ, ਦਾਸ ਨੇ ਗੁਰਬਾਣੀ ਵਿਆਖਿਆ, ਬੀਬੀ ਹਰਸਿਮਰਤ ਕੌਰ ਖਾਲਸਾ ਨੇ ਅਕਾਲ ਚਲਾਣੇ ਬਾਰੇ ਸਪੀਚ ਅਤੇ ਗੁਰਦੁਆਰਾ ਸੈਕਟਰੀ ਮਾਸਟਰ ਅਵਤਾਰ ਸਿੰਘ ਜੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਆਈਆਂ ਸੰਗਤਾਂ, ਰਾਗੀਆਂ, ਗ੍ਰੰਥੀਆਂ, ਵਿਦਵਾਨਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਪ੍ਰਵਾਰਕ ਜੁਮੇਵਾਰੀ ਦੀ ਦਸਤਾਰ ਉਨ੍ਹਾਂ ਦੇ ਵੱਡੇ ਸਪੁੱਤਰ ਸ੍ਰ. ਹਰਨੇਕ ਸਿੰਘ ਨੂੰ ਸਜਾਈ ਗਈ। ਕਨੇਡਾ ਤੋਂ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਪੰਜਾਬ ਭਾਰਤ ਤੋਂ ਪ੍ਰਿੰਸੀਪਲ ਬਲਜੀਤ ਸਿੰਘ ਮਿਸ਼ਨਰੀ ਰੋਪੜ, ਵਾਈਸ ਪ੍ਰਿੰਸੀਪਲ ਗਿ. ਹਰਭਜਨ ਸਿੰਘ ਮਿਸ਼ਨਰੀ, ਗਿ. ਰਣਜੋਧ ਸਿੰਘ ਮਿਸ਼ਨਰੀ, ਦੁਰਹਮ ਅਮਰੀਕਾ ਤੋਂ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਰੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਤੋਂ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਅਤੇ ਚੇਅਰਮੈਨ ਸ੍ਰ. ਇੰਦ੍ਰਜੀਤ ਸਿੰਘ ਰਾਣਾ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸ੍ਰ. ਹਰਜੀਤ ਸਿੰਘ ਮਿਸ਼ਨਰੀ ਜਲੰਧਰ, ਗਿ. ਗੁਰਬਖਸ਼ ਸਿੰਘ ਮਿਸ਼ਨਰੀ ਇੰਗਲੈਂਡ, ਪ੍ਰਸਿੱਧ ਪ੍ਰਚਾਰਕ ਤੇ ਲੇਖਕ ਸ੍ਰ. ਇੰਦਰ ਸਿੰਘ ਘੱਗਾ, ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਉਘੇ ਲੇਖਕ ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਇੰਟ੍ਰਨੈਸ਼ਨਲ ਸਿੰਘ ਸਭਾ ਦੇ ਸ੍ਰ. ਚਮਕੌਰ ਸਿੰਘ ਮਿਸ਼ਨਰੀ ਫਰਿਜਨੋ ਅਤੇ ਸ੍ਰ. ਜਸਮਿਤਰ ਸਿੰਘ ਮੁਜੱਫਰਪੁਰ (ਨਿਊਯਰਸੀ) ਆਦਿਕ ਸਭ ਵਿਦਵਾਨਾਂ ਨੇ ਫੋਨ ਸਨੇਹਿਆਂ ਰਾਹੀਂ ਸ਼ਰਧਾਂਜਲੀਆਂ ਭੇਟ ਅਤੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਅੰਕਲ ਜੀ ਦਾ ਜਿੱਥੇ ਨਾਮ ਗਿਆਨ ਸਿੰਘ ਸੀ ਓਥੇ ਉਹ ਗਿਆਨ ਦੇ ਵੀ ਭੰਡਾਰ ਸਨ। ਉਨ੍ਹਾਂ ਦਾ ਸੁਭਾਅ ਬੜਾ ਮਿੱਠਾ ਸੀ ਹਰ ਵੇਲੇ ਚੇਹਰੇ ਤੇ ਖੁਸ਼ਹਾਲੀ ਰਹਿੰਦੀ ਸੀ। ਗੁਰਮਤਿ ਬਾਰੇ ਜਦ ਵੀ ਸਵਾਲ ਪੁਛਣਾਂ ਤਾਂ ਉਨ੍ਹਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾ ਦੇਣਾ ਜੋ ਸੌਖਿਆਂ ਹੀ ਸਾਡੇ ਸਮਝ ਆ ਜਾਣਾ। ਉਨ੍ਹਾਂ ਦੇ ਵਿਛੋੜਾ ਦੇ ਜਾਣ ਨਾਲ ਗੁਰਮਤਿ ਸਿਖਿਆਰਥੀਆਂ ਅਤੇ ਅਵਿਲੰਭੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਖੀਰ ਵਿੱਚ ਅਤੀ ਸਤਿਕਾਰਯੋਗ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਨ੍ਹਾਂ ਦੇ ਬਾਗ ਪ੍ਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਅਕਾਲ ਪੁਰਖ ਸਮੂੰਹ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਸਦੀਵੀ ਚੜ੍ਹਦੀਆਂ ਕਲਾਂ ਬਖਸ਼ੇ।