ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, May 8, 2013


ਗੁਰਮਤਿ ਪ੍ਰਚਾਰ ਅਤੇ ਪ੍ਰਬੰਧ ਦੇ ਬਦਲਦੇ ਰੂਪ
ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਦੁਨੀਆਂ ਤੱਕ ਪਹੁੰਚਾਉਣ ਨੂੰ ਗੁਰਮਤਿ ਦਾ ਪ੍ਰਚਾਰ ਕਿਹਾ ਜਾਂਦਾ ਹੈ। ਗੁਰੂ ਕਾਲ ਵੇਲੇ ਜਿਸ ਵੀ ਜਗਹ ਤੇ ਗੁਰੂ ਸਾਹਿਬ ਵਿਚਰ ਰਹੇ ਹੁੰਦੇ, ਗੁਰਮਤਿ ਪ੍ਰਚਾਰ ਦਾ ਕੇਂਦਰ ਹੁੰਦਾ ਸੀ। ਗੁਰੂ ਪਾਤਸ਼ਾਹ ਦੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਜਿੱਥੇ ਵੀ ਸੰਗਤਾਂ ਲਗਾਤਾਰ ਜੁੜਨ ਲੱਗਦੀਆਂ ਆਪਣੇ ਆਪ ਵਿੱਚ ਪ੍ਰਚਾਰ ਕੇਂਦਰ ਬਣ ਜਾਂਦਾ। ਬਹੁਤ ਵਾਰੀ ਅਜਿਹੇ ਲੋਕ ਜੋ ਮਨੁੱਖਤਾ ਨੂੰ ਤੰਗ ਕਰਦੇ ਸਨ, ਵੀ ਗੁਰੂ ਸਾਹਿਬਾਂ ਦੀਆਂ ਸੱਚ-ਤਰਕ ਦੀਆਂ ਗੱਲਾਂ ਤੋਂ ਪਰਭਾਵਿਤ ਹੋ ਕੇਵਲ ਸ਼ਰਧਾਲੂ ਨਾਂ ਹੋਕੇ ਸਗੋਂ ਗੁਰੂ ਦੀ ਗਲ ਅੱਗੇ ਤੋਰਨ ਵਾਲੇ ਪ੍ਰਚਾਰਕ ਬਣੇ। ਤੀਜੇ ਅਤੇ ਚੌਥੇ ਨਾਨਕ ਵੇਲੇ ਪ੍ਰਚਾਰਕਾਂ ਨੂੰ ਮੰਜੀਆਂ ਅਤੇ ਪੀਹੜਿਆਂ ਨਾਲ ਨਿਵਾਜਿਆ ਗਿਆ ਜਿਹਨਾਂ ਨੂੰ ਉਸ ਵੇਲੇ ਦੀ ਭਾਸ਼ਾ ਅਨੁਸਾਰ ਮਸੰਦ ਕਿਹਾ ਜਾਂਦਾ ਸੀ। ਇਹ ਮਸੰਦ ਗੁਰਮਤਿ ਦੇ ਪਰਚਾਰ ਦੇ ਨਾਲ ਨਾਲ ਸੰਗਤਾਂ ਦੀਆਂ ਭੇਟਾਵਾਂ, ਦਸਵੰਧ ਆਦਿ ਗੁਰੂ ਸਾਹਿਬਾਂ ਤੱਕ ਅਰਥਾਤ ਗੁਰਮਤਿ ਦੇ ਮੁੱਖ ਕੇਂਦਰ ਤੱਕ ਪਹੁੰਚਾਉਂਦੇ ਸਨ। ਸੁਕਿਰਤ ਕਰਨਾ ਗੁਰਮਤਿ ਦਾ ਮੁਢਲਾ ਉਪਦੇਸ਼ ਹੋਣ ਕਾਰਣ ਇਹ ਪ੍ਰਚਾਰਕ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਹੱਥੀਂ ਕਿਰਤ ਕਰਕੇ ਕਰਦੇ ਸਨ। ਗੁਰੂ ਸਾਹਿਬ ਦੇ ਚਲਾਏ ਜਾ ਰਹੇ ਮੁੱਖ ਗੁਰਮਤਿ ਪ੍ਰਚਾਰ ਕੇਂਦਰ ਤੋਂ ਦੂਰ ਦੁਰਾਡੇ ਰਹਿਣ ਵਾਲੀਆਂ ਸੰਗਤਾਂ ਵਿੱਚ ਇਹਨਾਂ ਦਾ ਜਿਆਦਾ ਪ੍ਰਭਾਵ ਹੋਣ ਕਾਰਣ ਇਹ ਪ੍ਰਚਾਰਕ ਵੀ ਸੰਗਤਾਂ ਤੋਂ ਮਾਣ ਸਤਿਕਾਰ ਲੈਂਦੇ ਲੈਂਦੇ ਹਉਮੇ ਗ੍ਰਸਤ ਹੁੰਦੇ ਗਏ। ਹੱਥੀਂ ਕਿਰਤ ਕਰਕੇ ਗੁਜਾਰਾ ਕਰਨ ਦੀ ਜਗਹ ਸੰਗਤਾ ਲਈ ਇਕੱਤਰ ਕੀਤੀਆਂ ਵਸਤਾਂ ਆਪ ਵਰਤਣ ਲੱਗ ਗਏ। ਹੌਲੀ ਹੌਲੀ ਵਧ ਰਹੇ ਲਾਲਚ ਕਾਰਣ ਦਸਵੰਧ ਲਈ ਸੰਗਤਾਂ ਨੂੰ ਤੰਗ ਪਰੇਸ਼ਾਨ ਵੀ ਕਰਨ ਲੱਗ ਗਏ। ਆਖਿਰ ਦਸਵੇਂ ਨਾਨਕ ਨੇ ਇਸ ਮਸੰਦ ਪ੍ਰਥਾ ਨੂੰ ਸਦਾ ਲਈ ਖਤਮ ਕਰਕੇ ਸਿੱਖ ਸੰਗਤਾਂ ਨੂੰ ਕੇਵਲ ਸ਼ਬਦ ਗੁਰੂ ,ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ ਹੋਇਆਂ, ਪਾਵਨ ਉਪਦੇਸ਼ "ਆਪਿ ਜਪਹੁ ਅਵਰਾ ਨਾਮੁ ਜਪਾਵਹੁ"(੨੮੯) ਅਨੁਸਾਰ ਜੀਵਨ ਜੁਗਤ ਨਾਲ ਜੁੜਨ ਤੇ ਜੋਰ ਦਿੱਤਾ। ਜਿਨਾਂ ਥਾਵਾਂ ਤੇ ਸੰਗਤਾਂ ਨੇ ਆਪ ਰਲ-ਮਿਲ ਗੁਰਮਤਿ ਉਪਦੇਸ਼ਾਂ ਨੂੰ ਵਿਚਾਰਨਾ, ਧਾਰਨਾਂ ਅਤੇ ਪ੍ਰਚਾਰਨਾ ਸ਼ੁਰੂ ਕੀਤਾ ਉਹਨਾਂ ਥਾਵਾਂ ਨੂੰ ਪਹਿਲਾਂ ਪਹਿਲ ਧਰਮਸ਼ਾਲਾ ਅਰਥਾਤ ਧਰਮ ਦਾ ਸਕੂਲ ਅਤੇ ਬਾਅਦ ਵਿੱਚ ਗੁਰਦੁਆਰਾ ਅਰਥਾਤ ਗੁਰੂ ਦੀ ਮੱਤ ਲੈਣ ਦਾ ਦੁਆਰ ਕਿਹਾ ਜਾਣ ਲੱਗ ਪਿਆ। ਸ਼ੁਰੂ ਸ਼ੁਰੂ ਵਿੱਚ ਇਹ ਗੁਰਦੁਆਰੇ ਕੇਵਲ ਇਤਿਹਾਸਿਕ ਸਥਾਨਾਂ ਤੇ ਹੀ ਸਨ ਪਰ ਹੌਲੀ ਹੌਲੀ ਸੰਗਤਾਂ ਦੀ ਲੋੜ ਅਨੁਸਾਰ ਸ਼ਹਿਰਾਂ ਪਿੰਡਾਂ ਵਿੱਚ ਬਣਨੇ ਸ਼ੁਰੂ ਹੋ ਗਏ। ਇਹ ਗੁਰਦਵਾਰੇ ਹੀ ਗੁਰਮਤਿ ਪ੍ਰਚਾਰ, ਪ੍ਰਸਾਰ ਦੇ ਕੇਂਦਰ ਬਣ ਗਏ।
ਸ਼ੁਰੂ ਸ਼ੁਰੂ ਵਿੱਚ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਸੰਗਤਾਂ ਵਲੋਂ ਗੁਰਮਤਿ ਨਿਰਦੇਸ਼ਾਂ ਅਨੁਸਾਰ ਪਿਆਰ, ਇਤਫਾਕ ਅਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਹੀ ਹੁੰਦਾ ਸੀ। ਪ੍ਰਚਾਰਕ ਹੀ ਪ੍ਰਬੰਧਕ ਅਤੇ ਪ੍ਰਬੰਧਕ ਹੀ ਪ੍ਰਚਾਰਕ ਹੁੰਦੇ ਸਨ। ਹੌਲੀ ਹੌਲੀ ਗੁਰਦਵਾਰਿਆਂ ਦੇ ਵਧ ਰਹੇ ਅਕਾਰਾਂ ਨਾਲ ਵਧੀਆਂ ਜਿਮੇਵਾਰੀਆਂ ਕਾਰਣ ਪ੍ਰਚਾਰਕ ਅਤੇ ਪ੍ਰਬੰਧਕ ਵੱਖਰੀ ਵੱਖਰੀ ਸ਼੍ਰੇਣੀ ਬਣਦੇ ਗਏ। ਵੱਖ ਵੱਖ ਤਰਾਂ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਵੰਡੀਆਂ ਗਈਆਂ ਜਿੰਮੇਵਾਰੀਆਂ ਅਹੁਦੇਦਾਰੀਆਂ ਵਿੱਚ ਤਬਦੀਲ ਹੋ ਗਈਆਂ। ਹੌਲੀ ਹੌਲੀ ਇਹਨਾਂ ਅਹੁਦੇਦਾਰੀਆਂ ਨੂੰ ਸੰਗਤਾਂ ਤੋਂ ਮਿਲ ਰਹੇ ਸਤਿਕਾਰ ਕਾਰਣ ਹਉਮੇ ਦੀ ਪੁੱਠ ਚੜ੍ਹਨੀ ਸ਼ੁਰੂ ਹੋ ਗਈ ਜਿਸ ਕਾਰਣ ਅਜਿਹੇ ਅਹੁਦਿਆਂ ਤੇ ਰਹਿਕੇ ਮਾਣ ਸਤਿਕਾਰ ਲੈਣ ਦੀ ਲਾਲਸਾ ਹਰ ਹੀਲੇ ਅਹੁਦੇ ਹਥਿਆਉਣ ਦਾ ਮੁਕਾਬਲਾ ਬਣਨ ਲਗ ਗਈ। ਹੌਲੀ ਹੌਲੀ ਇਹ ਅਹੁਦੇਦਾਰ ਆਪਣਿਆਂ ਇਹਨਾਂ ਅਹੁਦਿਆਂ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤਦੇ ਵਰਤਦੇ ਗੁਰਬਾਣੀ ਗਿਆਨ ਵਾਲੇ ਸੇਵਾ ਭਾਵਨਾ ਦੇ ਫਲਸਫੇ ਤੋਂ ਦੂਰ ਹੁੰਦੇ ਚਲੇ ਗਏ। ਦੇਖਦੇ ਦੇਖਦੇ ਦੁਨਿਆਵੀ ਰਾਜਨੀਤੀ, ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਧਾਰਮਿਕ ਅਦਾਰਿਆਂ ਵਿੱਚ ਪ੍ਰਵੇਸ਼ ਕਰ ਗਈ। ਸ਼ੁਰੂ ਸ਼ੁਰੂ ਵਿੱਚ ਧਰਮ ਪ੍ਰਚਾਰਕ ਦਾ ਸਤਿਕਾਰ ਗੁਰਦਵਾਰਾ ਪ੍ਰਬੰਧਕ ਤੋਂ ਜਿਆਦਾ ਸੀ ਪਰ ਹੌਲੀ ਹੌਲੀ ਆਪਣੀ ਰਾਜਨੀਤੀ ਸਹਾਰੇ ਪ੍ਰਬੰਧਕ ਸਾਰਾ ਇੱਜਤ ਮਾਣ ਆਪਣੇ ਲਈ ਰਾਖਵਾਂ ਕਰਦਾ ਗਿਆ। ਗੁਰਮਤਿ ਦਾ ਗਿਆਨਵਾਨ ਪ੍ਰਚਾਰਕ, ਪ੍ਰਚਾਰ ਲਈ ਗੁਰਮਤਿ ਤੋਂ ਸੱਖਣੇ ਪ੍ਰਬੰਧਕਾਂ ਦਾ ਮੁਹਤਾਜ ਹੋ ਗਿਆ। ਰੋਜੀ ਲਈ ਕਿਰਤ ਨੂੰ ਵਿਸਾਰਕੇ ਪ੍ਰਚਾਰ ਨੂੰ ਕਿਰਤ ਬਣਾਉਣ ਕਾਰਣ ਪਰਚਾਰਕ, ਸਮੇਂ ਅਤੇ ਪ੍ਰਚਾਰ ਦੇ ਵਿਸ਼ੇ ਲਈ ਪ੍ਰਬੰਧਕਾਂ ਦੇ ਰਹਿਮੋ ਕਰਮ ਦਾ ਗੁਲਾਮ ਹੋ ਗਿਆ। ਸੰਗਤ ਨੂੰ ਗੁਰੂ ਨਾਨਕ ਸਾਹਿਬ ਦਾ ਖਰਾ ਸੱਚ ਨਾਂ ਦੱਸਕੇ ਅਜਿਹੀਆਂ ਕਥਾ ਕਹਾਣੀਆਂ ਸੁਣਵਾਉਣ ਦਾ ਦੌਰ ਸ਼ੁਰੂ ਹੋ ਗਿਆ ਜਿਹਨਾਂ ਨੂੰ ਸੁਣਕੇ ਸੰਗਤ ਕੇਵਲ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੀ ਗਿਆਨ ਦੇ ਦਰਵਾਜੇ ਬੰਦ ਕਰ ਭੇਟਾਵਾਂ ਹੀ ਚੜ੍ਹਾਂਦੀ ਰਹੇ। ਗੁਰਦਵਾਰਿਆਂ ਵਿੱਚੋਂ ਸੇਵਾ ਭਾਵਨਾ ਸਿੱਖਕੇ ਬਾਹਰ ਸਮਾਜ ਦੀ ਸੇਵਾ ਕਰਨ ਦੀ ਜਗਹ ਸੰਗਤਾਂ ਨੂੰ ਕੇਵਲ ਗੁਰਦਵਾਰਿਆਂ ਵਿੱਚ ਹੀ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਸੰਮੋਹਣ ਕੀਤਾ ਗਿਆ। ਜਿਆਦਾ ਤਰ ਅਜਿਹੀਆਂ ਕਥਾ ਕਹਾਣੀਆਂ ਹੀ ਸੁਣਾਈਆਂ ਗਈਆਂ ਜਿਨਾਂ ਵਿੱਚ ਮਨੁੱਖ ਅਕਾਲਪੁਰਖ ਦੇ ਬਕਸ਼ੇ ਦਿਮਾਗ ਦੀ ਵਰਤੋਂ ਨਾਲ ਸਮਾਜ ਵਿੱਚ ਪ੍ਰਕਾਸ਼ ਫੈਲਾਣ ਦੀ ਜਗਹ ਕੇਵਲ ਮਜ਼ਹਬੀ ਆਗੂਆਂ ਅਤੇ ਅਖਾਉਤੀ ਸਾਧਾਂ ਦਾ ਝੋਲੀ-ਚੁੱਕ ਬਣਕੇ ਗੋਡੇ ਘੁੱਟਦਾ ਅਤੇ ਮੂਠੀ-ਚਾਪੀ ਕਰਦਾ ਰਹੇ। ਅਜਿਹੀਆਂ ਸਾਖੀਆਂ ਹੀ ਪ੍ਰਚਲਤ ਕਰੀਆਂ ਗਈਆਂ ਕਿ ਗੁਰੂ ਦੀ ਦਿੱਤੀ ਮੱਤ ਦੀ ਗੁਰਮਤਿ ਅਨੁਸਾਰੀ ਵਰਤੋਂ ਨਾਲ ਨਹੀਂ ਸਗੋਂ ਅੱਖਾਂ ਮੀਚਕੇ ਅਖਾਉਤੀ ਸਾਧਾਂ ਦੀ ਸੇਵਾ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਗੁਰਦਵਾਰਿਆਂ ਦੀਆਂ ਸਟੇਜਾਂ ਕੇਵਲ ਭੰਡਾਂ ਵਾਂਗ ਰਾਜਨੀਤਕਾਂ ਦੇ ਗੁਣ ਗਾਕੇ ਆਪਦੇ ਨਿੱਜੀ ਕੰਮ ਕਢਵਾਉਣ ਅਤੇ ਸਵਾਰਨ ਲਈ ਹੀ ਵਰਤੀਆਂ ਜਾਣ ਲਗ ਪਈਆਂ। ਅਜਿਹੀ ਸਿੱਖਿਆ ਨਾਲ ਬਹੁਤ ਵਾਰ ਦੇਖਿਆ ਗਿਆ ਕਿ ਜਿਨਾਂ ਨੇ ਕਦੇ ਮਾਪਿਆਂ, ਬਜੁਰਗਾਂ ਜਾਂ ਲੋੜਬੰਦਾ ਦੀ ਲੋੜ ਸਮੇਂ ਸੇਵਾ ਨਹੀਂ ਕੀਤੀ ਉਹ ਕੇਵਲ ਕਿਸੇ ਸਵਾਰਥੀ ਨੀਤੀ ਤਹਿਤ ਸੰਗਤ ਵਿੱਚ ਖੁਦ ਨੂੰ ਸੇਵਾ ਕਰਦਾ ਦਿਖਾਉਣ ਲਈ ਹੀ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਸ਼ਮੂਲੀਅਤ ਕਰਦੇ ਹਨ। ਗੁਰਦਵਾਰੇ ਵਿੱਚ ਸੇਵਾ ਲਈ ਕਿਸੇ ਅਹੁਦੇ ਦੀ ਜਰੂਰਤ ਨਹੀਂ ਹੁੰਦੀ ਪਰ ਕਈਆਂ ਲਈ ਅਹੁਦੇਦਾਰੀ ਹੀ ਸੇਵਾ ਦਾ ਪ੍ਰਗਟਾਵਾ ਹੁੰਦੀ ਹੈ।
ਕਿਸੇ ਸਮੇ ਜਦੋਂ ਗੁਰਦਵਾਰੇ ਅੱਜ ਜਿਂਨੇ ਨਹੀਂ ਸਨ ਪਿੰਡਾਂ ਦੀਆਂ ਸੱਥਾਂ ਜਾਂ ਸਾਝੀਆਂ ਥਾਵਾਂ ਹੀ ਗੁਰਮਤਿ ਦੀਆਂ ਸਟੇਜਾਂ ਬਣ ਜਾਂਦੀਆਂ ਸਨ। ਕਿਸੇ ਪ੍ਰਚਾਰਕ, ਰਾਗੀ, ਢਾਡੀ ਜਾਂ ਕਵੀਸ਼ਰ ਨੂੰ ਸੁਣਨ ਲਈ ਸਾਰਾ ਪਿੰਡ ਹੀ ਆ ਢੁਕਦਾ ਸੀ। ਕਦੀ ਕਦਾਈਂ ਆਏ ਅਜਿਹੇ ਪ੍ਰਚਾਰਕ ਦੀਆਂ ਸੁਣਾਈਆਂ ਗੱਲਾਂ ਨਗਰ ਨਿਵਾਸੀ ਕਈ ਕਈ ਸਾਲ ਯਾਦ ਰੱਖਦੇ ਸਨ। ਅੱਜ ਕਲ ਗੁਰਦਵਾਰਿਆਂ ਅਤੇ ਪ੍ਰਚਾਰਕਾਂ ਦੀ ਏਨੀਂ ਬਹੁਤਾਤ ਦੇ ਬਾਵਜੂਦ ਗੁਰਦਵਾਰਿਆਂ ਵਿੱਚੋਂ ਕਥਾ ਜਾਂ ਸ਼ਬਦ ਸੁਣਕੇ ਬਾਹਰ ਆ ਰਹੀਆਂ ਸੰਗਤਾਂ ਸਭ ਕੁਝ ਭੁੱਲ-ਭੁਲਾ ਚੁੱਕੀਆਂ ਹੁੰਦੀਆਂ ਹਨ। ਸਭ ਜਗਹ ਇਸ ਤਰਾਂ ਜਾਪਦਾ ਹੁੰਦਾ ਹੈ ਜਿਸ ਤਰਾਂ ਧਰਮ ਦੇ ਨਾਮ ਤੇ ਕੁਝ ਰਸਮਾਂ ਨਿਭਾਈਆਂ ਜਾ ਰਹੀਆਂ ਹੋਣ। ਸਿਤਮ ਦੀ ਗਲ ਹੈ ਕਿ ਅਜਿਹੀਆਂ ਰਸਮਾਂ ਦਾ ਨਿਭਾਉਣਾ ਕਰਮਕਾਂਢ ਨਹੀਂ ਮੰਨਿਆ ਜਾ ਰਿਹਾ ਹੁੰਦਾ। ਗੁਰਬਾਣੀ ਉਪਦੇਸ਼ਾਂ ਨੂੰ ਅਨਮਤਾਂ ਦੇ ਮੰਤਰਾਂ ਵਾਂਗ ਉਚਾਰਣ ਕਰਨਾਂ ਅਤੇ ਬਿਨ ਸਮਝੇ ਹਾਜਰੀ ਭਰਨੀ ਹੀ ਕਿਤੇ ਸਵਰਗਾਂ ਵਿੱਚ ਹਾਜਰੀ ਲੱਗਣ ਦਾ ਸਾਧਨ ਦੱਸਿਆ ਜਾ ਰਿਹਾ ਹੁੰਦਾ ਹੈ ਜਿਸਦੇ ਕਾਰਣ ਬਿਨਾਂ ਮਿਹਨਤੋਂ ਹੀ ਸਾਰੇ ਦੁਨਿਆਵੀ ਕਾਰਜ ਸੌਰ ਜਾਣੇ ਹੁੰਦੇ ਹਨ। ਪਿਕਨਿਕ ਦੀ ਤਰਜ਼ ਤੇ ਲੰਗਰ ਅਤੇ ਪੈਸੇ ਨਾਲ ਕਾਰਜ ਸਿੱਧ ਕਰਨ ਵਾਲੇ ਮੰਤਰਾਂ ਦੇ ਪਾਠਾਂ ਦਾ ਭੋਗ ਗੁਰਬਾਣੀ ਸਿਖਿਆ ਰਹਿਤ ਦਿਮਾਗਾਂ ਨੂੰ ਕਾਫੀ ਰਾਹਤ ਦੇ ਰਿਹਾ ਹੁੰਦਾ ਹੈ। ਅਸਲ ਵਿੱਚ ਸੁਭਾਵਾਂ ਦਾ ਅਜਿਹਾ ਬਣ ਜਾਣ ਦਾ ਕਾਰਣ ਖੁਦ ਦੀ ਗੁਰਬਾਣੀ ਉਪਦੇਸ਼ਾਂ ਤੋਂ ਅਣਜਾਣਤਾ ਅਤੇ ਪਰਬੰਧਕਾਂ ਦੀ ਆਪਣੇ ਸਵਾਰਥ ਲਈ ਸੰਗਤਾਂ ਨੂੰ ਅਗਿਆਨੀ ਰੱਖਣ ਦੀ ਕਾਮਨਾ ਹੁੰਦੀ ਹੈ। ਸੰਗਤਾਂ ਦੀ ਅਗਿਆਨਤਾ ਮਜ਼ਹਬੀ ਅਤੇ ਰਾਜਨੀਤਿਕ ਆਗੂਆਂ ਲਈ ਵਰਦਾਨ ਹੁੰਦੀ ਹੈ।
ਪੁਰਾਣੇ ਸਮਿਆਂ ਵਿੱਚ ਮਨ ਦਾ ਜਿਆਦਾ ਖਿਲਾਰਾ ਨਹੀਂ ਸੀ ਹੁੰਦਾ ਨਾਂ ਹੀ ਬੰਦਾ ਅੱਜ ਜਿਨਾ ਰੁੱਝਿਆ ਸੀ। ਸੁਣ ਸੁਣਾਕੇ ਵੀ ਧਰਮ ਕਰਮ ਦੀਆਂ ਗੱਲਾਂ ਪੱਲੇ ਬੰਨ ਲਈਆਂ ਜਾਂਦੀਆਂ ਸਨ। ਜਿਓਂ ਜਿਓਂ ਸਮੇਂ ਨੇ ਤਰੱਕੀ ਕੀਤੀ ਚਾਰੇ ਪਾਸਿਓਂ ਉੱਠ ਰਹੀ ਬਹੁਪਾਸੀ ਰੁਝੇਵਿਂਆਂ ਭਰੀ ਵਿਚਾਰਾਂ ਦੀ ਗਰਦਿਸ਼ ਆਮ ਇਨਸਾਨ ਨੂੰ ਭਬਲਭੂਸਿਆਂ ਵਲ ਲੈ ਤੁਰੀ। ਥੱਕਿਆ-ਅੱਕਿਆ ਮਨੁੱਖ ਥੋੜ-ਚਿਰੀ ਸ਼ਾਤੀ ਦੀ ਭਾਲ ਲਈ ਧਾਰਮਿਕ ਸਥਾਨਾਂ ਵਿੱਚ ਦਿਮਾਗ ਖੋਲ ਕੇ ਬੈਠਣ ਨਾਲੋਂ ਬੰਦ ਕਰ ਬੈਠਣਾ ਫਾਏਦੇਮੰਦ ਸਮਝਣ ਲਗਦਾ ਹੈ। ਇਸ ਤਰਾਂ ਬਿਨਾਂ ਸਮਝ ਵਿਚਾਰ ਤੋਂ ਦੁਨਿਆਵੀ ਸੁੱਖਾਂ ਲਈ ਪੁਜਾਰੀਆਂ ਦੇ ਕਰਮ ਕਾਂਢ ਰੂਪੀ ਛੜਯੰਤਰ ਦਾ ਸ਼ਿਕਾਰ ਬਣਨਾ ਸ਼ੁਰੂ ਹੋ ਜਾਂਦਾ ਹੈ। ਆਖਿਰ ਉਹ ਆਪਣੇ ਤਨ ਮਨ ਅਤੇ ਧਨ ਦੀ ਹੋ ਰਹੀ ਲੁੱਟ ਨੂੰ ਠੱਗਾਂ ਦੇ ਕਹਿਣ ਤੇ ਆਪਣੇ ਧੰਨ ਭਾਗ ਸਮਝ ਸਵੀਕਾਰਨਾ ਸ਼ੁਰੂ ਕਰ ਦਿੰਦਾ ਹੈ।
ਗੁਰਦਵਾਰਿਆਂ ਨੂੰ ਧਰਮ ਦੇ ਸਕੂਲ ਆਖਿਆ ਜਾਦਾ ਹੈ ਜਿੱਥੋਂ ਜਗਿਆਸੂਆਂ ਨੇ ਧਰਮ ਦਾ ਗਿਆਨ ਲੈਣਾ ਹੁੰਦਾ ਹੈ। ਦੁਨਿਆਵੀ ਸਕੂਲ ਵਿੱਚ ਵੀ ਗਿਆਨ ਦੇ ਪੱਧਰ ਅਤੇ ਜਗਿਆਸਾ ਅਨੁਸਾਰ ਵੱਖ ਵੱਖ ਜਮਾਤਾਂ ਹੁੰਦੀਆਂ ਹਨ ਪਰ ਅਜੋਕੇ ਗਿਆਨ ਦੇ ਯੁੱਗ ਵਿੱਚ ਇਹ ਧਰਮ ਦੇ ਸਕੂਲ ਕੇਵਲ ਇੱਕ ਹੀ ਸਰਭ-ਸਾਂਝੀ ਜਮਾਤ ਬਣ ਕੇ ਰਹਿ ਗਏ ਹਨ। ਪ੍ਰਾਚੀਨ ਕਾਲ ਦੇ ਸਕੂਲਾਂ ਅਨੁਸਾਰ ਇੱਕ ਹੀ ਹਾਲ ਵਿੱਚ ਇੱਕ ਹੀ ਜਮਾਤ ਹੁੰਦੀ ਹੈ ਜਿੱਥੇ ਵੱਖ ਵੱਖ ਗਿਆਨ ਦੇ ਪੱਧਰ ਦੇ ਵਿਦਿਆਰਥੀ ਇਕ ਹੀ ਜਗਹ ਬੈਠਣ ਲਈ ਮਜਬੂਰ ਹੁੰਦੇ ਹਨ। ਬਦਲ ਰਹੇ ਸਮੇਂ ਅਨੁਸਾਰ ਗਿਆਨ ਵੰਡਣ ਦੇ ਤੌਰ ਤਰੀਕੇ ਅਗਰ ਲੋੜ ਅਨੁਸਾਰ ਨਹੀਂ ਬਣਾਏ ਜਾਂਦੇ ਤਾਂ ਵਿਦਿਆਰਥੀ ਗਿਆਨ ਵਿੱਚ ਪਛੜ ਜਾਂਦੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਘਟਣ ਲਗਦੀ ਹੈ। ਅਜਿਹਾ ਹੀ ਧਰਮ ਦੇ ਖੇਤਰ ਵਿੱਚ ਹੋ ਰਿਹਾ ਹੈ। ਗੁਰਦਵਾਰਿਆਂ ਵਿੱਚ ਗੁਰਮਤਿ ਦੇ ਅਭਿਲਾਖੀਆਂ ਲਈ ਇੱਕ ਹੀ ਸਰਬਸਾਂਝੀ ਸਟੇਜ ਹੁੰਦੀ ਹੈ ਜਿੱਥੋਂ ਸਭ ਪੱਧਰ ਦੇ ਵਿਦਿਆਰਥੀਆਂ ਨੇ ਗਿਆਨ ਲੈਣਾ ਹੁੰਦਾ ਹੈ। ਛੋਟੇ ਛੋਟੇ ਪੰਜਾਬੀ ਤੋਂ ਅੰਜਾਣ ਜਾਂ ਹਲੇ ਪੰਜਾਬੀ ਸਿੱਖ ਰਹੇ ਬੱਚੇ, ਗੁਰ ਸ਼ਬਦ ਦੀ ਸੋਝੀ ਲੈ ਸਕਣ ਅਤੇ ਅਜੇ ਨਾਂ ਲੈ ਸਕਣ ਵਾਲੇ ਵਿਦਿਆਰਥੀ, ਗੁਰਮਤਿ ਫਲਸਫੇ ਨੂੰ ਸਮਝਣ ਅਤੇ ਹਲੇ ਨਾਂ ਸਮਝਣ ਵਾਲੇ ਵਿਦਿਆਰਥੀ, ਗੁਰ-ਗਿਆਨ ਅਭਿਲਾਸ਼ੀ ਅਤੇ ਗੁਰ-ਗਿਆਨ ਤੋਂ ਅਨਜਾਣ, ਗੁਰ-ਉਪਦੇਸ਼ਾਂ ਨੂੰ ਸਮਝ ਜਿੰਦਗੀ ਵਿੱਚ ਧਾਰਨ ਵਾਲੇ ਅਤੇ ਕੇਵਲ ਪੜਨ-ਸੁਣਨ ਨਾਲ ਹੀ ਅਖੌਤੀ ਬੈਕੁੰਠਾਂ ਵਿੱਚ ਹਾਜਰੀ ਲਗਣ ਦੀ ਝਾਕ ਰੱਖਣ ਵਾਲੇ, ਗੁਰ-ਸ਼ਬਦਾਂ ਦੇ ਕੀਰਤਨ ਦਾ ਆਨੰਦ ਲੈਣ ਵਾਲੇ ਅਤੇ ਕੇਵਲ ਰਾਗਾਂ-ਤਰਜਾਂ ਦੇ ਕੰਨ ਰਸੀ ਸਭ ਇਕ ਹੀ ਜਗਹ ਬੈਠ ਰਹੇ ਹੁੰਦੇ ਹੰਨ। ਸੋ ਵਕਤ ਦੀ ਲੋੜ ਮੁਤਾਬਕ ਗੁਰਦਵਾਰਿਆਂ ਨੂੰ ਸਹੀ ਮੈਨਿਆਂ ਵਿੱਚ ਗੁਰਮਤਿ ਦੇ ਸਕੂਲ ਬਣਾਉਣ ਲਈ ਸਾਨੂੰ ਗੁਰਮਤਿ ਦੇ ਵਿਦਿਆਰਥੀਆਂ ਦੇ ਆਤਮਿਕ ਪੱਧਰ ਅਨੁਸਾਰ ਨਵੀਨ ਸਾਧਨਾ ਨਾਲ ਵੱਖ ਵੱਖ ਕਮਰਿਆਂ/ਹਾਲਾਂ/ਸਟੇਜਾਂ ਰਾਹੀਂ ਵੱਖ ਵੱਖ ਪੱਧਰ ਦਾ ਗਿਆਨ ਵੱਖ ਵੱਖ ਜਮਾਤਾਂ ਵਿੱਚ ਲੜੀਵਾਰ ਹੀ ਦੇਣਾ ਪਵੇਗਾ।
ਧਰਮ ਦੀ ਪੜ੍ਹਾਈ ਵੀ ਸੂਝ ਦੇ ਪੱਧਰ ਮੁਤਾਬਿਕ ਵੱਖ ਵੱਖ ਪੱਧਰ ਦੀ ਹੁੰਦੀ ਜਾਂਦੀ ਹੈ। ਜਿਸ ਤਰਾਂ ਛੋਟੀਆਂ ਕਲਾਸਾਂ ਵਿੱਚ ਬੱਚੇ ਊੜਾ ਐੜਾ ਜਾਂ ਪਹਾੜੇ ਪੜਦੇ ਹਨ ਅਤੇ ਵੱਡੀਆਂ ਕਲਾਸਾਂ ਵਿੱਚ ਇਹ ਮੁਢਲਾ ਗਿਆਨ ਸਵਾਲ ਕੱਢਣ ਅਤੇ ਉੱਚਾ ਪੜ੍ਹਨ ਲਈ ਆਧਾਰ ਬਣਦਾ ਹੈ। ਫਿਰ ਹਰ ਜਮਾਤ ਅਗਲੀ ਜਮਾਤ ਦੀ ਪੜ੍ਹਾਈ ਦਾ ਆਧਾਰ ਬਣਦੀ ਜਾਂਦੀ ਹੈ। ਹੌਲੀ ਹੌਲੀ ਵਿਦਿਆਰਥੀ ਦੇ ਗਿਆਨ ਦੀ ਰੁਚੀ ਉਸਨੂੰ ਕਿਸੇ ਖਾਸ ਵਿਸ਼ੇ ਵਿੱਚ ਨਿਪੁੰਨਤਾ ਬਕਸ਼ਦੀ ਹੈ। ਇਸੇ ਤਰਾਂ ਜਦੋਂ ਅਸੀਂ ਹਲੇ ਧਰਮ ਦਾ ਗਿਆਨ ਸ਼ੁਰੂ ਹੀ ਕਰ ਰਹੇ ਹੁੰਦੇ ਹਾਂ ਤਾਂ ਕੁਝ ਮੁਢਲੀਆਂ ਗੱਲਾਂ ਸਥਾਨਕ ਧਰਮ ਪੜ੍ਹਾਉਣ ਵਾਲਿਆਂ ਬਾਬਿਆਂ, ਗ੍ਰੰਥੀਆਂ, ਡੇਰਿਆਂ, ਸਾਧਾਂ ਸੰਤਾਂ ਤੋਂ ਹੀ ਸਹਿਜ ਸੁਭਾਅ ਮਿਲ ਜਾਂਦੀਆਂ ਹਨ। ਉਸਤੋਂ ਬਾਅਦ ਹੌਲੀ ਹੌਲੀ ਧਰਮ-ਗਿਆਨ ਦੀ ਜਗਿਆਸਾ ਵਧਣ ਕਾਰਣ ਜਗਿਆਸੂ ਅਗਲੀਆਂ ਜਮਾਤਾਂ ਵਿੱਚ ਜਾਣਾ ਚਾਹੁੰਦਾ ਹੈ। ਪਰ ਕਈ ਵਾਰ ਪਰਾਇਮਰੀ ਵਾਲੇ ਅਧਿਆਪਕ ਦੁਨਿਆਵੀ ਵਿਦਿਅਕ ਨੀਤੀ ਦੇ ਉਲਟ ਆਪਦੀ ਜਮਾਤ ਨੂੰ ਹਰੀ-ਭਰੀ ਹੀ ਰੱਖਣ ਦੀ ਬਦ ਨੀਤੀ ਕਾਰਣ, ਹੋ ਰਹੀ ਪੂਜਾ ਪ੍ਰਤਿਸ਼ਟਤਾ ਦੀ ਸਦੀਵੀ ਸਾਂਭ ਲਈ , ਵਿਦਿਆਰਥੀਆਂ ਨੂੰ ਪ੍ਰਾਇਮਰੀ ਤੋਂ ਅੱਗੇ ਜਾਣ ਹੀ ਨਹੀਂ ਦੇਣਾ ਚਾਹੁੰਦੇ। ਰੋਜੀ-ਰੋਟੀ, ਹੋ ਰਹੀ ਟਹਿਲ-ਸੇਵਾ ਅਤੇ ਮਿਲ ਰਹੀ ਵਢਿਆਈ ਕਾਰਣ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਇਹ ਵਿਦਿਆਰਥੀ ਸਾਰੀ ਉਮਰ ਇੱਕੇ ਮੇਰੀ ਪ੍ਰਾਇਮਰੀ ਕਲਾਸ ਵਿੱਚ ਹੀ ਬੈਠੇ ਰਹਿਣ ਅਤੇ ਸਾਰੀ ਉਮਰ ਊੜਾ-ਐੜਾ ਅਤੇ ਪਹਾੜੇ ਗੁਣਗਣਾਂਦੇ ਰਹਿਣ ਅਤੇ ਦੁਨੀਆਂ ਵਿੱਚ ਵਿਚਰਦਿਆਂ ਇਸ ਮੁਢਲੀ ਪੜ੍ਹਾਈ ਦੀ ਵਰਤੋਂ ਨਾਂ ਕਰਨਾ ਸਿੱਖ ਸਕਣ। ਜਿਸ ਤਰਾਂ ਦੁਨਿਆਵੀ ਪੜ੍ਹਾਈ ਵਾਲੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਪੰਛੀਆਂ ਜਾਨਵਰਾਂ ਆਦਿ ਦੀਆਂ ਮਨੋਕਲਪਿਤ ਕਹਾਣੀਆਂ ਬੱਚਿਆਂ ਨੂੰ ਸੁਣਾਂਦੇ ਰਹਿੰਦੇ ਹਨ ਉਸੇ ਤਰਾਂ ਧਰਮ ਦੀਆਂ ਪ੍ਰਾਇਮਰੀ ਜਮਾਤਾਂ ਦੇ ਇਹ ਅਧਿਆਪਕ ਆਪਦੇ ਵਿਦਿਆਰਥੀਆਂ ਦੀ ਸੋਚ ਨੂੰ ਕਾਬੂ ਰੱਖਣ ਲਈ ਕੇਵਲ ਕ੍ਰਿਸ਼ਮਿਆਂ ਵਾਲੀਆਂ ਗੈਰ ਕੁਦਰਤੀ ਮਿਥਿਹਾਸਿਕ ਕਥਾ ਕਹਾਣੀਆਂ ਹੀ ਸੁਣਾਉਂਦੇ ਹਨ। ਵਿਦਿਆਰਥੀਆਂ ਨੂੰ ਉੱਚੀਆਂ ਜਮਾਤਾਂ ਵਿੱਚ ਬੈਠ ਵਧੇਰਾ ਗਿਆਨ ਲੈਣ ਦੀ ਉਪਜ ਰਹੀ ਭਾਵਨਾਂ ਤੋਂ ਰੋਕਣ ਲਈ ਇਹ ਲੋਕ ਸਾਰੀ ਜਿੰਦਗੀ ਜੋਰ ਲਗਾਂਦੇ ਰਹਿੰਦੇ ਹਨ। ਅਜਿਹੀ ਬਦਨੀਤੀ ਲਈ ਇਹ ਲੋਕ ਰਾਜਨੀਤਕਾਂ ਨਾਲ ਗੰਢ-ਸੰਢ ਵੀ ਕਰਦੇ ਰਹਿੰਦੇ ਹਨ। ਰੋਜੀ ਰੋਟੀ ਲਈ ਬਣੇ ਇਹਨਾਂ ਅਖੌਤੀ ਆਪੇ ਬਣੇ ਧਰਮ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਅੱਜ-ਕਲ ਦੇ ਦੂਰ-ਦ੍ਰਿਸ਼ਟ ਅਤੇ ਸੂਝਵਾਨ ਗੁਰਮਤਿ ਦੇ ਜਗਿਆਸੂ ਕਿਰਤੀ ਸਮਾਜ ਦਾ ਸਭ ਤੋਂ ਵੱਡਾ ਅੜਿੱਕਾ ਸਮਝਣ ਲਗ ਪਏ ਹਨ।
ਦੁਨੀਆਂ ਦੇ ਕਿਸੇ ਵੀ ਮਜ਼ਹਬ ਦੇ ਧਾਰਮਿਕ ਅਦਾਰਿਆਂ ਦੇ ਪ੍ਰਬੰਧ ਲਈ ਅਜਿਹੇ ਰਾਜਨੀਤਿਕ ਪੈਂਤੜੇ ਦੇਖਣ ਨੂੰ ਨਹੀਂ ਮਿਲਦੇ ਜਿਹੋ ਜਿਹੇ ਸਿੱਖਾਂ ਵਿੱਚ ਮਿਲਦੇ ਹਨ। ਨੈਤਿਕਿਤਾ ਨਾਲ ਪ੍ਰਬੰਧਕਾਂ ਦੀ ਸਰਬਪ੍ਰਮਾਣਿਤ ਸਰਬਸੰਮਤੀ ਅਨੁਸਾਰੀ ਵਿਚਾਰ ਵਟਾਂਦਰਿਆਂ ਰਾਹੀਂ ਚੋਣ ਦੀ ਜਗਹ ਕਿਸੇ ਰਾਜਨੀਤਿਕ ਪਾਰਟੀ ਵਾਂਗ ਬਹੁਸੰਮਤੀ ਵਾਲੀ ਕੇਵਲ ਸਿਰ ਗਿਣਕੇ ਖਾਨਾ ਪੂਰਤੀ ਕਰਨ ਵਾਲੀ ਚੋਣ ਹੀ ਲੋਕਤੰਤਰਿਕ ਠਹਿਰਾਈ ਜਾਂਦੀ ਹੈ। ਦੋ ਤੇ ਦੋ ਚਾਰ ਕਹਿਣ ਵਾਲੇ ਗਿਣਤੀ ਵਿੱਚ ਥੋੜੇ ਲੋਕਾਂ ਨੂੰ ਕੇਵਲ ਇਸ ਲਈ ਗਲਤ ਸਾਬਤ ਕਰਕੇ ਦੋ ਤੇ ਦੋ ਪੰਜ ਕਹਿਣ ਵਾਲੇ ਸੱਚੇ ਸਥਾਪਿਤ ਕਰੇ ਜਾਂਦੇ ਹਨ ਕਿਓਂਕਿ ਉਹਨਾਂ ਕੋਲ ਜਿਆਦਾ ਵੋਟਾਂ ਹੁੰਦੀਆਂ ਹਨ । ਸੋ ਇਸ ਪੈਮਾਨੇ ਰਾਹੀਂ ਵੱਧ ਵੋਟਾਂ ਵਾਲਾ ਦੋ ਅਤੇ ਦੋ ਪੰਜ ਕਹਿਣ ਵਾਲਾ ਸੱਚਾ ਸਾਬਿਤ ਹੋਕੇ ਹਰ ਤਰਾਂ ਦੇ ਪ੍ਰਬੰਧ ਤੇ ਕਾਬਜ ਹੋ ਜਾਂਦਾ ਹੈ। ਗਧਿਆਂ ਘੌੜਿਆਂ ਦੇ ਝੁੰਡ ਵਿੱਚੋਂ ਗਧਾ ਪਰਧਾਨ ਕੇਵਲ ਵੋਟ ਗਿਣਤੀ ਨਾਲ ਬਣਦਾ ਹੈ। ਧਰਮ ਤੋਂ ਭਾਵ ਚੰਗੇ ਗੁਣਾਂ ਦਾ ਧਾਰਨ ਕਰਨਾ ਹੁੰਦਾ ਹੈ ਜਿਸ ਦਾ ਸਚਾਈ ਅਤੇ ਇਮਾਨਦਾਰੀ ਆਧਾਰ ਬਣਦੇ ਹਨ। ਕਿਸੇ ਦਾ ਹੱਕ ਮਾਰਨਾ ਗੁਨਾਹ ਗਿਣਿਆ ਜਾਂਦਾ ਹੈ। ਪਰ ਕਿਸੇ ਯੋਗ ਵਿਅਕਤੀ ਦਾ ਸਮਾਜ ਨੂੰ ਸੇਧ ਦੇ ਸਕਣ ਦਾ ਹੱਕ ਅਜਿਹੀ ਰਾਜਨੀਤੀ ਨਾਲ ਮਾਰਕੇ ਲੋਕਾਂ ਨੂੰ ਵਧੀਆ ਸੇਧ ਤੋਂ ਵਿਰਵਾ ਰੱਖਣਾ ਲੋਕ-ਰਾਜੀ ਪ੍ਰਣਾਲੀ ਅਨੁਸਾਰ ਜਨਮ-ਸਿੱਧ ਅਧੀਕਾਰ ਮੰਨਿਆਂ ਜਾ ਰਿਹਾ ਹੈ।
ਇਸਾਈਆਂ ਵਿੱਚ ਪੋਪ ਦੀ ਚੋਣ ਕਿਸੇ ਵੋਟਿੰਗ ਪ੍ਰਣਾਲੀ ਨਾਲ ਨਹੀਂ ਸਗੋਂ ਅਜਿਹੀ ਵਿਚਾਰ ਨਾਲ ਹੁੰਦੀ ਹੈ ਜਿਸ ਵਿੱਚ ਦੂਰ ਦੂਰ ਤੋਂ ਆਏ ਸੂਝਵਾਨ ਪਾਦਰੀਆਂ ਦੀ ਕਈ ਦਿਨਾਂ ਦੀ ਵਿਚਾਰ, ਸਰਬਸੰਮਤੀ ਤੇ ਪੁੱਜਦੀ ਹੈ। ਵਿਚਾਰ ਚਰਚਾ ਸਮੇ ਕਿਸੇ ਬਾਹਰਲੇ ਇਨਸਾਨ ਜਾਂ ਸੰਸਥਾ ਨਾਲ ਸੰਪਰਕ ਵੀ ਨਹੀਂ ਰੱਖਿਆ ਜਾਂਦਾ। ਚੋਣ ਸਮੇ ਹੋਈਆਂ ਵਿਚਾਰਾਂ ਨੂੰ ਬਾਅਦ ਵਿੱਚ ਵੀ ਕਦੇ ਜਨਤਕ ਨਹੀਂ ਕਰਿਆ ਜਾਂਦਾ। ਇਸ ਤਰਾਂ ਚੁਣਿਆ ਹੋਇਆ ਪੋਪ ਇਸਾਈ ਜਗਤ ਵਿੱਚ ਸਰਬ-ਪ੍ਰਮਾਣਿਤ ਹੁੰਦਾ ਹੈ। ਜਿਊਰੀ ਪ੍ਰਣਾਲੀ ਵੀ ਧਾਰਮਿਕ ਚੋਣ ਲਈ ਕਾਰਗਾਰ ਹੋ ਸਕਦੀ ਹੈ। ਜਿਊਰੀ ਪ੍ਰਣਾਲੀ ਕਈ ਦੇਸ਼ਾਂ ਵਿੱਚ ਮੁਲਜਿਮ ਨੂੰ ਦੋਸ਼ੀ ਜਾਂ ਨਾਂ-ਦੋਸ਼ੀ ਠਹਿਰਾਉਣ ਲਈ ਨਾਗਰਿਕਾਂ ਚੋਂ ਗਿਆਰਾਂ ਮੈਂਬਰਾਂ ਦੀ ਆਰਜੀ ਕਮੇਟੀ ਬਣਾਈ ਜਾਂਦੀ ਹੈ ਜੋ ਆਪਦਾ ਫੈਸਲਾ ਬਹੁਸੰਮਤੀ ਨਾਲ ਨਹੀਂ ਸਗੋਂ ਸਰਬਸੰਮਤੀ ਨਾਲ ਕਰਦੇ ਹਨ। ਫੈਸਲਾ ਦੂਜੇ ਤੇ ਥੋਪਿਆ ਨਹੀਂ ਜਾਂਦਾ ਸਗੋਂ ਵਿਚਾਰਿਆ ਜਾਂਦਾ ਹੈ। ਹਰ ਪਹਿਲੂ ਤੇ ਵਿਚਾਰ ਬਰੀਕੀ ਨਾਲ ਕਰੀ ਜਾਂਦੀ ਹੈ। ਦਲੀਲ ਹੀ ਸਰਬਸੰਮਤੀ ਦਾ ਅਧਾਰ ਬਣਦੀ ਹੈ। ਇਕ ਵੀ ਅਸਹਿਮਤ ਵਿਚਾਰਾਂ ਵਾਲੇ ਨੂੰ ਅਣਗੌਲਿਆ ਨਹੀਂ ਕਰਿਆ ਜਾ ਸਕਦਾ। ਪੁਰਾਣੇ ਵੇਲੇ ਹੋਏ ਸਰਬੱਤ-ਖਾਲਸਿਆਂ ਵਿੱਚ ਵੀ ਵੱਖ ਵੱਖ ਗਰੁੱਪਾਂ/ਜੱਥਿਆਂ/ਮਿਸਲਾਂ ਦੇ ਕੇਵਲ ਜੱਥੇਦਾਰਾਂ ਦੁਆਰਾ ਰਣਨੀਤੀ ਅਤੇ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਂਦਾ ਸੀ। ਆਮ ਸੰਗਤ ਦੀਆਂ ਵੋਟਾਂ ਜਾਂ ਹੱਥ ਖੜੇ ਕਰਾਕੇ ਬਹੁਸੰਮਤੀ ਦਿਖਾਉਣ ਦਾ ਰਿਵਾਜ ਨਹੀਂ ਸੀ। ਗੁਰੂ ਕਾਲ ਵੇਲੇ ਵੀ ਕਦੇ ਗਿਣਤੀ ਨਾਲ ਕਿਸੇ ਦੀ ਚੋਣ ਨਹੀਂ ਹੋਈ ਸਗੋਂ ਗੁਣਾਂ ਦੇ ਆਧਾਰ ਤੇ ਹੁੰਦੀ ਸੀ। ਸੋ ਗੁਰਮਤਿ ਅਨੁਸਾਰ ਬਹੁ-ਸੰਮਤੀ ਨਹੀਂ ਸਗੋਂ ਸਰਬ-ਸੰਮਤੀ ਪ੍ਰਮਾਣ ਹੈ। ਨਿਮਰਤਾ, ਨਿਸ਼ਕਾਮਤਾ, ਸਹਿਣਸ਼ੀਲਤਾ, ਮਿੱਠਾ ਬੋਲਣਾ ਅਤੇ ਹੰਕਾਰ ਰਹਿਤ ਨਿਰ-ਸੁਆਰਥ ਪਰਉਪਕਾਰੀ ਬਿਰਤੀ ਕਾਰਣ ਹੀ ਸਿੱਖ, ਨਵਾਬੀਆਂ ਨਾਲੋਂ ਗੁਰੂ ਦੇ ਸਿੱਖਾਂ ਦੇ ਘੋੜਿਆਂ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਸਨ। ਕਿਸੇ ਪ੍ਰਧਾਨਗੀ ਜਾਂ ਨਵਾਬੀ ਨੂੰ ਕਬੂਲ ਕਰਨ ਲਈ ਅਜਿਹੇ ਗੁਣਾਂ ਵਾਲੀ ਸਿੱਖ ਸੰਗਤ ਦੇ ਆਦੇਸ਼ ਅੱਗੇ ਸਿਰ ਝੁਕਾ ਦਿੱਤਾ ਜਾਂਦਾ ਸੀ।
ਅਗਰ ਅੱਜ ਅਸੀਂ ਤੇਜੀ ਨਾਲ ਬਦਲ ਰਹੇ ਸਮੇ ਅਨੁਸਾਰ ਸਮੇਂ ਦੇ ਹਾਣੀ ਨਾਂ ਹੋ ਕੇ ਗੁਰਮਤਿ ਚੋਣ ਪ੍ਰਬੰਧ ਅਤੇ ਪ੍ਰਚਾਰ ਪ੍ਰਬੰਧ ਵਿੱਚ ਗੁਰਮਤਿ ਫਲਸਫੇ ਅਨੁਸਾਰੀ ਤਬਦੀਲੀਆਂ ਨਹੀਂ ਕੀਤੀਆਂ ਤਾਂ ਭਵਿੱਖ ਵਿੱਚ ਸਿੱਖਾਂ ਨੂੰ ਅਨਮਤੀ ਮਜ਼ਹਬਾਂ ਵਾਂਗ ਕਰਮਕਾਂਢੀ ਅਤੇ ਅੰਧਵਿਸ਼ਵਾਸੀ ਬਣਕੇ ਲੁੱਟਾਈ ਖਾਣ ਤੋਂ ਰੋਕ ਪਾਉਣਾ ਮੁਸ਼ਕਲ ਹੋ ਜਾਵੇਗਾ। ਗੁਰਮਤਿ ਆਸ਼ੇ ਅਨੁਸਾਰ ਗੁਰਮਤਿ ਦੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੀ ਯੋਗਤਾ ਨਿਸ਼ਚਤ ਕਰਦੇ ਸਮੇ ਸਭ ਦਾ ਕਿਰਤੀ ਹੋਣਾ ਨਿਸ਼ਚਿਤ ਹੋਣਾ ਚਾਹੀਦਾ ਹੈ। ਗੁਰਮਤਿ ਦੀ ਗਲ ਹੋਰਾਂ ਨੂੰ ਸਮਝਾਉਣ ਵਾਲੇ ਅਗਰ ਖੁਦ ਮੁਢਲੇ ਅਸੂਲਾਂ ਦੇ ਧਾਰਨੀ ਹੋਣਗੇ ਤਾਂ ਗੁਰਮਤਿ ਦਾ ਅਸਲ ਫਲਸਫਾ ਸੰਗਤਾਂ ਤੱਕ ਪੁੱਜ ਸਕੇਗਾ ਅਤੇ ਇਸ ਤਰਾਂ ਸਿੱਖ ਕੌਮ ਗੁਰ ਉਪਦੇਸ਼ਾਂ ਨੂੰ ਪੜ੍ਹਦੀ-ਸਿੱਖਦੀ ਆਪਣੇ ਵਧ ਰਹੇ ਪੱਧਰ ਅਨੁਸਾਰ ਵਿਚਾਰਦੀ ਅਤੇ ਧਾਰਦੀ ਪੁਜਾਰੀਆਂ ਦੇ ਰਹਿਮੋ-ਕਰਮ ਤੋਂ ਵੱਖ ਹੋ ਵਿਦਵਾਨਾਂ ਦੀ ਕੌਮ ਬਣ ਸਕਦੀ ਹੈ ਜਿਸ ਨੂੰ ਦੁਨੀਆਂ ਦੀ ਕੋਈ ਅੰਧ-ਵਿਸ਼ਵਾਸੀ,ਕਰਮ-ਕਾਂਢੀ ਲੋਟੂ ਜੁੰਡਲੀ ਵਰਗਲਾ ਕੇ ਆਰਥਿਕ ਅਤੇ ਮਾਨਸਿਕ ਪੱਧਰ ਤੇ ਲੁੱਟ ਨਹੀਂ ਸਕੇਗੀ। ਵੈਸੇ ਅੱਜ-ਕਲ ਗੁਰਮਤਿ ਪ੍ਰਚਾਰ ਪੁਰਾਣੇ ਜਮਾਨੇ ਵਾਂਗ ਖਾਸ ਸਮੇਂ ਸੰਗਤਾਂ ਦੇ ਇਕੱਠਿਆਂ ਹੋਣ ਤੇ ਕੇਵਲ ਕਿਸੇ ਸਰਬ ਸਾਂਝੀ ਗੁਰਦਵਾਰੇ ਵਰਗੀ ਸਟੇਜ ਦਾ ਮੁਹਤਾਜ ਨਹੀਂ ਰਿਹਾ ਬਲਕਿ ਇੰਟਰਨੈੱਟ ਅਧਾਰਿਤ ਸੰਚਾਰ ਦੇ ਨਵੇਂ ਨਵੇਂ ਸਾਧਨਾਂ ਦੀ ਵਰਤੋਂ ਨਾਲ ਬੱਝਵੇਂ ਸਮੇਂ ਤੋਂ ਆਜਾਦ ਹੋ ਹਰ ਜਗਿਆਸੂ ਸਿੱਧਾ ਹੀ ਗੁਰਮਤਿ ਸਿੱਖਣ ਸਿਖਾਣ ਦੀਆਂ ਸਟੇਜਾਂ ਨਾਲ ਜੁੜਦਾ ਜਾ ਰਿਹਾ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)