ਅਵਤਾਰ ਸਿੰਘ ਮਿਸ਼ਨਰੀ
“ਭਾਈ ਸੰਗਤ ਸਿੰਘ ਜੀ ਦਾ ਜਨਮ ਦਿਨ ਧੂੰਮ-ਧਾਮ ਨਾਲ ਮਨਾਇਆ ਗਿਆ”(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਸੈਕਟਰੀ ਭਾਈ ਜੋਗਾ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ 29 ਅਪ੍ਰੈਲ 2013 ਦਿਨ ਐਤਵਾਰ ਨੂੰ ਭਾਈ ਸੰਗਤ ਸਿੰਘ ਜੀ ਦਾ ਜਨਮ ਦਿਨ ਗੁ: ਸਾਂਝਾ ਸਾਹਿਬ ਵਿਖੇ ਮਨਾਇਆ ਗਿਆ। ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਰੀਬ ਹਰੇਕ ਭਗਤ ਅਤੇ ਪੁਰਾਤਨ ਸਿੰਘ ਸਿੰਘਣੀਆਂ ਦੇ ਦਿਹਾੜੇ ਮਨਾਉਣ ਦਾ ਸ਼ਲਾਘਾਯੋਗ ਉਦਮ ਆਰੰਭਿਆ ਹੈ। ਅੱਜ ਅਸੀਂ ਰੱਬੀ ਭਗਤਾਂ ਅਤੇ ਪੁਰਾਤਨ ਸਿੰਘ ਸਿੰਘਣੀਆਂ ਅਤੇ ਸ਼ਹੀਦਾਂ ਨੂੰ ਭੁੱਲ ਚੁੱਕੇ ਹਾਂ। ਸਾਡੇ ਪ੍ਰਚਾਰਕਾਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਦਾ ਸਾਰਾ ਜੋਰ ਰਵਾਇਤੀ ਪ੍ਰਸੰਗਾਂ, ਮਿਥਹਾਸਕ ਰਿਸ਼ੀਆਂ ਮੁਨੀਆਂ, ਦੇਵੀ ਦੇਵਤਿਆਂ ਅਤੇ ਅਖੌਤੀ ਸਾਧਾਂ ਸੰਤਾਂ ਦੇ ਸੋਹਿਲੇ ਗਾਉਣ ਤੇ ਲੱਗਾ ਰਹਿੰਦਾ ਹੈ। ਕਰਾਮਾਤੀ ਅਣਹੋਣੀਆਂ ਸਾਖੀਆਂ ਬਾਰ-ਬਾਰ ਸੁਣਾਈਆਂ ਜਾਂਦੀਆਂ ਹਨ।
ਭਗਤਾਂ ਅਤੇ ਖਾਸ ਕਰ ਦਲਤ ਮਹਾਂਪੁਰਖਾਂ ਜਾਂ ਗੁਰਸਿੱਖਾਂ ਦਾ ਇਤਿਹਾਸ ਵੀ ਪੂਰਾ ਨਹੀਂ ਮਿਲਦਾ। ਮੁਤੱਸਬੀ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਲਿਖਣ ਵੇਲੇ ਵੀ ਬੇਈਮਾਨੀ ਕੀਤੀ ਹੈ। ਓਧਰੋਂ ਪ੍ਰਬੰਧਕ ਤੇ ਡੇਰੇਦਾਰ ਵੀ ਖਾਸ-ਖਾਸ ਗੁਰ ਪੁਰਬ ਮਨਾਉਂਦੇ ਹਨ। ਡੇਰੇਦਾਰਾਂ ਨੂੰ ਤਾਂ ਉਨ੍ਹਾਂ ਦੇ ਵੱਡੇ ਵਡੇਰੇ ਆਪੂੰ ਬਣੇ ਮਹਾਂ ਪੁਰਖਾਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਉਣ ਤੋਂ ਹੀ ਵਿਹਲ ਨਹੀਂ। ਉਹ ਤਾਂ ਕਥਾ ਵੀ ਬਹੁਤਾ ਦੇਵੀ ਦੇਵਤਿਆਂ ਅਤੇ ਰਿਸ਼ੀ-ਮੁਨੀ ਅਵਤਾਰਾਂ ਦੀ ਕਰਦੇ ਨਹੀਂ ਥਕਦੇ।
ਭਗਤਾਂ ਅਤੇ ਖਾਸ ਕਰ ਦਲਤ ਮਹਾਂਪੁਰਖਾਂ ਜਾਂ ਗੁਰਸਿੱਖਾਂ ਦਾ ਇਤਿਹਾਸ ਵੀ ਪੂਰਾ ਨਹੀਂ ਮਿਲਦਾ। ਮੁਤੱਸਬੀ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਲਿਖਣ ਵੇਲੇ ਵੀ ਬੇਈਮਾਨੀ ਕੀਤੀ ਹੈ। ਓਧਰੋਂ ਪ੍ਰਬੰਧਕ ਤੇ ਡੇਰੇਦਾਰ ਵੀ ਖਾਸ-ਖਾਸ ਗੁਰ ਪੁਰਬ ਮਨਾਉਂਦੇ ਹਨ। ਡੇਰੇਦਾਰਾਂ ਨੂੰ ਤਾਂ ਉਨ੍ਹਾਂ ਦੇ ਵੱਡੇ ਵਡੇਰੇ ਆਪੂੰ ਬਣੇ ਮਹਾਂ ਪੁਰਖਾਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਉਣ ਤੋਂ ਹੀ ਵਿਹਲ ਨਹੀਂ। ਉਹ ਤਾਂ ਕਥਾ ਵੀ ਬਹੁਤਾ ਦੇਵੀ ਦੇਵਤਿਆਂ ਅਤੇ ਰਿਸ਼ੀ-ਮੁਨੀ ਅਵਤਾਰਾਂ ਦੀ ਕਰਦੇ ਨਹੀਂ ਥਕਦੇ।
ਇਸ ਦਿਨ ਤੇ ਭਾਈ ਜੋਗਾ ਸਿੰਘ ਜੀ ਨੇ ਵਿਆਖਿਆ ਸਹਿਤ ਕੀਰਤਨ ਕਰਦੇ ਭਾਈ ਸੰਗਤ ਸਿੰਘ ਜੀ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਵਿਸਥਾਰ ਨਾਲ ਸੁਣਾਇਆ। ਭਾਈ ਬਲਦੇਵ ਸਿੰਘ ਜੀ ਦੇ ਰਾਗੀ ਜਥੇ ਨੇ ਭਾਵਪੂਰਤ ਕੀਰਤਨ ਕੀਤਾ। ਉਪ੍ਰੰਤ ਦਾਸ ਨੇ ਭਾਈ ਸੰਗਤ ਸਿੰਘ ਦੇ ਜੀਵਨ ਬਾਰੇ ਸੰਖੇਪ ਵਿੱਚ ਵਿਚਾਰ ਕਰਦੇ ਦਰਸਾਇਆ ਕਿ ਭਾਈ ਸਾਹਿਬ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪ੍ਰਕਾਸ਼ 22 ਦਸੰਬਰ 1666 ਤੋਂ ਚਾਰ ਮਹੀਨੇ ਬਾਅਦ 25 ਅਪ੍ਰੈਲ ਸੰਨ 1667 ਵਿੱਚ ਪਟਨਾ ਸ਼ਹਿਰ ਵਿੱਚ ਭਾਈ ਰਣੀਆਂ ਅਤੇ ਬੀਬੀ ਅਮਰੋ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਦੇ ਵੱਡੇ ਵਡੇਰੇ ਗੁਰੂ ਰਾਮ ਦਾਸ ਤੋਂ ਲੈ ਕੇ ਗੁਰੂ ਘਰ ਦੀ ਸੇਵਾ ਵਿੱਚ ਸ਼ਾਮਲ ਸਨ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਰਚ ਅਤੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਣ ਕਰਕੇ ਐਲਾਨ ਕੀਤਾ ਕਿ ਹੁਣ ਗੁਰਸਿੱਖ ਤੇ ਪ੍ਰੇਮੀ ਘੋੜਿਆਂ ਅਤੇ ਸ਼ਸ਼ਤਰਾਂ ਦੀਆਂ ਭੇਟਾਵਾਂ ਅਰਪਣ ਕਰਨ ਤਾਂ ਇਨ੍ਹਾਂ ਗਰੀਬ ਸਿੱਖਾਂ ਨੇ ਗੁਰੂ ਨੂੰ ਆਪਾ ਭੇਟ ਕਰ ਦਿੱਤਾ ਸੀ। ਇਨ੍ਹਾਂ ਵਿੱਚ ਮਾਝੇ-ਮਾਲਵੇ ਦੇ ਸਿੱਖਾਂ ਤੋਂ ਇਲਾਵਾ ਦੁਆਬੇ ਦੇ ਜਲੰਧਰ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾਂ ਦੇ ਭਾਈ ਬੁੱਧਾ ਜੀ, ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਭਾਈ ਭਾਨੂੰ ਜੀ ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ ਜਿਨ੍ਹਾਂ ਨੇ ਛੇਵੈ ਪਾਤਸ਼ਾਹ ਦੀਆਂ ਮੁਗਲਾਂ ਵਿਰੁੱਧ ਚਾਰਾਂ ਜੰਗਾ ਵਿੱਚ ਹਿੱਸਾ ਲਿਆ ਸੀ।
ਜਦ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕੀਤਾ ਉਸ ਵਕਤ ਵੀ ਭਾਈ ਸੰਗਤ ਸਿੰਘ ਜੀ ਦੇ ਮਾਤਾ ਪਿਤਾ ਓਥੇ ਸੇਵਾ ਵਿੱਚ ਸਨ ਜੋ ਗੁਰੂ ਤੇਗ ਬਹਾਦਰ ਦਾ ਹੁਕਮ ਮੰਨ ਕੇ ਫਿਰ ਨਾਨਕੀ ਚੱਕ (ਅਨੰਦਪੁਰ ਸਾਹਿਬ) ਆ ਗਏ ਸਨ। ਇੱਥੋਂ ਹੀ ਜਦ ਨੌਵੇਂ ਪਾਤਸ਼ਾਹ ਨੇ ਸਹਿਮੀ ਜਨਤਾ ਨੂੰ ਜਗਾਉਣ ਕਈ ਪ੍ਰਚਾਰ ਫੇਰੀਆਂ ਸ਼ੁਰੂ ਕੀਤੀਆਂ ਸਨ ਤਾਂ ਭਾਈ ਰਣੀਆਂ ਤੇ ਬੀਬੀ ਅਮਰੋ ਵੀ ਹਰ ਵੇਲੇ ਨਾਲ ਸਨ। ਜਦ ਮਾਲਵੇ ਤੋਂ ਹੁੰਦੇ ਹੋਏ ਬਾਂਗਰ ਦੇਸ਼ ਦਾ ਪ੍ਰਚਾਰ ਦੌਰਾ ਕਰਦੇ, ਗੁਰੂ ਜੀ ਪਟਨਾਂ ਪਹੁੰਚੇ ਤਾਂ ਓਥੇ ਆਪਣੇ ਪ੍ਰਵਾਰ ਅਤੇ ਸਾਥੀ ਸਿਖਾਂ ਸਮੇਤ ਭਾਈ ਰਣੀਆਂ ਤੇ ਬੀਬੀ ਅਮਰੋ ਨੂੰ ਛੱਡ ਕੇ ਆਪ ਜੀ ਢਾਕੇ ਬੰਗਾਲੇ ਵੱਲ ਚਲੇ ਗਏ ਸਨ। ਇਥੇ ਪਟਨੇ ਵਿਖੇ ਹੀ 22 ਦਸੰਬਰ ਸੰਨ 1666 ਨੂੰ ਬਾਲ ਗੁਰੂ ਗੋਬਿੰਦ ਰਾਇ ਦਾ ਜਨਮ ਪ੍ਰਕਾਸ਼ ਹੋਇਆ ਅਤੇ ਠੀਕ ਚਾਰ ਮਹੀਨੇ ਬਾਅਦ 25 ਅਪ੍ਰੈਲ ਸੰਨ 1667 ਨੂੰ ਭਾਈ ਸੰਗਤਾ ਜੀ ਦਾ ਜਨਮ ਵੀ ਇੱਥੇ ਪਟਨੇ ਹੀ ਹੋਇਆ। ਭਾਈ ਸੰਗਤ ਸਿੰਘ ਦੀ ਸ਼ਕਲ ਬਾਲ ਗੁਰੂ ਗੋਬਿੰਦ ਰਾਇ ਨਾਲ ਇਨੀ ਮਿਲਦੀ ਸੀ ਕਿ ਜਦ ਰਾਣੀ ਮੈਣੀ ਦੀ ਗੋਦ ਵਿੱਚ ਜਾ ਬੈਠਦੇ ਤਾਂ ਰਾਣੀ ਬਾਲ ਗੋਬਿੰਦ ਰਾਇ ਜਾਣ ਪਿਆਰ ਕਰਦੀ ਸੀ। ਪਟਨੇ ਵਿਖੇ ਜੋ ਬਾਲਾਂ ਦੇ ਦੋ ਜਥੇ ਬਣਾ ਕੇ ਹੋਣਹਾਰ ਗੋਬਿੰਦ ਰਾਇ ਜੰਗਾਂ ਕਰਦੇ ਸਨ ਤਾਂ ਉਸ ਵੇਲੇ ਵੀ ਇੱਕ ਜਥੇ ਦੀ ਕਮਾਨ ਭਾਈ ਸੰਗਤੇ ਨੂੰ ਦਿੰਦੇ ਸਨ। ਇਨ੍ਹਾਂ ਦਾ ਬਚਪਨ ਦਾ ਨਾਮ ਸੰਗਤਾ ਹੀ ਸੀ। ਇਉਂ ਭਾਈ ਸੰਗਤਾ ਗੁਰੁ ਜੀ ਦਾ ਬਚਪਨ ਦਾ ਲੰਗੋਟੀਆ ਯਾਰ ਸੀ ਜਿਸ ਨੇ 1699 ਦੀ ਵੈਸਾਖੀ ਨੂੰ ਕੇਸ ਗੜ ਵਿਖੇ ਖੰਡੇ ਦੀ ਪਾਹੁਲ ਲਈ ਤੇ ਨਾਮ ਸੰਗਤ ਸਿੰਘ ਹੋ ਗਿਆ ਜੋ ਅਨੰਦਪੁਰ, ਪ੍ਰਵਾਰ ਵਿਛੋੜੇ ਅਤੇ ਚਮਕੌਰ ਦੀਆਂ ਸਾਰੀਆਂ ਜੰਗਾਂ ਵਿੱਚ ਪ੍ਰਵਾਰ ਸਮੇਤ ਗੁਰੂ ਜੀ ਦੇ ਨਾਲ ਰਿਹਾ।
ਸਰਸਾ ਦੇ ਕਿਨਾਰੇ ਜਿੱਥੇ ਵੈਰੀ ਕਸਮਾਂ ਤੋੜ ਕੇ ਮਗਰ ਪੈ ਗਿਆ ਓਥੇ ਗੁਰੂ ਜੀ ਨੇ ਜਿਹੜੇ ਸਿੰਘਾਂ ਨੂੰ ਜਥੇਦਾਰ ਬਣਾ ਕੇ ਵੈਰੀ ਦੇ ਮੁਕਾਬੇ ਲਈ ਤੋਰਿਆ ਓਨ੍ਹਾਂ ਚੋਂ ਇੱਕ ਜਥੇ ਦੀ ਅਗਵਾਈ ਭਾਈ ਸੰਗਤ ਸਿੰਘ ਜੀ ਨੇ ਕਰਦੇ ਹੋਏ ਵੈਰੀ ਦਲ ਨੂੰ ਭਾਜੜਾਂ ਪਾਈ ਰੱਖੀਆਂ ਪਰ ਸਰਸਾ ਦੇ ਤੇਜ ਵਹਾ ਅੰਦਰ ਬਹੁਤ ਸਾਰੇ ਬਜੁਰਗ ਅਤੇ ਬੱਚੇ ਆਦਿਕ ਸਿੰਘ ਸਿੰਘਣੀਆਂ ਰੁੜ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤ ਗੁਜਰੀ ਜੀ ਨੂੰ ਗੰਗੂ ਪਾਪੀ ਆਪਣੇ ਘਰ ਖੇੜੀ ਲੈ ਗਿਆ। ਬਾਕੀ 40 ਕੁ ਸਿੰਘਾਂ ਸਮੇਤ ਗੁਰੂ ਜੀ ਚਮਕੌਰ ਦੀ ਕੱਚੀ ਗੜੀ ਜਾ ਪਹੁੰਚੇ ਜੋ ਭਾਈ ਬੁੱਧੀ ਚੰਦ ਦੀ ਹਵੇਲੀ ਸੀ ਅਤੇ ਵਿਉਂਤਬੰਦੀ ਨਾਲ ਗੜੀ ਦੀ ਚਾਰੋਂ ਤਰਫ ਮੋਰਚੇ ਸੰਭਾਲ ਲਏ। ਓਧਰ ਵੈਰੀ ਦੀ 10 ਹਜ਼ਾਰ ਸ਼ਾਹੀ ਫੌਜ ਅਤੇ ਅਨੇਕਾਂ ਗੁਜਰ-ਰੰਗੜ ਆਦਿਕ ਚੋਰ ਡਕੈਤ ਵੀ ਮਾਰੋ ਮਾਰ ਕਰਦੇ ਹੋਏ ਆ ਭਬਕੇ ਤੇ ਗੜੀ ਨੂੰ ਘੇਰਾ ਪਾ ਲਿਆ। ਗੁਰੂ ਜੀ ਦੀ ਆਗਿਆ ਪਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ, ਭਾਈ ਹਿਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਜਾਨਾਂ ਹੂਲ ਕੇ ਜੰਗੇ ਮੈਦਾਨ ਵਿੱਚ ਲੱਖਾਂ ਵੈਰੀਆਂ ਦੇ ਆਹੂ ਲੌਂਹਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ।
ਜਦ ਗੁਰੂ ਜੀ ਵੀ ਸ਼ਹੀਦੀ ਪਾਉਣ ਲਈ ਤਿਆਰ ਹੋ ਗਏ ਤਾਂ ਬਚੇ ਸਿੰਘਾਂ ਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਆਦਿਕ ਮੁਖੀ ਪੰਜਾਂ ਸਿੱਖਾਂ ਨੇ ਗੁਰੂ ਜੀ ਨੂੰ ਹੁਕਮ ਕੀਤਾ ਕਿ ਅਜੇ ਤੁਹਾਡੀ ਪੰਥ ਨੂੰ ਬਹੁਤ ਲੋੜ ਹੈ ਆਪ ਗੜੀ ਛੱਡ ਅੱਗੇ ਚਾਲੇ ਪਾ ਜਾਓ ਕਿਉਂਕ ਆਪ ਜੀ ਹੋਰ ਸਿੰਘ ਸਾਜ ਸਕਦੇ ਹੋ ਤਾਂ ਪੰਜਾ ਦਾ ਹੁਕਮ ਮੰਨ ਕੇ, ਗੁਰੂ ਜੀ ਨੇ ਆਪਣਾ ਕਲਗੀ ਤੋੜਾ, ਚੋਲਾ ਅਤੇ ਦਸਤਾਰ ਆਪਣੇ ਬਚਪਨ ਦੇ ਹਮਸ਼ਕਲ ਸਾਥੀ ਭਾਈ ਸੰਗਤ ਸਿੰਘ ਨੂੰ ਸਜਾ ਕੇ ਰਾਤ ਨੂੰ ਤਾੜੀਆਂ ਮਾਰਦੇ ਹੋਏ ਦੁਸ਼ਮਣ ਨੂੰ ਵੰਗਾਰਦੇ ਗੜੀ ਚੋਂ ਕੂਚ ਕਰ ਗਏ। ਪੰਜਾਂ ਪਿਆਰਿਆਂ ਚੋਂ ਬਚੇ ਭਾਈ ਦਇਆ ਸਿੰਘ, ਧਰਮ ਸਿੰਘ ਤੇ ਇੱਕ ਹੋਰ ਭਾਈ ਮਾਨ ਸਿੰਘ ਵੀ ਬਣਾਈ ਵਿਉਂਤ ਨਾਲ ਗੁਰੂ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਜਾ ਮਿਲੇ। ਓਧਰ ਵੈਰੀਆਂ ਚ’ ਹਫੜਾ ਦਫੜੀ ਮੱਚ ਗਈ ਨਸ਼ੇ ਦੇ ਲੋਰ ਵਿੱਚ ਆਪਸ ਵਿੱਚ ਹੀ ਕਟਾ ਵੱਢੀ ਕਰਨ ਲੱਗ ਪਏ। ਜਦ 9 ਪੋਹ ਦਾ ਦਿਨ ਚੜ੍ਹਿਆ ਤਾਂ ਦੁਸ਼ਮਣਾ ਨੇ ਸੋਚਿਆ ਬਹਤ ਸਾਰੇ ਸਿੰਘ ਮਾਰੇ ਜਾ ਚੁੱਕੇ ਹਨ ਹੁਣ ਗੁਰੂ ਜੀ ਤੇ ਪੰਜ ਚਾਰ ਸਿੰਘ ਹੀ ਰਹਿ ਗਏ ਹਨ ਕਿਉਂ ਨਾਂ “ਗੁਰੂ ਗੋਬਿੰਦ ਸਿੰਘ” ਨੂੰ ਜਿੰਦਾ ਫੜ ਲਈਏ ਅਤੇ ਔਰੰਗਜ਼ੇਬ ਦੇ ਪੇਸ਼ ਕਰਕੇ ਮੂੰਹ ਮੰਗੀਆਂ ਮੁਰਾਦਾਂ ਪਾਈਏ। ਓਧਰ ਭਾਈ ਸੰਗਤ ਸਿੰਘ ਜੋ ਉੱਚੇ ਟਿੱਲੇ ਤੇ ਮੋਰਚਾ ਸੰਭਾਲੀ ਬੈਠੇ ਗੁਰੂ ਗੋਬਿੰਦ ਸਿੰਘ ਜੀ ਲੱਗ ਰਹੇ ਸਨ ਬਚੇ ਆਪਣੇ ਸਾਥੀ ਸਿੰਘਾਂ ਸਮੇਤ ਗੜੀ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਭੁੱਖੇ ਸ਼ੇਰਾਂ ਅਤੇ ਬਾਜਾਂ ਦੀ ਤਰਾਂ ਝਪਟ ਪਏ। ਵੈਰੀਆਂ ਨੂੰ ਨਾਨੀ ਯਾਦ ਕਰਵਾ ਦਿੱਤੀ। ਆਖਿਰ ਜਦ ਤੀਰ ਆਦਿਕ ਸ਼ਸ਼ਤਰ ਮੁੱਕ ਗਏ ਤਾਂ ਟੁੱਟੀਆਂ ਫੁੱਟੀਆਂ ਕ੍ਰਿਪਾਨਾਂ ਨਾਲ ਹੀ ਹੰਕਾਰੇ ਵੈਰੀਆਂ ਦੇ ਸੱਥਰ ਲੌਂਹਦੇ, ਛਾਤੀਆਂ ਤਾਣ ਲੜਦੇ ਹੋਏ ਸ਼ਹੀਦ ਹੋ ਗਏ ਤਾਂ ਵੈਰੀਆਂ ਨੇ ਸ਼ਹੀਦ ਹੋਏ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ, ਸੀਸ ਵੱਢ ਕੇ ਕਿ ਇਸ ਖੁਸ਼ੀ ਨਾਲ ਕਿ ਸਿੱਖਾਂ ਦਾ ਗੁਰੂ ਮਾਰ ਮੁਕਾਇਆ ਹੈ ਹੁਣ ਔਰੰਗਜ਼ੇਬ ਦੇ ਦਰਬਾਰ ਵਿੱਚ ਮੂੰਹ ਦਿਖਾਉਣ ਯੋਗੇ ਹੋ ਜਾਂਵਾਂਗੇ ਪਰ ਜਦ ਸਨਾਖਤਕਾਰਾਂ ਰਾਹੀਂ ਪਤਾ ਲੱਗਾ ਕਿ ਇਹ ਗੁਰੂ ਦਾ ਸਿਰ ਨਹੀਂ ਸਗੋਂ ਸਿੰਘ ਦਾ ਹੈ ਤਾਂ ਵੈਰੀਆਂ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ, ਹੱਥਾਂ ਦੇ ਤੋਤੇ ਉੱਡ ਗਏ। ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਮੁੱਠੀ ਭਰ ਸਿੰਘਾਂ ਹੱਥੋਂ ਮਾਰੀਆਂ ਗਈਆਂ। ਦਾਸ ਨੇ ਇਹ ਸ਼ਹੀਦੀ ਪ੍ਰਸੰਗ ਕਥਾ ਕਰਦੇ ਸੁਣਾਇਆ। ਦਾਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰਦੇ ਹੋਏ ਕਿਹਾ ਕਿ ਗੁਰਬਾਣੀ ਨੂੰ ਸਮਝ ਵਿਚਾਰ ਕੇ ਹੀ ਖਾਲਸੇ ਬਣਿਆਂ ਜਾ ਸਕਦਾ ਹੈ।
ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਭਾਈ ਜੋਗਾ ਸਿੰਘ ਜੀ ਰਾਹੀਂ ਸਾਰੇ ਰਾਗੀ ਸਿੰਘਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਦਾਸਾਂ ਨੂੰ ਇਸ ਗੁਰਦੁਆਰੇ ਆ ਕੇ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਦਾਸਾਂ ਨੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਸੰਸਥਾ ਵੱਲੋਂ, ਗੁਰਮਤਿ ਸਟਾਲ ਵੀ ਲਾਈ ਜਿੱਥੇ ਸੰਗਤਾਂ ਨੇ ਲਿਟਰੇਚਰ ਵੀ ਲਿਆ। ਕਥਾ ਪ੍ਰਚਾਰ ਅਤੇ ਗੁਰਮਤਿ ਸਟਾਲ ਲਈ ਸੰਗਤਾਂ ਦਾਸਾਂ ਨਾਲ 5104325827 ਨੰਬਰ ਜਾਂ singhstudent@gmail.com ਤੇ ਸੰਪਰਕ ਕਰ ਸਕਦੀਆਂ ਹਨ।