ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਗੁਰਮਤਿ ਸਟਾਲ(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਐੱਲਸਬਰਾਂਟੇ ਦੀ ਸੰਗਤ ਵੱਲੋਂ ਬਰਕਲੇ (ਕੈਲੇਫੋਰਨੀਆਂ) ਵਿਖੇ 2 ਜੂਨ 2013 ਨੂੰ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ ਜਿੱਥੇ ਹੋਰ ਵੀ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਸਨਓਥੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਵੀ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਸਟਾਲ ਲਾਈ ਗਈ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਵਿੱਚ ਕਈ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਸ਼ਾਮਲ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਨਾਲ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ ਸਿੰਘ ਕਰ ਰਹੇ ਸਨ। ਸ਼ਬਦ ਕੀਰਤਨ ਵਖਿਆਨਾਂ ਦੇ ਨਾਲ ਗਤਕਾ ਦਲਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਚੱਲ ਰਹੇ ਸਨ। ਗਰਮੀ ਹੋਣ ਕਰਕੇ ਆਈਸ ਕਰੀਮ ਦਾ ਲੰਗਰ ਵੀ ਖੂਬ ਚੱਲਿਆ। ਦਾਸ ਸਟਾਲ ਤੇ ਬਿਜੀ ਹੋਣ ਕਰਕੇ ਬਹੁਤਾ ਇਧਰ-ਉਧਰ ਨਹੀਂ ਜਾ ਸੱਕਿਆ ਪਰ ਸੰਗਤਾਂ ਘੁੰਮਦੀਆਂ ਫਿਰਦੀਆਂ ਸਾਰੇ ਪਾਸੇ ਆ ਜਾ ਰਹੀਆਂ ਸਨ। ਸ੍ਰ. ਪਰਮਜੀਤ ਸਿੰਘ ਦਾਖਾ ਅਤੇ ਪ੍ਰੋ. ਨਨੂਆਂ ਜੀ ਨੇ ਵੀ ਸਟਾਲ ਵਾਸਤੇ ਹੈਲਪ ਕੀਤੀ।
ਸੰਗਤਾਂ ਨੇ ਗੁਰਮਤਿ ਦੀ ਨਵੇਕਲੀ ਸਟਾਲ ਤੋਂ ਤੱਤ ਗੁਰਮਤਿ ਦਾ ਲਿਟ੍ਰੇਚਰ ਵੀ ਲਿਆ ਅਤੇ ਕਈਆਂ ਨੇ ਦਾਸਾਂ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ। ਖਾਸ ਕਰਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਸਬੰਧਤ ਸਿੰਘ “ਸਿੱਖ ਰਹਿਤ ਮਰਯਾਦਾ” ਵੀ ਲੈ ਕੇ ਗਏ। ਫਰਿਜਨੋ ਅਤੇ ਟਰੇਸੀ ਤੋਂ ਆਏ ਸਿੰਘਾਂ ਨੇ ਵੀ ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਦਾਸ ਦੇ ਆਰਟੀਕਲ (ਲੇਖ) ਵੈਬਸਾਈਟਾਂ ਅਤੇ ਅਖਬਾਰਾਂ ਵਿੱਚ ਪੜ੍ਹਨ ਵਾਲੇ ਪਾਠਕਾਂ ਅਤੇ ਰੇਡੀਓ ਚੜ੍ਹਦੀ ਕਲਾ ਅਤੇ ਹਮਸਫਰ ਦੇ ਸਰੋਤਿਆਂ ਨੇ ਦਾਸ ਦੀ ਲਿਖੀ ਹੋਈ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਮੰਗ ਮੰਗ ਕੇ ਲਈ। ਜਿਸ ਕਰਕੇ ਇਹ ਪੁਸਤਕ ਹੁਣ ਖਤਮ ਹੋ ਗਈ ਹੈ ਜੋ ਅਗਲੇ ਦੋ ਮਹੀਨੇ ਤੱਕ ਭਾਰਤ ਤੋਂ ਆਉਣ ਵਾਲੀਆਂ ਹੋਰ ਸਕਾਲਰਾਂ ਦੀਆਂ ਪੁਸਤਕਾਂ ਨਾਲ ਆ ਰਹੀ ਹੈ। ਗੁਰਮਤਿ ਵਿਚਾਰਾਂ ਅਤੇ ਲਿਟ੍ਰੇਚਰ ਲਈ ਆਪ 5104325827 ਤੇ ਫੋਨ ਅਤੇ singhstudent@yahoo.com ਤੇ ਸੰਪਰਕ ਕਰ ਸਕਦੇ ਹੋ। ਅਸੀਂ ਨਗਰ ਕੀਰਤਨ ਦੇ ਪ੍ਰਬੰਧਕਾਂ, ਸੰਗਤਾਂ, ਪੁਸਤਕ, ਲੇਖ ਪਾਠਕਾਂ ਅਤੇ ਰੇਡੀਓ ਸਰੋਤਿਆਂ, ਅਖਬਾਰਾਂ, ਵੈਬਸਾਈਟਾਂ ਅਤੇ ਮੰਥਲੀ ਰਸਾਲਿਆਂ ਦੇ ਸੰਚਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮੂੰਹ ਸੰਗਤਾਂ ਨੂੰ ਅਰਜੋਈ ਕਰਦੇ ਹਾਂ ਕਿ ਦੁਨਿਆਵੀ ਲੰਗਰਾਂ ਦੇ ਨਾਲ-ਨਾਲ ਗੁਰ-ਸ਼ਬਦ ਵਿਚਾਰ ਦਾ ਲੰਗਰ ਵੀ ਲਾਇਆ ਅਤੇ ਛਕਿਆ ਕਰਨ ਜਿਸ ਦੀ ਐਸ ਵੇਲੇ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ।
ਨੋਟ-9 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ 2 ਤੋਂ 3 ਵਜੇ ਤੱਕ ਗੁਰਬਾਣੀ ਸੰਥਿਆ ਵਿਚਾਰ ਦੀ ਕਲਾਸ ਲਾਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਜਗਿਆਸੂ ਭਾਗ ਲੈ ਸਕਦਾ ਹੈ ਜੋ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਲੱਗਿਆ ਕਰੇਗੀ।