ਸਾਡਾ ਹੱਕ
ਜ਼ਖਮ, ਜੁਲਮ ਦੇ ਦੇਣੇ, ਹੱਕ ਸਮਝਦੇ ਨੇ,
ਕੋਈ ਜ਼ਖਮ ਦਿਖਾਉਣਾ, ਕਹਿੰਦੇ ਹੱਕ ਨਹੀਂ।
ਚੰਗੇਜ,ਹਲਾਕੂ,ਹਿਟਲਰ ਵਾਲੀ ਨੀਤੀ ਤੇ,
ਮਾਰਨ ਤੇ ਕੁਰਲਾਉਣਾ, ਕਹਿੰਦੇ ਹੱਕ ਨਹੀਂ।
ਲਾਸ਼ਾਂ ਦੀ ਗਿਣਤੀ ਵੀ ਜੇਕਰ ਕਰਦੇ ਹੋ,
ਲੋਕਾਂ ਨੂੰ ਗਿਣਵਾਉਣਾ, ਕਹਿੰਦੇ ਹੱਕ ਨਹੀਂ।
ਨੀਤੀ ਦੇ ਨਾਲ ਲੋਕ ਸੰਮੋਹਣ ਕੀਤੇ ਨੇ,
ਕੱਚੀ ਨੀਂਦ ਜਗਾਉਣਾ, ਕਹਿੰਦੇ ਹੱਕ ਨਹੀਂ।
ਸਿਰਾਂ ਦੀ ਗਿਣਤੀ ਨਾਲ ਹਕੂਮਤ ਚਲਦੀ ਹੈ,
ਅੰਦਰੋਂ ਸਿਰ ਅਜਮਾਉਣਾ, ਕਹਿੰਦੇ ਹੱਕ ਨਹੀਂ।
ਧਰਮੀਂ ਦੇ ਪਹਿਰਾਵੇ ਅੰਦਰ ਰਹਿਣਾ ਹੈ,
ਐਪਰ ਧਰਮ ਕਮਾਉਣਾ, ਕਹਿੰਦੇ
ਹੱਕ ਨਹੀਂ।
ਮੁਜਰਿਮ ਦੇ ਨਾਲ ਯਾਰੀ ਸਾਡੀ ਨੀਤੀ ਹੈ,
ਪਰ ਇਨਸਾਫ਼ ਦਿਵਾਉਣਾ, ਕਹਿੰਦੇ ਹੱਕ ਨਹੀਂ।
ਕਲਮਾਂ, ਟੀ-ਵੀ,
ਅਖਬਾਰਾਂ ਤੇ ਨੈੱਟ ਰਾਹੀਂ,
ਰਤਾ ਆਵਾਜ਼ ਉਠਾਉਣਾ, ਕਹਿੰਦੇ ਹੱਕ ਨਹੀਂ।
ਜੋ ਬੀਤੀ ਸੋ ਬੀਤੀ ਬਹਿਕੇ ਸਬਰ ਕਰੋ,
“ਸਾਡਾ ਹੱਕ” ਫਿਲਮਾਉਣਾ, ਕਹਿੰਦੇ ਹੱਕ ਨਹੀਂ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) gsbarsal@gmail.com