ਅਸੀਂ ਬੁਰਿਆਈ ਨਾਲ ਲੜਨਾਂ ਸੀ,
ਪਰ ਬੁਰਿਆਂ ਦੇ ਨਾਲ ਖਹਿ ਗਏ ਹਾਂ।।
ਅਸੀਂ ਬਾਹਰਲਿਆਂ ਨੂੰ ਜਿੱਤਦੇ ਰਹੇ,
ਪਰ ਅੰਦਰਲਿਆਂ ਤੋਂ ਢਹਿ ਗਏ ਹਾਂ।।
ਸਾਨੂੰ ਮਜ਼ਹਬੀ ਭੰਵਰ ਚੋਂ' ਨਿਕਲਣ ਦਾ,
ਗੁਰੂ ਨਾਨਕ ਰਸਤਾ ਦੱਸਿਆ ਸੀ।
ਅਸੀਂ ਨਿਆਰੇ ਰਸਤੇ ਨੂੰ ਛੱਡਕੇ,
ਮੁੜ ਬਹਿਣਾ ਦੇ ਵਿੱਚ ਬਹਿ ਗਏ ਹਾਂ।।
ਸੱਚ-ਧਰਮ ਦੇ ਪਹੀਏ ਦੋ ਹੁੰਦੇ,
ਇਕ ਗਿਆਨ ਤੇ ਦੂਜਾ ਸ਼ਰਧਾ ਦਾ।
ਅਸੀਂ ਅੰਧਵਿਸ਼ਵਾਸੀ ਸ਼ਰਧਾ ਦੇ,
ਅਲਵਿਦਾ ਗਿਆਨ ਨੂੰ ਕਹਿ ਗਏ ਹਾਂ।।
ਸਾਨੂੰ ਰੋਜ਼ੀ ਦੇ ਲਈ ਗੁਰਬਾਣੀ,
ਸੁਕਿਰਤ ਕਰਨ ਲਈ ਕਹਿੰਦੀ ਹੈ।
ਸਾਡੀ ਮਿਹਨਤ ਖਾਧੀ ਜੋਕਾਂ ਨੇ,
ਅਸੀਂ ਕਿਸਮਤ ਕਹਿਕੇ ਸਹਿ ਗਏ ਹਾਂ।।
ਗੁਰ ਨਾਨਕ ਨੇ ਉਪਦੇਸ਼ ਲਿਖੇ,
ਜੀਵਨ ਵਿੱਚ ਧਾਰਨ ਕਰਨੇ ਲਈ।
ਅਸੀਂ ਗੁਰ-ਸਿੱਖਿਆ ਨੂੰ ਭੁੱਲਕੇ ਤੇ,
ਪੂਜਾ ਦੇ ਰਸਤੇ ਪੈ ਗਏ ਹਾਂ।।
ਉਸ ਇਕ ਉੰਗਲ ਚੁੱਕ ਦੱਸਿਆ ਸੀ,
ਬ੍ਰਹਿਮੰਡ ਦਾ ਕਰਤਾ ਇੱਕੋ ਹੈ।
ਅਸੀਂ ਗਲ ਸਮਝਣ ਦੀ ਥਾਵੇਂ ਤਾਂ,
ਉੰਗਲ ਹੀ ਪੂਜਣ ਡਹਿ ਗਏ ਹਾਂ।।
ਕੁਦਰਤ ਦੇ ਗੁੱਝੇ ਨਿਯਮਾਂ ਨੂੰ,
ਉਸ ਹੁਕਮ ਸਾਹਿਬ ਦਾ ਆਖਿਆ ਸੀ।
ਅਸੀਂ ਰਮਜਾਂ ਸਮਝਣ ਜੋਗੇ ਨਾਂ,
ਸ਼ਬਦਾਂ ਵਿੱਚ ਫਸਕੇ ਰਹਿ ਗਏ ਹਾਂ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com