ਕਦੋਂ ਸਿਖ ਜਾਗਣ ਗੇ ਅਤੇ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਉਤਸਵ ਅਸਲ ਤਿਥੀ ਉਤੇ ਮਨਾਉਣ ਗੇ ?
ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ
ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ(ਰਾਏ ਭੋਏ ਦੀ ਤਲਵੰਡੀ) ਵਿਖੇ ਮੇਹਤਾ ਕਲਯਾਨ ਦਾਸ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਿਹ ਵਿਖੇ ਵੇਸਾਖ ਸੁਦੀ ੩, ੨੦ ਵੇਸਾਖ ਸੰਬਤ ੧੫੨੬ ਅਰਥਾਤ ੧੫ ਅਪ੍ਰੈਲ ਸੰਨ ੧੪੬੯ ਨੂੰ ਹੋਇਆ। ਵੇਖੋ ਮਹਾਂਨ ਕੋਸ਼ ਪੰਨਾਂ ੬੯੨ (੧੯੭੪)
ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਜਿਸ 'ਨਿਰਮਲ ਪੰਥ' ਦੀ ਬੁਨਿਆਦ ਰਖੀ ਸੀ, ਇਹ 'ਨਿਰਮਲ ਪੰਥ' ਹੀ ਸਤਿਗੁਰੁ ਗੋਬਿੰਦ ਸਿੰਘ ਸਾਹਿਬ ਜੀ ਤਕ ਵਿਕਾਸ ਕਰ ਕੇ 'ਗੁਰੂ ਖਾਲਸਾ ਪੰਥ' ਦੇ ਰੂਪ ਵਿਚ ਪਰਗਟ ਹੋਇਆ। ਇਸੇ 'ਗੁਰੂ ਖਾਲਸਾ ਪੰਥ' ਨੂੰ ਹੀ ਭਾਈ ਗੁਰਦਾਸ ਸਿੰਘ ਆਪਣੀ ਵਾਰ ਵਿਚ 'ਤੀਸਰ ਪੰਥ' ਦਾ ਨਾਮ ਦਿੰਦਿਆਂ ਫੁਰਮਾਂਦੇ ਹਨ: "ਇਉਂ ਤੀਸਰ ਪੰਥ ਚਲਾਿੲਨ ਵਡ ਸੂਰ ਗਹੇਲਾ।"
ਸਤਿਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਪਹਿਲਾਂ ਵਿਸ਼ਵ ਵਿਚ ਦੋ ਪ੍ਰਮੁਖ ਜੀਵਨ-ਮਾਰਗ ਸਨ। ਇਕ ਆਰਯਨ ਅਤੇ ਦੂਜਾ ਸਾਮੀ (Semetic) । ਆਰਯਨ ਮਾਰਗ ਵਿਚ ਪ੍ਰਮੁਖਤਾ ਵੇਦਾਂ ਦੀ ਹੈ ਅਤੇ ਸਾਮੀ ਮਾਰਗ ਵਿਚ ਕਤੇਬਾਂ ਦੀ; ਪਰ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੋਹਾਂ ਮਾਰਗਾਂ ਨੂੰ ਤਿਆਗ ਕੇ ਤੀਸਰ-ਮਾਰਗ 'ਨਿਰਮਲ ਪੰਥ' ਜਾਂ 'ਗੁਰੂ ਖ਼ਾਲਸਾ ਪੰਥ' ਦੀ ਨੀਹ ਰਖਣ ਦਾ ਵੀਚਾਰ ਲੈ ਕੇ ਵੇਈਂਂ ਨਦੀ ਵਿਚੋਂ ਬਾਹਰ ਨਿਕਲੇ ਸਨ ਤਾਂ ਉਨ੍ਹਾਂ ਨੇ ਜੇਹੜਾ ਪਹਿਲਾ ਧਾਰਮਿਕ ਉਪਦੇਸ਼ ਦਿੱਤਾ, ਉਹ ਸੀ "ਨਾ ਹਮ ਹਿੰਦੂ ਨਾ ਮੁਸਲਮਾਨ।"
ਸਤਿਗੁਰੁ ਨਾਨਕ ਜੀ ਦਾ ਮਨੋਰਥ ਇਨਸਾਨ ਨੂੰ ਇੰਝ ਤਰਾਸ਼ਨਾ ਤੇ ਸਵਾਰਨਾ ਸੀ ਕਿ ਉਹ ਅੱਡੋਲ, ਇਕਮਨ, ਇਕਚਿਤ, ਸਚ ਨੂੰ ਹਿਰਦੇ ਵਿਚ ਵਸਾ, ਪਿਆਰ ਦੀ ਮੂਰਤ, ਸੁਘੜ ਅਤੇ ਸਿਆਨਪ ਆਦਿ ਗੁਣਾਂ ਦਾ ਧਾਰਨੀ ਹੋ ਕੇ ਅਜਿਹੇ ਆਦਰਸ਼ਕ ਸਮਾਜ ਦੀ ਸਿਰਜਣਾ ਕਰੇ ਕਿ ਜਿਸ ਦਾ ਹਰੇਕ ਮਨੁਖ ਆਜ਼ਾਦੀ ਨਾਲ, ਵਿਤਕਰਿਆਂ ਤੇ ਭੈ ਰਹਿਤ ਆਪਣੀ ਜ਼ਿੰਦਗੀ ਬਿਤਾ ਸਕੇ। ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਸਿਖ ਨੂੰ ਕਰਮ-ਕਾਂਡਾ, ਵਹਿਮਾਂ ਭਰਮਾਂ ਦੇ ਅਗਿਆਨਤਾ ਦੇ ਹਨੇਰੇ ਵਿਚੋਂ ਕੱਡ ਕੇ ਸਚ ਦੇ ਗਿਆਨ ਦਾ ਉਸ ਅੰਦਰ ਪ੍ਰਗਾਸ ਕੀਤਾ ਅਤੇ ਫੁਰਮਾਨ ਕੀਤਾ ਤੇ ਕਿਹਾ :"ਜਹ ਗਿਆਨ ਪ੍ਰਗਾਸੁ ਆਗਿਆਨ ਮਿਟੰਤ ॥" (ਸਲੋਕ ਮ:੧, ਪੰਨਾਂ ੭੯੧).
ਗੁਰਮਤ ਅਜਿਹੇ ਮਨੁਖ ਨੂੰ 'ਗੁਰਮੁਖ' ਦਾ ਨਾਮ ਦਿੰਦੀ ਹੈ ਅਤੇ ਇਸੇ ਗੁਰਮੁਖ ਨੂੰ ਹੀ ਸਤਿਗੁਰੁ ਗੋਬਿੰਦ ਸਿੰਘ ਪਾਤਿਸ਼ਾਹ ਜੀ 'ਖ਼ਾਲਸਾ' ਦਾ ਨਾਮ ਦਿੰਦੇ ਹਨ। ਇਵੇਂ, ਗੁਰੂ-ਖ਼ਾਲਸਾ ਪੰਥ ਦਾ 'ਗੁਰਮੁਖ' ਜਾਂ 'ਖ਼ਾਲਸਾ', ਗੁਰਮਤ ਦੇ ਸੁਨੈਹਰੀ ਅਸੂਲ 'ਨਾਮ-ਦਾਨ-ਇਸਨਾਨ' ਅਤੇ 'ਨਾਮ-ਜਪਣਾ, ਕਿਰਤ ਕਰਨਾ ਅਤੇ ਵੰਡ-ਛਕਨਾਂ' ਦਾ ਧਾਰਨੀ ਹੁੰਦਾਂ ਹੈ।
ਗੁਰੂ ਖ਼ਾਲਸਾ
ਪੰਥ ਦਾ ਬੁਨਿਆਦੀ ਅਸੂਲ ਹੈ ਕਿ ‘ਸਿਖ ਨਾਂ ਕਿਸੇ ਨੂੰ ਭੈ ਦਿੰਦਾਂ ਹੈ ਅਤੇ ਨਾਂ ਹੀ ਕਿਸੇ ਤੋਂ ਭੈ
ਖਾਂਦਾਂ ਹੈ।‘ ‘ਉਹ 'ਜਾਗਤ ਜੋਤ ਵਾਹੇਗੁਰੁ’, ਨੂੰ ਆਪਨੇ ਹਿਰਦੇ ਵਿਚ ਵਸਾ ਕੇ ਜ਼ੁਲਮ, ਬੇਇੰਸਾਫੀ ਦੇ
ਵਿਰੁਧ ਆਪਨੇ ਹੱਕ-ਸਚ ਲਈ ਜੂਝਦਾ ਹੈ। ਇਸੇ ਲਈ ਤਾਂ ਸਤਗੁਰੁ ਨਾਨਕ ਪਾਤਿਸ਼ਾਹ ਜੀ ਦਾ ਫੁਰਮਾਨ ਹੈ:
"ਜੇ ਜੀਵੈ ਪਤਿ ਲਥੀ ਜਾਇ ਸਭ ਹਰਾਮ ਜੇਤਾ ਕਿਛੁ ਖਾਇ॥"
ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਮੁਢੋਂ ਹੀ ਉਸ ਵੇਲੇ ਦੇ ਪ੍ਰਮੁਖ ਬਾਹਮਣਵਾਦ ਅਤੇ ਇਸਲਾਮ ਨੂੰ ਸਿਰੇ ਤੋਂ ਹੀ ਨਕਾਰ ਦਿਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹਿੰਦੁਆਂ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿਤਾ ਕਿਓਂ ਕਿ ਧਾਗੇ ਪਾਉਣ ਜਾਂ ਤਵੀਤ ਪਾਉਣ ਨਾਲ ਮਨੁਖ ਪਵਿੱਤਰ ਨਹੀਂ ਹੋ ਸਕਦਾ, ਜਦ ਤੀਕ ਕਿ ਮਨੁਖ ਦੇ ਕੰਮ ਚੰਗੇ ਨਹੀਂ ਹੋਣ ਗੇ, ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦਾ ਫੁਰਮਾਨ ਹੈ ਕਿ:" ਸ਼ੁਭ ਅਮਲਾਂ ਬਾਝੋਂ ਦੋਵੇ ਰੋਈ॥"
ਸਿਖ ਧਰਮ ਮਨੁਖਾਂ ਦੀ ਬਰਾਬਰੀ, ਭਰਾਤਰੀਆਤਾ ਅਤੇ ਉਚੇ ਸੁਚੇ ਆਚਰਣ ਦੀ ਗਲ ਕਰਦਾ। ਇਸਤਰੀ ਦੇ ਸਤਿਕਾਰ ਦੀ ਗਲ ਕਰਦਾ ਇਸਤਰੀ-ਮਰਦ ਨੂੰ ਬਰਾਬਰੀ ਦਿੰਦਾਂ ਹੈ। ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ੯੪੭ ਸ਼ਬਦਾਂ ਦਾ ਉਚਾਰਨ ਕੀਤਾ ਹੈ ਅਤੇ ਜਪੁਜੀ ਸਾਹਿਬ, ਸਿਧ ਗੋਸ਼ਟਿ, ਆਸਾ ਦੀ ਵਾਰ, ਮਾਝ ਦੀ ਵਾਰ, ਮਲਾਰ ਦੀ ਵਾਰ, ਦਖਣੀ ਓਂਕਾਰ ਆਦਿ ਬਾਣੀਆਂ ਦੀ ਰਚਨਾ ਕੀਤੀ ਹੈ ਜੋ ਸਾਰੀਆਂ ਬਾਣੀਆਂ ਸਤਿਗੁਰੁ ਗਰੰਥ ਸਾਹਿਬ ਪਾਤਿਸ਼ਾਹ ਵਿਚ ਸ਼ੁਭਾਏਮਾਨ ਹਨ।
ਸਤਗੁਰੁ ਨਾਨਕ ਪਾਤਿਸ਼ਾਹ ਜੀ ਦੀਆਂ ਉਦਾਸੀਆਂ ਸੰਬੰਧੀ ਭਾਈ ਕਾਹਨ ਸਿੰਘ ਨਾਭਾ 'ਮਹਾਨ ਕੋਸ਼' ਵਿਚ ਲਿਖਦੇ ਹਨ:" ਰਾਜ ਯੋਗੀ ਗੁਰੂ ਨੇ ਵਿਚਾਰਿਆ ਕਿ ਘਰ ਬੈਠ ਕੇ ਉਪਦੇਸ਼ ਕਰਨ ਨਾਲ ਸੰਸਾਰ ਤੇ ਪੂਰਨ ਉਪਕਾਰ ਨਹੀਂ ਹੋ ਸਕਦਾ, ਇਸ ਲਈ ਫੁੱਟ ਈਰਖਾ ਵੈਰ ਨਾਲ ਸੜਦੀ ਹੋਈ ਲੁਕਾਈ ਨੂੰ ਅਮ੍ਰਿਤ ਨਾਮ ਦਾ ਛੱਟਾ ਦੇਣ ਵਾਸਤੇ ਸੰਮਤ ੧੫੫੪ ਵਿਚ ਮੋਦੀਖਾਨਾ ਤਿਆਗ ਕੇ ਦੇਸ਼ਾਟਨ ਆਰੰਭਿਆ। ਏਮਨਾਬਾਦ ਵਿਚ ਲਾਲੋ ਤਰਖਾਣ ਦੇ ਘਰ ਰਹਿ ਕੇ ਖਾਂ ਪਾਨ ਦੀ ਛੂਤ ਛਾਤ ਦਾ ਭਰਮ ਮਿੱਟਾਇਆ।ਹਰਿਦ੍ਵਾਰ
ਜਾ ਕੇ ਪਿਤਰਾਂ ਨੂੰ ਜਲ ਅਵਿਦ੍ਯਾ ਕਰਮ ਸਿੱਧ ਕੀਤਾ।
ਦਿੱਲੀ ਕਾਸ਼ੀ ਆਦਿਕ ਅਸਥਾਨਾਂ ਵਿਚ ਧਰਮ ਦਾ ਪ੍ਰਚਾਰ ਕਰਦੇ ਹੋਏ ਗਯਾ ਪਹੁੰਚੇੰ, ਜਿਥੇ ਪਿੰਡਦਾਨ
ਆਦਿਕ ਕਰਮਾਂ ਨੂੰ ਖੰਡਨ ਕੀਤਾ। ਜਗਨਨਾਥ ਪਹੁੰਚ ਕੇ ਕਰਤਾਰ ਦੀ ਸਚੀ ਆਰਤੀ ਦਾ ਉਪਦੇਸ਼ ਦਿੱਤਾ।"
ਇਵੇਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਆਪਨੀਆਂ ਉਦਾਸੀਆਂ ਦੌਰਾਨ ਸਮੁਚੇ ਭਾਰਤ ਉਪਮਹਾਦੀਪ, ਪੱਛਮ ਵਿਚ ਅਰਬ-ਤੁਰਕੀ ਤੀਕ ਅਤੇ ਉੱਤਰ ਵਿਚ ਚੀਨ ਤੇ ਰੂਸ ਤੀਕ ਗੁਰਮਤਿ ਦਾ ਪ੍ਰਚਾਰ ਕਰਨ ਲਈ ਯਾਤਰਾ ਕੀਤੀ। ਮੁਸਲਮਾਨਾਂ ਦੇ ਮੱਕੇ ਜਾ ਕੇ ਕੁਰਾਹੇ ਪਏ ਮੁਸਲਮਾਨਾਂ ਨੂੰ ਸਚ ਦੇ ਮਾਰਗ ਉਤੇ ਪਾਇਆ ਅਤੇ ਦੱਸਿਆ ਕਿ ਰੱਬ ਮੱਕੇ ਵਿਚ ਹੀ ਨਹੀਂ ਬਲਕਿ ਹਰ ਥਾਂ ਹਾਜਿਰ ਨਾਜਿਰ ਹੈ ਅਤੇ ਜ਼ੁਲਮ ਦਾ ਰਸਤਾ ਛੱਡ ਕੇ ਮਨੁਖਾਂ ਨੂੰ ਪਿਆਰ ਕਰੋ ਕਿਓਂਕਿ ਰੱਬ ਸੱਬ ਵਿਚ ਹੈ ਅਤੇ ਕੋਈ ਵੀ ਜੀਵ ਕਾਫ਼ਿਰ ਨਹੀ ਹੈ, ਫੁਰਮਾਨ ਕੀਤਾ "ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ"
ਡਾਕਟਰ ਫੌਜਾ ਸਿੰਘ ਇਤਿਹਾਸਕਾਰ ਅਨੁਸਾਰ ਸਤਗੁਰੁ ਨਾਨਕ ਪਾਤਿਸ਼ਾਹ ਜੀ ਨੇ ਤਕਰੀਬਨ ਤੀਹ ਸਾਲ ਦਾ ਸਮਾਂ ਇਨ੍ਹਾਂ ਯਾਤਰਾਵਾਂ ਵਿਚ ਬਿਤਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਰਬਾਬੀ ਹਰ ਵੇਲੇ ਨਾਲ ਰਹੇ। ਕੁਝ ਭੁੱਲੜ ਲੋਕਾਂ ਵਲੋਂ ਸਿਖ ਇਤਿਹਾਸ ਨੂੰ ਵਿਗਾੜਨ ਲਈ 'ਬਾਲੇ' ਨਾਂ ਦਾ ਫ਼ਰਜ਼ੀ ਬੰਦਾ ਵੀ ਨਾਲ ਜੋੜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।
ਆਪਨੇ ਅੰਤਲੇ ਸਮੇਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਕਰਤਾਰ ਪੁਰ ਨਗਰ ਵਸਾਇਆ ਅਤੇ ਇਥੇ ਉਹ ਆਪਨੇ ਪਰਿਵਾਰ ਸਮੇਤ ਤੇ ਦੁਨੀਆਂ ਦੇ ਕਾਰ-ਵਿਹਾਰ ਕਰਦਿਆਂ ਵੀ "ਅੰਜਨ ਮਾਹਿ ਨਿਰੰਜਨ ਰਹੀਐ" ਦੇ ਅਸੂਲ ਉਤੇ ਅਮਲ ਕਰਦਿਆਂ ਗੁਰਮਤਿ ਦਾ ਪ੍ਰਚਾਰ ਕੀਤਾ। ਇਥੇ ਹੀ ਆਪ ਨੂੰ ਮਿਲਣ ਲਈ ਭਾਈ ਲਹਿਣਾ ਜੀ ਆਏ ਅਤੇ ਆਪ ਦੇ ਹੀ ਹੋ ਗਏ। ਜਦ ਭਾਈ ਲਹਿਣਾ ਜੀ ਸਤਿਗੁਰਾਂ ਦੇ ਸਾਰੇ ਇਮਤਿਹਾਨਾਂ ਵਿਚ ਪਾਸ ਹੋ ਗਏ ਤਾਂ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਨੇ ਆਪਣੀ ਜੋਤ ਭਾਈ ਲਹਿਣਾ ਜੀ ਵਿਚ ਪਰਵਰਤਿਤ ਕਰ ਕੇ ਉਨ੍ਹਾਂ ਨੂੰ ਆਪਣਾ ਅੰਗ ਬਣਾ ਕੇ ਗੁਰਿਆਈ ਸੋਂਪ ਦਿੱਤੀ ਅਤੇ ਉਹ ਭਾਈ ਲਹਿਣਾ ਤੋਂ ਸਤਿਗੁਰੁ ਅੰਗਦ ਪਾਤਿਸ਼ਾਹ ਬਣਾ ਦਿੱਤਾ ਕੁਝ ਸਮੇਂ ਬਾਅਦ ਸਤਗੁਰੂ ਨਾਨਕ ਪਾਤਿਸ਼ਾਹ ੨੩ ਅੱਸੂ (ਸੁਦੀ੧੦) ਸੰਮਤ ੧੫੯੬ ਭਾਵ ੨੨ ਸਤੰਬਰ ੧੫੩੯ ਨੂੰ ਜੋਤੀ ਜੋਤ ਸਮਾ ਗਏ।
ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ
ਮੁਖ ਸੇਵਾਦਾਰ ਸਿਖ ਪਾਰਲੀਮੇਂਟ, ਸਿਖ ਵਿਜ਼ਨ ਅਤੇ ਬ੍ਰਿਸਟਲ ਸਿਖ ਕਾਉਂਸਿਲ
www.sikhparliament.com