ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ (5104325827)
ਸਿਰੋਪਾ ਸਨਮਾਨ ਚਿੱਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ ਰੂਪ ਦਰਸਾਇਆ ਗਿਆ ਹੈ। ਸਿਰੋਪਾ ਸ਼ਬਦ ਦੇ ਵੱਖ-ਵੱਖ ਰੂਪ ਹਨ ਜਿਵੇਂ-ਸਰਪਾ, ਸਿਰੋਪਾ, ਸਿਰਪਾਉ, ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਉ ਕਿਹਾ ਗਿਆ ਹੈ-ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।। (੬੩੧) ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥(631) ਪ੍ਰੇਮਾਂ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ ਲਿਆ। ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥(1073) ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾਂ ਦੀ ਬਖਸ਼ਿਸ਼ ਦਾ ਖਾਸ ਸਿਰਪਾਉ ਪੈਂਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥(520) ਮੇਰੇ ਸ਼ਹਿਨਸ਼ਾਹ ਪ੍ਰਭੂ ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ ਮੈਂਨੂੰ ਬਖਸ਼ਿਸ਼ ਕੀਤਾ ਹੈ। ਅਯੋਗ ਵਿਅਕਤੀ ਸਾਕਤ ਅਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ-ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤਿ ਖੋਈ॥ (811) ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੇ ਹੰਕਾਰ ਅਤੇ ਵਿਸ਼ੇ ਵਿਕਾਰਾਂ ਕਾਰਨ ਆਪਣੀ ਇਜ਼ਤ ਗਵਾਈ ਹੈ।
ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ। ਐਨਸਾਈਕਲੋਪੀਡੀਆ ਆਫ ਸਿਖਇਜਮ ਅਨੁਸਾਰ ਸਿਰੋਪੇ ਦੀ ਰਵਾਇਤ ਗੁਰੂ ਅੰਗਦ ਸਾਹਿਬ ਤੋਂ ਸ਼ੁਰੂ ਹੋਈ। ਸਿੱਖ ਧਰਮ ਵਿੱਚ ਸਿਰੋਪਾਉ ਦਾ ਅਹਿਮ ਮਹੱਤਵ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸਦੇ ਉਲਟ ਅੱਜ ਕਲ੍ਹ ਹੋਟਲ, ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ। ਸਿੱਖ ਇਤਿਹਾਸ ਅਨੁਸਾਰ ਵੀ ਸਿਰੋਪਾ ਬਖਸ਼ਿਸ਼ ਕਰਨ ਦੀ ਪਰੰਪਰਾ ਜਗਤ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਜੋ ਉਨ੍ਹਾਂ ਨੇ ਭਾਈ ਲਹਿਣਾਂ ਜੀ ਨੂੰ ਹਰ ਪ੍ਰਕਾਰ ਯੋਗ ਸਮਝ ਕੇ ਗੁਰਗੱਦੀ ਰੂਪ ਸਿਰਪਾਉ ਦੀ ਬਖਸ਼ਿਸ਼ ਕੀਤੀ ਸੀ। ਅੱਗੇ ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਜੀ ਵਲੋਂ ਤਨ ਮਨ ਨਾਲ ਨਿਭਾਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰਗੱਦੀ ਸਿਰੋਪਾ ਬਖਸ਼ਿਸ ਕੀਤਾ ਸੀ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿਰੋਪਾਉ ਬਖਸ਼ਿਸ਼ ਕਰਨ ਦੀ ਪਰੰਪਰਾ ਚਲਦੀ ਰਹੀ।
ਗੁਰਦੁਆਰੇ ਜਾਂ ਧਰਮ ਅਸਥਾਂਨ ਦੇ ਹੈੱਡ ਗ੍ਰੰਥੀ, ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਿਰੋਪਾ ਬਖਸ਼ਿਸ਼ ਕਰਨ ਦੀ ਪ੍ਰੰਪਰਾ ਹੈ ਜੋ ਕਿ ਹੁਣ ਵੀ ਚਲ ਰਹੀ ਹੈ। ਸਿਰੋਪਾ ਬਖਸ਼ਿਸ਼ ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਜਰੂਰੀ ਹੈ।
ਸਿਰੋਪਾਉ ਦੀ ਰਾਜਨੀਤਕ ਹਥਿਆਰ ਦੇ ਰੂਪ ਵਿੱਚ ਦੁਰਵਰਤੋਂ ਕਰਨਾ ਅੱਜ ਆਮ ਹੋ ਗਿਆ ਹੈ। ਗੁਰੂ ਸਾਹਿਬ ਵਲੋਂ ਬਖਸ਼ਿਆ ਜਾਣ ਵਾਲਾ ਸਿਰੋਪਾ ਕਿਵੇਂ, ਕਿੱਥੇ ਅਤੇ ਕਿਸਨੂੰ ਦੇਣਾ ਹੈ? ਇਸ ਮਰਿਆਦਾ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਿੱਖ ਇਤਿਹਾਸ ਦੇ ਇਕ ਕਾਲੇ ਪੰਨੇ ਅਨੁਸਾਰ ਪ੍ਰਿਥੀ ਚੰਦ ਮੀਣਾਂ ਜੋ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ ਜਿਸ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਲਾਹੌਰ ਦੇ ਪੰਥ ਦੋਖੀ ਸੁਲਹੀ ਖਾਨ ਨੂੰ, ਉਸਦੇ ਘਰ ਜਾ ਕੇ ਸਿਰੋਪਾ ਦੇ ਦਿੱਤਾ ਸੀ ਤਾਂ ਕਿ ਗੁਰਗੱਦੀ ਮਿਲ ਜਾਏ। ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭਗੌੜਿਆਂ ਨੂੰ ਇਸ ਲਈ ਸਿਰੋਪੇ ਦੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਦੋਖੀ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ। ਹੱਦ ਇੱਥੋਂ ਤੱਕ ਟੱਪ ਗਈ ਹੈ ਕਿ ਝੋਲੀ ਚੁੱਕ ਗ੍ਰੰਥੀ, ਅਖੌਤੀ ਜਥੇਦਾਰ, ਡੇਰੇਦਾਰ ਸੰਤ ਅਤੇ ਲੀਡਰ ਛੋਟੇ-ਛੋਟੇ ਅਫਸਰਾਂ ਕਰਮਚਾਰੀਆਂ ਕੋਲ ਵੀ ਸਿਰੋਪੇ ਕ੍ਰਿਪਾਨਾਂ ਲੈ ਕੇ ਪਹੁੰਚ ਜਾਂਦੇ ਹਨ। ਅੱਜ ਗੁਰਦੁਆਰਿਆਂ ਵਿੱਚ ਕੁਰਹਿਤੀਆਂ ਦੇ ਹੱਥੋਂ ਅਣਮਤੀਏ ਪੰਥ ਦੋਖੀਆਂ ਦਾ ਸਿਰੋਪੇ ਪ੍ਰਾਪਤ ਕਰਨਾ ਆਮ ਹੋ ਗਿਆ ਹੈ।
ਹੁਣ ਵੇਲਾ ਆ ਗਿਆ ਹੈ ਕਿ ਪ੍ਰਿਥੀ ਚੰਦ ਮੀਣੇ ਦੇ ਪੂਰਨਿਆਂ ਤੇ ਚੱਲਣ ਵਾਲੇ ਇਨ੍ਹਾਂ ਸਿਆਸੀ ਪ੍ਰਬੰਧਕਾਂ ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮੁਕਤ ਕਰਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਦੀਆਂ ਸੁਆਰਥੀ ਹਰਕਤਾਂ ਕਾਰਣ ਕੌਮ ਨੂੰ ਹਾਸੇ-ਮਜਾਕ ਦਾ ਵਿਸ਼ਾ ਨਾਂ ਬਨਣਾ ਪਵੇ।
ਇਸ ਪ੍ਰੰਪਰਾ ਨੂੰ ਅੱਜੋਕੇ ਪਦਾਰਥਵਾਦੀ ਯੁਗ ਵਿੱਚ ਪ੍ਰਬੰਧਕ, ਸੰਸਥਾਵਾਂ ਅਤੇ ਰਾਜਨੀਤੀਵਾਨ ਆਪਣੀਆਂ ਨਿਜੀ ਇਛਾਵਾਂ ਦੀ ਪੂਰਤੀ ਲਈ ਇਸਤੇਮਾਲ ਕਰ ਰਹੇ ਹਨ। ਸਿਰੋਪਾਉ ਦੀ ਬਖਸ਼ਿਸ ਕਿਸਨੂੰ, ਕਿਵੇਂ ਅਤੇ ਕਿੱਥੇ ਹੋਵੇ? ਇਸ ਮਾਮਲੇ ਤੇ ਸਿੱਖ ਵਿਦਵਾਨਾਂ, ਰਾਜਨੀਤਕਾਂ ਅਤੇ ਧਾਰਮਕ ਮੁੱਖੀਆਂ ਨੂੰ ਫਰਾਖਦਿਲੀ ਨਾਲ ਵੀਚਾਰ ਕਰਨੀ ਚਾਹੀਦੀ ਹੈ। ਵੇਲਾ ਮੰਗ ਕਰਦਾ ਹੈ ਕਿ ਖੋਜ ਭਰਪੂਰ ਵਿਚਾਰ ਵਿਟਾਂਦਰਾ ਕਰਕੇ ਖੁਦਗਰਜ ਸਿਆਸੀ ਨੇਤਾਵਾਂ ਨੂੰ ਇਸ ਸਬੰਧੀ ਸਿਖਿਆ-ਸੇਧ ਦਿੱਤੀ ਜਾਵੇ ਅਤੇ ਇਸ ਦੀ ਗਲਤ ਵਰਤੋਂ ਕਰਣ ਵਾਲਿਆਂ ਨੂੰ ਸਜਾ ਦੇਣ ਦਾ ਵਿਧਾਨ ਵੀ ਪੰਥ ਵਲੋਂ ਤਜਵੀਜ ਕੀਤਾ ਜਾਵੇ।
ਅੱਜ ਜਿਵੇਂ ਭਾਈ, ਬਾਬਾ, ਮਸੰਦ, ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਅਤੇ ਸਾਧ-ਸੰਤ ਲਫਜ਼ਾਂ ਦੀ ਅਣਧਿਕਾਰੀ ਲੋਕ ਅਤੇ ਭੇਖੀ ਸਾਧ-ਸੰਤ ਦੁਰਵਰਤੋਂ ਕਰ ਰਹੇ ਹਨ ਇਵੇਂ ਹੀ ਸਿਰਪਾਉਲਫਜ਼ ਦੀ ਗਲਤ ਵਰਤੋਂ ਵੀ ਅਜਿਹੇ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸਿਰਪਾਉ ਕਿਸੇ ਨੂੰ ਦਿੱਤਾ ਜਾਂ ਭੇਟ ਨਹੀਂ ਸਗੋਂ ਬਖਸ਼ਿਸ਼ ਕੀਤਾ ਜਾਂਦਾ ਹੈ। ਜਰਾ ਸੋਚੋ! ਭੇਟਾ ਤਾਂ ਆਪਣੇ ਤੋਂ ਛੋਟੇ ਨੂੰ ਦਿੱਤੀ ਜਾਂਦੀ ਹੈ। ਸਿਰੋਪਾਉ ਤਾਂ ਗੁਰੂ ਦੀ ਬਖਸ਼ਿਸ਼ ਹੈ ਜੋ ਭੇਟ ਕਰਨ ਦੀ ਥਾਂ ਬਖਸ਼ੀ ਹੀ ਜਾ ਸਕਦੀ ਹੈ। ਆਪਾਂ ਗੁਰੂ ਸਾਹਿਬ ਅੱਗੇ ਰੁਪਿਆ ਪੈਸਾ, ਕੋਈ ਵਸਤੂ, ਪਦਾਰਥ ਜਾਂ ਰੁਮਾਲ ਭੇਟ ਕਰ ਸਕਦੇ ਹਾਂ ਪਰ ਬਖਸ਼ਿਸ਼ ਤਾਂ ਗੁਰੂ ਪ੍ਰਮਾਤਮਾਂ ਹੀ ਸਾਡੇ ਤੇ ਹੀ ਕਰਦਾ ਹੈ।
ਅੱਜ ਸਿਰੋਪਾਉ ਦੀ ਜਿਨ੍ਹੀ ਦੁਰਵਰਤੋਂ ਪਾਠੀ, ਰਾਗੀ, ਗ੍ਰੰਥੀ, ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹੀ ਆਮ ਆਦਮੀ ਨਹੀਂ ਕਰਦਾ। ਇਨ੍ਹਾਂ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ। ਯਾਦ ਰਹੇ ਇਨ੍ਹਾਂ ਚੋਂ ਬਹੁਤੇ ਪੇਟ ਦੀ ਖਾਤਰ, ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਪ੍ਰਚਾਰ ਕਰਦੇ ਹਨ ਅਸੀਂ ਫਿਰ ਵੀ ਸਤਿਕਾਰ ਨਾਲ ਇਨ੍ਹਾਂ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਸਿਰੋਪਾਉ ਦਈ ਜਾ ਰਹੇ ਹਾਂ ਜੋ ਗੁਰਦੁਆਰੇ ਦੀ ਹੱਦੋਂ ਬਾਹਰ ਨਿਕਲਦੇ ਹੀ ਗੁਰ ਸਿਧਾਂਤਾਂ ਨੂੰ ਭੁੱਲ ਕੇ ਪੈਰਾਂ ਵਿੱਚ ਰੋਲਣ ਲੱਗ ਜਾਂਦੇ ਹਨ। ਅੱਜ ਤਾਂ ਸਿਰੋਪਿਆਂ ਦਾ ਵਾਪਾਰ ਹੋਣ ਲੱਗ ਪਿਆ ਹੈ। ਵੱਡੇ ਛੋਟੇ ਸਿਰੋਪਿਆਂ ਦੀਆਂ ਵੱਖ-ਵੱਖ ਭੇਟਾਵਾਂ ਹਨ। ਦੁਕਾਨਦਾਰਾਂ ਤੋਂ ਖਰੀਦੇ ਹੋਏ ਕਪੜੇ ਦੇ ਸਿਰੋਪੇ ਫਿਰ ਧਰਮ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਠੱਗਾਂ ਤੋਂ ਪੈਸੇ ਦੇ ਕੇ ਖਰੀਦ ਲਏ ਜਾਂਦੇ ਹਨ। ਅੱਜ ਸਿਰੋਪੇ ਵੀ ਅਮੀਰਾਂ, ਰਾਜਨੀਤਕਾਂ ਜਾਂ ਅਸਰ ਰਸੂਕ ਵਾਲਿਆਂ ਦੇ ਰਹੇ ਗਏ ਹਨ। ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਵਿਖੇ ਵੀ ਕੜਾਹ ਪ੍ਰਸ਼ਾਦ ਅਤੇ ਸਿਰੋਪਿਆਂ ਦੀ ਭੇਟਾ ਅਮੀਰ ਗਰੀਬ ਲਈ ਵੱਖ-ਵੱਖ ਹੈ। ਲੋੜਵੰਦ ਬਰੀਬ ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ। ਮੁਆਫ ਕਰਨਾ ਅੱਜ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਕੀ ਨਹੀਂ ਵਿਕ ਰਿਹਾ? ਦੇਖੋ ਪਾਠ, ਕੀਰਤਨ, ਕਥਾ, ਸੁਖਮਨੀ ਸਾਹਿਬ, ਆਸਾ ਕੀ ਵਾਰ, ਅਨੰਦ ਕਾਰਜ, ਅਰਦਾਸਾਂ, ਰੁਮਾਲੇ, ਉਦਘਾਟਨ, ਉਠਾਲੇ ਅਤੇ ਡਾਕ ਰਾਹੀਂ ਕੀਤੇ ਕਰਾਏ ਪਾਠ ਅਤੇ ਹੁਕਮਨਾਮੇਂ ਆਦਿਕ ਸ਼ਰੇਆਮ ਵਿਕ ਰਹੇ ਹਨ। ਅਸੀਂ ਕਿਧਰ ਨੂੰ ਚੱਲ ਪੈ ਹਾਂ? ਜਿਸ ਪੁਜਾਰੀਵਾਦ, ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ।
ਅੱਜ ਕੱਲ੍ਹ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਗਿਆ ਹੈ। ਗਲਾਂ ਵਿੱਚ ਲੰਬੇ-ਲੰਬੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖੱਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਸਿਰੋਪੇ ਦਿੱਤੇ-ਲਏ ਜਾ ਰਹੇ ਹਨ। ਸੋ ਸਾਨੂੰ ਮਨਮੱਤੀ ਲੋਕਲਾਜ ਜਾਂ ਹੈਂਕੜ ਵਾਲੀਆਂ ਰਵਾਇਤਾਂ ਛੱਡ ਕੇ, ਗੁਰਮਤਿ ਪ੍ਰਚਾਰ, ਪ੍ਰਸਾਰ, ਸੇਵਾ, ਵਿਦਿਆ, ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸ਼ਾਹੀ ਅਤੇ ਵਧੀਆ ਕੰਮ ਕਰਨ ਵਾਲੇ ਮਾਈ-ਭਾਈ ਨੂੰ ਹੀ ਸਿਰਪਾਉ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ। ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਖ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ। ਜਰੂਰੀ ਨਹੀਂ ਕਿ ਹਰੇਕ ਨੂੰ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ ਸਗੋਂ ਰਾਜਨੀਤਕ ਲੀਡਰਾਂ ਦਾ ਸਨਮਾਨ ਕਿਸੇ ਸ਼ੀਲਡ ਆਦਿਕ ਵਸਤੂ ਨਾਲ ਵੀ ਕੀਤਾ ਜਾ ਸਕਦਾ ਹੈ। ਘੋੜਾ ਖੋਤਾ ਇੱਕ ਨਹੀਂ ਸਮਝ ਲੈਣੇ ਚਾਹੀਦੇ, ਇਨ੍ਹਾਂ ਵਿੱਚ ਬਹੁਤ ਫਰਕ ਹੁੰਦਾ ਹੈ। ਇਵੇਂ ਹੀ ਧਰਮ ਅਤੇ ਰਾਜਨੀਤੀ ਵਿੱਚ ਵੀ ਭੇਖਧਾਰੀ, ਢੌਂਗੀ ਅਤੇ ਕੁਰੱਪਟ ਲੋਕਾਂ ਦੀ ਪਛਾਣ ਕਰਕੇ ਹੀ ਕਿਸੇ ਭਲੇ ਪੁਰਖ ਜਾਂ ਇਸਤਰੀ ਨੂੰ ਉਨ੍ਹਾਂ ਦੀ ਯੋਗ ਸੇਵਾ ਵੇਖ ਕੇ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ। ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀਆਂ, ਜਥੇਦਾਰਾਂ ਅਤੇ ਲੀਡਰਾਂ ਨੂੰ ਇਧਰ ਗਹੁ ਨਾਲ ਧਿਆਨ ਦੇਣ ਦੀ ਅਤਿਅੰਤ ਲੋੜ ਹੈ।