ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Thursday, March 21, 2013


ਸਾਹਿਤ ਸਭਾ ਕੈਲੇਫੋਰਨੀਆਂ ਦਾ ਇਕ ਨਵਾਂ ਤਜ਼ਰਬਾ
.............................................................
ਜਿਆਦਾ ਤਰ ਪੰਜਾਬੀਆਂ ਜਿਸ ਵੀ ਦੇਸ ਵਿੱਚ ਪਰਵਾਸ ਕੀਤਾ ਹੈ, ਉੱਥੋਂ ਦੇ ਰੰਗ ਵਿੱਚ ਰੰਗਣ ਦੀ ਬਜਾਏ ਆਪਣੇ ਨਾਲ ਲੈ ਗਏ ਸਭਿਆਚਾਰ ਦੇ ਹੀ ਝੰਡੇ ਗੱਡੇ ਹਨ। ਪਰਦੇਸਾਂ ਵਿੱਚ ਹਰ ਸ਼ਹਿਰ ਵਿੱਚ ਗੁਰਦਵਾਰੇ ਅਤੇ ਉੱਥੇ ਚਲਦੇ ਪੰਜਾਬੀ ਦੇ ਸਕੂਲ ਆਮ ਹੀ ਦਿਖਾਈ ਦਿੰਦੇ ਹਨ। ਪੰਜਾਬੀ ਕਲਾਸਾਂ, ਗੁਰਮਤਿ ਕਲਸਾਂ, ਕੀਰਤਨ ਕਲਾਸਾਂ, ਗੱਤਕਾਂ ਕਲਾਸਾਂ ਦੇ ਨਾਲ ਨਾਲ ਕਈ ਜਗਹ ਬੱਚਿਆਂ ਵਿੱਚ ਭਾਸ਼ਣ, ਕਵੀਤਾਵਾਂ, ਆਦਿ ਦੀ ਸਿਖਲਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਭੰਗੜੇ, ਗਿੱਧੇ ਵਰਗੇ ਲੋਕ ਨਾਚਾਂ ਦੀਆਂ ਅਕੈਡਮੀਆਂ ਵੀ ਚਲ ਰਹੀਆਂ ਹਨ। ਹਰ ਕਾਲੇਜ ਯੂਨੀਵਰਸਟੀ ਦੀ ਆਪੋ ਆਪਣੀ ਭੰਗੜਾ ਟੀਮ ਹੈ ਜਿਨਾਂ ਦੇ ਆਪਸੀ ਮੁਕਾਬਲੇ ਅਕਸਰ ਚਲਦੇ ਰਹਿੰਦੇ ਹਨ। ਸਾਹਿਤ ਦੀ ਪਰਫੁੱਲਤਾ ਲਈ ਹਰ ਸ਼ਹਿਰ ਜਾਂ ਇਲਾਕੇ ਵਿੱਚ ਸਾਹਿਤ ਸਭਾਵਾਂ ਵੀ ਸਰਗਰਮ ਦੇਖੀਆਂ ਜਾ ਸਕਦੀਆਂ ਹਨ। ਕਵੀ ਦਰਬਾਰ, ਕਹਾਣੀ ਦਰਬਾਰ, ਕਿਤਾਬਾਂ ਦੀ ਛਪਾਈ, ਘੁੰਡ ਚੁਕਾਈ, ਅਲੋਚਨਾਂ ਅਤੇ ਦੂਰ ਦੁਰਾਡੇ ਤੋਂ ਆਏ ਸਾਹਿਤਕਾਰਾਂ ਦੇ ਸਨਮਾਨ ਵਿੱਚ ਅਕਸਰ ਮਹਿਫਲਾਂ ਜੁੜਦੀਆਂ ਹੀ ਰਹਿੰਦੀਆਂ ਹਨ। ਪਰ ਇਕ ਘਾਟ ਜੋ ਅਕਸਰ ਮਹਿਸੂਸ ਕਰੀ ਜਾਂਦੀ ਹੈ ਕਿ ਸਾਹਿਤ ਸਭਾਵਾਂ ਵਿੱਚ ਜੁੜ ਰਹੇ ਸ਼ਾਇਰ ਤਕਰੀਬਨ ਇੰਡੀਆ ਤੋਂ ਲਿਖੇ-ਪੜੇ ਹੀ ਹੁੰਦੇ ਹਨ। ਬਾਹਰਲੇ ਮੁਲਖਾਂ ਵਿੱਚ ਜੰਮੇ-ਪਲੇ ਬੱਚਿਆਂ ਦੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਿਰਕਤ ਨਾ ਬਰਾਬਰ ਹੈ। 
ਸਾਹਿਤ ਸਭਾ ਕੈਲੇਫੋਰਨੀਆਂ ਨੇ ਇਸ ਘਾਟ ਨੂੰ ਪੂਰਿਆਂ ਕਰਦਾ ਇਕ ਨਵਾਂ ਤਜ਼ਰਬਾ ਕੀਤਾ ਹੈ। ਅਕਸਰ ਦੇਖਿਆ ਗਿਆ ਹੈ ਕਿ ਸਾਹਿਤ ਸਭਾਵਾਂ ਵਿੱਚ ਜਿਆਦਾ ਗਿਣਤੀ ਅਜਿਹੇ ਲਿਖਾਰੀਆਂ ਦੀ ਹੀ ਹੁੰਦੀ ਹੈ ਜਿਨਾਂ ਕਦੇ ਵੀ ਗੁਰਮਤਿ ਫਲਸਫੇ ਨੂੰ ਮਨੁੱਖਤਾ ਵਾਦੀ ਫਲਸਫਾ ਨਹੀਂ ਮੰਨਿਆ ਪਰ ਸਾਹਿਤ ਸਭਾ ਕੈਲੇਫੋਰਨੀਆਂ ਨੂੰ ਇਸ ਗਲ ਦਾ ਮਾਣ ਜਾਂਦਾ ਹੈ ਕਿ ਇਸ ਵਿੱਚ ਸਮੇ ਸਮੇ ਮਰਹੂਮ ਜੰਗ ਸਿੰਘ ਗਿਆਨੀ, ਆਜਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਤਰਲੋਚਨ ਸਿੰਘ ਦੁਪਾਲਪੁਰੀ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਵਰਗੀਆਂ ਗੁਰਮਤਿ ਨੂੰ ਇਨਸਾਨੀ ਜਿੰਦਗੀ ਦਾ ਸਰਬੋਤਮ ਫਲਸਫਾ ਮੰਨਣ ਵਾਲੀਆਂ ਸਖਸ਼ੀਅਤਾਂ ਇਸਦੇ ਮੈਂਬਰ ਰਹੀਆਂ ਜਾਂ ਅੱਜ ਵੀ ਹਨ ਜਿਨਾਂ ਦਾ ਅਸਰ ਸਮੁੱਚੇ ਕਲਮਕਾਰਾਂ ਤੇ ਰਹਿੰਦਾ ਹੈ। ਪਿਛਲੇ ਸਮੇ ਵਿੱਚ ਇਕ ਅਜਿਹੇ ਹੀ ਬਜੁਰਗ ਸਾਹਿਤ ਅਤੇ ਕਲਾ ਪ੍ਰੇਮੀ ਸ ਚਰਨ ਸਿੰਘ ਸਿੰਧਰਾ ਸਾਹਿਤ ਸਭਾ ਕੈਲੇਫੋਰਨੀਆਂ ਨਾਲ ਆ ਜੁੜੇ ਹਨ।
ਨਾਟਕ/ਇਕਾਂਗੀ ਨਾਂ ਦੀ ਸਾਹਿਤਕ ਵੰਨਗੀ ਨਾਲ ਜੁੜੇ ਚਰਨ ਸਿੰਘ ਸਿੰਧਰਾ ਦਰਜਣਾ ਕਿਤਾਬਾਂ ਦੇ ਲੇਖਕ ਹਨ ਅਤੇ ਆਪਣੇ ਹੀ ਲਿਖੇ ਹੋਏ ਨਾਟਕਾਂ ਨੂੰ ਸਟੇਜ ਤੇ ਬਾਖੂਬੀ ਖਿਡਾਵਣ ਦੀ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਜਲੰਧਰ ਰੇਡੀਓ ਸਟੇਸ਼ਨ ਤੇ ਲੰਬਾ ਸਮਾਂ ਪੰਜਾਬੀ ਲੋਕ ਗਾਇਕ ਦੇ ਤੌਰ ਤੇ ਸਥਾਪਤ ਗਾਇਕ ਰਹਿਣ ਬਾਅਦ ਪੰਜਾਬੀ ਨਾਟਕ ਅਕੈਡਮੀ ਚੰਡੀਗੜ ਦੇ ਡਰੈਕਟਰ ਹੁੰਦਿਆਂ ਆਪਣੀ ਇੰਕਲਾਬੀ, ਧਾਰਮਿਕ ਅਤੇ ਮਨੁੱਖਤਾਵਾਦੀ ਵੰਨਗੀ ਵਾਲੇ ਨਾਟਕਾਂ ਦੀ ਦੇਸ ਅਤੇ ਪਰਦੇਸਾਂ ਵਿੱਚ ਹਜਾਰਾਂ ਵਾਰ ਪੇਸ਼ਕਾਰੀ ਕਰ ਚੁੱਕੇ ਹਨ। ਉਹ ਆਪਣੇ ਡਰਾਮਿਆਂ ਦਾ ਮੁੱਖ ਮੰਤਰੀਆਂ, ਪ੍ਰਧਾਂਨ ਮੰਤਰੀਆਂ, ਰਾਸ਼ਟਰਪਤੀਆਂ ਸਣੇ ਅਨੇਕਾਂ ਰਾਜਨੀਤਕ ਸਖਸ਼ੀਅਤਾਂ ਸਾਹਮਣੇ ਪ੍ਰਦਰਸ਼ਣ ਕਰਨ ਦੇ ਨਾਲ ਨਾਲ ਸਿੱਖਾਂ ਦੇ ਪੰਜਾਂ ਤਖਤਾਂ ਤੋਂ ਸਨਮਾਨ ਪ੍ਰਾਪਤ ਹਨ। ਆਖੀ ਜਾਂਦੀ ਵੱਖਰੀ ਸੁਰ ਵਾਲੇ ਸਿੱਖ ਆਗੂਆਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਾਹਵੇਂ ਵੀ ਇਹ ਕਲਾ ਦਿਖਾ ਚੁੱਕੇ ਹਨ। ਸਿੱਖਾਂ ਦੇ ਕਿਰਦਾਰ ਤੇ ਨਾਟਕ ਜਾਂ ਫਿਲਮ ਬਣਾਉਣ ਵੇਲੇ ਇਸ ਪੱਖ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਭਿੱਜੀ ਕਿਸੇ ਉੱਚ ਸਖਸ਼ੀਅਤ ਨੂੰ ਕਿਸੇ ਕਲਾਕਾਰ ਦੇ ਰੂਪ ਵਿੱਚ ਪੇਸ਼ ਕਰਨ ਨਾਲੋਂ, ਕਲਾਕਾਰਾਂ ਦੇ ਆਪਸੀ ਸੰਵਾਦ ਰਾਹੀਂ ਹੀ ਪ੍ਰਗਟ ਕੀਤਾ ਜਾਦਾ ਹੈ । ਰੋਸ਼ਨੀ ਅਤੇ ਆਵਾਜ ਦੇ ਮਾਧੀਅਮ ਨਾਲ ਡੱਬ ਕਰੇ ਗਏ ਸੰਵਾਦਾਂ ਰਾਹੀਂ ਘਟਨਾ ਨੂੰ ਚਿਤਰਨ ਵਾਲੀ ਨਾਟਕ ਦੀ ਇਸ ਕਲਾ ਨੂੰ ਰੂਪਕ ਦਾ ਨਾਮ ਦਿੱਤਾ ਜਾਂਦਾ ਹੈ।
ਸ ਚਰਨ ਸਿੰਘ ਸਿੰਧਰਾ ਜੀ ਨੇ ਤਜਰਬੇ ਸਾਂਝੇ ਕਰਦਿਆਂ ਸਾਹਿਤ ਸਭਾ ਨੂੰ ਦੱਸਿਆ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਉਹਨਾਂ ਨੂੰ ਡਰਾਮੇਬਾਜ ਅਤੇ ਡਰਾਮੇਸਾਜ ਦਾ ਅੰਤਰ ਦੱਸਦਿਆਂ ਕਿਹਾ ਕਿ ਡਰਾਮੇ-ਬਾਜ ਲੋਕ ਦੁਨੀਆਂ ਨਾਲ ਧੋਖਾ ਕਰਦੇ ਹਨ ਜਦ ਕਿ ਡਰਾਮੇ-ਸਾਜ ਅਸਲੀਅਤ ਨੂੰ ਆਪਣੀ ਕਲਾ ਰਾਹੀਂ ਦੁਨੀਆਂ ਅੱਗੇ ਰੱਖਦੇ ਹਨ । ਉਹਨਾਂ ਕਿਹਾ ਕਿ ਅਜੋਕੇ ਰਾਜਨੀਤਕ ਲੋਕ ਡਰਾਮੇ-ਬਾਜ ਹਨ। ਆਖੀ ਜਾਂਦੀ “ਨਾਟਕ ਚੇਟਕ ਕੀਏ ਕੁਕਾਜਾ” ਵਾਲੀ ਪੰਗਤੀ ਵੀ ਡਰਾਮੇ-ਬਾਜਾਂ ਲਈ ਹੈ ਡਰਾਮੇ-ਸਾਜਾਂ ਲਈ ਨਹੀਂ। ਗੁਰੂ ਕਾਲ ਸਮੇ ਵੀ ਨਾਟਕਾਂ ਦੀ ਇਕ ਖਾਸ ਵੰਨਗੀ ਦਾ ਕਾਫੀ ਮਹੱਤਵ ਰਿਹਾ ਹੈ। ਸਿੱਖਾਂ ਦੀ ਪਰਖ ਜਾਂ ਕਿਸੇ ਸਿੱਖਿਆ ਲਈ ਇਸ ਕਲਾ ਦੀ ਵਰਤੋਂ ਇਤਿਹਾਸ ਵਿੱਚ ਲਿਖੀ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਜਿਹੀ ਕਲਾ ਰਾਹੀਂ ਦੇਖਕੇ ਗਿਰ ਚੁੱਕੀ ਮਸੰਦਾਂ ਦੀ ਹਾਲਤ ਦਾ ਅੰਦਾਜਾ ਲਾ ਮਸੰਦ ਪ੍ਰਥਾ ਹੀ ਖਤਮ ਕਰ ਦਿੱਤੀ ਸੀ।
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਦੇ ਮੈਂਬਰਾਂ ਨੇ ਚਰਨ ਸਿੰਘ ਸਿੰਧਰਾ ਜੀ ਨੂੰ ਸਭਾ ਵਿੱਚ ਬਕਾਇਦਾ ਸ਼ਾਮਿਲ ਕਰਕੇ ਉਹਨਾਂ ਦੀਆਂ ਤਜਵੀਜਾਂ ਤੇ ਵਿਚਾਰਾਂ ਉਪਰੰਤ ਗੁਰਦਵਾਰਾ ਸੈਨਹੋਜੇ, ਸਰਹਿੰਦ ਦੀ ਸੰਗਤ ਅਤੇ ਅਜੇ ਭੰਗੜਾ ਅਕੈਡਮੀ ਦੇ ਸਹਿਯੋਗ ਨਾਲ, ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਸਮੇ ਦਾ ਇਕ ਰੂਪਕ "ਨਿੱਕੀਆਂ ਜਿੰਦਾਂ ਵੱਡਾ ਸਾਕਾ" ਅਮਰੀਕਾ ਦੇ ਜੰਮ ਪਲ ਸਕੂਲੀ ਬਚਿਆਂ ਤੋਂ "ਬਾਲ ਸਾਹਿਤ ਅਤੇ ਰੰਗ ਮੰਚ" ਦੇ ਬੈਨਰ ਹੇਠ ਤਿਆਰ ਕਰ ਦਿਖਾਇਆ। “ਸਾਹਿਤ ਸਭਾ’ ਦੁਆਰਾ “ਬਾਲ ਸਾਹਿਤ ਅਤੇ ਰੰਗ ਮੰਚ” ਦਾ ਗਠਨ ਇੱਥੇ ਦੇ ਜੰਮ ਪਲ ਬੱਚਿਆਂ ਵਿੱਚ ਸਾਹਿਤਕ ਅਤੇ ਕਲਾਤਮਕ ਰੁਚੀਆਂ ਉਜਾਗਰ ਕਰਨ ਦੀ ਭਾਵਨਾ ਨਾਲ ਕੀਤਾ ਗਿਆ। ਇਕ ਮਹੀਨੇ ਵਿੱਚ ਅੱਠ ਰਿਹਰਸਲਾਂ ਨਾਲ ਤਿਆਰ ਕਰੇ ਗਏ ਇਸ ਰੂਪਕ ਦੌਰਾਨ ਹੀ ਵਰਕਸ਼ਾਪ ਰੂਪੀ ਮਿਲਣੀਆਂ ਵਿੱਚ ਬੱਚਿਆਂ ਨੂੰ ਕਲਾ ਦੇ ਹੋਰ ਰੂਪਾਂ ਜਿਵੇਂ ਕਹਾਣੀ, ਕਵਿਤਾ, ਭਾਸ਼ਣ ਅਤੇ ਸਟੇਜ ਸਾਂਭਣ ਦੇ ਨੁਕਤੇ ਸਾਂਝੇ ਕਰੇ ਜਾਂਦੇ ਸਨ। ਇਸੇ ਦੌਰਾਨ ਬੱਚਿਆਂ ਦਾ ਇਕ ਕਵੀ ਦਰਬਾਰ ਵੀ ਤਿਆਰ ਕਰਵਾਇਆ ਗਿਆ ਜਿਸ ਦਾ ਪ੍ਰਦਰਸ਼ਣ ਵੱਖ ਵੱਖ ਗੁਰਦਵਾਰਿਆਂ ਵਿੱਚ ਰੂਪਕ ਦੀ ਪੇਸ਼ਕਾਰੀ ਤੋਂ ਪਹਿਲਾਂ ਕਰਿਆ ਗਿਆ। ਜਿਸ ਨਾਲ ਰੂਪਕ ਕਲਾਕਾਰ ਬੱਚਿਆਂ ਤੋਂ ਬਿਨਾ ਹੋਰ ਦਰਸ਼ਕ ਬੱਚਿਆਂ ਵਿੱਚ ਵੀ ਕਲਾ ਅਤੇ ਰੰਗ-ਮੰਚ ਨਾਲ ਜੁੜਨ ਲਈ ਪ੍ਰੇਰਨਾ ਪੈਦਾ ਹੋਈ ਜਿਸ ਦਾ ਅੰਦਾਜਾਂ ਆ ਰਹੇ ਫੋਨ ਅਤੇ ਈ-ਮੇਲਾਂ ਤੋਂ ਭਲੀ ਭਾਂਤ ਲਗਦਾ ਰਿਹਾ। ਰੋਮਨ ਵਿੱਚ ਲਿਖਕੇ ਪੰਜਾਬੀ ਉਚਾਰਨ ਵਾਲੇ ਬੱਚਿਆਂ ਨੂੰ ਗੁਰਮੁਖੀ ਵਰਣਮਾਲਾ ਨਾਲ ਜੋੜਨ ਦੇ ਸੁਝਾਅ ਵੀ ਮਾਪਿਆਂ ਨਾਲ ਸਾਂਝੇ ਕਰੇ ਗਏ। ਜਿੱਥੇ ਜਿੱਥੇ ਵੀ ਇਸ ਰੂਪਕ ਦੀ ਪੇਸ਼ਕਾਰੀ ਹੋਈ ਸੰਗਤਾਂ ਅੱਖਾਂ ਵਿੱਚ ਹੰਝੂ ਲੈਕੇ ਇਕ ਟਕ ਮੰਤਰ-ਮੁਗਧ ਹੋ ਦੇਖਦੀਆਂ ਹੀ ਰਹਿ ਗਈਆਂ। ਦੂਰ ਦੂਰ ਦੇ ਗੁਰਦਵਾਰਿਆਂ ਤੋਂ ਇਸ ਰੂਪਕ ਲਈ ਸੱਦੇ ਆਣ ਲੱਗੇ। ਦੇਖਦੇ ਹੀ ਦੇਖਦੇ ਰੋਸ਼ਨੀ, ਆਵਾਜ, ਅਤੇ ਢੋਆ-ਢੁਆਈ ਲਈ ਬੱਸਾਂ ਵਾਲੇ ਵੀਰ ਵੀ ਲਾਸਾਨੀ ਸਿੱਖ ਇਤਿਹਾਸ ਦੀ ਇਸ ਨਵੇਕਲੀ ਨਿਸ਼ਕਾਮ ਪ੍ਰਚਾਰ ਮੁਹਿੰਮ ਵਿੱਚ ਨਿਸ਼ਕਾਮਤਾ ਨਾਲ ਮਦਦ ਲਈ ਪੁੱਜ ਗਏ। ਛੋਟੇ ਛੋਟੇ ਬੱਚਿਆਂ ਵਲੋਂ ਲਹੂ ਭਿੱਜੇ ਇਤਿਹਾਸ ਦੀ ਰੂਪਕ ਰਾਹੀਂ ਜਾਣਕਾਰੀ ਸਿੱਖੀ ਪਰਚਾਰ ਮੁਹਿੰਮ ਦਾ ਅਹਿਮ ਹਿੱਸਾ ਬਣ ਗਈ। ਗੁਰਦਵਾਰਿਆਂ ਅਤੇ ਸੰਗਤਾਂ ਨੇ ਵੀ ਇਸ ਕਾਰਜ ਲਈ ਬਾਲ-ਕਲਾਕਾਰਾਂ ਦੀ ਖੂਬ ਹੌਸਲਾ-ਅਫਜਾਈ ਕੀਤੀ। ਦੁਨੀਆਂ ਭਰ ਦੇ ਅਖਬਾਰਾਂ ਅਤੇ ਵੈੱਬ ਸਾਈਟਾਂ ਤੇ ਅਮਰੀਕੀ ਬੱਚਿਆਂ ਦੁਆਰਾ ਤਿਆਰ ਕਰੇ ਗਏ ਇਸ ਰੂਪਕ ਦੀ ਬੇਅੰਤ ਸਲਾਘਾ ਕੀਤੀ ਗਈ। ਸ ਚਰਨ ਸਿੰਘ ਸਿੰਧਰਾ ਅਤੇ ਸਾਹਿਤ ਸਭਾ ਕੈਲੇਫੋਰਨੀਆਂ ਨੇ ਇਸ ਕਾਮਯਾਬੀ ਨੂੰ ਤੱਕਦਿਆਂ ਭਵਿੱਖ ਵਿੱਚ ਇਸ ਰੂਪਕ ਦੀ ਪ੍ਰਦਰਸ਼ਣੀ ਦੇ ਨਾਲ ਨਾਲ ਹੋਰ ਰੂਪਕ ਬਣਾਣ ਅਤੇ ਵਰਕਸ਼ਾਪਾਂ ਲਗਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਾਹਿਤ ਦੀ ਇਸ ਵੰਨਗੀ ਦੀ ਨਵੀਨ ਵਰਤੋਂ ਰਾਹੀਂ ਪੰਜਾਬੋਂ ਬਾਹਰ ਜੰਮੇ-ਪਲੇ ਬੱਚਿਆਂ ਵਿੱਚ ਅਭਿਨਯ, ਸਟੇਜ ਸੰਭਾਲਣ, ਪੰਜਾਬੀ ਕਵਿਤਾ, ਕਹਾਣੀ, ਨਾਵਲ, ਨਾਟਕ ਲਿਖਣ ਅਤੇ ਉਚਾਰਨ ਵਰਗੇ ਕਲਾਤਮਕ ਗੁਣ ਪ੍ਰਫੁੱਲਤ ਕਰੇ ਜਾ ਸਕਣ।
ਗੁਰਮੀਤ ਸਿੰਘ ਬਰਸਾਲ(ਸੈਨਹੋਜੇ)GSBARSAL@GMAIL.COM