ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, June 25, 2013

ਨਵੀਂ ਕਤਾਰ
ਧਰਮ ਦੇ ਨਾਂ ਤੇ ਲੋਟੂ ਟੋਲੇ,
ਭਾਵਨਾਵਾਂ ਦਾ ਕਰਨ ਵਪਾਰ।
ਕੁਦਰਤ ਨੂੰ ਜੋ ਜਾਣ ਸਕੇ ਨਾ,
ਰੱਬ ਦੇ ਬਣਦੇ ਠੇਕੇਦਾਰ।
ਪੂਜਾ,ਮੰਤਰ,ਜੋਤਿਸ਼,ਤੰਤਰ,
ਸੱਚ ਨਾਲ ਨੇ ਖਾਂਦੇ ਖਾਰ।
ਕੁਦਰਤ ਨੂੰ ਇਹ ਜਿੱਤਣਾ ਦੱਸਣ,
ਕਰਮ-ਕਾਂਢ ਦਾ ਲੈ ਹਥਿਆਰ।
ਭੂਤ-ਭਵਿੱਖ ਨੂੰ ਜਾਨਣ ਦੇ ਜੋ,
ਕਰਦੇ ਦਾਅਵੇ ਬੇ-ਸ਼ੁਮਾਰ।
ਦੁਨੀਆਂ ਨੂੰ ਦੱਸ ਸਕੇ ਨਾ ਕੁਝ ਵੀ,
ਜਦ ਜਦ ਕੁਦਰਤ ਮਾਰੀ ਮਾਰ।
ਗਿਆਨ-ਵਿਹੂਣੀ ਅੰਨ੍ਹੀ ਸ਼ਰਧਾ,
ਸਭ ਕੁਝ ਜਲਦੀ ਦਵੇ ਵਿਸਾਰ।
ਅੰਧ-ਵਿਸ਼ਵਾਸੀ ਡੇਰਿਆਂ ਅੱਗੇ,
ਫਿਰ ਬਣ ਜਾਂਦੀ ਨਵੀਂ ਕਤਾਰ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) gsbarsal@gmail.com

ਅਖੰਡ-ਪਾਠ ਆਦਿਕ ਭਾੜੇ ਦੇ ਪਾਠ ਕਿਉਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ?
ਅਵਤਾਰ ਸਿੰਘ ਮਿਸ਼ਨਰੀ (5104325827)
ਅਖੰਡ ਪਾਠ ਦੁਸ਼ਮਣ ਮਗਰ ਲੱਗਾ ਹੋਣ ਕਰਕੇ, ਔਖੇ ਸਮੇਂ ਆਰੰਭ ਹੋਏ ਦੱਸੇ ਜਾਂਦੇ ਹਨ ਅਤੇ ਬਾਅਦ ਵਿੱਚ ਪੁਜਾਰੀਆਂ ਦੀ ਰੋਟੀ ਰੋਜੀ ਬਣ ਜਾਣ ਕਰਕੇ, ਮਰਯਾਦਾ ਬਣਾ ਦਿੱਤੇ ਗਏ ਜੋ ਹੁਣ ਅੰਨ੍ਹੀ ਸ਼ਰਧਾ, ਮਨੋਕਾਮਨਾਂ ਦੀ ਪੂਰਤੀ ਦੇ ਲਾਲਚ, ਅਤੇ ਲੋਕ ਲਾਜ ਵੱਸ, ਦੇਖਾ ਦੇਖੀ ਹੋ ਰਹੇ ਹਨ, ਇਸ ਕਰਕੇ ਛੱਡਣੇ ਔਖੇ ਲਗਦੇ ਹਨ। ਆਓ ਹੁਣ ਵਿਸਥਾਰ ਨਾਲ, ਇਸ ਬਾਰੇ ਵਿਚਾਰ ਕਰੀਏ। ਮਹਾਂਨ ਕੋਸ਼ ਅਨੁਸਾਰ ਪਾਠ ਸੰਸਕ੍ਰਿਤ ਦਾ ਲਫਜ ਹੈ ਅਤੇ ਇਸ ਦੇ ਅਰਥ ਹਨ-ਪੜ੍ਹਨ ਦੀ ਕ੍ਰਿਆ, ਪਠਨ, ਪੜ੍ਹਾਈ, ਸਬਕ, ਸੰਥਿਆ, ਪੁਸਤਕ ਦਾ ਭਾਗ, ਅਧਿਆਇ, ਕਿਸੇ ਪੁਸਤਕ ਜਾਂ ਸਤੋਤ੍ਰ ਨੂੰ ਨਿਤ ਪੜ੍ਹਨ ਦੀ ਕ੍ਰਿਆ, ਪਾਠੀ ਦਾ ਅਰਥ ਹੈ ਪੜ੍ਹਨ ਵਾਲਾ ਅਤੇ ਅਖੰਡ ਪਾਠ-ਜੋ ਲਗਾਤਾਰ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਵੇ ਉਸ ਨੂੰ ਅਖੰਡ ਪਾਠ ਕਹਿੰਦੇ ਹਨ। ਚਾਰ ਜਾਂ ਪੰਜ ਪਾਠੀਏ ਨੰਬਰ ਵਾਰ ਬਦਲਦੇ ਰਹਿੰਦੇ ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ। ਪਾਠ ਦੀ ਇਹ ਰੀਤ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ ਅਤੇ ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ। ਭਾਈ ਕਾਨ੍ਹ ਸਿੰਘ ਜੀ ਗੁਰਮਤਿ ਮਾਰਤੰਡ ਦੇ ਪੰਨਾ 421-22 ਤੇ ਲਿਖਦੇ ਹਨ ਕਿ ਉਜਰਤ (ਭੇਟਾ) ਦੇ ਕੇ ਪਾਠ ਕਰਾਉਣਾ, ਤੰਤ੍ਰ ਸ਼ਾਸ਼ਤ੍ਰ ਦੀ ਦੱਸੀ ਰੀਤਿ ਅਨੁਸਾਰ ਜਪ, ਵਰਣੀਆਂ, ਸਪਤਾਹ ਪਾਠ (ਸਤ ਦਿਨਾ ਪਾਠ) ਸੰਪਟ ਪਾਠ (ਕਿਸੇ ਤੁਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ ਹਰੇਕ ਸ਼ਬਦ ਅਤੇ ਪਉੜੀ ਸ਼ਲੋਕ ਦੇ ਆਦਿ ਅੰਤੁ ਦੇ ਕੇ ਪਾਠ ਕਰਨਾ ਸੰਪਟ ਪਾਠ ਹੈ ਜਿਵੇਂ-ਸਗਲ ਮਨੋਰਥ ਪੂਰੇ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥ ਸਗਲ ਮਨੋਰਥ ਪੂਰੇ॥) ਨਾਲ ਨਲੇਰ, ਕਲਸ, ਦਿਨੇ ਦੀਵਾ ਆਦਿ ਸਭ ਕਰਮ ਹਿੰਦੂ ਰੀਤਿ ਦੀ ਨਕਲ ਹਨ।
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ (5104325827)
ਸਿਰੋਪਾ ਸਨਮਾਨ ਚਿੱਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ ਰੂਪ ਦਰਸਾਇਆ ਗਿਆ ਹੈ। ਸਿਰੋਪਾ ਸ਼ਬਦ ਦੇ ਵੱਖ-ਵੱਖ ਰੂਪ ਹਨ ਜਿਵੇਂ-ਸਰਪਾ, ਸਿਰੋਪਾ, ਸਿਰਪਾਉ, ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਉ ਕਿਹਾ ਗਿਆ ਹੈ-ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।। (੬੩੧) ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ। ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥(631) ਪ੍ਰੇਮਾਂ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ ਲਿਆ। ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥(1073) ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾਂ ਦੀ ਬਖਸ਼ਿਸ਼ ਦਾ ਖਾਸ ਸਿਰਪਾਉ ਪੈਂਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥(520) ਮੇਰੇ ਸ਼ਹਿਨਸ਼ਾਹ ਪ੍ਰਭੂ ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ ਮੈਂਨੂੰ ਬਖਸ਼ਿਸ਼ ਕੀਤਾ ਹੈ। ਅਯੋਗ ਵਿਅਕਤੀ ਸਾਕਤ ਅਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ-ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤਿ ਖੋਈ॥ (811) ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੇ ਹੰਕਾਰ ਅਤੇ ਵਿਸ਼ੇ ਵਿਕਾਰਾਂ ਕਾਰਨ ਆਪਣੀ ਇਜ਼ਤ ਗਵਾਈ ਹੈ।

Tuesday, June 11, 2013

ਗੁਰਦੁਆਰਾ ਹੇਵਰਡ ਵਿਖੇ ਗੁਰਬਾਣੀ ਸੰਥਿਆ ਕਲਾਸ, ਕਵੀ ਦਰਬਾਰ ਅਤੇ ਗੁਰਮਤ ਕਲਾਸ
(ਅਵਤਾਰ ਸਿੰਘ ਮਿਸ਼ਨਰੀ) 9 ਜੂਨ 2013 ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਵੱਲੋਂ, ਗੁਰਮਤਿ ਸਟਾਲ ਲਾਈ ਗਈ, ਕਵੀ ਦਰਬਾਰ ਵਿੱਚ, ਰਹਿਤ ਮਰਯਾਦਾ ਅਤੇ ਗੁਰਬਾਣੀ ਸੰਥਿਆ ਪ੍ਰਚਾਰ ਬਾਰੇ ਵੱਖ ਵੱਖ ਕਵੀਆਂ ਨੇ ਚਾਨਣਾ ਪਾਇਆ। ਪ੍ਰੋ ਸੁਰਜੀਤ ਸਿੰਘ ਨਨੂਆਂ ਨੇ ਵਿਸਥਾਰ ਵੱਖ ਵੱਖ ਮਰਯਾਦਾ ਬਾਰੇ ਲੰਬੀ ਕਵਿਤਾ ਪੜ੍ਹੀ। ਸੰਗਤ ਅਖੀਰ ਤੱਕ ਸਾਰਾ ਪ੍ਰੋਗ੍ਰਾਮ ਸੁਣਦੀ ਰਹੀ।ਪ੍ਰੋ. ਸੁਰਜੀਤ ਸਿੰਘ ਨਨੂਆਂ, ਪਰਮਿੰਦਰ ਸਿੰਘ ਪ੍ਰਵਾਨਾਂ, ਪ੍ਰਿਸੀਪਲ ਹਜੂਰਾ ਸਿੰਘ, ਸ੍ਰ. ਜਸਦੀਪ ਸਿੰਘ, ਬੀਬੀ ਗੁਰਦੇਵ ਕੌਰ, ਬੀਬੀ ਹਰਸਿਮਰਤ ਕੌਰ, ਸ੍ਰ. ਤਰਸੇਮ ਸਿੰਘ ਸੁਮਨ ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਕਵੀ ਦਰਬਾਰ, ਕਥਾ, ਸਟਾਲ ਅਤੇ ਗੁਰਬਾਣੀ ਸੰਥਿਆ ਕਲਾਸ ਵਿੱਚ ਭਾਗ ਲਿਆ।
ਸ੍ਰ. ਪਰਮਿੰਦਾਰ ਸਿੰਘ ਪ੍ਰਵਾਨਾ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ। ਬੀਬੀ ਗੁਰਦੇਵ ਕੌਰ ਨੇ ਪਾਖੰਡੀ ਸਾਧਾਂ ਤੋਂ ਸੰਗਤਾਂ ਨੂੰ ਬਚਣ ਦੀ ਤਾਗੀਦ ਕੀਤੀ। ਸ੍ਰ ਜਸਦੀਪ ਸਿੰਘ ਜੀ ਨੇ ਸ਼ਹੀਦਾਂ ਤੇ ਕਵਿਤਾ ਗਾਈ। ਦਾਸ ਨੇ ਕਥਾ ਕਰਦੇ ਇਹ ਵੀ ਦਰਸਾਇਆ ਕਿ ਜਿਨ੍ਹਾਂ ਨੇ ਕਦੇ ਸਿੱਖ ਰਹਿਤ ਮਰਯਾਦਾ ਪੜ੍ਹੀ ਹੀ ਨਹੀਂ ਬਹੁਤੇ ਉਹ ਲੋਕ ਹੀ ਧਰਮ ਅਸਥਾਨਾਂ ਵਿੱਚ ਪ੍ਰਚਾਰਕਾਂ ਅਤੇ ਸੰਗਤਾਂ ਨੂੰ ਮੱਤਾ ਦੇਣ ਲੱਗ ਜਾਂਦੇ ਹਨ। ਸਿੱਖ ਦਾ ਮਤਲਵ ਹੀ ਸਿੱਖਣਾ ਹੈ, ਅਸੀਂ ਗੁਰਦੁਆਰੇ ਗੁਰਮਤਿ ਸਿੱਖਣ ਲਈ ਆਉਂਦੇ ਹਾਂ ਨਾਂ ਕਿ ਅਨਮੱਤਾਂ ਸਿਖਾਉਣ ਅਤੇ ਉਨ੍ਹਾਂ ਦਾ ਬੇਲੋੜਾ ਪ੍ਰਚਾਰ ਕਰਨ ਵਾਸਤੇ। ਦੀਵਾਨ ਦੀ ਸਪਾਪਤੀ ਤੋਂ ਬਾਅਦ 2 ਤੋਂ 3 PM ਤੱਕ ਗੁਰਬਾਣੀ ਸੰਥਿਆ ਦੀ ਕਲਾਸ ਵੀ ਲਾਈ ਗਈ। ਸੰਗਤਾਂ ਨੇ ਸਟਾਲਾਂ ਤੋਂ ਲਿਠਰੇਚਰ ਵੀ ਲਿਆ। ਗੁਰਦੁਆਰਾ ਹੇਵਰਡ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ ਸਾਰੇ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਲਈ ਚਾਹਵਾਨ 5104325827 ਅਤੇ 5108881600 ਨੰਬਰਾਂ ਤੇ ਕਾਲ ਕਰ ਸਕਦੇ ਹੋ। ਗੁਰਬਾਣੀ ਸੰਥਿਆ ਵਿਚਾਰ ਦੀ ਅਗਲੀ ਕਲਾਸ ਜੂਨ 23 ਦਿਨ ਐਤਵਾਰ ਨੂੰ ਲਗਾਈ ਜਾਵੇਗੀ।

Wednesday, June 5, 2013

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਗੁਰਮਤਿ ਸਟਾਲ(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਐੱਲਸਬਰਾਂਟੇ ਦੀ ਸੰਗਤ ਵੱਲੋਂ ਬਰਕਲੇ (ਕੈਲੇਫੋਰਨੀਆਂ) ਵਿਖੇ 2 ਜੂਨ 2013 ਨੂੰ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ ਜਿੱਥੇ ਹੋਰ ਵੀ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਸਨਓਥੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਵੀ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਸਟਾਲ ਲਾਈ ਗਈ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਵਿੱਚ ਕਈ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਸ਼ਾਮਲ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਨਾਲ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ ਸਿੰਘ ਕਰ ਰਹੇ ਸਨ। ਸ਼ਬਦ ਕੀਰਤਨ ਵਖਿਆਨਾਂ ਦੇ ਨਾਲ ਗਤਕਾ ਦਲਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਚੱਲ ਰਹੇ ਸਨ। ਗਰਮੀ ਹੋਣ ਕਰਕੇ ਆਈਸ ਕਰੀਮ ਦਾ ਲੰਗਰ ਵੀ ਖੂਬ ਚੱਲਿਆ। ਦਾਸ ਸਟਾਲ ਤੇ ਬਿਜੀ ਹੋਣ ਕਰਕੇ ਬਹੁਤਾ ਇਧਰ-ਉਧਰ ਨਹੀਂ ਜਾ ਸੱਕਿਆ ਪਰ ਸੰਗਤਾਂ ਘੁੰਮਦੀਆਂ ਫਿਰਦੀਆਂ ਸਾਰੇ ਪਾਸੇ ਆ ਜਾ ਰਹੀਆਂ ਸਨ। ਸ੍ਰ. ਪਰਮਜੀਤ ਸਿੰਘ ਦਾਖਾ ਅਤੇ ਪ੍ਰੋ. ਨਨੂਆਂ ਜੀ ਨੇ ਵੀ ਸਟਾਲ ਵਾਸਤੇ ਹੈਲਪ ਕੀਤੀ।
ਸੰਗਤਾਂ ਨੇ ਗੁਰਮਤਿ ਦੀ ਨਵੇਕਲੀ ਸਟਾਲ ਤੋਂ ਤੱਤ ਗੁਰਮਤਿ ਦਾ ਲਿਟ੍ਰੇਚਰ ਵੀ ਲਿਆ ਅਤੇ ਕਈਆਂ ਨੇ ਦਾਸਾਂ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ। ਖਾਸ ਕਰਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਸਬੰਧਤ ਸਿੰਘ “ਸਿੱਖ ਰਹਿਤ ਮਰਯਾਦਾ” ਵੀ ਲੈ ਕੇ ਗਏ। ਫਰਿਜਨੋ ਅਤੇ ਟਰੇਸੀ ਤੋਂ ਆਏ ਸਿੰਘਾਂ ਨੇ ਵੀ ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਦਾਸ ਦੇ ਆਰਟੀਕਲ (ਲੇਖ) ਵੈਬਸਾਈਟਾਂ ਅਤੇ ਅਖਬਾਰਾਂ ਵਿੱਚ ਪੜ੍ਹਨ ਵਾਲੇ ਪਾਠਕਾਂ ਅਤੇ ਰੇਡੀਓ ਚੜ੍ਹਦੀ ਕਲਾ ਅਤੇ ਹਮਸਫਰ ਦੇ ਸਰੋਤਿਆਂ ਨੇ ਦਾਸ ਦੀ ਲਿਖੀ ਹੋਈ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਮੰਗ ਮੰਗ ਕੇ ਲਈ। ਜਿਸ ਕਰਕੇ ਇਹ ਪੁਸਤਕ ਹੁਣ ਖਤਮ ਹੋ ਗਈ ਹੈ ਜੋ ਅਗਲੇ ਦੋ ਮਹੀਨੇ ਤੱਕ ਭਾਰਤ ਤੋਂ ਆਉਣ ਵਾਲੀਆਂ ਹੋਰ ਸਕਾਲਰਾਂ ਦੀਆਂ ਪੁਸਤਕਾਂ ਨਾਲ ਆ ਰਹੀ ਹੈ। ਗੁਰਮਤਿ ਵਿਚਾਰਾਂ ਅਤੇ ਲਿਟ੍ਰੇਚਰ ਲਈ ਆਪ 5104325827 ਤੇ ਫੋਨ ਅਤੇ
 singhstudent@yahoo.com ਤੇ ਸੰਪਰਕ ਕਰ ਸਕਦੇ ਹੋ। ਅਸੀਂ ਨਗਰ ਕੀਰਤਨ ਦੇ ਪ੍ਰਬੰਧਕਾਂ, ਸੰਗਤਾਂ, ਪੁਸਤਕ, ਲੇਖ ਪਾਠਕਾਂ ਅਤੇ ਰੇਡੀਓ ਸਰੋਤਿਆਂ, ਅਖਬਾਰਾਂ, ਵੈਬਸਾਈਟਾਂ ਅਤੇ ਮੰਥਲੀ ਰਸਾਲਿਆਂ ਦੇ ਸੰਚਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮੂੰਹ ਸੰਗਤਾਂ ਨੂੰ ਅਰਜੋਈ ਕਰਦੇ ਹਾਂ ਕਿ ਦੁਨਿਆਵੀ ਲੰਗਰਾਂ ਦੇ ਨਾਲ-ਨਾਲ ਗੁਰ-ਸ਼ਬਦ ਵਿਚਾਰ ਦਾ ਲੰਗਰ ਵੀ ਲਾਇਆ ਅਤੇ ਛਕਿਆ ਕਰਨ ਜਿਸ ਦੀ ਐਸ ਵੇਲੇ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ।
ਨੋਟ-9 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ 2 ਤੋਂ 3 ਵਜੇ ਤੱਕ ਗੁਰਬਾਣੀ ਸੰਥਿਆ ਵਿਚਾਰ ਦੀ ਕਲਾਸ ਲਾਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਜਗਿਆਸੂ ਭਾਗ ਲੈ ਸਕਦਾ ਹੈ ਜੋ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਲੱਗਿਆ ਕਰੇਗੀ।