ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, December 11, 2012


ਕੀ ਅਸੀਂ “ਗ੍ਰਿਹਸਤੀ ਬਾਬੇ ਨਾਨਕ” ਦੇ ਪੈਰੋਕਾਰ ਹਾਂ ਜਾਂ ਵਿਹਲੜ ਸਾਧਾਂ ਦੇ?
ਅਵਤਾਰ ਸਿੰਘ ਮਿਸ਼ਨਰੀ (5104325827)
ਇਹ ਅਟੱਲ ਸਚਾਈ ਹੈ ਕਿ ਬਾਬਾ ਨਾਨਕ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ। ਉਨ੍ਹਾਂ ਨੇ ਬਚਪਨ ਵਿੱਚ ਮੱਝਾਂ ਚਾਰੀਆਂ, ਖੇਤੀ, ਵਾਪਾਰ ਕੀਤਾ ਅਤੇ ਮੋਦੀਖਾਨੇ ਭਾਵ ਫੂਡ ਸਪਲਾਈ ਮਹਿਕਮੇ ਵਿੱਚ ਮੋਦੀ ਦੀ ਜੁਮੇਵਾਰੀ ਵਾਲੀ ਨੌਕਰੀ ਵੀ ਕੀਤੀ। ਸੰਸਾਰ ਨੂੰ ਚਲਾਉਣ ਵਾਸਤੇ ਕਰਤੇ ਦੀ ਮਰਯਾਦਾ ਦਾ ਪਾਲਨ ਕਰਦੇ ਹੋਏ ਗ੍ਰਿਹਸਤ ਮਾਰਗ ਵੀ ਧਾਰਨ ਕੀਤਾ। ਨਿਰੰਕਾਰੀ ਰਹਿਬਰ ਹੋਣ ਦੇ ਨਾਤੇ ਬੜੀ ਜੁਮੇਵਾਰੀ ਅਤੇ ਤਨਦੇਹੀ ਨਾਲ ਰੱਬੀ ਉਪਦੇਸ਼ ਦੇ ਕੇ ਭਰਮਾਂ ਅਤੇ ਮਾਇਆ ਜਾਲ ਵਿੱਚ ਭੁੱਲੀ ਹੋਈ ਲੋਕਾਈ ਨੂੰ ਗਿਆਨ ਵੰਡਦੇ ਹੋਏ ਪ੍ਰਚਾਰਕ ਦੌਰੇ ਵੀ ਕੀਤੇ। ਧਰਮ ਪ੍ਰਚਾਰ ਲਈ ਗ੍ਰਿਹਸਤੀਆਂ ਦੇ ਰਾਹੀਂ ਧਰਮਸਾਲ ਸੰਗਤਾਂ ਵੀ ਕਾਇਮ ਕੀਤੀਆਂ। ਊਚ-ਨੀਚ ਦਾ ਭੇਦ ਮੇਟਦੇ ਹੋਏ ਬ੍ਰਾਹਮਣਵਾਦੀ ਵਰਣ ਵੰਡ ਅਨੁਸਾਰ ਆਖੇ ਜਾਂਦੇ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ।

ਉਸ ਵੇਲੇ ਰਾਜੇ ਅਤੇ ਧਰਮ ਆਗੂ ਆਪਸ ਵਿੱਚ ਮਿਲ ਕੇ ਕਿਰਤੀ ਅਤੇ ਭੋਲੀ ਭਾਲੀ ਜਨਤਾ ਨੂੰ ਦੋਹੀਂ ਹੱਥੀਂ ਲੁੱਟਦੇ ਸਨ। ਉਨ੍ਹਾਂ ਦੀ ਲੁੱਟ ਦੇ ਵਿਰੁੱਧ ਜਨਤਾ ਨੂੰ ਜਾਗਰੂਕ ਕਰਦੇ ਹੋਏ ਵਿਦਿਆ ਰਾਹੀਂ ਸੰਸਾਰੀ ਅਤੇ ਨਿਰੰਕਾਰੀ ਗਿਆਨ ਧਾਰਨ ਕਰਕੇ ਆਪਣੇ ਫਰਜਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਲੋਟੂਆਂ ਵਿਰੁੱਧ ਲਾਮਬੰਦ ਹੋ ਕੇ ਗੈਰਤ ਭਰਿਆ ਸਫਲ ਜੀਵਨ ਜੀਅਨ ਦਾ ਉਪਦੇਸ਼ ਦਿੱਤਾ। ਸ਼ੇਰ ਮਰਦ ਬਾਬੇ ਨੇ ਹੰਕਾਰੀ ਅਤੇ ਜ਼ਾਲਮ ਰਾਜਿਆਂ ਨੂੰ ਪਰਜਾ ਦੇ ਸਾਹਮਣੇ-ਰਾਜੇ ਸ਼ੀਹ ਮੁਕਦਮ ਕੁੱਤੇ॥ਜਾਇ ਜਗਾਇਨਿ ਬੈਠੇ ਸੁੱਤੇ॥(1288) ਕਹਿ ਕੇ ਉਨ੍ਹਾਂ ਨੂੰ ਪਰਜਾ ਤੇ ਜ਼ੁਲਮ ਕਰਨੋ ਵਰਜਿਆ। ਧਰਮ ਦਾ ਬੁਰਕਾ ਪਾ ਆਏ ਦਿਨ ਨਵੇਂ ਨਵੇਂ ਫਤਵੇ ਲਾ ਕੇ ਅਤੇ ਥੋਥੀਆਂ ਰਹੁਰੀਤਾਂ ਚਲਾ ਕਿਰਤੀਆਂ ਨੂੰ ਲੁੱਟਣ ਵਾਲੇ ਧਰਮ ਆਗੂਆਂ ਨੂੰ ਵੀ ਸੰਗਤਾਂ ਸਾਹਮਣੇ ਕਿਹਾ-ਕਾਦੀ ਕੂੜੁ ਬੋਲਿ ਮਲ ਖਾਏ॥ਬਾਮਣੁ ਨਾਵੈ ਜੀਆਂ ਘਾਇ॥ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (662 )
ਉਸ ਵੇਲੇ ਔਰਤ ਨੂੰ ਧਰਮ, ਸਮਾਜ ਅਤੇ ਰਾਜ ਵਿੱਚ ਹੱਕ ਬਰਾਰਬ ਨਹੀਂ ਸਨ। ਰਾਜੇ ਧੱਕੇ ਨਾਲ ਸੋਹਣੀਆਂ ਸੋਹਣੀਆਂ ਔਰਤਾਂ ਨੂੰ ਹਰਮਾਂ ਵਿੱਚ ਰੱਖ ਇਜ਼ਤਾਂ ਲੁਟਦੇ ਹੋਏ ਗੁਲਾਮ ਬਣਾਈ ਰੱਖਦੇ ਸਨ। ਔਰਤ ਨੂੰ ਕਾਮ ਪੂਰਤੀ ਅਤੇ ਮੁੱਲ ਦੀ ਵਸਤੂ ਸਮਝ ਕੇ ਵੇਚਿਆ ਜਾਂਦਾ ਸੀ। ਦੂਜੇ ਪਾਸੇ ਧਰਮ ਦੇ ਠੇਕੇਦਾਰ ਵੀ ਧਰਮ ਕਰਮ ਵਿੱਚ ਔਰਤ ਨੂੰ ਸ਼ੂਦਰ ਗਰਦਾਨ ਕੇ ਸ਼ਾਮਲ ਨਹੀਂ ਕਰਦੇ ਸਨ। ਔਰਤ ਨਾਂ ਜਨੇਊ ਪਾ ਅਤੇ ਨਾਂ ਹੀ ਸੁਨਤ ਕਰਵਾ ਸਕਦੀ ਸੀ। ਕਿਸੇ ਧਰਮ ਅਸਥਾਨ ਦੀ ਆਗੂ ਵੀ ਨਹੀਂ ਬਣ ਸਕਦੀ ਸੀ।ਔਰਤ ਨੂੰ ਸਕੂਲ ਵਿਦਿਆਲੇ ਜਾ ਵਿਦਿਆ ਵੀ ਨਹੀਂ ਪੜ੍ਹ ਸਕਦੀ ਸੀ ਅਤੇ ਘਰ ਦੀ ਚਾਰਦੁਆਰੀ ਵਿੱਚ ਕੈਦ ਰਹਿੰਦੀ ਸੀ। ਦੁਨੀਆਂ ਤੇ ਹੋਰ ਵੀ ਬਥੇਰੇ ਰਹਿਬਰ ਆਏ ਪਰ ਕਿਸੇ ਨੇ ਵੀ ਔਰਤ ਦੇ ਮਰਦ ਬਰਾਬਰ ਅਧਿਕਾਰਾਂ ਦਾ ਪੱਖ ਨਾਂ ਪੂਰਿਆ। ਇਹ ਤਾਂ ਕਿਰਤੀ ਅਤੇ ਗ੍ਰਿਹਸਤੀ ਬਾਬੇ ਨਾਨਕ ਨੇ ਹੀ ਬਲੰਦ ਬਾਂਗ ਕਿਹਾ ਜੋ ਜਗਤ ਜਨਨੀ ਮਾਂ, ਭੈਣ, ਪਤਨੀ ਅਤੇ ਨੂੰਹ ਧੀ ਦੇ ਰੂਪ ਵਿੱਚ ਸੰਸਾਰ ਨੂੰ ਚਲਾਉਣ ਵਾਲੀ ਹੈ ਉਹ ਨੀਵੀਂ ਅਤੇ ਮਰਦ ਉੱਚਾ ਕਿਵੇਂ ਹੋ ਗਿਆ। ਮਾਂ ਨੂੰ ਮੰਦਾ ਬੋਲਣ ਵਰਗਾ ਹੋਰ ਕੋਈ ਪਾਪ ਨਹੀਂ ਜੇ ਮਾਂ ਨੀਚ ਹੈ ਤਾਂ ਪੁੱਤਰ ਕਿਵੇਂ ਊਚ ਹੋ ਸਕਦਾ ਹੈ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (473)
ਬਾਬੇ ਨੇ ਸਮੁੱਚੇ ਸੰਸਾਰ ਨੂੰ ਸਫਲ ਜੀਵਨ ਦਾ ਇਹ ਫੰਡਾ ਦਿੱਤਾ। “ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ” ਇਸ ਵਿੱਚ ਸੰਸਾਰ ਅਤੇ ਨਿਰੰਕਾਰ ਦੋਨੋ ਆ ਜਾਂਦੇ ਹਨ। ਤੁਹਾਨੂੰ ਸਿਧਾਂ ਯੋਗੀਆਂ, ਭਗਵੇ ਸਾਧਾਂ ਸੰਤਾਂ ਵਾਂਗ ਘਰ ਬਾਰ ਅਤੇ ਗ੍ਰਿਹਸਤ ਛੱਡ ਕੇ ਸੰਸਾਰ ਤੋਂ ਉਪ੍ਰਾਮ ਹੋ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਅਜਿਹੇ ਵਿਹਲੜ ਤਾਂ ਜਨਤਾ ਦੇ ਸਿਰ ਭਾਰ ਬਣਕੇ-ਹੋਇ ਅਤੀਤ ਗ੍ਰਿਹਸਤ ਤਜਿ ਫਿਰਿ ਉਨਹੂੰ ਕੇ ਘਰਿ ਮੰਗਣ ਜਾਹੀਂ॥(ਭਾ.ਗੁ) ਕਰਾਮਾਤੀ ਡਰਾਵਿਆਂ ਅਤੇ ਥੋਥੇ ਕਰਮਕਾਂਡਾਂ ਰਾਹੀਂ ਇਹ ਵਿਹਲੜ ਘਰ ਦੀਆਂ ਜੁਮੇਵਾਰੀਆਂ ਤੋਂ ਨੱਸੇ ਤੁਹਾਨੂੰ ਵੱਖ ਵੱਖ ਢੰਗਾਂ ਨਾਲ ਲੁਟਦੇ ਰਹਿੰਦੇ ਹਨ।
ਬਾਬੇ ਨੇ ਹਿੰਦੂ ਅਤੇ ਮੁਸਲਮ ਜੋਗੀਆਂ ਸਿੱਧਾਂ ਆਦਿਕ ਦੇ ਧਰਮ ਅਸਥਾਨਾਂ ਤੇ ਜਾ ਕੇ ਉਨ੍ਹਾਂ ਦੇ ਸਿਰ ਕੱਢ ਆਗੂਆਂ ਨਾਲ ਸਿੱਧ ਗੋਸ਼ਟਾਂ ਵੀ ਕੀਤੀਆਂ। ਉਨ੍ਹਾਂ ਚੋਂ ਕੁਝਕੁ ਵੰਨਗੀਆਂ-ਹਰਿਦੁਆਰ ਪਿਤਰ ਪੂਜਾ ਦੇ ਨਾਂ ਤੇ ਦਾਨ ਪੁੰਨ ਦੀ ਲੁੱਟ ਦਾ ਪੜਦਾਫਾਸ਼ ਕੀਤਾ। ਜਦ ਪਾਂਡੇ ਸੂਰਜ ਵੱਲ ਮੂੰਹ ਕਰਕੇ ਪਾਣੀਆਂ ਦੀਆਂ ਗੜਵੀਆਂ ਰੋੜ ਰਹੇ ਸਨ ਤਾਂ ਬਾਬਾ ਵੀ ਕਰਤਾਪੁਰ ਵੱਲ ਮੂੰਹ ਕਰ ਪਾਣੀ ਸੁੱਟਣ ਲੱਗ ਪਿਆ ਤਾਂ ਪਾਂਡਿਆ ਨੇ ਇਹ ਕਿਹ ਕੇ ਰੌਲਾ ਪਾ ਦਿੱਤਾ ਕਿ ਇਹ ਮਰਯਾਦਾ ਤੋੜ ਰਿਹਾ ਹੈ। ਜਦ ਪਾਂਡੇ ਅਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤਾਂ ਬਾਬੇ ਨੇ ਤਰਕ ਕੀਤਾ ਕਿ ਭਾਈ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਸੀ ਤਾਂ ਪਾਂਡਿਆਂ ਕਿਹਾ ਵੱਡੇ ਵਡੇਰੇ ਮਰ ਕੇ ਪਿਤਰ ਲੋਕ ਵਿੱਚ ਜਾ ਚੁੱਕੇ ਪਿਤਰਾਂ ਨੂੰ। ਤੁਹਾਡੇ ਪਿਤਰ ਕਿੰਨੀ ਦੂਰ ਹਨ, ਪਾਂਡੇ ਬੋਲੇ 88 ਹਜ਼ਾਰ ਯੋਜਨ। ਬਾਬੇ ਨੇ ਕਿਹਾ ਜੇ ਤੁਹਾਡਾ ਸੁੱਟਿਆ ਪਾਣੀ ਇੰਨੀ ਦੂਰ ਜਾ ਸਕਦਾ ਹੈ ਤਾਂ ਮੇਰਾ 300 ਮੀਲ ਤੇ ਕਰਤਾਰਪੁਰ ਦੇ ਖੇਤਾਂ ਚ ਨਹੀਂ ਜਾ ਸਕਦਾ? ਇਹ ਕੈਸਾ ਮਰਯਾਦਾ ਦਾ ਘਾਣ ਹੈ? ਪਾਂਡੇ ਬਾਬੇ ਦੇ ਸਚਾਈ ਭਰੇ ਤਰਕ ਵਿਗਆਨਕ ਅੱਗੇ ਨਿਰੁਤਰ ਹੋ ਬਾਬੇ ਦੇ ਚਰਨੀ ਲੱਗੇ ਤੇ ਕਿਹਾ ਬਾਬਾ ਇਹ ਤਾਂ ਅਸੀਂ ਸਭ ਪੇਟ ਪੂਜਾ ਵਾਸਤੇ ਕਰ ਰਹੇ ਸਾਂ, ਤਾਂ ਬਾਬਾ ਬੋਲਿਆ ਤੁਸੀਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਹੱਥੀਂ ਕਿਰਤ ਕਰਕੇ ਆਪਣੇ ਘਰ ਪਰਵਾਰ ਦੀ ਪਾਲਣਾ ਅਤੇ ਲੋੜਵੰਦਾਂ ਵੀ ਮਦਦ ਕਰੋ, ਇਸ ਨਾਲ ਤੁਹਾਡੀ ਆਤਮਾਂ (ਜਮੀਰ) ਬਲਵਾਨ ਹੋ ਜਾਵੇਗੀ। ਇਵੇਂ ਹੀ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਬੈਠੇ ਸਿੱਧਾਂ ਜੋਗੀਆਂ ਨੂੰ ਕਿਰਤ ਦੀ ਮਹਾਂਨਤਾ ਸਮਝਾਈ। ਭੁੱਖੇ ਸਾਧਾਂ ਨੂੰ ਲੰਗਰ ਛਕਾਉਂਦੇ ਵੀ ਇਹ ਹੀ ਉਪਦੇਸ਼ ਦਿੱਤਾ ਕਿ ਤੁਸੀਂ ਕਿਰਤੀ ਲੋਕਾਂ ਤੇ ਬੋਝ ਨਾਂ ਬਣੋ ਸਗੋਂ ਕਮਾ ਕੇ ਖਾਣ ਦੀ ਅਦਿਤ ਪਾਓ। ਬਾਬਾ ਜੀ ਤੀਰਥਾਂ ਤੇ ਵੀ ਗਏ ਜਿੱਥੇ ਪਾਂਡੇ ਪੁੰਨ ਦਾਨ ਦੇ ਬਹਾਨੇ ਲੁਟਦੇ ਸਨ ਅਤੇ ਨੀਵੀ ਕਹੀ ਜਾਂਦੀ ਜਾਤੀ ਨੂੰ ਇਸ਼ਨਾਨ ਵੀ ਨਹੀਂ ਸੀ ਕਰਨ ਦਿੱਤਾ ਜਾਂਦਾ। ਉਸ ਵੇਲੇ ਮੀਡੀਏ ਦੇ ਅੱਜ ਵਰਗੇ ਸਾਧਨ ਨਹੀਂ ਸਨ, ਇਸ ਲਈ ਗੁਰੂ ਬਾਬਾ ਜੀ ਭਰੇ ਇਕੱਠਾਂ ਵਿੱਚ ਜਾ, ਥੋੜੇ ਸਮੇਂ ਵਿੱਚ ਲੋਕਾਂ ਨੂੰ ਸੱਚ ਉਪਦੇਸ਼ ਦੇ ਦਿੰਦੇ ਸਨ, ਇਉਂ ਜਾਗਤ ਹੋਏ ਲੋਕਾਂ ਦਾ ਕਾਫਲਾ ਵਧਦਾ ਗਿਆ।
ਬਾਬੇ ਦਾ ਉਪਦੇਸ਼ ਸੀ ਕਿ ਕਰਤਾ ਕਰਤਾਰ ਸਰਬ ਨਿਵਾਸੀ ਹੋ ਸਾਡੇ ਸਭ ਜੀਵਾਂ ਅੰਦਰ ਵਸਦਾ ਹੈ। ਉਸ ਦੀ ਪਾਵਰ ਸਤਾ ਦੀ ਜੋਤਿ ਸਭ ਅੰਦਰ ਜਗਦੀ ਹੈ-ਸਭ ਮਹਿ ਜੋਤਿ ਜੋਤਿ ਹੈ ਸੋਇ॥ (ਗੁਰੂ ਗ੍ਰੰਥ) ਜਗਤ ਰਹਿਬਰ ਬਾਬਾ ਉਸ ਵੇਲੇ ਦੇ ਵੱਡੇ ਰਾਜ ਧਰਮ ਇਸਲਾਮ ਦੇ ਕੇਂਦਰੀ ਅਸਥਾਨ ਮੱਕੇ ਵੀ ਹਾਜੀ ਬਣ ਕੇ ਗਿਆ-ਫਿਰਿ ਬਾਬਾ ਮੱਕੇ ਗਇਆ ਨੀਲ ਵਸਤਰ ਧਾਰੇ ਬਨਵਾਰੀ॥ (ਭਾ.ਗੁ) ਓਥੇ ਵੀ ਇੱਕ ਕੌਤਕ ਰਚ ਬਹੁਤ ਵੱਡਾ ਭਰਮ ਤੋੜਦਿਆਂ ਕਾਹਬੇ ਵੱਲ ਪੈਰ ਪਸਾਰ ਕੇ ਪੈ ਗਿਆ। ਜਦ ਮੁਤੱਸਬੀ ਕਾਜ਼ੀ ਨੇ ਦੇਖਿਆ ਤਾਂ ਕਿਹਾ ਕਾਫਰਾ ਤੈਨੂੰ ਇਨ੍ਹਾਂ ਵੀ ਪਤਾ ਨਹੀਂ ਤੂੰ ਰੱਬ ਦੇ ਘਰ ਵੱਲ ਪੈਰ ਕਰਕੇ ਪਿਆ ਹੈਂ ਤਾਂ ਬਾਬਾ ਬੋਲਿਆ ਮੈਂ ਬਹੁਤ ਦੂਰ ਤੋਂ ਪੈਦਲ ਚੱਲ ਕੇ ਆਇਆ, ਥੱਕਿਆ ਪਿਆ ਸੌਂ ਗਿਆ ਹਾਂ, ਭਾਈ ਜਿੱਧਰ ਖੁਦਾ ਦਾ ਘਰ ਨਹੀਂ ਤੁਸੀਂ ਮੇਰੇ ਪੈਰ ਉਧੱਰ ਕਰ ਦਿਉ, ਤਾਂ ਕਾਜ਼ੀ ਨੇ ਗੁੱਸੇ ਚ’ ਆਣ ਐਸਾ ਕੀਤਾ ਪਰ ਉਸ ਦੇ ਮਨ ਦਾ ਮੱਕਾ ਫਿਰਨ ਲੱਗਾ, ਉਹ ਸੋਚੀਂ ਪੈ ਗਿਆ ਕਿ ਕਿੱਧਰ ਖੁਦਾ ਦਾ ਘਰ ਨਹੀਂ?ਆਖਰ ਸੁਝਿਆ ਕਿ ਇਹ ਕੋਈ ਆਂਮ ਆਦਮੀ ਨਹੀਂ ਸਗੋਂ ਕੋਈ ਔਲੀਆ ਲਗਦਾ ਹੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਲਾਂ ਮੁਲਾਣੇ ਤੇ ਕਾਜ਼ੀ ਇਸਲਾਕ ਆਗੂ ਇਕੱਠੇ ਹੋ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਮੱਕੇ ਸ਼ਹਿਰ ਚ ਫੈਲ ਗਈ। ਮਾਨੋਂ ਸਾਰਾ ਮੱਕਾ ਸ਼ਹਿਰ ਹੀ ਇਸ ਅਨੋਖੇ ਹਾਜ਼ੀ ਨੂੰ ਦੇਖਣ ਲਈ ਫਿਰ ਗਿਆ, ਭਾਵ ਲੋਕ ਇਕੱਠੇ ਹੋ ਗਏ। ਬਾਬੇ ਕੋਲ ਇੱਕ ਕਿਤਾਬ ਦੇਖ ਪੁੱਛਣ ਲੱਗੇ-ਕਿ ਤੂੰ ਹਿੰਦੂ ਹੈਂ ਕਿ ਮੁਸਲਮਾਂਨ ਅਤੇ ਵੱਡੇ ਹਿੰਦੂ ਜਾਂ ਮੁਸਲਮਾਨ ਹਨ-ਪੁਛਣ ਖੋਲਿ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲ ਮਾਨੋਈ। ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋ ਰੋਈ॥ ਬਾਬੇ ਨੇ ਕਿਹਾ ਮੈਂ ਨਾਂ ਹਿੰਦੂ ਨਾਂ ਮੁਸਲਮਾਂਨ ਸਗੋਂ ਇੱਕ ਇਨਸਾਨ ਹਾਂ ਅਤੇ ਚੰਗੇ ਮਾੜੇ ਅਮਲਾਂ ਕਰਕੇ ਹੀ ਕੋਈ ਵੱਡਾ ਛੋਟਾ ਹੋ ਸਕਦਾ ਹੈ। ਇਉਂ ਬਾਬੇ ਤੋਂ ਸੱਚੋ ਸੱਚ ਸੁਣ ਕੇ ਇਸਲਾਮਕ ਆਗੂਆਂ ਦੇ ਮਨ ਦਾ ਮੱਕਾ ਫਿਰ ਗਿਆ ਭਾਵ ਪਤਾ ਲੱਗ ਗਿਆ ਕਿ ਖੁਦਾ ਕਿਸੇ ਇੱਕ ਧਰਮ ਅਸਥਾਨ ਵਿੱਚ ਹੀ ਨਹੀਂ ਰਹਿੰਦਾ ਉਹ ਤਾਂ ਸਰਬ ਨਿਵਾਸੀ ਹੈ।
ਬਾਬੇ ਨੇ ਸੰਸਾਰੀ ਅਤੇ ਨਿਰੰਕਾਰੀ ਹਰੇਕ ਪੱਖ ਤੇ ਲੋਕਾਈ ਨੂੰ ਸਚਾਈ ਭਰਪੂਰ ਗਿਆਨ ਉਪਦੇਸ਼ ਵੰਡਿਆ। ਅਖੌਤੀ ਨਰਕ (ਦੋਜ਼ਕ) ਦੇ ਡਰਾਵੇ ਅਤੇ ਸਵਰਗਾਂ (ਬਹਿਸ਼ਤਾਂ) ਦੀ ਲਾਲਸਾ, ਭੂਤ-ਪ੍ਰੇਤ, ਆਵਾਗਵਣ, ਪੰਨ-ਪਾਪ, ਜਾਤ-ਪਾਤ, ਛੂਆ-ਛਾਤ, ਪਹਿਰਾਵਾ, ਧਰਮ, ਕੌਮ, ਬੋਲੀ, ਖਾਣ-ਪੀਣ, ਉਠਣ-ਬੈਠਣ, ਦਿਸ਼ਾ ਭਰਮ, ਚੰਗੇ ਮਾੜੇ ਦਿਨਾਂ ਦੀ ਵਿਚਾਰ, ਪੁੰਨਿਆਂ. ਮਸਿਆ, ਸੰਗ੍ਰਾਂਦਾਂ, ਵਰਤਾਂ ਰੋਜਿਆਂ ਅਤੇ ਆਪੂੰ ਬਣੇ ਅਖੌਤੀ ਸਾਧਾਂ ਸੰਤਾਂ ਦੀ ਅਸਲੀਅਤਾ ਤੋਂ ਜਨਤਾ ਨੂੰ ਜਾਣਕਾਰੀ ਦੇ ਕੇ ਆਪਸੀ, ਜਾਤੀ, ਧਰਮਿਕ ਅਤੇ ਰਾਜਨੀਤਕ ਖਹਿਬਾਜੀਆਂ ਤੋਂ ਬਚਣ ਦਾ ਉਪਦੇਸ਼ ਦਿੰਦੇ ਹੋਏ ਰਲ ਮਿਲ ਕੇ ਖੁਸ਼ੀਆਂ ਭਰਿਆ ਜੀਵਨ ਜੀਅਨ ਦਾ ਉਪਦੇਸ਼ ਦਿੱਤਾ।
ਬਾਬੇ ਨੇ ਸ਼ਬਦ ਬਾਣਾਂ ਰਾਹੀਂ ਕਟੜਵਾਦੀ ਬਣ ਚੁੱਕੇ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਜਿਤਿਆ-ਸ਼ਬਦ ਜਿਤੀ ਸਿੱਧ ਮੰਡਲੀ ਕੀਤਸੁ ਆਪਣਾ ਪੰਥ ਨਿਰਾਲਾ॥(ਭਾ.ਗੁ) ਸੋ ਆਪ ਜੀ ਨੇ ਇਨ੍ਹਾਂ ਕੁਝਕੁ ਉਦਾਹਰਣਾਂ ਤੋਂ ਦੇਖ ਲਿਆ ਹੋਵੇਗਾ ਕਿ ਬਾਬਾ ਨਾਨਕ ਸਰਬ ਸਾਂਝਾਂ ਰਹਿਬਰ ਸੀ ਜਿਸ ਨੇ ਸਭ ਨੂੰ ਸ਼ਬਦ (ਗੁਰੂ ਗਿਆਨ) ਦੇ ਅਨੁਯਾਈ ਹੋਣ ਦਾ ਹੀ ਉਪੁਦੇਸ਼ ਦਿੱਤਾ। ਇਸ ਕਰਕੇ ਅਸੀਂ ਸਾਰੇ ਜਗਤ ਗੁਰ ਬਾਬੇ ਨਾਨਕ ਜੀ ਦੇ ਪੈਰੋਕਾਰ ਸਿੱਖ ਹਾਂ ਨਾਂ ਕਿ ਅਖੌਤੀ ਸਾਧਾਂ ਦੇ ਚੇਲੇ ਪਰ ਅੱਜ ਸਾਨੂੰ ਡੇਰੇਦਾਰ ਅਖੌਤੀ ਸਾਧ ਸੰਪ੍ਰਦਾਈ ਵੱਖ-ਵੱਖ ਤਰ੍ਹਾਂ ਦੇ ਭਰਮ ਭੁਲੇਖੇ ਪਾ ਕੇ, ਧਰਮ ਦੇ ਨਾਂ ਤੇ ਆਪਣੇ ਹੀ ਵੱਡੇ ਵਡੇਰੇ ਸਾਧਾਂ ਦੀਆਂ ਕਥਾ ਕਹਾਣੀਆਂ ਸੁਣਾ-ਸੁਣਾ ਕੇ, ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਦੀ ਥਾਂ ਗਿਣਤੀ ਮਿਣਤੀ ਦੇ ਮੰਤਰ ਜਾਪਾਂ, ਸੰਪਟ ਪਾਠਾਂ ਅਤੇ ਅਖੰਡ ਪਾਠਾਂ ਦੀਆਂ ਇਕੋਤਰੀਆਂ ਵਾਲੇ ਕਰਮਕਾਂਡਾਂ ਵਿੱਚ ਉਲਝਾ ਕੇ, ਚੋਲਾਧਾਰੀ ਡੇਰੇਦਾਰ ਸਾਧਾਂ ਦੇ ਮੁਰੀਦ ਬਣਾਈ ਜਾ ਰਹੇ ਹਨ। ਇਸੇ ਕਰਕੇ ਕੌਮ ਫੁੱਟ ਦਾ ਸ਼ਿਕਾਰ ਹੋਈ ਪਈ ਹੈ। ਗੁਰਦੁਆਰਿਆਂ ਬਹੁਤੇ ਪ੍ਰਬੰਧਕ ਵੀ ਇਨ੍ਹਾਂ ਦੇ ਡੇਰਿਆਂ ਨਾਲ ਸਬੰਧਤ ਹਨ ਜੋ ਅਕਾਲ ਤਖਤ ਦੀ ਦੀ ਥਾਂ ਡੇਰਿਆਂ ਦੀ ਮਰਯਾਦਾ ਗੁਰਦੁਆਰਿਆਂ ਵਿੱਚ ਵੀ ਚਲਾ ਰਹੇ ਹਨ। ਇਸ ਕਰਕੇ ਜਰਾ ਠੰਡੇ ਦਿਮਾਗ ਨਾਲ ਸੋਚੋ ਕਿ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ ਜਾਂ ਵੱਖ-ਵੱਖ ਡੇਰਦਾਰ ਸਾਧਾਂ ਦੇ ਪੈਰੋਕਾਰ।