ਰੱਬੀ ਕਣਾਂ ਦੀ ਖੋਜ
ਕਰਤਾ ਆਪਣੀ ਕਿਰਤ ਦੇ ਅੰਦਰ,
ਕਿੰਝ ਖੁਦ ਨੂੰ ਪ੍ਰਗਟਾਵੇ।
ਕਿਰਤ ਨਿਕਲ ਕੇ ਕਰਤੇ ਵਿੱਚੋਂ,
ਇਹੋ ਸਮਝ ਨਾ ਪਾਵੇ।।
ਇਸ ਬ੍ਰਹਿਮੰਡ ਦੀ ਰਚਨਾਂ ਵਾਲਾ,
ਨੁਕਤਾ ਸਮਝਣ ਖਾਤਿਰ।
ਕਿਰਤ ਭਾਲਦੀ ਕਰਤਾ ਆਪਣਾ,
ਵੱਡੇ ਰਿਸਕ ਉਠਾਵੇ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ,
ਰਸਤਾ ਭਾਵੇਂ ਬਿਖੜਾ,
ਪਰ ਆਸ਼ਿਕ ਦਾ ਇਸ਼ਕ ਨਿਰਾਲਾ,
ਹਰ ਪਲ ਵੱਧਦਾ ਜਾਵੇ।।
ਕਿਣਕੇ ਦੀ ਔਕਾਤ ਨਾਂ ਕੋਈ,
ਇਸ ਬ੍ਰਹਿਮੰਡ ਦੇ ਸਾਹਵੇਂ।
ਬਣ ਕੇ ਬੂੰਦ ਸਮੁੰਦਰ ਵਾਲੀ,
ਥਾਹ ਸਾਗਰ ਦੀ ਚਾਹਵੇ।।
“ਖੋਜੀ ਉਪਜੈ ਬਾਦੀ ਬਿਨਸੈ”
ਪੜ੍ਹਦਾ, ਪਰ ਨਾਂ ਬੁੱਝੇ,
ਪੱਥਰ ਯੁੱਗੀ ਪੱਥਰਾਂ ਕੋਲੋਂ,
ਖਹਿੜਾ ਕਿੰਝ ਛੁਡਾਵੇ।।
ਕਰਤੇ ਬਾਝੋਂ ਕਿਰਤ ਨਾਂ ਹੁੰਦੀ,
ਕਿਰਤ ਬਾਝ ਨਾਂ ਕਰਤਾ।
ਕਰਤਾ ਹੋ ਕੇ “ਪੁਰਖ” ਤੇ “ਸੈਭੰ”,
ਇਹੋ ਗੱਲ ਸਮਝਾਵੇ।।
ਰੱਬ ਦੇ ਕਣਾਂ ਨੂੰ ਲੱਭਣ ਵਾਲਾ,
ਕਰਦਾ ਬੰਦਾ ਦਾਅਵਾ।
ਕਣ ਕਣ ਅੰਦਰ ਬੈਠਾ ਉਹ ਤਾਂ,
ਬੰਦੇ ਤੇ ਮੁਸਕਾਵੇ।।।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)