ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Monday, July 23, 2012


“ਗੁਰਦੁਆਰਾ ਸਿੰਘ ਸਭਾ ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ”

(ਅਵਤਾਰ ਸਿੰਘ ਮਿਸ਼ਨਰੀ) ਬੀਤੇ ਹਫਤੇ ਗੁਰਦੁਆਰਾ ਸਿੰਘ ਸਭਾ ਡੀਕੋਟਾ ਰੋਡ (ਫਰਿਜਨੋ) ਦੇ ਪ੍ਰਬੰਧਕਾਂ, ਸੰਗਤਾਂ ਅਤੇ ਗ੍ਰੰਥੀਆਂ ਦੇ ਸਹਿਯੋਗ ਨਾਲ, “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਅਤੇ ਧਰਮ ਪੁਸਤਕਾਂ ਦਾ ਸਟਾਲ ਲਾਇਆ ਗਿਆ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਮੁੱਖ ਗ੍ਰੰਥੀ ਅਤੇ ਰਾਗੀ ਭਾਈ ਜਸਵੰਤ ਸਿੰਘ ਜੀ, ਸੰਗਤ ਚੋਂ ਇੱਕ ਬੱਚੀ ਸੀਰਤ ਕੌਰ ਅਤੇ ਡਾ. ਮਨਜੀਤ ਸਿੰਘ ਪਟਿਆਲਾ ਨੇ ਵੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਹ ਸਾਰਾ ਪ੍ਰੋਗਰਾਮ ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਅਤੇ ਭੰਗੜਾ ਅਕੈਡਮੀ ਸੰਸਥਾ ਵੱਲੋਂ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦੀ ਖੁਸ਼ੀ ਵਿੱਚ ਕੀਤਾ ਗਿਆ। ਇਸ ਗੁਰਦੁਆਰੇ ਵਿਖੇ ਭਾਈ ਜਸਵੰਤ ਸਿੰਘ ਬਠਿੰਡੇ ਵਾਲੇ ਮੁੱਖ ਗ੍ਰੰਥੀ ਅਤੇ ਰਾਗੀ ਦੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਸੰਗੀਤ ਵਿਦਿਆ ਵੀ ਰਾਗਾਂ ਵਿੱਚ ਸਿਖਾ ਰਹੇ ਹਨ ਅਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੁੰਦਾ ਹੈ। ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਪ੍ਰਚਾਰਕ ਵੀ ਹਾਜਰੀਆਂ ਭਰਦੇ ਹਨ।

ਇਸ ਗੁਰਦੁਆਰੇ ਨੂੰ ਪ੍ਰਧਾਨ ਸ੍ਰ. ਗੁਰਿੰਦਰ ਨਾਰਾਇਣ ਸਿੰਘ, ਸਕੱਤਰ ਸ੍ਰ. ਗੁਰਪ੍ਰੀਤ ਸਿੰਘ ਮਾਨ ਅਤੇ ਸਮੁੱਚੀ ਕਮੇਟੀ ਵਧੀਆ ਤਰੀਕੇ ਨਾਲ, ਸੰਗਤ ਦੇ ਸਹਿਯੋਗ ਨਾਲ ਚਲਾ ਰਹੇ ਹਨ ਅਤੇ ਜਲਦੀ ਹੀ ਵੱਡੇ ਹਾਲ ਵਾਲੇ ਨਵੇਂ ਗੁਰਦੁਆਰੇ ਦਾ ਉਦਘਾਟਨ ਹੋਣ ਜਾ ਰਿਹਾ ਹੈ। ਫਰਿਜਨੋ ਦਾ ਇਹ ਗੁਰਦੁਆਰਾ ਪੰਥਕ ਵਿਦਵਾਨਾਂ ਲਈ ਕੇਂਦਰੀ ਅਸਥਾਨ ਹੈ ਜਿੱਥੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ, ਵੀਰ ਭੂਪਿੰਦਰ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਸ੍ਰ. ਗੁਰਚਰਨ ਸਿੰਘ ਜਿਉਣਵਾਲਾ, ਗਿ. ਗੁਰਚਰਨ ਸਿੰਘ ਮਿਸ਼ਨਰੀ, ਭਾਈ ਗੁਰਮੀਤ ਸਿੰਘ ਜਬਲਪੁਰ, ਅਵਤਾਰ ਸਿੰਘ ਮਿਸ਼ਨਰੀ, ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਆਦਿਕ ਵਿਦਵਾਨ ਹਾਜਰੀਆਂ ਭਰ ਚੁੱਕੇ ਹਨ। ਬੀਤੇ ਹਫਤੇ 7 ਜੁਲਾਈ 2012 ਦਿਨ ਐਤਵਾਰ ਨੂੰ ਵੀ ਦਾਸ (ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ) ਨੇ ਹਾਜਰੀ ਭਰੀ। ਦਾਸ ਨੇ “ਜਾਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੁ ਕਹੀਅਤ ਹੈ ਸੂਰਾ” (679) ਜੋ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਤ ਸ਼ਬਦ ਧਨਾਸਰੀ ਰਾਗ ਵਿਖੇ ਦਰਜ ਹੈ ਦੀ ਢੁਕਵੀਂ ਅਤੇ ਸਰਲ ਵਿਆਖਿਆ ਕਰਦੇ ਹੋਏ ਮੀਰੀ ਪੀਰੀ ਸਿਧਾਂਤ ਬਾਰੇ ਵਿਚਾਰ ਕੀਤੀ ਅਤੇ ਕਿਹਾ ਕਿ ਗੁਰਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਹੈ ਨਾਂ ਕਿ ਭਾੜੇ ਦੇ ਪਾਠ ਕਰਨ ਕਰਾਉਣ ਲਈ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵੀ ਮੀਰੀ ਪੀਰੀ ਦੇ ਭਾਵ ਨੂੰ ਉਜਾਗਰ ਕਰਦਾ ਸ਼ਬਦ ਕੀਰਤਨ ਕੀਤਾ ਅਤੇ ਇੰਗਲਿਸ਼ ਵਿੱਚ ਵਿਆਖਿਆ ਕੀਤੀ। ਸੰਗਤਾਂ ਸੱਚੀ ਬਾਣੀ ਦੀਆਂ ਧਾਰਨਾਂ ਵੀ ਨਾਲ ਗਾ ਰਹੀਆਂ ਸਨ। ਬੜਾ ਸ਼ਾਤੀ ਦਾ ਮਹੌਲ ਸੀ ਅਤੇ ਇੱਥੇ ਸੰਗਤ ਦੀ ਇੱਕ ਵਿਲੱਖਣਤਾ ਸੀ ਕਿ ਸਾਰੀ ਸੰਗਤ ਕੀਰਤਨ, ਕਥਾ ਵਖਿਆਣ ਬੜੇ ਧਿਆਨ ਨਾਲ ਸੁਣ ਰਹੀ ਸੀ, ਬਾਹਰ ਬੈਠ ਕੇ ਘਰੇਲੂ ਗੱਲਾਂ ਨਹੀਂ ਸੀ ਕਰ ਰਹੀ।

ਗੁਰਦੁਆਰੇ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਸੰਸਥਾ ਵੱਲੋਂ ਧਾਰਮਿਕ ਸਟਾਲ ਵੀ ਲੱਗੀ ਹੋਈ ਸੀ। ਸੰਗਤਾਂ ਗੁਰਬਾਣੀ ਦੇ ਗੁਟਕੇ, ਸੀਡੀਆਂ, ਕੰਘੇ, ਕੜੇ ਅਤੇ ਵਿਦਵਾਨਾਂ ਦੀਆਂ ਪੁਸਤਕਾਂ ਵੀ ਲੈ ਰਹੀਆਂ ਸਨ। ਪਹਿਲੀ ਵਾਰ ਇਸ ਸਟਾਲ ਤੇ ਦਸਮ ਗ੍ਰੰਥ ਬਾਰੇ ਸ੍ਰ. ਜਸਬਿੰਦਰ ਸਿੰਘ ਡੁਬਈ ਦੀ ਲਿਖੀ ਪੁਸਤਕ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਧੜਾ ਧੜ ਵਿਕੀ। ਪ੍ਰੋ, ਸਾਹਿਬ ਸਿੰਘ ਡੀਲਿਟ, ਭਾਈ ਕਾਨ੍ਹ ਸਿੰਘ ਨ੍ਹਾਭਾ, ਸਿਰਦਾਰ ਕਪੂਰ ਸਿੰਘ, ਮਿਸ਼ਨਰੀ ਕਾਲਜ ਦਾ ਲਿਟ੍ਰੇਚਰ, ਗਿ. ਭਾਗ ਸਿੰਘ ਅੰਬਾਲਾ, ਪ੍ਰੋ. ਦਲਬੀਰ ਸਿੰਘ ਦਿੱਲ੍ਹੀ, ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਗਿ. ਸੰਤ ਸਿੰਘ ਮਸਕੀਨ ਅਤੇ ਦਾਸ ਦੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਅਦਿਕ ਪੁਸਤਕਾਂ ਵੀ ਸੰਗਤਾਂ ਨੇ ਉਤਸ਼ਾਹ ਨਾਲ ਲਈਆਂ।

ਸ਼ਾਮੀ ਭੰਗੜੇ ਵਾਲੇ ਬੱਚੇ ਬੱਚੀਆਂ ਢੋਲ ਦੀ ਸੰਗੀਤਕ ਤਰਜ ਤੇ ਭੰਗੜਾ ਪਉਂਦੇ ਸਮੇਂ ਗੁਰਬਾਣੀ ਤੁਕਾਂ ਗਉਂਦੇ ਰਹੇ ਕਿਸੇ ਨੇ ਵੀ ਬਾਹਰੀ ਗਾਣਾ ਨਹੀਂ ਗਾਇਆ। ਬੱਚੇ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਕੜੇ ਕੰਘੇ ਅਤੇ ਪੰਜਾਬੀ ਪੁਸਤਕਾਂ ਖਰੀਦੀਆਂ। ਗਰਮੀ ਹੋਣ ਕਰਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਚਲਦੀ ਰਹੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਬਠਿੰਡਾ ਅਤੇ ਪ੍ਰਬੰਧਕਾਂ ਨੇ ਆਈਆਂ ਸੰਗਤਾਂ, ਸੰਗੀਤ ਅਕੈਡਮੀ ਦੇ ਪ੍ਰਬੰਧਕਾਂ ਅਤੇ ਸਾਡਾ ਮਾਨ ਸਨਮਾਨ ਕੀਤਾ। ਸੰਗਤਾਂ ਨੇ ਸਾਨੂੰ ਗੁਰਮਤਿ ਸਬੰਧੀ ਸਵਾਲ ਵੀ ਪੁੱਛੇ ਅਤੇ ਅਸੀਂ ਗਰਮਤਿ ਸੋਝੀ ਦੁਆਰਾ ਜਵਾਬ ਵੀ ਦਿੱਤੇ। ਕਈਆਂ ਪ੍ਰੇਮੀਆਂ ਵੱਲੋਂ ਦੱਸਿਆ ਗਿਆ ਕਿ ਇੱਥੇ ਇੱਕ ਪ੍ਰਸਿੱਧ ਕਥਾਕਾਰ ਆਏ ਹੋਏ ਹਨ ਜੋ ਕਥਾ ਕਰਕੇ ਸਿੱਧੇ ਕਮਰੇ ਚ ਜਾ ਵੜਦੇ ਹਨ ਪਰ ਸੰਗਤਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਦਾਸ ਨੇ ਕਿਹਾ ਕਿ ਅਜੋਕੇ ਬਹੁਤੇ ਕਥਾਕਾਰ ਕਮਰਸ਼ੀਲ ਹਨ ਜੋ ਸੰਗਤਾਂ ਨੂੰ ਕਥਾ ਵਿੱਚ ਚੁਟਕਲੇ ਅਤੇ ਰੌਚਕ ਮਿਥਿਹਾਸਕ ਕਹਾਣੀਆਂ ਸੁਣਾ ਸੁਣਾ ਕੇ ਖੁਸ਼ ਕਰਦੇ ਹੋਏ ਗੁਰਮਤਿ ਵਿਰੋਧੀ ਮੈਟਰ ਵੀ ਪ੍ਰੋਸਦੇ ਤੇ ਸੰਗਤੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਝੱਟ ਆਪਣੇ ਕਮਰੇ ਚ ਅਲੋਪ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਤਾਂ ਸਿੱਧ ਗੋਸਟਾਂ ਕੀਤੀਆਂ ਅਤੇ ਆਪਸੀ ਵਿਚਾਰ ਵਿਟਾਂਦਰੇ ਦੀ ਪਿਰਤ ਪਾਈ ਪਰ ਅਜੋਕੇ ਕਮਰਸ਼ੀਅਲ ਕਥਾਕਾਰਾਂ ਅਤੇ ਬਹੁਤੇ ਥਾਵਾਂ ਤੇ ਪ੍ਰਬੰਧਕਾਂ ਨੇ ਇਹ ਪਿਰਤ ਖਤਮ ਕਰ ਦਿੱਤੀ ਹੈ ਜਿਸ ਕਰਕੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿੱਚ ਖੜੋਤ ਅਉਂਦੀ ਜਾ ਰਹੀ ਹੈ।

ਅਸੀਂ ਫਰਿਜਨੋ ਏਰੀਏ ਦੀਆਂ ਸਮੂੰਹ ਸੰਗਤਾਂ ਦਾ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਸੰਸਥਾ ਵੱਲੋਂ ਧੰਨਵਾਦ ਕਰਦੇ ਹੋਏ ਬੇਨਤੀ ਕਰਦੇ ਹਾਂ ਕਿ ਜਿਸ ਵੀ ਮਾਈ ਭਾਈ ਨੇ ਗੁਰਮਤਿ ਸਬੰਧੀ ਕੋਈ ਸਵਾਲ ਪੁਛਣਾ ਹੋਵੇ, ਕੋਈ ਧਰਮ ਪੁਸਤਕ ਲੈਣੀ ਹੋਵੇ ਜਾਂ ਦਾਸ ਦੀ ਤਾਜਾ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਪ੍ਰਾਪਤ ਕਰਨੀ ਹੋਵੇ ਤਾਂ ਅੱਗੇ ਦਿੱਤੇ ਨੰਬਰਾਂ, ਈਮੇਲ ਅਤੇ ਪਤੇ ਤੇ ਸੰਪਰਕ ਕਰ ਸਕਦੇ ਹੋ (5104325827, 4082097072) singhsudent@gmail.com Guru Granth Parchar Mission of USA Inc. PO BOX 2621, Fremont CA 94536