ਇੰਤਹਾ-ਏ-ਇਸ਼ਕ
ਇਸ਼ਕ ਇਸ਼ਕ ਤੇ ਹਰ ਕੋਈ ਆਖ ਲੈਂਦਾ ,
ਐਪਰ ਇਸ਼ਕ ਨਿਭਾਂਵਦਾ ਕੋਈ ਕੋਈ ।
ਅਜਬ ਪ੍ਰੇਮ ਵਾਲੇ ਗਜ਼ਬ ਚਾਓ ਅੰਦਰ ,
ਜਾਨ ਤਲੀ ਟਿਕਾਂਵਦਾ ਕੋਈ ਕੋਈ ।
ਜੱਗ ਇੱਕ ਪਾਸੇ ਸਿਦਕ ਇੱਕ ਪਾਸੇ ,
ਐਸਾ ਯਾਰ ਮਨਾਂਵਦਾ ਕੋਈ ਕੋਈ ।
ਵਾਅਦੇ ਕੀਤੇ “ਦਿਲਾਵਰ” ਜਿਹੇ ਦਿਲਵਰਾਂ ਨਾਲ ,
ਖਿੜੇ ਮੱਥੇ ਪੁਗਾਂਵਦਾ ਕੋਈ ਕੋਈ ।
ਇਹ ਹਨੇਰਿਆਂ ਨੂੰ ਕਿੱਦਾਂ ਚੀਰਨਾ ਏਂ ,
ਬਣਕੇ ਚਾਨਣ ਸਮਝਾਂਵਦਾ ਕੋਈ ਕੋਈ ।
ਲੋਕੀਂ ਤਾਰੇ ਬਣ ਜਾਣ ਦੀ ਗੱਲ ਕਰਦੇ ,
ਮਘਦਾ ਸੂਰਜ ਬਣ ਜਾਂਵਦਾ ਕੋਈ ਕੋਈ ।
ਸਿੰਘ ਅਤੇ ਸ਼ਹਾਦਤ ਦੀ ਜਿਵੇਂ ਬਣਦੀ ,
ਐਸੀ ਜੋੜੀ ਬਣਾਂਵਦਾ ਕੋਈ ਕੋਈ ।
ਮਿੱਟੀ, ਮਿੱਟੀ ਲਈ, ਮਿੱਟੀ ਬਣ ਮਿਟੀ ਜਾਵੇ ,
ਐਪਰ ਮਿੱਟੀ ਜੀਵਾਂਵਦਾ ਕੋਈ ਕੋਈ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)