(ਪ੍ਰਮਿੰਦਰ ਸਿੰਘ ਪ੍ਰਵਾਨਾ): ਪਿਛਲੇ ਦਿਨੀ 19 ਫਰਵਰੀ 2012 ਨੂੰ ਸਿੰਘ ਸਭਾ ਗੁਰਦੁਆਰਾ ਪਿਟਸਬਰਗ ਵੱਲੋਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰੇਮੀ ਪ੍ਰਬੰਧਕਾਂ ਅਤੇ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿੱਚ ਗੁਰੂ ਘਰ ਦੇ ਸਕੱਤਰ ਭਾਈ ਜੋਗਾ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਵਖਿਆਣ ਕਰਦੇ ਭਗਤ ਜੀ ਨੂੰ ਬ੍ਰਾਹਮਣਾਂ ਵੱਲੋਂ ਸ਼ਹੀਦ ਕੀਤਾ ਗਿਆ ਦਰਸਾਇਆ, ਹੈੱਡ ਗ੍ਰੰਥੀ ਗਿ. ਬੱਲ ਸਿੰਘ ਨੇ ਵੀ ਕਥਾ ਵਿੱਚ ਭਗਤ ਸ਼ਬਦ ਦੀ ਵਿਆਖਿਆ ਕੀਤੀ ਅਤੇ ਭਾਈ ਸੁਲਤਾਨ ਸਿੰਘ ਅਖਤਰ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ ਪਰ ਢਾਡੀ ਜਥੇ ਨੇ ਗੁਰਬਾਣੀ ਦੇ ਸਿਧਾਂਤ ਨੂੰ ਭੁੱਲ ਕੇ, ਮਿਥਹਾਸਕ ਕਹਾਣੀਆਂ ਸੁਣਾਦੇ ਹੋਏ ਗੰਗਾ ਨਦੀ ਨੂੰ ਜਗਤ ਮਾਤਾ ਗੰਗਾ ਪ੍ਰਚਾਰਿਆ। ਉੱਘੇ ਬਿਜਨਸਮੈਨ ਭਾਈ ਅਜੀਤ ਸਿੰਘ ਨੇ ਵੀ ਸੰਬੋਧਨ ਹੁੰਦੇ ਕਿਹਾ ਕਿ ਸਾਨੂੰ ਭਗਤ ਜੀ ਮਹਾਂਰਾਜ ਦੀ ਬਾਣੀ ਤੇ ਅਮਲ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਕਥਾ ਲੈਕਚਰ ਕਰਦੇ ਹੋਏ ਭਗਤ ਜੀ ਵੱਲੋਂ ਥੋਥੇ ਕਰਮਕਾਂਡਾਂ ਨੂੰ ਛੱਡ ਕੇ ਸਾਰਥਕ ਕਰਮ ਕਰਨ ਦਾ ਉਪਦੇਸ਼ ਦਿੰਦੇ ਕਿਹਾ ਕਿ “ਭਗਤ” ਸ਼ਬਦ ਦੀ ਸ੍ਰੀ ਮਾਨ ਭਗਤ ਰਵਿਦਾਸ ਜੀ ਵੱਲੋਂ ਹੀ ਗੁਰਬਾਣੀ ਵਿਖੇ ਦਿੱਤੀ ਪ੍ਰੀਭਾਸ਼ਾ ਇਹ ਹੈ - ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥ (858) ਅਤੇ ਕਿਹਾ ਕਿ ਭਗਤ ਰਵਿਦਾਸ ਜੀ ਰਮੇ ਹੋਏ ਰਾਮ ਨਿਰੰਕਾਰ ਦੇ ਉਪਾਸ਼ਕ ਸਨ ਨਾਂ ਕਿ ਕਿਸੇ ਕਲਪਿਤ ਗੰਗਾ ਮਈਆ ਦੇ, ਨਾਂ ਕਦੇ ਉਨ੍ਹਾਂ ਨੇ ਸ਼ੂਦਰਾਂ ਨੂੰ ਨੀਚ ਦਿਖਾਉਣ ਵਾਲਾ ਜੰਝੂ ਹੀ ਪਾਇਆ ਸੀ ਜੋ ਅੱਜ ਭਗਵੇ ਕਪੜਿਆ ਵਾਲੇ ਸਾਧ ਅਤੇ ਗੁਰਮਤਿ ਤੋਂ ਥੋਥੇ ਪ੍ਰਚਾਰਕ ਗੱਜ ਵੱਜ ਕੇ ਸੋਨੇ ਦਾ ਜੰਝੂ ਭਗਤ ਜੀ ਦੇ ਸਰੀਰ ਅੰਦਰ ਪੁਵਾ ਰਹੇ ਹਨ। ਭਗਤ ਜੀ ਦੇ 40 ਸ਼ਬਦ ਧੁਰ ਕੀ ਬਾਣੀ ਹਨ ਬਾਕੀ ਹੋਰਨਾਂ ਗ੍ਰੰਥਾਂ ਵਿੱਚ ਕਵੀਆਂ ਦੀ ਲਿਖੀ ਜਾਂ ਉਨ੍ਹਾਂ ਤੋਂ ਲਿਖਵਾਈ ਗਈ ਰਚਨਾਂ ਗੁਰਬਾਣੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਇੱਕ ਸਥਾਨਕ ਬੀਬੀ ਜੀ ਨੇ ਵੀ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕੀਤਾ। ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਗੁਰਦੁਆਰੇ ਦੀ ਲਾਇਬ੍ਰੇਰੀ ਵਾਸਤੇ ਭੇਂਟ ਕੀਤੀ। ਹਰਸਿਮਰਤ ਕੌਰ ਖਾਲਸਾ ਨੇ ਗੁਰਮਤਿ ਲਿਟ੍ਰੇਚਰ ਦਾ ਸਟਾਲ ਲਗਾ ਕੇ ਵਿਲੱਖਣ ਤਰੀਕੇ ਨਾਲ ਫੇਸ ਟੂ ਫੇਸ ਗਾਹਕਾਂ ਨੂੰ ਸਿੱਖ ਧਰਮ ਬਾਰੇ ਦੱਸਿਆ।
26 ਫਰਵਰੀ 2012 ਨੂੰ ਡਾ. ਗੁਰਦੀਪ ਸਿੰਘ ਸੰਧੂ ਸੈਨਹੋਜੇ ਦੇ ਸਮੂੰਹ ਸੰਧੂ ਪ੍ਰਵਾਰ ਨੇ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ। ਜਿਸ ਵਿੱਚ ਪ੍ਰਵਾਰ ਨੇ ਸਮਿਲਤ ਹੋ ਕੇ ਆਪ ਸਹਿਜ ਪਾਠ ਪੜ੍ਹੇ ਦੀ ਸਮਾਪਤੀ ਕੀਤੀ। ਸਮਾਪਤੀ ਤੇ ਨਾਵੇਂ ਪਾਤਸ਼ਾਹ ਦੇ ਸ਼ਲੋਕ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਪੜ੍ਹੇ। ਗੁਰਦੁਆਰਾ ਸੈਨ ਹੋਜੇ ਤੋਂ ਆਏ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਦੇ ਅਖੀਰ ਤੇ - ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਨਾਈ॥ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨਾ ਭਾਈ॥ (819) ਦਾ ਸ਼ਬਦ ਗਾਇਨ ਕੀਤਾ। ਉਪ੍ਰੰਤ ਭਾਈ ਮਿਸ਼ਨਰੀ ਨੇ ਇਸੇ ਹੀ ਸ਼ਬਦ ਦੀ ਵਿਆਖਿਆ ਕਰਦੇ ਦਰਸਾਇਆ ਕਿ ਤੱਤੀ ਠੰਡੀ ਹਵਾ ਤਾਂ ਕੁਦਰਤੀ ਚਲਦੀ ਰਹਿੰਦੀ ਹੈ। ਗਰਮ ਹਵਾ ਤੋਂ ਬਚਣ ਲਈ ਠੰਡਾ ਪਾਣੀ, ਪੱਖੇ, ਕੂਲਰ ਅਤੇ ਏ.ਸੀ. ਹਨ ਪਰ ਜਿਹੜੀ ਤੱਤੀ ਹਵਾ ਦੀ ਗੱਲ ਗੁਰੂ ਜੀ ਕਰ ਰਹੇ ਹਨ ਉਹ ਹੈ ਪਦਾਰਥਾਂ ਵਿੱਚ ਖਚਤ ਹੋ ਪ੍ਰਮੇਸ਼ਰ ਨੂੰ ਭੁੱਲਣਾ, ਹਉਮੇ ਹੰਕਾਰ ਅਧੀਨ ਬੁਰੇ ਅਤੇ ਅਗਿਆਨਤਾ ਵੱਸ ਥੋਥੇ ਕਰਮ ਕਰਨੇ।
ਉਨ੍ਹਾਂ ਨੇ ਕਿਹਾ ਕਿ “ਰਾਮਕਾਰ” ਕਾਰ ਉਹ ਲਕੀਰ ਹੈ ਜਿਸ ਨੂੰ ਤਾਂਤ੍ਰਿਕ ਮੰਤ੍ਰ ਪੜ੍ਹ ਕੇ ਤੰਤਰੀ ਜਾਲ ਦੀ ਲਕੀਰ ਕੱਢ ਦਿੰਦੇ ਹਨ। ਜਿਵੇਂ ਮਿਥਿਹਾਸ ਅਨੁਸਾਰ ਜੰਗਲ ਵਿੱਚ ਲਛਮਣ ਨੇ ਸੀਤਾ ਜੀ ਦੁਆਲੇ ਕੱਢੀ ਸੀ ਪਰ ਜਦ ਸੀਤਾ ਰਾਮਕਾਰ ਪਾਰ ਕਰ ਗਈ ਤਾਂ ਰਾਵਣ ਨੇ ਦਬੋਚ ਲਈ। ਗੁਰਮਤਿ ਵਿੱਚ ਗੁਰਬਾਣੀ ਦੀ ਸਿਖਿਆ ਹੀ ਸਿੱਖਾਂ ਲਈ “ਰਾਮਕਾਰ” ਹੈ ਪਰ ਅਜੋਕੇ ਬਹੁਤੇ ਸਿੱਖ ਇਸ ਨੂੰ ਪਾਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਡੇਰੇਦਾਰ ਸਾਧ ਅਤੇ ਪਖੰਡੀ ਪ੍ਰਚਾਰਕਾਂ ਰੂਪ ਰਾਵਣ ਆਏ ਦਿਨ ਦਬੋਚ ਰਹੇ ਹਨ। ਗੁਰੂ ਗ੍ਰੰਥ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼, ਸਿੱਖ ਰਹਿਤ ਮਰਯਾਦਾ ਦੀ ਥਾਂ ਸੰਪ੍ਰਦਾਈ ਡੇਰਿਆਂ ਦੀ ਮਰਯਾਦਾ ਦਾ ਪਾਲਣ, ਜਾਤ ਪਾਤ ਛੁਆ ਛਾਤ ਮੰਨਣ, ਥੋਥੇ ਕਰਮਕਾਂਡ ਕਰਨੇ, ਵਹਿਮਾਂ ਭਰਮਾਂ ਵਿੱਚ ਖਚਤ ਹੋਣਾ, ਗੁਰਦੁਆਰਿਆਂ ਵਿੱਚ ਮੱਸਿਆ ਪੁੰਨਿਆਂ ਪੰਚਕਾਂ ਦੇ ਦਿਨ ਮਨਾਉਣੇ ਅਤੇ ਇਸ ਦੇ ਵੱਡੇ-ਵੱਡੇ ਬੋਰਡ ਲਾਉਣੇ, ਡੇਰੇਦਾਰ ਸਾਧਾਂ ਦੀਆਂ ਬਰਸੀਆਂ ਗੁਰੂ ਘਰਾਂ ਵਿੱਚ ਮਨਾਉਣੀਆਂ, ਗੁਰੂ ਗ੍ਰੰਥ ਜੀ ਦੇ ਲਾਗੇ ਜਾਂ ਆਲੇ ਦੁਆਲੇ ਕੁੰਭ ਨਾਰੀਅਲ, ਧੂਪਾਂ, ਜੋਤਾਂ, ਪੀੜੇ ਨੂੰ ਮੌਲੀਆਂ ਬੰਨਣੀਆਂ, ਇੱਕ ਥਾਂ ਤੇ ਕਈ-ਕਈ ਜੁੜਵੇਂ ਤੋਤਾ ਰਟਨੀ ਪਾਠ ਕਰਨੇ, ਧੜੇਬੰਦੀਆਂ ਬਣਾ ਕੇ ਧਰਮ ਅਸਥਾਨਾਂ ਤੇ ਕਬਜਿਆਂ ਖਾਤਰ ਲੜਨਾ, ਗੁਰਦੁਆਰਿਆਂ ਨੂੰ ਕਮਰਸ਼ੀਅਲ, ਰਾਜਨੀਤਕ ਅਤੇ ਚੋਣਾਂ ਦੇ ਅੱਡੇ ਬਣਾਉਣਾ, ਗੁਰਬਾਣੀ ਦੇ ਪਾਠ, ਕੀਰਤਨ, ਕਥਾ ਅਤੇ ਅਰਾਦਾਸਾਂ ਆਪ ਕਰਨ ਦੀ ਬਜਾਏ ਠੇਕੇ ਤੇ ਕਰਾਉਣੀਆਂ, ਗੁਰਦੁਆਰਿਆਂ ਵਿੱਚ ਭੇਖੀ ਸਾਧਾਂ ਨੂੰ ਸਮਾਂ ਦੇਣਾ ਆਦਿਕ ਸਭ ਤੱਤੀ ਵਾ ਹਨ ਇਨ੍ਹਾਂ ਵਿੱਚ ਖਚਤ ਹੋਣਾ ਹੀ “ਗੁਰਬਾਣੀ ਦੀ ਸਿਖਿਆ ਰੂਪ ਰਾਮਕਾਰ” ਪਾਰ ਕਰਨਾਂ ਹੈ।
ਇਸ ਸਮਾਗਮ ਵਿੱਚ ਵਲੱਖਣ ਇਹ ਗੱਲ ਸੀ ਕਿ ਸੰਧੂ ਪ੍ਰਵਾਰ ਨੇ ਅਰਦਾਸ ਵਿੱਚ ਨਾਵਾਂ ਦੀ ਲਿਸਟ ਨਹੀਂ ਦਿੱਤੀ ਜੋ ਆਮ ਹੀ ਦਿੱਤੀ ਜਾਂਦੀ ਹੈ ਅਤੇ ਭਾਈ ਜੀ ਤੋਂ ਮਰਾਸੀਆਂ ਵਾਲੀ ਕਲਾਣ ਕਰਵਾਈ ਜਾਂਦੀ ਹੈ। ਦਾਸ ਨੇ ਇਸ ਦੀ ਸ਼ਲਾਘਾ ਕਰਦੇ ਹੋਏ ਸੰਗਤ ਨੂੰ ਦੱਸਿਆ ਕਿ ਸਾਨੂੰ ਸਭ ਨੂੰ ਆਪੋ ਆਪਣੇ ਘਰਾਂ ਨੂੰ ਧਰਮਸਾਲ ਸਮਝ ਕੇ ਗੁਰਬਾਣੀ ਦਾ ਪਾਠ ਕੀਰਤਨ ਕਥਾ ਵਿਚਾਰ ਕਰਨਾ ਚਾਹੀਦਾ ਹੈ। ਜੇ ਗੁਰੂ ਨਾਨਕ ਸਾਹਿਬ ਵੇਲੇ- ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥ (ਭਾ.ਗੁ.) ਦਾ ਪ੍ਰਚਾਰ ਹੁੰਦਾ ਸੀ ਤਾਂ ਅੱਜ ਵੀ ਸਾਨੂੰ ਅਜਿਹਾ ਕਰਦੇ ਸੰਗਣਾ ਨਹੀਂ ਚਾਹੀਦਾ। ਕਰਤਾਰ ਆਪਣੀ ਕਲਾ ਆਪ ਹੀ ਵਰਤਾ ਰਿਹਾ ਹੈ ਹੁਣ ਸਾਇੰਸ ਦਾ ਜੁੱਗ ਹੈ ਗੁਰਬਾਣੀ ਹੋਰ ਬੋਲੀਆਂ ਵਿੱਚ ਟ੍ਰਾਂਸਲੇਟ ਹੋ ਕੇ ਇੰਟ੍ਰਨੈੱਟ ਤੇ ਪੈ ਚੁੱਕੀ ਹੈ। ਹੁਣ ਇਸ ਦੇ ਉਪਦੇਸ਼ਾਂ ਨੂੰ ਲੰਬੇ ਸਮੇ ਲਈ ਰੁਮਾਲਿਆਂ ਵਿੱਚ ਲੁਕਾਇਆ ਨਹੀਂ ਜਾ ਸਕਦਾ।
ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬਹੁਤ ਹੀ ਭਾਵਪੂਰਤ ਕੀਰਤਨ ਵਖਿਆਨ ਕਰਕੇ ਸੰਗਤਾਂ ਨੂੰ ਮੰਤਰ-ਮੁਗਦ ਕੀਤਾ। ਜਨਮ ਤੇ ਵਧੀਆ ਵਿਚਾਰ ਦਿੱਤੇ ਕਿ-ਕਬੀਰ ਮਾਨਸ ਜਨਮ ਦਲੰਭ ਹੈ ਹੋਇ ਨਾ ਬਾਰੰਬਾਰ॥ ਸੰਧੂ ਪ੍ਰਵਾਰ ਦੇ ਸੱਦੇ ਤੇ ਜਿੱਥੇ ਬਹੁਤ ਸਾਰੇ ਰਿਸਤੇਦਾਰ ਦੋਸਤ ਮਿਤਰ ਆਏ ਹੋਏ ਸਨ ਓਥੇ ਅਮਰੀਕਾ ਦੇ ਸਿਰਕੱਢ ਸਿੱਖ ਆਗੂਆਂ ਚੋਂ ਸ੍ਰ. ਜਸਵੰਤ ਸਿੰਘ ਹੋਠੀ ਮੁਖੀ ਅਮੈਰਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਮੇਲ ਅਖਬਾਰ ਦੇ ਸੰਚਾਲਕ ਸ੍ਰ. ਗੁਰਜਤਿੰਦਰ ਸਿੰਘ ਰੰਧਾਵਾ, ਸਹਿਤਕ ਵਿਦਵਾਨ ਸ੍ਰ. ਚਰਨਜੀਤ ਸਿੰਘ ਪੰਨੂੰ, ਭਾਈ ਜਸਪਾਲ ਸਿੰਘ, ਪੰਥਕ ਕਵੀ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਆਗੂ ਡਾ. ਗੁਰਮੀਤ ਸਿੰਘ ਜੀ ਬਰਸਾਲ ਵੀ ਪ੍ਰਵਾਰ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਦਾਸ (ਪ੍ਰਵਾਨਾਂ) ਨੇ ਵੀ ਫੋਨ ਕਰਕੇ ਪ੍ਰੋਗ੍ਰਾਮ ਦੀ ਸਫਲਤਾ ਦੀ ਵਧਾਈ ਦਿੱਤੀ। ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਸਤਸੰਗੀਆ ਨੇ ਆਪਣੇ ਘਰਾਂ ਵਿੱਚ ਵੀ ਅਜਿਹੇ ਗੁਰਮੱਤੀ ਪ੍ਰੋਗ੍ਰਾਮ ਕਰਾਉਣ ਲਈ ਕਿਹਾ।
ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤ ਦੇ ਤਿੱਖੇ ਤੀਰ” ਵੀ ਸੰਗਤਾਂ ਨੇ ਉਤਸ਼ਾਹ ਨਾਲ ਪ੍ਰਾਪਤ ਕੀਤੀ। ਕਥਾ ਕਰਦੇ ਭਾਈ ਮਿਸ਼ਨਰੀ ਨੇ ਕਿਹਾ ਕਿ ਜੋ ਵੀ ਮਾਈ ਭਾਈ ਗੁਰਮਤ ਪ੍ਰਚਾਰ ਨੂੰ ਮੁੱਖ ਰੱਖ ਕੇ ਅਜਿਹੇ ਪ੍ਰੋਗ੍ਰਾਮ ਕਰਵਾਉਣੇ ਚਾਹੁਣ, ਉਹ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.ਦੇ ਸੇਵਕਾਂ ਨਾਲ 5104325827, 4082097072 ਨੰਬਰਾਂ ਤੇ ਫੋਨ ਜਾਂ ਈਮੇਲ singhstudent@yahoo.com 'ਤੇ ਸੰਪ੍ਰਕ ਕਰ ਸਕਦੇ ਹਨ। ਅੰਤ ਵਿੱਚ ਡਾ. ਗੁਰਦੀਪ ਸਿੰਘ ਸੰਧੂ ਨੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਪ੍ਰਚਾਰਕਾਂ, ਰਾਗੀ ਸਿੰਘਾਂ, ਰਿਸ਼ਤੇਦਾਰਾਂ ਅਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।