ਸ੍ਰ ਬਲਵੰਤ ਸਿੰਘ ਰਾਜੋਆਣਾ
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।
ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।
ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।
ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।
ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।
ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)