ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, March 28, 2012

ਇੰਤਹਾ-ਏ-ਇਸ਼ਕ

ਇੰਤਹਾ-ਏ-ਇਸ਼ਕ
ਇਸ਼ਕ ਇਸ਼ਕ ਤੇ ਹਰ ਕੋਈ ਆਖ ਲੈਂਦਾ ,
ਐਪਰ ਇਸ਼ਕ ਨਿਭਾਂਵਦਾ ਕੋਈ ਕੋਈ ।
ਅਜਬ ਪ੍ਰੇਮ ਵਾਲੇ ਗਜ਼ਬ ਚਾਓ ਅੰਦਰ ,
ਜਾਨ ਤਲੀ ਟਿਕਾਂਵਦਾ ਕੋਈ ਕੋਈ ।
ਜੱਗ ਇੱਕ ਪਾਸੇ ਸਿਦਕ ਇੱਕ ਪਾਸੇ ,
ਐਸਾ ਯਾਰ ਮਨਾਂਵਦਾ ਕੋਈ ਕੋਈ ।
ਵਾਅਦੇ ਕੀਤੇ “ਦਿਲਾਵਰ” ਜਿਹੇ ਦਿਲਵਰਾਂ ਨਾਲ ,
ਖਿੜੇ ਮੱਥੇ ਪੁਗਾਂਵਦਾ ਕੋਈ ਕੋਈ ।
ਇਹ ਹਨੇਰਿਆਂ ਨੂੰ ਕਿੱਦਾਂ ਚੀਰਨਾ ਏਂ ,
ਬਣਕੇ ਚਾਨਣ ਸਮਝਾਂਵਦਾ ਕੋਈ ਕੋਈ ।
ਲੋਕੀਂ ਤਾਰੇ ਬਣ ਜਾਣ ਦੀ ਗੱਲ ਕਰਦੇ ,
ਮਘਦਾ ਸੂਰਜ ਬਣ ਜਾਂਵਦਾ ਕੋਈ ਕੋਈ ।
ਸਿੰਘ ਅਤੇ ਸ਼ਹਾਦਤ ਦੀ ਜਿਵੇਂ ਬਣਦੀ ,
ਐਸੀ ਜੋੜੀ ਬਣਾਂਵਦਾ ਕੋਈ ਕੋਈ ।
ਮਿੱਟੀ, ਮਿੱਟੀ ਲਈ, ਮਿੱਟੀ ਬਣ ਮਿਟੀ ਜਾਵੇ ,
ਐਪਰ ਮਿੱਟੀ ਜੀਵਾਂਵਦਾ ਕੋਈ ਕੋਈ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Monday, March 26, 2012

ਸਿੱਖਾਂ ਨੇ ਭਾਰਤ ਅਜ਼ਾਦ ਕਰਵਾਇਆ ਪਰ ਭਾਰਤੀ ਜਨੂੰਨੀਆਂ ਨੇ ਹਮੇਸ਼ਾਂ ਸਿੱਖਾਂ ਨਾਲ ਦਗ਼ਾ ਕਮਾਇਆ

ਸਿੱਖਾਂ ਨੇ ਭਾਰਤ ਅਜ਼ਾਦ ਕਰਵਾਇਆ ਪਰ ਭਾਰਤੀ ਜਨੂੰਨੀਆਂ ਨੇ ਹਮੇਸ਼ਾਂ ਸਿੱਖਾਂ ਨਾਲ ਦਗ਼ਾ ਕਮਾਇਆ
ਅਵਤਾਰ ਸਿੰਘ ਮਿਸ਼ਨਰੀ (5104325827)

ਮੁਗਲੀਆ ਹਕੂਮਤ ਵੇਲੇ ਭਾਰਤੀਆਂ ਦੀ ਹਾਲਤ ਤਰਸਯੋਗ ਸੀ। ਉਹ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਤੌਰ ਤੇ ਗੁਲਾਮ ਸਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਸ ਗੁਲਾਮੀ ਵਿਰੁੱਧ ਜੋਰਦਾਰ ਅਵਾਜ਼ ਉਠਾਈ-ਰਾਜੇ ਸ਼ੀਂਹ ਮੁਕੱਦਮ ਕੁਤੇ॥(1288) ਗੁਲਾਮ ਪਰਜਾ ਨੂੰ ਵੀ ਕਿਹਾ-ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥(142) ਇਸ ਸਬੰਧ ਵਿੱਚ ਭਗਤ ਰਵਿਦਾਸ, ਕਬੀਰ, ਨਾਮਦੇਵ ਜੀ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਅਕੀਦਤਮੰਦ ਸਿੰਘਾਂ ਸਿੰਘਣੀਆਂ ਨੂੰ ਭਿਆਣਕ ਤੋਂ ਭਿਆਣਕ ਤਸੀਹੇ ਵੀ ਝਲਣੇ ਪਏ। ਭਾਰਤ ਤੇ 100 ਸਾਲ ਰਾਜ ਕਰਨ ਵਾਲੇ ਵਿਦੇਸ਼ੀ ਗੋਰਿਆਂ ਨੂੰ ਭਾਰਤ ਚੋਂ ਭਜਾਉਣ ਵਾਲੇ ਵੀ ਪੰਜਾਬ ਦੇ ਸੂਰਬੀਰ ਯੋਧੇ ਸਿੱਖ ਹੀ ਸਨ। ਅੰਗ੍ਰੇਜ ਜਾਂਦਾ-ਜਾਂਦਾ ਜਿੱਥੇ ਸਿੱਖਾਂ ਦੇ ਬਹਾਦਰੀ ਦੇ ਸੋਹਿਲੇ ਗਾ ਰਿਹਾ ਸੀ ਓਥੇ ਸਿੱਖਾਂ ਨੂੰ ਵੱਖਰਾ ਰਾਜ ਭਾਗ ਵੀ ਦੇ ਰਿਹਾ ਸੀ ਪਰ ਸਿੱਖਾਂ ਦੇ ਨਲਾਇਕ ਲੀਡਰਾਂ ਨੇ, ਲੂੰਬੜ ਜਨੂੰਨੀ ਹਿੰਦੂ ਲੀਡਰਾਂ ਦੀ ਚਾਲ ਵਿੱਚ ਆ ਕੇ, ਸਭ ਕੁਝ ਗਵਾ ਲਿਆ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵਰਗੇ ਲੀਡਰਾਂ ਦੇ ਇਹ ਵਿਸ਼ਵਾਸ਼ ਦਿਵਾਉਣ ਤੇ ਕਿ ਜੇ ਅਜ਼ਾਦ ਭਾਰਤ ਵਿੱਚ ਸਿੱਖਾਂ ਨਾਲ ਵਿਤਕਰਾ ਹੋਵੇਗਾ ਤਾਂ ਉਹ ਤਲਵਾਰ ਦੇ ਜੋਰ ਨਾਲ ਰਾਜ ਭਾਗ ਦਾ ਆਪਣਾ ਹਿੱਸਾ ਲੈਣਾਂ ਵੀ ਜਾਣਦੇ ਹਨ।

ਪਰ ਦੇਖੋ ਕੈਸਾ ਇਨਸਾਫ! ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ। ਫਿਰ ਮਹਾਂ ਪੰਜਾਬ ਦੇ ਟੁਕੜੇ ਕਰਕੇ ਹਰਿਆਣਾ ਅਤੇ ਹਿਮਾਚਲ ਪੰਜਾਬ ਤੋਂ ਖੋ ਲਏ ਗਏ। ਵਿਧਾਨ ਵਿੱਚ ਵੀ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਕੇਸਾਧਾਰੀ ਹਿੱਸਾ ਬਣਾ ਦਿੱਤਾ ਗਿਆ। ਪੰਜਾਬ ਵਿੱਚ ਡੇਰੇਦਾਰ ਪੈਦਾ ਕਰਕੇ ਸਿੱਖ ਕੌਮ ਦੀ ਤਾਕਤ ਅਤੇ ਏਕਤਾ ਨੂੰ ਚੂਰੋ ਚੂਰ ਕਰ ਦਿੱਤਾ। ਸਿੱਖ ਇੱਕ ਅਜ਼ਾਦ ਕੌਮ ਸੀ ਜਦ ਉਹ ਗੁਰੂਆਂ ਭਗਤਾਂ ਦੀ ਬਖਸ਼ੀ ਅਜ਼ਾਦੀ ਦੀਆਂ ਗੱਲਾਂ ਕਰਦੀ ਹੈ ਤਾਂ ਜਨੂੰਨੀ ਭਾਰਤੀਆਂ ਨੂੰ ਚੰਗੀ ਨਹੀਂ ਲਗਦੀ। ਜਦ ਕੋਈ ਸਿੱਖ ਲੀਡਰ ਜਾਂ ਨੌਜਵਾਨ ਆਪਣੇ ਕੌਮੀ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਤੇ ਝੂਠੇ ਕੇਸ ਪਾ ਕੇ ਜੇਲੀਂ ਡੱਕ ਦਿੱਤਾ ਜਾਂਦਾ ਹੈ ਜਾਂ ਜ਼ਾਲਮ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਦ ਅਕਾਲੀਆਂ ਅਤੇ ਬਾਬਾ ਜਰਨੈਲ ਸਿੰਘ ਦਮਦਮੀ ਟਕਸਾਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਦੇ ਮੱਤੇ ਤੇ ਮੋਰਚਾ ਲਾਇਆ ਤਾਂ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲੀ੍ਹਂ ਡੱਕ ਦਿੱਤਾ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਨਕਲੀ ਨਿਰੰਕਾਰੀ ਜਦ ਅਜਿਹਾ ਕਰਦਾ ਹੋਇਆ ਅੰਮ੍ਰਿਤਸਰ ਪ੍ਰਵੇਸ਼ ਹੋਇਆ ਤਾਂ ਉਸ ਨੂੰ ਸਮਝਾਉਣ ਗਏ ਸਿੰਘਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ।

ਪੰਜਾਬ ਵਿੱਚ ਕਰਫਿਊ ਲਾ ਕੇ ਸਿੱਖ ਕੌਮ ਦੀ ਅਵਾਜ਼ ਨੂੰ ਬੰਦ ਕਰਕੇ, ਧੰਨ ਦੌਲਤ ਅਤੇ ਧੀਆਂ ਭੈਣਾਂ ਦੀਆਂ ਇਜ਼ਤਾਂ ਲੁੱਟਣ ਲੱਗੇ। ਜਦ ਕਿਤੇ ਵੀ ਸਰਕਾਰੇ ਦਰਬਾਰੇ ਸਿੱਖਾਂ ਦੀ ਸੁਣਵਾਈ ਨਾਂ ਹੋਈ ਤਾਂ ਆਖਰ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਨੌਜਵਾਨਾਂ ਨੇ ਗੁਲਾਮੀ ਨੂੰ ਮਹਿਸੂਸ ਕਰਦੇ ਹੋਏ ਹਥਿਆਰ ਚੁੱਕ ਲਏ ਅਤੇ ਆਪਣੇ ਹੱਕਾਂ ਲਈ ਲੜਾਈ ਆਰੰਭ ਕਰ ਦਿੱਤੀ। ਬਾਬਾ ਜਰਨੈਲ ਸਿੰਘ ਇਨ੍ਹਾਂ ਬਹਾਦਰ ਸਿੱਖਾਂ ਦੇ ਲੀਡਰ ਅਤੇ ਹੀਰੋ ਬਣ ਗਏ ਅਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅਤੇ ਕੌਮੀ ਗਦਾਰਾਂ ਨੂੰ ਚੁਣ ਚੁਣ ਕੇ ਸੋਧੇ ਲੌਣ ਲੱਗ ਪਏ। ਫਿਰ ਸੰਨ 1984 ਦੇ ਜੂਨ ਮਹੀਨੇ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਤੋਪਾਂ-ਟੈਂਕਾਂ ਨਾਲ ਹਮਲਾ ਕਰ ਦਿੱਤਾ, ਜਿੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਹਜਾਰਾਂ ਸੰਗਤਾਂ ਪਹੁੰਚੀਆਂ ਹੋਈਆਂ ਸਨ, ਨੂੰ ਬੜੀ ਬੇਦਰਦੀ ਨਾਲ ਮਾਰਿਆ ਪਰ ਬਾਬਾ ਜਰਨੈਲ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਿੰਘ ਸੂਰਮਿਆਂ ਨੇ ਭਾਰਤੀ ਫੋਜ ਦਾ ਮੁਕਾਬਲਾ ਕੀਤਾ, ਫੋਜ ਦਾ ਵੀ ਭਾਰੀ ਨੁਕਸਾਨ ਹੋਇਆ ਹਜਾਰਾਂ ਫੋਜੀ ਮਾਰੇ ਗਏ। ਆਖਰ ਮੁੱਠੀਭਰ ਸਿੰਘ ਕਿਨਾਕੁ ਚਿਰ ਸ਼ਕਤੀਸ਼ਾਲੀ ਫੌਜ ਦਾ ਮੁਕਾਬਲਾ ਕਰ ਸਕਦੇ ਸਨ, ਬਹੁਤ ਸਾਰੇ ਸ਼ਹੀਦੀ ਜਾਮ ਪੀ ਗਏ। ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ। ਜ਼ਾਲਮ ਫੌਜਾਂ ਨੇ ਜਿੱਥੇ ਨਿਹੱਥੀਆਂ ਔਰਤਾਂ ਦੀਆਂ ਇਜ਼ਤਾਂ ਲੁੱਟੀਆਂ, ਅਕਾਲ ਤਖਤ ਦੀ ਬਿਲਡਿੰਗ ਢਾਹੀ ਓਥੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਪੁਰਾਤਨ ਬੀੜਾਂ ਸਾੜ ਦਿੱਤੀਆਂ ਅਤੇ ਬਚਿਆ ਲਿਟ੍ਰੇਚਰ ਚੋਰੀ ਕਰਕੇ ਲੈ ਗਏ।

ਯਾਦ ਰੱਖੋ! ਸਿੱਖ ਹੋਰ ਸਭ ਤਰ੍ਹਾਂ ਦਾ ਨੁਕਸਾਨ ਜਰ ਲੈਂਦਾ ਹੈ ਪਰ ਆਪਣੇ ਪਰਾਣਾਂ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ, ਗੁਰਧਾਮਾਂ ਦੀ ਬੇਅਦਬੀ ਅਤੇ ਧੀਆਂ ਭੈਣਾ ਦੀ ਬੇਪਤੀ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇਸ ਸਭ ਕੁਝ ਦਾ ਸਿੱਟਾ ਇਹ ਨਿਕਲਿਆ ਕਿ ਪੜ੍ਹੇ ਲਿਖੇ ਨੌਜਵਾਨਾਂ ਨੇ ਵੀ ਹਥਿਆਰ ਚੁੱਕ ਲਏ ਅਤੇ ਸਿੱਖਾਂ ਦੇ ਕੇਂਦਰ ਤੇ ਹਮਲਾ ਕਰਾਉਣ ਵਾਲੀ ਬੀਬੀ ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਨੂੰ ਕੀਤੀ ਦਾ ਫਲ ਭੁਗਤਾ ਦਿੱਤਾ। ਉਸ ਸਮੇਂ ਪੰਜਾਬ ਵਿੱਚ ਭਾਰਤੀ ਸਰਕਾਰ ਅਤੇ ਕਾਂਗਰਸ ਅਤੇ ਭਾਜਪਾ ਪ੍ਰਤੀ ਇਨਾਂ ਗੁੱਸਾ ਸੀ ਕਿ ਸਿੱਖਾਂ ਅਤੇ ਪੰਜਾਬੀਆਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸ਼ਹੀਦਾਂ ਦੇ ਵਾਰਸਾਂ ਜਾਂ ਪ੍ਰਵਾਰਾਂ ਨੂੰ ਭਾਰੀ ਗਿਣਤੀ ਵਿੱਚ ਜਿਤਾ ਕੇ ਭਾਰਤ ਦੀ ਪਾਰਲੀਮੈਂਟ ਵਿੱਚ ਭੇਜਿਆ ਪਰ ਮਾਨ ਨੇ ਕ੍ਰਿਪਾਨ ਦਾ ਅੜਿਕਾ ਪਾ ਕੇ ਇਹ ਮੌਕਾ ਤੇ ਜਿੱਤ ਅਜਾਈਂ ਗਵਾ ਲਈ। ਬਾਅਦ ਵਿੱਚ 5% ਵੋਟਾਂ ਨਾਲ ਜਦ ਬੇਅੰਤ ਸਿੰਹ ਦੀ ਕਾਗਰਸ ਸਰਕਾਰ ਬਣੀ ਤਾਂ ਉਸ ਸਮੇਂ ਦੇ ਪੁਲਿਸ ਮੁਖੀ ਗਿੱਲ ਨਾਲ ਰਲ ਕੇ ਆਏ ਦਿਨ ਸਿੱਖਾਂ ਦਾ ਸ਼ਿਕਾਰ ਕੀਤਾ ਜਾਣ ਲੱਗਾ ਅਤੇ ਬੇਅੰਤਾ ਹੰਕਾਰੀ ਆਪਣੀ ਤੁਲਨਾਂ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਕ੍ਰਿਸ਼ਨ ਜੀ ਨਾਲ ਕਰਨ ਲੱਗ ਪਿਆ ਤਾਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਨੇ ਸੈਂਕੜੇ ਸਿੱਖ ਜਵਾਨਾਂ ਦੇ ਕਾਤਲ ਨੂੰ ਸੋਧਾ ਲਾ ਦਿੱਤਾ। ਜਿੱਥੇ ਇੰਦਰਾ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗੀਆਂ, ਗਲਾਂ ਵਿੱਚ ਟਾਇਰ ਪਾ ਕੇ ਸਾੜੇ, ਬੱਚਿਆਂ ਨੂੰ ਸਟੋਪਾਂ ਤੇ ਰੱਖ ਭੁੰਨਿਆਂ ਓਥੇ ਸਿੱਖ ਰਾਸ਼ਟਰਪਤੀ ਗ਼ਿ ਜੈਲ ਸਿੰਘ ਦੀ ਕਾਰ ਨੂੰ ਵੀ ਪੱਥਰ ਵੱਟੇ ਮਾਰੇ ਗਏ। ਭਾਈ ਸਤਵੰਤ ਸਿੰਘ, ਕੇਹਰ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲੱਖਾਂ ਹੀ ਸਿੰਘ ਸਿੰਘਣੀਆਂ ਨੂੰ ਤਸੀਹੇ ਖਾਨਿਆਂ ਵਿੱਚ ਰੱਖ, ਤਸੀਹੇ ਦਿੱਤੇ ਗਏ। ਸਿੱਖਾਂ ਦੀਆਂ ਪ੍ਰਾਪਰਟੀਆਂ ਤੇ ਘਰ ਸਾੜ ਦਿੱਤੇ ਗਏ।

ਅੱਜ ਤੱਕ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਫਾਸੀ ਨਹੀਂ ਦਿੱਤੀ ਗਈ, ਸਜਨ ਕੁਮਾਰ ਵਰਗੇ ਹੁਣ ਵੀ ਲੀਡਰ ਹਨ। ਇਹ ਦੁਹਰਾ ਮਾਪਦੰਡ ਭਾਰਤ ਵਿੱਚ ਚੱਲ ਰਿਹਾ ਹੈ। ਬਲਾਤਕਾਰੀ ਸਾਧ ਆਏ ਦਿਨ ਸਿੱਖ ਮਰਯਾਦਾ ਅਤੇ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲ ਰਹੇ ਹਨ। ਸਰਕਾਰ ਅਤੇ ਸਰਕਾਰ ਦੇ ਝੋਲੀ ਚੁੱਕ ਅਖੌਤੀ ਸਿੱਖ ਲੀਡਰ ਵੀ ਵੋਟਾਂ ਖਾਤਰ ਉਨ੍ਹਾਂ ਸਾਧਾਂ ਦਾ ਹੀ ਪੱਖ ਪੂਰਦੇ ਹਨ। ਦੱਸੋ ਫਿਰ ਸਿੱਖ ਕੀ ਕਰਨ? ਕਿੱਧਰ ਜਾਣ? ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ ਕਿ ਭਾਰਤ ਨੂੰ ਅਜ਼ਾਦ ਕਰਾਉਣ ਵਾਲੀ ਕੌਮ ਨੂੰ ਜ਼ਲੀਲ ਕਰਦਿਆਂ, ਉਸ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ ਕੇ, ਆਖਰ ਫਾਹੇ ਟੰਗ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਕਦ ਇਨਸਾਫ ਦੇਵੇਗੀ? ਕੋਈ ਪਤਾ ਨਹੀਂ? ਦੱਸੋ ਫਿਰ ਅਜਿਹਾ ਭਾਰਤ ਟੁਕੜੇ ਹੋਣ ਤੋਂ ਕਿਵੇਂ ਬਚ ਸਕਦਾ ਹੈ? ਸਾਡੇ ਅਖੌਤੀ ਸਿੱਖ ਲੀਡਰਾਂ ਤੋਂ ਤਾਂ ਸੌ ਗੁਣਾਂ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਚੰਗਾ ਹੈ ਜਿਸ ਨੇ ਭਾਰਤ ਸਰਕਾਰ ਦੇ ਦੁਹਰੇ ਮਾਪਦੰਡ ਅੱਗੇ ਸਿਰ ਨਹੀਂ ਝੁਕਾਇਆ, ਗੁਲਾਮੀ ਵਾਲੀ ਜਿੰਦਗੀ ਦੀ ਭੀਖ ਨਹੀਂ ਮੰਗੀ ਅਤੇ ਬੜੀ ਜੁਅਰਤ ਨਾਲ ਸਰਕਾਰੀ ਸਾਧਾਂ ਨੂੰ ਮੂੰਹ ਨਾਂ ਲੌਣ ਦਾ ਜੇਲ੍ਹ ਵਿੱਚੋਂ ਕੌਮ ਨੂੰ ਸੁਨੇਹਾ ਦਿੱਤਾ ਹੈ।
ਅੱਜ ਸਿੱਖ ਕੌਮ ਕਿਉਂ ਸੁੱਤੀ ਪਈ ਹੈ? ਜੇ ਕਿਤੇ ਟਕੇ ਦਾ ਸਾਧ ਮਾਰਿਆ ਜਾਵੇ ਤਾਂ ਘਰਾਂ ਬਜਾਰਾਂ ਵਿੱਚ ਅੱਗਾਂ ਲੱਗ ਜਾਂਦੀਆਂ ਹਨ ਪਰ ਜੇ ਕਿਸੇ ਬਲਵੰਤ ਸਿੰਘ ਰਾਜੋਆਣਾ ਵਰਗੇ ਕੌਮੀ ਸ਼ੇਰ ਨੂੰ ਬੇਇਨਸਾਫੀ ਹੇਠ ਮੌਤ ਦੀ ਸਜਾ ਸੁਣਾ ਦਿੱਤੀ ਜਾਵੇ ਤਾਂ ਸਿੱਖ ਇਕੱਠੇ ਹੋ ਕੇ, ਭਾਰਤ ਦੀ ਗੂੰਗੀ ਬੋਲੀ ਸਰਕਾਰ ਨੂੰ ਕਨੂੰਨ ਦੇ ਦਾਇਰੇ ਵਿੱਚ ਵੀ ਇਨਸਾਫ ਲਈ ਦਬਾਅ ਨਹੀਂ ਪਾ ਸਕਦੇ? ਅਜਿਹੇ ਨੌਜਵਾਨਾਂ ਦੇ ਆਏ ਦਿਨ ਕਤਲ ਅਤੇ ਫਾਸੀਆਂ ਭਾਰਤ ਸਰਕਾਰ ਨੂੰ ਮਹਿੰਗੇ ਪੈਣਗੇ। ਕਾਸ਼ ਸਰਕਾਰ ਇਧਰ ਫੌਰਨ ਧਿਆਂਨ ਦਿੰਦੀ ਹੋਈ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਸਿੰਘਣੀਆਂ ਨੂੰ ਰਿਹਾ ਕਰਕੇ ਭਾਰਤ ਦੇਸ਼ ਤੇ ਤਰਸ ਕਰੇ ਅਤੇ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਬਾਨੀਆਂ ਦੀ ਕਦਰ ਕਰੇ, ਇਸ ਵਿੱਚ ਹੀ ਭਾਰਤ ਦੇਸ਼ ਅਤੇ ਦੇਸ਼ ਵਾਸੀਆਂ ਦਾ ਭਲਾ ਹੈ ਵਰਨਾ ਜਦ ਅੱਗ ਦੇ ਭਾਂਬੜ ਮਚਦੇ ਹਨ ਤਾਂ ਗੁਆਂਢੀ ਵੀ ਲਪੇਟੇ ਜਾਂਦੇ ਹਨ। ਸਿੱਖ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਨਾਂ ਕਿ ਜੁਰਾਇਮ ਪੇਸ਼ਾ। ਆਪਣੇ ਹੱਕਾਂ ਅਤੇ ਇਨਸਾਫ ਲਈ ਲੜਦੀ ਜਰੂਰ ਹੈ ਕਿਉਂਕਿ ਇਹ ਅਧਿਅਕਾਰ ਸੱਚ ਦੇ ਪ੍ਰਚਾਰਕ ਅਤੇ ਇੰਨਸਾਫ ਪਸੰਦ ਗੁਰੂਆਂ ਭਗਤਾਂ ਨੇ ਇਸ ਨੂੰ ਬਖਸ਼ਿਆ ਹੈ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਹੁਣ ਸਿੱਖਾਂ ਨਾਲ ਦਗਾ ਕਮਾਉਣ ਦੀ ਥਾਂ ਭਲਾ ਕਮਾਇਆ ਜਾਵੇ ਤਾਂ ਕਿ ਭਾਰਤ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਹੋ ਸਕੇ।

Wednesday, March 21, 2012

ਸ੍ਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ?????????

ਸ੍ਰ ਬਲਵੰਤ ਸਿੰਘ ਰਾਜੋਆਣਾ
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, March 13, 2012

ਗੁਰੂ ਦੀ ਪੁਸ਼ਟੀ

ਗੁਰੂ ਦੀ ਪੁਸ਼ਟੀ
ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,
ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।
ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,
ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।
ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,
ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :
ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,
ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।

ਡਾ ਗੁਰਮੀਤ ਸਿੰਘ ਬਰਸਾਲ

Sunday, March 4, 2012

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੀਆਂ ਫਰਵਰੀ 2012 ਦੀਆਂ ਸਰਗਰਮੀਆਂ

(ਪ੍ਰਮਿੰਦਰ ਸਿੰਘ ਪ੍ਰਵਾਨਾ): ਪਿਛਲੇ ਦਿਨੀ 19 ਫਰਵਰੀ 2012 ਨੂੰ ਸਿੰਘ ਸਭਾ ਗੁਰਦੁਆਰਾ ਪਿਟਸਬਰਗ ਵੱਲੋਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰੇਮੀ ਪ੍ਰਬੰਧਕਾਂ ਅਤੇ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿੱਚ ਗੁਰੂ ਘਰ ਦੇ ਸਕੱਤਰ ਭਾਈ ਜੋਗਾ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਵਖਿਆਣ ਕਰਦੇ ਭਗਤ ਜੀ ਨੂੰ ਬ੍ਰਾਹਮਣਾਂ ਵੱਲੋਂ ਸ਼ਹੀਦ ਕੀਤਾ ਗਿਆ ਦਰਸਾਇਆ, ਹੈੱਡ ਗ੍ਰੰਥੀ ਗਿ. ਬੱਲ ਸਿੰਘ ਨੇ ਵੀ ਕਥਾ ਵਿੱਚ ਭਗਤ ਸ਼ਬਦ ਦੀ ਵਿਆਖਿਆ ਕੀਤੀ ਅਤੇ ਭਾਈ ਸੁਲਤਾਨ ਸਿੰਘ ਅਖਤਰ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ ਪਰ ਢਾਡੀ ਜਥੇ ਨੇ ਗੁਰਬਾਣੀ ਦੇ ਸਿਧਾਂਤ ਨੂੰ ਭੁੱਲ ਕੇ, ਮਿਥਹਾਸਕ ਕਹਾਣੀਆਂ ਸੁਣਾਦੇ ਹੋਏ ਗੰਗਾ ਨਦੀ ਨੂੰ ਜਗਤ ਮਾਤਾ ਗੰਗਾ ਪ੍ਰਚਾਰਿਆ। ਉੱਘੇ ਬਿਜਨਸਮੈਨ ਭਾਈ ਅਜੀਤ ਸਿੰਘ ਨੇ ਵੀ ਸੰਬੋਧਨ ਹੁੰਦੇ ਕਿਹਾ ਕਿ ਸਾਨੂੰ ਭਗਤ ਜੀ ਮਹਾਂਰਾਜ ਦੀ ਬਾਣੀ ਤੇ ਅਮਲ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਕਥਾ ਲੈਕਚਰ ਕਰਦੇ ਹੋਏ ਭਗਤ ਜੀ ਵੱਲੋਂ ਥੋਥੇ ਕਰਮਕਾਂਡਾਂ ਨੂੰ ਛੱਡ ਕੇ ਸਾਰਥਕ ਕਰਮ ਕਰਨ ਦਾ ਉਪਦੇਸ਼ ਦਿੰਦੇ ਕਿਹਾ ਕਿ “ਭਗਤ” ਸ਼ਬਦ ਦੀ ਸ੍ਰੀ ਮਾਨ ਭਗਤ ਰਵਿਦਾਸ ਜੀ ਵੱਲੋਂ ਹੀ ਗੁਰਬਾਣੀ ਵਿਖੇ ਦਿੱਤੀ ਪ੍ਰੀਭਾਸ਼ਾ ਇਹ ਹੈ - ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥ (858) ਅਤੇ ਕਿਹਾ ਕਿ ਭਗਤ ਰਵਿਦਾਸ ਜੀ ਰਮੇ ਹੋਏ ਰਾਮ ਨਿਰੰਕਾਰ ਦੇ ਉਪਾਸ਼ਕ ਸਨ ਨਾਂ ਕਿ ਕਿਸੇ ਕਲਪਿਤ ਗੰਗਾ ਮਈਆ ਦੇ, ਨਾਂ ਕਦੇ ਉਨ੍ਹਾਂ ਨੇ ਸ਼ੂਦਰਾਂ ਨੂੰ ਨੀਚ ਦਿਖਾਉਣ ਵਾਲਾ ਜੰਝੂ ਹੀ ਪਾਇਆ ਸੀ ਜੋ ਅੱਜ ਭਗਵੇ ਕਪੜਿਆ ਵਾਲੇ ਸਾਧ ਅਤੇ ਗੁਰਮਤਿ ਤੋਂ ਥੋਥੇ ਪ੍ਰਚਾਰਕ ਗੱਜ ਵੱਜ ਕੇ ਸੋਨੇ ਦਾ ਜੰਝੂ ਭਗਤ ਜੀ ਦੇ ਸਰੀਰ ਅੰਦਰ ਪੁਵਾ ਰਹੇ ਹਨ। ਭਗਤ ਜੀ ਦੇ 40 ਸ਼ਬਦ ਧੁਰ ਕੀ ਬਾਣੀ ਹਨ ਬਾਕੀ ਹੋਰਨਾਂ ਗ੍ਰੰਥਾਂ ਵਿੱਚ ਕਵੀਆਂ ਦੀ ਲਿਖੀ ਜਾਂ ਉਨ੍ਹਾਂ ਤੋਂ ਲਿਖਵਾਈ ਗਈ ਰਚਨਾਂ ਗੁਰਬਾਣੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਇੱਕ ਸਥਾਨਕ ਬੀਬੀ ਜੀ ਨੇ ਵੀ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕੀਤਾ। ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਗੁਰਦੁਆਰੇ ਦੀ ਲਾਇਬ੍ਰੇਰੀ ਵਾਸਤੇ ਭੇਂਟ ਕੀਤੀ। ਹਰਸਿਮਰਤ ਕੌਰ ਖਾਲਸਾ ਨੇ ਗੁਰਮਤਿ ਲਿਟ੍ਰੇਚਰ ਦਾ ਸਟਾਲ ਲਗਾ ਕੇ ਵਿਲੱਖਣ ਤਰੀਕੇ ਨਾਲ ਫੇਸ ਟੂ ਫੇਸ ਗਾਹਕਾਂ ਨੂੰ ਸਿੱਖ ਧਰਮ ਬਾਰੇ ਦੱਸਿਆ।

26 ਫਰਵਰੀ 2012 ਨੂੰ ਡਾ. ਗੁਰਦੀਪ ਸਿੰਘ ਸੰਧੂ ਸੈਨਹੋਜੇ ਦੇ ਸਮੂੰਹ ਸੰਧੂ ਪ੍ਰਵਾਰ ਨੇ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ। ਜਿਸ ਵਿੱਚ ਪ੍ਰਵਾਰ ਨੇ ਸਮਿਲਤ ਹੋ ਕੇ ਆਪ ਸਹਿਜ ਪਾਠ ਪੜ੍ਹੇ ਦੀ ਸਮਾਪਤੀ ਕੀਤੀ। ਸਮਾਪਤੀ ਤੇ ਨਾਵੇਂ ਪਾਤਸ਼ਾਹ ਦੇ ਸ਼ਲੋਕ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਪੜ੍ਹੇ। ਗੁਰਦੁਆਰਾ ਸੈਨ ਹੋਜੇ ਤੋਂ ਆਏ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਦੇ ਅਖੀਰ ਤੇ - ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਨਾਈ॥ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨਾ ਭਾਈ॥ (819) ਦਾ ਸ਼ਬਦ ਗਾਇਨ ਕੀਤਾ। ਉਪ੍ਰੰਤ ਭਾਈ ਮਿਸ਼ਨਰੀ ਨੇ ਇਸੇ ਹੀ ਸ਼ਬਦ ਦੀ ਵਿਆਖਿਆ ਕਰਦੇ ਦਰਸਾਇਆ ਕਿ ਤੱਤੀ ਠੰਡੀ ਹਵਾ ਤਾਂ ਕੁਦਰਤੀ ਚਲਦੀ ਰਹਿੰਦੀ ਹੈ। ਗਰਮ ਹਵਾ ਤੋਂ ਬਚਣ ਲਈ ਠੰਡਾ ਪਾਣੀ, ਪੱਖੇ, ਕੂਲਰ ਅਤੇ ਏ.ਸੀ. ਹਨ ਪਰ ਜਿਹੜੀ ਤੱਤੀ ਹਵਾ ਦੀ ਗੱਲ ਗੁਰੂ ਜੀ ਕਰ ਰਹੇ ਹਨ ਉਹ ਹੈ ਪਦਾਰਥਾਂ ਵਿੱਚ ਖਚਤ ਹੋ ਪ੍ਰਮੇਸ਼ਰ ਨੂੰ ਭੁੱਲਣਾ, ਹਉਮੇ ਹੰਕਾਰ ਅਧੀਨ ਬੁਰੇ ਅਤੇ ਅਗਿਆਨਤਾ ਵੱਸ ਥੋਥੇ ਕਰਮ ਕਰਨੇ।

ਉਨ੍ਹਾਂ ਨੇ ਕਿਹਾ ਕਿ “ਰਾਮਕਾਰ” ਕਾਰ ਉਹ ਲਕੀਰ ਹੈ ਜਿਸ ਨੂੰ ਤਾਂਤ੍ਰਿਕ ਮੰਤ੍ਰ ਪੜ੍ਹ ਕੇ ਤੰਤਰੀ ਜਾਲ ਦੀ ਲਕੀਰ ਕੱਢ ਦਿੰਦੇ ਹਨ। ਜਿਵੇਂ ਮਿਥਿਹਾਸ ਅਨੁਸਾਰ ਜੰਗਲ ਵਿੱਚ ਲਛਮਣ ਨੇ ਸੀਤਾ ਜੀ ਦੁਆਲੇ ਕੱਢੀ ਸੀ ਪਰ ਜਦ ਸੀਤਾ ਰਾਮਕਾਰ ਪਾਰ ਕਰ ਗਈ ਤਾਂ ਰਾਵਣ ਨੇ ਦਬੋਚ ਲਈ। ਗੁਰਮਤਿ ਵਿੱਚ ਗੁਰਬਾਣੀ ਦੀ ਸਿਖਿਆ ਹੀ ਸਿੱਖਾਂ ਲਈ “ਰਾਮਕਾਰ” ਹੈ ਪਰ ਅਜੋਕੇ ਬਹੁਤੇ ਸਿੱਖ ਇਸ ਨੂੰ ਪਾਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਡੇਰੇਦਾਰ ਸਾਧ ਅਤੇ ਪਖੰਡੀ ਪ੍ਰਚਾਰਕਾਂ ਰੂਪ ਰਾਵਣ ਆਏ ਦਿਨ ਦਬੋਚ ਰਹੇ ਹਨ। ਗੁਰੂ ਗ੍ਰੰਥ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼, ਸਿੱਖ ਰਹਿਤ ਮਰਯਾਦਾ ਦੀ ਥਾਂ ਸੰਪ੍ਰਦਾਈ ਡੇਰਿਆਂ ਦੀ ਮਰਯਾਦਾ ਦਾ ਪਾਲਣ, ਜਾਤ ਪਾਤ ਛੁਆ ਛਾਤ ਮੰਨਣ, ਥੋਥੇ ਕਰਮਕਾਂਡ ਕਰਨੇ, ਵਹਿਮਾਂ ਭਰਮਾਂ ਵਿੱਚ ਖਚਤ ਹੋਣਾ, ਗੁਰਦੁਆਰਿਆਂ ਵਿੱਚ ਮੱਸਿਆ ਪੁੰਨਿਆਂ ਪੰਚਕਾਂ ਦੇ ਦਿਨ ਮਨਾਉਣੇ ਅਤੇ ਇਸ ਦੇ ਵੱਡੇ-ਵੱਡੇ ਬੋਰਡ ਲਾਉਣੇ, ਡੇਰੇਦਾਰ ਸਾਧਾਂ ਦੀਆਂ ਬਰਸੀਆਂ ਗੁਰੂ ਘਰਾਂ ਵਿੱਚ ਮਨਾਉਣੀਆਂ, ਗੁਰੂ ਗ੍ਰੰਥ ਜੀ ਦੇ ਲਾਗੇ ਜਾਂ ਆਲੇ ਦੁਆਲੇ ਕੁੰਭ ਨਾਰੀਅਲ, ਧੂਪਾਂ, ਜੋਤਾਂ, ਪੀੜੇ ਨੂੰ ਮੌਲੀਆਂ ਬੰਨਣੀਆਂ, ਇੱਕ ਥਾਂ ਤੇ ਕਈ-ਕਈ ਜੁੜਵੇਂ ਤੋਤਾ ਰਟਨੀ ਪਾਠ ਕਰਨੇ, ਧੜੇਬੰਦੀਆਂ ਬਣਾ ਕੇ ਧਰਮ ਅਸਥਾਨਾਂ ਤੇ ਕਬਜਿਆਂ ਖਾਤਰ ਲੜਨਾ, ਗੁਰਦੁਆਰਿਆਂ ਨੂੰ ਕਮਰਸ਼ੀਅਲ, ਰਾਜਨੀਤਕ ਅਤੇ ਚੋਣਾਂ ਦੇ ਅੱਡੇ ਬਣਾਉਣਾ, ਗੁਰਬਾਣੀ ਦੇ ਪਾਠ, ਕੀਰਤਨ, ਕਥਾ ਅਤੇ ਅਰਾਦਾਸਾਂ ਆਪ ਕਰਨ ਦੀ ਬਜਾਏ ਠੇਕੇ ਤੇ ਕਰਾਉਣੀਆਂ, ਗੁਰਦੁਆਰਿਆਂ ਵਿੱਚ ਭੇਖੀ ਸਾਧਾਂ ਨੂੰ ਸਮਾਂ ਦੇਣਾ ਆਦਿਕ ਸਭ ਤੱਤੀ ਵਾ ਹਨ ਇਨ੍ਹਾਂ ਵਿੱਚ ਖਚਤ ਹੋਣਾ ਹੀ “ਗੁਰਬਾਣੀ ਦੀ ਸਿਖਿਆ ਰੂਪ ਰਾਮਕਾਰ” ਪਾਰ ਕਰਨਾਂ ਹੈ।

ਇਸ ਸਮਾਗਮ ਵਿੱਚ ਵਲੱਖਣ ਇਹ ਗੱਲ ਸੀ ਕਿ ਸੰਧੂ ਪ੍ਰਵਾਰ ਨੇ ਅਰਦਾਸ ਵਿੱਚ ਨਾਵਾਂ ਦੀ ਲਿਸਟ ਨਹੀਂ ਦਿੱਤੀ ਜੋ ਆਮ ਹੀ ਦਿੱਤੀ ਜਾਂਦੀ ਹੈ ਅਤੇ ਭਾਈ ਜੀ ਤੋਂ ਮਰਾਸੀਆਂ ਵਾਲੀ ਕਲਾਣ ਕਰਵਾਈ ਜਾਂਦੀ ਹੈ। ਦਾਸ ਨੇ ਇਸ ਦੀ ਸ਼ਲਾਘਾ ਕਰਦੇ ਹੋਏ ਸੰਗਤ ਨੂੰ ਦੱਸਿਆ ਕਿ ਸਾਨੂੰ ਸਭ ਨੂੰ ਆਪੋ ਆਪਣੇ ਘਰਾਂ ਨੂੰ ਧਰਮਸਾਲ ਸਮਝ ਕੇ ਗੁਰਬਾਣੀ ਦਾ ਪਾਠ ਕੀਰਤਨ ਕਥਾ ਵਿਚਾਰ ਕਰਨਾ ਚਾਹੀਦਾ ਹੈ। ਜੇ ਗੁਰੂ ਨਾਨਕ ਸਾਹਿਬ ਵੇਲੇ- ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥ (ਭਾ.ਗੁ.) ਦਾ ਪ੍ਰਚਾਰ ਹੁੰਦਾ ਸੀ ਤਾਂ ਅੱਜ ਵੀ ਸਾਨੂੰ ਅਜਿਹਾ ਕਰਦੇ ਸੰਗਣਾ ਨਹੀਂ ਚਾਹੀਦਾ। ਕਰਤਾਰ ਆਪਣੀ ਕਲਾ ਆਪ ਹੀ ਵਰਤਾ ਰਿਹਾ ਹੈ ਹੁਣ ਸਾਇੰਸ ਦਾ ਜੁੱਗ ਹੈ ਗੁਰਬਾਣੀ ਹੋਰ ਬੋਲੀਆਂ ਵਿੱਚ ਟ੍ਰਾਂਸਲੇਟ ਹੋ ਕੇ ਇੰਟ੍ਰਨੈੱਟ ਤੇ ਪੈ ਚੁੱਕੀ ਹੈ। ਹੁਣ ਇਸ ਦੇ ਉਪਦੇਸ਼ਾਂ ਨੂੰ ਲੰਬੇ ਸਮੇ ਲਈ ਰੁਮਾਲਿਆਂ ਵਿੱਚ ਲੁਕਾਇਆ ਨਹੀਂ ਜਾ ਸਕਦਾ।

ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬਹੁਤ ਹੀ ਭਾਵਪੂਰਤ ਕੀਰਤਨ ਵਖਿਆਨ ਕਰਕੇ ਸੰਗਤਾਂ ਨੂੰ ਮੰਤਰ-ਮੁਗਦ ਕੀਤਾ। ਜਨਮ ਤੇ ਵਧੀਆ ਵਿਚਾਰ ਦਿੱਤੇ ਕਿ-ਕਬੀਰ ਮਾਨਸ ਜਨਮ ਦਲੰਭ ਹੈ ਹੋਇ ਨਾ ਬਾਰੰਬਾਰ॥ ਸੰਧੂ ਪ੍ਰਵਾਰ ਦੇ ਸੱਦੇ ਤੇ ਜਿੱਥੇ ਬਹੁਤ ਸਾਰੇ ਰਿਸਤੇਦਾਰ ਦੋਸਤ ਮਿਤਰ ਆਏ ਹੋਏ ਸਨ ਓਥੇ ਅਮਰੀਕਾ ਦੇ ਸਿਰਕੱਢ ਸਿੱਖ ਆਗੂਆਂ ਚੋਂ ਸ੍ਰ. ਜਸਵੰਤ ਸਿੰਘ ਹੋਠੀ ਮੁਖੀ ਅਮੈਰਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਮੇਲ ਅਖਬਾਰ ਦੇ ਸੰਚਾਲਕ ਸ੍ਰ. ਗੁਰਜਤਿੰਦਰ ਸਿੰਘ ਰੰਧਾਵਾ, ਸਹਿਤਕ ਵਿਦਵਾਨ ਸ੍ਰ. ਚਰਨਜੀਤ ਸਿੰਘ ਪੰਨੂੰ, ਭਾਈ ਜਸਪਾਲ ਸਿੰਘ, ਪੰਥਕ ਕਵੀ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਆਗੂ ਡਾ. ਗੁਰਮੀਤ ਸਿੰਘ ਜੀ ਬਰਸਾਲ ਵੀ ਪ੍ਰਵਾਰ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਦਾਸ (ਪ੍ਰਵਾਨਾਂ) ਨੇ ਵੀ ਫੋਨ ਕਰਕੇ ਪ੍ਰੋਗ੍ਰਾਮ ਦੀ ਸਫਲਤਾ ਦੀ ਵਧਾਈ ਦਿੱਤੀ। ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਸਤਸੰਗੀਆ ਨੇ ਆਪਣੇ ਘਰਾਂ ਵਿੱਚ ਵੀ ਅਜਿਹੇ ਗੁਰਮੱਤੀ ਪ੍ਰੋਗ੍ਰਾਮ ਕਰਾਉਣ ਲਈ ਕਿਹਾ।

ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤ ਦੇ ਤਿੱਖੇ ਤੀਰ” ਵੀ ਸੰਗਤਾਂ ਨੇ ਉਤਸ਼ਾਹ ਨਾਲ ਪ੍ਰਾਪਤ ਕੀਤੀ। ਕਥਾ ਕਰਦੇ ਭਾਈ ਮਿਸ਼ਨਰੀ ਨੇ ਕਿਹਾ ਕਿ ਜੋ ਵੀ ਮਾਈ ਭਾਈ ਗੁਰਮਤ ਪ੍ਰਚਾਰ ਨੂੰ ਮੁੱਖ ਰੱਖ ਕੇ ਅਜਿਹੇ ਪ੍ਰੋਗ੍ਰਾਮ ਕਰਵਾਉਣੇ ਚਾਹੁਣ, ਉਹ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.ਦੇ ਸੇਵਕਾਂ ਨਾਲ 5104325827, 4082097072 ਨੰਬਰਾਂ ਤੇ ਫੋਨ ਜਾਂ ਈਮੇਲ singhstudent@yahoo.com 'ਤੇ ਸੰਪ੍ਰਕ ਕਰ ਸਕਦੇ ਹਨ। ਅੰਤ ਵਿੱਚ ਡਾ. ਗੁਰਦੀਪ ਸਿੰਘ ਸੰਧੂ ਨੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਪ੍ਰਚਾਰਕਾਂ, ਰਾਗੀ ਸਿੰਘਾਂ, ਰਿਸ਼ਤੇਦਾਰਾਂ ਅਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।