ਸਿੰਗਾਪੁਰ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਗੁਰਮਤਿ ਪ੍ਰਚਾਰ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐਸ ਏ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਿੰਗਾਪੁਰ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਗੁਰਮਤਿ ਪ੍ਰਚਾਰ ਕੀਤਾ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਵੱਲੋਂ ਸਿੰਘਾਪੁਰ ਵਿਖੇ ਕਥਾ-ਕੀਰਤਨ ਅਤੇ ਸੈਮੀਨਾਰਾਂ ਰਾਹੀਂ ਗੁਰਮਤਿ ਪ੍ਰਚਾਰ
ਪ੍ਰੋ.ਜਸਵੰਤ ਸਿੰਘ ਸਿੰਘਾਪੁਰ ਅਤੇ ਸਿੱਖ ਸੈਂਟਰ ਸਿੰਘਾਪੁਰ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ 11 ਨਵੰਬਰ 2011 ਤੋਂ ਕਥਾ-ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀਆਂ ਕਲਾਸਾਂ ਅਤੇ ਸੈਮੀਨਾਰ ਚੱਲ ਰਹੇ ਹਨ। ਜਿਨ੍ਹਾਂ ਵਿੱਚ 11-12-2011 ਸ਼ਨੀਵਾਰ ਨੂੰ ਸਿੱਖ ਸੈਂਟਰ ਸਿੰਘਾਪੁਰ ਵਿਖੇ ਕਾਨਫਰੰਸ ਹਾਲ ਵਿਖੇ ਦੁਪਹਿਰੇ 2:30 ਤੋਂ 3:30 ਤੱਕ "ਕਿਵ ਸਚਿਆਰਾ ਹੋਵੀਐ" ਵਿਸ਼ੇ ਤੇ ਸੈਮੀਨਾਰ ਵਿੱਚ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕੀਰਤਨ ਕਰਦੇ ਡੈਲੀਗੇਟਾਂ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਸਿੱਖ ਨੇ ਗੁਰਬਾਣੀ ਦਾ ਉਪਦੇਸ਼ ਰੂਪੀ ਅੰਮ੍ਰਿਤ ਛੱਕ, ਹੁਕਮ ਰਜ਼ਾਈ ਚੱਲ ਅਤੇ ਵਿਕਾਰਾਂ ਦਾ ਤਿਆਗ ਕਰਕੇ ਸਚਿਆਰੇ ਹੋਣਾ ਹੈ। ਅਖੌਤੀ ਕਰਮਕਾਂਡ ਛੱਡਣੇ ਹਨ ਜੋ ਸੱਚ ਦੇ ਪਾਂਧੀ ਨਹੀਂ ਬਣਨ ਦਿੰਦੇ। ਇਸ ਤੋਂ ਬਾਅਦ ਭਾਈ ਅਵਤਾਰ ਸਿੰਘ ਨੇ ਆਏ ਜਗਿਆਸੂਆਂ ਨੁੰ, ਬੀਬੀ ਹਰਸਿਮਰਤ ਕੌਰ ਖਾਲਸਾ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਖਾਲਸਾ ਜਿਸ ਦਾ ਪਹਿਲਾ ਨਾਂ ਨੈਨਸੀ ਤੋਬਸਮੈਨ ਸੀ ਕਿਵੇਂ ਪੰਜਾਂ ਮਹੀਨਿਆਂ ਵਿੱਚ ਪੰਜਾਬੀ ਸਿੱਖ ਕੇ ਗੁਰਬਾਣੀ ਪੜ੍ਹਨੀ ਸਿੱਖੀ ਤੇ ਹੁਣ ਪੰਜਾਬੀਆਂ ਨੂੰ ਸਿੱਖਣ ਲਈ ਪ੍ਰੇਰ ਰਹੀ ਹੈ। ਭਾਈ ਅਵਤਾਰ ਸਿੰਘ ਜੀ ਨੇ ਕਿਵ ਸਚਿਆਰਾ ਤੇ ਬੋਲਦਿਆਂ ਦਰਸਾਇਆ ਕਿ ਪਹਿਲੇ ਸਚਿਆਰ ਬਣਨ ਭਾਵ ਰੱਬ ਨੂੰ ਪਾਉਣ ਲਈ ਵੱਖ-ਵੱਖ ਧਰਮ ਆਗੂਆਂ ਨੇ ਵੱਖ-ਵੱਖ ਰਾਹ ਦੱਸੇ ਜੋ ਬਾਅਦ ਵਿੱਚ ਕਰਮਕਾਂਡ ਬਣ ਗਏ ਜਿਵੇਂ ਸੁੱਚ-ਭਿੱਟ ਰੱਖਣਾ, ਭੁੱਖੇ ਰਹਿ ਤਿਆਗੀ ਬਣਨਾ, ਹਜ਼ਾਰਾਂ ਮਨ ਘੜਤ ਉਕਤੀਆਂ ਯੁਕਤੀਆਂ ਵਰਤਨੀਆਂ ਭਾਵ ਸੱਚੇ ਮਾਰਗ ਨੂੰ ਛੱਡ ਕੇ ਥੋਥੇ ਕਰਮਕਾਂਡਾਂ ਦੇ ਚੱਕਰ ਵਿੱਚ ਪੈ ਰਹਿਣਾ। ਭਾਈ ਸਾਹਿਬ ਨੇ ਹੋਰ ਕਿਹਾ ਕਿ ਅਜੋਕਾ ਡੇਰਾ ਵਾਦ ਵੀ ਸਿੱਖ ਦੇ ਸਚਿਆਰ ਬਣਨ ਦੇ ਰਸਤੇ ਦਾ ਰੋੜਾ ਹੈ। ਜੋ ਸ਼ਬਦ ਗਾਇਨ ਕੀਤੇ ਜਾਂ ਵਿਚਾਰੇ ਜਾਂਦੇ ਉਨ੍ਹਾਂ ਨੂੰ ਸਕਰੀਨ ਤੇ ਵੀ ਨਾਲੋਂ ਨਾਲ ਦਿਖਾਇਆ ਜਾਂਦਾ। ਜਗਿਆਸੂਆਂ ਦੇ ਸ਼ੰਕਿਆਂ ਦੇ ਉੱਤਰ ਵੀ ਦਿੱਤੇ ਗਏ। ਸਿੱਖ ਤੋਂ ਇਲਾਵਾ ਚਾਈਨਾ ਮੂਲ ਦੇ ਸਰਧਾਲੂ ਵੀ ਹਾਜਰੀ ਭਰਦੇ ਰਹੇ।
11-13-2011 ਦਿਨ ਐਤਵਾਰ ਨੂੰ "ਨਾਮ-ਸਿਮਰਨ" ਦੇ ਵਿਸ਼ੇ ਤੇ ਬਣੇ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਕਤੌਂਗ ਸਿੰਗਾਪੁਰ ਵਿਖੇ ਕਥਾ ਵਖਿਆਨ ਕੀਰਤਨ ਕੀਤਾ ਗਿਆ, ਪਹਿਲੇ ਭਾਈ ਅਵਤਾਰ ਸਿੰਘ ਨੇ ਨਾਮ ਸਿਮਰਨ ਦੀ ਸੰਖੇਪ ਵਿਆਖਿਆ ਕਰਕੇ ਸੰਗਤ ਨੂੰ ਦੱਸਿਆ ਕਿ ਸੰਸਾਰ ਦੇ ਕੰਮ ਧੰਦੇ ਕਰਦੇ ਹੋਏ ਸੱਚੇ ਦਿਲੋਂ ਪਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਵਸਾਈ ਰੱਖਣਾ ਹੀ ਸਿਮਰਨ ਹੈ। ਸਾਨੂੰ ਦੱਸੀਆਂ ਜਾ ਰਹੀਆਂ ਕਰਮ-ਕਾਂਡੀ ਵਿਧੀਆਂ ਜਿਵੇਂ ਅੱਖਾਂ ਮੀਟਣਾ, ਗਿਣਤੀ ਦੀ ਮਾਲਾ ਫੇਰਨੀ, ਕਿਸੇ ਇੱਕ ਸ਼ਬਦ ਦਾ ਤੋਤਾ ਰਟਨ ਕਰਨਾ ਸਿਮਰਨ ਨਹੀਂ ਜਿਨ੍ਹਾਂ ਚਿਰ ਅਸੀਂ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ-ਗਾਏਂ ਸੁਣੇ ਆਂਖੇ ਮੀਚੈਂ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥ (ਭਾ.ਗੁ.) ਭਾਈ ਸਾਹਿਬ ਨੇ ਇਹ ਵੀ ਦੱਸਿਆ ਕਿ ਸਿਮਰਨ ਦੀ ਵਿਧੀ ਗੁਰਬਾਣੀ ਅਨੁਸਾਰ ਬੜੀ ਸੁਖਾਲੀ ਹੈ ਜਿਵੇਂ ਆਨੀਲੇ ਕਾਗਦੁ ਕਾਟੀਲੇ ਗੂਡੀ ਅਕਾਸ਼ ਮਧੇ ਭਰਮੀਅਲੇ..॥(972) ਵਾਲੇ ਸ਼ਬਦ ਵਿੱਚ ਦਰਸਾਈ ਹੈ ਕਿ ਜਿਵੇਂ ਬੱਚਾ ਪਤੰਗ ਉਡਾਉਂਦੇ ਸਮੇ ਸਾਥੀਆਂ ਨਾਲ ਗੱਲਾਂ ਕਰਦਾ ਹੋਇਆ ਆਪਣਾ ਧਿਆਨ ਡੋਰ ਵੱਲ ਰੱਖਦਾ ਹੈ ਕਿ ਕਿਤੇ ਦੂਸਰਾ ਉਸ ਦੀ ਡੋਰ ਨਾਂ ਕੱਟ ਦੇਵੇ, ਸੁਨਿਆਰਾ ਸੋਨਾ ਘੜਦਾ, ਗਾਹਕਾਂ ਨਾਲ ਗੱਲਾਂ ਕਰਦਾ, ਸਾਰਾ ਧਿਆਨ ਘਾੜਤ ਵੱਲ ਰੱਖਦਾ ਹੈ,ਪਾਣੀ ਦੇ ਘੜੇ ਸਿਰਾਂ ਤੇ ਚੁੱਕੀ ਆਉਂਦੀਆਂ ਕੁੜੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਧਿਆਨ ਘੜਿਆਂ ਵੱਲ ਰੱਖਦੀਆਂ ਹਨ, ਪੰਜ ਕੋਹ ਦੂਰ ਘਾਹ ਚਰਦੀ ਗਾਂ ਆਪਣਾ ਧਿਆਨ ਵੱਛੇ ਵੱਲ ਰੱਖਦੀ ਹੈ ਅਤੇ ਮਾਂ ਗੋਦੀ ਵਾਲੇ ਬੱਚੇ ਨੂੰ ਪੰਘੂੜੇ ਪਾ ਕੇ ਘਰ ਦੇ ਕੰਮ ਕਾਰ ਕਰਦੀ ਹੋਈ ਆਪਣਾ ਚਿੱਤ ਬੱਚੇ ਵੱਲ ਰੱਖਦੀ ਹੈ ਇਵੇਂ ਹੀ ਸਿੱਖ ਨੇ ਦੁਨੀਆਦਾਰੀ ਦੇ ਕਾਰ ਵਿਹਾਰ ਕਰਦੇ ਰੱਬ ਨੂੰ ਸਦਾ ਯਾਦ ਰੱਖਣਾ ਹੈ।
ਫਿਰ 10:30 ਤੋਂ 11 ਵਜੇ ਤੱਕ ਗੁਰਦੁਆਰਾ ਯੀਸੁਨ ਵਿਖੇ ਵੀ "ਨਾਮ-ਸਿਮਰਨ" ਤੇ ਹੀ ਕੀਰਤਨ ਵਖਿਆਨ ਕੀਤਾ ਗਿਆ। ਫਿਰ ਦੁਪਹਿਰੇ 2:30 ਤੋਂ 3:30 ਸਿੱਖ ਸੈਂਟਰ ਦੀ ਸਤਵੀਂ ਮੰਜ਼ਲ ਤੇ ਬਣੇ ਕਾਨਫਰੰਸ ਹਾਲ ਵਿੱਚ ਜਨਮ ਮਰਨ ਅਤੇ ਪੁਨਰ ਜਨਮ ਬਾਰੇ ਸੈਮੀਨਾਰ ਕੀਤਾ ਗਿਆ, ਇਸ ਸਮੇਂ ਕਾਨਫਰੰਸ ਹਾਲ ਭਰ ਗਿਆ, ਚੀਨੇ ਵੀ ਆਏ। ਪ੍ਰੋ. ਜਸਵੰਤ ਸਿੰਘ ਸਿੰਗਾਪੁਰ ਨੇ ਸਟੇਜ ਦੀ ਸੇਵਾ ਨਿਭਾਈ। ਪਹਿਲੇ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਦਾ ਹਵਾਲਾ ਦਿੰਦੇ ਦਰਸਾਇਆ ਕਿ ਜਿਵੇਂ ਇੱਕ ਰੁੱਖ ਨੂੰ ਫੁੱਲ ਅਤੇ ਫਲ ਲਗਦੇ ਹਨ ਪਰ ਕੋਈ ਹਨੇਰੀ ਜਾਂ ਬਿਮਾਰੀ ਕਰਕੇ ਕੱਚੇ, ਕੋਈ ਡੱਡਰੇ ਅਤੇ ਕੋਈ ਪੱਕ ਕੇ ਡਾਹਣਾਂ ਨਾਲੋਂ ਟੁੱਟ ਜਾਂਦੇ ਹਨ ਫਿਰ ਦੁਬਾਰਾ ਉਨ੍ਹਾਂ ਨੂੰ ਡਾਹਣਾਂ ਨਾਲ ਨਹੀਂ ਜੋੜਿਆ ਜਾ ਸਕਦਾ ਇਵੇਂ ਹੀ ਸੰਸਾਰ ਰੂਪੀ ਰੁੱਖ ਨੂੰ ਅਸੀਂ ਜੀਵਾਂ ਰੂਪੀ ਫਲ ਲੱਗੇ ਹੋਏ ਹਾਂ। ਕੋਈ ਬਚਪਨ, ਕੋਈ ਜਵਾਨੀ ਅਤੇ ਕੋਈ ਬੁਢੇਪੇ ਵਿੱਚ ਇਸ ਸੰਸਾਰ ਰੁੱਖ ਨਾਲੋਂ ਟੁੱਟ ਜਾਂਦਾ ਹੈ ਦੁਬਾਰਾ ਨਹੀਂ ਜੁੜਦਾ ਫੁਰਮਾਨ ਹੈ-ਕਬੀਰ ਮਾਨਸ ਜਨਮੁ ਦਲੰਭੁ ਹੈ ਹੋਇ ਨਾ ਬਾਰੈ ਬਾਰ॥ ਜਿਉਂ ਬਨ ਫਲ ਲਾਗੇ ਭੁਇਂ ਗਿਰਹਿ ਬਹੁਰ ਨਾ ਲਾਗਹਿ ਡਾਰਿ॥(1366) ਫਿਰ ਹਰਸਿਮਰਤ ਕੌਰ ਨੇ ਇਸੇ ਸ਼ਬਦ ਦਾ ਕੀਰਤਨ ਕਰਦੇ ਹੋਏ ਬੜੇ ਵਿਸਥਾਰ ਨਾਲ ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਕੋਟ ਕਰਕੇ ਦਰਸਾਇਆ ਕਿ ਸਾਡਾ ਪਿਛਲਾ ਜਨਮ ਸਾਡੇ ਵੱਡੇ ਵਡੇਰੇ ਤੇ ਮਾਂ ਬਾਪ ਹਨ ਅਤੇ ਅਗਲਾ ਜਨਮ ਸਾਡੇ ਬੱਚੇ ਹਨ। ਸਾਡੇ ਸਰੀਰ ਦੇ ਜੀਨਸ ਅੱਗੇ ਪੀੜੀ ਦਰ ਪੀੜੀ ਚਲਦੇ ਰਹਿੰਦੇ ਹਨ ਮਰਦੇ ਨਹੀਂ। ਜਿਨ੍ਹਾਂ ਚਿਰ ਪ੍ਰਮਾਤਮਾਂ ਦੀ ਜੋਤ ਸਾਡੇ ਸਰੀਰ ਵਿੱਚ ਹੈ ਅਸੀਂ ਜਿੰਦਾ ਹਾਂ ਜਦੋਂ ਵੱਖ ਹੋ ਜਾਂਦੀ ਹੈ ਸਾਡੇ ਸਰੀਰ ਤੇ ਤੱਤ ਆਪੋ ਆਪਣੇ ਤੱਤਾਂ ਨਾਲ ਮਿਲ ਜਾਂਦੇ ਹਨ ਜਿਵੇ-ਪਵਣੈ ਮਹਿ ਪਵਣ ਸਮਾਇਆ॥ਜੋਤੀ ਮਹਿ ਜੋਤਿ ਰਲ ਜਾਇਆ ਮਾਟੀ ਮਾਟੀ ਹੋਈ ਏਕ...॥(885) ਸਾਨੂੰ ਅਗਲੇ ਜਨਮ ਦੀਆਂ ਆਸਾਂ ਲਾ ਕੇ ਇਹ ਅਮੋਲਕ ਜਨਮ ਅਜਾਈਂ ਨਹੀਂ ਗਵਾਉਣਾ ਚਾਹੀਦਾ। ਨਰਕਾਂ ਦਾ ਡਰ ਅਤੇ ਸਵਰਗਾਂ ਦੇ ਸੁਖ ਦੇਣ ਦੇ ਲਾਰੇ ਲੌਣ ਵਾਲੇ ਪੰਡਤ, ਜੋਤਸ਼ੀ ਅਤੇ ਅਜੋਕੇ ਸਾਧ-ਸੰਤ ਲੋਕਾਈ ਨੂੰ ਲੁੱਟ ਰਹੇ ਹਨ। ਕਰਤੇ ਦੀ ਰਚਨਾ ਦਾ ਆਦਿ ਅੰਤ ਤਾਂ ਕਰਤਾ ਹੀ ਜਾਣਦਾ ਹੈ-ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ॥(275) ਇਵੇਂ ਬਹੁਤੇ ਸਰੋਤਿਆਂ ਦੇ ਚਿਰਾਂ ਤੋਂ ਮਨ ਵਿੱਚ ਬੈਠਾਏ ਗਏ ਸ਼ੰਕਿਆਂ ਦਾ ਨਿਵਾਰਨ ਹੋਇਆ। ਇਸ ਸੈਮੀਨਾਰ ਵਿੱਚ ਧਾਰਮਿਕ ਟੀਚਰ, ਗੁਰਦੁਆਰੇ ਦੇ ਪ੍ਰਬੰਧਕ ਅਤੇ ਕੁਝ ਸਟਾਫ਼ ਵੀ ਸ਼ਾਮਲ ਹੋਇਆ। ਵਿਸ਼ੇਸ਼ ਕਰਕੇ ਸਿੱਖ ਸੈਂਟਰ ਸਿੰਘਾ ਪੁਰ ਦੇ ਚੇਅਰਮੈਨ ਸ੍ਰ. ਕ੍ਰਿਪਾਲ ਸਿੰਘ ਮੱਲ੍ਹੀ ਨੇ ਵੀ ਹਾਜ਼ਰੀ ਭਰੀ। 11-16-11 ਨੂੰ ਬੁਧੱਵਾਰ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਗੁਰਦੁਆਰਾ ਸਿੱਖ ਸੈਂਟਰ ਵਿਖੇ ਭਰੇ ਦਿਵਾਨ ਵਿੱਚ "ਦੁੱਖ ਭੰਜਨ" ਵਿਸ਼ੇ ਤੇ ਪਹਿਲੇ ਭਾਈ ਅਵਤਾਰ ਸਿੰਘ ਖਾਲਸਾ ਨੇ ਕਥਾ ਕਰਦੇ ਦਰਸਾਇਆ ਕਿ ਦੁਨੀਆਵੀ ਅਤੇ ਆਤਮਿਕ ਦੋ ਤਰਾਂ ਦੇ ਦੁੱਖ ਹਨ, ਦੁਨੀਆਵੀ ਦੁੱਖ ਰੋਗ ਦੀ ਨਵਿਰਤੀ ਲਈ ਵੈਦ ਡਾਕਟਰ ਹਨ ਜਦ ਕਿ ਅੰਦਰੂਨੀ ਦੁੱਖਾਂ ਦੀ ਨਵਿਰਤੀ ਗੁਰੂ ਵੈਦ ਹੀ ਕਰ ਸਕਦਾ ਹੈ। ਹਰਸਿਮਰਤ ਕੌਰ ਨੇ ਵੀ "ਦੁੱਖ ਭੰਜਨ" ਸ਼ਬਦ ਦਾ ਕੀਰਤਨ ਕਰਦੇ ਕਿਹਾ ਕਿ ਸਾਰੀ ਗੁਰਬਾਣੀ ਹੀ ਦੁੱਖ ਭੰਜਨੀ ਹੈ ਸਾਨੂੰ ਦੁੱਖਾਂ ਦੀ ਨਵਿਰਤੀ ਲਈ ਭੇਖੀ ਸਾਧਾਂ ਕੋਲ ਨਹੀਂ ਜਾਣਾ ਚਾਹੀਦਾ, ਦੇਖੋ ਮੇਰੇ ਅੰਦਰੂਨੀ ਦੁੱਖ ਗੁਰਬਾਣੀ ਧਾਰਨ ਕਰਕੇ ਦੂਰ ਹੋ ਗਏ ਹਨ। ਮਾਲਕ ਨੂੰ ਭੁੱਲਣ ਤੇ ਹੀ ਦੁੱਖ ਰੋਗ ਲਗਦੇ ਹਨ-ਪ੍ਰਮੇਸ਼ਰ ਤੇ ਭੁਲਿਆਂ ਵਿਆਪਨ ਸਭੈ ਰੋਗ॥ ਵੀਰਵਾਰ ਨੂੰ "ਲੱਖ ਖੁਸ਼ੀਆਂ" ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਹਰਸਿਮਰਤ ਨੇ ਦੁਨੀਆਵੀ ਅਤੇ ਰੂਹਾਨੀ ਖੁਸ਼ੀਆਂ ਤੇ ਇੰਗਲਿਸ਼ ਵਿੱਚ ਚਾਨਣਾ ਪਾਇਆ। ਸੰਗਤਾਂ ਪ੍ਰਭਾਵਤ ਹੋ ਕੇ ਅੱਗੇ ਹੋਰ ਪ੍ਰੋਗਰਾਮ ਬੁੱਕ ਕਰਵਾ ਰਹੀਆਂ ਹਨ ਜਿਨ੍ਹਾਂ ਦਾ ਵੇਰਵਾ ਬਾਅਦ ਵਿੱਚ ਦਿੱਤਾ ਜਾਵੇਗਾ। ਸੰਗਤਾਂ ਵਿੱਚ ਗੁਰਬਾਣੀ ਸਿੱਖਣ ਦੀ ਜਗਿਆਸਾ ਪੈਦਾ ਹੋ ਰਹੀ ਹੈ। ਸਿੱਖ ਸੈਂਟਰ ਸਿੰਘਾਪੁਰ ਵਿਖੇ ਦੋ ਸਾਲਾ ਸਿੱਖ ਮਿਸ਼ਨਰੀ ਕੋਰਸ ਅਤੇ ਹੋਰ ਕਈ ਗੁਰਮਤਿ ਕੋਰਸ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਸੰਗਤਾਂ ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਵਿਆਕਰਣ ਦੀਆਂ ਕਲਾਸਾਂ ਵੀ ਬੜੇ ਉਤਸ਼ਾਹ ਨਾਲ ਲੈਂਦੀਆਂ ਹਨ। ਪ੍ਰੋæ ਜਸਵੰਤ ਸਿੰਘ ਸਿੰਘਾਪੁਰ ਗੁਰਮਤਿ ਅਤੇ ਗੁਰਬਾਣੀ ਸਿਖਲਾਈ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ। ਸਿੱਖ ਸੈਂਟਰ ਸਿੰਘਾਪੁਰ ਦੇ ਸੁਯੋਗ ਪ੍ਰਬੰਧਕਾਂ ਦਾ ਇਹ ਉਪਰਾਲਾ-ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥(1329) ਵਾਲਾ ਹੈ।
ਭਾਈ ਅਵਤਾਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ