ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, February 14, 2012

ਬੀਬੀ ਰਾਜਵਿੰਦਰ ਕੌਰ ਛਿਹਰਟਾ ਦੀ ਗੁਰਸਿੱਖੀ ਪ੍ਰੇਮ ਦੀ ਖਿੱਚ



ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਅਤੇ ਲਿਖਾਰੀ-ਪ੍ਰਚਾਰਕ ਭੈਣ ਬੀਬੀ ਰਾਜਵਿੰਦਰ ਕੌਰ ਛਿਹਰਟਾ ਦੀ ਗੁਰਸਿੱਖੀ ਪ੍ਰੇਮ ਦੀ ਖਿੱਚ ਛਿਹਰਟਾ ਲੈ ਗਈ
ਅਸੀਂ ਪੰਜਾਬ ਜਲੰਧਰ ਪਹੁੰਚੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਗਏ। ਦਰਸ਼ਨੀ ਡਿਉੜੀ ਰਾਹੀ ਦਾਖਲ ਹੋ ਕੇ ਨਤ ਮਸਤਕ ਹੋਏ। ਦਰਬਾਰ ਸਾਹਿਬ ਕਾਫੀ ਰੌਣਕ ਸੀ। ਲੋਕ ਸਰੋਵਰ ਵਿੱਚ ਇਸ਼ਨਾਨ ਕਰ ਅਤੇ ਥਾਂ ਥਾਂ ਤੇ ਰੱਖੇ ਪਾਠਾਂ ਅਤੇ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ। ਹਰਸਿਮਰਤ ਕੌਰ ਖਾਲਸਾ ਹੈਰਾਨ ਹੋ ਕੇ ਪੁੱਛ ਰਹੀ ਸੀ ਸਿੱਖਾਂ ਦੇ ਕੇਂਦਰੀ ਅਸਥਾਨ ਤੇ ਇਹ ਕੀ ਹੋ ਰਿਹਾ ਹੈ? ਕੀ ਸਿੱਖਾਂ ਦਾ ਗੁਰੂ ਬੇਰੀਆਂ ਹਨ ਜਾਂ ਗੁਰੂ ਗ੍ਰੰਥ ਸਾਹਿਬ? ਲੋਕਾਂ ਦਾ ਧਿਆਨ ਖਿਚਣ ਲਈ ਹਰਸਿਮਰਤ ਨੇ ਗਤਕੇ ਕਾ ਪੈਂਤੜਾ ਲਿਆ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੀਬੀ ਜੀ ਨੇ ਟੁੱਟੀ ਫੁੱਟੀ ਪੰਜਾਬੀ ਅਤੇ ਅੰਗ੍ਰੇਜੀ ਵਿੱਚ ਮਿਕਸ ਬੋਲਦਿਆਂ ਸ਼ਬਦ ਗੁਰੂ ਦੀ ਮਹਾਨਤਾ ਸਮਝਾਈ। ਲੋਕ ਹੈਰਾਨ ਹੋ ਰਹੇ ਸਨ ਕਿ ਇੱਕ ਗੋਰੀ ਨੂੰ ਗੁਰਬਾਣੀ ਦਾ ਕਿਨ੍ਹਾਂ ਗਿਆਨ ਹੈ। ਹਰਸਿਮਰਤ ਕਹਿ ਰਹੀ ਸੀ ਕਿ ਤੁਹਾਡੇ ਧਰਮ ਆਗੂਆਂ ਨੇ ਤੁਹਾਨੂੰ ਇਹ ਵੀ ਸਿਖਿਆ ਨਹੀਂ ਦਿੱਤੀ ਕਿ ਗੁਰਦੁਆਰਾ ਸਾਹਿਬ ਜਾ ਕੇ ਕਿਸ ਨੂੰ ਮੱਥਾ ਟੇਕਣਾ ਹੈ। ਕਈ ਕਹਿੰਦੇ ਸਾਡੇ ਸੰਤਾਂ ਨੇ ਸਾਨੂੰ ਇਹ ਸਿਖਿਆ ਦਿੱਤੀ ਹੈ ਕਿ ਐਨੀ ਵਾਰ ਸਰੋਵਰ ਵਿੱਚ ਇਸ਼ਨਾਨ ਕਰੋ, ਐਨੀਆਂ ਪ੍ਰਕਰਮਾਂ ਕਰੋ ਅਤੇ ਗੁਰੂ ਕੀਆਂ ਬੇਰੀਆਂ ਅਤੇ ਥੱੜਿਆਂ ਨੂੰ ਮੱਥਾ ਟੇਕੋ ਤੁਹਾਨੂੰ ਦੁੱਧਾਂ-ਪੁੱਤਾਂ ਦੀਆਂ ਦਾਤਾਂ ਮਿਲਣਗੀਆਂ ਅਤੇ ਦੁੱਖ ਦੂਰ ਹੋਣਗੇ। ਦਾਸ ਨੇ ਵੀ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਜੇ ਇੱਕ ਗੋਰੀ ਗੁਰਬਾਣੀ ਸਿੱਖ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ? ਛੱਡੋ ਪਾਖੰਡੀ ਸਾਧਾਂ ਦੇ ਪਾਏ ਹੋਏ ਭਰਮ, ਗੁਰੂ ਦਰਬਾਰ ਵਿੱਚ ਤਾਂ ਵਹਿਮ ਭਰਮ ਕੱਟੇ ਜਾਂਦੇ ਹਨ।
ਹਰਸਿਮਰਤ ਕੌਰ ਗੁਰਬਾਣੀ ਪਾਠ ਕਰਨਾ ਚਾਹੁੰਦੀ ਸੀ ਪਰ ਦਰਬਾਰ ਸਾਹਿਬ ਵਿਖੇ ਸਾਧ ਲਾਣੇ ਦਾ ਪ੍ਰਭਾਵ ਹੋਣ ਕਰਕੇ ਬੀਬੀਆਂ ਨੂੰ ਪਾਠ, ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਜਦ ਅਸੀਂ ਪ੍ਰਕਰਮਾਂ ਕਰਦੇ ਬਾਬਾ ਦੀਪ ਸਿੰਘ ਸ਼ਹੀਦ ਦੇ ਅਸਥਾਂਨ ਕੋਲ ਪਹੁੰਚੇ ਤੇ ਉੱਪਰ ਗਏ ਜਿੱਥੇ ਲੜੀਵਾਰ ਬੀੜ ਤੇ ਅਖੰਡ ਪਾਠ ਹੋ ਰਿਹਾ ਸੀ, ਹਰਸਿਮਰਤ ਕੌਰ ਖਾਲਸਾ ਨੇ ਪਾਠੀ ਤੋਂ ਪਾਠ ਦੀ ਤੁੱਕ ਪਕੜੀ ਤੇ ਕੁੱਝ ਸਮਾਂ ਸ਼ਰਧਾ ਨਾਲ ਉੱਚੀ ਬੋਲ ਕੇ ਪਾਠ ਕੀਤਾ। ਫਿਰ ਅਸੀਂ ਦਰਸ਼ਨ ਦਿਦਾਰੇ ਕਰਕੇ ਲੰਗਰ ਛੱਕਿਆ ਅਤੇ ਸ੍ਰੋਮਣੀ ਕਮੇਟੀ ਦੇ ਸੂਚਨਾ ਦਫਤਰ ਵਿਖੇ ਪਹੁੰਚ ਗਏ। ਸੂਚਨਾ ਅਧਿਕਾਰੀ ਬਜੁਰਗ ਜੋ ਅੱਛੀ ਅੰਗ੍ਰੇਜੀ ਬੋਲਦਾ ਸੀ ਨਾਲ ਅਮਰੀਕਨ ਬੀਬੀ ਨੇ ਕੁੱਝ ਗੁਫਤਗੂ ਕੀਤੀ ਪਰ ਉਹ ਵੀ ਦਰਬਾਰ ਸਾਹਿਬ ਅਤੇ ਸਿੱਖੀ ਦੀ ਮਹਾਨਤਾ ਦਰਸਾਉਣ ਦੀ ਥਾਂ ਕਰਾਮਾਤੀ ਕ੍ਰਿਸ਼ਮੇ ਹੀ ਦੱਸੀ ਗਿਆ ਕਿ ਅੰਨ੍ਹਿਆਂ ਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕੇਵਲ ਸ਼ਰਧਾ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ ਹੀ ਅੱਖਾਂ ਠੀਕ ਹੋ ਜਾਂਦੀਆਂ ਹਨ। ਗੁਰੂ ਸਾਹਿਬਾਨਾਂ ਨੇ ਤਾਂ ਰੋਗੀਆਂ ਦੀ ਸਹੂਲਤ ਲਈ ਦਵਾਖਾਨੇ ਖੋਲ੍ਹ ਕੇ ਅੱਛੇ ਅੱਛੇ ਵੈਦ ਰੱਖੇ ਸਨ। ਓਧਰੋਂ ਭੈਣ ਰਾਜਵਿੰਦਰ ਕੌਰ ਛੇਹਰਟਾ ਦੇ ਫੋਨ ਆਈ ਜਾ ਰਹੇ ਸਨ ਵਿਚਾਰੀ ਛੇ ਸੱਤ ਸਾਲਾਂ ਤੋਂ ਉਡੀਕ ਰਹੀ ਸੀ। ਆਖਰ ਉਨ੍ਹਾਂ ਦੀਆਂ ਗੱਲਾਂ ਤੋਂ ਬੋਰ ਹੋ ਕੇ ਅਸੀਂ ਛਿਹਰਟੇ ਨੂੰ ਚੱਲ ਪਏ। ਭੈਣ ਜੀ ਦਾ ਪ੍ਰਵਾਰ ਸਾਨੂੰ ਬੜੇ ਪਿਆਰ ਨਾਲ ਅੱਡੇ ਤੋਂ ਘਰ ਲੈ ਕੇ ਗਿਆ। ਅਸੀਂ ਇੰਟ੍ਰਨੈੱਟ ਅਤੇ ਅਖਬਾਰਾਂ ਦੇ ਜਰੀਏ ਮਿਲਦੇ ਵਿਚਾਰਾਂ ਸਦਕਾ ਭੈਣ ਭਰਾ ਬਣੇ ਸਾਂ। ਫੋਨ ਤੇ ਤਾਂ ਗੁਰਮਤਿ ਵਿਚਾਰਾਂ ਕਰਦੇ ਰਹਿੰਦੇ ਸੀ। ਜਦ ਪਹਿਲੀ ਵਾਰ ਮਿਲੇ ਤਾਂ ਅੱਖਾਂ ਨਮ ਹੋ ਗਈਆਂ ਭੈਣ ਪ੍ਰਦੇਸੀ ਵੀਰ ਨੂੰ ਮਿਲ ਕੇ ਖੁਸ਼ੀ ਵਿੱਚ ਖੀਵੀ ਹੋ ਰਹੀ ਸੀ।
ਫਿਰ ਅਸੀਂ ਚਾਹ ਪਾਣੀ ਛੱਕਣ ਉਪ੍ਰੰਤ ਸਥਾਨਕ ਗੁਰਦੁਆਰੇ ਸੰਗਤ ਦੇ ਦਰਸ਼ਨ ਕਰਕੇ ਛਿਹਰਟਾ ਸਾਹਿਬ ਜੋ ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਂਨ ਹੈ ਨੂੰ ਰਵਾਨਾਂ ਹੋ ਗਏ, ਜਿੱਥੇ ਪਾਣੀ ਦੀ ਥੋੜ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਇੱਕ ਵੱਡਾ ਛੇ ਹਰਟਾਂ ਵਾਲਾ ਖੁਹ ਲਵਾਇਆ ਅਤੇ ਇਲਾਕੇ ਵਿੱਚ ਹੋਰ ਵੀ ਖੁਹ ਅਤੇ ਬਾਉਲੀਆ ਲਵਾਈਆਂ ਸਨ। ਜਦ ਅਸੀਂ ਵੱਡੇ ਗੇਟ ਤੋਂ ਇੰਟ੍ਰ ਹੋ ਰਹੇ ਸੀ ਤਾਂ ਦਾਸ ਦੀ ਨਿਗ੍ਹਾ ਗੇਟ ਦੇ ਉੱਪਰ ਲੱਗੇ ਵੱਡੇ ਸਾਰੇ ਬੋਰਡ ਤੇ ਪਈ, ਜਿਸ ਤੇ ਲਿਖਿਆ ਹੋਇਆ ਸੀ ਕਿ ਜੋ ਨਾਰੀ ਮਾਸ ਮਾਸ ਇੱਥੇ ਨਹਾਏ ਤਾਂ ਸਾਲ ਬਾਅਦ ਪੁੱਤਰ ਦੀ ਦਾਤ ਪਾਏ (ਹਵਾਲਾ ਗੁਰ ਬਿਲਾਸ ਪਾ: ਛੇਵੀਂ) ਦਾਸ ਨੇ ਉਨ੍ਹਾਂ ਅੱਖਰਾਂ ਨੂੰ ਕੈਮਰੇ ਚ’ ਬੰਦ ਕਰ ਲਿਆ। ਅੰਦਰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਦ ਛੇ ਹਰਟਾ ਖੂਹ ਦੇਖਿਆ ਤਾਂ ਓਥੇ ਅਜੋਕੇ ਠੱਗਾਂ ਨੇ ਬੋਰਡ ਤੇ ਲਿਖਿਆ ਹੋਇਆ ਸੀ ਕਿ ਗੁਰੂ ਦਾ ਵਰ ਹੈ ਜੋ ਬੀਬੀ ਬਾਰਾਂ ਮੱਸਿਆ ਇੱਥੇ ਆਵੇਗੀ ਪੁੱਤਰ ਦੀ ਦਾਤ ਪਾਵੇਗੀ। ਦੇਖੋ ਗੁਰੂ ਸਾਹਿਬ ਨੇ ਖੂਹ ਪਾਣੀ ਦੀ ਥੁੜ ਨੂੰ ਮੁੱਖ ਰੱਖ ਕੇ ਲਵਾਏ ਸਨ। ਇਹ ਗੁਰਦੁਆਰਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ ਪਰ ਮਰਯਾਦਾ ਸਾਧਾਂ ਦੀ ਚੱਲ ਰਹੀ ਹੈ, ਹੁਣ ਤਾਂ ਡੇਰੇਦਾਰ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੈਂਬਰ ਵੀ ਚੁਣ ਲਿਆ ਹੈ। ਖੈਰ ਨਹੀਂ ਇਹ ਸਾਧ ਵੀ ਮਹੰਤਾਂ ਵਾਗ ਗੁਰਦੁਆਰਿਆਂ ਵਿੱਚ ਮਨਘੜਤ ਕਹਾਣੀਆਂ ਜੋੜ ਕੇ ਆਪਣੇ ਹੀ ਵੱਡੇ ਸੰਤਾਂ ਦੀ ਪੂਜਾ ਕਰਾਉਣ ਲੱਗ ਜਾਣ ਅਤੇ ਵਹਿਮਾਂ ਭਰਮਾਂ ਦੇ ਨਾਂ ਤੇ ਪਾਠਾਂ ਦੀਆਂ ਲੜੀਆਂ ਚਲਾ ਕੇ ਭੋਲੀ ਸੰਗਤ ਨੂੰ ਦੋਹੀਂ ਹੱਥੀ ਲੁੱਟਣ ਲੱਗ ਜਾਣ। ਅਸੀਂ ਘਰ ਆ ਕੇ ਭੈਣ ਜੀ ਨਾਲ ਵਿਚਾਰਾਂ ਕਰ ਰਹੇ ਸੀ ਕਿ ਸਿੱਖ ਕਦੋਂ ਜਾਗਣਗੇ? ਰਾਤ ਪਿਆਰੀ ਭੇਣ ਕੋਲ ਗੁਰਮਤਿ ਵਿਚਾਰਾਂ ਕਰਦੇ ਸਉਂ ਗਏ। ਸਵੇਰੇ ਤੜਕੇ ਸਥਾਨਕ ਗੁਰਦੁਆਰੇ ਹਰਸਿਮਰਤ ਨੇ ਕੀਰਤਨ ਅਤੇ ਦਾਸ ਨੇ ਗਰੁਬਾਣੀ ਦੀ ਵਿਚਾਰ ਕੀਤੀ। ਪ੍ਰਬੰਧਕ ਕਮੇਟੀ ਹੋਰ ਵੀ ਸਮਾਂ ਮੰਗ ਰਹੀ ਸੀ ਫਿਰ ਅਸੀ ਭੈਣ ਦੇ ਘਰ ਵਾਪਸ ਆ ਗਏ, ਭੈਣ ਜੀ ਨੇ ਮੂਲੀਆਂ ਵਾਲੇ ਪਰੌਂਠੇ ਛਕਾਏ, ਅਸੀਂ ਇੱਕ ਛੋਟਾ ਜਿਹਾ ਕੰਪਿਊਟਰ ਭੈਣ ਨੂੰ ਅਰਟੀਕਲ ਲਿਖਣ ਦੀ ਸਹੂਲਤ ਲਈ ਦਿੱਤਾ ਅਤੇ ਭੈਣ ਜੀ ਨੇ ਬਹੁਤ ਹੀ ਵਡਮੁੱਲੀ ਸ੍ਰੀ ਸਾਹਿਬ ਅਤੇ ਸਿਰੋਪਾ ਭੇਂਟ ਕਰਕੇ ਸਾਡਾ ਸਨਮਾਨ ਕੀਤਾ। ਭੈਣ ਦੇ ਪਤੀ ਜੀ ਬੜੇ ਮਿੱਠੇ ਸੁਭਾਅ ਦੇ ਹਨ ਜੋ ਗੁਰਮਤਿ ਪ੍ਰਚਾਰ ਵਿੱਚ ਭੈਣ ਜੀ ਦਾ ਪੂਰਾ ਸਾਥ ਦੇ ਰਹੇ ਹਨ। ਗੁਰੂ ਦੀ ਦਾਤ ਭੈਣ ਜੀ ਕੋਲ ਦੋ ਹੋਣਹਾਰ ਸਪੁੱਤਰ ਹਨ। ਆਪ ਜੀ ਗੁਰਮਤਿ ਅਤੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਗਿਆਨ ਭਰਪੂਰ ਲੇਖ ਲਿਖਦੇ ਰਹਿੰਦੇ ਹਨ ਜੋ ਦੇਸ਼ਾਂ ਵਿਦੇਸ਼ਾਂ ਦੀਆਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਹਨ। ਇੱਥੇ ਭੈਣ ਦੀਆਂ ਹੋਰ ਵੀ ਸਹੇਲੀਆਂ ਹਰਸਿਮਰਤ ਕੌਰ ਖਾਲਸਾ ਨੂੰ ਦੇਖ ਕੇ ਪ੍ਰਭਾਵਤ ਹੋਈਆਂ ਅਤੇ ਸਾਰਿਆਂ ਨੇ ਬੜੇ ਪਿਆਰ ਨਾਲ ਸਾਨੂੰ ਵਿਦਾ ਕੀਤਾ। ਅਸੀਂ ਅਰਦਾਸ ਕਰਦੇ ਹਾਂ ਪੰਥ ਅਜਿਹੇ ਪ੍ਰਚਾਕਾਂ ਦੀ ਕਦਰ ਕਰੇ ਅਤੇ ਉਤਸ਼ਾਹ ਵਧਾਵੇ।