ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, May 31, 2011

ਸਿੱਖੀ

ਸਿੱਖੀ
ਐਵੇਂ ਭੇਖ ਨੂੰ ਸਿੱਖੀ ਬਣਾਈ ਫਿਰਦੈਂ,
ਸ਼ੁਭ ਅਮਲਾਂ ਦੀ ਹੈਗੀ ਪ੍ਰਤੀਕ ਸਿੱਖੀ।
ਸਿੱਖੀ ਕਾਅਬੇ ਵੱਲ ਪੈਰ ਪਸਾਰ ਦਿੰਦੀ,
ਬਾਹਰੀ ਕਾਅਬੇ ਨਾ ਕਰੇ ਪ੍ਰਤੀਤ ਸਿੱਖੀ।
ਮਲਕ ਭਾਗੋ ਦੇ ਕਦੇ ਨਾ ਵੜੇ ਵਿਹੜੇ,
ਭਾਈ ਲਾਲੋ ਦੇ ਰਹਿੰਦੀ ਨਜ਼ਦੀਕ ਸਿੱਖੀ।
ਸਿੱਖੀ ਦੇਖਣੀ ਏ ਤੱਤੀਆਂ ਤਵੀਆਂ 'ਚੋਂ ਦੇਖ,
ਛਬੀਲਾਂ ਠੰਢੀਆਂ ਨੇ ਨਾਮ ਧਰੀਕ ਸਿੱਖੀ।
ਮੰਦਰ ਸਿੱਖੀ ਦੇ, ਮਨਾਂ ਦੇ ਵਿਚ ਵਸਦੇ,
ਬਾਹਰੀ ਮੰਦਰ ਨੇ ਵਿਪਰਨ ਦੀ ਰੀਤ ਸਿੱਖੀ।
ਆਪਾਂ ਜੱਟ, ਰਮਦਾਸੀਏ, ਰਾਮਗੜ੍ਹੀਏ
ਜਾਤ ਪਾਤ ਦੇ ਉਲਟ ਵਿਪਰੀਤ ਸਿੱਖੀ।
ਸੁਰਗ ਨਰਕ ਤੇ ਮੁਕਤੀ ਵਿਚ ਪਿਆ ਫਸਿਆ,
ਪੱਟੂਆ ਫਿਰ ਵੀ ਸਿੱਖ ਕਹਾਈ ਜਾਨੈਂ।
ਸਿੱਖੀ ਅਨੁਸਾਰ ਨ੍ਹੀਂ ਕੋਈ ਵੀ ਕੰਮ ਕਰਦਾ,
ਡੌਰੂ ਸਿੱਖੀ ਦਾ ਐਵੇਂ ਖੜਕਾਈ ਜਾਨੈਂ।
ਸਿੱਖਾ ਸਿੱਖੀ ਅਪਨਾ ਲੈ ਜੇ ਤੂੰ ਸਿੱਖ ਰਹਿਣਾ,
ਨਹੀਂ ਤਾਂ ਸਿੱਖੀ 'ਤੇ ਦਾਅਵੇ ਫਿਰ ਛੱਡ ਦੇ ਤੂੰ।
ਪ੍ਰੇਮ ਖੇਲਣ ਦਾ ਤੈਨੂੰ ਜੇ ਚਾਓ ਚੜ੍ਹਿਆ,
ਝੰਡਾ ਸੀਸ ਦਾ ਗਲੀ ਵਿਚ ਗੱਡ ਦੇ ਤੂੰ।
ਸੀਸ ਭੇਟ ਬਗੈਰ ਨਾ ਮਿਲੇ ਸਿੱਖੀ,
ਐਵੇਂ ਹੋਰ ਚਤਰਾਈਆਂ ਕਿਉਂ ਕਰੀ ਜਾਨੈ।
ਪਾਠ ਪੂਜਾ ਤੇ ਤੀਰਥ ਨੇ ਭਾਉ ਦੂਜਾ,
ਨਿਰਭਉ ਅੰਦਰ ਵਸਾ ਲੈ ਕਾਹਤੋਂ ਡਰੀ ਜਾਨੈ।
-ਜ਼ੋਰਾ ਸਿੰਘ ਰਾਜੋਆਣਾ।