300 ਸਾਲ ਝੂਠ ਦੇ ਨਾਲ
ਸਰਵਜੀਤ ਸਿੰਘ ਸੈਕਰਾਮੈਂਟੋ
300 ਸਾਲ ਗੁਰੂ ਦੇ ਨਾਲ, 300 ਸਾਲ ਗੁਰਬਾਣੀ ਕੰਠ ਦੇ ਨਾਲ ਅਤੇ 300 ਸਾਲ ਸਿੱਖ ਇਤਿਹਾਸ ਦੇ ਨਾਲ, ਆਦਿ ਦਾ ਪ੍ਰਚਾਰ ਕਰਨ ਵਾਲੇ ਗੁਰਇਕਬਾਲ ਸਿੰਘ (ਮਾਤਾ ਕੌਲਾ ਜੀ ਟਕਸਾਲ) ਵਲੋਂ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ । ਇਨ੍ਹਾਂ 'ਚ ਇਕ ਹੈ 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ'। ਇਸ ਤੋਂ ਪਹਿਲਾਂ ਕਿ ਇਸ ਕਿਤਾਬ 'ਚ ਲਿਖੇ ਗਏ ਝੂਠ ਦੇ ਦਰਸ਼ਨ ਕਰੀਏ, ਇਸ ਝੂਠ ਨੂੰ ਅਸੀਸੜੀਆਂ ਦੇ ਕੇ ਤਸਦੀਕ ਕਰਨ ਵਾਲਿਆਂ ਦੇ ਦਰਸ਼ਨ ਕਰਨੇ ਬੁਹਤ ਜਰੂਰੀ ਹਨ। ਇਨ੍ਹਾਂ 'ਚ ਸ਼ਾਮਲ ਹਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ।
ਗੁਰਇਕਬਾਲ ਸਿੰਘ ਵਲੋਂ ਲਿਖੀ ਗਈ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਦੀ ਪਹਿਲੀ ਵਿਸ਼ੇਸ਼ਤਾਈ ਵਿਚ ਦਰਜ ਹੈ , " ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਦੇ ਮੁਖੀ ਦੀ ਸੇਵਾ ਨਿਬਾਹੁਣ ਵਾਲੇ ਸੰਤ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ, ਉਹ ਆਪਣੀ ਲਿਖਤ ਵਿਚ ਲਿਖਦੇ ਹਨ ਕਿ ਇਕ ਸਧਾਰਨ ਵਿਅਕਤੀ ਰੋਜ਼ਾਨਾ 24000 ਸੁਆਸ ਲੈਂਦਾ ਹੈ। ਜੋਗੀਆਂ ਦੇ ਮੱਤ ਵਿਚ ਇਕ ਗ੍ਰੰਥ ਹੈ ' ਜੋਗ ਕਲਪਤਰ'। ਇਸ ਗ੍ਰੰਥ ਅਨੁਸਾਰ ਸੱਚੇ ਜੋਗੀ-ਸੰਤ ਲੋਕ ਰੋਜ਼ਾਨਾ 21624 ਸੁਆਸ ਲੈਂਦੇ ਹਨ। ਬਾਕੀ ਦੇ ਸੁਆਸ ਉਨ੍ਹਾਂ ਦੇ ਜਮ੍ਹਾਂ ਰਹਿਦੇ ਹਨ। ਜਿਵੇਂ ਗੌਰਮਿੰਟ ਦੀ ਨੌਕਰੀ ਕਰਨ ਵਾਲੇ ਦੀ ਜਿਤਨੀ ਕੁ ਤਨਖ਼ਾਹ ਹੁੰਦੀ ਹੈ, ਮਹੀਨੇ ਪਿੱਛੋ ਤਨਖ਼ਾਹ ਦੇਣ ਲੱਗਿਆ ਕੁਝ ਕੁ ਰੁਪਏ 'ਪ੍ਰੋਵੀਡੈਂਟ ਫ਼ੰਡ' ਦੇ ਕੱਟ ਲਏ ਜਾਂਦੇ ਹਨ। ਜਿਸ ਵੇਲੇ ਉਹ ਨੌਕਰੀ ਦੀ ਮਿਆਦ ਪੂਰੀ ਹੋ ਜਾਂਦੀ ਹੈ, ਫਿਰ ਉਨ੍ਹਾਂ ਰੁਪਈਆਂ ਦੇ ਨਾਲ ਕੁਝ ਹੋਰ ਰੁਪਏ ਰਲਾ ਕੇ ਵਾਪਸ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਸੱਚੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ, ਰਾਤ-ਦਿਨ ਵਾਹਿਗੁਰੂ ਦੇ ਸਿਮਰਨ ਵਿਚ ਹੀ ਗੁਜ਼ਾਰਦੇ ਹਨ, ਉਨ੍ਹਾ ਦੇ 21624 ਸੁਆਸ ਨਿਕਲਦੇ ਹਨ, ਬਾਕੀ ਦੇ ਸੁਆਸ ਉਨ੍ਹਾਂ ਦੇ ਜਮਾਂ ਹੋ ਜਾਂਦੇ ਹਨ। ਇਸੇ ਕਾਰਨ ਹੀ ਜੋਗੀਆਂ ਦੀ ਉਮਰ ਵੱਡੀ ਹੁੰਦੀ ਹੈ।
ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਸਰਬ-ਸਾਂਝੇ ਚਾਰੇ ਵਰਨਾਂ ਵਾਸਤੇ ਰਚੀ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੂਰੇ ਅੱਖਰ ਕੁੱਲ 21624 ਹਨ ਤੇ 2373 ਅੱਖਰ ਪੈਰਾਂ ਵਿਚ ਹਨ। ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ ਇਸ ਤਰ੍ਹਾਂ ਅੱਖਰਾ ਦਾ ਜੋੜ 21624+2373=23997 ਬਣਦਾ ਹੈ। ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ
'ਸੰਤਨ' ਹੈ।
1 "ਸੰਤਨ ਕੈ ਦੂਖਨਿ ਕਾਗ ਜਿਉ ਲਵੈ"॥
2 "ਸੰਤਨ ਕੈ ਦੂਖਨਿ ਸਰਪ ਜੋਨਿ ਪਾਇ"॥
3 "ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ"॥
ਇਨ੍ਹਾ ਤਿੰਨਾ ਪੰਗਤੀਆਂ ਵਿਚ ਸੰਤ ਦੀ ਬਜਾਏ ਸੰਤਨ ਲਿੱਖ ਕੇ ਤਿੰਨ 'ਨੰਨੇ' ਵਧਾ ਕੇ 23997+3=24000 ਅੱਖਰ ਪੂਰੇ ਕੀਤੇ ਹਨ। ਇਸ ਦਾ ਭਾਵ ਇਹ ਹੈ ਕਿ ਚਾਹੇ ਜੋਗੀ ਇਸ ਬਾਣੀ ਨੂੰ ਪੜ੍ਹਨ ਜਾਂ ਆਮ ਗ੍ਰਹਿਸਥੀ, ਸਾਰਿਆਂ ਦੇ ਹੀ ਸਾਰੇ ਸੁਆਸ ਸਫਲ ਹੁੰਦੇ ਹਨ। ਕਲਯੁਗੀ ਜੀਵਾਂ ਲਈ ਵੀ ਕਿਰਪਾ ਕੀਤੀ, ਜੋਗੀਆ ਲਈ ਵੀ। ਜੇ ਕੋਈ ਸਾਸ ਗਿਰਾਸ ਦੀ ਅਵਸਥਾ 'ਤੇ ਨਹੀ ਵੀ ਪਹੁੰਚਿਆ, ਇਕ ਪਾਠ ਵੀ ਸੁਖਮਨੀ ਦਾ ਸ਼ਰਧਾ ਭਾਵਨਾ ਨਾਲ ਕਰ ਲਵੇ, ਉਸ ਦੇ 24000 ਸੁਆਸ ਸਫਲ ਹੋ ਜਾਣਗੇ”। (ਪੰਨਾ19,'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ')
ਦਮਦਮੀ ਟਕਸਾਲ ਦੀ ਵੱਡ ਅਕਾਰੀ ਕਿਤਾਬ "ਗੁਰਬਾਣੀ ਪਾਠ ਦਰਪਣ" ਵਿਚ ਵੀ ਅਜੇਹਾ ਹੀ ਦਰਜ ਹੈ, " ਸ੍ਰੀ ਸੁਖਮਨੀ ਸਾਹਿਬ ਜੀ ਦੇ 24 ਹਜ਼ਾਰ ਅੱਖਰ ਹਨ, ਰਾਤ ਦਿਨ ਦੇ 24 ਹਜ਼ਾਰ ਸੁਆਸ ਹਨ। ਇਉਂ ਸਾਰੇ ਸੁਆਸਾਂ ਨੂੰ ਸਫਲੇ ਕਰਨ ਵਾਲੀ ਪਵਿਤ੍ਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਭੀ ਅਤੀ ਜਰੂਰੀ ਹੈ"। (ਪੰਨਾ 34, ਕਰਤਾ: ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ) ਸੰਤਾਂ ਸਮਾਜ ਦੇ ਸਾਰੇ ਮੈਬਰ ਹੀ ਅਜੇਹਾ ਪ੍ਰਚਾਰ ਕਰਦੇ ਅਕਸਰ ਹੀ ਸਟੇਜਾਂ ਤੇ ਸੁਣੇ ਜਾਂਦੇ ਹਨ।
ਗੁਰਇਕਬਾਲ ਸਿੰਘ ਦੀ ਲਿਖਤ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਨੂੰ ਪੜ੍ਹਨਾਂ ਅਰੰਭ ਕੀਤਾ ਤਾਂ ਮੇਰੀ ਸੋਚ ਦੀ ਸੂਈ, 'ਪੱਥਰ ਦੇ ਤਵੇਂ' ਦੀਆਂ ਝਰੀਆਂ 'ਚ ਫਸੀ ਸੂਈ ਵਾਗੂੰ ਪਹਿਲੇ ਅਧਿਆਏ 'ਚ ਹੀ ਫਸ ਗਈ। ਸੁਆਸ ਤਾਂ, ਬੱਚੇ ਅਤੇ ਬੁੱਢੇ ਦੇ, ਔਰਤ ਅਤੇ ਮਰਦ ਦੇ, ਤੰਦਰੁਸਤ ਅਤੇ ਬਿਮਾਰ ਦੇ ਵੱਖ-ਵੱਖ ਹੁੰਦੇ ਹਨ। ਸੁਆਸ ਗਿਣਨੇ ਮੇਰੇ ਵੱਸ ਦਾ ਰੋਗ ਨਹੀ ਹੈ ਕਿਉਂਕਿ ਇਹ ਤਾਂ ਵਿਦਵਾਨਾਂ ਵਲੋਂ ਵੀ ਠੀਕ ਨਹੀ ਗਿਣੇ ਜਾਂ ਸਕੇ। ਭਾਈ ਗੁਰਇਕਬਾਲ ਸਿੰਘ ਨੇ ਨਾਮ ਸਿਮਰਨ ਵਾਲਿਆਂ ਦੇ ਸਵਾਸ 21624 ਗਿਣੇ ਹਨ ਪਰ ਜਥੇਦਾਰ ਇਕਬਾਲ ਸਿੰਘ ਨੇ 21600 (ਵਾਹਿਗੁਰੂ ਨਾਮ ਅਭਿਆਸ, ਪੰਨਾ 55) ਤਾਂ ਮੈ ਸੋਚਿਆ ਕਿ ਜੇ ਸੁਆਸ ਨਹੀ ਗਿਣੇ ਜਾ ਸਕਦੇ ਤਾਂ ਸੁਖਮਨੀ ਸਾਹਿਬ ਦੇ ਅੱਖਰ ਤਾਂ ਗਿਣੇ ਜਾਂ ਸਕਦੇ ਹਨ। ਮੈ ਆਪਣੇ ਕੰਪਿਊਟਰ ਨੂੰ ਥੋੜ੍ਹੀ ਜਿਹੀ ਖੇਚਲ ਦਿੱਤੀ ਤਾਂ ਉਪ੍ਰੋਕਤ ਅਖੌਤੀ ਵਿਦਵਾਨਾਂ ਦਾ ਝੂਠ ਸਾਹਮਣੇ ਆ ਗਿਆ। ਮੇਰੇ ਸਵਾਲਾਂ ਦੇ ਕੰਪਿਊਟਰ ਨੇ ਜੋ ਜੁਵਾਬ ਦਿੱਤੇ ਉਹ ਪਾਠਕਾਂ ਦੀ ਦਿਲਚਸਪੀ ਲਈ ਹਾਜਰ ਹਨ।
ਸੁਖਮਣੀ ਸਾਹਿਬ ਜੀ ਦਾ ਪੂਰਾ ਪਾਠ, ਕਾਪੀ ਕਰਕੇ ਨਵੇਂ ਸਫੇਂ ਤੇ ਪੇਸਟ (Raavi-unicode fonts) ਕਰਕੇ ਕੰਪਿਊਟਰ ਨੂੰ ਪੁਛਿਆ ਤਾਂ ਕੰਪਿਊਟਰ ਨੇ ਕੁਲ ਸਬਦ 10603 ਦਾ ਜੁਵਾਬ ਦਿੱਤਾ। “ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1॥” ਇਸ ਪਾਵਨ ਪੰਗਤੀ 'ਚ ਕੁਲ 12 ਅੱਖਰ ਹਨ ਪਰ ਉਚਾਰਨ ਸਿਰਫ 11 ਅੱਖਰਾ ਦਾ ਕੀਤਾ ਜਾਂਦਾ ਹੈ। ‘1’ ਦਾ ਉਚਾਰਣ ਨਹੀ ਕੀਤਾ ਜਾਂਦਾ। ਜੇ ਇਨ੍ਹਾਂ ਨੂੰ ਭਾਵ '1' ਨੂੰ ਗਿਣ ਵੀ ਲਈਏ ਤਾਂ ਸੁਖਮਨੀ ਸਾਹਿਬ ਜੀ ਦੇ ਕੁਲ ਅੱਖਰ 10603 ਬਣਦੇ ਹਨ। ਹੁਣ ਫਰਕ 24000-10603=13397 ਅੱਖਰਾਂ ਦਾ ਹੈ। ਜੇ ਉਹ ਅੱਖਰ, ਜਿਨ੍ਹਾਂ ਦਾ ਉਚਾਰਨ ਨਹੀ ਕੀਤਾ ਜਾਂਦਾ, ਨੂੰ ਵੱਖ ਕਰ ਦਿੱਤਾ ਜਾਵੇ ਭਾਵ ॥1॥, ॥2॥, ॥8॥1॥ ਅਤੇ ॥8॥24॥ ਆਦਿ ਤਾਂ ਉਚਾਰਨ ਕਰਨ ਵਾਲੇ ਕੁਲ ਅੱਖਰ 10363 ਬਚਦੇ ਹਨ। ਹੁਣ 24000-10363=13637 ਅੱਖਰਾਂ ਦਾ ਫਰਕ ਹੈ।
ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ" ਇਥੇ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਉਹ ਇਹ ਕਿ ਜੇ ਪੱਪੇ ਦੇ ਪੈਰ ਵਿਚ ਰਾਰਾ ਇਕ ਅੱਖਰ ਹੈ ਤਾਂ ਪੱਪਾ ਅਤੇ ਭੱਬਾ ਦੋ ਅੱਖਰ ਕਿਉਂ ਨਹੀ ? ਗੁਰਇਕਬਾਲ ਸਿੰਘ ਜੀ, ਜੇ ਪੱਪੇ ਦੇ ਪੈਰ ਵਿਚ ਰਾਰਾ ਅੱਖਰ ਹੈ ਤਾਂ ਔਕੜ, ਦੂਲੈਕੜੈ, ਹਾਹਾ ਅਤੇ ਵਾਵਾ ਬਾਰੇ ਕੀ ਵਿਚਾਰ ਹਨ? ਅੱਗੇ ਹੋਰ ਵੀ ਕਮਾਲ ਦੋਖੋਂ ਆਪ ਹੀ ਗਿਣਤੀ ਕਰਕੇ 21624+2373=23997 ਬਣਾ ਲਈ ਪਰ ਇਹ 24000 ਤੋਂ ਹਾਲੇ ਵੀ 3 ਘੱਟ ਹੈ। ਇਸ ਨੂੰ ਪੂਰਾ ਕਰਨ ਲਈ ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ 'ਸੰਤਨ' ਹੈ। ਹੁਣ ਫੇਰ ਉਹੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਨੰਨਾ ਅੱਖਰ ਹੈ ਤਾਂ ਸੱਸਾ, ਟਿੱਪੀ ਅਤੇ ਤੱਤਾ, ਤਿੰਨ ਅੱਖਰ ਕਿਉਂ ਨਹੀ ਹਨ? ਇਸ ਤਰ੍ਹਾਂ ਸੰਤਨ ਦੇ ਕੁਲ ਚਾਰ ਅੱਖਰ ਬਣਦੇ ਹਨ। ਹੁਣ ਜੇ ਇਸ ਤਰਾਂ ਗਿਣਤੀ ਕੀਤੀ ਜਾਵੇ ਤਾਂ ਸੁਖਮਨੀ ਸਾਹਿਬ ਦੇ ਉਚਾਰਨ ਕੀਤੇ ਜਾਣ ਵਾਲੇ ਕੁਲ ਅੱਖਰ 38388 ਬਣਦੇ ਹਨ। ਹੁਣ ਇਹ ਅੱਖਰ 24000 ਤੋਂ 14388 ਵੱਧ ਜਾਂਦੇ ਹਨ।
ਆਉਂ ਹੁਣ ਇਸ ਝੂਠ ਦੀ ਪੈੜ ਕਢੀਏ;
ਧਰਮ ਪ੍ਰਚਾਰ ਕਮੇਟੀ ਵਲੋਂ 1998 'ਚ ਪੰਥਕ ਸਰਮਾਏ ਨਾਲ ਛਾਪੀ ਗਈ 'ਗੁਰ ਬਿਲਾਸ ਪਾਤਸ਼ਾਹੀ 6' ਜਿਸ ਦਾ ਸੰਪਾਦਕ ਭਾਈ ਜੋਗਿੰਦਰ ਸਿੰਘ ਵੇਦਾਂਤੀ ਸੀ, ਦੇ ਪੰਨਾ 94 ਉਪਰ ਇਸ ਝੂਠ ਸੰਬੰਧੀ ਦਰਜ ਹੈ;
ਚਵੀ ਹਜ਼ਾਰ ਸ੍ਵਾਸ ਨਰੁ ਲੇਈ। ਆਠ ਪਹਰ ਪ੍ਰਭ ਕਉ ਸਿਰੇਈ।
ਨਿਸਿ ਦਿਨੁ ਆਯਾ ਕੇ ਮਦ ਰਾਤਾ ਜਪੈ ਨ ਤਾਹਿ ਉਦਰ ਜੋ ਤ੍ਰਾਤਾ ॥ 393॥
ਤਾ ਤੇ ਜਤਨ ਕੋ ਕੀਜੀਏ ਸ੍ਵਾਸ ਸਫਲ ਜਿਹ ਹੋਇ।
ਆਠ ਪਹਰ ਕੇ ਸ੍ਵਾਸ ਜੋ ਜਾਹਿ ਪੜੈ ਫਲੁ ਹੋਇ ॥394॥
ਨਿਸਿ ਬਿਤੀਤ ਤਬ ਹੀ ਭਈ ਅਯੋ ਰਵਿ ਸੁਖੁ ਪਾਇ।
ਕ੍ਰਿਪਾ ਸਿੰਧੁ ਪ੍ਰਸੰਨੁ ਹੋਇ ਸ੍ਰੀ ਮੁਖਿ ਅਸ ਫੁਰਮਾਇ ॥395॥
ਸੁਖਮਣੀ ਗੁਰ ਮੁਖੋਂ ਉਚਾਰੀ ਮਣਿ ਮਾਲ ਮਾਨੋ ਗੁਰ ਧਾਰੀ।
ਚਵੀ ਹਜ਼ਾਰ ਅੱਛਰ ਇਹ ਧਰੇ ਉਪਮਾ ਆਪ ਆਪਿ ਸ੍ਰੀ ਮੁਖਿ ਰਰੇ ॥396॥ (ਅਧਿਆਇ 4 ਪੰਨਾ 94)
ਸੂਝਵਾਨ ਸਿੱਖ ਵਿਦਵਾਨਾਂ ਨੇ 1920 ਦੇ ਨੇੜੇ-ਤੇੜੇ ਸਾਰੇ ਗੁਰਦਵਾਰਿਆਂ ਵਿਚੋਂ 'ਗੁਰ ਬਿਲਾਸ ਪਾਤਸ਼ਾਹੀ 6' ਦੀ ਕਥਾਂ ਬੰਦ ਕਰਵਾ ਦਿੱਤੀ ਸੀ। ਸਾਧ ਬਾਬਿਆਂ ਨੇ ਇਸ ਕਿਤਾਬ ਦੀਆਂ ਗੁਰਮਤਿ ਵਿਰੋਧੀ ਕਥਾ-ਕਹਾਣੀਆਂ ਜਿਉਂ ਦੀਆਂ ਤਿਉਂ ਆਮ ਜਨਤਾ ਨੂੰ ਸੁਣਾਉਣੀਆਂ ਚਾਲੂ ਰੱਖੀਆਂ। ਇਸ ਕਿਤਾਬ ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿਚ ਸ਼ੁਰੂ ਕਰਵਾਉਣ ਦੀ ਆਸ ਨਾਲ 'ਕੁਝ ਆਪਣੇ ਵਲੋਂ' ਦੇ ਸਿਰਲੇਖ ਹੇਠ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਲਿਖਦੇ ਹਨ, " ਜੇਕਰ ਇਸ ਗ੍ਰੰਥ ਦੀ ਗੁਰਦਵਾਰਿਆਂ ਵਿਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ" (ਪੰਨਾ 52)।
ਯਾਦ ਰਹੇ ਇਹ ਕਿਤਾਬ 1718 'ਚ ਲਿਖੀ ਗਈ ਸੀ। ਲੱਗ-ਭੱਗ ਪਿਛਲੇ 300 ਸਾਲਾਂ ਤੋਂ ਇਹ ਝੂਠ ਪ੍ਰਚੱਲਤ ਹੈ। ਅੱਜ ਵੀ ਅਖੌਤੀ ਸੰਤਾਂ ਅਤੇ ਬ੍ਰਹਮ ਗਿਆਨੀਆਂ ਵਲੋਂ ਇਸ ਬਾਣੀ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ, “ਸਾਧ ਸੰਗਤ ਜੀ, ਆਮ ਵਿਅਕਤੀ ਹਰ ਰੋਜ 24,000 ਸਵਾਸ ਲੈਦਾ ਹੈ। ਸੁਖਮਨੀ ਸਾਹਿਬ ਦੇ 24000 ਅੱਖਰ ਹਨ, ਵਿਅਕਤੀ ਸਾਰਾ ਦਿਨ ਪ੍ਰਮਾਤਮਾ ਦਾ ਨਾਮ ਨਹੀ ਜਪ ਸਕਦਾ, ਹਰ ਰੋਜ ਸੁਖਮਨੀ ਸਾਹਿਬ ਦਾ ਇਕ ਪਾਠ ਜਰੂਰ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਦਾ ਇਕ ਪਾਠ ਕਰਨ ਨਾਲ 24000 ਸਵਾਸ ਸਫਲ ਹੋ ਜਾਂਦੇ ਹਨ। ਇਸ ਲਈ 'ਸੁਖਾਂ ਦੀ ਮਣੀ' ਦਾ ਇਕ ਪਾਠ ਜਰੂਰ ਕਰਿਆ ਕਰੋ। ਆਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ”। ਸੰਗਤਾਂ ਆਪਣੀ ਮਾਇਆ ਨੂੰ ਸਫਲਾਂ ਕਰਨ ਉਪ੍ਰੰਤ ਵਾਹਿਗੁਰੂ-ਵਾਹਿਗੁਰੂ ਕਰਦੀਆਂ ਲੰਗਰ ਛਕ ਕੇ ਘਰਾਂ ਨੂੰ ਆ ਜਾਂਦੀਆਂ ਹਨ ਅਤੇ ਬਾਬੇ ਕਿਸੇ ਹੋਰ ਸ਼ਹਿਰ ਦੀਆਂ ਸੰਗਤਾਂ ਦੇ ਜੀਵਨ ਅਤੇ ਮਾਇਆ ਨੂੰ ਸਫਲ ਕਰਨ ਲਈ ਚਾਲੇ ਪਾ ਦਿੰਦੇ ਹਨ। ਇਹ ਸਿਲਸਲਾਂ ਹੀ ਹਰ ਥਾ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜ੍ਹਨਾ ਅਤੇ ਵਿਚਾਰਨਾ ਲੱਗ-ਭੱਗ ਖਤਮ ਹੋ ਚੁੱਕਾ ਹੈ।
ਭਾਈ ਗੁਰਇਕਬਾਲ ਸਿੰਘ ਜੀ, ਆਪ ਜੀ ਦਾ 24000 ਵਾਲਾਂ ਹਿਸਾਬ-ਕਿਤਾਬ (ਝੂਠ) ਮੇਰੇ ਤਾਂ ਗੇੜ 'ਚ ਨਹੀ ਆਇਆ। ਹੁਣ ਤੁਹਾਡਾ ਅਤੇ ਤੁਹਾਡੀ ਕਿਤਾਬ ਨੂੰ ਅਸੀਸੜੀਆਂ ਦੇਣ ਵਾਲੇ ਜਥੇਦਾਰਾਂ ਦਾ ਫਰਜ ਬਣਦਾ ਕਿ ਜਾਂ ਤਾਂ ਇਸ ਹਿਸਾਬ-ਕਿਤਾਬ ਸੰਬੰਧੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿਉਂ ਭਾਵ 24000 ਅੱਖਰ ਤੁਸੀ ਕਿਵੇਂ ਗਿਣਦੇ ਹੋ, 24000 ਅੱਖਰ ਪੂਰੇ ਕਰੋ ਜਾਂ ਪਿਛਲੇ 300 ਸਾਲਾਂ ਤੋਂ ਬੋਲੇ ਜਾ ਰਹੇ ਝੂਠ ਨੂੰ ਅੱਗੋਂ ਤੋਂ ਨਾ ਬੋਲਣ ਦਾ ਸਪੱਸ਼ਟ ਐਲਾਨ ਕਰੋ ਜੀ।