ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ
(ਜੋਰਾ ਸਿੰਘ ਰਾਜੋਆਣਾ)
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣੁ ਹੋਆ॥
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥
ਭਾਈ ਗੁਰਦਾਸ ਦੀਆਂ ਇਨ੍ਹਾਂ ਤੁਕਾਂ 'ਤੇ ਓਪਰੀ ਨਜ਼ਰ ਮਾਰਿਆਂ ਪ੍ਰਤੀਤ ਹੁੰਦਾ ਹੈ, ਜਿਵੇਂ ਚਾਨਣ ਬੜਾ ਸੁਖਾਲਾ ਹੀ ਹੋ ਗਿਆ ਹੈ ਪਰ ਡੂੰਘਾਈ ਨਾਲ ਵਿਚਾਰਿਆਂ ਇਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ। ਜਦੋਂ ਚਾਨਣ ਹਨੇਰੇ ਵਿਚ ਸਫ਼ਰ ਕਰਦਾ ਹੈ ਤਾਂ ਹਨੇਰਾ ਆਪਣੇ-ਆਪ ਪਰ੍ਹੇ ਹੋਈ ਜਾਂਦਾ ਹੈ ਪਰ ਜਦੋਂ ਚਾਨਣ ਧੁੰਦ ਵਿਚ ਸਫ਼ਰ ਕਰਦਾ ਹੈ ਤਾਂ ਧੁੰਦ ਆਪਣੇ-ਆਪ ਪਰ੍ਹੇ ਨਹੀਂ ਹੁੰਦੀ ਬਲਕਿ ਚਾਨਣ ਨੂੰ ਧੁੰਦ ਨਾਲ ਖਹਿ ਕੇ ਲੰਘਣਾ ਪੈਂਦਾ ਹੈ। ਚਾਨਣ ਦੇ ਧੁੰਦ ਨਾਲ ਖਹਿ ਕੇ ਲੰਘਣ ਦੇ ਅਜਿਹੇ ਸਫ਼ਰ ਦੀ ਹੀ ਦੱਸ ਪਾਉਂਦਾ ਹੈ ਸਾਡਾ ਸਿੱਖ ਸੰਕਲਪ।
'ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੋਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।'
'ਪੁੱਛਣ ਖੋਲ੍ਹ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖਹਿ ਕਾਜੀਆ ਸ਼ੁਭ ਅਮਲਾਂ ਬਾਝੋ ਦੋਨੋ ਰੋਈ।' ਇਨ੍ਹਾਂ ਤੁਕਾਂ ਤੋਂ ਸਪੱਸ਼ਟ ਹੈ ਕਿ ਹਿੰਦੂ ਜਾਂ ਮੁਸਲਮਾਨ ਦਾ ਚੰਗਾ ਜਾਂ ਮਾੜਾ ਹੋਣਾ ਉਨ੍ਹਾਂ ਦੀ ਪਾਠ-ਪੂਜਾ 'ਤੇ ਨਿਰਭਰ ਨਹੀਂ ਕਰਦਾ, ਬਲਕਿ ਮਨੁੱਖ ਉਹੀ ਚੰਗਾ ਹੁੰਦਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਪਰ ਨਾਨਕ ਨਾਮ ਲੇਵਾ ਦੀ ਜ਼ਿੰਦਗੀ ਅੱਜ ਚੰਗੇ ਕੰਮਾਂ ਦੀ ਝਲਕ ਨਹੀਂ ਮਾਰਦੀ। ਅਸੀਂ ਉਹ ਸਾਰੇ ਹੀ ਕਰਮਕਾਂਡ ਅਪਨਾ ਲਏ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਸਾਡਾ ਖਹਿੜਾ ਛੁਡਾਇਆ ਸੀ। ਸਾਡਾ ਹਾਲ ਅੱਜ ਉਨ੍ਹਾਂ ਲੋਕਾਂ ਨਾਲੋਂ ਵੀ ਭੈੜਾ ਹੈ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕੁਰਾਹੀਆ ਆਖਿਆ ਸੀ। ਫਿਰ ਸਾਡਾ ਹਾਲ ਹੈ ਕੀਹਦੇ ਵਰਗਾ? ਸਾਡਾ ਹਾਲ ਉਨ੍ਹਾਂ ਕਸ਼ਮੀਰੀ ਪੰਡਤਾਂ ਵਰਗਾ ਹੈ ਜਿਹੜੇ ਸਹਾਰੇ ਦੀ ਭਾਲ ਵਿਚ ਚੱਲ ਕੇ ਆਨੰਦਪੁਰ ਸਾਹਿਬ ਆਏ ਸਨ।
ਅੱਜ ਬਾਬੇ ਨਾਨਕ ਦੇ ਜਨਮ ਦੇ 542 ਸਾਲਾਂ ਤੋਂ ਬਾਅਦ ਸੁਆਲ ਕਾਅਬੇ ਦੇ ਘੁੰਮ ਜਾਣ ਦਾ ਨਹੀਂ ਹੈ; ਸੁਆਲ ਬਾਬੇ ਨਾਨਕ ਉਤੇ ਸੱਪ ਵੱਲੋਂ ਕੀਤੀ ਛਾਂ ਜਾਂ ਦਰਖਤ ਦੀ ਛਾਂ ਦੇ ਹੀ ਰੁਕ ਜਾਣ ਦਾ ਵੀ ਨਹੀਂ ਹੈ। ਸੁਆਲ ਇਹ ਵੀ ਨਹੀਂ ਹੈ ਕਿ ਬਾਬਾ ਨਾਨਕ ਲਵ ਅਤੇ ਕੁਸ਼ ਦੀ ਔਲਾਦ ਹੈ। ਸੁਆਲ ਮਰਦਾਨੇ ਨੂੰ ਭੁੱਖ ਲੱਗਣ ਵੇਲੇ ਅੱਕ ਦੀਆਂ ਕੌੜੀਆਂ ਕੁਕੜੀਆਂ ਦੇ ਮਿੱਠੇ ਹੋ ਜਾਣ ਜਾਂ ਕੌੜੇ ਰੀਠਿਆਂ ਦੇ ਮਿੱਠੇ ਹੋ ਜਾਣ ਦਾ ਵੀ ਨਹੀਂ ਹੈ। ਫਿਰ ਸੁਆਲ ਹੈ ਕੀ? ਸੁਆਲ ਹੈ: ਜਦੋਂ ਚਾਨਣ ਨੇ ਧੁੰਦ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਸਫ਼ਰ ਦ ਪਹਿਲੇ ਹੀ ਕਦਮ ਦਾ ਦਿਸ਼ਾ-ਨਿਰਦੇਸ਼ ਕੀ ਹੈ? ਜਾਂ ਇਉਂ ਆਖ ਲਈਏ ਕਿ ਗੁਰੂ ਗ੍ਰੰਥ ਬਾਣੀ ਵਿਚ 'ੴ ਸਤਿਨਾਮੁ' ਦਾ ਕੀ ਸੰਕਲਪ ਹੈ? ਇਸ ਤੋਂ ਪਹਿਲਾਂ ਕਿ ਮੈਂ ਇਸ ਸੁਆਲ ਦਾ ਜਵਾਬ ਦੇਵਾਂ, ਮੈਂ ਤੁਹਾਨੂੰ ਇਕ ਸੁਆਲ ਪੁੱਛਦਾ ਹਾਂ। ਤੁਸੀਂ ਦੱਸੋ ਕਿ ਤੁਹਾਡੇ ਪਿਤਾ ਦਾ ਨਾਮ ਕਿਸੇ ਨੇ ਧਰਿਆ ਹੈ? ਜਵਾਬ ਨਿਸ਼ਚੇ ਹੀ ਹੋਵੇਗਾ ਕਿ ਸਾਡੇ ਪਿਤਾ ਦਾ ਨਾਮ ਸਾਡੇ ਬਾਬੇ ਨੇ ਧਰਿਆ। ਆਓ ਹੁਣ ਅਸਲ ਵਿਸ਼ੇ ਵੱਲ ਆਉਂਦੇ ਹਾਂ ਕਿ 'ੴ ਸਤਿਨਾਮੁ' ਦਾ ਕੀ ਸੰਕਲਪ ਹੈ। 'ੴ ਸਤਿਨਾਮੁ' ਸਰਸਰੀ ਨਜ਼ਰੇ ਬੇਸ਼ਕ ਗਿਣਤੀਵਾਚਕ ਅਤੇ ਨਾਉਂਵਾਚਕ ਲਗਦਾ ਹੋਵੇ ਪਰ ਅਜਿਹਾ ਨਹੀਂ ਹੈ। ਇਹ ਨਾ ਹੀ ਗਿਣਤੀਵਾਚਕ ਹੈ ਅਤੇ ਨਾ ਹੀ ਨਾਉਂਵਾਚਕ ਹੈ। ਇਹ ਅਗਿਣਤ ਹੈ ਅਤੇ ਅਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਨਾਮ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ:
'ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ॥' ਭਾਵ ਜੀਭ ਦੁਆਰਾ ਉਚਾਰੇ ਜਾਣ ਵਾਲੇ ਸਾਰੇ ਹੀ ਨਾਮ ਬਣਾਉਟੀ ਹਨ। ਤੇਰਾ ਅਸਲ ਜਾਂ ਸੱਚਾ ਨਾਉਂ ਪਰਾ ਪੂਰਬਲਾ ਹੈ-ਮੁੱਢ ਕਦੀਮ ਵਾਲਾ ਹੈ। ਇਹ ਉਸ ਸਮੇਂ ਦੀ ਦੱਸ ਪਾਉਂਦਾ ਹੈ, ਜਦੋਂ ਹਾਲੇ ਨਾਉਂ ਧਰਨ ਵਾਲੇ ਪੈਦਾ ਨਹੀਂ ਸੀ ਹੋਏ, ਭਾਵ ਇਹ ਅਨਾਮ ਹੈ।
ਆਪਾਂ ਸਾਰੇ ਹੀ ਇਹ ਜਾਣਦੇ ਹਾਂ ਕਿ ਸੱਚ ਉਦੋਂ ਵੀ ਮੌਜੂਦ ਹੁੰਦਾ ਹੈ ਜਦੋਂ ਹਾਲੇ ਸੱਚ ਦੀ ਖੋਜ ਨਹੀਂ ਹੋਈ ਹੁੰਦੀ। ਜਦੋਂ ਲੋਕ ਇਹ ਨਹੀਂ ਸਨ ਜਾਣਦੇ ਕਿ ਪਾਣੀ ਹਾਈਡਰੋਜਨ ਅਤੇ ਆਕਸੀਜਨ ਦਾ ਜੋਗਕ ਹੈ। ਪਾਣੀ ਉਦੋਂ ਵੀ ਮੌਜੂਦ ਸੀ। ਆਉ ਹੁਣ ਦੇਖੀਏ, ਪੰਦਰਵੀਂ ਸਦੀ ਵਿਚ ਉਚਾਰੇ ਇਸ 'ਸਤਿਨਾਮੁ ਤੇਰਾ ਪਰਾ ਪੂਰਬਲਾ' ਦੀ ਮੁਢਲੀ ਮੌਜੂਦਗੀ ਕੀ ਹੈ? ਇਸ ਸੁਆਲ ਦਾ ਜਵਾਬ ਦੇਣ ਲਈ ਗੁਰਬਾਣੀ ਸਤਿਨਾਮੁ ਦੀ ਸ਼ੂਕ ਪਾ ਕੇ ਸਾਨੂੰ ਆਦਿ ਸੱਚ ਵਿਚ ਉਤਾਰ ਦਿੰਦੀ ਹੈ। ਆਦਿ ਸੱਚ ਵਿਚ ਇਹ ਪਰਾ ਪੂਰਬਲਾ ਕਰਤਾ ਪੁਰਖ ਆਦਿ ਪੁਰਖ ਹੈ। ਇਹ ਆਦਿ ਪੁਰਖ ਉਹ ਪਿਤਾ ਹੈ ਜਿਸ ਦਾ ਅੱਗੇ ਕੋਈ ਪਿਤਾ ਨਹੀਂ ਹੈ; ਜਿਹੜਾ ਇਸ ਦਾ ਨਾਮ ਧਰ ਸਕੇ। ਇਸ ਲਈ ਇਹ ਆਦਿ ਪੁਰਖ ਪਿਤਾ ਅਨਾਮ ਹੈ। ਇਸ ਆਦਿ ਪੁਰਖ ਪਿਤਾ ਦਾ ਨਾਮ ਰੱਖਣ 'ਤੇ ਗੁਰਬਾਣੀ ਨੇ ਸਖ਼ਤ ਇਤਰਾਜ਼ ਕੀਤਾ ਹੈ। 'ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ॥ ਭਾਵ ਜਦੋਂ ਸੇਖਾਂ ਦਾ ਦਾਅ ਲੱਗਿਆ ਤਾਂ ਉਨ੍ਹਾਂ ਨੇ ਆਦਿ ਪੁਰਖ ਜਿਹੜਾ ਅਨਾਮ ਹੈ, ਉਸ ਦਾ ਕਿਰਤਮ ਨਾਮ ਅੱਲਾ ਰੱਖ ਦਿੱਤਾ। ਇਸ ਬਨਾਉਟੀ ਨਾਉਂ ਦੀ ਆੜ ਹੇਠ ਹਿੰਦੂਆਂ 'ਤੇ ਧੌਂਸ ਜਮਾਈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਟੈਕਸ ਠੋਕ ਦਿੱਤੇ।
ਅੱਜ ਗੇਂਦ ਹਿੰਦੂਆਂ ਦੇ ਹੱਥ ਆਈ ਹੋਈ ਹੈ ਅਤੇ ਉਹ ਧਰਮ ਨਿਰਪੱਖ ਭਾਰਤ ਵਿਚ ਅੱਲਾ ਦੇ ਭਗਤ ਨੂੰ ਸਬਕ ਸਿਖਾ ਰਹੇ ਹਨ। ਕਿਰਤਮ ਨਾਮ ਦੀ ਆੜ ਹੇਠ ਜਮਾਈ ਇਹ ਧੌਂਸ ਹਿੰਦੂਆਂ ਅਤੇ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਬਲਕਿ ਹਰ ਕੌਮ ਆਪਣੀ ਰਾਜਨੀਤਕ ਸ਼ਕਤੀ ਦੇ ਬਲਬੂਤੇ,
ਕਿਰਤਮ ਨਾਮ ਦੀ ਆੜ ਹੇਠ ਦੂਜੀਆਂ ਕੌਮਾਂ ਨਾਲ ਧੱਕਾ ਕਰਦੀ ਆਈ ਹੈ।
ਗੁਰਮਤਿ ਨਾਮ ਦੀ ਸ਼ਬਦਾਵਲੀ ਵਿਚ ਅਨਾਮ ਦੀ ਵਿਥਿਆ ਹੈ। ਇਹ ਗੁੱਝੀ ਰਮਜ਼ ਹੈ ਜਿਸ ਨੂੰ ਸਮਝਣ ਵਿਚ ਅਸੀਂ ਅਸਫ਼ਲ ਰਹੇ ਹਾਂ। ਅਨਾਮ ਸਿਰਜਣਹਾਰ ਹੈ ਅਤੇ ਸਿਰਜਿਆ ਹੋਇਆ ਨਾਮ ਹੈ। 'ਆਪੀ ਨੇ ਆਪ ਸਾਜਿਆ' ਇਹ ਦਰਸਾਉਂਦਾ ਹੈ ਕਿ ਅਨਾਮ ਰੂਪ ਏਕਤਾ, ਨਾਮਰੂਪ ਅਨੇਕਤਾ ਵਿਚ ਬਦਲ ਗਈ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕੋਈ ਅਨਾਮ ਰੂਪ ਏਕਤਾ (ਕਰਤਾ) ਨਹੀਂ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕਰਤਾ ਦੀ ਭਾਲ ਸਾਕਤ ਕਿਰਿਆ ਹੈ। ਮੈਂ 'ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖ ਚਲਤੁ ਦਿਖਾਇਆ॥ ਬਾਹਰ ਖੋਜ ਮੂਏ ਸਭੁ ਸਾਕਤ ਹਰ ਗੁਰਮਤੀ ਘਰ ਪਾਇਆ॥' 'ਜੇਤਾ ਕੀਤਾ ਤੇਤਾ ਨਾਉ॥' ਜਿਨ੍ਹਾਂ ਵੀ ਸਿਰਜਿਆ ਹੋਇਆ ਹੈ, ਸਾਰਾ ਨਾਮ ਹੀ ਤਾਂ ਹੈ। ਜਿਹੜਾ ਖੁਦ ਹੀ ਨਾਮ ਹੈ, ਉਸ ਨੂੰ ਬਾਹਰੋਂ ਨਾਮ ਭਾਲਣ ਦੀ ਕੀ ਲੋੜ ਹੈ? ਕਿਤੇ ਹੋਰ ਜਾਣ ਦੀ ਕੀ ਲੋੜ ਹੈ? ਹੁਣ ਆਪਾਂ ਇਹ ਦੇਖਾਂਗੇ ਕਿ ਗੁਰਮਤਿ ਅਨੁਸਾਰ ਪ੍ਰਭੂ ਪ੍ਰਾਪਤੀ ਦੀ ਕੀ ਵਿਆਖਿਆ ਹੈ? ਗੁਰਮਤਿ ਦੇ ਨਜ਼ਰੀਏ ਵਿਚ ਇਹ ਸੰਸਾਰ ਅਨਾਮ ਰੂਪ ਏਕਤਾ (ਹਰ) ਦਾ ਹੀ ਰੂਪ ਹੈ। ਇਹੁ ਵਿਸੁ ਸੰਸਾਰੁ ਤੁਮ ਦੇਖਤੇ ਇਹੁ ਹਰ ਕਾ ਰੂਪ ਹੈ॥ ਨਿੱਜੀ ਨਾਮ (ਹਉਮੈ) ਦਾ ਆਪਣੇ-ਆਪ ਨੂੰ ਸਮੁੱਚੇ ਨਾਮ (ਸੰਸਾਰ) ਦੇ ਅਰਪਣ ਕਰ ਦੇਣਾ ਹੀ ਪ੍ਰਭੂ ਪ੍ਰਾਪਤੀ ਹੈ। 'ਆਪੁ ਗਵਾਈਐ ਤਾਂ ਸਹੁ ਪਾਇਐ ਅਉਰੁ ਕੈਸੀ ਚਤੁਰਾਈ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਰੁ ਸਭਨਾ ਕੀ ਰੇਣਕਾ ਤਉ ਆਉ ਹਮਾਰੈ ਪਾਸਿ॥ ਪ੍ਰਭੂ ਪ੍ਰਾਪਤੀ ਦੀ ਇਹ ਵਿਆਖਿਆ ਤੱਤੀਆਂ ਤਵੀਆਂ 'ਤੇ ਬੈਠਣ ਵਾਲਿਆਂ, ਆਰਿਆਂ ਨਾਲ ਸੀਸ ਚਿਰਵਾਉਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ, ਆਪਣੇ ਬੱਚਿਆਂ ਦੇ ਦਿਲ ਦੇ ਟੁਕੜੇ ਮੂੰਹ ਵਿਚ ਪਵਾਉਣ ਵਾਲਿਆਂ ਅਤੇ ਹੋਰ ਅਨੇਕਾਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਹੀ ਰਾਸ ਆ ਸਕਦੀ ਹੈ। ਕਲਜੁਗ ਦੇ ਤੱਤੇ ਝੋਲਿਆਂ ਤੋਂ ਬਚਾਈਂ, ਔਖੀ ਘੜੀ ਨਾ ਦੇਖਣ ਦੇਈਂ, ਰਟਣ ਵਾਲਿਆਂ ਨੂੰ ਪ੍ਰਭੂ ਪ੍ਰਾਪਤੀ ਦੀ ਇਹ ਪਰਿਭਾਸ਼ਾ ਰਾਸ ਨਹੀਂ ਆਉਣੀ।
ਪ੍ਰਭੂ ਪ੍ਰਾਪਤੀ ਦਾ ਜਿਹੜਾ ਰਾਹ ਇਨ੍ਹਾਂ ਲੋਕਾਂ ਨੇ ਫੜਿਆ ਹੋਇਆ ਹੈ, ਗੁਰਬਾਣੀ ਉਸ ਨੂੰ ਮਾਨਤਾ ਨਹੀਂ ਦਿੰਦੀ। ਜਿਵੇਂ, ਰਾਮੁ ਰਾਮੁ ਕਰਤਾ ਸਭੁ ਜਗੁ ਫਿਰੇ ਰਾਮ ਨਾ ਪਾਇਆ ਜਾਏ॥ ਨਿਰਹਾਰ ਵਰਤੀ ਅਪਰਸਾ॥ ਇਕ ਲੂਕਿ ਨਾ ਦੇਵਜਿ ਦਰਸਾ॥ ਇਕਿ ਮਨ ਹੀ ਗਿਆਤਾ॥ ਘਾਟ ਨਾ ਕਿਨਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਗੁਰਬਾਣੀ ਦੀਆਂ ਇਹ ਤੁਕਾਂ ਦਰਸਾਉਂਦੀਆਂ ਹਨ ਕਿ ਪ੍ਰਭੂ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ ਹੈ। ਇਹ ਅਸਰੀਰੀ ਹੈ। ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਉਹ ਲੋਕ ਜੋ ਕਹਿੰਦੇ ਹਨ ਕਿ ਜਾਪੁ ਤਾਪੁ ਅਤੇ ਸਿਮਰਨ ਨਾਲ ਸਰੀਰੀ ਪ੍ਰਭੂ ਦਰਸ਼ਨ ਦੇ ਦਿੰਦਾ ਹੈ, ਗੁਰਬਾਣੀ ਦਾ ਕਥਨ ਹੈ ਕਿ ਅਜਿਹੇ ਲੋਕਾਂ ਦਾ ਮੂੰਹ ਜਲ ਜਾਵੇਗਾ। ਗੁਰਬਾਣੀ ਦੀਆਂ ਹੇਠਲੀਆਂ ਸਤਰਾਂ ਵੀ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਹਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ਭੂਲੀ ਮਾਲਿਨੀ ਹੈ ਏਉ॥ ਸਤਿਗੁਰੂ ਜਾਗਤਾ ਹੈ ਦੇਉ॥ ਬ੍ਰਹਮ ਪਾਤੀ ਬਿਸੁਨ ਡਾਰੀ ਫੂਲ ਸੰਕਰ ਦੇਉ॥ ਤੀਨਿ ਦੇਵਿ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਸੱਚ ਉਨ੍ਹਾਂ ਲੋਕਾਂ ਨੂੰ ਬੜਾ ਕੌੜਾ ਲੱਗੇਗਾ ਜਿਹੜੇ ਜਿਉਂਦੇ ਜਾਗਦੇ ਸਤਿਗੁਰ (ਜਾਗਤ ਜੋਤ) ਨੂੰ ਇਕ ਨਿਰਜੀਵ ਪੱਥਰ ਦੀ ਭੇਟ ਕਰ ਰਹੇ ਹਨ। ਯਮਲਾ ਜੱਟ ਦੀਆਂ ਦੋ ਲਾਈਨਾਂ ਇੱਥੇ ਲਿਖਣੀਆਂ ਪਸੰਦ ਕਰਾਂਗਾ:
"ਐਸੀ ਰੀਤ ਦੇਖੀ ਯਾਰੋ ਇਸ ਸੰਸਾਰ ਦੀ, ਮੋਇਆਂ ਨੂੰ ਇਹ ਪੂਜਦੀ ਜਿਉਂਦਿਆਂ ਨੂੰ ਮਾਰਦੀ।"
ਗੁਰਮਤਿ ਸਰੀਰੋਂ ਬਾਹਰ ਕਿਸੇ ਹੋਰ ਸਰੀਰੀ ਪ੍ਰਭੂ ਦੀ ਧਾਰਨਾ ਨੂੰ ਰੱਦ ਕਰਦੀ ਹੈ। ਗੁਰਮਤਿ ਦਾ ਪ੍ਰਭੂ ਅਸਰੀਰੀ ਹੈ। ਇਹ ਗੁਰਮੁਖ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਬ੍ਰਹਮ ਗਿਆਨੀ, ਸੰਤ, ਗੁਰ, ਸਤਿਗੁਰ ਅਸਰੀਰੀ ਹਨ। ਇਹ ਸਾਰੇ ਗੁਰਮੁਖ ਵਿਚ ਸਮਾਏ ਹੋਏ ਹਨ। ਗੁਰਬਾਣੀ ਦਾ ਫੁਰਮਾਨ ਹੈ:
ਗੁਰਿ ਕਹਿਆ ਅਵਰੁ ਨਹੀਂ ਦੂਜਾ॥
ਕਿਸੁ ਕਹੁ ਦੇਖ ਕਰਉ ਅਨ ਪੂਜਾ॥
ਕਥਨੀ ਕਹਹਿ ਕਹੇ ਸੇ ਮੂਏ॥
ਸੋ ਪ੍ਰਭੂ ਦੂਰ ਨਹੀਂ ਪ੍ਰਭ ਤੂੰ ਹੈ॥
ਇਸ ਸਰੀਰ ਤੋਂ ਬਾਹਰ ਕਿਸੇ ਹੋਰ ਸਰੀਰ ਦਾ ਆਸਰਾ ਤੱਕਣਾ ਦੂਜਾ ਭਾਉ ਹੈ। ਕਲਮ ਜਲਊ ਸਣ ਮਸਵਾਣੀਆ ਕਾਗਦ ਭੀ ਜਲ ਜਾਉ। ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ। ਗੁਰਬਾਣੀ ਦੀ ਆਰਤੀ ਸਾਡੀ ਆਰਤੀ ਨਾਲੋਂ ਵੱਖਰੀ ਹੈ। "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ।" ਆਹ! ਕਿੰਨੀ ਵਧੀਆ ਤੇਰੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ ਪਰ ਅਸੀਂ ਥਾਲ ਵਿਚ ਦੀਵੇ ਰੱਖ ਕੇ ਨਕਲੀ ਆਰਤੀ ਕਰਨੋਂ ਹਟ ਨਹੀਂ ਸਕਦੇ। ਗੁਰਬਾਣੀ ਦਾ ਸਿਮਰਨ ਵੀ ਸਾਡੇ ਸਿਮਰਨ ਨਾਲੋਂ ਵੱਖਰੇ ਅਰਥ ਰਖਦਾ ਹੈ। 'ਜਾਪੁ ਤਾਪੁ ਕੋਟਿ ਲਖ ਪੂਜਾ ਹਰਿ ਸਿਮਰਨ ਤੁਲਿ ਨਾ ਲਾਇਣ।' ਹਰ ਸਿਮਰਨ ਦੀ ਬਰਾਬਰੀ ਲੱਖਾਂ ਕਰੋੜਾਂ ਜਾਪ ਤਪ ਅਤੇ ਪੂਜਾ ਨਹੀਂ ਕਰ ਸਕਦੇ। ਆਉ, ਹੁਣ ਹਰ ਸਿਮਰਨ ਦੇ ਅਰਥਾਂ ਨੂੰ ਵਿਚਾਰੀਏ। "ਹਰਿ ਸਿਮਰਨ ਕੀਓ ਸਗਲ ਆਕਾਰਾ॥ ਹਰਿ ਸਿਮਰਨ ਮਹਿ ਆਪ ਨਿਰੰਕਾਰਾ॥" ਇਸ ਦੇ ਦੋ ਅਰਥ ਕੀਤੇ ਜਾ ਸਕਦੇ ਹਨ, ਪਹਿਲਾ, ਹਰ ਸਿਮਰਨ ਨੂੰ ਵਿਸ਼ੇਸ਼ਣ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ ਨਾਲ ਕਰਦੇ ਹਾਂ ਜਿਹੜੀ ਤਦਭਾਵ ਤੁਕ ਹੈ। 'ਨਾਮ ਕੇ ਧਾਰੇ ਸਗਲੇ ਜੰਤ॥' ਨਾਮ ਅਤੇ ਸਿਮਰਨ ਤਦਭਵ ਸ਼ਬਦ ਹੋ ਨਿਬੜਦੇ ਹਨ ਜਿਨ੍ਹਾਂ ਦਾ ਸਬੰਧ ਉਤਪਤੀ ਨਾਲ ਹੈ, ਜਾਪ ਜਾਂ ਸਿਮਰਨ ਨਾਲ ਨਹੀਂ। ਦੂਜਾ, ਹਰ ਸਿਮਰਨ ਨੂੰ ਕਿਰਿਆ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ 'ਖਾਲਕ ਖਲਕ ਖਲਕ ਮਹਿ ਖਾਲਕ' ਨਾਲ ਕਰਦੇ ਹਾਂ ਜਿਹੜੀ ਉਪਰੋਕਤ ਤੁਕ ਦੀ ਤਦਭਵ ਤੁਕ ਹੈ।
ਹੁਣ ਜੇ ਆਪਾਂ 'ਖਲਕ ਮਹਿ ਖਾਲਕ' ਅਤੇ 'ਹਰ ਸਿਮਰਨ ਮਹਿ ਆਪ ਨਿਰੰਕਾਰ' ਦੀ ਤੁਲਨਾ ਕਰੀਏ ਤਾਂ ਹਰ ਸਿਰਮਨ ਦਾ ਅਰਥ ਖਲਕ ਜਾਂ ਕੁਦਰਤ ਹੈ। ਭਾਵ ਕੁਦਰਤ ਦੇ ਜੀਵਨ ਰੌਂਅ ਦਾ ਸਹਿਜ ਵਰਤਾਰਾ ਹੀ ਹਰ ਸਿਮਰਨ ਹੈ, ਆਰਤੀ ਹੈ ਪਰ ਅਸੀਂ ਗੁਰਬਾਣੀ ਦੇ ਇਸ ਰਹੱਸ ਨੂੰ ਸਮਝ ਨਹੀਂ ਸਕੇ ਅਤੇ 'ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਕਰਤਾ ਰੇ' ਦਾ ਸੱਦਾ ਸਾਡੇ 'ਤੇ ਪੂਰਾ ਢੁਕਦਾ ਹੈ। ਗੁਰਮਤਿ ਇਕ ਮਾਰਗ ਹੈ। ਸਬਰ, ਸੰਤੋਖ, ਸੱਚ, ਸਹਿਜ ਅਤੇ ਅਡੋਲਤਾ ਇਸ ਦੀ ਮੰਜ਼ਲ ਹੈ ਪਰ ਅਸੀਂ ਮਾਰਗ ਨੂੰ ਹੀ ਮੰਜ਼ਲ ਮੰਨ ਲਿਆ ਹੈ। ਗੁਰਮੁਖ ਦੇ ਚਲਾਏ ਗਾਡੀ ਰਾਹ 'ਤੇ ਅਸੀਂ ਮਨਮੁਖਤਾ ਦੀ ਧੂੜ ਉਡਾ ਦਿੱਤੀ ਹੈ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਨਾਲ ਲੱਦਿਆ ਸਾਡਾ ਆਪਣਾ ਟੱਟੂ ਵੀ ਇਸ ਧੂੜ ਵਿਚ ਰਲਿਆ ਹੋਇਆ ਹੈ। ਕੂੜ ਅਤੇ ਧੂੜ ਦੀ ਇਸ ਹਨੇਰੀ ਵਿਚ ਅੰਨ੍ਹੀ ਪੀਂਹਦੀ ਅਤੇ ਕੁੱਤੀ ਚੱਟਦੀ ਹੈ। ਸਬਰ ਸੰਤੋਖ ਸੱਚ ਸਹਿਜ ਅਤੇ ਅਡੋਲਤਾ ਸਾਡੇ ਵਿਚੋਂ ਲੋਪ ਹੋ ਗਏ ਹਨ। ਅੱਜ ਦੇਹਧਾਰੀ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਮਹਾਰਾਜ ਅਤੇ ਚੇਲੇ ਤਾਂ ਬਹੁਤ ਹਨ ਪਰ ਗੁਰਮੁਖ ਜਾਂ ਖ਼ਾਲਸਾ ਕੋਈ ਵਿਰਲਾ ਹੀ ਹੋਵੇਗਾ।
ਖ਼ਾਲਸਾ ਗੁਰਮੁਖ ਦਾ ਸਿਖਰ ਰੂਪ ਹੈ ਜਿਵੇਂ ਸਿੱਟਾ ਬੂਟੇ ਦਾ ਸਿਖਰ ਰੂਪ ਹੁੰਦਾ ਹੈ। ਬੂਟੇ ਤੋਂ ਬਗੈਰ ਜਿਵੇਂ ਸਿੱਟੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਠੀਕ ਇਸੇ ਤਰ੍ਹਾਂ ਖ਼ਾਲਸਾ ਉਹੀ ਸਜ ਸਕਦਾ ਹੈ ਜਿਹੜਾ ਗੁਰਮੁਖ ਹੋਵੇ ਪਰ ਅੱਜ ਕੱਲ੍ਹ ਖਾਲਸਾ ਸਜਣ ਵਾਸਤੇ ਗੁਰਮੁਖ ਹੋਣ ਦੀ ਸ਼ਰਤ ਨਹੀਂ ਲਾਈ ਜਾਂਦੀ। ਅਜਿਹਾ ਕਰਕੇ ਅਸੀਂ ਗੁਰੂਆਂ ਦੀਆਂ ਨੌਂ ਪੀੜ੍ਹੀਆਂ ਦੀ ਘਾਲਣਾ ਨੂੰ ਉਕਾ ਹੀ ਵਿਸਾਰ ਦਿੱਤਾ ਹੈ। ਬੇਸ਼ਕ ਅਸੀਂ ਕਹੀ ਜਾਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਅਸੀਂ ਗੁਰੂ ਨਾਲੋਂ ਵੱਧ ਸਤਿਕਾਰ ਦੇਹਧਾਰੀਆਂ ਨੂੰ ਦੇ ਰਹੇ ਹਾਂ। ਇਹ ਕੌੜਾ ਸੱਚ ਹੈ ਜਿਹੜਾ ਸਾਨੂੰ ਮੰਨਣਾ ਔਖਾ ਲਗਦਾ ਹੈ। ਅੱਜ ਗੁਰੂ ਘਰਾਂ ਵਿਚ ਗੁਰਮਤਿ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਮੈਨੂੰ ਤਾਂ ਇਉਂ ਲਗਦਾ ਹੈ ਜਿਵੇਂ ਕੋਈ ਸਾਡਾ ਹੀ ਪਿਸਤੌਲ ਲੈ ਕੇ ਸਾਡਾ ਹੀ ਘਰ ਲੁੱਟੀ ਜਾਂਦਾ ਹੋਵੇ। ਰੋਗੀ ਦਾ ਰੋਗ ਨੂੰ ਪਛਾਣ ਲੈਣਾ ਤੰਦਰੁਸਤੀ ਦੀ ਦੱਸ ਪਾਉਂਦਾ ਹੈ ਪਰ ਜੇਕਰ ਕੋਈ ਰੋਗੀ ਇਹ ਕਹੇ-ਮੈਂ ਤੰਦਰੁਸਤ ਹਾਂ, ਤਾਂ ਉਹ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਰੋਗ ਨੂੰ ਕਬੂਲ ਕਰ ਲੈਣ ਵਾਲੇ ਸੁਹਿਰਦ ਰੋਗੀਆਂ ਦੀ ਭਾਲ ਨੂੰ ਸਮਰਪਤ ਹੈ ਮੇਰਾ ਇਹ ਲੇਖ ।
ਲੇਖਕ-- ਜੋਰਾ ਸਿੰਘ ਰਾਜੋਆਣਾ