ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Friday, July 15, 2011

ਸਤਿਗੁਰ ਦੇ ਸਚਿਆਰ ਸਿੱਖ

ਸਤਿਗੁਰ ਦੇ ਸਚਿਆਰ ਸਿੱਖ
-ਮਝੈਲ ਸਿੰਘ ਸਰਾਂ
ਜਿੱਦਾਂ ਜਿੱਦਾਂ ਸਿੱਖੀ ਦਾ ਪ੍ਰਚਾਰ ਵੱਧੀ ਜਾਂਦੈ, ਸੰਤਵਾਦ ਅਤੇ ਡੇਰਾਵਾਦ ਦਾ ਪਸਾਰਾ ਵੀ ਉਦੋਂ ਵੱਧ ਹੋਈ ਜਾਂਦੈ। ਸੰਤ ਬਣਨਾ ਕੋਈ ਗੁਨਾਹ ਥੋੜ੍ਹਾ, ਸਗੋਂ ਇਹ ਤਾਂ ਕਿਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਵੇ ਤਾਂ ਉਸ ਜੀਵ ਜਾਂ ਇਨਸਾਨ ਨੂੰ ਆਪਣੇ ਵਰਗਾ ਕਰਕੇ ਸੰਤ ਨਾਮ ਨਾਲ ਨਿਵਾਜਦਾ ਹੈ, ਤੇ ਇਹੋ ਜਿਹੇ ਸੰਤਾਂ ਦੀ ਪਛਾਣ ਉਨ੍ਹਾਂ ਦੇ ਜੀਵਨ ਤੋਂ ਹੁੰਦੀ, ਨਾ ਕਿ ਕਿਸੇ ਖਾਸ ਪਹਿਰਾਵੇ ਤੋਂ ਜਾਂ ਵੱਡੇ ਸੰਗਮਰਮਰੀ ਆਲੀਸ਼ਾਨ ਡੇਰੇ ਜਾਂ ਠਾਠ ਤੋਂ, ਤੇ ਨਾ ਹੀ ਉਥੇ ਅਣਗਿਣਤ ਚੌਕੀਆਂ ਭਰਨ ਵਾਲੀ ਭੀੜ ਤੋਂ। ਰੱਬ ਦੇ ਸੰਤ ਤਾਂ ਹੱਥੀਂ ਜੁੱਤੀਆਂ ਬਣਾਉਂਦੇ ਸਨ, ਹਲ ਵਾਹ ਕੇ ਟੱਬਰ ਪਾਲਦੇ ਸਨ, ਹੱਥੀਂ ਖੱਦਰ ਬੁਣ ਕੇ ਗੁਜ਼ਾਰਾ ਕਰਦੇ ਸਨ ਤੇ ਜਦੋਂ ਕੋਈ ਉਨ੍ਹਾਂ ਦੀ ਸੰਗਤ ਵਿਚ ਆਉਂਦਾ ਤਾਂ ਉਨ੍ਹਾਂ ਨੂੰ ਸਿਰਫ਼ ਇਕ (1) ਨਾਲ ਜੁੜਨ ਨੂੰ ਕਹਿੰਦੇ। ਕਦੀ ਨਹੀਂ ਸੀ ਕਹਿੰਦੇ ਕਿ ਸਾਡੇ ਚੇਲੇ ਬਣੋ, ਤਾਂ ਹੀ ਤਾਂ ਅੱਜ ਵੀ ਉਹ ਸਦੀਆਂ ਬਾਅਦ ਸਾਡੇ ਪ੍ਰੇਰਨਾ ਸਰੋਤ ਹਨ। ਇਸ ਤੋਂ ਉਲਟ ਜਿਨ੍ਹਾਂ ਨੇ ਆਪਣੇ - ਆਪ ਨੂੰ ਰੱਬ ਦੇ ਸ਼ਰੀਕ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਲੋਕਾਂ ਦੀ ਯਾਦ ਵਿਚੋਂ ਹੌਲੀ-ਹੌਲੀ ਮਨਫੀ ਹੋ ਜਾਂਦੇ ਹਨ।

ਜਿੱਦਾਂ ਕੋਈ ਵੀ ਤੇਤੀ ਕਰੋੜ ਦੇਵੀਆਂ-ਦੇਵਤਿਆਂ ਦੇ ਨਾਂ ਨਹੀਂ ਜਾਣਦਾ, ਇਹੋ ਹਾਲ ਸੱਚ ਜਾਣਿਓ, ਹੁਣ ਸਿੱਖ ਸੰਤਾਂ ਨੇ ਕਰ ਦੇਣੈ। ਜੇ ਕਰੋੜਾਂ ‘ਚ ਨਹੀਂ ਤਾਂ ਲੱਖਾਂ ਵਿਚ ਤਾਂ ਛੇਤੀ ਹੋ ਜਾਊ ਇਨ੍ਹਾਂ ਦੀ ਗਿਣਤੀ। ਕਮਾਲ ਇਹ ਕਰੀ ਜਾਂਦੇ ਕਿ ਨਾਂ ਗੁਰੂ ਸਾਹਿਬਾਨ ਦਾ ਵਰਤ ਕੇ, ਤੇ ਗੁਰਬਾਣੀ ਦੇ ਅਰਥ ਗੁਰਮਤਿ ਤੋਂ ਵੱਖਰੇ ਕਰਕੇ; ਤੇ ਗੁਰੂ ਸਾਹਿਬ ਦੇ ਨਾਂ ਦੇ ਓਹਲੇ ਵਿਚ ਗੁਰੂ ਦੀ ਜਗ੍ਹਾ ਡੇਰੇਦਾਰ (ਸੰਤ) ਨੂੰ ਰੱਖ ਕੇ ਉਹਦੇ ਸਿੱਖ ਬਣਾਈ ਜਾਂਦੇ ਹਨ। ਅੰਮ੍ਰਿਤ ਛਕਾਉਂਦੇ ਨੇ ਤੇ ਮਰਿਯਾਦਾ ਡੇਰੇ ਦੀ ਪੱਕੀ ਕਰਾਉਂਦੇ ਨੇ ਜਿਹੜੀ ਗੁਰੂ ਨਾਨਕ ਦੇ ਮਿਸ਼ਨ ਦੇ ਉਲਟ ਹੈ। ਜਿਨ੍ਹਾਂ ਬੁਰਾਈਆਂ ਤੋਂ ਬਾਬੇ ਨਾਨਕ ਨੇ ਆਪਣੇ ਸਿੱਖਾਂ ਨੂੰ ਵਰਜਿਆ ਸੀ, ਉਹੋ ਦੂਣ-ਸਵਾਈਆਂ ਕਰਕੇ ਬਾਬੇ ਨਾਨਕ ਦੇ ਨਾਂ ‘ਤੇ ਹੀ ਗੱਜ - ਵੱਜ ਕੇ ਸੰਤ ਆਪਣੇ ਠਾਠਾਂ-ਡੇਰਿਆਂ ‘ਤੇ ਕਰੀ - ਕਰਵਾਈ ਜਾਂਦੇ ਆ, ਤੇ ‘ਵਿਚਾਰੇ ਸਿੱਖ’ ਕੁਝ ਅਣਜਾਣਪੁਣੇ ਵਿਚ ਕੁਝ ਲਾਈਲੱਗ ਬਣ ਕੇ, ਕੁਝ ਸੰਤ ਦੇ ਸਰਾਪ ਤੋਂ ਡਰਦੇ ਤੇ ਕੁਝ ਅੰਨ੍ਹੀ ਸ਼ਰਧਾਵੱਸ ਸਭ ਕੁਝ ਕਰੀ ਜਾਂਦੇ ਨੇ, ਤੇ ਆਪਣੇ ਆਪ ਨੂੰ ‘ਸਤਿਗੁਰ ਦੇ ਸਚਿਆਰ ਸਿੱਖ’ ਸਮਝ ਕੇ ਵੱਡੇ ਧਰਮੀ ਹੋਣ ਦਾ ਭਰਮ ਵੀ ਪਾਲੀ ਜਾਂਦੇ ਨੇ; ਇਸ ਗੱਲੋਂ ਬੇਖ਼ਬਰ ਕਿ ਆਪਣੇ ਉਸੇ ਗੁਰੂ ਦੀ ਸਿੱਖਿਆ ਤੋਂ ਉਲਟ ਜਾ ਕੇ ਕਿੱਦਾਂ ਸਚਿਆਰ ਹੋਵਾਂਗੇ?

ਗੁਰੂ ਦੇ ਸਿੱਖ ਨੂੰ ਸਚਿਆਰਾ ਬਣਨ ਲਈ ਕੋਈ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾ। ਬੱਸ ਇਕ ਭਰੋਸਾ ਆਪਣੇ ਗੁਰੂ ‘ਤੇ ਹੀ ਕਾਫ਼ੀ ਹੈ। ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ, ਇਹੋ ਜਿਹੇ ਸਚਿਆਰ ਸਿੱਖਾਂ ਬਾਰੇ ਸਿੱਖ ਇਤਿਹਾਸ ਤੇ ਸਾਖੀਆਂ ਵਿਚ ਜ਼ਿਕਰ ਹੋਇਆ ਮਿਲਦਾ ਹੈ ਪਰ ਗੁਰੂ ਦੇ ਕਈ ਸਿੱਖ ਤਾਂ ਇੰਨੇ ਮਹਾਨ ਹੋਏ ਹਨ ਜਿਹੜੇ ਸਿੱਖ ਇਤਿਹਾਸ ਵਿਚ ਬੇਨਾਮੀ ਹੀ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਸਿੱਖ ਵਜੋਂ ਹੀ ਆਇਆ ਹੈ। ਇੱਥੇ ਅੱਜ ਆਪਾਂ ਉਸ ਸਿੱਖ ਬਾਬਤ ਗੱਲ ਸਾਂਝੀ ਕਰਾਂਗੇ ਜਿਸ ਦਾ ਗੁਰੂ ‘ਤੇ ਭਰੋਸਾ ਲਾਮਿਸਾਲ ਸੀ, ਉਸ ਦੀ ਜ਼ਿੰਦਗੀ ਸ਼ਾਇਦ ਅੱਜ ਦੇ ਸਮੇਂ ਵਿਚ ਸਾਡੇ ਸਾਰੇ ਸਿੱਖਾਂ ਲਈ ਪ੍ਰੇਰਨਾ ਸਰੋਤ ਬਣ ਜਾਵੇ ਤੇ ਅਸੀਂ ਸਿਵਾਏ ਗੁਰਬਾਣੀ ਤੇ ਸ਼ਬਦ ਗੁਰੂ ਤੋਂ ਹੋਰ ਕਿਸੇ ਵੱਲ ਮੂੰਹ ਨਾ ਕਰੀਏ।

ਇਹ ਸਿੱਖ ਗੁਰੂ ਅਰਜਨ ਦੇਵ ਦੇ ਵਕਤ ਦਾ ਹੈ, ਤੇ ਇਸ ਦਾ ਨਾਂ ਭਾਈ ਤਿਲਕੂ ਸੀ। ਇਹ ਗੜ੍ਹਸ਼ੰਕਰ ਰਹਿੰਦਾ ਸੀ ਤੇ ਘਰ ਗ੍ਰਹਿਸਥੀ ਕਬੀਲਦਾਰ ਕੰਮ-ਕਾਜੀ ਬੰਦਾ ਸੀ। ਸ਼ਾਇਦ ਭਾਈ ਤਿਲਕੂ ਜ਼ਿੰਦਗੀ ਵਿਚ ਇਕੋ ਵਾਰੀ ਗੁਰੂ ਅਰਜਨ ਦੇਵ ਨੂੰ ਮਿਲਿਆ ਤੇ ਇਸ ਇਕੋ ਮਿਲਣੀ ਨੇ ਉਹ ਦੇ ਸਾਰੇ ਦੁੱਖ ਦਲਿੱਦਰ ਪਰਾਂਹ ਵਗਾਹ ਮਾਰੇ। ਜਿਹੜਾ ਬੰਦਾ ਪਹਿਲਾਂ ਸਵਰਗਾਂ-ਨਰਕਾਂ ਦੇ ਚੱਕਰਾਂ ‘ਚ ਫਸਿਆ ਹਰ ਮੂਰਤੀ ਮੋਹਰੇ ਧੂਫ਼ ਧੁਖਾਈ ਜਾਂਦਾ ਸੀ, ਹਰ ਸਾਧ ਦੇ ਧੂਣੇ ਤੋਂ ਸੁਆਹ ਦੇ ਤਿਲਕ ਲਵਾਈ ਫਿਰਦਾ ਸੀ, ਗੁਰੂ ਜੀ ਨੇ ਜਦ ਉਹਦੇ ਅੰਦਰਲੇ ਛੁਪੇ ਰੱਬੀ ਗਿਆਨ ਨੂੰ ਤੁਣਕਾ ਮਾਰਿਆ ਤਾਂ ਉਹ ਢੋਂਗ ਨੂੰ ਸਦਾ ਲਈ ਲੱਤ ਮਾਰ ਕੇ ਇਕ ਅਕਾਲ ਪੁਰਖ ਦੀ ਇਬਾਦਤ ਵਿਚ ਐਸਾ ਜੁੜਿਆ ਕਿ ਉਹਨੂੰ ਸਵਰਗਾਂ ਦੀ ਕੋਈ ਪਰਵਾਹ ਹੀ ਨਾ ਰਹੀ। ਇਕੋ ਗੁਰੂ ਮਤ-ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਉਤੇ ਰਹਿੰਦੀ ਜ਼ਿੰਦਗੀ ਠੋਕ ਕੇ ਪਹਿਰਾ ਦਿੱਤਾ। ਕਿਸੇ ਸਾਧ-ਸੰਤ ਕੋਲ ਨਹੀਂ ਗਿਆ ਫਿਰ, ਕਿ ਮੈਨੂੰ ਸਵਰਗ ਦੀਆਂ ਦਾਤਾਂ ਬਖਸ਼; ਤੇ ਜੇ ਕੋਈ ਉਹਦੇ ਦਰ ‘ਤੇ ਸਵਰਗ ਦੇਣ ਆਇਆ ਤਾਂ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦਾ ਥੋੜ੍ਹਾ ਜਿਹਾ ਵਿਸਥਾਰ ਕਰਨ ਤੋਂ ਪਹਿਲਾਂ ਇੱਥੇ ਦੱਸ ਦਿਆਂ ਕਿ ਭੂਗੋਲਿਕ ਤੌਰ ‘ਤੇ ਗੜ੍ਹਸ਼ੰਕਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਨੂੰ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਤੇ ਲਹਿੰਦਾ ਪਾਸਾ ਪੂਰਾ ਮੈਦਾਨੀ ਹੈ। 15ਵੀਂ - 16ਵੀਂ ਸਦੀ ਵਿਚ ਜਾਂ ਉਸ ਤੋਂ ਵੀ ਪਹਿਲਾਂ ਜਿੰਨੇ ਵੀ ਸਾਧੂ - ਮਹਾਤਮਾ ਹੁੰਦੇ ਸੀ, ਜ਼ਿਆਦਾਤਰ ਪਹਾੜਾਂ ਵਿਚ ਰਹਿ ਕੇ ਤਪੱਸਿਆ ਕਰਦੇ ਸੀ, ਤੇ ਲੋੜਾਂ ਪੂਰੀਆਂ ਕਰਨ ਹੀ ਮੈਦਾਨੀ ਇਲਾਕਿਆਂ ਵੱਲ ਆਉਂਦੇ ਸਨ। ਇਸ ਕਰਕੇ ਇਹ ਸਾਰੇ, ਯਾਨਿ ਮੈਦਾਨਾਂ ਵੱਲੋਂ ਪਹਾੜਾਂ ਨੂੰ ਜਾਣ ਲੱਗਿਆਂ ਤੇ ਫਿਰ ਪਹਾੜਾਂ ਤੋਂ ਉਤਰ ਕੇ ਮੈਦਾਨਾਂ ਵੱਲ ਜਾਣ ਲੱਗਿਆਂ, ਇਕ ਪੜਾਅ ਗੜ੍ਹਸ਼ੰਕਰ ਜ਼ਰੂਰ ਕਰਦੇ। ਹਰ ਸਾਧੂ - ਸੰਤ ਆਪੋ-ਆਪਣੇ ਮੁਤਾਬਿਕ ਲੋਕਾਂ ਨੂੰ ਜੀਵਨ ਮੁਕਤੀ ਦੀਆਂ ਜੁਗਤਾਂ ਵੀ ਦੱਸਦਾ ਹੋਣਾ ਤੇ ਇੱਥੋਂ ਦੇ ਵਸਨੀਕ ਹਰ ਸਾਧ ਮਗਰ ਲੱਗ ਵੀ ਜਾਂਦੇ ਹੋਣੇ ਹਨ ਕਿਉਂਕਿ ਉਹ ਜ਼ਮਾਨਾ ਹੀ ਵਹਿਮਾਂ-ਭਰਮਾਂ, ਟੂਣੇ-ਟਾਮਣਾਂ ਦਾ ਸੀ ਤੇ ਭਾਈ ਤਿਲਕੂ ਵੀ ਇਸ ਅਸਰ ਤੋਂ ਕਿੱਦਾਂ ਅਭਿੱਜ ਰਹਿ ਸਕਦਾ ਸੀ। ਉਸ ਨੇ ਵੀ ਆਉਂਦੇ-ਜਾਂਦੇ ਸਾਧਾਂ ‘ਤੇ ਬਥੇਰੀ ਕਮਾਈ ਲੁਟਾਈ ਹੋਣੀ। ਜਦੋਂ ਗੁਰੂ ਅਰਜਨ ਸਿੱਖੀ ਦੇ ਪ੍ਰਚਾਰ ਵਿਚ ਇੱਧਰ ਆਏ ਤਾਂ ਸ਼ਾਇਦ ਬਾਬਾ ਲੱਖੋ ਜੀ ਪਿੰਡ ਭਾਰਟਾ ਕੋਲ ਰੁਕੇ। ਇੱਥੇ ਹੀ ਭਾਈ ਤਿਲਕੂ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਤਾਂ ਸਦਾ ਲਈ ਗੁਰੂ ਦੇ ਹੋ ਕੇ ਰਹਿ ਗਏ। ਸਾਧਾਂ ਦੇ ਪਾਏ ਸਭ ਭਰਮ-ਭੁਲੇਖੇ ਦੂਰ ਹੋ ਗਏ।

ਗੜ੍ਹਸ਼ੰਕਰ ਵਿਚ ਹੀ ਇਕ ਹੋਰ ਧਾਰਮਿਕ ਜਗ੍ਹਾ ਹੈ ਜਿਸ ਨੂੰ ਮਹੇਸ਼ਆਣਾ ਕਿਹਾ ਜਾਂਦਾ ਹੈ। ਇੱਥੇ ਮੰਦਿਰ ਵੀ ਹੈ। ਅਸਲ ਵਿਚ ਇੱਥੇ ਮਹੇਸ਼ ਨਾਂ ਦਾ ਯੋਗੀ ਆਇਆ ਸੀ। ਉਨ੍ਹੀਂ ਦਿਨੀਂ ਪੰਜਾਬ ਵਿਚ ਯੋਗ-ਮਤ ਅਤੇ ਯੋਗੀਆਂ ਦੀ ਬਹੁਤ ਮਾਨਤਾ ਸੀ ਤੇ ਇਹ ਯੋਗੀ ਰਿੱਧੀਆਂ-ਸਿੱਧੀਆਂ ਵਿਚ ਵਿਸ਼ਵਾਸ ਰੱਖਦੇ ਸਨ, ਇਸ ਲਈ ਕੁਦਰਤੀ ਸੀ ਕਿ ਲੋਕੀਂ ਇਨ੍ਹਾਂ ਗੱਲਾਂ ਵੱਲ ਜ਼ਿਆਦੇ ਖਿੱਚੇ ਜਾਂਦੇ। ਇਸ ਯੋਗੀ ਨੇ ਪਹਿਲਾਂ ਇੱਥੇ ਕਈ ਦਿਨ ਤਪੱਸਿਆ ਕੀਤੀ ਤੇ ਲੋਕਾਂ ਵਿਚ ਚੰਗੀ ਭੱਲ ਵੀ ਬਣਾ ਲਈ। ਆਖਿਰ ਵਿਚ ਬਹੁਤ ਵੱਡਾ ਯੱਗ ਕੀਤਾ ਤੇ ਪ੍ਰਚਾਰ ਇਹ ਕੀਤਾ ਕਿ ਇਸ ਯੱਗ ਤੋਂ ਬਾਅਦ ਜਿਹੜਾ ਵੀ ਉਹਦੇ (ਯੋਗੀ ਮਹੇਸ਼ ਦੇ) ਦਰਸ਼ਨ ਕਰਨ ਆਊਗਾ, ਉਹਦੇ ਪਿਛਲੇ ਸਾਰੇ ਪਾਪ ਕੱਟੇ ਜਾਣਗੇ ਤੇ ਅਗਲੇ ਸੰਸਾਰ ਭਾਵ ਮਰਨ ਉਪਰੰਤ ਸਵਰਗ ਨਸੀਬ ਹੋਊਗਾ। ਬੱਸ ਫਿਰ ਕੀ ਸੀ! ਗੜ੍ਹਸ਼ੰਕਰ ਤਾਂ ਕੀ, ਆਲੇ-ਦੁਆਲੇ ਦੇ ਇਲਾਕੇ ਵਾਲੇ ਭਲਾ ਕਾਹਨੂੰ ਮੁਫਤੋ - ਮੁਫਤੀ ਦੇ ਸਵਰਗ ਤੋਂ ਵਾਂਝੇ ਰਹਿੰਦੇ। ਜੋ ਕੁਝ ਘਰ ਸੀ, ਲਿਆ ਅਤੇ ਯੋਗੀ ਦੇ ਚੜ੍ਹਾਵਾ ਚਾੜ੍ਹ ਦਿੱਤਾ। ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ ਤੇ ਯੋਗੀ ਸਵਰਗ ਦੇ ਬੂਹੇ ਦੀ ਕੁੰਜੀ ਹਰ ਬੰਦੇ ਨੂੰ ਫੜਾਈ ਗਿਆ।

ਜਦੋਂ ਸਭ ਨੂੰ ਸਵਰਗ ਬਖ਼ਸ਼ਿਆ ਗਿਆ ਤਾਂ ਯੋਗੀ ਨੇ ਆਪਣੇ ਚੇਲਿਆਂ ਜਾਂ ਇਲਾਕੇ ਦੇ ਮੋਹਤਬਰਾਂ ਨੂੰ ਕਿਹਾ ਕਿ ਅਜੇ ਵੀ ਜੇ ਕੋਈ ਰਹਿ ਗਿਆ ਤਾਂ ਦਰਸ਼ਨ ਕਰ ਜਾਵੇ ਤਾਂ ਕਿ ਉਹਦਾ ਵਾਸਾ ਵੀ ਸਵਰਗ ਵਿਚ ਹੋ ਕੇ ਸਕੇ। ਯੋਗੀ ਨੂੰ ਜਦੋਂ ਦੱਸਿਆ ਕਿ ਬਾਕੀ ਇਲਾਕੇ ਦੀ ਤਾਂ ਛੱਡੋ, ਆਹ ਤੁਹਾਡੇ ਇਸ ਤਪ ਸਥਾਨ ਤੋਂ ਮਸਾਂ 5 ਕੁ ਗਜ਼ ‘ਤੇ ਤਿਲੋਕਾ ਨਾਂ ਦਾ ਬੰਦਾ ਰਹਿੰਦੈ। ਉਹ ਨਾ ਤਾਂ ਕਦੇ ਤੁਹਾਡੇ ਪ੍ਰਵਚਨ ਸੁਣਨ ਆਇਆ, ਨਾ ਹੀ ਯੱਗ ਵਿਚ ਅਤੇ ਨਾ ਹੀ ਹੁਣ ਤੁਹਾਡੇ ਦਰਸ਼ਨ ਕਰਨ ਆਇਆ। ਜੇ ਕਿਸੇ ਨੇ ਉਹਨੂੰ ਕਿਹਾ ਵੀ ਤਾਂ ਉਹ ਠੋਕ ਕੇ ਕਹਿ ਦਿੰਦਾ ਸੀ ਕਿ ਮੈਂ ਨਈਂ ਜਾਣਾ ਇਸ ਪਖੰਡੀ ਦੇ, ਨਾ ਹੀ ਮੈਨੂੰ ਲੋੜ ਹੈ ਇਹਦੇ ਸਵਰਗ ਦੀ। ਇਹ ਸੁਣ ਕੇ ਯੋਗੀ ਨੂੰ ਲੱਗਾ ਕਿ ਇਹ ਬੰਦਾ ਤਾਂ ਉਹਦੇ ਕੀਤੇ - ਕਰਾਏ ‘ਤੇ ਪਾਣੀ ਫੇਰਨ ਲੱਗਾ ਹੈ, ਯੋਗੀ ਨੇ ਭਾਈ ਤਿਲਕੂ ਦੇ ਭਾਈਚਾਰੇ ਵਾਲਿਆਂ ਨੂੰ ਕਿਹਾ ਕਿ ਉਹਨੂੰ ਲਿਆਓ ਜ਼ਰੂਰ ਤਾਂ ਕਿ ਉਸ ‘ਤੇ ਵੀ ਮੇਰਾ ਪਰਉਪਕਾਰ ਹੋ ਸਕੇ ਪਰ ਭਾਈ ਤਿਲਕੂ ਨੇ ਨਾ ਆਉਣਾ ਸੀ ਤੇ ਨਾ ਆਇਆ।

ਯੋਗੀ ਨੂੰ ਇਸ ਵਿਚ ਆਪਣੀ ਹੇਠੀ ਲੱਗੀ ਤਾਂ ਉਹ ਆਪਣੇ ਚੇਲਿਆਂ ਤੇ ਹੋਰ ਮੋਹਤਬਰਾਂ ਨੂੰ ਲੈ ਕੇ ਆਪ ਉਹਦੇ ਘਰ ਨੂੰ ਚੱਲ ਪਿਆ। ਜਦ ਭਾਈ ਤਿਲਕੂ ਨੂੰ ਯੋਗੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਆਪਣੇ ਕੋਠੇ ਦੇ ਅੰਦਰ ਵੜ ਕੇ ਅੰਦਰੋਂ ਕੁੰਡ ਬੰਦ ਕਰ ਲਿਆ ਤਾਂ ਕਿ ਇਨ੍ਹਾਂ ਢੋਂਗੀਆਂ ਦੇ ਮੱਥੇ ਨਾ ਹੀ ਲੱਗਿਆ ਜਾਵੇ ਤਾਂ ਚੰਗਾ। ਲੋਕਾਂ ਨੇ ਉਹਦਾ ਦਰਵਾਜ਼ਾ ਖੜਕਾਇਆ ਤੇ ਦੱਸਿਆ ਕਿ ਯੋਗੀ ਮਹਾਰਾਜ ਆਪ ਤੈਨੂੰ ਦਰਸ਼ਨ ਦੇਣ ਆਏ ਆ, ਤੂੰ ਬੂਹਾ ਖੋਲ੍ਹ; ਤਾਂ ਭਾਈ ਤਿਲਕੂ ਨੇ ਕਿਹਾ ਕਿ ਇਹਨੂੰ ਕਹੋ ਕਿ ਇੱਥੋਂ ਚਲਾ ਜਾਵੇ। ਮੈਂ ਨਹੀਂ ਇਹਦੇ ਦਰਸ਼ਨ ਕਰਨੇ। ਲੋਕਾਂ ਨੇ ਕਿਹਾ ਕਿ ਮਹਾਰਾਜ ਤੈਨੂੰ ਸਰਾਪ ਦੇ ਦੇਣਗੇ ਤਾਂ ਉਹ ਕਹਿੰਦਾ ਕਿ ਇਹ ਜੋ ਮਰਜ਼ੀ ਸਰਾਪ ਦੇ ਦੇਵੇ, ਮੈਂ ਇਹਦੇ ਸਰਾਪਾਂ ਤੋਂ ਨਹੀਂ ਡਰਦਾ। ਯੋਗੀ ਨੂੰ ਇਹ ਸਭ ਕੁਝ ਉਮੀਦ ਦੇ ਉਲਟ ਹੁੰਦਾ ਦੇਖ ਕੇ ਬੜੀ ਨਮੋਸ਼ੀ ਹੋਈ ਕਿ ਕਿੱਥੇ ਤਾਂ ਲੋਕੀਂ ਉਹਦੇ ਪੈਰਾਂ ‘ਤੇ ਡਿੱਗੀ ਫਿਰਦੇ ਨੇ ਤੇ ਕਿੱਥੇ ਇਹ ਗਰੀਬੜਾ ਜਿਹਾ ਮੈਨੂੰ ਹੀ ਲਲਕਾਰਾ ਮਾਰੀ ਜਾਂਦਾ। ਅੰਤ ਨੂੰ ਯੋਗੀ ਨੇ ਆਪ ਬਾਹਰੋਂ ਆਵਾਜ਼ ਮਾਰ ਕੇ ਕਿਹਾ ਕਿ ਤਿਲਕੂ ਤੂੰ ਕੁੰਡਾ ਤਾਂ ਖੋਲ੍ਹ, ਮੈਂ ਤੇਰੇ ਸਾਰੇ ਪਰਿਵਾਰ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਸਵਰਗ ਬਖ਼ਸ਼ ਦਿਆਂਗਾ। ਤਦ ਉਹਨੇ ਅੰਦਰੋਂ ਜਵਾਬ ਦਿੱਤਾ ਕਿ ਮੇਰੇ ਪਾਪ ਤਾਂ ਉਦਣ ਹੀ ਕੱਟੇ ਗਏ ਸਨ, ਜਿਸ ਦਿਨ ਮੈਂ ਆਪਣੇ ਗੁਰੂ ਦੇ ਦੀਦਾਰੇ ਕਰ ਲਏ ਸੀ। ਹੁਣ ਮੈਂ ਤੈਨੂੰ ਦੇਖ ਕੇ ਹੋਰ ਪਾਪ ਆਪਣੇ ਸਿਰ ਨਹੀਂ ਚੜ੍ਹਾਉਣਾ ਚਾਹੁੰਦਾ। ਬਾਕੀ ਰਹੀ ਗੱਲ ਤੇਰੇ ਸਵਰਗ ਦੀ, ਉਹਦੀ ਮੈਨੂੰ ਜ਼ਰੂਰਤ ਨਹੀਂ, ਆਪਣੇ ਕੋਲ ਹੀ ਰੱਖ। ਮੇਰਾ ਸਵਰਗ ਤਾਂ ਉਥੇ ਹੈ ਜਿੱਥੇ ਮੇਰਾ ਗੁਰੂ ਮੈਨੂੰ ਰੱਖੂ।

ਯੋਗੀ ਦੀ ਵਾਹ ਨਾ ਚੱਲੀ ਤਾਂ ਕਹਿਣ ਲੱਗਾ ਕਿ ਜੇ ਤੂੰ ਮੇਰੇ ਦਰਸ਼ਨ ਨਹੀਂ ਕਰਨੇ ਤਾਂ ਆਪਣੇ ਦਰਸ਼ਨ ਹੀ ਮੈਨੂੰ ਦੇਹ, ਤਾਂ ਤਿਲਕੂ ਜੀ ਨੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਹੈ, ਕਿਸੇ ਅਜਿਹੇ ਪਖੰਡੀ ਦੇ ਮੱਥੇ ਨਹੀਂ ਲੱਗਣਾ ਜਿਹੜਾ ਰੱਬ ਦੇ ਨਾਂ ‘ਤੇ ਲੁੱਟਦਾ ਹੋਵੇ। ਯੋਗੀ ਹਾਰ ਕੇ ਕਹਿੰਦਾ ਕਿ ਮੈਂ ਇਹ ਸਭ ਛੱਡ ਦੂੰਗਾ, ਤੈਨੂੰ ਤੇਰੇ ਗੁਰੂ ਦਾ ਵਾਸਤਾ! ਕੁੰਡਾ ਖੋਲ੍ਹ ਤਾਂ ਕਿ ਮੈਂ ਦੇਖ ਸਕਾਂ ਕਿ ਸੱਚਾ ਸਿੱਖ ਕਿਹੋ ਜਿਹਾ ਹੁੰਦੈ ਜਿਹੜਾ ਆਪਣੇ ਸਤਿਗੁਰੂ ‘ਤੇ ਐਨਾ ਭਰੋਸਾ ਰੱਖਦੈ ਕਿ ਸਵਰਗ ਨੂੰ ਠੁੱਡ ਮਾਰ ਗਿਆ ਤਾਂ ਤੇਰਾ ਗੁਰੂ ਕਿਹੋ ਜਿਹਾ ਹੋਵੇਗਾ।

ਦਰਅਸਲ, ਭਾਈ ਤਿਲਕੂ ਬਾਰੇ ਗੱਲ ਸਾਂਝੀ ਕਰਨ ਤੋਂ ਮੇਰਾ ਮਤਲਬ ਇਹੋ ਹੈ ਕਿ ਅੱਜ ਵੀ ਸਿੱਖੀ ਭੇਖ ਵਿਚ ਬਹੁਤ ਸਾਰੇ ਪਖੰਡੀ ਸੰਤ - ਸਾਧ ਡੇਰੇ ਜਮਾਈ ਬੈਠੇ ਹਨ ਜਿਹੜੇ ਅਣਦੇਖੀ ਦੁਨੀਆਂ (ਸਵਰਗ) ਦੇ ਭਰਮਾਂ ‘ਚ ਪਾ ਕੇ ਹਰ ਤਰ੍ਹਾਂ ਦੀ ਲੁੱਟ - ਮਚਾਈ ਫਿਰਦੇ ਹਨ; ਸਾਡੇ ਵਿਚ ਵੀ ਭਾਈ ਤਿਲਕੂ ਵਾਂਗ ਆਪਣੇ ਸਤਿਗੁਰੂ ‘ਤੇ ਭਰੋਸਾ ਬਣ ਜਾਵੇ ਜਿਹਦੇ ਲੜ ਉਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਬਲੀਦਾਨ ਕਰਵਾ ਕੇ ਸਾਨੂੰ ਲਾ ਦਿੱਤਾ ਹੋਇਆ ਤਾਂ ਹੀ ਆਪਾਂ ਵੀ ਸਚਿਆਰ ਸਿੱਖ ਅਖਵਾਉਣ ਦੇ ਹੱਕਦਾਰ ਬਣਾਂਗੇ। ਹੁਣ ਗੜ੍ਹਸ਼ੰਕਰ ਵਿਚ ਭਾਈ ਤਿਲਕੂ ਦਾ ਗੁਰਦੁਆਰਾ ਬਣਿਆ ਹੋਇਆ ਹੈ ਜਿਹੜਾ ਇਲਾਕੇ ਦੀਆਂ ਸੰਗਤਾਂ ਨੇ 25 ਕੁ ਸਾਲ ਪਹਿਲਾਂ ਬਣਾਇਆ। ਇਹ ਗੁਰਦੁਆਰਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਗੜ੍ਹਸ਼ੰਕਰ ਵਿਚ ਰੇਲਵੇ ਸਟੇਸ਼ਨ ਦੇ ਸਾਹਮਣੇ ਹੈ ਜਿਹੜਾ ‘ਸਚਿਆਰ ਸਿੱਖ’ ਦੀ ਯਾਦ ਦਿਵਾਉਂਦਾ ਹੈ।

Sunday, June 12, 2011

ਇਤਨਾ-ਫਰਕ–ਕਿਉ?

ਇਤਨਾ-ਫਰਕ–ਕਿਉ?
ਗਿ. ਦਲੇਰ ਸਿੰਘ ਜੋਸ਼ (408) 561-1098 (ਭਾਰਤ) 011-91-9888151686

ਕਦੀ ਕਦੀ ਬੰਦਾ ਬੈਠਾ ਬੈਠਾ ਸੋਚਣ ਲੱਗ ਪੈਂਦਾ ਹੈ, ਤੇ ਉਹ ਸੋਚ ਦੁਨਿਆਵੀ, ਧਾਰਮਿਕ ਭੀ ਹੋ ਸਕਦੀ ਹੈ ਅਤੇ ਇਤਿਹਾਸਕ ਭੀ ਹੋ ਸਕਦੀ ਹੈ। ਅੱਜ ਦੀ ਵੀਚਾਰ ਉਨ੍ਹਾਂ ਲੋਕਾਂ ਦੀ ਆਪ ਨਾਲ ਸਾਂਝੀ ਕਰਨ ਲਗਾਂ ਹਾਂ, ਜਿਨ੍ਹਾਂ ਨੇ ਕਿਤੇ ਇਤਿਹਾਸ ਨੂੰ ਪੜਿਆ ਹੈ ਜਾਂ ਧਿਆਨ ਨਾਲ ਸੁਣਿਆਂ ਹੈ! ਫਿਰ ਆਪਣੇ ਪੜੇ੍ਹ ਤੇ ਜੋ ਕੰਨੀ ਸੁਣੇ ਤੇ ਕੁਝ ਸੋਚਣ ਲਗ ਪੈਦੇਂ ਹਨ!
ਇਤਨਾ-ਫਰਕ–ਕਿਉ?
ਇਹ ਕਦੋਂ ਕਹਿਣਾ ਪਿਆ, ਜਦੋਂ ਉਨ੍ਹਾਂ ਦਾ ਧਿਆਨ, ਸਮੇ ਦੀ ਵੰਡ ਦੇ ਅਧਾਰ ਤੇ ਸਤਜੁਗ ਵਿਚ ਪੈਦਾ ਹੋਏ ਪ੍ਰਹਿਲਾਦ ਵੱਲ ਜਾਂਦਾ ਹੈ, ਜਿਸਦੇ ਬਾਪ ਨੇ ਆਪਣੇ ਰਾਜਸੀ ਬਲ ਜਾਂ ਸਰੀਰਕ ਬਲ ਦਾ ਸਦਕਾ ਲੋਕਾਂ ਕੋਲੋ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿਤਾ! ਫਿਰ ਉਸਦੇ ਆਪਣੇ ਬੇਟੇ ਪ੍ਰਹਿਲਾਦ ਨੇ ਆਪਣੇ ਪਿਤਾ ਦਾ ਨਾਮ ਪ੍ਰਭੂ ਦੇ ਨਾਮ ਜਪਨ ਵਾਂਗ ਜਪਨ ਤੋਂ ਇਨਕਾਰ ਕਰ ਦਿਤਾ, ਤੇ ਉਸ ਸਰਬ ਵਿਆਪਕ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ। ਬਾਪ ਨੂੰ ਬੁਰਾ ਲੱਗਾ ਹਰਨਾਖਸ ਪਹਿਲਾਂ ਪਿਆਰ ਨਾਲ ਪੁੱਤਰ ਨੂੰ ਸਮਝਾਉਣ ਲਗਾ ਫਿਰ ਤਾੜਣਾ ਕਰਕੇ! ਜਦੋਂ ਪ੍ਰਹਿਲਾਦ ਕਿਸੇ ਢੰਗ ਨਾਲ ਭੀ ਹਰਨਾਖਸ ਦੀ ਗੱਲ ਨਾਂ ਮੰਨਿਆਂ ਤਾਂ ਤੰਗ ਕਰਨਾ ਅਰੰਭ ਕੀਤਾ! ਜਿਸ ਦਾ ਸਦਕਾ ਪ੍ਰਹਿਲਾਦ ਅਗੇ ਅੱਗ ਦੇ ਸਮੁਦੰਰ ਆਏ, ਪਹਾੜਾਂ ਤੋਂ ਡੇਗਨਾ, ਪਾਣੀ ਵਿਚ ਡੋਬਨਾਂ, ਅੱਗ ਦੀ ਚਿਖਾ ਵਿਚ ਹੋਲਿਕਾ ਨਾਲ ਸਾੜਨਾਂ ਜਾਂ ਅੱਗ ਨਾਲ ਲਾਲ ਕੀਤੇ ਥੰਮ ਨਾਲ ਲਾਉਣਾ, ਭਗਤ ਜੀ ਦੀ ਜੀਵਨ ਗਾਥਾ ਜਾਂ ਗੁਰਬਾਣੀ ਦੇ ਅਨੇਕ ਪ੍ਰਮਾਣਾਂ ਦੇ ਅਧਾਰ ਤੇ ਜਲਿ ਅਗਨੀ ਵਿਚ ਘਤਿਆ, ਦੇ ਸੰਕਟਾਂ ਵਿਚੋ ਪ੍ਰ੍ਭੂ ਨੇ ਪ੍ਰਹਿਲਾਦ ਨੂੰ ਅੱਗ ਦੇ ਬਲਦੇ ਭਾਂਬੜਾਂ ਵਿਚੋਂ ਇਉਂ ਸਹੀ ਸਲਾਮਤ ਬਾਹਰ ਕੱਢ ਲਿਆ ਜਿਵੇਂ ਮੱਖਣ ਵਿਚੋਂ ਵਾਲ ਬਾਹਰ ਕੱਢੀਦਾ ਹੈ! ਭਾਵ, ਤੱਤੀ ਵਾਓ ਭੀ ਨਾ ਲੱਗਨ ਦਿਤੀ! ਸੋਚਣ ਵਾਲਾ ਸੋਚਦਾ ਹੈ, ਇਹ ਅੱਗ ਜਦੋਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਨੇ ਆਉਦੀ ਹੈ, ਦੇਗ ਦਾ ਪਾਣੀ ਗੁਰੂ ਜੀ ਦੇ ਸਰੀਰ ਤੇ ਛਾਲੇ ਪਾਉਦਾ ਹੈ ਤੱਤੀ ਤਵੀ ਗੁਰੂ ਜੀ ਦੇ ਸਰੀਰ ਦੇ ਮਾਸ ਨੂੰ ਕਬਾਬ ਦੀ ਤਰ੍ਹਾ ਸਾੜ ਰਹੀ ਹੈ! ਤੱਤੀ ਰੇਤਾ ਸਰੀਰ ਤੇ ਫਲੂਹੇ ਪੈਦਾ ਕਰ ਰਹੀ ਹੈ।

ਇਤਨਾ-ਫਰਕ–ਕਿਉ?

ਕੀ ਗੁਰੂ ਅਰਜਨ ਦੇਵ ਜੀ ਜਿਨਾ ਨੂੰ ਬਾਣੀ ਵਿਚ "ਭਨਿ ਮਥਰਾ ਕਿਛ ਭੇਧ ਨਹੀ, ਗੁਰੂ ਅਰਜਨ ਪ੍ਰਤਖ ਹਰਿ" ਲਿਖਿਆ ਹੈ। ਹਰਿ ਦਾ ਮਤਲਬ ਹੈ ਹਰੀ-ਪ੍ਰਤਾਤਮਾ, ਪ੍ਰਭੂ, ਇਤਨਾ ਵੱਡਾ ਰੁਤਬਾ ਹੋਣਦਾ ਸਦਕਾ, ਅੱਗ ਗੁਰੂ ਅਰਜਨ ਦੇਵ ਜੀ ਤੇ ਆਪਣਾ ਅਸਰ ਪਾਵੇ ਪਰ ਭਗਤ ਪ੍ਰਹਾਲ ਨੂੰ ਜਰਾ ਤਕ ਸੇਕ ਨਾਂ ਲੱਗਣ ਦੇਵੇ!
ਇਤਨਾ-ਫਰਕ–ਕਿਉ?

ਇਹ ਗਲ ਵੇਖ ਕੇ ਸੋਚਣ ਵਾਲਾ ਸੋਚਦਾ ਹੈ ਕਿ ਪ੍ਰਭੂ ਪ੍ਰਤੀ ਗੁਰੂ ਅਰਜਨ ਦੇਵ ਜੀ ਦੀ ਭਗਤੀ ਪ੍ਰਹਿਲਾਦ ਨਾਲੋਂ ਕਿਤੇ ਘੱਟ ਤਾਂ ਨਹੀ! ਪ੍ਰਹਿਲਾਦ ਲਈ ਅੱਗ ਦਾ ਸੁਭਾਓ ਹੋਰ, ਗੁਰੂ ਵਾਸਤੇ ਹੋਰ! ਕਿਉ? ਫਰਾਂਸ ਦੀ ਇਕ ਅਰਤ ਜੋਰਲ ਆਫ ਆਰਕ ਹੋਈ ਹੈ, ਉਸ ਅੱਗੇ ਵੀ ਅੱਗ ਓਾਈ ਪਰ ਉਹ ਅੱਗ ਉਸ ਦਾ ਭੀ ਕੁਝ ਨਹੀ ਵਿਗਾੜ ਸਕੀ। ਇਸਲਾਮ ਧਰਮ ਦੇ ਅੰਦਰ ਇਕ ਪੈਗੰਬਰ ਹੋਏ ਹਨ, ਜਿਨ੍ਹਾਂ ਦਾ ਨਾਮ ਇਬਰਾਹੀਮ ਪੈਗੰਬਰ ਕਰ ਕੇ ਜਾਣਿਆਂ ਜਾਦਾਂ ਹੈ! ਉਸ ਵਕਤ ਦਾ ਬਾਦਸ਼ਾਹ ਨਮਰੂਦ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਖੁਦਾ ਨੂੰ ਨਹੀ ਮਨਦਾ ਸੀ। ਇਸ ਨੇ ਇਕ ਦਿਨ ਆਪਣੀ ਅਟਾਰੀ ਤੇ ਚੜ੍ਹ ਕੇ ਹਵਾ ਵਿਚ ਹੀ ਤਲਵਾਰ ਚਲਾਉਦਾ ਰਿਹਾ ਤੇ ਇਸ ਤਰਾ ਇਸ ਨੇ ਵਾਰ ਕੀਤਾ ਅਤੇ ਸਤਵੇਂ ਦਿਨ ਇਲਾਨ ਕਰ ਦਿਤਾ ਕਿ ਖੁਦਾ ਮਰ ਗਿਆ ਹੈ, ਉਸ ਨੂੰ ਹੁਣ ਕੋਈ ਨਾਂ ਮੰਨੇ, ਉਸ ਦਾ ਹੁਣ ਕੋਈ ਨਾਮ ਵੀ ਨਾਂ ਲਵੇ! ਇਹ ਪੈਗੰਬਰ ਇਬਰਾਹੀਮ ਜਿਸ ਨੂੰ ਖੁਦਾ ਦੀ ਭਗਤੀ ਕਰਨ ਦੇ ਦੋਸ਼ ਵਿਚ ਹੀ ਅੱਗ ਦੇ ਕੋਲਿਆਂ ਤੇ ਚੱਲਣ ਲਈ ਕਿਹਾ! ਨਮਰੂਦ ਕਹਿਣ ਲਗਾ ਕਿ ਤੈਨੂ ਪਤਾ ਨਹੀ ਕਿ ਮੈ ਤੇਰੇ ਖੁਦਾ ਨੂੰ ਮਾਰ ਦਿਤਾ ਹੈ, ਤੂੰ ਹੁਣ ਕਿਉਂ ਭਗਤੀ ਕਰਦਾ ਹੈਂ? ਜੇਕਰ ਤੇਰਾ ਖੁਦਾ ਸੱਚਾ ਹੈ ਜਾਂ ਉਸ ਦੀ ਹੋਂਦ ਸੱਚੀ ਹੈ ਤਾਂ ਇਨ੍ਹਾਂ ਅੱਗ ਦੇ ਕੋਲਿਆਂ ਤੇ ਤੁਰ, ਤਾਂ ਮੈ ਦੇਖਾਂ ਕਿ ਉਹ ਕਿਵੇਂ ਤੇਰੀ ਰੱਖਿਆ ਕਰਦਾ ਹੈ। ਸਿੰਘ ਸਾਹਿਬ ਗਿਆਂਨੀ ਪ੍ਰਤਾਪ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਆਪ ਵੀ, ਇਕ ਪੁਸਤਕ ਗੁਰਮਤ ਫਿਲਾਸਫੀ ਵਿਚ ਇਸ ਘਟਨਾ ਦੇ ਜਿਕਰ ਸਮੇ ਇਕ ਸ਼ੇਅਰ ਲਿਖ ਕੇ ਉਤਰ ਦੇਦੇ ਹਨ, ਆਪ ਜੀ ਦੀ ਸੇਵਾ ਵਿਚ ਹਾਜਰ ਹੈ "ਨਾਰ ਕੋ ਗੁਲਜਾਰ ਕੀਆ, ਭਿਸ ਕੀਆ ਯਾਰ ਕੀਆ" ਭਾਵ ਕੇ ਅੱਗ ਫੁਲ ਬਣ ਗਈ। ਕਿਸ ਨੇ ਬਨਾਈ, ਪ੍ਰੀਤਮ ਨੇ, ਪ੍ਰਭੂ ਨੇ, ਖੁਦਾ ਨੇ ਬਣਾਈ। ਜੇਕਰ ਜੋਹਨ ਆਫ ਆਰਕ ਅੱਗੇ ਅੱਗ ਆਈ, ਜਾਂ ਭਗਤ ਪ੍ਰਹਿਲਾਦ ਅੱਗੇ ਅੱਗ ਆਈ, ਜਾਂ ਪੈਗੰਬਰ ਇਬਰਾਹੀਮ ਅੱਗੇ ਆਈ ਤਾਂ ਅੱਗ ਦਾ ਸੁਭਾ ਕਿਉਂ ਬਦਲਿਆ? ਇਹੋ ਹੀ ਅੱਗ ਜਦੋਂ ਗੁਰੂ ਅਰਜਨ ਦੇਵ ਜੀ ਅੱਗੇ ਆਉਂਦੀ ਹੈ ਤਾਂ ਅੱਗ, ਅੱਗ ਹੀ ਕਿਉਂ ਰਹਿੰਦੀ ਹੈ? ਇਤਨਾ-ਫਰਕ-ਕਿਉਂ? ਇਸਦਾ ਉਤਰ ਅਗਲੇ ਕਿਸੇ ਸਮੇ ਵਿਚ ਦਿਤਾ ਜਾਵੇਗਾ ਅਮੀਨ!

Tuesday, May 31, 2011

ਸਿੱਖੀ

ਸਿੱਖੀ
ਐਵੇਂ ਭੇਖ ਨੂੰ ਸਿੱਖੀ ਬਣਾਈ ਫਿਰਦੈਂ,
ਸ਼ੁਭ ਅਮਲਾਂ ਦੀ ਹੈਗੀ ਪ੍ਰਤੀਕ ਸਿੱਖੀ।
ਸਿੱਖੀ ਕਾਅਬੇ ਵੱਲ ਪੈਰ ਪਸਾਰ ਦਿੰਦੀ,
ਬਾਹਰੀ ਕਾਅਬੇ ਨਾ ਕਰੇ ਪ੍ਰਤੀਤ ਸਿੱਖੀ।
ਮਲਕ ਭਾਗੋ ਦੇ ਕਦੇ ਨਾ ਵੜੇ ਵਿਹੜੇ,
ਭਾਈ ਲਾਲੋ ਦੇ ਰਹਿੰਦੀ ਨਜ਼ਦੀਕ ਸਿੱਖੀ।
ਸਿੱਖੀ ਦੇਖਣੀ ਏ ਤੱਤੀਆਂ ਤਵੀਆਂ 'ਚੋਂ ਦੇਖ,
ਛਬੀਲਾਂ ਠੰਢੀਆਂ ਨੇ ਨਾਮ ਧਰੀਕ ਸਿੱਖੀ।
ਮੰਦਰ ਸਿੱਖੀ ਦੇ, ਮਨਾਂ ਦੇ ਵਿਚ ਵਸਦੇ,
ਬਾਹਰੀ ਮੰਦਰ ਨੇ ਵਿਪਰਨ ਦੀ ਰੀਤ ਸਿੱਖੀ।
ਆਪਾਂ ਜੱਟ, ਰਮਦਾਸੀਏ, ਰਾਮਗੜ੍ਹੀਏ
ਜਾਤ ਪਾਤ ਦੇ ਉਲਟ ਵਿਪਰੀਤ ਸਿੱਖੀ।
ਸੁਰਗ ਨਰਕ ਤੇ ਮੁਕਤੀ ਵਿਚ ਪਿਆ ਫਸਿਆ,
ਪੱਟੂਆ ਫਿਰ ਵੀ ਸਿੱਖ ਕਹਾਈ ਜਾਨੈਂ।
ਸਿੱਖੀ ਅਨੁਸਾਰ ਨ੍ਹੀਂ ਕੋਈ ਵੀ ਕੰਮ ਕਰਦਾ,
ਡੌਰੂ ਸਿੱਖੀ ਦਾ ਐਵੇਂ ਖੜਕਾਈ ਜਾਨੈਂ।
ਸਿੱਖਾ ਸਿੱਖੀ ਅਪਨਾ ਲੈ ਜੇ ਤੂੰ ਸਿੱਖ ਰਹਿਣਾ,
ਨਹੀਂ ਤਾਂ ਸਿੱਖੀ 'ਤੇ ਦਾਅਵੇ ਫਿਰ ਛੱਡ ਦੇ ਤੂੰ।
ਪ੍ਰੇਮ ਖੇਲਣ ਦਾ ਤੈਨੂੰ ਜੇ ਚਾਓ ਚੜ੍ਹਿਆ,
ਝੰਡਾ ਸੀਸ ਦਾ ਗਲੀ ਵਿਚ ਗੱਡ ਦੇ ਤੂੰ।
ਸੀਸ ਭੇਟ ਬਗੈਰ ਨਾ ਮਿਲੇ ਸਿੱਖੀ,
ਐਵੇਂ ਹੋਰ ਚਤਰਾਈਆਂ ਕਿਉਂ ਕਰੀ ਜਾਨੈ।
ਪਾਠ ਪੂਜਾ ਤੇ ਤੀਰਥ ਨੇ ਭਾਉ ਦੂਜਾ,
ਨਿਰਭਉ ਅੰਦਰ ਵਸਾ ਲੈ ਕਾਹਤੋਂ ਡਰੀ ਜਾਨੈ।
-ਜ਼ੋਰਾ ਸਿੰਘ ਰਾਜੋਆਣਾ।

Sunday, May 29, 2011

ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ

ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ
(ਜੋਰਾ ਸਿੰਘ ਰਾਜੋਆਣਾ)

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣੁ ਹੋਆ॥
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥
ਭਾਈ ਗੁਰਦਾਸ ਦੀਆਂ ਇਨ੍ਹਾਂ ਤੁਕਾਂ 'ਤੇ ਓਪਰੀ ਨਜ਼ਰ ਮਾਰਿਆਂ ਪ੍ਰਤੀਤ ਹੁੰਦਾ ਹੈ, ਜਿਵੇਂ ਚਾਨਣ ਬੜਾ ਸੁਖਾਲਾ ਹੀ ਹੋ ਗਿਆ ਹੈ ਪਰ ਡੂੰਘਾਈ ਨਾਲ ਵਿਚਾਰਿਆਂ ਇਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ। ਜਦੋਂ ਚਾਨਣ ਹਨੇਰੇ ਵਿਚ ਸਫ਼ਰ ਕਰਦਾ ਹੈ ਤਾਂ ਹਨੇਰਾ ਆਪਣੇ-ਆਪ ਪਰ੍ਹੇ ਹੋਈ ਜਾਂਦਾ ਹੈ ਪਰ ਜਦੋਂ ਚਾਨਣ ਧੁੰਦ ਵਿਚ ਸਫ਼ਰ ਕਰਦਾ ਹੈ ਤਾਂ ਧੁੰਦ ਆਪਣੇ-ਆਪ ਪਰ੍ਹੇ ਨਹੀਂ ਹੁੰਦੀ ਬਲਕਿ ਚਾਨਣ ਨੂੰ ਧੁੰਦ ਨਾਲ ਖਹਿ ਕੇ ਲੰਘਣਾ ਪੈਂਦਾ ਹੈ। ਚਾਨਣ ਦੇ ਧੁੰਦ ਨਾਲ ਖਹਿ ਕੇ ਲੰਘਣ ਦੇ ਅਜਿਹੇ ਸਫ਼ਰ ਦੀ ਹੀ ਦੱਸ ਪਾਉਂਦਾ ਹੈ ਸਾਡਾ ਸਿੱਖ ਸੰਕਲਪ।
'ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੋਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।'
'ਪੁੱਛਣ ਖੋਲ੍ਹ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖਹਿ ਕਾਜੀਆ ਸ਼ੁਭ ਅਮਲਾਂ ਬਾਝੋ ਦੋਨੋ ਰੋਈ।' ਇਨ੍ਹਾਂ ਤੁਕਾਂ ਤੋਂ ਸਪੱਸ਼ਟ ਹੈ ਕਿ ਹਿੰਦੂ ਜਾਂ ਮੁਸਲਮਾਨ ਦਾ ਚੰਗਾ ਜਾਂ ਮਾੜਾ ਹੋਣਾ ਉਨ੍ਹਾਂ ਦੀ ਪਾਠ-ਪੂਜਾ 'ਤੇ ਨਿਰਭਰ ਨਹੀਂ ਕਰਦਾ, ਬਲਕਿ ਮਨੁੱਖ ਉਹੀ ਚੰਗਾ ਹੁੰਦਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਪਰ ਨਾਨਕ ਨਾਮ ਲੇਵਾ ਦੀ ਜ਼ਿੰਦਗੀ ਅੱਜ ਚੰਗੇ ਕੰਮਾਂ ਦੀ ਝਲਕ ਨਹੀਂ ਮਾਰਦੀ। ਅਸੀਂ ਉਹ ਸਾਰੇ ਹੀ ਕਰਮਕਾਂਡ ਅਪਨਾ ਲਏ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਸਾਡਾ ਖਹਿੜਾ ਛੁਡਾਇਆ ਸੀ। ਸਾਡਾ ਹਾਲ ਅੱਜ ਉਨ੍ਹਾਂ ਲੋਕਾਂ ਨਾਲੋਂ ਵੀ ਭੈੜਾ ਹੈ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕੁਰਾਹੀਆ ਆਖਿਆ ਸੀ। ਫਿਰ ਸਾਡਾ ਹਾਲ ਹੈ ਕੀਹਦੇ ਵਰਗਾ? ਸਾਡਾ ਹਾਲ ਉਨ੍ਹਾਂ ਕਸ਼ਮੀਰੀ ਪੰਡਤਾਂ ਵਰਗਾ ਹੈ ਜਿਹੜੇ ਸਹਾਰੇ ਦੀ ਭਾਲ ਵਿਚ ਚੱਲ ਕੇ ਆਨੰਦਪੁਰ ਸਾਹਿਬ ਆਏ ਸਨ।
ਅੱਜ ਬਾਬੇ ਨਾਨਕ ਦੇ ਜਨਮ ਦੇ 542 ਸਾਲਾਂ ਤੋਂ ਬਾਅਦ ਸੁਆਲ ਕਾਅਬੇ ਦੇ ਘੁੰਮ ਜਾਣ ਦਾ ਨਹੀਂ ਹੈ; ਸੁਆਲ ਬਾਬੇ ਨਾਨਕ ਉਤੇ ਸੱਪ ਵੱਲੋਂ ਕੀਤੀ ਛਾਂ ਜਾਂ ਦਰਖਤ ਦੀ ਛਾਂ ਦੇ ਹੀ ਰੁਕ ਜਾਣ ਦਾ ਵੀ ਨਹੀਂ ਹੈ। ਸੁਆਲ ਇਹ ਵੀ ਨਹੀਂ ਹੈ ਕਿ ਬਾਬਾ ਨਾਨਕ ਲਵ ਅਤੇ ਕੁਸ਼ ਦੀ ਔਲਾਦ ਹੈ। ਸੁਆਲ ਮਰਦਾਨੇ ਨੂੰ ਭੁੱਖ ਲੱਗਣ ਵੇਲੇ ਅੱਕ ਦੀਆਂ ਕੌੜੀਆਂ ਕੁਕੜੀਆਂ ਦੇ ਮਿੱਠੇ ਹੋ ਜਾਣ ਜਾਂ ਕੌੜੇ ਰੀਠਿਆਂ ਦੇ ਮਿੱਠੇ ਹੋ ਜਾਣ ਦਾ ਵੀ ਨਹੀਂ ਹੈ। ਫਿਰ ਸੁਆਲ ਹੈ ਕੀ? ਸੁਆਲ ਹੈ: ਜਦੋਂ ਚਾਨਣ ਨੇ ਧੁੰਦ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਸਫ਼ਰ ਦ ਪਹਿਲੇ ਹੀ ਕਦਮ ਦਾ ਦਿਸ਼ਾ-ਨਿਰਦੇਸ਼ ਕੀ ਹੈ? ਜਾਂ ਇਉਂ ਆਖ ਲਈਏ ਕਿ ਗੁਰੂ ਗ੍ਰੰਥ ਬਾਣੀ ਵਿਚ 'ੴ ਸਤਿਨਾਮੁ' ਦਾ ਕੀ ਸੰਕਲਪ ਹੈ? ਇਸ ਤੋਂ ਪਹਿਲਾਂ ਕਿ ਮੈਂ ਇਸ ਸੁਆਲ ਦਾ ਜਵਾਬ ਦੇਵਾਂ, ਮੈਂ ਤੁਹਾਨੂੰ ਇਕ ਸੁਆਲ ਪੁੱਛਦਾ ਹਾਂ। ਤੁਸੀਂ ਦੱਸੋ ਕਿ ਤੁਹਾਡੇ ਪਿਤਾ ਦਾ ਨਾਮ ਕਿਸੇ ਨੇ ਧਰਿਆ ਹੈ? ਜਵਾਬ ਨਿਸ਼ਚੇ ਹੀ ਹੋਵੇਗਾ ਕਿ ਸਾਡੇ ਪਿਤਾ ਦਾ ਨਾਮ ਸਾਡੇ ਬਾਬੇ ਨੇ ਧਰਿਆ। ਆਓ ਹੁਣ ਅਸਲ ਵਿਸ਼ੇ ਵੱਲ ਆਉਂਦੇ ਹਾਂ ਕਿ 'ੴ ਸਤਿਨਾਮੁ' ਦਾ ਕੀ ਸੰਕਲਪ ਹੈ। 'ੴ ਸਤਿਨਾਮੁ' ਸਰਸਰੀ ਨਜ਼ਰੇ ਬੇਸ਼ਕ ਗਿਣਤੀਵਾਚਕ ਅਤੇ ਨਾਉਂਵਾਚਕ ਲਗਦਾ ਹੋਵੇ ਪਰ ਅਜਿਹਾ ਨਹੀਂ ਹੈ। ਇਹ ਨਾ ਹੀ ਗਿਣਤੀਵਾਚਕ ਹੈ ਅਤੇ ਨਾ ਹੀ ਨਾਉਂਵਾਚਕ ਹੈ। ਇਹ ਅਗਿਣਤ ਹੈ ਅਤੇ ਅਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਨਾਮ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ:
'ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ॥' ਭਾਵ ਜੀਭ ਦੁਆਰਾ ਉਚਾਰੇ ਜਾਣ ਵਾਲੇ ਸਾਰੇ ਹੀ ਨਾਮ ਬਣਾਉਟੀ ਹਨ। ਤੇਰਾ ਅਸਲ ਜਾਂ ਸੱਚਾ ਨਾਉਂ ਪਰਾ ਪੂਰਬਲਾ ਹੈ-ਮੁੱਢ ਕਦੀਮ ਵਾਲਾ ਹੈ। ਇਹ ਉਸ ਸਮੇਂ ਦੀ ਦੱਸ ਪਾਉਂਦਾ ਹੈ, ਜਦੋਂ ਹਾਲੇ ਨਾਉਂ ਧਰਨ ਵਾਲੇ ਪੈਦਾ ਨਹੀਂ ਸੀ ਹੋਏ, ਭਾਵ ਇਹ ਅਨਾਮ ਹੈ।
ਆਪਾਂ ਸਾਰੇ ਹੀ ਇਹ ਜਾਣਦੇ ਹਾਂ ਕਿ ਸੱਚ ਉਦੋਂ ਵੀ ਮੌਜੂਦ ਹੁੰਦਾ ਹੈ ਜਦੋਂ ਹਾਲੇ ਸੱਚ ਦੀ ਖੋਜ ਨਹੀਂ ਹੋਈ ਹੁੰਦੀ। ਜਦੋਂ ਲੋਕ ਇਹ ਨਹੀਂ ਸਨ ਜਾਣਦੇ ਕਿ ਪਾਣੀ ਹਾਈਡਰੋਜਨ ਅਤੇ ਆਕਸੀਜਨ ਦਾ ਜੋਗਕ ਹੈ। ਪਾਣੀ ਉਦੋਂ ਵੀ ਮੌਜੂਦ ਸੀ। ਆਉ ਹੁਣ ਦੇਖੀਏ, ਪੰਦਰਵੀਂ ਸਦੀ ਵਿਚ ਉਚਾਰੇ ਇਸ 'ਸਤਿਨਾਮੁ ਤੇਰਾ ਪਰਾ ਪੂਰਬਲਾ' ਦੀ ਮੁਢਲੀ ਮੌਜੂਦਗੀ ਕੀ ਹੈ? ਇਸ ਸੁਆਲ ਦਾ ਜਵਾਬ ਦੇਣ ਲਈ ਗੁਰਬਾਣੀ ਸਤਿਨਾਮੁ ਦੀ ਸ਼ੂਕ ਪਾ ਕੇ ਸਾਨੂੰ ਆਦਿ ਸੱਚ ਵਿਚ ਉਤਾਰ ਦਿੰਦੀ ਹੈ। ਆਦਿ ਸੱਚ ਵਿਚ ਇਹ ਪਰਾ ਪੂਰਬਲਾ ਕਰਤਾ ਪੁਰਖ ਆਦਿ ਪੁਰਖ ਹੈ। ਇਹ ਆਦਿ ਪੁਰਖ ਉਹ ਪਿਤਾ ਹੈ ਜਿਸ ਦਾ ਅੱਗੇ ਕੋਈ ਪਿਤਾ ਨਹੀਂ ਹੈ; ਜਿਹੜਾ ਇਸ ਦਾ ਨਾਮ ਧਰ ਸਕੇ। ਇਸ ਲਈ ਇਹ ਆਦਿ ਪੁਰਖ ਪਿਤਾ ਅਨਾਮ ਹੈ। ਇਸ ਆਦਿ ਪੁਰਖ ਪਿਤਾ ਦਾ ਨਾਮ ਰੱਖਣ 'ਤੇ ਗੁਰਬਾਣੀ ਨੇ ਸਖ਼ਤ ਇਤਰਾਜ਼ ਕੀਤਾ ਹੈ। 'ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ॥ ਭਾਵ ਜਦੋਂ ਸੇਖਾਂ ਦਾ ਦਾਅ ਲੱਗਿਆ ਤਾਂ ਉਨ੍ਹਾਂ ਨੇ ਆਦਿ ਪੁਰਖ ਜਿਹੜਾ ਅਨਾਮ ਹੈ, ਉਸ ਦਾ ਕਿਰਤਮ ਨਾਮ ਅੱਲਾ ਰੱਖ ਦਿੱਤਾ। ਇਸ ਬਨਾਉਟੀ ਨਾਉਂ ਦੀ ਆੜ ਹੇਠ ਹਿੰਦੂਆਂ 'ਤੇ ਧੌਂਸ ਜਮਾਈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਟੈਕਸ ਠੋਕ ਦਿੱਤੇ।
ਅੱਜ ਗੇਂਦ ਹਿੰਦੂਆਂ ਦੇ ਹੱਥ ਆਈ ਹੋਈ ਹੈ ਅਤੇ ਉਹ ਧਰਮ ਨਿਰਪੱਖ ਭਾਰਤ ਵਿਚ ਅੱਲਾ ਦੇ ਭਗਤ ਨੂੰ ਸਬਕ ਸਿਖਾ ਰਹੇ ਹਨ। ਕਿਰਤਮ ਨਾਮ ਦੀ ਆੜ ਹੇਠ ਜਮਾਈ ਇਹ ਧੌਂਸ ਹਿੰਦੂਆਂ ਅਤੇ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਬਲਕਿ ਹਰ ਕੌਮ ਆਪਣੀ ਰਾਜਨੀਤਕ ਸ਼ਕਤੀ ਦੇ ਬਲਬੂਤੇ,
ਕਿਰਤਮ ਨਾਮ ਦੀ ਆੜ ਹੇਠ ਦੂਜੀਆਂ ਕੌਮਾਂ ਨਾਲ ਧੱਕਾ ਕਰਦੀ ਆਈ ਹੈ।
ਗੁਰਮਤਿ ਨਾਮ ਦੀ ਸ਼ਬਦਾਵਲੀ ਵਿਚ ਅਨਾਮ ਦੀ ਵਿਥਿਆ ਹੈ। ਇਹ ਗੁੱਝੀ ਰਮਜ਼ ਹੈ ਜਿਸ ਨੂੰ ਸਮਝਣ ਵਿਚ ਅਸੀਂ ਅਸਫ਼ਲ ਰਹੇ ਹਾਂ। ਅਨਾਮ ਸਿਰਜਣਹਾਰ ਹੈ ਅਤੇ ਸਿਰਜਿਆ ਹੋਇਆ ਨਾਮ ਹੈ। 'ਆਪੀ ਨੇ ਆਪ ਸਾਜਿਆ' ਇਹ ਦਰਸਾਉਂਦਾ ਹੈ ਕਿ ਅਨਾਮ ਰੂਪ ਏਕਤਾ, ਨਾਮਰੂਪ ਅਨੇਕਤਾ ਵਿਚ ਬਦਲ ਗਈ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕੋਈ ਅਨਾਮ ਰੂਪ ਏਕਤਾ (ਕਰਤਾ) ਨਹੀਂ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕਰਤਾ ਦੀ ਭਾਲ ਸਾਕਤ ਕਿਰਿਆ ਹੈ। ਮੈਂ 'ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖ ਚਲਤੁ ਦਿਖਾਇਆ॥ ਬਾਹਰ ਖੋਜ ਮੂਏ ਸਭੁ ਸਾਕਤ ਹਰ ਗੁਰਮਤੀ ਘਰ ਪਾਇਆ॥' 'ਜੇਤਾ ਕੀਤਾ ਤੇਤਾ ਨਾਉ॥' ਜਿਨ੍ਹਾਂ ਵੀ ਸਿਰਜਿਆ ਹੋਇਆ ਹੈ, ਸਾਰਾ ਨਾਮ ਹੀ ਤਾਂ ਹੈ। ਜਿਹੜਾ ਖੁਦ ਹੀ ਨਾਮ ਹੈ, ਉਸ ਨੂੰ ਬਾਹਰੋਂ ਨਾਮ ਭਾਲਣ ਦੀ ਕੀ ਲੋੜ ਹੈ? ਕਿਤੇ ਹੋਰ ਜਾਣ ਦੀ ਕੀ ਲੋੜ ਹੈ? ਹੁਣ ਆਪਾਂ ਇਹ ਦੇਖਾਂਗੇ ਕਿ ਗੁਰਮਤਿ ਅਨੁਸਾਰ ਪ੍ਰਭੂ ਪ੍ਰਾਪਤੀ ਦੀ ਕੀ ਵਿਆਖਿਆ ਹੈ? ਗੁਰਮਤਿ ਦੇ ਨਜ਼ਰੀਏ ਵਿਚ ਇਹ ਸੰਸਾਰ ਅਨਾਮ ਰੂਪ ਏਕਤਾ (ਹਰ) ਦਾ ਹੀ ਰੂਪ ਹੈ। ਇਹੁ ਵਿਸੁ ਸੰਸਾਰੁ ਤੁਮ ਦੇਖਤੇ ਇਹੁ ਹਰ ਕਾ ਰੂਪ ਹੈ॥ ਨਿੱਜੀ ਨਾਮ (ਹਉਮੈ) ਦਾ ਆਪਣੇ-ਆਪ ਨੂੰ ਸਮੁੱਚੇ ਨਾਮ (ਸੰਸਾਰ) ਦੇ ਅਰਪਣ ਕਰ ਦੇਣਾ ਹੀ ਪ੍ਰਭੂ ਪ੍ਰਾਪਤੀ ਹੈ। 'ਆਪੁ ਗਵਾਈਐ ਤਾਂ ਸਹੁ ਪਾਇਐ ਅਉਰੁ ਕੈਸੀ ਚਤੁਰਾਈ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਰੁ ਸਭਨਾ ਕੀ ਰੇਣਕਾ ਤਉ ਆਉ ਹਮਾਰੈ ਪਾਸਿ॥ ਪ੍ਰਭੂ ਪ੍ਰਾਪਤੀ ਦੀ ਇਹ ਵਿਆਖਿਆ ਤੱਤੀਆਂ ਤਵੀਆਂ 'ਤੇ ਬੈਠਣ ਵਾਲਿਆਂ, ਆਰਿਆਂ ਨਾਲ ਸੀਸ ਚਿਰਵਾਉਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ, ਆਪਣੇ ਬੱਚਿਆਂ ਦੇ ਦਿਲ ਦੇ ਟੁਕੜੇ ਮੂੰਹ ਵਿਚ ਪਵਾਉਣ ਵਾਲਿਆਂ ਅਤੇ ਹੋਰ ਅਨੇਕਾਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਹੀ ਰਾਸ ਆ ਸਕਦੀ ਹੈ। ਕਲਜੁਗ ਦੇ ਤੱਤੇ ਝੋਲਿਆਂ ਤੋਂ ਬਚਾਈਂ, ਔਖੀ ਘੜੀ ਨਾ ਦੇਖਣ ਦੇਈਂ, ਰਟਣ ਵਾਲਿਆਂ ਨੂੰ ਪ੍ਰਭੂ ਪ੍ਰਾਪਤੀ ਦੀ ਇਹ ਪਰਿਭਾਸ਼ਾ ਰਾਸ ਨਹੀਂ ਆਉਣੀ।
ਪ੍ਰਭੂ ਪ੍ਰਾਪਤੀ ਦਾ ਜਿਹੜਾ ਰਾਹ ਇਨ੍ਹਾਂ ਲੋਕਾਂ ਨੇ ਫੜਿਆ ਹੋਇਆ ਹੈ, ਗੁਰਬਾਣੀ ਉਸ ਨੂੰ ਮਾਨਤਾ ਨਹੀਂ ਦਿੰਦੀ। ਜਿਵੇਂ, ਰਾਮੁ ਰਾਮੁ ਕਰਤਾ ਸਭੁ ਜਗੁ ਫਿਰੇ ਰਾਮ ਨਾ ਪਾਇਆ ਜਾਏ॥ ਨਿਰਹਾਰ ਵਰਤੀ ਅਪਰਸਾ॥ ਇਕ ਲੂਕਿ ਨਾ ਦੇਵਜਿ ਦਰਸਾ॥ ਇਕਿ ਮਨ ਹੀ ਗਿਆਤਾ॥ ਘਾਟ ਨਾ ਕਿਨਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਗੁਰਬਾਣੀ ਦੀਆਂ ਇਹ ਤੁਕਾਂ ਦਰਸਾਉਂਦੀਆਂ ਹਨ ਕਿ ਪ੍ਰਭੂ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ ਹੈ। ਇਹ ਅਸਰੀਰੀ ਹੈ। ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਉਹ ਲੋਕ ਜੋ ਕਹਿੰਦੇ ਹਨ ਕਿ ਜਾਪੁ ਤਾਪੁ ਅਤੇ ਸਿਮਰਨ ਨਾਲ ਸਰੀਰੀ ਪ੍ਰਭੂ ਦਰਸ਼ਨ ਦੇ ਦਿੰਦਾ ਹੈ, ਗੁਰਬਾਣੀ ਦਾ ਕਥਨ ਹੈ ਕਿ ਅਜਿਹੇ ਲੋਕਾਂ ਦਾ ਮੂੰਹ ਜਲ ਜਾਵੇਗਾ। ਗੁਰਬਾਣੀ ਦੀਆਂ ਹੇਠਲੀਆਂ ਸਤਰਾਂ ਵੀ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਹਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ਭੂਲੀ ਮਾਲਿਨੀ ਹੈ ਏਉ॥ ਸਤਿਗੁਰੂ ਜਾਗਤਾ ਹੈ ਦੇਉ॥ ਬ੍ਰਹਮ ਪਾਤੀ ਬਿਸੁਨ ਡਾਰੀ ਫੂਲ ਸੰਕਰ ਦੇਉ॥ ਤੀਨਿ ਦੇਵਿ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਸੱਚ ਉਨ੍ਹਾਂ ਲੋਕਾਂ ਨੂੰ ਬੜਾ ਕੌੜਾ ਲੱਗੇਗਾ ਜਿਹੜੇ ਜਿਉਂਦੇ ਜਾਗਦੇ ਸਤਿਗੁਰ (ਜਾਗਤ ਜੋਤ) ਨੂੰ ਇਕ ਨਿਰਜੀਵ ਪੱਥਰ ਦੀ ਭੇਟ ਕਰ ਰਹੇ ਹਨ। ਯਮਲਾ ਜੱਟ ਦੀਆਂ ਦੋ ਲਾਈਨਾਂ ਇੱਥੇ ਲਿਖਣੀਆਂ ਪਸੰਦ ਕਰਾਂਗਾ:
"ਐਸੀ ਰੀਤ ਦੇਖੀ ਯਾਰੋ ਇਸ ਸੰਸਾਰ ਦੀ, ਮੋਇਆਂ ਨੂੰ ਇਹ ਪੂਜਦੀ ਜਿਉਂਦਿਆਂ ਨੂੰ ਮਾਰਦੀ।"
ਗੁਰਮਤਿ ਸਰੀਰੋਂ ਬਾਹਰ ਕਿਸੇ ਹੋਰ ਸਰੀਰੀ ਪ੍ਰਭੂ ਦੀ ਧਾਰਨਾ ਨੂੰ ਰੱਦ ਕਰਦੀ ਹੈ। ਗੁਰਮਤਿ ਦਾ ਪ੍ਰਭੂ ਅਸਰੀਰੀ ਹੈ। ਇਹ ਗੁਰਮੁਖ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਬ੍ਰਹਮ ਗਿਆਨੀ, ਸੰਤ, ਗੁਰ, ਸਤਿਗੁਰ ਅਸਰੀਰੀ ਹਨ। ਇਹ ਸਾਰੇ ਗੁਰਮੁਖ ਵਿਚ ਸਮਾਏ ਹੋਏ ਹਨ। ਗੁਰਬਾਣੀ ਦਾ ਫੁਰਮਾਨ ਹੈ:
ਗੁਰਿ ਕਹਿਆ ਅਵਰੁ ਨਹੀਂ ਦੂਜਾ॥
ਕਿਸੁ ਕਹੁ ਦੇਖ ਕਰਉ ਅਨ ਪੂਜਾ॥
ਕਥਨੀ ਕਹਹਿ ਕਹੇ ਸੇ ਮੂਏ॥
ਸੋ ਪ੍ਰਭੂ ਦੂਰ ਨਹੀਂ ਪ੍ਰਭ ਤੂੰ ਹੈ॥
ਇਸ ਸਰੀਰ ਤੋਂ ਬਾਹਰ ਕਿਸੇ ਹੋਰ ਸਰੀਰ ਦਾ ਆਸਰਾ ਤੱਕਣਾ ਦੂਜਾ ਭਾਉ ਹੈ। ਕਲਮ ਜਲਊ ਸਣ ਮਸਵਾਣੀਆ ਕਾਗਦ ਭੀ ਜਲ ਜਾਉ। ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ। ਗੁਰਬਾਣੀ ਦੀ ਆਰਤੀ ਸਾਡੀ ਆਰਤੀ ਨਾਲੋਂ ਵੱਖਰੀ ਹੈ। "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ।" ਆਹ! ਕਿੰਨੀ ਵਧੀਆ ਤੇਰੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ ਪਰ ਅਸੀਂ ਥਾਲ ਵਿਚ ਦੀਵੇ ਰੱਖ ਕੇ ਨਕਲੀ ਆਰਤੀ ਕਰਨੋਂ ਹਟ ਨਹੀਂ ਸਕਦੇ। ਗੁਰਬਾਣੀ ਦਾ ਸਿਮਰਨ ਵੀ ਸਾਡੇ ਸਿਮਰਨ ਨਾਲੋਂ ਵੱਖਰੇ ਅਰਥ ਰਖਦਾ ਹੈ। 'ਜਾਪੁ ਤਾਪੁ ਕੋਟਿ ਲਖ ਪੂਜਾ ਹਰਿ ਸਿਮਰਨ ਤੁਲਿ ਨਾ ਲਾਇਣ।' ਹਰ ਸਿਮਰਨ ਦੀ ਬਰਾਬਰੀ ਲੱਖਾਂ ਕਰੋੜਾਂ ਜਾਪ ਤਪ ਅਤੇ ਪੂਜਾ ਨਹੀਂ ਕਰ ਸਕਦੇ। ਆਉ, ਹੁਣ ਹਰ ਸਿਮਰਨ ਦੇ ਅਰਥਾਂ ਨੂੰ ਵਿਚਾਰੀਏ। "ਹਰਿ ਸਿਮਰਨ ਕੀਓ ਸਗਲ ਆਕਾਰਾ॥ ਹਰਿ ਸਿਮਰਨ ਮਹਿ ਆਪ ਨਿਰੰਕਾਰਾ॥" ਇਸ ਦੇ ਦੋ ਅਰਥ ਕੀਤੇ ਜਾ ਸਕਦੇ ਹਨ, ਪਹਿਲਾ, ਹਰ ਸਿਮਰਨ ਨੂੰ ਵਿਸ਼ੇਸ਼ਣ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ ਨਾਲ ਕਰਦੇ ਹਾਂ ਜਿਹੜੀ ਤਦਭਾਵ ਤੁਕ ਹੈ। 'ਨਾਮ ਕੇ ਧਾਰੇ ਸਗਲੇ ਜੰਤ॥' ਨਾਮ ਅਤੇ ਸਿਮਰਨ ਤਦਭਵ ਸ਼ਬਦ ਹੋ ਨਿਬੜਦੇ ਹਨ ਜਿਨ੍ਹਾਂ ਦਾ ਸਬੰਧ ਉਤਪਤੀ ਨਾਲ ਹੈ, ਜਾਪ ਜਾਂ ਸਿਮਰਨ ਨਾਲ ਨਹੀਂ। ਦੂਜਾ, ਹਰ ਸਿਮਰਨ ਨੂੰ ਕਿਰਿਆ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ 'ਖਾਲਕ ਖਲਕ ਖਲਕ ਮਹਿ ਖਾਲਕ' ਨਾਲ ਕਰਦੇ ਹਾਂ ਜਿਹੜੀ ਉਪਰੋਕਤ ਤੁਕ ਦੀ ਤਦਭਵ ਤੁਕ ਹੈ।
ਹੁਣ ਜੇ ਆਪਾਂ 'ਖਲਕ ਮਹਿ ਖਾਲਕ' ਅਤੇ 'ਹਰ ਸਿਮਰਨ ਮਹਿ ਆਪ ਨਿਰੰਕਾਰ' ਦੀ ਤੁਲਨਾ ਕਰੀਏ ਤਾਂ ਹਰ ਸਿਰਮਨ ਦਾ ਅਰਥ ਖਲਕ ਜਾਂ ਕੁਦਰਤ ਹੈ। ਭਾਵ ਕੁਦਰਤ ਦੇ ਜੀਵਨ ਰੌਂਅ ਦਾ ਸਹਿਜ ਵਰਤਾਰਾ ਹੀ ਹਰ ਸਿਮਰਨ ਹੈ, ਆਰਤੀ ਹੈ ਪਰ ਅਸੀਂ ਗੁਰਬਾਣੀ ਦੇ ਇਸ ਰਹੱਸ ਨੂੰ ਸਮਝ ਨਹੀਂ ਸਕੇ ਅਤੇ 'ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਕਰਤਾ ਰੇ' ਦਾ ਸੱਦਾ ਸਾਡੇ 'ਤੇ ਪੂਰਾ ਢੁਕਦਾ ਹੈ। ਗੁਰਮਤਿ ਇਕ ਮਾਰਗ ਹੈ। ਸਬਰ, ਸੰਤੋਖ, ਸੱਚ, ਸਹਿਜ ਅਤੇ ਅਡੋਲਤਾ ਇਸ ਦੀ ਮੰਜ਼ਲ ਹੈ ਪਰ ਅਸੀਂ ਮਾਰਗ ਨੂੰ ਹੀ ਮੰਜ਼ਲ ਮੰਨ ਲਿਆ ਹੈ। ਗੁਰਮੁਖ ਦੇ ਚਲਾਏ ਗਾਡੀ ਰਾਹ 'ਤੇ ਅਸੀਂ ਮਨਮੁਖਤਾ ਦੀ ਧੂੜ ਉਡਾ ਦਿੱਤੀ ਹੈ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਨਾਲ ਲੱਦਿਆ ਸਾਡਾ ਆਪਣਾ ਟੱਟੂ ਵੀ ਇਸ ਧੂੜ ਵਿਚ ਰਲਿਆ ਹੋਇਆ ਹੈ। ਕੂੜ ਅਤੇ ਧੂੜ ਦੀ ਇਸ ਹਨੇਰੀ ਵਿਚ ਅੰਨ੍ਹੀ ਪੀਂਹਦੀ ਅਤੇ ਕੁੱਤੀ ਚੱਟਦੀ ਹੈ। ਸਬਰ ਸੰਤੋਖ ਸੱਚ ਸਹਿਜ ਅਤੇ ਅਡੋਲਤਾ ਸਾਡੇ ਵਿਚੋਂ ਲੋਪ ਹੋ ਗਏ ਹਨ। ਅੱਜ ਦੇਹਧਾਰੀ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਮਹਾਰਾਜ ਅਤੇ ਚੇਲੇ ਤਾਂ ਬਹੁਤ ਹਨ ਪਰ ਗੁਰਮੁਖ ਜਾਂ ਖ਼ਾਲਸਾ ਕੋਈ ਵਿਰਲਾ ਹੀ ਹੋਵੇਗਾ।
ਖ਼ਾਲਸਾ ਗੁਰਮੁਖ ਦਾ ਸਿਖਰ ਰੂਪ ਹੈ ਜਿਵੇਂ ਸਿੱਟਾ ਬੂਟੇ ਦਾ ਸਿਖਰ ਰੂਪ ਹੁੰਦਾ ਹੈ। ਬੂਟੇ ਤੋਂ ਬਗੈਰ ਜਿਵੇਂ ਸਿੱਟੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਠੀਕ ਇਸੇ ਤਰ੍ਹਾਂ ਖ਼ਾਲਸਾ ਉਹੀ ਸਜ ਸਕਦਾ ਹੈ ਜਿਹੜਾ ਗੁਰਮੁਖ ਹੋਵੇ ਪਰ ਅੱਜ ਕੱਲ੍ਹ ਖਾਲਸਾ ਸਜਣ ਵਾਸਤੇ ਗੁਰਮੁਖ ਹੋਣ ਦੀ ਸ਼ਰਤ ਨਹੀਂ ਲਾਈ ਜਾਂਦੀ। ਅਜਿਹਾ ਕਰਕੇ ਅਸੀਂ ਗੁਰੂਆਂ ਦੀਆਂ ਨੌਂ ਪੀੜ੍ਹੀਆਂ ਦੀ ਘਾਲਣਾ ਨੂੰ ਉਕਾ ਹੀ ਵਿਸਾਰ ਦਿੱਤਾ ਹੈ। ਬੇਸ਼ਕ ਅਸੀਂ ਕਹੀ ਜਾਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਅਸੀਂ ਗੁਰੂ ਨਾਲੋਂ ਵੱਧ ਸਤਿਕਾਰ ਦੇਹਧਾਰੀਆਂ ਨੂੰ ਦੇ ਰਹੇ ਹਾਂ। ਇਹ ਕੌੜਾ ਸੱਚ ਹੈ ਜਿਹੜਾ ਸਾਨੂੰ ਮੰਨਣਾ ਔਖਾ ਲਗਦਾ ਹੈ। ਅੱਜ ਗੁਰੂ ਘਰਾਂ ਵਿਚ ਗੁਰਮਤਿ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਮੈਨੂੰ ਤਾਂ ਇਉਂ ਲਗਦਾ ਹੈ ਜਿਵੇਂ ਕੋਈ ਸਾਡਾ ਹੀ ਪਿਸਤੌਲ ਲੈ ਕੇ ਸਾਡਾ ਹੀ ਘਰ ਲੁੱਟੀ ਜਾਂਦਾ ਹੋਵੇ। ਰੋਗੀ ਦਾ ਰੋਗ ਨੂੰ ਪਛਾਣ ਲੈਣਾ ਤੰਦਰੁਸਤੀ ਦੀ ਦੱਸ ਪਾਉਂਦਾ ਹੈ ਪਰ ਜੇਕਰ ਕੋਈ ਰੋਗੀ ਇਹ ਕਹੇ-ਮੈਂ ਤੰਦਰੁਸਤ ਹਾਂ, ਤਾਂ ਉਹ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਰੋਗ ਨੂੰ ਕਬੂਲ ਕਰ ਲੈਣ ਵਾਲੇ ਸੁਹਿਰਦ ਰੋਗੀਆਂ ਦੀ ਭਾਲ ਨੂੰ ਸਮਰਪਤ ਹੈ ਮੇਰਾ ਇਹ ਲੇਖ ।
ਲੇਖਕ-- ਜੋਰਾ ਸਿੰਘ ਰਾਜੋਆਣਾ

Sunday, May 8, 2011

ਹੇਮਕੁੰਟ ਪਰਬਤ ਹੈ ਕਹਾਂ?

ਹੇਮਕੁੰਟ ਪਰਬਤ ਹੈ ਕਹਾਂ?

ਸਰਵਜੀਤ ਸਿੰਘ ਸੈਕਰਾਮੈਂਟੋ

ਪਾਰਕ ਵਿਚ ਬੈਠਿਆਂ ਇਕ ਸੱਜਣ ਨੇ, ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਕੀਤੀ ਆਪਣੀ ਹੇਮਕੁੰਟ ਦੀ ਯਾਤਰਾ ਦਾ ਵਿਖਿਆਨ ਅਜੇਹੇ ਤਰੀਕੇ ਨਾਲ ਕੀਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਖੁਦ ਹੀ ਯਾਤਰਾ ਕਰ ਰਿਹਾ ਹੋਵਾਂ। ਜਿਥੇ ਉਸ ਨੇ ਰਸਤੇ ‘ਚ ਉਪਲਭਦ ਸਹੂਲਤਾਂ ਅਤੇ ਸ਼ਰਧਾਲੂਆਂ ਵਲੋਂ ਯਾਤਰੀਆਂ ਦੀ ਕੀਤੀ ਜਾਂਦੀ ਸੇਵਾ ਦਾ ਜਿਕਰ ਕੀਤਾ ਉੱਥੇ ਹੀ ਉਸ ਨੇ ਦੁਕਾਨਦਾਰਾਂ ਵਲੋ ਕੀਤੀ ਜਾਂਦੀ ਲੁਟ ਬਾਰੇ ਜਾਣਕਾਰੀ ਵੀ ਦਿੱਤੀ। ਪਾਠਕਾਂ ਦੀ ਦਿਲਚਸਪੀ ਲਈ ਮੈਂ ਇਥੇ ਇਕ ਘਟਨਾ ਸਾਂਝੀ ਕਰ ਰਿਹਾ ਹਾਂ। ਉਸ ਸੱਜਣ ਨੇ ਦੱਸਿਆ ਕੇ ਗੋਬਿੰਦਘਾਟ (6000 ਫੁਟ) ਤੋਂ ਮੈਂ ਪੈਦਲ ਹੀ ਸਫਰ ਅਰੰਭ ਕੀਤਾ ਪਰ ਅੱਧ ‘ਚ ਹੀ ਮੇਰਾ ਸਰੀਰ ਜੁਵਾਬ ਦੇ ਗਿਆ। ਮੈ ਖੱਚਰ ਵਾਲੇ ਨੂੰ ਪੁਛਿਆ ਤਾਂ ਉਸ ਨੇ 300 ਰੁਪਈਆਂ ਮੰਗਿਆ। ਮੈ ਉਸ ਨੂੰ ਕਿਹਾ ਕੇ 300 ਤਾਂ ਧੁਰੋਂ ਲੈਂਦੇ ਹਨ ਹੁਣ ਤਾਂ ਮੈ ਅੱਧ ਵਿਚ ਪੁਜ ਚੁੱਕਾ ਤਾਂ ਖੱਚਰ ਵਾਲੇਂ ਨੇ ਕਿਹਾਂ ਉੱਥੋ ਹੀ ਲੈ ਆਉਦਾਂ। ਇਕ ਹੋਰ ਸੱਜਣ, ਜੋ 4-5 ਸਾਲ ਪਹਿਲਾਂ ਆਪਣਾ ਜੀਵਨ ਸਫਲ ਕਰਕੇ ਆਇਆ ਸੀ ਉਸ ਨੇ ਵੀ ਉਸ ਦੀ ਹਾਂ ‘ਚ ਹਾਂ ਮਿਲਾਈ। ਮੈਂ ਉਨ੍ਹ੍ਹਾਂ ਨੂੰ ‘ਹੇਮਕੁੰਟ’ ਦੇ ਇਤਿਹਾਸ ਬਾਰੇ ਪੁਛਿਆ ਤਾਂ ਇਕ ਸੱਜਣ ਨੇ ਤਾਂ ਕਿਹਾ ਮੈਨੂੰ ਨਹੀ ਪਤਾਂ ਉਥੇ ਲਿਖਿਆ ਹੋਇਆ ਹੈ ਮੈ ਪੜ੍ਹ ਨਹੀਂ ਸਕਿਆ। ਦੂਜੇ ਸੱਜਣ ਨੇ ਮੇਰੇ ਸਵਾਲ ਦੇ ਜੁਵਾਬ ‘ਚ ਕਿਹਾ ਕੇ ਮੇਰੀ ਪਤਨੀ ਨੇ ਦੱਸਿਆ ਸੀ ਕੇ ਜਦਂੋ ਉਹ ਵਾਪਸ ਆ ਰਹੀ ਸੀ ਤਾਂ ਗੁਰੂੁ ਜੀ ਉਸ ਦੇ ਨਾਲ-ਨਾਲ ਚਲ ਰਹੇ ਸਨ। ‘ਸਵਾਲ ਚਨਾ ਜਵਾਬ ਗੰਦਮ’ ਦੀ ਕਹਾਵਤ ਤੇ ਅਮਲ ਕਰਦਿਆਂ ਉਸ ਨੇ ਹੋਰ ਦੱਸਿਆ ਕੇ ਜੇਹੜ੍ਹੀ ਕੜ੍ਹੀ-ਚੌਲ ਉਥੇ ਮਿਲਦੇ ਹਨ ਅਜੇਹੇ ਮਂੈ ਕਦੇ ਵੀ ਨਹੀ ਖਾਂਧੇ। ਇਹ ਹੈ ਜੀਵਨ ਸਫਲ ਕਰ ਚੁੱਕੇ ਸੱਜਣਾ ਦੀ ਹੇਮਕੁੰਟ ਬਾਰੇ ਇਤਿਹਾਸਕ ਜਾਣਕਾਰੀ।

“ਅਬ ਮੈਂ ਆਪਨੀ ਕਥਾ ਬਖਾਨੋ” ਆਖੇ ਜਾਂਦੇ ਦਸਮ ਗ੍ਰੰਥ ‘ਚ ਦਰਜ ਇਸ ਪੰਗਤੀ ਸਬੰਧੀ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦੇ ਕਾਰਨ ਬੁਹਗਿਣਤੀ ਸਿੱਖਾਂ ਦੀ ਮਾਨਸਿਕਤਾਂ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਲਿਖ ਰਹੇ ਹਨ। ਅੱਜ ਤੋਂ 100 ਸਾਲ ਪਹਿਲਾ ਤਾਂ ਕੀ ਦਸਮ ਗ੍ਰੰਥ ਤਾਂ ਅੱਜ ਵੀ 95% ਸਿੱਖਾਂ ਨੇ ਨਹੀ ਪੜ੍ਹਿਆ ਤਾਂ ਹੇਮਕੁੰਟ ਦੇ ਏਨਾ ਮਸ਼ਹੂਰ ਹੋਣ ਦਾ ਕੀ ਕਾਰਨ ਹੋਇਆ? ਇਸਦਾ ਕਾਰਨ ਸੀ, ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ।

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ ॥2॥ (ਪੰਨਾ54)

ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ‘ਬਿਚਤ੍ਰ ਨਾਟਕ’(ਪੰਨਾ 39-73) ਜਿਸ ਦੇ ਕੁਲ 14 ਅਧਿਆਏ ਅਤੇ 471 ਛੰਦ ਹਨ ਦੇ ਛੇਵੇਂ ਅਧਿਆਇ ‘ਚ ਦਰਜ ਉਪਰੋਕਤ ਪੰਗਤੀਆਂ ਤੋਂ ਪ੍ਰਭਾਵਿਤ ਹੋ ਕੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚ ਬੁਹਤ ਹੀ ਵਿਸਥਾਰ ਨਾਲ (ਰਾਸਿ 11, ਅੱਸੂ 49-52) ਹੇਮਕੁੰਟ ਅਤੇ ਉਥੇ ਤਪੱਸਿਆ ਕਰਨ ਵਾਲੇ ਦੁਸ਼ਟ ਦਮਨ ਬਾਰੇ ਜੋ ਜਾਣਕਾਰੀ ਦਿੱਤੀ ਹੈ। ਜਿਸ ਦਾ ਸੰਖੇਪ ਇਉਂ ਹੈ-

‘ਸਤਿਜੁਗ ਵਿੱਚ ਦੇਵਤਿਆਂ ਅਤੈ ਦੈਂਤਾ ਦਾ ਬੁਹਤ ਹੀ ਭਿਆਕਨ ਯੁਧ ਹੋਇਆ ਸੀ। ਯੁਧ ਦੇ ਮੈਦਾਨ ‘ਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸਹਾਇਤਾ ਲਈ ਦੇਵੀ ਅੱਗੇ ਬੇਨਤੀ ਕੀਤੀ। ਦੇਵਤਿਆਂ ਦੀ ਸਹਾਇਤਾਂ ਲਈ ਆਈ ਦੇਵੀ (ਦੁਰਗਾ, ਭਵਾਨੀ) ਨੇ 90 ਪਦਮ ਦੈਂਤ ਸੈਨਾਂ (90,000,000,000,000,000) ਦਾ ਖਾਤਮਾ ਕਰ ਦਿੱਤਾ। ਦੈਤ ਸੈਨਾਂ ਦਾ ਅੰਤ ਕਰਨ ਉਪ੍ਰੰਤ ਥੱਕੀ-ਟੁਟੀ ਉਹ ਦੇਵੀ ਅਰਾਮ ਕਰਨ ਲਈ ਪਹਾੜਾਂ ਵਿੱਚ ਜਾ ਲੁਕੀ। ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਵਾਸਤੇ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਜੋ ਪਹਾੜਾਂ ‘ਚ ਤੱਪ ਕਰ ਰਿਹਾ ਸੀ, ਤੋਂ ਦੇਵੀ ਬਾਰੇ ਪੁਛਿਆ। ਤੱਪਸਵੀ ਨੇ ਦੇਵੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਦੈਂਤ ਨੇ ਬ੍ਰਾਹਮਣ ਤੇ ਹਮਲਾ ਕਰ ਦਿੱਤਾ। ਤੱਪਸਵੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਆਸਨ ਤੇ ਵਿਛਾਈ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ। ਖੱਲ ਦੀ ਧੂੜ ਵਿਚੋਂ ਇਕ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ ਜਿਸ ਨੇ ਹਜ਼ਾਰਾਂ ਸਾਲ ਦੈਂਤ ਸੈਨਾਂ ਨਾਲ ਜੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।

ਜਦੋਂ ਲੜਾਈ ਖਤਮ ਹੋ ਗਈ ਤਾਂ ਮੈਦਾਨ ਖਾਲੀ ਦੇਖ ਕੇ ਲੁਕੀ ਹੋਈ ਦੇਵੀ ਦੁਰਗਾ ਵੀ ਆ ਪ੍ਰਗਟ ਹੋਈ। ਉਹ ਆਪਣੇ ਦੁਸ਼ਮਣਾਂ ਨੂੰ ਖਤਮ ਹੋਇਆ ਦੇਖ ਕੇ ਬੁਹਤ ਹੀ ਪ੍ਰਸੰਨ ਹੋਈ। ਇਸ ਖੁਸ਼ੀ ਦੇ ਮੌਕੇ ਦੇਵੀ ਨੇ ਸ਼ੇਰ ਦੀ ਖੱਲ ‘ਚ ਪੈਦਾ ਹੋਏ ਮਹਾਬਲੀ ਨੂੰ ਵਰ ਦਿਤਾ, ਤੁੂੰ ਮੇਰੀ ਮਦਦ ਕੀਤੀ ਹੈ ਮਾਤ ਲੋਕ ਵਿੱਚ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਉਸ ਨੂੰ ਦੁਸ਼ਟਾਂ ਦਾ ਖਾਤਮਾਂ ਕਰਨ ਕਰਕੇ ਦੁਸ਼ਟਦਮਨ ਦਾ ਨਾਮ ਦਿਤਾ (ਦੁਸ਼ਟਦਮਨ ਨਿਜ ਨਾਮ ਧਰਾਇ) ਅਤੇ ਆਖਿਆ ਕਿ ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈ, ਇਸ ਲਈ ਤੇਰੇ ਪੰਥ ਦਾ ਨਾਮ ਵੀ ਖਾਲਸਾ ਹੋਵੇਗਾ। (ਸਿੰਘ ਖਾਲ ਸੇ ਹੋਹਿ ਖਾਲਸਾ)। ਦੇਵੀ, ਦੁਸ਼ਟਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦੇਣ ਉਪ੍ਰੰਤ ਅਲੋਪ ਹੋ ਗਈ। ਦੁਸ਼ਟਦਮਨ ਨੇ ਦੇਵੀ ਦੀ ਆਗਿਆ ਪਾਲਨ ਹਿਤ ਅਸੰਖਾਂ ਵਰ੍ਹੇ ਦੀ ਕਠਨ ਤਪਸਿਆ ਦਾ ਕੀਤੀ। (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਤੱਪ ਕਰਨ ਸਮੇਂ ਦੁਸ਼ਟਦਮਨ ਦੇ ਸਿਰ ਤੇ ਲੰਮੀਆਂ ਲੰਮੀਆ ਜਟਾਂਵਾਂ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਬਿਨਾ ਅੰਨ-ਪਾਣੀ ਤੋਂ ਇਕ ਪੈਰ ਤੇ ਖਲੋਕੇ, ਮੌਨ ਧਾਰ ਕੇ ਇਕਾਂਤ ਵਿੱਚ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000 ਸਾਲ) ਅਜਿਹੀ ਕਠਨ ਤਪਸਿਆ ਕੀਤੀ ਕਿ ਸ਼ਰੀਰ ਸੁਕ ਗਿਆ ਤੇ ਕੇਵਲ ਹੱਡੀਆਂ ਹੀ ਬਚੀਆਂ। ਅੰਤ ਮਹਾਕਾਲ ਨੇ ਆਪਣੇ ਸੇਵਕਾਂ ਰਾਹੀਂ ਵਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ ਅਤੇ ਮਾਤ ਲੋਕ ਵਿੱਚ ਜਾਣ ਲਈ ਕਿਹਾ।

ਬਚਿਤ੍ਰ ਨਾਟਕ ਦੀਆਂ ਉਪ੍ਰੋਕਤ ਪੰਗਤੀਆਂ (ਅਬ ਮੈ ਅਪਨੀ ਕਥਾ ਬਖਾਨੋ) ਦੇ ਅਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਜਾਂ ਉਨ੍ਹਾ ਦੇ ਸਹਿਯੋਗੀ ਬ੍ਰਾਹਮਣਾਂ ਵਲੋਂ ਲਿਖੀ, ਕਥਿਤ ਦੁਸ਼ਟ ਦਮਨ ਦੀ ਕਥਿਤ ਤਪੱਸਿਆ ਬਾਰੇ ਬੜੀ ਲੱਮੀਂ ਚੌੜੀ ਵਾਰਤਾ ਨੂੰ ਆਧਾਰ ਮੰਨ ਕੇ ਪੰਡਤ ਤਾਰਾ ਸਿੰਘ ਨਰੋਤਮ ਨੇ 1932 ਵਿਚ ਵਰਤਮਾਨ ‘ਹੇਮਕੁੰਟ’ ਨੂੰ ਦੁਸ਼ਟ ਦਸਨ ਦੀ ਤਪਸਿਆ ਵਾਲੀ ਥਾਂ ਦਸਿਆ, ਉਥੇ ਫੌਜ ਦੇ ਸਾਬਕਾ ਗ੍ਰੰਥੀ ਸੰਤ ਸੋਹਣ ਸਿੰਘ ਟੀਹਰੀ-ਗੜਵਾਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ 224 ਵਰ੍ਹੇ ਪਿਛੋਂ, ਸੰਨ 1936 ਵਿੱਚ ਗੁਰਦੁਆਰਾ ਸਥਾਪਿਤ ਕੀਤਾ।

ਗੁਰਦੁਆਰੇ ਦੀ ਸਥਾਪਨਾ ਹੋਣ ਅਤੇ ਉਸ ਦਾ ਸਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸਿਖ ਸੰਗਤਾਂ ਬੜੇ ਉਤਸ਼ਾਹ ਨਾਲ ਰਸਤੇ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਕੀਤੇ ਵਗੈਰ ਉਥੇ ਦਰਸ਼ਨ ਕਰਨ ਲਈ ਜਾਣ ਲਗ ਪਈਆਂ। ਅਜਿਹਾ ਹੋਣਾ ਕੁਦਰਤੀ ਹੀ ਹੈ, ਕਿਉਂਕਿ ਸਿਖ ਸੰਗਤਾਂ ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰਖਦੀਆਂ ਹਨ। ਪਰ ਗਿਆਨ ਵਿਹੁਣੀ ਸ਼ਰਧਾ, ਅੰਨੀ ਸ਼ਰਧਾ ਹੁੰਦੀ ਹੈ ਜੋ ਕਦੇਂ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਸਾਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੀ ਅਸਲੀਅਤ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖ ਵਾਸਤੇ ਪਰਖ ਦੀ ਕਸਵਟੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕੋਈ ਵੀ ਰਚਨਾ ਜੋ ਇਸ ਕਸਵਟੀ ਤੇ ਪੂਰੀ ਨ ਉਤਰੇ, ਉਸ ਨੂੰ ਰੱਦ ਕਰਨ ਵਿਚ ਹੀ ਸਾਡਾ ਭਲਾ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (ਪੰਨਾ 1245)

‘ਸੂਰਜ ਪ੍ਰਕਾਸ਼’ ਵਿਚ ਦਰਜ ਸਾਖੀ ਮੁਤਾਬਕ ਦੇਵੀ ਅਤੇ ਦੈਤਾਂ ਦਾ ਲੜਾਈ ਸਤਿਯੁਗ ਵਿਚ ਹੋਈ ਸੀ ਹੋਈ। ਜੇ ਇਸ ਨੂੰ ਸਤਿਯੁਗ ਦੇ ਅਰੰਭ ਵਿਚ ਵੀ ਮੰਨੀਏ ਤਾਂ ਵੀ ਇਸ ਦੇ ਅਰੰਭ ਨੂੰ ਲੱਗ-ਭੱਗ (1728000+1296000+864000+5111) 3893111 ਸਾਲ ਬਣਦੇ ਹਨ। ਦੇਵਤਿਆਂ ਅਤੇ ਦੇਤਾਂ ਦਾ ਯੁਧ ਅਤੇ ਦੁਸ਼ਟ ਦਮਨ ਵਲੋਂ ਹਜਾਰਾਂ ਸਾਲ ਦੈਤਾਂ ਨਾਲ ਕੀਤੀ ਗਈ ਲੜਾਈ ਨੂੰ ਜੇ ਛੱਡ ਵੀ ਦਈਏ ਤਾਂ ਵੀ ਲੜਾਈ ਖਤਮ ਹੋਣ ਤੋਂ ਪਿਛੋਂ ਦੁਸ਼ਟਦਮਨ ਵਲੋ ਕੀਤੀ ਗਈ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000) ਦੀ ਕਠਨ ਤਪਸਿਆ ਦਾ ਕੀ ਕੀਤਾ ਜਾਂਵੇ? (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਜਦੋਂ ਕਿ ਗੁਰਬਾਣੀ ਅਜੇਹੇ ਸਰੀਰਕ ਕਸ਼ਟ ਦੇਣ ਵਾਲੇ ਤੱਪਾਂ ਦੀ ਹੀ ਨਿਖੇਦੀ ਕਰਦੀ ਹੈ। "ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ"(ਪੰਨਾ 593)। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਦੁਸਟਦਮਨ ਨੇ ਹੇਮਕੁੰਟ ਵਿਚ ਕਠਨ ਤਪੱਸਿਆ ਕੀਤੀ ਵੀ ਸੀ ਤਾਂ ਵੀ ਸਾਡਾ ਉਸ ਨਾਲ ਕੀ ਸਬੰਧ? ਸਾਡਾ ਇਤਿਹਾਸ ਤਾਂ ਇਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ, 1675 ਵਿਚ ਗੁਰੁ ਤੇਬ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਉਹ ਗੁਰਗੱਦੀ ਤੇ ਵਿਰਾਜ ਮਾਨ ਹੋਏ ਸਨ 1708 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਸਨ। ਇਸ ਜਨਮ ਵਿਚ ਵੀ ਪਹਿਲੇ 9 ਸਾਲ ਗੋਬਿੰਦ ਰਾਏ ਜੀ ਸਾਡੇ ਗੁਰੂ ਨਹੀ ਸਨ।

ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾ ਹਰ ਸਾਲ ਗੰਗਾ ‘ਚੇ ਇਸ਼ਨਾਨ ਕਰਨ ਜਾਂਦੇ ਸਨ। ਕੀ ਹੁਣ ਸਾਨੂੰ ਵੀ ਹਰ ਸਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂ ਗੰਗਾ ਦਾ ਇਸ਼ਨਾਨ ਕਰਨ ਨਹੀ ਜਾਣਾ ਚਾਹੀਦਾ? ਨਹੀ ! ਕੋਈ ਵੀ ਸਿੱਖ ਇਸ ਨਾਲ ਸਹਿਮੱਤ ਨਹੀ ਹੋਵੇਗਾ। ਜੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਗੁਰੂ ਬਨਣ ਤੋ ਪਹਿਲਾ, ਇਸੇ ਜਨਮ ਦੇ ਇਤਿਹਾਸ ਨਾਲ ਸਾਡਾ ਕੋਈ ਸਬੰਧ ਨਹੀ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਮਿਥਿਹਾਸ ਨਾਲ ਸਾਡਾ ਕੀ ਸਬੰਧ?

ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕਿ ਪਠਾਯੋ।॥5॥ (ਪੰਨਾ55)

ਉਪ੍ਰੋਕਤ ਪੰਗਤੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਜੀ (?) ਕਹਿੰਦੇ ਹਨ ਕਿ ਸਾਡਾ ਆਉਣ ਨੂੰ ਚਿੱਤ ਨਹੀ ਸੀ ਕਰਦਾ ਕਿਉਂਕਿ ਮੇਰੀ ਸੁਰਤ ਤਾਂ ਪ੍ਰਭੂ ਦੇ ਚਰਨਾ ‘ਚ ਖੁਭੀ ਹੋਈ ਸੀ। ਜਿਵਂੇ-ਕਿਵੇਂ ਪ੍ਰਭ ਨੇ ਸਾਨੂੰ ਸਮਝਾਇਆ ਅਤੇ ਇਸ ਲੋਕ ਵਿਚ ਭੇਜਿਆ। ਸੋ ਸਪੱਸ਼ਟ ਹੈ ਕਿ ਭਗਤੀ ਕਰਨ ਵਾਲਾ ਇਸ ਦੁਨੀਆਂ ‘ਚ ਨਹੀ ਸਗੋਂ ਕਿਸੇ ਹੋਰ ਦੁਨੀਆਂ ਵਿਚ ਭਗਤੀ ਕਰ ਰਿਹਾ ਸੀ। ਪਰ ਮੌਜੂਦਾ ਹੇਮਕੁੰਟ ਤਾਂ ਉਤਰੀ ਭਾਰਤ ਵਿਚ ਹੀ ਬਣਾ ਲਿਆ ਗਿਆ ਹੈ। ਕੀ ਇਹ ਤੱਥ ਹੀ ਇਸ ਅਖੌਤੀ ਤਪ ਅਸਥਾਨ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਕਾਫੀ ਨਹੀ ਹੈ?




ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕਵੀ ਸੰਤੋਖ ਸਿੰਘ ਵਲੋਂ ਕੀਤੀ ਕਲਪਣਾ ਨੂੰ ਸੱਚ ਮੰਨ ਕੇ ਰਿਵਾਲਸਰ ਦੀਆਂ ਪਹਾੜੀਆਂ (ਮੰਡੀ ਸੁਕੇਤ ਦੇ ਨੇੜੇ) ਉਤੇ ਸੱਤ ਟੀਸੀਆਂ ਨੂੰ ‘ਸਪਤ ਸਿੰ੍ਰਗ’ ਵਜੋਂ ਐਲਾਨਿਆ ਸੀ। ਸਨਾਤਨੀ ਮੱਤ ਦੇ ਧਾਰਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਖੁਦ ਹਰ ਸਾਲ ਬੱਦਰੀਨਾਥ ਦੀ ਯਾਤਰਾ ਨੂੰ ਜਾਂਦਾ ਹੁੰਦਾ ਸੀ, ਨੇ ਪਹਿਲੇ ਹੇਮਕੁੰਟ ਨੂੰ ਰੱਦ ਕਰਕੇ ਇਕ ਹੋਰ ਪਹਾੜ ਦੀ ਟੀਸੀ ਤੇ ਖੜ੍ਹਕੇ ਆਲੇ-ਦੁਆਲੇ 7 ਟੀਸੀਆਂ ਗਿਣ ਕੇ ਉਸ ਟੀਸੀ ਨੂੰ ‘ਸਪਤ ਸ੍ਰਿੰਗ’ ਐਲਾਨ ਕਰ ਦਿੱਤਾ ਗਿਆ। (ਕੀ ਕਿਸੇ ਹੋਰ ਪਹਾੜ ਟੀਸੀ ਤੇ ਖੜ੍ਹ ਕੇ 7 ਟੀਸੀਆਂ ਨਹੀ ਗਿਣਈਆਂ ਜਾ ਸਕਦੀਆਂ?) ਸੰਤ ਸੋਹਣ ਸਿੰਘ ਟੀਹਰੀਵਾਲੇ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਉਥੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਇਸ ਅਸਥਾਨ ਦਾ ਮੁੱਢ ਬੱਝ ਗਿਆ ਅਤੇ ਪਹਿਲੇ ਹੇਮਕੁੰਟ ਨੂੰ ਲੋਕੀ ਭੁਲ਼ ਹੀ ਗਏ। ਮਈ ਮਹੀਨੇ ਖਬਰ ਆਈ ਸੀ ਕੇ ਇਕ ਹੋਰ ਹੇਮਕੁੰਟ ਵੀ ਬਣ ਗਿਆ ਹੈ।

ਇਹ ਹੈ, ਪੁਣੇ ਦੇ ਨਜ਼ਦੀਕ ‘ਕਮਸ਼ੇਟ’ ਦੀਆਂ ਪਹਾੜੀਆਂ ‘ਤੇ ਪਵਨਾ ਡੈਮ ਨੇੜੇ ‘ਛੋਟਾ ਹੇਮਕੁੰਟ’। ਸ਼ਾਇਦ ਇਹ ਉਨ੍ਹਾਂ ਸਿੱਖਾਂ ਦੀ ਸਹੂਲਤ ਲਈ ਬਣਾਇਆ ਗਿਆ ਹੋਵੇ ਜੋ ਉਤਰਾਚਲ ਵਿਚ ਸਮੁੰਦਰੀ ਤਲ ਤੋਂ ਲੱਗ-ਭੱਗ 15200 ਫੁਟ ਦੀ ਉਚਾਈ ਬਣੇ ਹੇਮਕੁੰਟ ਤੇ ਜਾਣ ਦਾ ਹੌਸਲਾ ਨਾ ਕਰਦੇ ਹੋਣ। ਮੈਨੂੰ ਇਓਂ ਮਹਿਸੂਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋ ਵਪਾਰੀ ਬਾਬਿਆਂ ਦੀ ਕ੍ਰਿਪਾ ਸਦਕਾ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਬਣੇ ਪੰਜ ਤਖਤਾਂ ਦੀ ਤਰ੍ਹਾਂ ਹੇਮਕੁੰਟ ਵੀ ਪੰਜ ਹੀ ਹੋਣਗੇ।

ਦਿੱਲੀ ਨੂੰ.......!

ਦਿੱਲੀ ਨੂੰ.......!
ਮੇਰੇ ਪਿੰਡ ਦੇ ਕੱਚਿਆਂ ਢਾਰਿਆਂ ਤੋਂ, ਤੇਰਾ ਫਾਸਲਾ,
ਚਾਰ ਕੁ ਸੌ ਮੀਲ ਦਾ ਹੋਣੈ,
ਤੇ ਚਾਂਦਨੀ ਚੌਂਕ ਤੋਂ ਲਾਲ ਕਿਲੇ ਦਾ ਫਾਸਲਾ
ਚਾਰ ਕੁ ਫਰਲਾਂਗ ।
ਤੇਰੇ ਮਾਲਕਾਂ ਨੂੰ ਚਾਂਦਨੀ ਚੌਂਕ ਤੋਂ
ਲਾਲ ਕਿਲੇ ਦਾ ਫਾਸਲਾ ਭੁੱਲ ਗਿਐ ।
ਜੇ ਯਾਦ ਹੁੰਦਾ ਤਾਂ ਚੁਰਾਸੀ ਦਾ ਗੇੜ ਨਹੀਂ ਚੱਲਣਾ ਸੀ ।
ਤੇ ਨਾ ਹੀ ਮੱਸ਼ਰੀਆ ਟੋਲੀਆਂ ਨੇ
ਮੇਰੇ ਸ਼ਹੀਦ ਗੁਰੂ ਦੀ ਸ਼ਹਾਦਤ ਗਾਹ ਨੂੰ ਅੱਗਾਂ ਲਾਉਣ ਦੌੜਨਾ ਸੀ ।
ਤੇਰੀ ਹਰ ਗਲੀ ਹਰ ਮੋੜ
ਮੈਨੂੰ ਯਾਦ ਕਰਵਾ ਜਾਂਦੈ
ਮੇਰੀ ਮਾਵਾਂ ਭੈਣਾ ਨਾਲ ਹੀ ਨਹੀਂ
ਸਗੋਂ ਮਾਨਵਤਾ ਸੀ ਲਾਸ਼ ਨਾਲ ਕੀਤਾ ਬਲਾਤਕਾਰ ।
ਤੇ ਹਰ ਵਾਰ ਜਦੋਂ ਮੈਂ ਮੇਰੇ ਪਿੰਡ ਤੋਂ ਲੈ ਕੇ
ਤੇਰੀਆਂ ਬਰੂਹਾਂ ਤੱਕ ਪਹੁੰਚਦੀਆਂ
ਆਪਣੀਆਂ ਪੈੜਾਂ ਨੂੰ ਗਿਣਦਾ ਹਾਂ,
ਤਾਂ ਮੈਨੂੰ ਦਿੱਲੀ ਦੂਰ ਨਹੀਂ ਜਾਪਦੀ ।
ਤੇਰੇ ਅਜੋਕੇ ਮਾਲਕ ਭਾਵੇਂ ਭੁੱਲ ਗਏ ਨੇ
ਚਾਂਦਨੀ ਚੌਂਕ ਵਿੱਚ ਕੀਤੀਆਂ ਕੁਰਬਾਨੀਆਂ
ਪਰ ਮੈਂ ਨਹੀਂ ਭੁੱਲ ਸਕਿਆ ਤੇ ਭੁੱਲਾਂਗਾ ਵੀ ਨਹੀਂ,
ਡੁੱਲੇ ਲਹੂ ਨੂੰ, ਕਿਰੇ ਅੱਥਰੂਆਂ ਨੂੰ,
ਤੇਰੇ ਮਾਲਕਾਂ ਦੀ ਕਮੀਨਗੀ ਨੂੰ
ਤੇ, ਬਾਬਾ ਬਘੇਲ ਸਿੰਘ ਦੇ ਇਤਿਹਾਸ ਨੂੰ ।
ਜਦੋਂ ਇਹ ਗੱਲ
ਕੱਚੇ ਢਾਰਿਆਂ ਦੀ ਸਮਝ ਪੈ ਗਈ
ਕਿ ਦਿੱਲੀ.........ਦਿੱਲੀ ਦਾ ਕੀ ਐ
ਦਿੱਲੀ ਤਾਂ ਬਿੱਲੀ ਐ, ਜਦੋਂ ਮਰਜੀ ਮਾਰ ਲਵੋ,
ਤਾਂ ਮੇਰੀਆਂ ਪੈੜਾਂ ਸਿਰਫ ਪੈੜਾਂ ਨਹੀ ਰਹਿਣੀਆਂ,
ਸਗੋਂ ਕਾਫਲੇ ਵਿੱਚ ਵਟ ਜਾਣਗੀਆਂ
ਤੇ ਕਾਫਲੇ ਕਦੇ, ਰੋਕਿਆਂ, ਰੁਕਦੇ ਨਹੀਂ ਹੁੰਦੇ,
ਕਫਨ ਲਪੇਟੇ ਸਿਰ ਕਦੇ ਝੁਕਦੇ ਨਹੀਂ ਹੁੰਦੇ,
ਯਾਦ ਰੱਖ ਤੇ ਦੱਸ ਦੇ ਆਪਣੇ ਮਾਲਕਾਂ ਨੂੰ ਵੀ,
ਕਿ, ਬਾਬਾ ਬਘੇਲ ਸਿੰਘ
ਤੈਨੂੰ ਸੱਤ ਵਾਰ ਜਿੱਤ ਕੇ ਦਾਨ ਕਰ ਸਕਦੇ ਐ,
ਤਾਂ, ਬਾਬਾ ਬਘੇਲ ਸਿੰਘ ਦੇ ਵਾਰਸ,
ਇਕੋ ਝੱਟਕੇ ਖੋਹ ਵੀ ਸਕਦੇ ਐ,
ਇਕੋ ਝੱਟਕੇ..............!

ਅਮਰਦੀਪ ਸਿੰਘ 'ਅਮਰ'

ਤੂੰ ਤੂੰ ਏਂ ਤੇ ਅਸੀਂ ਅਸੀਂ,

ਤੂੰ ਤੂੰ ਏਂ ਤੇ ਅਸੀਂ ਅਸੀਂ,
ਅਸੀਂ ਕੋਈ ਚੌਪੜ ਦੀ ਬਾਜ਼ੀ ਖੇਡਕੇ,
ਜਨਾਨੀ ਨਹੀਂ ਹਾਰੀ,
ਤੇ ਨਾ ਹੀ,
ਕੇਲੇ ਦੇ ਓਹਲੇ ਲੁਕ ਕੇ,
ਬਾਲੀ ਨੂੰ ਮਾਰਿਐ,
ਤਲਵਾਰਾਂ ਦੀ ਛਾਵੇਂ ਪਲ ਕੇ
ਫਾਂਸੀਆਂ ਤੇ ਝੂਟਕੇ,
ਜਵਾਨ ਹੋਏ ਹਾਂ,
ਤੇ ਖੰਡਿਆਂ ਦੀ ਖੇਡ,
ਤੀਰ ਦੀਆਂ ਨੋਕਾਂ,
ਬੰਦੂਕਾਂ ਦੀਆਂ ਗੋਲੀਆਂ,
ਸਾਡੇ ਲਈ
ਗੁੱਲੀ ਡੰਡੇ ਤੋਂ ਵੱਧ ਹੈਸੀਅਤ ਨਹੀਂ ਰੱਖਦੇ,
ਤੂੰ ਵਖਤ ਪੈਣ 'ਤੇ,
ਆਪਣਾ ਈਮਾਨ
ਅਣਖ, ਸਵੈਮਾਨ, ਇੱਜ਼ਤ
ਸਭ ਵੇਚ ਆਪਣਾ ਸਰੀਰ ਬਚਾ ਲੈਨੈ,
ਇਹੀ ਤੇਰੀ ਸਦਾ ਕਾਇਮੀਂ ਦਾ ਰਾਜ ਐ।
ਏਕਤਾ ਦੇ ਫੋਕੇ ਨਾਹਰੇ ਲਗਾ,
ਦੇਸ਼ ਦੇਸ਼ ਦੀ ਰੱਟ ਮਚਾ,
ਘਾਤ ਕਮਾਉਣਾ,
ਤੇਰੀ ਜ਼ਹਿਨੀਅਤ ਐ,
ਤੂੰ ਤੂੰ ਏਂ ਤੇ ਅਸੀਂ ਅਸੀਂ,
ਤੇਰਾ ਹਿੱਸਾ ਅੱਖਵਾਉਣਾ
ਸਾਨੂੰ ਨਾ-ਗਵਾਰਾ ਐ,
ਪੂਛ ਹਿਲਾਉਣਾ ਤੇਰੇ ਹਿੱਸੇ ਆਇਐ,
ਅਸੀਂ ਤਾਂ ਘੰਡੀ ਮਰੋੜਣ ਵਿੱਚ
ਯਕੀਨ ਰੱਖਦੇ ਆਂ।
ਏਸੇ ਲਈ
ਡੰਡ ਨਾ ਪਾ,
ਸੁੱਤੀਆਂ ਕਲਾਂ ਨਾ ਜਗਾ,
ਐਵੇਂ ਸੰਘੀ ਦਾ ਨੁਕਸਾਨ ਨਾ ਹੋ ਜਾਵੇ ਕਿੱਧਰੇ
ਸ਼ਰਾਧਾਂ ਦਾ ਹਲਵਾ,
ਮੰਨੇ, ਕੜਾਹ ਛੱਕ ਕੇ
ਪੰਜਾਂ ਪਾਣੀਆਂ ਨੂੰ ਗੰਧਲੇ ਕਰਨ ਦੀ ਹਿਮਾਇਤ ਨਾ ਕਰ,
ਸਾਡਾ ਆਪਣਾ ਇਤਿਹਾਸ ਐ,
ਸਰਦਾਰੀਆਂ ਦਾ,
ਤੇਰਾ ਆਪਣਾ ਇਤਿਹਾਸ ਐ,
ਗਦਾਰੀਆਂ ਦਾ,
ਤੂੰ ਤੂੰ ਏਂ ਤੇ ਅਸੀਂ ਅਸੀਂ ਹਾਂ...................
ਅਮਰਦੀਪ ਸਿੰਘ 'ਅਮਰ'