ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, February 14, 2012

ਬੀਬੀ ਰਾਜਵਿੰਦਰ ਕੌਰ ਛਿਹਰਟਾ ਦੀ ਗੁਰਸਿੱਖੀ ਪ੍ਰੇਮ ਦੀ ਖਿੱਚ



ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਅਤੇ ਲਿਖਾਰੀ-ਪ੍ਰਚਾਰਕ ਭੈਣ ਬੀਬੀ ਰਾਜਵਿੰਦਰ ਕੌਰ ਛਿਹਰਟਾ ਦੀ ਗੁਰਸਿੱਖੀ ਪ੍ਰੇਮ ਦੀ ਖਿੱਚ ਛਿਹਰਟਾ ਲੈ ਗਈ
ਅਸੀਂ ਪੰਜਾਬ ਜਲੰਧਰ ਪਹੁੰਚੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਗਏ। ਦਰਸ਼ਨੀ ਡਿਉੜੀ ਰਾਹੀ ਦਾਖਲ ਹੋ ਕੇ ਨਤ ਮਸਤਕ ਹੋਏ। ਦਰਬਾਰ ਸਾਹਿਬ ਕਾਫੀ ਰੌਣਕ ਸੀ। ਲੋਕ ਸਰੋਵਰ ਵਿੱਚ ਇਸ਼ਨਾਨ ਕਰ ਅਤੇ ਥਾਂ ਥਾਂ ਤੇ ਰੱਖੇ ਪਾਠਾਂ ਅਤੇ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ। ਹਰਸਿਮਰਤ ਕੌਰ ਖਾਲਸਾ ਹੈਰਾਨ ਹੋ ਕੇ ਪੁੱਛ ਰਹੀ ਸੀ ਸਿੱਖਾਂ ਦੇ ਕੇਂਦਰੀ ਅਸਥਾਨ ਤੇ ਇਹ ਕੀ ਹੋ ਰਿਹਾ ਹੈ? ਕੀ ਸਿੱਖਾਂ ਦਾ ਗੁਰੂ ਬੇਰੀਆਂ ਹਨ ਜਾਂ ਗੁਰੂ ਗ੍ਰੰਥ ਸਾਹਿਬ? ਲੋਕਾਂ ਦਾ ਧਿਆਨ ਖਿਚਣ ਲਈ ਹਰਸਿਮਰਤ ਨੇ ਗਤਕੇ ਕਾ ਪੈਂਤੜਾ ਲਿਆ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੀਬੀ ਜੀ ਨੇ ਟੁੱਟੀ ਫੁੱਟੀ ਪੰਜਾਬੀ ਅਤੇ ਅੰਗ੍ਰੇਜੀ ਵਿੱਚ ਮਿਕਸ ਬੋਲਦਿਆਂ ਸ਼ਬਦ ਗੁਰੂ ਦੀ ਮਹਾਨਤਾ ਸਮਝਾਈ। ਲੋਕ ਹੈਰਾਨ ਹੋ ਰਹੇ ਸਨ ਕਿ ਇੱਕ ਗੋਰੀ ਨੂੰ ਗੁਰਬਾਣੀ ਦਾ ਕਿਨ੍ਹਾਂ ਗਿਆਨ ਹੈ। ਹਰਸਿਮਰਤ ਕਹਿ ਰਹੀ ਸੀ ਕਿ ਤੁਹਾਡੇ ਧਰਮ ਆਗੂਆਂ ਨੇ ਤੁਹਾਨੂੰ ਇਹ ਵੀ ਸਿਖਿਆ ਨਹੀਂ ਦਿੱਤੀ ਕਿ ਗੁਰਦੁਆਰਾ ਸਾਹਿਬ ਜਾ ਕੇ ਕਿਸ ਨੂੰ ਮੱਥਾ ਟੇਕਣਾ ਹੈ। ਕਈ ਕਹਿੰਦੇ ਸਾਡੇ ਸੰਤਾਂ ਨੇ ਸਾਨੂੰ ਇਹ ਸਿਖਿਆ ਦਿੱਤੀ ਹੈ ਕਿ ਐਨੀ ਵਾਰ ਸਰੋਵਰ ਵਿੱਚ ਇਸ਼ਨਾਨ ਕਰੋ, ਐਨੀਆਂ ਪ੍ਰਕਰਮਾਂ ਕਰੋ ਅਤੇ ਗੁਰੂ ਕੀਆਂ ਬੇਰੀਆਂ ਅਤੇ ਥੱੜਿਆਂ ਨੂੰ ਮੱਥਾ ਟੇਕੋ ਤੁਹਾਨੂੰ ਦੁੱਧਾਂ-ਪੁੱਤਾਂ ਦੀਆਂ ਦਾਤਾਂ ਮਿਲਣਗੀਆਂ ਅਤੇ ਦੁੱਖ ਦੂਰ ਹੋਣਗੇ। ਦਾਸ ਨੇ ਵੀ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਜੇ ਇੱਕ ਗੋਰੀ ਗੁਰਬਾਣੀ ਸਿੱਖ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ? ਛੱਡੋ ਪਾਖੰਡੀ ਸਾਧਾਂ ਦੇ ਪਾਏ ਹੋਏ ਭਰਮ, ਗੁਰੂ ਦਰਬਾਰ ਵਿੱਚ ਤਾਂ ਵਹਿਮ ਭਰਮ ਕੱਟੇ ਜਾਂਦੇ ਹਨ।
ਹਰਸਿਮਰਤ ਕੌਰ ਗੁਰਬਾਣੀ ਪਾਠ ਕਰਨਾ ਚਾਹੁੰਦੀ ਸੀ ਪਰ ਦਰਬਾਰ ਸਾਹਿਬ ਵਿਖੇ ਸਾਧ ਲਾਣੇ ਦਾ ਪ੍ਰਭਾਵ ਹੋਣ ਕਰਕੇ ਬੀਬੀਆਂ ਨੂੰ ਪਾਠ, ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਜਦ ਅਸੀਂ ਪ੍ਰਕਰਮਾਂ ਕਰਦੇ ਬਾਬਾ ਦੀਪ ਸਿੰਘ ਸ਼ਹੀਦ ਦੇ ਅਸਥਾਂਨ ਕੋਲ ਪਹੁੰਚੇ ਤੇ ਉੱਪਰ ਗਏ ਜਿੱਥੇ ਲੜੀਵਾਰ ਬੀੜ ਤੇ ਅਖੰਡ ਪਾਠ ਹੋ ਰਿਹਾ ਸੀ, ਹਰਸਿਮਰਤ ਕੌਰ ਖਾਲਸਾ ਨੇ ਪਾਠੀ ਤੋਂ ਪਾਠ ਦੀ ਤੁੱਕ ਪਕੜੀ ਤੇ ਕੁੱਝ ਸਮਾਂ ਸ਼ਰਧਾ ਨਾਲ ਉੱਚੀ ਬੋਲ ਕੇ ਪਾਠ ਕੀਤਾ। ਫਿਰ ਅਸੀਂ ਦਰਸ਼ਨ ਦਿਦਾਰੇ ਕਰਕੇ ਲੰਗਰ ਛੱਕਿਆ ਅਤੇ ਸ੍ਰੋਮਣੀ ਕਮੇਟੀ ਦੇ ਸੂਚਨਾ ਦਫਤਰ ਵਿਖੇ ਪਹੁੰਚ ਗਏ। ਸੂਚਨਾ ਅਧਿਕਾਰੀ ਬਜੁਰਗ ਜੋ ਅੱਛੀ ਅੰਗ੍ਰੇਜੀ ਬੋਲਦਾ ਸੀ ਨਾਲ ਅਮਰੀਕਨ ਬੀਬੀ ਨੇ ਕੁੱਝ ਗੁਫਤਗੂ ਕੀਤੀ ਪਰ ਉਹ ਵੀ ਦਰਬਾਰ ਸਾਹਿਬ ਅਤੇ ਸਿੱਖੀ ਦੀ ਮਹਾਨਤਾ ਦਰਸਾਉਣ ਦੀ ਥਾਂ ਕਰਾਮਾਤੀ ਕ੍ਰਿਸ਼ਮੇ ਹੀ ਦੱਸੀ ਗਿਆ ਕਿ ਅੰਨ੍ਹਿਆਂ ਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕੇਵਲ ਸ਼ਰਧਾ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ ਹੀ ਅੱਖਾਂ ਠੀਕ ਹੋ ਜਾਂਦੀਆਂ ਹਨ। ਗੁਰੂ ਸਾਹਿਬਾਨਾਂ ਨੇ ਤਾਂ ਰੋਗੀਆਂ ਦੀ ਸਹੂਲਤ ਲਈ ਦਵਾਖਾਨੇ ਖੋਲ੍ਹ ਕੇ ਅੱਛੇ ਅੱਛੇ ਵੈਦ ਰੱਖੇ ਸਨ। ਓਧਰੋਂ ਭੈਣ ਰਾਜਵਿੰਦਰ ਕੌਰ ਛੇਹਰਟਾ ਦੇ ਫੋਨ ਆਈ ਜਾ ਰਹੇ ਸਨ ਵਿਚਾਰੀ ਛੇ ਸੱਤ ਸਾਲਾਂ ਤੋਂ ਉਡੀਕ ਰਹੀ ਸੀ। ਆਖਰ ਉਨ੍ਹਾਂ ਦੀਆਂ ਗੱਲਾਂ ਤੋਂ ਬੋਰ ਹੋ ਕੇ ਅਸੀਂ ਛਿਹਰਟੇ ਨੂੰ ਚੱਲ ਪਏ। ਭੈਣ ਜੀ ਦਾ ਪ੍ਰਵਾਰ ਸਾਨੂੰ ਬੜੇ ਪਿਆਰ ਨਾਲ ਅੱਡੇ ਤੋਂ ਘਰ ਲੈ ਕੇ ਗਿਆ। ਅਸੀਂ ਇੰਟ੍ਰਨੈੱਟ ਅਤੇ ਅਖਬਾਰਾਂ ਦੇ ਜਰੀਏ ਮਿਲਦੇ ਵਿਚਾਰਾਂ ਸਦਕਾ ਭੈਣ ਭਰਾ ਬਣੇ ਸਾਂ। ਫੋਨ ਤੇ ਤਾਂ ਗੁਰਮਤਿ ਵਿਚਾਰਾਂ ਕਰਦੇ ਰਹਿੰਦੇ ਸੀ। ਜਦ ਪਹਿਲੀ ਵਾਰ ਮਿਲੇ ਤਾਂ ਅੱਖਾਂ ਨਮ ਹੋ ਗਈਆਂ ਭੈਣ ਪ੍ਰਦੇਸੀ ਵੀਰ ਨੂੰ ਮਿਲ ਕੇ ਖੁਸ਼ੀ ਵਿੱਚ ਖੀਵੀ ਹੋ ਰਹੀ ਸੀ।
ਫਿਰ ਅਸੀਂ ਚਾਹ ਪਾਣੀ ਛੱਕਣ ਉਪ੍ਰੰਤ ਸਥਾਨਕ ਗੁਰਦੁਆਰੇ ਸੰਗਤ ਦੇ ਦਰਸ਼ਨ ਕਰਕੇ ਛਿਹਰਟਾ ਸਾਹਿਬ ਜੋ ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਂਨ ਹੈ ਨੂੰ ਰਵਾਨਾਂ ਹੋ ਗਏ, ਜਿੱਥੇ ਪਾਣੀ ਦੀ ਥੋੜ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਇੱਕ ਵੱਡਾ ਛੇ ਹਰਟਾਂ ਵਾਲਾ ਖੁਹ ਲਵਾਇਆ ਅਤੇ ਇਲਾਕੇ ਵਿੱਚ ਹੋਰ ਵੀ ਖੁਹ ਅਤੇ ਬਾਉਲੀਆ ਲਵਾਈਆਂ ਸਨ। ਜਦ ਅਸੀਂ ਵੱਡੇ ਗੇਟ ਤੋਂ ਇੰਟ੍ਰ ਹੋ ਰਹੇ ਸੀ ਤਾਂ ਦਾਸ ਦੀ ਨਿਗ੍ਹਾ ਗੇਟ ਦੇ ਉੱਪਰ ਲੱਗੇ ਵੱਡੇ ਸਾਰੇ ਬੋਰਡ ਤੇ ਪਈ, ਜਿਸ ਤੇ ਲਿਖਿਆ ਹੋਇਆ ਸੀ ਕਿ ਜੋ ਨਾਰੀ ਮਾਸ ਮਾਸ ਇੱਥੇ ਨਹਾਏ ਤਾਂ ਸਾਲ ਬਾਅਦ ਪੁੱਤਰ ਦੀ ਦਾਤ ਪਾਏ (ਹਵਾਲਾ ਗੁਰ ਬਿਲਾਸ ਪਾ: ਛੇਵੀਂ) ਦਾਸ ਨੇ ਉਨ੍ਹਾਂ ਅੱਖਰਾਂ ਨੂੰ ਕੈਮਰੇ ਚ’ ਬੰਦ ਕਰ ਲਿਆ। ਅੰਦਰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਦ ਛੇ ਹਰਟਾ ਖੂਹ ਦੇਖਿਆ ਤਾਂ ਓਥੇ ਅਜੋਕੇ ਠੱਗਾਂ ਨੇ ਬੋਰਡ ਤੇ ਲਿਖਿਆ ਹੋਇਆ ਸੀ ਕਿ ਗੁਰੂ ਦਾ ਵਰ ਹੈ ਜੋ ਬੀਬੀ ਬਾਰਾਂ ਮੱਸਿਆ ਇੱਥੇ ਆਵੇਗੀ ਪੁੱਤਰ ਦੀ ਦਾਤ ਪਾਵੇਗੀ। ਦੇਖੋ ਗੁਰੂ ਸਾਹਿਬ ਨੇ ਖੂਹ ਪਾਣੀ ਦੀ ਥੁੜ ਨੂੰ ਮੁੱਖ ਰੱਖ ਕੇ ਲਵਾਏ ਸਨ। ਇਹ ਗੁਰਦੁਆਰਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ ਪਰ ਮਰਯਾਦਾ ਸਾਧਾਂ ਦੀ ਚੱਲ ਰਹੀ ਹੈ, ਹੁਣ ਤਾਂ ਡੇਰੇਦਾਰ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੈਂਬਰ ਵੀ ਚੁਣ ਲਿਆ ਹੈ। ਖੈਰ ਨਹੀਂ ਇਹ ਸਾਧ ਵੀ ਮਹੰਤਾਂ ਵਾਗ ਗੁਰਦੁਆਰਿਆਂ ਵਿੱਚ ਮਨਘੜਤ ਕਹਾਣੀਆਂ ਜੋੜ ਕੇ ਆਪਣੇ ਹੀ ਵੱਡੇ ਸੰਤਾਂ ਦੀ ਪੂਜਾ ਕਰਾਉਣ ਲੱਗ ਜਾਣ ਅਤੇ ਵਹਿਮਾਂ ਭਰਮਾਂ ਦੇ ਨਾਂ ਤੇ ਪਾਠਾਂ ਦੀਆਂ ਲੜੀਆਂ ਚਲਾ ਕੇ ਭੋਲੀ ਸੰਗਤ ਨੂੰ ਦੋਹੀਂ ਹੱਥੀ ਲੁੱਟਣ ਲੱਗ ਜਾਣ। ਅਸੀਂ ਘਰ ਆ ਕੇ ਭੈਣ ਜੀ ਨਾਲ ਵਿਚਾਰਾਂ ਕਰ ਰਹੇ ਸੀ ਕਿ ਸਿੱਖ ਕਦੋਂ ਜਾਗਣਗੇ? ਰਾਤ ਪਿਆਰੀ ਭੇਣ ਕੋਲ ਗੁਰਮਤਿ ਵਿਚਾਰਾਂ ਕਰਦੇ ਸਉਂ ਗਏ। ਸਵੇਰੇ ਤੜਕੇ ਸਥਾਨਕ ਗੁਰਦੁਆਰੇ ਹਰਸਿਮਰਤ ਨੇ ਕੀਰਤਨ ਅਤੇ ਦਾਸ ਨੇ ਗਰੁਬਾਣੀ ਦੀ ਵਿਚਾਰ ਕੀਤੀ। ਪ੍ਰਬੰਧਕ ਕਮੇਟੀ ਹੋਰ ਵੀ ਸਮਾਂ ਮੰਗ ਰਹੀ ਸੀ ਫਿਰ ਅਸੀ ਭੈਣ ਦੇ ਘਰ ਵਾਪਸ ਆ ਗਏ, ਭੈਣ ਜੀ ਨੇ ਮੂਲੀਆਂ ਵਾਲੇ ਪਰੌਂਠੇ ਛਕਾਏ, ਅਸੀਂ ਇੱਕ ਛੋਟਾ ਜਿਹਾ ਕੰਪਿਊਟਰ ਭੈਣ ਨੂੰ ਅਰਟੀਕਲ ਲਿਖਣ ਦੀ ਸਹੂਲਤ ਲਈ ਦਿੱਤਾ ਅਤੇ ਭੈਣ ਜੀ ਨੇ ਬਹੁਤ ਹੀ ਵਡਮੁੱਲੀ ਸ੍ਰੀ ਸਾਹਿਬ ਅਤੇ ਸਿਰੋਪਾ ਭੇਂਟ ਕਰਕੇ ਸਾਡਾ ਸਨਮਾਨ ਕੀਤਾ। ਭੈਣ ਦੇ ਪਤੀ ਜੀ ਬੜੇ ਮਿੱਠੇ ਸੁਭਾਅ ਦੇ ਹਨ ਜੋ ਗੁਰਮਤਿ ਪ੍ਰਚਾਰ ਵਿੱਚ ਭੈਣ ਜੀ ਦਾ ਪੂਰਾ ਸਾਥ ਦੇ ਰਹੇ ਹਨ। ਗੁਰੂ ਦੀ ਦਾਤ ਭੈਣ ਜੀ ਕੋਲ ਦੋ ਹੋਣਹਾਰ ਸਪੁੱਤਰ ਹਨ। ਆਪ ਜੀ ਗੁਰਮਤਿ ਅਤੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਗਿਆਨ ਭਰਪੂਰ ਲੇਖ ਲਿਖਦੇ ਰਹਿੰਦੇ ਹਨ ਜੋ ਦੇਸ਼ਾਂ ਵਿਦੇਸ਼ਾਂ ਦੀਆਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਹਨ। ਇੱਥੇ ਭੈਣ ਦੀਆਂ ਹੋਰ ਵੀ ਸਹੇਲੀਆਂ ਹਰਸਿਮਰਤ ਕੌਰ ਖਾਲਸਾ ਨੂੰ ਦੇਖ ਕੇ ਪ੍ਰਭਾਵਤ ਹੋਈਆਂ ਅਤੇ ਸਾਰਿਆਂ ਨੇ ਬੜੇ ਪਿਆਰ ਨਾਲ ਸਾਨੂੰ ਵਿਦਾ ਕੀਤਾ। ਅਸੀਂ ਅਰਦਾਸ ਕਰਦੇ ਹਾਂ ਪੰਥ ਅਜਿਹੇ ਪ੍ਰਚਾਕਾਂ ਦੀ ਕਦਰ ਕਰੇ ਅਤੇ ਉਤਸ਼ਾਹ ਵਧਾਵੇ।

Monday, February 13, 2012

ਸਾਡੀ ਭਾਰਤ ਫੇਰੀ 2012 ਦਾ ਦੂਜਾ ਹਿੱਸਾ


(13/02/12)
ਅਵਤਾਰ ਸਿੰਘ ਮਿਸ਼ਨਰੀ

ਸਾਡੀ ਭਾਰਤ ਫੇਰੀ 2012 ਦਾ ਦੂਜਾ ਹਿੱਸਾ
ਸਾਨੂੰ ਨਵਾਂ ਸਾਲ 2012 ਜਲੰਧਰ ਪੰਜਾਬ ਵਿਖੇ ਚੜ੍ਹਿਆ, ਵੱਖ ਵੱਖ ਗੁਰਦੁਆਰਿਆਂ ਅਤੇ ਵਿਸ਼ੇਸ਼ ਕਰਕੇ ਸੁਖਮਨੀ ਸਾਹਿਬ ਸੁਸਾਇਟੀ ਬਾਬਾ ਬੁੱਢਾ ਨਗਰ ਰਾਮਾਮੰਡੀ ਅਤੇ ਗੁ. ਸਿੰਘ ਸਭਾ ਨਵਾਂ ਸ਼ਹਿਰ ਵਿਖੇ, ਕੀਰਤਨ, ਕਥਾ-ਵਖਿਆਨਾਂ ਰਾਹੀਂ ਨਿਰੋਲ ਗੁਰਮਤਿ ਦਾ ਪ੍ਰਚਾਰ ਕੀਤਾ। ਇੱਥੇ ਹੀ ਇੱਕ ਹਫਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਠਹਿਰ ਕੇ, ਓਥੋਂ ਦੇ ਵਿਦਵਾਨ ਸਟਾਫ ਅਤੇ ਵਿਦਿਆਰਥੀਆਂ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਅਤੇ ਜਨਰਲਿਸਟ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਦੇ ਉੱਦਮ ਨਾਲ, ਦਾਸ ਦੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕੰਪੋਜਿੰਗ ਕਰਕੇ ਜਲੰਧਰ ਦੀ ਵਿਪਨ ਪ੍ਰਿੰਟਿੰਗ ਪ੍ਰੈਸ ਤੋਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਪ੍ਰਕਾਸ਼ਨ ਅਧੀਨ, ਦਾਸ ਨੇ ਆਪਣੇ ਖਰਚੇ ਤੇ ਛਪਵਾਈ। ਸੁਭਾਗ ਵੱਸ ਇਸ ਪੁਸਤਕ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਮੋਢੀ ਪ੍ਰਿੰਸੀਪਲ ਅਤੇ ਵਿਦਵਾਨ ਆਗੂ ਮਰਹੂਮ ਕੰਵਰ ਮਹਿੰਦਰ ਪ੍ਰਤਾਪ ਸਿੰਘ, ਗਿ. ਜਗਤਾਰ ਸਿੰਘ ਜਾਚਕ, ਡਾ. ਗੁਰਮੀਤ ਸਿੰਘ ਬਰਸਾਲ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਦਿੱਲ੍ਹੀ, ਪ੍ਰਸਿੱਧ ਵਿਦਵਾਨ ਵੀਰ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਨਾਂ ਨੇ 4 ਜਨਵਰੀ 2012 ਨੂੰ ਰੀਲੀਜ ਕੀਤਾ।
ਫਿਰ ਅਸੀਂ ਵਾਪਸ ਜਲੰਧਰ ਆ ਗਏ ਅਤੇ ਫਰੀਦਾਬਾਦ ਦੀ ਸੰਗਤ ਦੇ ਪ੍ਰੇਮ ਅਤੇ ਸੱਦੇ ਤੇ, ਰਾਤ ਦੀ ਗੱਡੀ ਤੇ ਦਿੱਲੀ ਨੂੰ ਰਵਾਨਾ ਹੋਏ। ਗੱਡੀ ਵਿੱਚ ਇੱਕ ਰਜਨੀਸ਼ ਦੇ ਸਟੂਡੈਂਟ ਅਤੇ ਇੱਕ ਸਿੱਖ ਸਾਇੰਦਾਨ ਨੂੰ ਹਰਸਿਮਰਤ ਕੌਰ ਖਾਲਸਾ ਨੇ ਗੁਰਮਤਿ ਫਲੌਸਫੀ ਤੋਂ ਜਾਣੂ ਕਰਵਾਇਆ। ਕਰੀਬ ਸਵੇਰੇ 7 ਵਜੇ ਅਸੀਂ ਦਿੱਲ੍ਹੀ ਪਹੁੰਚੇ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਗਏ, ਜਿੱਥੇ ਸੰਗਤ ਅਤੇ ਪ੍ਰਬੰਧਕ ਸੱਜਨ ਬੜੇ ਪ੍ਰੇਮ ਨਾਲ, ਓਥੇ ਰਹਿਣ ਲਈ ਕਹਿੰਦੇ ਹੋਏ, ਆਓ ਭਗਤ ਕਰ ਰਹੇ ਸਨ ਪਰ ਜਦ ਅਸੀਂ ਕੁੱਝ ਦਿਨ ਪਹਿਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਸੀ, ਓਥੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਰਵੱਈਆ ਰੁੱਖਾ ਸੀ। ਏਨੇ ਨੂੰ ਸਾਡਾ ਇੰਟ੍ਰਨੈਟ ਅਤੇ ਮੀਡੀਏ ਰਾਹੀਂ ਬਣਿਆਂ ਦੋਸਤ ਸ੍ਰ. ਹਰਜੀਤ ਸਿੰਘ ਫਰੀਦਾਬਾਦ ਆਪਣੀ ਕਾਰ ਲੈ ਆਇਆ, ਅਸੀਂ ਪਹਿਲੀ ਵਾਰ ਇੱਕ-ਦੂਜੇ ਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਅਤੇ ਹਰਜੀਤ ਸਿੰਘ ਨੇ ਸਾਡਾ ਸਮਾਨ ਆਪਣੀ ਕਾਰ ਵਿੱਚ ਰੱਖਿਆ ਅਤੇ ਸਾਨੂੰ ਆਪਣੇ ਘਰ ਲੈ ਗਿਆ। ਜਿੱਥੇ ਅਸੀਂ ਇਸ਼ਨਾਨ ਅਤੇ ਅਰਾਮ ਕੀਤਾ। ਸ੍ਰ. ਹਰਜੀਤ ਸਿੰਘ ਅਤੇ ਸਾਥੀਆਂ ਨੇ ਬੜੇ ਚਾਅ ਨਾਲ ਸਾਡੇ ਪ੍ਰਚਾਰ ਦੇ ਪ੍ਰੋਗ੍ਰਾਮ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਬੁੱਕ ਕੀਤੇ ਹੋਏ ਸਨ ਉਹ ਨਿਭਾਏ, ਕਰੀਬ ਹਰ ਪ੍ਰੋਗ੍ਰਾਮ ਵਿੱਚ ਸ੍ਰ. ਹਰਜੀਤ ਸਿੰਘ ਜੀ ਸਾਨੂੰ ਲੈ ਕੇ ਜਾਂਦੇ ਰਹੇ। ਇੱਥੇ ਇਨ੍ਹਾਂ ਦੇ ਘਰ ਵਿਖੇ ਹੀ ਸਾਨੂੰ ਫਰੀਦਾਬਾਦ ਦੇ ਸਰਗਰਮ ਆਗੂ ਸ੍ਰ. ਭਗਵਾਨ ਸਿੰਘ ਮਿਸ਼ਨਰੀ, ਸ੍ਰ. ਉਪਕਾਰ ਸਿੰਘ ਮਿਸ਼ਨਰੀ ਸਿੱਖ ਆਗੂ ਸ੍ਰ. ਸੁਖਦੇਵ ਸਿੰਘ ਅਤੇ ਭਾਈ ਅਨੂਪ ਸਿੰਘ ਮਿਸ਼ਨਰੀ ਮਿਲੇ। ਸਾਡੇ ਵੱਲੋਂ ਕੀਤਾ ਗਿਆ ਸਿਧਾਂਤਕ ਪ੍ਰਚਾਰ ਸੁਣ ਕੇ ਫਰੀਦਾਬਾਦ ਅਤੇ ਦਿੱਲ੍ਹੀ ਦੀਆਂ ਸੰਗਤਾਂ ਨੇ ਬੜਾ ਪ੍ਰੇਮ ਕੀਤਾ। ਕਰੀਬ ਹਰੇਕ ਗੁਰਦੁਆਰਾ ਹੀ ਗੁਰਮਤਿ ਪ੍ਰੋਗ੍ਰਾਮ ਚਾਹੁੰਦਾ ਸੀ ਪਰ ਸਾਡੇ ਪਾਸ ਇਨ੍ਹਾਂ ਸਮਾਂ ਨਹੀਂ ਸੀ ਕਿਉਂਕਿ ਅਸੀਂ 13 ਜਨਵਰੀ 2012 ਨੂੰ ਵਾਪਸ ਅਮਰੀਕਾ ਜਾਣਾ ਸੀ। ਇਸ ਕਰਕੇ ਅਸੀਂ ਸਭ ਥਾਂ ਨਹੀਂ ਜਾ ਸੱਕੇ ਪਰ ਫਿਰ ਵੀ ਸੁਭਾ ਸ਼ਾਮ 13 ਤਰੀਕ ਤੱਕ ਵੱਖ-ਵੱਖ ਥਾਵਾਂ ਤੇ ਹਾਜਰੀ ਭਰ ਕੇ, ਠੇਠ ਪੰਜਾਬੀ ਅਤੇ ਅੰਗ੍ਰੇਜੀ ਰਾਹੀਂ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰਦੇ ਰਹੇ।
ਫਰੀਦਾਬਾਦ ਦੇ ਪ੍ਰਬੰਧਕ ਅਤੇ ਸੰਗਤਾਂ ਪੰਜਾਬ ਨਾਲੋਂ ਗੁਰਮਤਿ ਵਿੱਚ ਜਿਆਦਾ ਪੱਕੇ ਹਨ। ਇੱਥੇ ਸ੍ਰ. ਉਪਕਾਰ ਸਿੰਘ ਫਰੀਦਾਬਾਦ, ਬੀਬੀ ਹਰਬੰਸ ਕੌਰ, ਭਾਈ ਮਦਰੱਸਾ ਜੀ ਅਤੇ ਸ੍ਰ. ਸੁਰਿੰਦਰ ਸਿੰਘ ਜੋ ਵਲੱਖਣ ਤਰੀਕੇ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਸਿੱਖੀ ਤੇ ਕਰਮਕਾਂਡਾਂ ਵਾਲੀ ਫਿਲਮ ਸੀ. ਡੀ. ਜਾਰੀ ਕਰਦੇ ਸਾਨੂੰ ਵਿਸ਼ੇਸ਼ ਤੌਰ ਤੇ ਸਮਾਂ ਦਿੱਤਾ। ਫਰੀਦਾਬਾਦ ਵਿੱਚ ਪੰਚ ਪ੍ਰਧਾਨੀ ਪੰਚਾਇਤ ਦੇ ਆਗੂ ਵੀ ਬੜੀ ਸਰਗਰਮੀ ਨਾਲ ਪ੍ਰੋਗ੍ਰਾਮਾਂ ਵਿੱਚ ਹਾਜਰੀਆਂ ਭਰਦੇ ਰਹੇ। ਖਾਸ ਕਰਕੇ ਸ੍ਰ. ਸੁਖਦੇਵ ਸਿੰਘ ਜੋ ਸਾਨੂੰ ਸਿੰਘ ਸਭਾ ਗੁਰਦੁਆਰਾ ਗੋਬਿੰਦਪੁਰੀ ਦਿੱਲ੍ਹੀ ਵਿਖੇ ਵੀ ਲੈ ਕੇ ਗਏ ਜੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਕਥਾ ਪ੍ਰਚਾਰ ਦਾ ਸਮਾਂ ਲੈਣਾ ਚਾਹੁੰਦੇ ਸਨ ਪਰ ਸਾਡੇ ਕੋਲ ਹੁਣ ਸਮਾਂ ਨਹੀਂ ਸੀ। ਇਹ ਸਾਰੇ ਵੀਰ ਖਾਸ ਕਰਕੇ ਸ੍ਰ. ਹਰਜੀਤ ਸਿੰਘ ਤਾਂ ਹੋਰ 3-4 ਮਹੀਨੇ ਕਥਾ ਪਚਾਰ ਲਈ ਹੋਰ ਸਮਾਂ ਚਾਹੁੰਦੇ ਸਨ। ਅਸੀਂ 13 ਜਨਵਰੀ ਤੱਕ ਵੀਰ ਹਰਜੀਤ ਸਿੰਘ ਦੇ ਘਰ ਹੀ ਰਹੇ, ਇਨ੍ਹਾਂ ਦੇ ਪ੍ਰਵਾਰ ਨੇ ਇੱਕ ਪ੍ਰਵਾਰ ਵਾਂਗ ਸਾਡੀ ਸੇਵਾ ਕੀਤੀ। ਇਹ ਸਾਰਾ ਹੀ ਪ੍ਰਵਾਰ ਗੁਰਸਿੱਖ ਹੈ, ਸ੍ਰ ਹਰਜੀਤ ਸਿੰਘ ਜੀ ਦੀਆਂ ਦੋਨੋ ਬੇਟੀਆਂ ਕੀਰਤਨ ਅਤੇ ਗਤਕਾ ਬਹੁਤ ਵਧੀਆ ਜਾਣਦੀਆਂ ਹਨ, ਵੀ ਸਾਡੇ ਪ੍ਰ੍ਰੋਗਮਾਂ ਵਿੱਚ ਹਾਜਰੀ ਭਰਦੀਆਂ ਰਹੀਆਂ। ਇੱਥੇ ਹੀ ਫਰੀਦਾਬਾਦ ਦੇ ਗਤਕਾ ਮਾਸਟਰ ਭਾਈ ਮਨਜੀਤ ਸਿੰਘ ਵੀ ਬੜੇ ਪਿਆਰ ਨਾਲ ਮਿਲਦੇ ਰਹੇ। ਸ੍ਰ. ਹਰਜੀਤ ਸਿੰਘ ਜੀ ਪ੍ਰੋ. ਜਸਵੰਤ ਸਿੰਘ ਸਿੰਘਾਪੁਰ ਦੇ ਪਰਮ ਮਿਤਰ ਹਨ। ਪ੍ਰੋ. ਜਸਵੰਤ ਸਿੰਘ ਨੇ ਸਿੰਘਾਪੁਰ, ਮਲੇਸ਼ੀਆ ਅਤੇ ਅਸਟ੍ਰੇਲੀਆ ਵਿਖੇ ਗੁਰਬਾਣੀ ਸੰਥਿਆ ਪ੍ਰਚਾਰ ਦੀ ਲਹਿਰ ਚਲਾਈ ਹੋਈ ਹੈ।
ਇੱਥੇ ਹੀ ਇੰਟ੍ਰਨੈੱਟ ਅਤੇ ਮਿਸ਼ਨਰੀ ਸੇਧਾਂ ਮੈਗਜੀਨ ਰਾਹੀਂ ਪਕਿਸਤਾਨ ਤੋਂ ਬਣੇ ਸਾਡੇ ਪ੍ਰਵਾਰਕ ਮੈਂਬਰ ਭਾਈ ਅਨੂੰਪ ਸਿੰਘ ਜੋ ਸੁਭਾਗ ਵੱਸ ਅੱਜ ਕੱਲ੍ਹ ਫਰੀਦਾਬਾਦ ਵਿਖੇ ਰਹਿ ਰਹੇ ਹਨ, ਪੂਰੇ ਪ੍ਰੀਵਾਰ ਸਮੇਤ ਸਾਨੂੰ ਸ੍ਰ. ਹਰਜੀਤ ਸਿੰਘ ਦੇ ਘਰ ਮਿਲਣ ਆਏ। ਇੰਟ੍ਰਨੈੱਟ ਅਤੇ ਫੋਨ ਤੇ ਤਾਂ ਅਸੀਂ ਗਲਬਾਤ ਅਤੇ ਗੁਰਮਤਿ ਵਿਚਾਰਾਂ ਕਰਦੇ ਹੀ ਰਹਿੰਦੇ ਸੀ ਪਰ ਪਹਿਲੀ ਵਾਰ ਇੱਕ ਦੂਜੇ ਦੇ ਲਾਈਵ ਦਰਸ਼ਨ ਕੀਤੇ। ਭਾਈ ਅਨੂੰਪ ਸਿੰਘ ਦਾ ਸਾਰਾ ਪਰੀਵਾਰ ਹੀ ਸਿੱਖੀ ਪ੍ਰਤੀ ਬੜਾ ਸ਼ਧਾਲੂ ਹੈ। ਜਿਨ੍ਹਾਂ ਚਿਰ ਅਸੀਂ ਫਰੀਦਾਬਾਦ ਵਿਖੇ ਰਹੇ ਕਰੀਬ ਹਰ ਰੋਜ ਹੀ ਅਨੂਪ ਸਿੰਘ ਜੀ ਸਾਨੂੰ ਦੋਨਾਂ ਨੂੰ ਵਾਰੋ ਵਾਰੀ ਆਪਣੇ ਮੋਟਰ ਸਾਈਕਲ ਤੇ ਘਰ ਲੈ ਜਾਂਦੇ, ਜਿੱਥੇ ਅਸੀਂ ਕਈ ਕਈ ਘੰਟੇ ਸਿੱਖੀ ਅਤੇ ਦੁਖ ਸ਼ੁਖ ਦੀਆਂ ਗੱਲਾਂ ਕਰਦੇ ਰਹਿੰਦੇ। ਅਨੂਪ ਸਿੰਘ ਜੀ ਦੇ ਮਾਤਾ ਜੀ ਅਤੇ ਭੈਣ ਜੀ ਹਰ ਵੇਲੇ ਵੰਨ ਸੁਵੰਨੇ ਪਕਵਾਨਾਂ ਨਾਲ ਸਾਡੀ ਸੇਵਾ ਕਰਦੇ ਰਹੇ। ਜਿਸ ਦਿਨ ਅਸੀਂ ਅਮਰੀਕਾ ਨੂੰ ਵਾਪਸ ਜਾਣਾ ਸੀ ਕੁਦਰਤੀ 13 ਜਨਵਰੀ ਸੀ। ਫਰੀਦਾਬਾਦ ਵਿਖੇ ਹਰ ਮਹੀਨੇ ਦੀ 13 ਤਰੀਕ ਨੂੰ “ਕਾਲਾ ਦਿਵਸ” ਮਨਾਇਆ ਜਾਂਦਾ ਹੈ ਜਿਸ ਵਿੱਚ ਫਰੀਦਾਬਾਦ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਸ਼ਾਮਲ ਹੁੰਦੇ ਹਨ ਕਿਉਂਕਿ 13 ਤਰੀਕ ਨੂੰ ਹੀ ਪਿੰਡ ਦਿਆਲਪੁਰਾ ਭਾਈਕਾ ਬਾਠਿੰਡਾ ਵਿਖੇ ਸ੍ਰੋਮਣੀ ਕਮੇਟੀ ਮੱਕੜ ਪੀਰੀਅਡ, ਡੇਰੇਦਾਰ, ਦਮਦਮੀ ਟਕਸਾਲ ਦੇ ਧੁੱਮਾ ਗਰੁੱਪ ਅਤੇ ਕੁੱਝ ਨਿਹੰਗ ਜਥੇਬੰਦੀਆਂ ਨੇ ਡੰਕੇ ਦੀ ਚੋਟ ਨਾਲ ਅਖਬਾਰੀ ਇਸ਼ਤਿਹਾਰਾਂ ਤੇ ਲੱਖਾਂ ਰੁਪਈਆ ਖਰਚ ਕੇ, ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਦਿੰਦੇ ਹੋਏ, ਇਸ ਦਾ ਅਖੰਡ ਪਾਠ ਕੀਤਾ ਸੀ, ਜਿਸ ਵਿੱਚ ਤਖਤਾਂ ਦੇ ਅਖੌਤੀ ਜਥੇਦਾਰ ਵੀ ਪਹੁੰਚੇ ਹੋਏ ਸਨ।
ਅਖੌਤੀ ਦਸਮ ਗ੍ਰੰਥ ਉਹ ਗ੍ਰੰਥ ਹੈ ਜਿਸ ਵਿੱਚ ਕੁਝਕੁ ਭਾਗ ਨੂੰ ਛੱਡ ਕੇ ਬਾਕੀ ਸਾਰੇ ਵਿੱਚ ਲਚਰਤਾ ਦੀਆਂ ਸਾਰੀਆਂ ਹੱਦ ਬੰਦੀਆਂ ਟੱਪੀਆਂ ਗਈਆਂ ਹਨ। ਸਿੱਖ ਕੌਮ ਨੂੰ ਬਾਬਰ, ਅਬਦਾਲੀ ਅਤੇ ਅੰਗ੍ਰੇਜ ਖਤਮ ਨਾ ਕਰ ਸੱਕੇ ਪਰ ਚਲਾਕ ਬ੍ਰਾਹਮਣ ਜੋ ਸਦਾ ਹੀ ਇਸ ਦਾ ਵਿਰੋਧੀ ਰਿਹਾ ਜਿਵੇਂ ਬ੍ਰਾਹਮਣ ਬੀਰਬਲ, ਚੰਦੂ, ਗੰਗੂ ਅਤੇ ਅਤੇ ਅਜੋਕੀ ਆਰ. ਐੱਸ. ਐੱਸ ਤੱਕ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਹੈ, ਜੋ ਅੱਜ ਸਿੱਖੀ ਸਰੂਪ ਅਤੇ ਸਿੱਖੀ ਬਾਣਾ ਧਾਰਣ ਕਰਕੇ, ਅਕਾਲ ਤਖਤ ਤੋਂ ਲੈ ਕੇ, ਸ੍ਰੋਮਣੀ ਕਮੇਟੀ, ਬਾਦਲ ਅਕਾਲੀ ਦਲ, ਡੇਰੇ ਅਤੇ ਦਮਦਮੀ ਟਕਸਾਲ ਵਿੱਚ ਵੀ ਘੁਸੜ ਚੁੱਕਾ ਹੈ। ਇਸ ਸਿੱਖੀ ਵਿਰੋਧੀ ਲਾਬੀ ਨੇ ਦੇਖਿਆ ਕਿ “ਕ੍ਰਾਂਤੀਕਾਰੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ” ਹੀ ਸਿੱਖੀ ਦਾ ਮੂਲ ਸੋਮਾ ਹੈ ਕਿਉਂ ਨਾਂ ਸਿੱਖਾਂ ਦਾ ਇਸ ਤੋਂ ਯਕੀਨ ਡੁਲਾ ਦਿੱਤਾ ਜਾਵੇ, ਡੇਰੇਦਾਰਾਂ ਰਾਹੀਂ ਥੋਥੇ ਕਰਮਕਾਂਡ ਤਾਂ ਸਿੱਖਾਂ ਵਿੱਚ ਪਹਿਲਾਂ ਹੀ ਘਸੋੜ ਹੀ ਦਿੱਤੇ ਹਨ ਪਰ ਫਿਰ ਵੀ ਗੁਰੂ ਗ੍ਰੰਥ ਦੀ ਸਿਧਾਂਤਕ ਫਿਲਾਸਫੀ ਸਿੱਖਾਂ ਨੂੰ ਸਿੱਖੀ ਵਿੱਚ ਪੱਕੇ ਅਤੇ ਜੀਵਤ ਰੱਖਦੀ ਹੈ। ਜਦ ਕਿ ਜਗਤ ਪ੍ਰਸਿੱਧ ਹੈ ਕਿ ਹਰੇਕ ਕੌਮ ਦਾ ਇੱਕ ਗ੍ਰੰਥ, ਪੰਥ, ਵਿਧਾਨ ਅਤੇ ਨਿਸ਼ਾਨ ਹੁੰਦਾ ਹੈ ਇਵੇਂ ਹੀ ਸਿੱਖਾਂ ਦਾ ਵੀ ਇੱਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਇੱਕ ਖਾਲਸਾ ਪੰਥ, ਇੱਕ ਵਿਧਾਨ (ਰਹਿਤ ਮਰਯਾਦਾ) ਇੱਕ ਨਿਸ਼ਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਹੈ। ਇਸ ਸਿੱਖ ਵਿਰੋਧੀ ਲਾਬੀ ਨੇ ਬਾਕੀ ਸਭ ਵਿੱਚ ਤਾਂ ਰਲਾ ਕਰ ਹੀ ਦਿੱਤਾ ਪਰ ਇੱਕ ਗੁਰੂ ਗ੍ਰੰਥ ਸਾਹਿਬ ਹੀ ਸੀ ਜਿਸ ਤੇ ਇਹ ਅਖੌਤੀ ਦਸਮ ਗ੍ਰੰਥ ਵਾਲਾ ਜੋਰਦਾਰ ਹਮਲਾ ਕੀਤਾ ਗਿਆ ਜੋ ਪੰਥ ਦਰਦੀ ਜਾਗ੍ਰਿਤ ਜਮੀਰ ਵਾਲੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ, ਭਾਵੇਂ ਪਹਿਲਾਂ ਵੀ ਪ੍ਰੋ. ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤੱਖਤ ਅਤੇ ਹੋਰ ਪੰਥ ਦਰਦੀ ਅਤੇ ਮਿਸ਼ਨਰੀ ਸਿੱਖ ਵਿਦਵਾਨ ਸਨ ਅਤੇ ਹਨ।
ਅਸੀਂ ਵੀ ਵਿਸ਼ੇਸ਼ ਤੌਰ ਤੇ ਇਸ “ਕਾਲੇ ਦਿਵਸ” ਵਿੱਚ ਸ਼ਾਮਲ ਹੋਏ ਅਤੇ ਸਾਨੂੰ ਸ੍ਰੋਮਣੀ ਸਿੱਖ ਸਮਾਜ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਸਨਮਾਨਤ ਕੀਤਾ, ਜਿਸ ਦੀਆਂ ਖਬਰਾਂ ਪਹਿਲੇ ਛਪ ਚੁੱਕੀਆਂ ਹਨ। ਦਾਸ ਨੇ ਕਰੀਬ ਹਰੇਕ ਗੁਰਦੁਆਰੇ ਜਿੱਥੇ ਵੀ ਪ੍ਰਚਦਰ ਦਾ ਸਮਾਂ ਮਿਲਿਆ ਆਪਣੀ ਲਿਖੀ ਪੁਸਤਕ ਲਾਇਬ੍ਰੇਰੀ ਵਾਸਤੇ ਫਰੀ ਭੇਟਾ ਕੀਤੀ। ਜਦ ਅਸੀਂ ਇਸ ਸਮਾਗਮ ਵਿੱਚੋਂ ਨਿਕਲ ਰਹੇ ਸਾਂ ਫਰੀਦਾਬਾਦ ਦੀਆਂ ਪ੍ਰੇਮੀ ਸੰਗਤਾਂ ਦੀਆਂ ਅੱਖਾਂ ਨਮ ਸਨ ਪਤਾ ਨਹੀਂ ਇਹ ਵਿਦੇਸ਼ੀ ਪ੍ਰਚਾਰਕ ਕਦ ਫਿਰ ਦੁਬਾਰਾ ਅਦਉਣਗੇ? ਸ੍ਰ. ਹਰਜੀਤ ਸਿੰਘ ਅਤੇ ਅਨੂਪ ਸਿੰਘ ਦਾ ਪ੍ਰੀਵਾਰ ਤਾਂ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਇਹ ਸਾਡੇ ਪ੍ਰੀਵਾਰ ਦੇ ਵੀਰ ਭੈਣ ਸਾਡੇ ਤੋਂ ਵਿਛੜ ਰਹੇ ਹਨ, ਖਾਸ ਕਰਕੇ ਸ੍ਰ. ਹਰਜੀਤ ਸਿੰਘ ਅਤੇ ਭਾਈ ਅਨੂਪ ਸਿੰਘ ਦੇ ਮਾਤਾ ਜੀ ਬੜੇ ਬੈਰਾਗ ਵਿੱਚ ਸਨ ਪਰ ਦਾਣੇ ਪਾਣੀ ਦੀ ਖੇਡ ਹੈ “ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੇ” ਅਸੀਂ ਸਾਰੇ ਫਰੀਦਾਬਾਦ ਅਤੇ ਦਿੱਲ੍ਹੀ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਗੁਰਮਤਿ ਪ੍ਰਚਾਰ ਕਰਨ ਦਾ ਸੁਭਾਗ ਸਮਾਂ ਅਤੇ ਪਿਆਰ ਬਖਸ਼ਿਆ, ਫਿਰ ਵੀ ਜਦ ਸਮਾਂ ਮਿਲਿਆ ਦੁਬਾਰਾ ਸੰਗਤਾਂ ਅਤੇ ਸਨੇਹੀਆਂ ਦੇ ਦਰਸ਼ਨ ਕਰਾਂਗੇ, ਅਸੀਂ ਕਿਰਤੀ ਪ੍ਰਚਾਰਕ ਹਾਂ ਵਿਹਲੜ ਸਾਧ ਨਹੀਂ, ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਨਾਂ ਕਿ ਪੁਜਾਰੀਆਂ ਦਾ, ਅਰਦਾਸ ਕਰਿਓ ਅਸੀਂ ਕਿਰਤ ਵਿਰਤ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੀਏ, ਸੰਪ੍ਰਕ ਲਈ ਨੰਬਰ (510-432-5827) ਸਭਨਾਂ ਦਾ ਧੰਨਵਾਦ!

“ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ



ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ - ਪ੍ਰਮਿੰਦਰ ਸਿੰਘ ਪ੍ਰਵਾਨਾਂ 510-415-9377 02-03-12

2/4/2012


ਯੂਨੀਅਨ ਸਿਟੀ-ਕੈਲੇਫੋਰਨੀਆਂ (ੂੰੳ) ਪ੍ਰਮਿੰਦਰ ਸਿੰਘ ਪ੍ਰਵਾਨਾ-ਬੀਤੇ ਦਿਨੀਂ 29 ਜਨਵਰੀ 2012 ਨੂੰ, ਯੂਨੀਅਨ ਸਿਟੀ ਲਾਇਬ੍ਰੇਰੀ ਵਿੱਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ, ਇੰਟ੍ਰਨੈਸ਼ਲ ਸਿੰਘ ਸਭਾ ਯੂ.ਐੱਸ.ਏ., ਅਖੌਤੀ ਸੰਤਾਂ ਦੇ ਕੌਤਕ ਗਰੁੱਪ ਅਤੇ ਸਹਿਤ ਸਭਾ ਕੈਲੇਫੋਰਨੀਆਂ ਦੇ ਸਾਂਝੇ ਉੱਦਮ ਨਾਲ ਇੱਕ ਭਾਰੀ ਇਕੱਠ ਵਿੱਚ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ ਲੋਕ ਅਰਪਣ ਹੋਈ। ਸਮਾਗਮ ਦੇ ਸ਼ੁਰੂ ਵਿੱਚ ਹਰਮਨ ਪਿਆਰੇ ਸਮਾਜ ਸੇਵੀ ਮਰਹੂਮ ਬਾਬਾ ਨੰਦਨ ਸਿੰਘ ਸਿਧਵਾਂ ਕਲਾਂ ਜੋ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਧਾਂਜਲੀ ਅਰਪਨ ਕੀਤੀ ਗਈ। ਪੁਸਤਕ ਤੇ ਪਰਚਾ ਪਾਠ ਹੋਇਆ। ਮੰਚ ਸੰਚਾਲਨ ਪ੍ਰਮਿੰਦਰ ਸਿੰਘ ਪ੍ਰਵਾਨਾਂ ਵੱਲੋਂ ਕੀਤਾ ਗਿਆ ਅਤੇ ਭਾਈ ਅਵਤਾਰ ਸਿੰਘ ਜੀ ਨੂੰ ਪੁਸਤਕ ਬਾਰੇ ਬੋਲਣ ਲਈ ਕਿਹਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਪੁਸਤਕ ਸਿੱਖ ਸਮਾਜ ਵਿੱਚ, ਭੇਖੀ ਸਾਧਾਂ, ਲਾਲਚੀ ਪੁਜਾਰੀਆਂ ਅਤੇ ਪ੍ਰਚਾਕਾਂ ਵੱਲੋਂ ਘਸੋੜੇ ਗਏ ਥੋਥੇ ਕਰਮਕਾਂਡ, ਜੋ ਅੱਜ ਅਮਰਵੇਲ ਵਾਂਗ ਸਿੱਖੀ ਦੇ ਬੂਟੇ ਤੇ ਛਾ ਗਏ ਹਨ, ਜਿਨ੍ਹਾਂ ਨੂੰ ਮਾਇਆਧਾਰੀ ਅਤੇ ਅਗਿਆਨੀ ਸਿੱਖਾਂ ਨੇ ਮਰਯਾਦਾ ਸਮਝ ਕੇ ਅਪਣਾਅ ਲਿਆ ਹੈ, ਬਾਰੇ ਸਿੱਖ ਜਗਤ ਨੂੰ ਜਾਗ੍ਰਿਤ ਕਰਨ ਲਈ, ਕਈ ਸਾਲਾਂ ਦੀ ਮਿਹਨਤ ਬਾਅਦ, ਗੁਰਮਤਿ ਪ੍ਰਚਾਰ ਅਤੇ ਪਾਠਕਾਂ ਦੀ ਭਾਰੀ ਮੰਗ ਕਰਕੇ, ਆਪਣੇ ਖਰਚੇ ਤੇ ਛਪਵਾਈ ਗਈ ਹੈ। ਆਪ ਜੀ, ਪੜ੍ਹਨ ਅਤੇ ਵਿਚਾਰਨ ਬਾਰੇ ਫੋਨ ਨੰਬਰ 510-432-5827 ਤੇ ਜਾਂ ਈਮੇਲ ਸਨਿਗਹਸਟੁਦੲਨਟ੍‍ੇਅਹੋ।ਚੋਮ ਤੇ ਸੰਪਰਕ ਕਰਕੇ, ਇਹ ਪੁਸਤਕ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਪੁਸਤਕ ਦੇ ਸਿਲੇਬਸ ਤੇ ਬੋਲਦਿਆਂ ਕਿਹਾ ਕਿ ਗੁਰੂ ਦੀ ਸਿਖਿਆ ਦੇ ਸ਼ਬਦ ਗਿਆਨ ਰੂਪੀ ਤਿੱਖੇ ਤੀਰ ਹੀ, ਥੋਥੇ ਕਰਮਕਾਂਡਾਂ ਦੀ ਛਾਤੀ ਵਿੰਨ੍ਹ ਸਕਦੇ ਹਨ। ਤਿੱਖੇ ਤੀਰ ਗੁਰਸ਼ਬਦੀ ਬਾਨ ਹਨ ਜਿਨ੍ਹਾਂ ਵਿੱਚੋਂ ਕਿਤੇ ਇੱਕ ਵੀ ਬਾਨ (ਤੀਰ) ਲੱਗ ਜਾਵੇ ਤਾਂ ਕਰਮਕਾਂਡ ਢਹਿ ਢੇਰੀ ਹੋ ਜਾਂਦੇ ਹਨ-ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕ॥ੁ ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਰੇਜੇ ਛੇਕੁ॥194॥ (1374)
ਬੇਏਰੀਆ ਪੰਜਾਬੀ ਸਹਿਤ ਸਭਾ ਕੈਲੇਫੋਰਨੀਆਂ ਦੇ “ਪ੍ਰਬੰਧਕ” ਪ੍ਰਮਿੰਦਰ ਸਿੰਘ ਪ੍ਰਵਾਨਾਂ ਨੇ ਪੁਸਤਕ ਦੇ ਪਰਚਾ ਪਾਠ ਵਿੱਚ ਸਮੁੱਚੇ ਲੇਖਾਂ ਦੀ ਮਹੱਤਤਾ ਨੂੰ ਉਭਾਰਦੇ ਹੋਏ ਮਹੱਤਤਵਪੂਰਣ ਦੱਸਿਆ, ਕਿ ਇਹ ਲੇਖ ਜੀਵਨ ਨੂੰ ਸੇਧ ਦਿੰਦੇ ਹਨ। ਲੇਖਕ ਕਿਰਤ-ਵਿਰਤ ਕਰਦੇ ਅਤੇ ਗ੍ਰਿਹਸਤੀ ਹੁੰਦੇ ਹੋਏ ਵੀ ਇੱਕ ਸਿਰੜੀ ਅਤੇ ਯੋਗ ਪ੍ਰਚਾਰਕ ਹੈ। ਪਦਾਰਥਵਾਦ ਦੀ ਦੁਨੀਆਂ ਵਿੱਚ ਸਮਾਂ ਕੱਢਣਾ ਅਤੇ ਅਜਿਹੇ ਵਿਸ਼ੇ ਤੇ ਲਿਖਣਾ ਬਹੁਤ ਮੁਸ਼ਕਲ ਹੈ ਜੋ ਗੁਰਮਤਿ ਗਿਆਨ ਰਾਹੀਂ ਹੀ ਸੰਭਵ ਹੋ ਸਕਦਾ ਹੈ। ਲੇਖਕ ਨੇ ਇਹ ਕਾਰਜ ਖਿੜੇ ਮੱਥੇ ਨਿਭਾਇਆ ਹੈ, ਇਸ ਲਈ ਉਹ ਵਧਾਈ ਦਾ ਪਾਤਰ ਹੈ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਪ੍ਰਮੁੱਖ ਆਗੂ ਅਤੇ ਲਿਖਾਰੀ ਡਾ. ਗੁਰਮੀਤ ਸਿੰਘ ਬਰਸਾਲ ਨੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੂੰ ਇਸ ਜੋਖਮ ਭਰੇ ਕਾਰਜ ਨੂੰ ਪੂਰਾ ਕਰਨ ਤੇ ਵਧਾਈ ਦਿੰਦੇ ਹੋਏ, ਕਰਮਕਾਂਡਾਂ ਬਾਰੇ ਜਾਣਕਾਰੀ ਭਰਪੂਰ ਵਿਸਥਾਰਤ ਪਰਚਾ ਪੜ੍ਹਿਆ। ਭਾਈ ਮਿਸ਼ਨਰੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਸ੍ਰ ਭਜਨ ਸਿੰਘ ਭਿੰਡਰ ਨੇ ਪ੍ਰਧਾਨਗੀ ਭਾਸ਼ਨ ਵਿੱਚ ਬ੍ਰਾਹਮਣਵਾਦ ਅਤੇ ਡਾ. ਅੰਬੇਡਕਰ ਬਾਰੇ ਬੜੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕਿ ਭਾਈ ਮਿਸ਼ਨਰੀ ਦੀ ਪੁਸਤਕ ਚੋਂ ਇੱਕ ਟੂਕ “ਪੰਥ ਤੋਂ ਕਿਸੇ ਕਾਰਣ ਦੂਰ ਹੋ ਗਈਆਂ ਜਾਂ ਸਾਡੇ ਆਗੂਆਂ ਦੀ ਅਗਿਆਨਤਾ ਨਾਲ ਦੂਰ ਕਰ ਦਿੱਤੀਆਂ ਗਈਆਂ ਪੰਥਕ ਧਿਰਾਂ, ਜੋ ਸਿੱਖ ਪੰਥ ਦਾ ਇੱਕ ਅਨਿਖੜਵਾਂ ਅੰਗ ਹਨ, ਨੂੰ ਪੰਥ ਨਾਲ ਜੋੜਨ ਵਿੱਚ ਹੀ ਪੰਥ ਦਾ ਭਲਾ ਹੈ, ਸ੍ਰ. ਭਿੰਡਰ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਅਤੇ ਸਰਕਾਰਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ, ਉਹ ਹੀ ਕਰਮਕਾਂਡੀ ਡੇਰੇਦਾਰਾਂ ਨੂੰ ਹਲਾਸ਼ੇਰੀ ਦਿੰਦੀਆਂ ਹੋਈਆਂ, ਸਿੱਖ ਪ੍ਰਚਾਰਕਾਂ ਅਤੇ ਲਿਖਾਰੀਆਂ ਦੇ ਰਾਹ ਵਿੱਚ ਰੋੜੇ ਅਟਕਉਂਦੀਆਂ ਹਨ।
ਅਖੌਤੀ ਸੰਤਾਂ ਦੇ ਕੌਤਕ ਗਰੁੱਪ ਜੋ ਫੇਸ ਬੁੱਕ ਤੇ ਪਾਖੰਡੀਆਂ ਦੇ ਪਾਜ ਉਘੇੜਦੇ ਹੋਏ, ਭੇਖੀ ਸਾਧਾਂ, ਹੰਕਾਰੀ ਲੀਡਰਾਂ ਅਤੇ ਅਖੌਤੀ ਜਥੇਦਾਰਾਂ ਨਾਲ ਗੁਰਮੱਤੀ ਜੰਗ ਲੜਦੇ ਹੋਏ ਦੋ ਹੱਥ ਹੋ ਰਹੇ ਹਨ, ਦੇ ਬੇਏਰੀਏ ਦੇ ਆਗੂ ਗੁਰਸੇਵਕ ਸਿੰਘ ਪਿੰਡ ਰੋਡੇ ਨੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਦੀ ਨਵੰਬਰ 2011 ਸਿੰਘਾਪੁਰ-ਮਲੇਸ਼ੀਆ ਅਤੇ ਦਸੰਬਰ-ਜਨਵਰੀ 2011-12 ਪੰਜਾਬ ਦੀ ਪ੍ਰਾਚਰ ਫੇਰੀ ਦਾ ਸਫਰਨਾਮਾਂ ਬੜੀ ਭਾਵਕਤਾ ਨਾਲ ਸੁਣਾਇਆ ਅਤੇ ਕਿਹਾ ਕਿ ਸਾਡੇ ਇਹ ਵੀਰ ਅਤੇ ਭੈਣ ਜੀ ਚਲਦੇ ਫਿਰਦੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਸਥਾਨਕ ਗੁਰੂ ਘਰਾਂ ਨੂੰ ਵੀ ਇਨ੍ਹਾਂ ਦੇ ਗੁਰਮਤਿ ਪ੍ਰਚਾਰ ਤੋਂ ਲਾਹਾ ਲੈਣਾ ਚਾਹੀਦਾ ਹੈ।
ਸਿੰਘ ਸਭਾ ਇੰਟ੍ਰਨੈਸ਼ਨਲ ਸੈਕਰਾਮੈਂਟੋ ਦੇ ਵਿਦਵਾਨ ਆਗੂ ਪ੍ਰੋ. ਮੱਖਨ ਸਿੰਘ ਨੇ ਬੋਲਦਿਆਂ ਕਿਹਾ ਕਿ ਸੱਚ ਬੋਲਣਾ, ਸੁਣਨਾ ਅਤੇ ਲਿਖਣਾ ਬੜਾ ਔਖਾ ਹੈ। ਮਿਸ਼ਨਰੀ ਜੀ ਜੋ ਆਪਣੀ ਕਿਰਤ ਕਰਦੇ ਹੋਏ ਵੀ ਸਰਗਰਮ ਪ੍ਰਚਾਰਕ ਹਨ, ਸੱਚੋ ਸੱਚ ਪ੍ਰਚਾਰ ਕਰ ਅਤੇ ਲਿਖ ਰਹੇ ਹਨ। ਉਨ੍ਹਾਂ ਨੇ ਬੜੇ ਵਿਅੰਗ ਨਾਲ ਕਿਹਾ ਕਿ ਗੁਰਬਾਣੀ ਨੂੰ ਰੋਜੀ ਰੋਟੀ ਦਾ ਸਾਧਨ ਬਣਾਉਣ ਵਾਲੇ ਖੁੱਲ੍ਹ ਕੇ ਸੱਚ ਬੋਲ ਜਾਂ ਲਿਖ ਨਹੀਂ ਸਕਦੇ ਕਿਉਂਕਿ ਰੋਜੀ ਰੋਟੀ ਖੁਸਣ ਦਾ ਡਰ ਰਹਿੰਦਾ ਹੈ। ਉਂਨ੍ਹਾਂ ਨੇ ਇਸ ਬਾਰੇ ਉੱਘੇ ਪ੍ਰਚਾਰਕ ਗਿ.ਜਗਤਾਰ ਸਿੰਘ ਜਾਚਕ ਨਿਊਯਾਰਕ ਨਾਲ ਹੋਈ ਗਲਬਾਤ ਦਾ ਵੀ ਜਿਕਰ ਕੀਤਾ। ਪੰਜਾਬੀ ਸਹਿਤ ਸਭਾ ਬੇਏਰੀਏ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਵੀ ਭਾਈ ਮਿਸ਼ਨਰੀ ਦੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਪ੍ਰੋ. ਸੁਰਜੀਤ ਸਿੰਘ ਨਨੂੰਆਂ ਨੇ ਵੀ ਹਾਜਰੀ ਭਰੀ। ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਲਿਮੋਜੀਨ ਵਾਲੇ ਬਾਣਾਧਾਰੀ ਭਾਈ ਫਤਿਹਜੀਤ ਸਿੰਘ ਨੇ ਵੀ ਭਾਈ ਮਿਸ਼ਨਰੀ ਨੂੰ ਹਾਰਦਿਕ ਵਧਾਈ ਦਿੱਤੀ। ਗੋਲਡ ਕੈਬ ਫਰੀਮਾਂਟ ਦੇ ਸ੍ਰ. ਜਸਦੀਪ ਸਿੰਘ ਕਵੀਸ਼ਰ ਨੇ ਕਿਹਾ ਕਿ ਹਰ ਹਫਤੇ ਗੁਰਮਤਿ ਤੇ ਲੇਖ ਲਿਖਣਾ ਬੜਾ ਔਖਾ ਹੈ, ਭਾਈ ਅਵਤਾਰ ਸਿੰਘ ਬੜੇ ਮਿਹਨਤੀ ਹਨ ਜੋ ਕਿਰਤ ਕਰਦੇ ਵੀ ਲਿਖੀ ਜਾ ਰਹੇ ਹਨ, ਸਾਡੇ ਵਰਗੇ ਤਾਂ ਇੱਕ ਲੇਖ ਲਿਖਣ ਤੇ ਹੀ ਛੇ-ਛੇ ਮਹੀਨੇ ਲਾ ਦਿੰਦੇ ਹਨ।
ਆਖੀਰ ਵਿੱਚ ਬੀਬੀ ਹਰਸਿਮਰਤ ਕੌਰ ਖਾਲਸਾ ਨੇ, ਆਪਣੇ ਸਿੱਖ ਬਣਨ ਅਤੇ ਪ੍ਰਚਾਰਕ ਫੇਰੀ ਸਮੇਂ, ਫਾਊਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਅਤੇ ਮਰਹੂਮ ਬਾਬਾ ਨੰਦਨ ਸਿੰਘ ਰਾਹੀਂ, ਭਾਈ ਅਵਤਾਰ ਸਿੰਘ ਨਾਲ ਨਾਤਾ ਜੋੜਨ ਦਾ ਜਿਕਰ ਕਰਦੇ ਕਿਹਾ ਕਿ ਗੁਰਮਤਿ ਦੇ ਤਿੱਖੇ ਤੀਰ ਜੇ ਮੇਰੇ ਸੀਨੇ ਲੱਗ ਕੇ, ਮੇਰਾ ਜੀਵਨ ਬਦਲ ਸਕਦੇ ਹਨ ਤਾਂ ਕੀ ਕਰਮਕਾਂਡੀ ਸਿੱਖਾਂ ਦਾ ਕਿਉਂ ਨਹੀਂ? ਮੈਂ ਦੇਖਦੀ ਹਾਂ ਕਿ ਮਾਈ ਬੈਟਰ ਹਾਫ ਸਾਰੀ ਰਾਤ ਕੰਮ ਕਰਕੇ ਵੀ ਸਵੇਰੇ ਉੱਠ ਕੇ ਲਿਖਣਾ ਅਤੇ ਵਾਚਣਾ ਸ਼ੁਰੂ ਕਰ ਦਿੰਦੇ ਹਨ।
ਜਿਹੜੇ ਸੱਜਨ ਰੁਝੇਵਿਆਂ ਕਰਕੇ ਨਹੀਂ ਪਹੁੰਚ ਸੱਕੇ, ਉਨ੍ਹਾਂ ਵਿੱਚ ਡਾ. ਗੁਰਦੀਪ ਸਿੰਘ ਸੈਨ ਹੋਜੇ, ਪੰਜਾਬੀ ਸਹਿਤ ਸਭਾ ਦੀ ਪ੍ਰਸਿੱਧ ਲੇਖਕਾ ਬੀਬੀ ਮਨਜੀਤ ਕੌਰ ਸ਼ੇਖੋਂ ਸੈਕਰਾਮੈਂਟੋ, ਖੋਜੀ ਵਿਦਵਾਨ ਅਤੇ ਲਿਖਾਰੀ ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰਸਿੱਧ ਵਿਦਵਾਨ ਲੇਖਕ ਚਰਨਜੀਤ ਸਿੰਘ ਪੰਨੂੰ ਅਤੇ ਪੰਥ ਦੇ ਪ੍ਰਸਿੱਧ ਲਿਖਾਰੀ ਅਤੇ ਆਗੂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੇ ਵੀ ਭਾਰਤ ਤੋਂ ਬੜੀ ਗਰਮਜੋਸ਼ੀ ਨਾਲ ਵਧਾਈ ਸੰਦੇਸ਼ ਭੇਜੇ ਹਨ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਸਨ ਗੁਰਮਤਿ ਦੇ ਪ੍ਰਸਿੱਧ ਲਿਖਾਰੀ ਸ੍ਰ. ਮਝੈਲ ਸਿੰਘ ਸੈਨਹੋਜੇ, ਜੋਸ਼ੀਲੇ ਨੌਜਵਾਨ ਆਗੂ ਭਾਈ ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਬਜੁਰਗ ਆਗੂ ਸ੍ਰ. ਨਗਿੰਦਰ ਸਿੰਘ ਬਰਸਾਲ, ਕਮਲਦੀਪ ਸਿੰਘ, ਭਾਈ ਰਤਨ ਸਿੰਘ, ਸ੍ਰ. ਦਰਸ਼ਨ ਸਿੰਘ ਹੇਵਰਡ, ਭਾਈ ਰਾਜਬੀਰ ਸਿੰਘ, ਬੀਬੀ ਸੁਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਇਕਬਾਲ ਕੌਰ ਆਦਿ।
ਅੰਤ ਵਿੱਚ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਕੋਲ ਵੀ ਇਹ ਪੁਸਤਕ ਪਹੁੰਚਦੀ ਹੈ, ਉਹ ਇਸ ਨੂੰ ਪੜ੍ਹ ਕੇ, ਆਪਣੇ ਕੀਮਤੀ ਸੁਝਾਅ ਜਰੂਰ ਭੇਜਣ ਦੀ ਕ੍ਰਿਪਾਲਤਾ ਕਰੇ।
ਪ੍ਰੈਸ ਨੋਟ ਜਾਰੀ ਕਰਤਾ-
ਪ੍ਰਮਿੰਦਰ ਸਿੰਘ ਪ੍ਰਵਾਨਾਂ
510-415-9377
02-03-12

Tuesday, January 31, 2012

ਬ੍ਰਾਹਮਣਬਾਦ ਬਨਾਮ ਪੁਜਾਰੀਬਾਦ ।।

ਬ੍ਰਾਹਮਣਬਾਦ ਬਨਾਮ ਪੁਜਾਰੀਬਾਦ ।।
ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ ।
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)
ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾਲੀਆਂ ਹੀ ਹੋਣਗੀਆਂ । ਇਸ ਤਰਾਂ ਬ੍ਰਾਹਮਣ ਸਿਰਫ ਵਿਸ਼ੇਸ਼ਣ ਹੋ ਸਕਦਾ ਹੈ,ਆਉਣ ਵਾਲੀਆਂ ਬ੍ਰਾਹਮਣ ਦੀਆਂ ਪੀੜੀਆਂ ਦੀ ਸਦੀਵੀ ਪਕੜ ਵਾਲਾ ਕੋਈ ਨਾਮ ਨਹੀਂ । ਕਿਰਤ ਅਧਾਰਿਤ ਵੰਡ ਅਨੁਸਾਰ ਕਿਰਤ ਬਦਲਣ ਨਾਲ ਵਰਗ ਦਾ ਬਦਲਣਾ ਵੀ ਜਰੂਰੀ ਸੀ । ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਬ੍ਰਾਹਮਣ ਦੀ ਡਿਗਰੀ ਸਦਾ ਲਈ ਆਪਣੇ ਨਾਮ ਨਾਲ ਚਿਪਕਾ ਲਈ । ਸ਼ਾਇਦ ਇਸੇ ਲਈ ਉਸਦੀ ਇਸ ਯੋਜਨਾਂ ਦਾ ਭਾਂਡਾ ਭੰਨਦਾ ਹੋਇਆ ਸ਼ਬਦ ਬ੍ਰਾਹਮਣਬਾਦ ਹੋਂਦ ਵਿੱਚ ਆ ਗਿਆ । ਅਸਲ ਵਿੱਚ ਇਹ ਬ੍ਰਾਹਮਣਬਾਦ ਸ਼ਬਦ ਕਿਸੇ ਜਾਤੀ ਸੂਚਕ ਬ੍ਰਾਹਮਣ ਦੀ ਮੁਖਾਲਫ਼ਤ ਨਹੀਂ ਕਰਦਾ ਸਗੋਂ ਬ੍ਰਾਹਮਣ ਦੀ ਉਸ ਚਲਾਕੀ ਅਤੇ ਮਕਾਰੀ ਦਾ ਪਰਦਾ ਫਾਸ਼ ਕਰਦਾ ਹੈ, ਜਿਸ ਨਾਲ ਉਸਨੇ ਸਦਾ ਲਈ ਇਹ ਨਾਮ ਆਪਣੀਆਂ ਕੁਲਾਂ ਲਈ ਰਾਖਵਾਂ ਕਰਵਾਕੇ ਸਮਾਜ ਦੇ ਬਾਕੀ ਵਰਗਾਂ ਦੀ ਸਦੀਵੀ ਲੁੱਟ ਲਈ ਪੱਕੀ ਵਿਓਂਤ ਬੰਦੀ ਕੀਤੀ ਹੈ ।
ਸੋ ਆਪਣੀ ਜਾਤੀ ਆਪ ਹੀ ਘੜ ਕੇ ,ਆਪ ਨੂੰ ਹੀ ਸਰਬੋਤਮ ਮੰਨਕੇ ਉਸੇ ਅਖਾਉਤੀ ਉੱਚ ਜਾਤੀ ਦਾ ਝੂਠਾ ਹੰਕਾਰ ਹੀ ਬ੍ਰਾਹਮਣਬਾਦ ਹੈ, ਜੋ ਬਾਕੀ ਆਪਣੇ ਆਪਣੇ ਕੰਮਾਂ ਅਨੁਸਾਰ ਆਪ ਹੀ ਸਿਰਜੀਆਂ ਜਾਤੀਆਂ ਨੂੰ ਛੋਟੀਆਂ ਅਤੇ ਤੁੱਛ ਮੰਨਕੇ ਆਪਣੀ ਹੀ ਸੇਵਾ ਲਈ ਬਣੀਆਂ ਦਰਸਾਉਂਦਾ ਹੈ । ਸੋ ਬ੍ਰਾਹਮਣ ਦਾ ਰੱਬ ਵੀ ਅਜਿਹਾ ਹੀ ਆਪੂੰ ਹੀ ਘੜਿਆ ਰੱਬ ਹੁੰਦਾ ਹੈ ਜੋ ਬ੍ਰਾਹਮਣ ਰੂਪੀ ਪੁਜਾਰੀ ਰਾਹੀਂ ਸ਼ਕਤੀਸ਼ਾਲੀ ਰਾਜੇ ਨੂੰ ਵੀ ਮਕਾਰੀ ਨਾਲ ਝੁਕਣ ਲਈ ਮਜਬੂਰ ਕਰਕੇ, ਖੁਦ ਬ੍ਰਾਹਮਣ ਨੂੰ ਸਰਬਉੱਚ ਬਣਾ ਦਿੰਦਾ ਹੈ । ਮਨੁੱਖਤਾ ਵਿੱਚ ਜਾਤੀ-ਪਾਤੀ ,ਊਚ-ਨੀਚ ਅਤੇ ਛੂਆ-ਛਾਤ ਰਾਹੀਂ ਪਾਈ ਗਈ ਵੰਡੀ ਹੀ ਇਸ ਬ੍ਰਾਹਮਣਬਾਦ ਦੀ ਸਭ ਤੋਂ ਵੱਡੀ ਤਾਕਤ ਬਣਦੀ ਹੈ, ਜਿਸ ਦੀ ਮਦਦ ਨਾਲ ਇਹ ਇੱਕ ਤਰਾਂ ਨਾਲ ਆਪਣੇ ਆਪ ਨੂੰ ਸਾਰੀ ਮਨੁੱਖਤਾ ਦਾ ਰੱਬ ਹੀ ਘੋਸ਼ਤ ਕਰਦਾ ਹੈ । ਧਰਮ ਗਿਆਨ ਤੇ ਕੇਵਲ ਆਪਣਾ ਹੀ ਅਧਿਕਾਰ ਘੋਸ਼ਿਤ ਕਰ ਇਹ ਸਮਾਜ ਦੇ ਬਾਕੀ ਵਰਗਾਂ ਨੂੰ ਸਦਾ ਲਈ ਆਪਦੇ ਮੁਥਾਹਜ ਬਣਾਉਣ ਦੀ ਕੁਚੇਸ਼ਠਾ ਨਾਲ, ਉਹਨਾਂ ਵਿੱਚ ਕੇਵਲ ਡਰੂ ਬਿਰਤੀ ਪੈਦਾ ਕਰਨ ਲਈ ਹੀ ਅਗਿਆਨੀ ਰੱਖਕੇ ਕਰਮਕਾਂਢਾਂ ਵਿੱਚ ਉਲਝਾਉਂਦਾ ਹੈ । ਕਰਮਾਂ ਦੇ ਪਾਏ ਗਏ ਡਰ ਦਾ ਮਾਰਿਆ ਹਰ ਤਰਾਂ ਦਾ ਮਿਹਨਤੀ ਤਬਕਾ ਆਪਣੇ ਹੱਕ ਹਲਾਲ ਦੀ ਕਮਾਈ ਨੂੰ, ਇਸ ਪੁਜਾਰੀ ਨੁਮਾਂ ਵਿਹਲੜ ਬ੍ਰਾਹਮਣ ਸਾਹਮਣੇ ਪੁਸ਼ਤਾਂ ਤੱਕ ਚਾੜਨਾਂ ਹੀ ਧਰਮ-ਕਰਮ ਸਮਝ ਬੈਠਦਾ ਹੈ । ਜੇਕਰ ਕਿਸੇ ਪ੍ਰਾਚੀਨ ਮਤ ਦੇ ਬਾਨੀ ਨੂੰ ਅੱਜ ਵੀ ਜਿਉਂਦਾ ਦੇਖਣਾ ਹੈ ਤਾਂ ਕੇਵਲ ਬ੍ਰਾਹਮਣ ਬਾਦ ਦਾ ਆਗੂ ਹੀ ਨਜਰ ਆਉੰਦਾ ਹੈ, ਸ਼ਾਇਦ ਇਸੇ ਲਈ ਬ੍ਰਾਹਮਣਬਾਦ ਦਾ ਇਹੀ ਰੂਪ ਬਾਕੀ ਸੰਸਾਰ ਦੇ ਮਤਾਂ ਅੰਦਰ ਦਾਖਲ ਹੋ ਸਦਾ ਲਈ ਅਮਰ ਹੋਣ ਦੀ ਲਾਲਸਾ ਵਿੱਚ ਹੈ । ਸਿੱਖ ਮਤ ਵਿੱਚ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਦਾਖਲੇ ਦੀ ਭਾਲ ਵਿੱਚ ਸੀ, ਪਰ ਇਸਦਾ ਦਾਅ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਦੋਂ ਲੱਗਾ ਜਦੋਂ ਸਿੰਘਾਂ ਦਾ ਹਕੂਮਤ ਵੱਲੋਂ ਹਰ ਜਗਹ ਸ਼ਿਕਾਰ ਕੀਤਾ ਜਾ ਰਿਹਾ ਸੀ ਅਤੇ ਸਿੰਘ ਜੰਗਲਾਂ, ਮਾਰੂਥਲਾਂ ਵਿੱਚ ਵਿਚਰ ਰਹੇ ਸਨ ।
ਗੁਰੂ ਨਾਨਕ ਸਾਹਿਬ ਨੇ ਅਜਿਹੇ ਬ੍ਰਾਹਮਣਬਾਦ ਦੇ ਮਹਿਲ ਦੀ ਨਿਓਂ ਵਿੱਚ ਲਗ ਰਹੀ ਸਭ ਤੋਂ ਪਹਿਲੀ ਕਰਮਕਾਂਢੀ ਜਨੇਊ ਨਾਮਕ ਭੇਖੀ ਇੱਟ ਨੂੰ ਹੀ ਪੁੱਟਕੇ ਸਾਰੇ ਸਮਾਜ ਸਾਹਮਣੇ ਸੁੱਟ ਧਰਿਆ ਸੀ ਅਤੇ ਆਪਣੀ ਬਾਣੀ ਦੇ ਸ਼ੁਰੂ ਵਿੱਚ ਹੀ ‘੧’ ਲਿਖ, ਬ੍ਰਾਹਮਣ ਦੇ ਬਣਾਏ ਝੂਠੇ ਮੱਕੜਜਾਲ ਦੇ ਬਹੁ ਵਰਗ ਅਤੇ ਬਹੁ ਦੇਵਤਾ ਆਧਾਰ ਦੀਆਂ ਤੰਦਾਂ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਸੀ । ਜਿਸ ਨਾਲ ਸਮਾਜ ਵਿੱਚ ਬਰਾਬਰੀ ਅਤੇ ਅਸਲੀ ਰੱਬ ਦੀ ਪਹਿਚਾਣ ਦਾ ਮੁੱਢ ਬੱਝਦਾ ਦੇਖ ਬ੍ਰਾਹਮਣਬਾਦ ਤਰਲੋ-ਮੱਛੀ ਹੋਣ ਲੱਗ ਪਿਆ ਸੀ ।
ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ (ਪੰਨਾ 611)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ(ਪੰਨਾ 1349)
ਗੁਰੂ ਸਾਹਿਬ ਦੀ ਸਾਰੀ ਮਨੁੱਖਾ ਜਾਤੀ ਨੂੰ ਇੱਕ ਹੀ ਰੱਬ ਦੀ ਔਲਾਦ ਦਸਦਿਆਂ ਸਭ ਵਿੱਚ ਇੱਕ ਹੀ ਜੋਤ ਹੋਣ ਦੀ ਗੱਲ ਬ੍ਰਾਹਮਣਵਾਦ ਦੇ ਖਿਲਾਫ ਮਨੁੱਖਤਾ ਵਿੱਚ ਸਮਾਨਤਾ ਦੇ ਭਾਵ ਭਰਦੀ ਅਸਲ ਰੱਬ ਵਲ ਪਰੇਰਤ ਕਰਨ ਲੱਗੀ ਸੀ । ਲੋਕਾਈ ਨੂੰ ਸੱਚੇ ਰੱਬ ਦੀ ਸੱਚੀ ਪੂਜਾ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ ਸਨ । ਸਮਾਜ ਦੇ ਹਰ ਦੱਬੇ ਕੁਚਲੇ ਵਰਗ ਅੰਦਰ ਬਰਾਬਰ ਸਨਮਾਨ ਦੀ ਭਾਵਨਾ, ਮਿਹਨਤੀ ਲੋਕਾਂ ਵਿੱਚ ਸੁਕਿਰਤ ਦੀ ਵਡਿਆਈ, ਦੂਜੇ ਦੀ ਕਮਾਈ ਤੇ ਪਲਣ ਵਾਲੇ ਨਿਖੱਟੂਆਂ, ਲੋਟੂਆਂ ਅਤੇ ਵਿਹਲੜਾਂ ਨੂੰ ਮਨੁੱਖਤਾ ਅਤੇ ਰੱਬ ਦੇ ਦੁਸ਼ਮਨ ਸਮਝਣ ਦੀ ਭਾਵਨਾਂ ਨੇ ,ਰੱਬ ਦੇ ਵਿਚੋਲੇ ਕਹਾਉਂਦੇ ਬ੍ਰਾਹਮਣਬਾਦ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ।
ਇਨਾਂ ਹੋਣ ਤੇ ਵੀ ਬ੍ਰਾਹਮਣਬਾਦ ਨੇ ਹਾਰ ਨਹੀਂ ਮੰਨੀ, ਸਗੋਂ ਹੋਰ ਵੀ ਡੂੰਘੀ ਚਾਲ ਅਤੇ ਠਰੰਮੇ ਨਾਲ ਸਿੱਖਾਂ ਦਾ ਬਾਹਰੀ ਭੇਖ ਧਾਰਨ ਕਰ ਗੁਰਧਾਮਾਂ ਵਿੱਚ ਆ ਬੈਠਾ । ਗਿਆਨ ਤੋਂ ਸੱਖਣੇ ਰੱਖੇ ਗਏ ਸਿੱਖ, ਅੰਨੀ ਸ਼ਰਧਾ ਅਧੀਨ, ਉਸਦੇ ਚਰਨਾਂ ਵਿੱਚ ਜਾ ਵਿਰਾਜਣੇ ਸ਼ੁਰੂ ਹੋ ਗਏ । ਉਸਨੇ ਸਿੱਖਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਅਸਪਸ਼ਟਤਾ ਭਰਕੇ, ਗੁਰਮਤਿ ਅਨੁਸਾਰੀ ਸਰਬਖੇਤਰੀ ਅਗਵਾਈ ਵਾਲੇ ਚਿਤਵੇ ਗੁਰਮਤਿ ਦੇ ਸਕੂਲਾਂ ਦੇ ਆਸ਼ੇ ਵਿਰੁੱਧ ਵੱਡੇ ਵੱਡੇ ਪੂਜਾ ਘਰ ਬਣਵਾਕੇ,ਘਰ ਘਰ ਅੰਦਰ ਧਰਮਸਾਲ ਦਾ ਸੰਕਲਪ ਖਤਮ ਕਰ, ਗਿਣਤੀਆਂ ਮਿਣਤੀਆਂ ਵਾਲੇ ਕਈ ਕਿਸਮਾਂ ਦੇ ਪਾਠਾਂ ਦੇ ਫਲਾਂ ਦੀ ਚਾਹਨਾਂ ਭਰ ਦਿੱਤੀ । ਗੁਰਮਤਿ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਨਾਲੋਂ ਗੁਰੂ ਉਪਦੇਸ਼ਾਂ ਦੇ ਮੰਤਰ ਨੁਮਾਂ ਰਟਨ ਅਤੇ ਰਸਮੀਂ ਪੂਜਾ ਅਰਚਨਾਂ ਹੀ ਪ੍ਰਮੁੱਖ ਬਣਾ ਦਿੱਤੀ । ਅਣਜਾਣ ਅਤੇ ਸ਼ਰਧਾਲੂ ਸਿੱਖ ਗੁਰ ਗਿਆਨ ਤੋਂ ਸੱਖਣੇ ਰਹਿ ਪਦਾਰਥਕ ਸੁੱਖਾਂ ਦੀਆਂ ਮਨੋਕਲਪਿਤ ਇਛਾਵਾਂ ਦੀ ਪੂਰਤੀ ਲਈ ਕਰਮਕਾਂਢਾਂ ਨਾਲ ਹੀ ਜੁੜਦੇ ਚਲੇ ਗਏ । ਹੌਲੀ ਹੌਲੀ ਸਿੱਖਾਂ ਨੂੰ ਗੁਰੂ ਦੇ ਗਿਆਨ ਤੋਂ ਸੱਖਣੇ ਕਰ ,ਬਿਨਾ ਕੰਮ ਕੀਤਿਆਂ ਹੀ ਧਨ ਪਦਾਰਥਾਂ ਤੇ ਸਦਾ ਲਈ ਆਪਣੇ ਕੋੜਮੇ ਦੀ ਪਕੜ ਲਈ, ਪੁਜਾਰੀਆਂ ਦਾ ਇੱਕ ਅਦਾਰਾ ਹੀ ਸਿਰਜ ਪੁਜਾਰੀ ਤੋਂ ਮਹਾਂਪੁਜਾਰੀ ਬਣ, ਰਾਜਸੀ ਨੇਤਾਵਾਂ ਨਾਲ ਗੱਠ ਜੋੜ ਕਰ, ਸਿੱਖਾਂ ਦੀ ਅਣਕਿਆਸੀ ਕਿਸਮਤ ਦਾ ਮਾਲਕ ਬਣ ਬੈਠਾ ।
ਸਿੱਖਾਂ ਵਿੱਚ ਹਰ ਤਰਾਂ ਦੀ ਬਿਪਰਨ ਕੀ ਰੀਤ ਨੂੰ ਸ਼ੁਰੂ ਕਰਾ, ਉਹਨਾਂ ਦੀ ਪੂਰਤੀ ਲਈ ਹੌਲੀ ਹੌਲੀ ਪੁਜਾਰੀਆਂ ਦੀ ਇੱਕ ਬਹੁਤ ਵੱਡੀ ਫੋਜ ਖੜੀ ਕਰ ਦਿੱਤੀ । ਸਿੱਖ ਕੌਮ ਸ਼ਰਧਾ ਵਸ ਧਰਮ ਦਾ ਪਰਚਾਰ ਸਮਝ ਗੁਰਦਵਾਰੇ ਬਣਾਉਂਦੀ ਗਈ ਅਤੇ ਪੁਜਾਰੀ ਇਹਨਾਂ ਤੇ ਕਾਬਜ ਹੁੰਦੇ ਗਏ । ਅਵੇਸਲੀ ਕੀਤੀ ਸਿੱਖ ਕੌਮ ਆਪਣੇ ਗੁਰਦਵਾਰਿਆਂ ਦਾ ਪਰਬੰਧ ਵੀ ਸੰਗਤੀ ਰੂਪ ਵਿੱਚ ਆਪਣੇ ਹੱਥਾਂ ਨਾਲ ਆਪ ਕਰਨ ਦੀ ਥਾਂ ਭਾੜੇ ਦੇ ਪੁਜਾਰੀਆਂ ਕੋਲੋਂ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਦੀ ਗਈ । ਗਿਆਨ ਦਾ ਤੱਤ ਮੁਕਾਅ ਕੇਵਲ ਅੰਨੀ ਸ਼ਰਧਾ ਨਾਲ ਸਿੱਖੀ ਦਾ ਦਾਅਵਾ ਕਰਨ ਵਾਲਾ ਸਿੱਖ ਵਹਿਮਾਂ-ਭਰਮਾਂ ਵਿੱਚ ਫਸ ਕੇ ਸ਼ਬਦ ਦੀ ਵਿਚਾਰ ਨੂੰ ਭੁੱਲ ਕੇਵਲ ਪੂਜਣ ਵਾਲੇ ਆਕਾਰ ਨਾਲ ਹੀ ਜੁੜਦਾ ਗਿਆ । ਸਿੱਖ ਕੌਮ ਵਿੱਚ ਗੁਰ ਗਿਆਨ ਦੁਆਰਾ ਆਉਣ ਵਾਲੀ ਜਾਗਰਤੀ ਨੂੰ ਚਿਰ ਸਥਾਈ ਰੋਕਣ ਲਈ ਹਰ ਰੋਜ ਗੁਰੂ ਦੇ ਗਿਆਨ ਦੀ ਵਿਚਾਰ ਨੂੰ ਨਿੱਤਨੇਮ ਬਣਾਉਣ ਦੀ ਥਾਂ, ਕੇਵਲ ਪੂਜਾ ਕਰਨੀ ਅਤੇ ਭੋਗ ਪਾਉਣੇ ਹੀ ਨਿੱਤਨੇਮ ਬਣਾ ਦਿੱਤੇ ਗਏ । ਕੀਤੇ ਕਰਾਏ ਵੱਖ ਵੱਖ ਤਰਾਂ ਦੇ ਕਰਮਕਾਂਢੀ ਪਾਠਾਂ ਦੇ ਵੱਖ ਵੱਖ ਫਲਾਂ ਦੀਆਂ ਝੂਠੀਆਂ ਊਮੀਦਾਂ ਨਾਲ ਪਰਚ ਰਿਹਾ ਸਿੱਖ ਆਪਣੀ ਅਗਿਆਨਤਾ ਕਾਰਣ ਬੇ-ਵਸ ਬਣਦਾ ਰਿਹਾ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ(ਪੰਨਾ 1377)
ਸਮੇ ਦੇ ਤੁਰਨ ਨਾਲ ਜਿਵੇਂ ਜਿਵੇਂ ਦੁਨੀਆਂ ਗਿਆਨ ਅਤੇ ਸੰਚਾਰ ਦੇ ਨਵੇਂ ਤੋਂ ਨਵੇਂ ਸਾਧਨਾਂ ਨਾਲ ਜੁੜਦੀ ਗਈ ,ਤਿਵੇਂ ਤਿਵੇਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਨੇ ਦੁਨੀਆਂ ਦੇ ਹਰ ਖੂੰਜੇ ਵਿੱਚ ਬੈਠੇ ਗੁਰਮਤਿ ਦੇ ਜਗਿਆਸੂਆਂ ਦੀਆਂ ਅੱਖਾਂ ਖੋਲਣੀਆਂ ਸ਼ੁਰੂ ਕੀਤੀਆਂ । ਦੁਨੀਆਂ ਨੂੰ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਵਾਲੇ ਇੱਕ(੧)ਦੇ ਫਲਸਫੇ ਦੀ ਸਮਝ ਪੈਣ ਲੱਗੀ । ਕੁਦਰਤ ਦੇ ਅਟੱਲ ਨਿਯਮਾਂ ਵਿੱਚ ਹੀ ਅਕਾਲ ਪੁਰਖ ਕਰਤੇ ਦੇ ਰੱਬੀ ਹੁਕਮ ਸਮਝ ਆਉਣ ਲੱਗੇ । ਕੁਦਰਤ ਦੇ ਨਿਯਮਾਂ ਵਰੁੱਧ ਜਾਣਾ ਰੱਬੀ ਅਵੱਗਿਆ ਜਾਪਣ ਲੱਗਾ । ਗੁਰਮਤਿ ਵਿਗਿਆਨ ਦੀ ਵਿਰੋਧਤਾ ਕਰਨ ਦੀ ਥਾਂ ,ਵਿਗਿਆਨ ਨੂੰ ਸਰਬੱਤ ਦੇ ਭਲੇ ਦੇ ਸੰਦੇਸ਼ ਦਿੰਦੀ ਸਮਝ ਆਉਣ ਲੱਗੀ । ਗੁਰੂ ਦੇ ਉਪਦੇਸ਼ ਭੋਗ ਪਾਉਣ ਲਈ ਨਹੀਂ, ਸਗੋਂ ਸਮਝ-ਵਿਚਾਰ ਰਾਹੀਂ ਜਿੰਦਗੀ ਸਵਾਰਨ ਦਾ ਫਲਸਫਾ ਜਾਪਣ ਲੱਗੇ । ਦੁਨੀਆਂ ਨੂੰ ਸਮਝ ਆਉਣ ਲੱਗੀ ਕਿ ਰੱਬ ਕਿਸੇ ਖਾਸ ਸਥਾਨ ਤੇ ਦੇਖਣ ਜਾਂ ਕਿਸੇ ਵਿਧੀ ਨਾਲ ਪਰਾਪਤ ਕਰਨ ਦੀ ਚੀਜ ਨਹੀਂ ਸਗੋਂ ਆਪਣੇ ਆਪ ਅਤੇ ਸੰਸਾਰ ਦੇ ਹਰ ਕੋਨੇ ਵਿੱਚ ਹੀ ਲਗਾਤਾਰ ਮਹਿਸੂਸ ਕਰਨ ਦਾ ਗੁਰਪ੍ਰਸਾਦੀ ਸੰਕਲਪ ਹੈ । ਬ੍ਰਾਹਮਣਬਾਦ ਦੇ, ਗੁਰਮਤਿ ਵਿਚਾਰਧਾਰਾ ਦੇ ਸਪੱਸ਼ਟ ਹੋਣ ਤੋਂ ਰੋਕਣ ਲਈ ਮੜ੍ਹੇ ਗਏ ਵੈਦਿਕ ਅਤੇ ਪੁਰਾਣਿਕ ਅਰਥ, ਆਪਣਾ ਝੂਠਾ ਅਸਰ ਗੁਆਉਣ ਲੱਗੇ । ਦੇਖਦੇ ਦੇਖਦੇ ਭੂਤ, ਪਰੇਤ, ਯਮਰਾਜ ,ਧਰਮਰਾਜ, ਚਿਤਰ-ਗੁਪਤ, ਆਵਾਗਵਣ , ਨਰਕ-ਸੁਰਗ, ਬੈਕੁੰਠ ਆਦਿ ਸ਼ਬਦ ਆਪਣੀਆਂ ਪ੍ਰਾਚੀਨ ਪਰਿਭਾਸ਼ਾਵਾਂ ਨਾਲ ਅਲੋਪ ਹੋਣ ਲੱਗੇ । ਦੁਨੀਆਂ ਇਸ ਗੁਰਮਤਿ ਦੇ ਅਦੁੱਤੀ ਗਿਆਨ ਨੂੰ ਹਰ ਸਮੇ,ਹਰ ਜਗਹ ਅਤੇ ਹਰ ਖੇਤਰ ਦੀ ਹਰ ਤਰਾਂ ਅਗਵਾਈ ਕਰਨ ਦੇ ਸੰਪੂਰਨ ਸਮਰੱਥ ਸਮਝਣ ਲੱਗੀ । ਸਾਹਿਬ ਮੇਰਾ ਨੀਤ ਨਵਾਂ ਦੇ ਅਰਥ ਉਜਾਗਰ ਹੋਣ ਲੱਗੇ । ਸਿੱਖ ਸਾਰੀ ਦੁਨੀਆਂ ਵਿੱਚ ਫੈਲ ਕਿਰਤ ਦੀ ਦੁਨੀਆਂ ਵਿੱਚ ਝੰਡੇ ਗੱਡਣ ਲੱਗੇ । ਪੂਰੀ ਦੁਨੀਆਂ ਵਿੱਚ ਜਾਗਰੂਕ ਹੋ ਰਹੇ ਸਿੱਖਾਂ ਅੱਗੇ, ਬਣ ਚੁੱਕੀ ਸਥਿੱਤੀ ਨੂੰ ਸਮਝ, ਇਹ ਸਵਾਲ ਆਉਣ ਲੱਗੇ ਕਿ ਇਸ ਮਨੁੱਖਤਾ ਦਾ ਖੂਨ ਪੀਣੇ ਪੁਜਾਰੀਬਾਦ ਨੁਮਾ ਬ੍ਰਾਹਮਣਬਾਦ ਨਾਮੀ ਅਜਗਰ ਤੋਂ ਕਿਰਤੀ ਸਿੱਖਾਂ ਨੂੰ ਕਿਵੇਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ ?
ਦੇਖੋ ਭਾਈ ਗ੍ਹਿਆਨਕੀ ਆਈ ਆਂਧੀ
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨਾ ਮਾਇਆ ਬਾਂਧੀ(ਪੰਨਾ 331)
ਭਾਵੇਂ ਦੁਨੀਆਂ ਜਾਣ ਗਈ ਹੈ ਕਿ ਇਹ ਅਜਗਰ, ਲੋਕਾਂ ਦੇ ਜਾਗਣ ਦਾ ਖਤਰਾ ਭਾਂਪ ਰਾਜਸੀ ਲੋਕਾਂ ਕੋਲ ਕਿਵੇਂ ਜਾ ਸ਼ਰਣ ਲੈਂਦਾ ਹੈ, ਜੋ ਇਸ ਰਾਹੀਂ ਡੰਗੀ ਦੁਨੀਆਂ ਨੂੰ ਅਸਾਨੀ ਨਾਲ ਕਾਬੂ ਕਰ, ਫ਼ਤਵਿਆਂ ਦੀ ਘੁੰਮਣਘੇਰੀ ਵਿੱਚ ਫਸਾ, ਅਕਸਰ ਹੀ ਆਪਣਾ ਉੱਲੂ ਸਿੱਧਾ ਕਰਨ ਲਈ ਬ੍ਰਾਹਮਣੀ ਚੱਕਰਵਿਊ ਬਣਾ ਜਾ ਘੇਰਦੇ ਹਨ, ਪਰ ਬਾਬੇ ਨਾਨਕ ਦੇ ਗਿਆਨ ਦੀ ਹਨੇਰੀ ਵਿੱਚ ਇਨਾਂ ਬਲ ਹੈ ਕਿ, ਦੇਰ ਸਵੇਰ ਜਦੋਂ ਇਹ ਹਨੇਰੀ ਵੱਡਾ ਤੁਫਾਨ ਬਣ ਗਈ, ਤਾਂ ਬੇਗਮਪੁਰੇ ਦੇ ਰਸਤੇ ਦੀ ਹਰ ਰੋਕ ਨੂੰ ਹੀ ਆਪਣੇ ਨਾਲ ਉਡਾ ਸਕਣ ਸਮਰੱਥ ਰਫਤਾਰ ਦੀ ਹੀ ਤਵੱਕੋਂ ਕਰਨੀ ਜਾਇਜ ਹੋਵੇਗੀ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com408-209-7072

Friday, January 27, 2012

ਪਰਚਾਰ ਦੌਰਾ


ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਪੰਜਾਬ ਵਿਖੇ ਕੁੱਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਦੀ ਵਿਥਿਆ
ਸਭ ਤੋਂ ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤ ਮਸਤਕ ਹੋਏ ਅਤੇ ਪ੍ਰਕਰਮਾਂ ਵਿਖੇ ਜੋ ਸ਼ਰਧਾਲੂ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ, ਨੂੰ ਹਰਸਿਮਰਤ ਕੌਰ ਖਾਲਸਾ ਨੇ “ਪੂਜਾ ਅਕਾਲ ਕੀ” ਦਾ ਸਿਧਾਂਤ ਦਰਸਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਕੇਂਦਰੀ ਅਸਥਾਂਨ ਵਿਖੇ ਪ੍ਰਬੰਧਕ ਇਤਨੇ ਨਿਕੰਮੇ ਹਨ ਕਿ ਸ੍ਰਧਾਲੂਆਂ ਨੂੰ ਗੁਰਮਤਿ ਬਾਰੇ ਗਾਈਡ ਨਹੀਂ ਕਰ ਰਹੇ ਸਗੋਂ ਸੂਚਨਾਂ ਦਫਤਰ ਵਿਖੇ ਵੀ ਅਣਹੋਣੀਆਂ ਕਰਾਮਾਤਾਂ ਦੀ ਸਿਖਿਆ ਦਿੱਤੀ ਜਾ ਰਹੀ ਹੈ। ਫਿਰ ਼ਲਿਖਾਰੀ ਅਤੇ ਪ੍ਰਚਾਰਕ, ਬੀਬੀ ਰਾਜਵਿੰਦਰ ਕੌਰ ਦੇ ਸੱਦੇ ਤੇ ਛਿਹਰਟਾ ਸਾਹਿਬ ਪਹੁੰਚੇ ਸਥਾਨਕ ਗੁਰਦੁਆਰੇ ਵਿੱਚ ਕਥਾ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਂਨ ਛਿਹਰਟਾ ਵਿਖੇ ਜਿੱਥੇ ਗੁਰੂ ਜੀ ਨੇ ਪਾਣੀ ਦੀ ਘਾਟ ਨੂੰ ਮੁੱਖ ਰੱਖ ਕੇ ਛੇ ਹਰਟਾ ਖੂਹ ਲਵਾਇਆ ਸੀ। ਇਹ ਗੁਰਦੁਆਰਾ ਹੁਣ ਸ੍ਰੋਮਣੀ ਕਮੇਟੀ ਪ੍ਰਬੰਧ ਹੇਠ ਹੈ ਵਿਖੇ ਕੀ ਦੇਖਿਆ ਓਥੇ ਬੋਰਡਾਂ ਤੇ ਲਿਖ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਮਾਈ ਇੱਥੇ ਐਨੀਆਂ ਮਸਿਆ ਨਾਵੇਗੀ ਪੁਤਰਾਂ ਦੀਆਂ ਦਾਤਾਂ ਪਾਵੇਗੀ ਜੋ ਇਤਿਹਾਸ ਨਾਲ ਬੇ ਇਨਸਾਫੀ ਹੈ।
ਜ਼ਲੰਧਰ ਦੇ ਕਾਕੀ ਪਿੰਡ ਅਤੇ ਬਿੰਦਰਖ ਵਿਖੇ ਕ੍ਰਮਵਾਰ 5 ਅਤੇ 9 ਦਸੰਬਰ ਨੂੰ ਹਰਸਿਮਰਤ ਕੌਰ ਖਾਲਸਾ ਨੇ ਦੋ ਅਨੰਦ ਕਾਰਜ ਕਰਵਾ ਕੇ ਬੀਬੀਆਂ ਨੂੰ ਹਲੂਣਾਂ ਦਿੱਤਾ ਕਿ ਤੁਸੀਂ ਵੀ ਧਰਮ ਕਰਮ ਵਿੱਚ ਬਰਾਬਰ ਸੇਵਾ ਕਰ ਸਕਦੀਆਂ ਹੋ। ਪ੍ਰਸਿੱਧ ਗਵੱਈਏ ਬਿੰਦਰੱਖੀਏ ਦੇ ਇਤਿਹਾਸਕ ਪਿੰਡ, ਜਿੱਥੇ ਦਸਮੇਸ਼ ਜੀ ਨੇ ਚਰਨ ਪਾਏ ਅਤੇ ਓਥੋਂ ਦੇ ਸਾਧ ਨੂੰ ਧਰਮ ਕਰਮ ਦੀ ਸਿਖਿਆ ਦਿੱਤੀ। ਓਥੇ ਹੁਣ ਆਲੀਸ਼ਾਨ ਗੁਰਦੁਆਰਾ ਹੈ ਅਤੇ ਹਰ ਐਤਵਾਰ ਨੂੰ ਭਾਰੀ ਦਿਵਾਨ ਲਗਦੇ ਹਨ। ਪ੍ਰਬੰਧਕਾਂ ਦੇ ਸੱਦੇ ਤੇ ਸਾਨੂੰ ਪੂਰੇ ਦਾ ਪੂਰਾ ਦਿਵਾਨ ਪ੍ਰਚਾਰ ਲਈ ਦੇ ਦਿੱਤਾ ਪਰ ਇੱਥੇ ਵੀ ਥਾਂ ਥਾਂ ਤੇ ਮੱਟੀਆਂ, ਸਮਾਧਾਂ ਅਤੇ ਰੁੱਖਾਂ ਨੂੰ ਮੱਥੇ ਟੇਕੇ ਅਤੇ ਇੱਕੇ ਥਾ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ। ਪ੍ਰਚਾਰਕ ਮਾਇਆ ਦੀ ਖਾਤਰ ਮਨਘੜਤ ਅਤੇ ਮਿਥਿਹਾਸਕ ਕਹਾਣੀਆਂ ਸੁਣਾ ਕੇ ਅਗਿਆਨੀ ਲੋਕਾਂ ਦੀ ਸ਼ਰਧਾ ਦਾ ਨਾਜਾਇਜ ਫਾਇਦਾ ਉਠਾਂਦੇ ਹਨ। ਅਸਾਂ ਕੀਰਤਨ ਕਥਾ ਕਰਦੇ ਗੁਰਮਤਿ ਅਨੁਸਾਰ ਇੰਨ੍ਹਾਂ ਸਾਰੀਆਂ ਮਨਮੱਤਾਂ ਦੀ ਖੋਲ੍ਹ ਕੇ ਵਿਆਖਿਆ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹ, ਵਿਚਾਰ ਅਤੇ ਧਾਰ ਕੇ ਅਮਲੀ ਜੀਵਨ ਜੀਨ ਦਾ ਉਪਦੇਸ਼ ਦਿੱਤਾ, ਪ੍ਰਬੰਧਕ ਅਤੇ ਸੰਗਤਾਂ ਇਤਨੀਆਂ ਪ੍ਰਭਾਵਤ ਹੋਈਆਂ ਕਿ ਅੱਗੇ ਤੋਂ ਇੱਕ ਮਹੀਨਾ ਲਗਾਤਾਰ ਪ੍ਰਚਾਰ ਕਰਨ ਲਈ ਬੇਨਤੀ ਕੀਤੀ।
ਅਗਲੇ ਦਿਨ ਭਾਈ ਬਲਵਿੰਦਰ ਸਿੰਘ ਰਾਗੀ ਜੋ ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਜੀ ਦੇ ਪ੍ਰਧਾਨ ਵੀ ਹਨ, ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਦੇ ਪੋਤਰੇ ਦੇ ਜਨਮ ਦਿਨ ਤੇ ਕਥਾ ਪ੍ਰਚਾਰ ਕੀਤਾ, ਜਿਸ ਤੋਂ ਪ੍ਰਭਾਵਤ ਹੋ ਕੇ ਰਾਮਾਮੰਡੀ-ਜਲੰਧਰ ਦੇ ਅਖੰਡ ਕੀਰਤਨੀ ਜਥੇ ਅਤੇ ਗੁਰਦੁਆਰੇ ਦੇ ਪ੍ਰਧਾਨ, ਭਾਈ ਵਰਿੰਦਰ ਸਿੰਘ ਜੀ ਨੇ ਸਥਾਨਕ ਗੁਰਦੁਆਰੇ ਵਿਖੇ ਕਥਾ ਕੀਰਤਨ ਕਰਨ ਦਾ ਸੱਦਾ ਦੇ ਦਿੱਤਾ। ਜਦ ਅਸੀਂ ਗੁਰਬਾਣੀ ਕੀਰਤਨ ਕਥਾ ਰਾਹੀਂ ਗੁਰਮਤਿ ਦਾ ਨਿਰੋਲ ਪ੍ਰਚਾਰ ਕੀਤਾ ਅਤੇ ਹਰਸਿਮਰਤ ਕੌਰ ਨੇ ਬੀਬੀਆਂ ਦੇ ਬਾਰਬਰ ਦੇ ਹੱਕਾਂ ਦੀ ਗੱਲ ਕੀਤੀ ਤਾਂ ਸੰਗਤ ਨੇ ਜੈਕਾਰੇ ਬੁਲਾ ਕੇ ਹਾਮੀ ਭਰੀ ਅਤੇ ਸਟੇਜ ਸੈਕਟਰੀ ਨੇ ਸਿਰੋਪੇ ਨਾਲ ਸਾਡਾ ਸਨਮਾਨ ਕਰਦੇ ਹੋਏ ਜਿੱਥੇ ਦੁਬਾਰਾ ਆਉਣ ਲਈ ਕਿਹਾ ਓਥੇ ਬੀਬੀਆਂ ਦੇ ਹੱਕਾਂ ਦੀ ਪ੍ਰੋੜਤਾ ਵੀ ਕੀਤੀ। ਇਸ ਨਾਲ ਇਹ ਸ਼ੰਕਾ ਵੀ ਦੂਰ ਹੋ ਗਿਆ ਕਿ ਅਖੰਡ ਕੀਰਤਨੀ ਜਥੇ ਵਾਲੇ ਦਿਵਾਨ ਵਿੱਚ ਕਥਾ ਨਹੀਂ ਪਸੰਦ ਕਰਦੇ।
ਇਸ ਤੋਂ ਬਾਅਦ ਅਸੀਂ ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ ਨਾਲ ਕੀਤੇ ਵਾਅਦੇ ਅਨੁਸਾਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਪਹੁੰਚ ਗਏ, ਜਿੱਥੇ ਅਸੀਂ ਗੁਰਮਤਿ ਪ੍ਰਚਾਰ ਸਿਖਲਾਈ ਦਾ ਅਨੰਦ ਮਾਣਿਆਂ ਓਥੇ ਵੱਖ-2 ਗੁਰੂ ਘਰਾਂ ਵਿਖੇ ਕੀਰਤਨ ਪ੍ਰਚਾਰ ਵੀ ਕੀਤਾ ਅਤੇ ਕਾਲਜ ਦੇ ਹਫਤਵਾਰੀ ਵਿਸ਼ੇਸ਼ ਪ੍ਰੋਗਰਾਮ ਜੋ ਵੀਰ ਇੰਦਰਜੀਤ ਸਿੰਘ ਰਾਣਾ ਚੇਅਰਮੈਨ ਦੇ ਉਦਮ ਸਦਕਾ ਘਰੋ ਘਰ ਚਲਾਏ ਜਾ ਰਹੇ ਹਨ ਵਿਖੇ ਵੀ ਹਾਜਰੀ ਭਰੀ ਅਤੇ ਕਾਲਜ ਵੱਲੋਂ ਸਾਨੂੰ ਸਨਮਾਨਤ ਕੀਤਾ ਗਿਆ। ਇੱਥੇ ਰਹਿੰਦਿਆਂ ਹੀ ਦਾਸ ਨੇ ਪਾਠਕਾਂ ਦੀ ਮੰਗ ਤੇ ਉਹ ਲੇਖ ਜੋ ਗੁਰਮਤਿ ਦੀ ਰੌਸ਼ਨੀ ਵਿੱਚ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਬਖੀਏ ਉਧੇੜਦੇ ਹੋਏ, ਸੁਕਰਮ ਕਰਨ ਅਤੇ ਗੁਰਬਾਣੀ ਵਿਚਾਰ ਕੇ ਜੀਵਨ ਵਿੱਚ ਧਾਰਨ ਦਾ ਉਪਦੇਸ਼ ਦਿੰਦੇ ਹਨ, ਨੂੰ ਕਿਤਾਬੀ ਰੂਪ ਦਿੱਤਾ। ਜੋ ਹੁਣ “ਕਰਮ ਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਦੇ ਟਾਈਟਲ ਥੱਲੇ ਛਪ ਚੁੱਕੇ ਹਨ। ਆਪ ਜੀ ਦਾਸ ਨਾਲ ਇਨ੍ਹਾਂ ਨੰਬਰਾਂ 510-432-5827 (ਅਮਰੀਕਾ) 750-820-7341 (ਭਾਰਤ) ਤੇ ਸੰਪ੍ਰਕ ਕਰਕੇ, ਪ੍ਰਾਪਤ ਕਰ ਸਕਦੇ ਹੋ।
ਫਿਰ ਕਾਲਜ ਦੇ ਮੋਡੀ ਮਿਸ਼ਨਰੀਆਂ ਚੋ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਜੋ ਦਾਸ ਨੂੰ 20 ਸਾਲ ਬਾਅਦ ਮਿਲੇ, ਜਿੱਥੇ ਇਨ੍ਹਾਂ ਨੇ ਪੁਸਤਕ ਛਪਾਉਣ ਵਿੱਚ ਬਹੁਤ ਮਦਦ ਕੀਤੀ ਓਥੇ ਵੱਖ-2 ਥਾਵਾਂ ਤੇ ਸਾਡੇ ਧਾਰਮਿਕ ਪ੍ਰੋਗ੍ਰਾਮ ਵੀ ਬੁੱਕ ਕੀਤੇ, ਉਨ੍ਹਾਂ ਚੋਂ ਹੀ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ-1 ਜਲੰਧਰ ਜਿੱਥੇ ਦਾਸ ਦੇ ਕਲਾਸ ਫੈਲੋ, ਭਾ. ਇਕਬਾਲ ਸਿੰਘ ਮਿਸ਼ਨਰੀ ਮੁੱਖ ਗ੍ਰੰਥੀ ਕਥਾਵਾਚਕ ਦੀ ਸੇਵਾ ਕਰ ਰਹੇ ਹਨ ਅਤੇ ਸ੍ਰ. ਨਰਿੰਦਰਪਾਲ ਸਿੰਘ ਦੇ ਵੱਡੇ ਭਰਾਤਾ ਇੱਥੇ ਕਮੇਟੀ ਮੈਂਬਰ ਵੀ ਹਨ, ਵਿਖੇ ਵੀ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਾਨੂੰ ਧਰਮ ਪ੍ਰਚਾਰ ਦਾ ਮੌਕਾ ਦਿੱਤਾ। ਇੱਥੇ ਵੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਭਰੀ ਸੰਗਤ ਵਿੱਚ ਹੁਕਮਨਾਮਾਂ ਲਿਆ ਜੋ ਇਸ ਗੁਰਦੁਆਰੇ ਵਿਖੇ ਕਿਸੇ ਬੀਬੀ ਦਾ ਪਹਿਲਾ ਮੌਕਾ ਸੀ।
ਡਾ. ਗੁਰਮੀਤ ਸਿੰਘ ਬਰਸਾਲ ਜੋ ਸਾਡੀ ਧਰਮ ਪ੍ਰਚਾਰ ਟੀਮ ਦੇ ਸਿਰ ਕੱਢਵੇਂ ਮੈਂਬਰ ਹਨ ਅਤੇ ਅਮਰੀਕਾ ਵਿਖੇ ਸਾਡੇ ਬਹੁਤ ਨੇੜੇ ਰਹਿੰਦੇ ਹਨ, ਜੋ ਉਸ ਵੇਲੇ ਪੰਜਾਬ ਵਿਖੇ ਸਨ, ਨੇ ਆਪਣੇ ਪਿੰਡ ਬਰਸਾਲ ਵਿਖੇ ਗੁਰਮਤਿ ਦੀ ਰੈਗੂਲਰ ਕਲਾਸ ਦਾ ਉਦਘਾਟਨ ਕਰਨ ਵਾਸਤੇ ਸਾਨੂੰ ਵਿਸ਼ੇਸ਼ ਤੌਰ ਤੇ ਮਾਨ ਨਾਲ ਬੁਲਾਇਆ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸੁਭਾ ਤੇ ਸ਼ਾਮ ਕੀਰਤਨ ਕਥਾ ਦਾ ਖੁੱਲ੍ਹਾ ਸਮਾਂ ਦਿੱਤਾ। ਅਸੀਂ ਗੁਰਮਤਿ ਸਿਖਲਾਈ ਦੀ ਮਹਾਂਨਤਾ ਤੇ ਵਖਿਆਣ ਕਰਦੇ ਹੋਏ ਕਿਹਾ ਕਿ ਜਿੱਥੇ ਸਿੱਖ ਜਗਤ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਓਥੇ ਅਜੋਕੇ ਭੇਖੀ ਬਾਬੇ ਸਾਡੇ ਵਡੇਰੇ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਲਾਸਾਨੀ ਯਾਦਗਾਰਾਂ ਨੂੰ ਢਾਹ ਕੇ ਮਲੀਆਮੇਟ ਕਰੀ ਜਾ ਰਹੇ ਹਨ। ਇੱਥੇ ਵੀ ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਵਿਸ਼ੇਸ਼ ਖਿਚ ਦਾ ਕਾਰਣ ਬਣੀ, ਲੋਕ ਠੰਡ ਵਿੱਚ ਵੀ ਭਾਰੀ ਗਿਣਤੀ ਵਿੱਚ ਪਹੁੰਚੇ। ਦਿਵਾਨ ਤੋਂ ਬਾਅਦ ਬਰਸਾਲ ਅਤੇ ਆਲੇ ਦੁਆਲੇ ਦੇ ਕੁੱਝ ਪਿੰਡਾਂ ਦੇ ਸੱਜਨਾਂ ਨੇ ਵਿਚਾਰ ਵਿਟਾਂਦਰਾ ਕਰਕੇ, ਇਸੇ ਹੀ ਪਿੰਡ ਦੇ ਪੜ੍ਹੇ-ਲਿਖੇ ਨੌ ਜਵਾਨ ਭਾਈ ਮਨਦੀਪ ਸਿੰਘ ਨੂੰ ਗੁਰਮਤਿ ਕਲਾਸਾਂ ਦਾ ਮੁਖ ਅਧਿਆਪਕ ਅਤੇ ਪ੍ਰਚਾਰਕ ਥਾਪਿਆ, ਇਹ ਸਾਰਾ ਉਪਰਾਲਾ ਡਾ. ਗੁਰਮੀਤ ਸਿੰਘ ਬਰਸਾਲ ਅਤੇ ਇੱਥੋਂ ਦੇ ਗੁਰਦੁਆਰਾ ਪ੍ਰਧਾਨ ਸ੍ਰ. ਗੁਰਮੀਤ ਸਿੰਘ ਦਾ ਸੀ, ਜਿਸ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਇਸੇ ਦੌਰਾਨ ਡਾ. ਸਾਹਿਬ ਸਾਨੂੰ ਮਹਿਤੇਆਣੇ ਅਸਥਾਨ ਦੇ ਸਚਿੱਤਰ ਦਿਖਾਉਣ ਲਈ ਲੈ ਗਏ, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਯਾਤਰੂਆਂ ਲਈ ਖਿਚ ਦਾ ਕਾਰਨ ਹਨ ਪਰ ਜਦ ਹਰਸਿਮਰਤ ਕੌਰ ਖਾਲਸਾ ਸਮੇਤ ਅਸੀਂ ਗੁਰਦੁਆਰੇ ਅੰਦਰ ਮੱਥਾ ਟੇਕਿਆ, ਤਾਂ ਕੀ ਦੇਖਿਆ ਕਿ ਇੱਕੋ ਥਾਂ ਤੇ ਕਈ ਪਾਠ ਰੱਖੇ ਹਨ ਅਤੇ ਪਾਠੀ ਮੂੰਹ ਸਿਰ ਵਲੇਟ ਕੇ ਚੁਪੀਤਾ ਪਾਠ ਕਰ ਰਹੇ ਹਨ। ਹਰਸਿਮਰਤ ਕੌਰ ਨੇ ਜਦ ਬਾਹਰ ਬੈਠੇ ਸੱਜਨ ਜੋ ਰਸੀਦਾਂ ਕੱਟ ਰਹੇ ਸਨ, ਨੂੰ ਕੁੱਝ ਪਲ ਅੰਦਰ ਰੱਖੇ ਪਾਠਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਓਨ੍ਹਾਂ ਕਿਹਾ ਬੀਬੀਆਂ ਇੱਥੇ ਪਾਠ ਨਹੀਂ ਕਰ ਸਕਦੀਆਂ, ਤਾਂ ਹਰਸਿਮਰਤ ਕੌਰ ਨੇ ਬੜੇ ਵਿਅੰਗ ਨਾਲ ਕਿਹਾ ਕਿ ਜੇ ਅੰਦਰ ਬੁਰਕਾਧਾਰੀ ਪਾਠ ਕਰ ਸਕਦੇ ਹਨ, ਜੋ ਬੋਲਦੇ ਵੀ ਨਹੀਂ, ਤਾਂ ਮੈਂ ਕਿਉਂ ਨਹੀਂ ਕਰ ਸਕਦੀ? ਤਾਂ ਉਹ ਸੱਜਨ ਨਿਰੁੱਤਰ ਜਿਹੇ ਹੋ ਕੇ ਚੁਪ ਕਰ ਗਏ।
ਇਸ ਤੋਂ ਬਾਅਦ ਅਸੀਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਗਏ, ਜਿਥੋਂ ਦਾਸ ਨੇ ਗੁਰਮਤਿ ਸਿਖਿਆ ਪ੍ਰਾਪਤ ਕੀਤੀ ਹੈ, ਕਾਲਜ ਵਿਖੇ ਉਸ ਸਮੇਂ ਪ੍ਰੋਫੇਸਰ ਮਨਿੰਦਰਪਾਲ ਸਿੰਘ ਅਤੇ ਸਾਥੀ ਅਧਿਆਪਕ ਹਾਜਰ ਸਨ ਜੋ ਸਾਨੂੰ ਕਲਾਸ ਵਿੱਚ ਲੈ ਗਏ। ਜਿਥੇ ਅਸੀਂ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਾਰੇ ਦੱਸਿਆ ਉਥੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿਤੇ। ਇਥੇ ਅਸੀਂ ਬੜੇ ਮਾਣ ਨਾਲ ਦਾਸ ਵਲੋਂ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕਾਲਜ ਨੂੰ ਸੌਂਪਦੇ ਹੋਏ ਬੜਾ ਮਾਨ ਮਹਿਸੂਸ ਕੀਤਾ।
ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਲੇਖਕ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੋ ਸਾਡੇ ਪਰਮ ਮਿੱਤਰ ਹਨ, ਦੇ ਵਿਸ਼ੇਸ਼ ਸੱਦੇ ਤੇ ਭਾ. ਹਰਜੀਤ ਸਿੰਘ ਅਤੇ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨਵਾਂ ਸ਼ਹਿਰ ਵਿਖੇ, ਸੰਗਤਾਂ ਦੇ ਦਰਸ਼ਨ ਕਰਦੇ, ਕਥਾ ਵਖਿਆਨ ਕੀਤੇ। ਇੱਥੇ ਜਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਦਰਬਾਰ ਸਾਹਿਬ (ਅਮ੍ਰਿਤਸਰ) ਵਿਖੇ ਬੀਬੀਆਂ ਨੂੰ ਕੀਰਤਨ ਨਾਂ ਕਰਨ ਦੀ, ਆਪਣੀ ਵਿਥਿਆ ਸੁਣਾਈ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਕੀਤਾ, ਤਾਂ ਬੀਬੀਆਂ ਨੇ ਜੋਸ਼ ਵਿੱਚ ਆ ਕੇ ਜੈਕਾਰੇ ਛੱਡੇ ਅਤੇ ਪ੍ਰਸਿਧ ਕਥਾਵਾਚਕ ਭਾ. ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਸਟੇਜ ਤੇ ਪ੍ਰਚਾਰ ਕਰਨ ਦਾ ਸਮਾਂ ਦਿੱਤਾ ਗਿਆ। ਪ੍ਰਬੰਧਕਾਂ ਨੇ ਇੱਕ ਹਫਤਾ ਹੋਰ ਪ੍ਰਚਾਰ ਕਰਨ ਲਈ ਕਿਹਾ ਪਰ ਸਾਡੇ ਕੋਲ ਹੋਰ ਸਮਾਂ ਨਹੀਂ ਸੀ। ਪ੍ਰਬੰਧਕਾਂ ਨੇ ਜਿੱਥੇ ਸਾਡਾ ਵਿਸ਼ੇਸ਼ ਸਨਮਾਨ ਕੀਤਾ ਓਥੇ ਦਾਸ ਵੱਲੋਂ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਅਜੀਤ ਅਖਬਾਰ ਦੇ ਪ੍ਰਸਿੱਧ ਪੱਤ੍ਰਕਾਰ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਰੀਲੀਜ ਕੀਤੀ ਅਤੇ ਸ੍ਰ. ਸ਼ੇਤਰਾਂ ਨੇ ਸਾਡਾ ਇੰਟ੍ਰਵਿਊ ਵੀ ਬੜੀ ਉਤਸੁਕਤਾ ਨਾਲ ਲਿਆ।
ਇਸ ਤੋਂ ਬਾਅਦ ਨਵਾਂ ਸਾਲ, ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਸਾਹਿਬ ਵਿਖੇ ਸੁਖਮਨੀ ਸਾਹਿਬ ਸੋਸਾਇਟੀ ਦੇ ਸ੍ਰ. ਸੁਰਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਕੀਰਤਨ ਵਿਆਖਿਆ ਕਰਦੇ, ਸੰਤ, ਸਾਧ ਅਤੇ ਬ੍ਰਹਮ ਗਿਆਨੀ ਦੇ ਸੰਕਲਪ ਨੂੰ ਕਲੀਅਰ ਕਰਕੇ ਸੁਖਮਨੀ ਦੇ ਪਾਠ ਨਾਲ, ਇੱਕ ਅਸਟਪਦੀ ਦੇ ਅਰਥ ਵਿਚਾਰਣ ਦੀ ਸਿਖਿਆ ਵੀ ਦਿੱਤੀ ਅਤੇ ਹਰਸਿਮਰਤ ਕੌਰ ਨੇ ਹੁਕਮਨਾਮਾ ਵੀ ਲਿਆ, ਜੋ ਸੰਗਤ ਦੀ ਖਿਚ ਦਾ ਕਾਰਣ ਵੀ ਬਣਿਆਂ। ਸਵੇਰੇ ਪਹਿਲੀ ਤਰੀਖ ਨੂੰ ਸ੍ਰ. ਮੋਹਨ ਸਿੰਘ ਦੇ ਨੌਕਰੀ ਤੋ ਰੀਟਾਇਰ ਹੋਣ ਦੀ ਖੁਸ਼ੀ ਵਿੱਚ, ਰੱਖੇ ਪਾਠ ਦੇ ਭੋਗ ਉੱਤੇ, ਸੰਗਤ ਦੀ ਮਹਿਮਾਂ ਤੇ ਵਖਿਆਨ ਕਰਦੇ, ਆਪਣੇ ਲੇਖ ਜੋ ਵੱਖ ਵੱਖ ਅਖਬਾਰਾਂ ਵਿੱਚ ਛਪ ਚੁੱਕੇ ਹਨ, ਦੀ ਛਪੀ ਪੁਸਤਕ ਬਾਰੇ ਵੀ ਦੱਸਿਆ ਤਾਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪੁਸਤਕ ਦੀ ਮੰਗ ਕੀਤੀ।
ਇਸ ਤਰ੍ਹਾਂ ਪੰਜਾਬ ਦਾ ਪ੍ਰਚਾਰਕ ਦੌਰਾ ਪੂਰਾ ਕਰਕੇ, ਅਸੀਂ ਫਰੀਦਾਬਾਦ ਦੀਆਂ ਸਿਖ ਸੰਗਤਾਂ ਦੇ ਪ੍ਰੇਮ ਸਦਕਾ ਓਥੇ ਪਹੁੰਚ ਗਏ ਹਾਂ ਅਤੇ ਕਥਾ ਕੀਰਤਨ ਵਖਿਆਨਾਂ ਵਿੱਚ ਹਾਜਰੀਆਂ ਭਰਾਂਗੇ, ਜਿਸ ਦਾ ਵੇਰਵਾ ਅਗਲੀ ਰਿਪੋਰਟ ਵਿੱਚ ਦਿਤਾ ਜਾਵੇਗਾ।

ਕਿਤਾਬ ਰਲੀਜ



ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾ. ਅਵਤਾਰ ਸਿੰਘ ਮਿਸ਼ਨਰੀ ਦੀ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ੪ ਜਨਵਰੀ ੨੦੧੨ ਨੂੰ ਰੀਲੀਜ ਕੀਤੀ ਗਈ
(ਅਵਤਾਰ ਸਿੰਘ ਮਿਸ਼ਨਰੀ) ਦਾਸ ਨੇ ਮਿਸ਼ਨਰੀ ਕਾਲਜਾਂ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕਰਕੇ ਜਿੱਥੇ ਪੰਜਾਬ ਦੇ ਮਿਸ਼ਨਰੀ ਸਰਕਲਾਂ ਅਤੇ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਕੀਤੀ ਓਥੇ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਸੇ ਸਮੇਂ ਦੌਰਾਨ ਸੈਕਰਾਮੈਂਟੋ ਅਮਰੀਕਾ ਵਿਖੇ ੨੦ ਨਵੰਬਰ ੧੯੯੭ ਨੂੰ ਦਾਸ ਦਾ ਭਿਆਨਕ ਐਕਸੀਡੈਂਟ ਹੋ ਗਿਆ, ਡਾਕਟਰਾਂ ਦੇ ਦੱਸਣ ਮੁਤਾਬਿਕ ਬਚਣ ਦੀ ਆਸ ਨਹੀਂ ਸੀ ਪਰ ਕਰਤਾਰ ਨੇ ਅਜੇ ਹੋਰ ਸੇਵਾ ਲੈਣੀ ਸੀ, ਬਚਾ ਲਿਆ ਅਤੇ ਲੰਬਾ ਸਮਾਂ ਹਸਪਤਾਲ ਵਿੱਚ ਰਹਿਣ ਸਮੇਂ ਦਾਸ ਨੇ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਪਹਿਲੇ ਮਹੀਨੇ ਵਿੱਚ ਇੱਕ ਫਿਰ ਹਰ ਹਫਤੇ ਗੁਰਮਤਿ ਦੇ ਕਿਸੇ ਨਾਂ ਕਿਸੇ ਵਿਸ਼ੇ ਦਾਸ ਗੁਰਮਤਿ ਦੀ ਰੌਸ਼ਨੀ ਵਿੱਚ ਲਿਖਦਾ ਰਿਹਾ ਜੋ ਦੇਸ਼ ਵਿਦੇਸ਼ ਦੀਆਂ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪਦਾ ਰਿਹਾ ਅਤੇ ਹੁਣ ਵੀ ਛਪ ਰਿਹਾ ਹੈ। ਪਿਆਰੇ ਅਤੇ ਕਦਰਦਾਨ ਪਾਠਕਾਂ ਦੇ ਬਾਰ ਬਾਰ ਕਹਿਣ ਤੇ ਦਾਸ ਨੇ ਉਨ੍ਹਾਂ ਲੇਖਾਂ ਚੋਂ ਚੋਣਵੇਂ ਲੇਖਾਂ ਨੂੰ ਭਾਰਤ ਦੀ ਦੂਜੀ ਫੇਰੀ ਸਮੇਂ, ਕਰੀਬ ਇੱਕ ਹਫਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਰਹਿ ਕੇ, ਓਥੋਂ ਦੇ ਸਾਰੇ ਸਟਾਫ ਦੀ ਮਦਦ ਨਾਲ, ਖਾਸ ਕਰ ਵੀਰ ਨਰਿੰਦਰਪਾਲ ਸਿੰਘ ਜੋ ਰੋਪੜ ਮਿਸ਼ਨਰੀ ਕਾਲਜ ਦੇ ਪੁਰਣੇ ਮਿਸ਼ਨਰੀ ਹਨ ਅਤੇ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਦੇ ਭਾਰੀ ਸਹਿਯੋਗ ਨਾਲ ਛਪਵਾਇਆ।
ਸੰਜੋਗ ਵੱਸ ੪ ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿਦਵਾਨ ਅਤੇ ਕਾਲਜ ਦੇ ਮਰਹੂਮ ਡਾਇਰੈਟਰ ਮੁਖੀ ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਰਾਣਾ, ਇੰਟ੍ਰਨੈਸ਼ਨਲ ਸਿੱਖ ਮਿਸ਼ਨਰੀ ਗਿ. ਜਗਤਾਰ ਸਿੰਘ ਜਾਚਕ ਜੀ, ਦਾਸ ਦੇ ਪਰਮ ਮਿੱਤਰ ਮਜੂਦਾ ਪ੍ਰਿੰਸੀਪਲ ਗਿ. ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ, ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਤੇ ਸ੍ਰ ਦਲਬੀਰ ਸਿੰਘ ਮਿਸ਼ਨਰੀ ਦਿੱਲੀ, ਸ੍ਰ. ਦਲਜੀਤ ਸਿੰਘ ਫਰੀਦਾਬਾਦ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਹੋਰ ਪਤਵੰਤੇ ਸੱਜਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਿਖੇ ਹਾਜਰ ਸਨ, ਨੇ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਰੀਲੀਜ ਕੀਤੀ। ਆਸ ਕਰਦਾ ਹਾਂ ਕਿ ਗੁਰਮਤਿ ਪ੍ਰਚਾਰ ਨੂੰ ਮੁੱਖ ਰੱਖ ਕੇ, ਸਰਲ ਭਾਸ਼ਾ ਵਿੱਚ ਲਿਖੀ ਗਈ ਇਹ ਪੁਸਤਕ, ਪਾਠਕ ਜਨ ਅਤੇ ਵਿਦਵਾਨ ਸੱਜਨ ਪੜ੍ਹ ਕੇ ਰਹਿ ਗਈਆਂ ਊਣਤਾਈਆਂ ਲਈ ਸੁਝਾਅ ਭੇਜਣਗੇ।
ਇਹ ਪੁਸਤਕ ਪ੍ਰਾਪਤ ਕਰਨ ਲਈ ਆਪ ਸੰਪਰਕ ਕਰ ਸਕਦੇ ਹੋ-ਅਵਤਾਰ ਸਿੰਘ ਮਿਸ਼ਨਰੀ ਅਮਰੀਕਾ-5104325827, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ-1612521700, ਨਰਿੰਦਰਪਾਲ ਸਿੰਘ ਮਿਸ਼ਨਰੀ ਲੁਧਿਆਨਾ-9417779493, ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਕਨੇਡਾ-8102233648, ਗਿ. ਦਿਲਾਵਰ ਸਿੰਘ ਰਾਮਾਮੰਡੀ ਜਲੰਧਰ-9463679071, ਪ੍ਰੋ. ਇੰਦਰ ਸਿੰਘ ਘੱਗਾ ਪਟਿਆਲਾ-9855151699 ਅਤੇ ਸ੍ਰ. ਜਸਬਿੰਦਰ ਸਿੰਘ ਡੁਬਈ ਮੋਹਾਲੀ-98725474016, ਗੁਰਮਤਿ ਵਿਦਵਾਨਾਂ, ਪਾਠਕਾਂ, ਸੰਗਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਅਰਦਾਸ ਕਰਦਾ ਹਾਂ ਕਿ ਕਰਤਾਰ ਗੁਰਮਤਿ ਲੇਖ ਲਿਖਣ ਦਾ ਹੋਰ ਉਤਸ਼ਾਹ ਬਖਸ਼ੇ।
ਅਵਤਾਰ ਸਿੰਘ ਮਿਸ਼ਨਰੀ (USA)

Saturday, October 8, 2011

ਰੋਸ ਬੁੱਧੀਜੀਵੀਆਂ ‘ਤੇ!

ਰੋਸ ਬੁੱਧੀਜੀਵੀਆਂ ‘ਤੇ!
ਕਿਤੇ ਖਹਿਬੜੇ ਪਤੀ ਦੇ ਨਾਲ ਪਤਨੀ, ਪਤੀ ਗ੍ਰਹਿਸਥ ਨੂੰ ਨਰਕ ਬਣਾਈ ਫਿਰਦੇ।
ਧੀਆਂ ਪੁੱਤ ਲੜਦੇ ਨਾਲ ਮਾਪਿਆਂ ਦੇ, ਭਾਈ, ਭੈਣਾਂ ਨਾਲ ਯੁੱਧ ਮਚਾਈ ਫਿਰਦੇ।
ਨਿੱਤ ਹਾਕਮਾਂ ਦੀ ਮੁਰਦਾਬਾਦ ਹੋਵੇ, ਰਾਜੇ ਆਪਣੀ ਹਿੰਡ ਪੁਗਾਈ ਫਿਰਦੇ।
ਧਰਮ-ਮੰਦਰਾਂ ਵਿਚ ਵੀ ਡਾਂਗ ਖੜਕੇ, ਆਕੀ, ਧਰਮੀਆਂ ਤਾਈਂ ਭਜਾਈ ਫਿਰਦੇ।
ਚਾਰੇ ਤਰਫ ਹੀ ਕ੍ਰੋਧ ਦੀ ਅੱਗ ਬਲਦੀ, ਸਹਿਣ-ਸ਼ਕਤੀ ਦੀ ਅਲਖ ਮੁਕਾਈ ਫਿਰਦੇ।
ਸ਼ਾਂਤ ਰਹਿਣ ਦੇ ਜਿਨ੍ਹਾਂ ਸੀ ਸਬਕ ਦੇਣੇ, ਬੁੱਧੀਜੀਵੀ ਵੀ ਸਿੰਗ ਫਸਾਈ ਫਿਰਦੇ!

ਤਰਲੋਚਨ ਸਿੰਘ ਦੁਪਾਲਪੁਰੀ