ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਪੰਜਾਬ ਵਿਖੇ ਕੁੱਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਦੀ ਵਿਥਿਆ
ਸਭ ਤੋਂ ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤ ਮਸਤਕ ਹੋਏ ਅਤੇ ਪ੍ਰਕਰਮਾਂ ਵਿਖੇ ਜੋ ਸ਼ਰਧਾਲੂ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ, ਨੂੰ ਹਰਸਿਮਰਤ ਕੌਰ ਖਾਲਸਾ ਨੇ “ਪੂਜਾ ਅਕਾਲ ਕੀ” ਦਾ ਸਿਧਾਂਤ ਦਰਸਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਕੇਂਦਰੀ ਅਸਥਾਂਨ ਵਿਖੇ ਪ੍ਰਬੰਧਕ ਇਤਨੇ ਨਿਕੰਮੇ ਹਨ ਕਿ ਸ੍ਰਧਾਲੂਆਂ ਨੂੰ ਗੁਰਮਤਿ ਬਾਰੇ ਗਾਈਡ ਨਹੀਂ ਕਰ ਰਹੇ ਸਗੋਂ ਸੂਚਨਾਂ ਦਫਤਰ ਵਿਖੇ ਵੀ ਅਣਹੋਣੀਆਂ ਕਰਾਮਾਤਾਂ ਦੀ ਸਿਖਿਆ ਦਿੱਤੀ ਜਾ ਰਹੀ ਹੈ। ਫਿਰ ਼ਲਿਖਾਰੀ ਅਤੇ ਪ੍ਰਚਾਰਕ, ਬੀਬੀ ਰਾਜਵਿੰਦਰ ਕੌਰ ਦੇ ਸੱਦੇ ਤੇ ਛਿਹਰਟਾ ਸਾਹਿਬ ਪਹੁੰਚੇ ਸਥਾਨਕ ਗੁਰਦੁਆਰੇ ਵਿੱਚ ਕਥਾ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਂਨ ਛਿਹਰਟਾ ਵਿਖੇ ਜਿੱਥੇ ਗੁਰੂ ਜੀ ਨੇ ਪਾਣੀ ਦੀ ਘਾਟ ਨੂੰ ਮੁੱਖ ਰੱਖ ਕੇ ਛੇ ਹਰਟਾ ਖੂਹ ਲਵਾਇਆ ਸੀ। ਇਹ ਗੁਰਦੁਆਰਾ ਹੁਣ ਸ੍ਰੋਮਣੀ ਕਮੇਟੀ ਪ੍ਰਬੰਧ ਹੇਠ ਹੈ ਵਿਖੇ ਕੀ ਦੇਖਿਆ ਓਥੇ ਬੋਰਡਾਂ ਤੇ ਲਿਖ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਮਾਈ ਇੱਥੇ ਐਨੀਆਂ ਮਸਿਆ ਨਾਵੇਗੀ ਪੁਤਰਾਂ ਦੀਆਂ ਦਾਤਾਂ ਪਾਵੇਗੀ ਜੋ ਇਤਿਹਾਸ ਨਾਲ ਬੇ ਇਨਸਾਫੀ ਹੈ।
ਜ਼ਲੰਧਰ ਦੇ ਕਾਕੀ ਪਿੰਡ ਅਤੇ ਬਿੰਦਰਖ ਵਿਖੇ ਕ੍ਰਮਵਾਰ 5 ਅਤੇ 9 ਦਸੰਬਰ ਨੂੰ ਹਰਸਿਮਰਤ ਕੌਰ ਖਾਲਸਾ ਨੇ ਦੋ ਅਨੰਦ ਕਾਰਜ ਕਰਵਾ ਕੇ ਬੀਬੀਆਂ ਨੂੰ ਹਲੂਣਾਂ ਦਿੱਤਾ ਕਿ ਤੁਸੀਂ ਵੀ ਧਰਮ ਕਰਮ ਵਿੱਚ ਬਰਾਬਰ ਸੇਵਾ ਕਰ ਸਕਦੀਆਂ ਹੋ। ਪ੍ਰਸਿੱਧ ਗਵੱਈਏ ਬਿੰਦਰੱਖੀਏ ਦੇ ਇਤਿਹਾਸਕ ਪਿੰਡ, ਜਿੱਥੇ ਦਸਮੇਸ਼ ਜੀ ਨੇ ਚਰਨ ਪਾਏ ਅਤੇ ਓਥੋਂ ਦੇ ਸਾਧ ਨੂੰ ਧਰਮ ਕਰਮ ਦੀ ਸਿਖਿਆ ਦਿੱਤੀ। ਓਥੇ ਹੁਣ ਆਲੀਸ਼ਾਨ ਗੁਰਦੁਆਰਾ ਹੈ ਅਤੇ ਹਰ ਐਤਵਾਰ ਨੂੰ ਭਾਰੀ ਦਿਵਾਨ ਲਗਦੇ ਹਨ। ਪ੍ਰਬੰਧਕਾਂ ਦੇ ਸੱਦੇ ਤੇ ਸਾਨੂੰ ਪੂਰੇ ਦਾ ਪੂਰਾ ਦਿਵਾਨ ਪ੍ਰਚਾਰ ਲਈ ਦੇ ਦਿੱਤਾ ਪਰ ਇੱਥੇ ਵੀ ਥਾਂ ਥਾਂ ਤੇ ਮੱਟੀਆਂ, ਸਮਾਧਾਂ ਅਤੇ ਰੁੱਖਾਂ ਨੂੰ ਮੱਥੇ ਟੇਕੇ ਅਤੇ ਇੱਕੇ ਥਾ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ। ਪ੍ਰਚਾਰਕ ਮਾਇਆ ਦੀ ਖਾਤਰ ਮਨਘੜਤ ਅਤੇ ਮਿਥਿਹਾਸਕ ਕਹਾਣੀਆਂ ਸੁਣਾ ਕੇ ਅਗਿਆਨੀ ਲੋਕਾਂ ਦੀ ਸ਼ਰਧਾ ਦਾ ਨਾਜਾਇਜ ਫਾਇਦਾ ਉਠਾਂਦੇ ਹਨ। ਅਸਾਂ ਕੀਰਤਨ ਕਥਾ ਕਰਦੇ ਗੁਰਮਤਿ ਅਨੁਸਾਰ ਇੰਨ੍ਹਾਂ ਸਾਰੀਆਂ ਮਨਮੱਤਾਂ ਦੀ ਖੋਲ੍ਹ ਕੇ ਵਿਆਖਿਆ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹ, ਵਿਚਾਰ ਅਤੇ ਧਾਰ ਕੇ ਅਮਲੀ ਜੀਵਨ ਜੀਨ ਦਾ ਉਪਦੇਸ਼ ਦਿੱਤਾ, ਪ੍ਰਬੰਧਕ ਅਤੇ ਸੰਗਤਾਂ ਇਤਨੀਆਂ ਪ੍ਰਭਾਵਤ ਹੋਈਆਂ ਕਿ ਅੱਗੇ ਤੋਂ ਇੱਕ ਮਹੀਨਾ ਲਗਾਤਾਰ ਪ੍ਰਚਾਰ ਕਰਨ ਲਈ ਬੇਨਤੀ ਕੀਤੀ।
ਅਗਲੇ ਦਿਨ ਭਾਈ ਬਲਵਿੰਦਰ ਸਿੰਘ ਰਾਗੀ ਜੋ ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਜੀ ਦੇ ਪ੍ਰਧਾਨ ਵੀ ਹਨ, ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਦੇ ਪੋਤਰੇ ਦੇ ਜਨਮ ਦਿਨ ਤੇ ਕਥਾ ਪ੍ਰਚਾਰ ਕੀਤਾ, ਜਿਸ ਤੋਂ ਪ੍ਰਭਾਵਤ ਹੋ ਕੇ ਰਾਮਾਮੰਡੀ-ਜਲੰਧਰ ਦੇ ਅਖੰਡ ਕੀਰਤਨੀ ਜਥੇ ਅਤੇ ਗੁਰਦੁਆਰੇ ਦੇ ਪ੍ਰਧਾਨ, ਭਾਈ ਵਰਿੰਦਰ ਸਿੰਘ ਜੀ ਨੇ ਸਥਾਨਕ ਗੁਰਦੁਆਰੇ ਵਿਖੇ ਕਥਾ ਕੀਰਤਨ ਕਰਨ ਦਾ ਸੱਦਾ ਦੇ ਦਿੱਤਾ। ਜਦ ਅਸੀਂ ਗੁਰਬਾਣੀ ਕੀਰਤਨ ਕਥਾ ਰਾਹੀਂ ਗੁਰਮਤਿ ਦਾ ਨਿਰੋਲ ਪ੍ਰਚਾਰ ਕੀਤਾ ਅਤੇ ਹਰਸਿਮਰਤ ਕੌਰ ਨੇ ਬੀਬੀਆਂ ਦੇ ਬਾਰਬਰ ਦੇ ਹੱਕਾਂ ਦੀ ਗੱਲ ਕੀਤੀ ਤਾਂ ਸੰਗਤ ਨੇ ਜੈਕਾਰੇ ਬੁਲਾ ਕੇ ਹਾਮੀ ਭਰੀ ਅਤੇ ਸਟੇਜ ਸੈਕਟਰੀ ਨੇ ਸਿਰੋਪੇ ਨਾਲ ਸਾਡਾ ਸਨਮਾਨ ਕਰਦੇ ਹੋਏ ਜਿੱਥੇ ਦੁਬਾਰਾ ਆਉਣ ਲਈ ਕਿਹਾ ਓਥੇ ਬੀਬੀਆਂ ਦੇ ਹੱਕਾਂ ਦੀ ਪ੍ਰੋੜਤਾ ਵੀ ਕੀਤੀ। ਇਸ ਨਾਲ ਇਹ ਸ਼ੰਕਾ ਵੀ ਦੂਰ ਹੋ ਗਿਆ ਕਿ ਅਖੰਡ ਕੀਰਤਨੀ ਜਥੇ ਵਾਲੇ ਦਿਵਾਨ ਵਿੱਚ ਕਥਾ ਨਹੀਂ ਪਸੰਦ ਕਰਦੇ।
ਇਸ ਤੋਂ ਬਾਅਦ ਅਸੀਂ ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ ਨਾਲ ਕੀਤੇ ਵਾਅਦੇ ਅਨੁਸਾਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਪਹੁੰਚ ਗਏ, ਜਿੱਥੇ ਅਸੀਂ ਗੁਰਮਤਿ ਪ੍ਰਚਾਰ ਸਿਖਲਾਈ ਦਾ ਅਨੰਦ ਮਾਣਿਆਂ ਓਥੇ ਵੱਖ-2 ਗੁਰੂ ਘਰਾਂ ਵਿਖੇ ਕੀਰਤਨ ਪ੍ਰਚਾਰ ਵੀ ਕੀਤਾ ਅਤੇ ਕਾਲਜ ਦੇ ਹਫਤਵਾਰੀ ਵਿਸ਼ੇਸ਼ ਪ੍ਰੋਗਰਾਮ ਜੋ ਵੀਰ ਇੰਦਰਜੀਤ ਸਿੰਘ ਰਾਣਾ ਚੇਅਰਮੈਨ ਦੇ ਉਦਮ ਸਦਕਾ ਘਰੋ ਘਰ ਚਲਾਏ ਜਾ ਰਹੇ ਹਨ ਵਿਖੇ ਵੀ ਹਾਜਰੀ ਭਰੀ ਅਤੇ ਕਾਲਜ ਵੱਲੋਂ ਸਾਨੂੰ ਸਨਮਾਨਤ ਕੀਤਾ ਗਿਆ। ਇੱਥੇ ਰਹਿੰਦਿਆਂ ਹੀ ਦਾਸ ਨੇ ਪਾਠਕਾਂ ਦੀ ਮੰਗ ਤੇ ਉਹ ਲੇਖ ਜੋ ਗੁਰਮਤਿ ਦੀ ਰੌਸ਼ਨੀ ਵਿੱਚ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਬਖੀਏ ਉਧੇੜਦੇ ਹੋਏ, ਸੁਕਰਮ ਕਰਨ ਅਤੇ ਗੁਰਬਾਣੀ ਵਿਚਾਰ ਕੇ ਜੀਵਨ ਵਿੱਚ ਧਾਰਨ ਦਾ ਉਪਦੇਸ਼ ਦਿੰਦੇ ਹਨ, ਨੂੰ ਕਿਤਾਬੀ ਰੂਪ ਦਿੱਤਾ। ਜੋ ਹੁਣ “ਕਰਮ ਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਦੇ ਟਾਈਟਲ ਥੱਲੇ ਛਪ ਚੁੱਕੇ ਹਨ। ਆਪ ਜੀ ਦਾਸ ਨਾਲ ਇਨ੍ਹਾਂ ਨੰਬਰਾਂ 510-432-5827 (ਅਮਰੀਕਾ) 750-820-7341 (ਭਾਰਤ) ਤੇ ਸੰਪ੍ਰਕ ਕਰਕੇ, ਪ੍ਰਾਪਤ ਕਰ ਸਕਦੇ ਹੋ।
ਫਿਰ ਕਾਲਜ ਦੇ ਮੋਡੀ ਮਿਸ਼ਨਰੀਆਂ ਚੋ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਜੋ ਦਾਸ ਨੂੰ 20 ਸਾਲ ਬਾਅਦ ਮਿਲੇ, ਜਿੱਥੇ ਇਨ੍ਹਾਂ ਨੇ ਪੁਸਤਕ ਛਪਾਉਣ ਵਿੱਚ ਬਹੁਤ ਮਦਦ ਕੀਤੀ ਓਥੇ ਵੱਖ-2 ਥਾਵਾਂ ਤੇ ਸਾਡੇ ਧਾਰਮਿਕ ਪ੍ਰੋਗ੍ਰਾਮ ਵੀ ਬੁੱਕ ਕੀਤੇ, ਉਨ੍ਹਾਂ ਚੋਂ ਹੀ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ-1 ਜਲੰਧਰ ਜਿੱਥੇ ਦਾਸ ਦੇ ਕਲਾਸ ਫੈਲੋ, ਭਾ. ਇਕਬਾਲ ਸਿੰਘ ਮਿਸ਼ਨਰੀ ਮੁੱਖ ਗ੍ਰੰਥੀ ਕਥਾਵਾਚਕ ਦੀ ਸੇਵਾ ਕਰ ਰਹੇ ਹਨ ਅਤੇ ਸ੍ਰ. ਨਰਿੰਦਰਪਾਲ ਸਿੰਘ ਦੇ ਵੱਡੇ ਭਰਾਤਾ ਇੱਥੇ ਕਮੇਟੀ ਮੈਂਬਰ ਵੀ ਹਨ, ਵਿਖੇ ਵੀ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਾਨੂੰ ਧਰਮ ਪ੍ਰਚਾਰ ਦਾ ਮੌਕਾ ਦਿੱਤਾ। ਇੱਥੇ ਵੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਭਰੀ ਸੰਗਤ ਵਿੱਚ ਹੁਕਮਨਾਮਾਂ ਲਿਆ ਜੋ ਇਸ ਗੁਰਦੁਆਰੇ ਵਿਖੇ ਕਿਸੇ ਬੀਬੀ ਦਾ ਪਹਿਲਾ ਮੌਕਾ ਸੀ।
ਡਾ. ਗੁਰਮੀਤ ਸਿੰਘ ਬਰਸਾਲ ਜੋ ਸਾਡੀ ਧਰਮ ਪ੍ਰਚਾਰ ਟੀਮ ਦੇ ਸਿਰ ਕੱਢਵੇਂ ਮੈਂਬਰ ਹਨ ਅਤੇ ਅਮਰੀਕਾ ਵਿਖੇ ਸਾਡੇ ਬਹੁਤ ਨੇੜੇ ਰਹਿੰਦੇ ਹਨ, ਜੋ ਉਸ ਵੇਲੇ ਪੰਜਾਬ ਵਿਖੇ ਸਨ, ਨੇ ਆਪਣੇ ਪਿੰਡ ਬਰਸਾਲ ਵਿਖੇ ਗੁਰਮਤਿ ਦੀ ਰੈਗੂਲਰ ਕਲਾਸ ਦਾ ਉਦਘਾਟਨ ਕਰਨ ਵਾਸਤੇ ਸਾਨੂੰ ਵਿਸ਼ੇਸ਼ ਤੌਰ ਤੇ ਮਾਨ ਨਾਲ ਬੁਲਾਇਆ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸੁਭਾ ਤੇ ਸ਼ਾਮ ਕੀਰਤਨ ਕਥਾ ਦਾ ਖੁੱਲ੍ਹਾ ਸਮਾਂ ਦਿੱਤਾ। ਅਸੀਂ ਗੁਰਮਤਿ ਸਿਖਲਾਈ ਦੀ ਮਹਾਂਨਤਾ ਤੇ ਵਖਿਆਣ ਕਰਦੇ ਹੋਏ ਕਿਹਾ ਕਿ ਜਿੱਥੇ ਸਿੱਖ ਜਗਤ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਓਥੇ ਅਜੋਕੇ ਭੇਖੀ ਬਾਬੇ ਸਾਡੇ ਵਡੇਰੇ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਲਾਸਾਨੀ ਯਾਦਗਾਰਾਂ ਨੂੰ ਢਾਹ ਕੇ ਮਲੀਆਮੇਟ ਕਰੀ ਜਾ ਰਹੇ ਹਨ। ਇੱਥੇ ਵੀ ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਵਿਸ਼ੇਸ਼ ਖਿਚ ਦਾ ਕਾਰਣ ਬਣੀ, ਲੋਕ ਠੰਡ ਵਿੱਚ ਵੀ ਭਾਰੀ ਗਿਣਤੀ ਵਿੱਚ ਪਹੁੰਚੇ। ਦਿਵਾਨ ਤੋਂ ਬਾਅਦ ਬਰਸਾਲ ਅਤੇ ਆਲੇ ਦੁਆਲੇ ਦੇ ਕੁੱਝ ਪਿੰਡਾਂ ਦੇ ਸੱਜਨਾਂ ਨੇ ਵਿਚਾਰ ਵਿਟਾਂਦਰਾ ਕਰਕੇ, ਇਸੇ ਹੀ ਪਿੰਡ ਦੇ ਪੜ੍ਹੇ-ਲਿਖੇ ਨੌ ਜਵਾਨ ਭਾਈ ਮਨਦੀਪ ਸਿੰਘ ਨੂੰ ਗੁਰਮਤਿ ਕਲਾਸਾਂ ਦਾ ਮੁਖ ਅਧਿਆਪਕ ਅਤੇ ਪ੍ਰਚਾਰਕ ਥਾਪਿਆ, ਇਹ ਸਾਰਾ ਉਪਰਾਲਾ ਡਾ. ਗੁਰਮੀਤ ਸਿੰਘ ਬਰਸਾਲ ਅਤੇ ਇੱਥੋਂ ਦੇ ਗੁਰਦੁਆਰਾ ਪ੍ਰਧਾਨ ਸ੍ਰ. ਗੁਰਮੀਤ ਸਿੰਘ ਦਾ ਸੀ, ਜਿਸ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਇਸੇ ਦੌਰਾਨ ਡਾ. ਸਾਹਿਬ ਸਾਨੂੰ ਮਹਿਤੇਆਣੇ ਅਸਥਾਨ ਦੇ ਸਚਿੱਤਰ ਦਿਖਾਉਣ ਲਈ ਲੈ ਗਏ, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਯਾਤਰੂਆਂ ਲਈ ਖਿਚ ਦਾ ਕਾਰਨ ਹਨ ਪਰ ਜਦ ਹਰਸਿਮਰਤ ਕੌਰ ਖਾਲਸਾ ਸਮੇਤ ਅਸੀਂ ਗੁਰਦੁਆਰੇ ਅੰਦਰ ਮੱਥਾ ਟੇਕਿਆ, ਤਾਂ ਕੀ ਦੇਖਿਆ ਕਿ ਇੱਕੋ ਥਾਂ ਤੇ ਕਈ ਪਾਠ ਰੱਖੇ ਹਨ ਅਤੇ ਪਾਠੀ ਮੂੰਹ ਸਿਰ ਵਲੇਟ ਕੇ ਚੁਪੀਤਾ ਪਾਠ ਕਰ ਰਹੇ ਹਨ। ਹਰਸਿਮਰਤ ਕੌਰ ਨੇ ਜਦ ਬਾਹਰ ਬੈਠੇ ਸੱਜਨ ਜੋ ਰਸੀਦਾਂ ਕੱਟ ਰਹੇ ਸਨ, ਨੂੰ ਕੁੱਝ ਪਲ ਅੰਦਰ ਰੱਖੇ ਪਾਠਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਓਨ੍ਹਾਂ ਕਿਹਾ ਬੀਬੀਆਂ ਇੱਥੇ ਪਾਠ ਨਹੀਂ ਕਰ ਸਕਦੀਆਂ, ਤਾਂ ਹਰਸਿਮਰਤ ਕੌਰ ਨੇ ਬੜੇ ਵਿਅੰਗ ਨਾਲ ਕਿਹਾ ਕਿ ਜੇ ਅੰਦਰ ਬੁਰਕਾਧਾਰੀ ਪਾਠ ਕਰ ਸਕਦੇ ਹਨ, ਜੋ ਬੋਲਦੇ ਵੀ ਨਹੀਂ, ਤਾਂ ਮੈਂ ਕਿਉਂ ਨਹੀਂ ਕਰ ਸਕਦੀ? ਤਾਂ ਉਹ ਸੱਜਨ ਨਿਰੁੱਤਰ ਜਿਹੇ ਹੋ ਕੇ ਚੁਪ ਕਰ ਗਏ।
ਇਸ ਤੋਂ ਬਾਅਦ ਅਸੀਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਗਏ, ਜਿਥੋਂ ਦਾਸ ਨੇ ਗੁਰਮਤਿ ਸਿਖਿਆ ਪ੍ਰਾਪਤ ਕੀਤੀ ਹੈ, ਕਾਲਜ ਵਿਖੇ ਉਸ ਸਮੇਂ ਪ੍ਰੋਫੇਸਰ ਮਨਿੰਦਰਪਾਲ ਸਿੰਘ ਅਤੇ ਸਾਥੀ ਅਧਿਆਪਕ ਹਾਜਰ ਸਨ ਜੋ ਸਾਨੂੰ ਕਲਾਸ ਵਿੱਚ ਲੈ ਗਏ। ਜਿਥੇ ਅਸੀਂ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਾਰੇ ਦੱਸਿਆ ਉਥੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿਤੇ। ਇਥੇ ਅਸੀਂ ਬੜੇ ਮਾਣ ਨਾਲ ਦਾਸ ਵਲੋਂ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕਾਲਜ ਨੂੰ ਸੌਂਪਦੇ ਹੋਏ ਬੜਾ ਮਾਨ ਮਹਿਸੂਸ ਕੀਤਾ।
ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਲੇਖਕ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੋ ਸਾਡੇ ਪਰਮ ਮਿੱਤਰ ਹਨ, ਦੇ ਵਿਸ਼ੇਸ਼ ਸੱਦੇ ਤੇ ਭਾ. ਹਰਜੀਤ ਸਿੰਘ ਅਤੇ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨਵਾਂ ਸ਼ਹਿਰ ਵਿਖੇ, ਸੰਗਤਾਂ ਦੇ ਦਰਸ਼ਨ ਕਰਦੇ, ਕਥਾ ਵਖਿਆਨ ਕੀਤੇ। ਇੱਥੇ ਜਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਦਰਬਾਰ ਸਾਹਿਬ (ਅਮ੍ਰਿਤਸਰ) ਵਿਖੇ ਬੀਬੀਆਂ ਨੂੰ ਕੀਰਤਨ ਨਾਂ ਕਰਨ ਦੀ, ਆਪਣੀ ਵਿਥਿਆ ਸੁਣਾਈ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਕੀਤਾ, ਤਾਂ ਬੀਬੀਆਂ ਨੇ ਜੋਸ਼ ਵਿੱਚ ਆ ਕੇ ਜੈਕਾਰੇ ਛੱਡੇ ਅਤੇ ਪ੍ਰਸਿਧ ਕਥਾਵਾਚਕ ਭਾ. ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਸਟੇਜ ਤੇ ਪ੍ਰਚਾਰ ਕਰਨ ਦਾ ਸਮਾਂ ਦਿੱਤਾ ਗਿਆ। ਪ੍ਰਬੰਧਕਾਂ ਨੇ ਇੱਕ ਹਫਤਾ ਹੋਰ ਪ੍ਰਚਾਰ ਕਰਨ ਲਈ ਕਿਹਾ ਪਰ ਸਾਡੇ ਕੋਲ ਹੋਰ ਸਮਾਂ ਨਹੀਂ ਸੀ। ਪ੍ਰਬੰਧਕਾਂ ਨੇ ਜਿੱਥੇ ਸਾਡਾ ਵਿਸ਼ੇਸ਼ ਸਨਮਾਨ ਕੀਤਾ ਓਥੇ ਦਾਸ ਵੱਲੋਂ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਅਜੀਤ ਅਖਬਾਰ ਦੇ ਪ੍ਰਸਿੱਧ ਪੱਤ੍ਰਕਾਰ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਰੀਲੀਜ ਕੀਤੀ ਅਤੇ ਸ੍ਰ. ਸ਼ੇਤਰਾਂ ਨੇ ਸਾਡਾ ਇੰਟ੍ਰਵਿਊ ਵੀ ਬੜੀ ਉਤਸੁਕਤਾ ਨਾਲ ਲਿਆ।
ਇਸ ਤੋਂ ਬਾਅਦ ਨਵਾਂ ਸਾਲ, ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਸਾਹਿਬ ਵਿਖੇ ਸੁਖਮਨੀ ਸਾਹਿਬ ਸੋਸਾਇਟੀ ਦੇ ਸ੍ਰ. ਸੁਰਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਕੀਰਤਨ ਵਿਆਖਿਆ ਕਰਦੇ, ਸੰਤ, ਸਾਧ ਅਤੇ ਬ੍ਰਹਮ ਗਿਆਨੀ ਦੇ ਸੰਕਲਪ ਨੂੰ ਕਲੀਅਰ ਕਰਕੇ ਸੁਖਮਨੀ ਦੇ ਪਾਠ ਨਾਲ, ਇੱਕ ਅਸਟਪਦੀ ਦੇ ਅਰਥ ਵਿਚਾਰਣ ਦੀ ਸਿਖਿਆ ਵੀ ਦਿੱਤੀ ਅਤੇ ਹਰਸਿਮਰਤ ਕੌਰ ਨੇ ਹੁਕਮਨਾਮਾ ਵੀ ਲਿਆ, ਜੋ ਸੰਗਤ ਦੀ ਖਿਚ ਦਾ ਕਾਰਣ ਵੀ ਬਣਿਆਂ। ਸਵੇਰੇ ਪਹਿਲੀ ਤਰੀਖ ਨੂੰ ਸ੍ਰ. ਮੋਹਨ ਸਿੰਘ ਦੇ ਨੌਕਰੀ ਤੋ ਰੀਟਾਇਰ ਹੋਣ ਦੀ ਖੁਸ਼ੀ ਵਿੱਚ, ਰੱਖੇ ਪਾਠ ਦੇ ਭੋਗ ਉੱਤੇ, ਸੰਗਤ ਦੀ ਮਹਿਮਾਂ ਤੇ ਵਖਿਆਨ ਕਰਦੇ, ਆਪਣੇ ਲੇਖ ਜੋ ਵੱਖ ਵੱਖ ਅਖਬਾਰਾਂ ਵਿੱਚ ਛਪ ਚੁੱਕੇ ਹਨ, ਦੀ ਛਪੀ ਪੁਸਤਕ ਬਾਰੇ ਵੀ ਦੱਸਿਆ ਤਾਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪੁਸਤਕ ਦੀ ਮੰਗ ਕੀਤੀ।
ਇਸ ਤਰ੍ਹਾਂ ਪੰਜਾਬ ਦਾ ਪ੍ਰਚਾਰਕ ਦੌਰਾ ਪੂਰਾ ਕਰਕੇ, ਅਸੀਂ ਫਰੀਦਾਬਾਦ ਦੀਆਂ ਸਿਖ ਸੰਗਤਾਂ ਦੇ ਪ੍ਰੇਮ ਸਦਕਾ ਓਥੇ ਪਹੁੰਚ ਗਏ ਹਾਂ ਅਤੇ ਕਥਾ ਕੀਰਤਨ ਵਖਿਆਨਾਂ ਵਿੱਚ ਹਾਜਰੀਆਂ ਭਰਾਂਗੇ, ਜਿਸ ਦਾ ਵੇਰਵਾ ਅਗਲੀ ਰਿਪੋਰਟ ਵਿੱਚ ਦਿਤਾ ਜਾਵੇਗਾ।