ਚੜ੍ਹਿਆ ਸਾਲ 2013….ਤੇਰਾਂ…ਤੇਰਾ…ਤੇਰਾ…
ਮਝੈਲ ਸਿੰਘ ਸਰਾਂ
ਨਵਾਂ ਸਾਲ 2013 ਚੜ੍ਹੇ ਨੂੰ ਮਹੀਨਾ ਬੀਤ ਚੁੱਕਿਆ ਹੈ। ਲੋਕਾਂ ਵੱਲੋਂ ਇਹਨੂੰ ਖੁਸ਼-ਆਮਦੀਦ ਕੀਤੀ ਜਾ ਚੁੱਕੀ ਹੈ। ਤੇ ਹੁਣ 2013 ਪਹਿਲੇ ਵਰ੍ਹਿਆਂ ਵਾਂਗ ਰੇੜ੍ਹੇ ਪੈ ਗਿਆ ਹੈ। ਨਵੇਂ ਸਾਲ ਨੂੰ ‘ਜੀ ਆਇਆਂ’ ਕਹਿੰਦਿਆਂ ਸਿੱਖਿਆਦਾਇਕ ਲਫ਼ਜ਼ ਬੋਲੇ ਜਾਂਦੇ ਹਨ ਤੇ ਪ੍ਰਣ ਕੀਤਾ ਜਾਂਦਾ ਕਿ ਪਿਛਲੇ ਸਾਲ ਦੀਆਂ ਜਾਣੇ-ਅਣਜਾਣੇ ਹੋਈਆਂ ਗਲਤੀਆਂ ਤੋਂ ਤੋਬਾ ਕਰ ਕੇ ਸਹੀ ਪੈੜਾਂ, ਗੁਰਮਤਿ ਤੇ ਰੱਬੀ ਫਰਮਾਨ ਮੁਤਾਬਿਕ ਜ਼ਿੰਦਗੀ ਬਸਰ ਕਰਨੀ ਹੈ, ਪਰ ਇੱਦਾਂ ਕੋਈ ਘੱਟ-ਵੱਧ ਹੀ ਕਰਦਾ ਹੈ। ਇਸ ਨਵੇਂ ਸਾਲ ‘ਤੇ ਲਿਖਣ ਲਈ ਮੇਰੇ ਕੋਲ ਕੋਈ ਖਾਸ ਗੱਲ ਤਾਂ ਹੈ ਨਹੀਂ ਸੀ, ਪਰ 13 (ਤੇਰਾਂ) ਦੇ ਹਿੰਦਸੇ ਨੇ ਕੁਝ ਲਿਖਣ ਲਈ ਜ਼ਰੂਰ ਉਕਸਾਇਆ, ਕਿਉਂਕਿ ਇਸ ਸਾਲ ਦੀ ਆਮਦ ਨੂੰ ਸਿੱਖਾਂ ਨੇ ਕੁਝ ਜ਼ਿਆਦਾ ਅਹਿਮੀਅਤ ਦਿੱਤੀ। ਤੇਰਾਂ ਦਾ ਹਿੰਦਸਾ ਜਦੋਂ ਵੀ ਕਦੇ ਚਰਚਾ ਵਿਚ ਆਉਂਦਾ ਤਾਂ ਸਾਡੇ ਮਨ ਮਸਤਕ ਵਿਚ ਬਾਬਾ ਨਾਨਕ ਮੋਦੀਖਾਨੇ ਵਿਚ ਬੈਠਾ ‘ਤੇਰਾਂ....ਤੇਰਾਂ....’ ਤੋਲਦਾ ਦਿਸਦਾ ਹੈ।ਇਸਾਈ ਧਰਮ ਵਾਲੇ 13 ਦੇ ਹਿੰਦਸੇ ਨੂੰ ਮਾੜਾ ਸਮਝਦੇ ਹਨ। ਕਹਿੰਦੇ ਹਨ, ਬਾਈਬਲ ਵਿਚ ਵੀ ਇਸ ਹਿੰਦਸੇ ਨੂੰ ਬਦਕਿਸਮਤ ਲਿਖਿਆ ਗਿਆ ਹੈ। ਇਸ ਪਿੱਛੇ ਕੀ ਕਾਰਨ ਹੋਣਗੇ, ਉਹੀ ਜਾਣਨ; ਕਹਿੰਦੇ ਹਨ ਕਿ ਯਿਸੂ ਮਸੀਹ (ਜੀਸਸ) ਦੇ ਪਹਿਲਾਂ 12 ਚੇਲੇ ਸਨ ਤੇ 13ਵਾਂ ਨਵਾਂ ਚੇਲਾ ਉਨ੍ਹਾਂ ਨੇ ਜੂਡਾਸ ਨੂੰ ਬਣਾਇਆ ਜਿਹੜਾ ਬੇਇਤਬਾਰਾ ਨਿਕਲਿਆ। ਉਹ ਜੀਸਸ ਦੇ ਵਿਰੋਧੀਆਂ ਨਾਲ ਰਲ ਗਿਆ ਅਤੇ ਅੰਦਰੋਗਤੀ ਜੀਸਸ ਖ਼ਿਲਾਫ਼ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਸੀ। ਜੀਸਸ ਬਾਰੇ ਅਹਿਮ ਸੁਰਾਗ ਵਿਰੋਧੀਆਂ ਨੂੰ ਉਹਨੇ ਹੀ ਦਿੱਤੇ ਸੀ ਜਿਸ ਕਰ ਕੇ ਯਿਸੂ ਮਸੀਹ ਨੂੰ ਸੂਲੀ ‘ਤੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਖਾਣੇ ਦੀ ਜਿਹੜੀ ਆਖਰੀ ਦਾਅਵਤ ਹੋਈ ਸੀ, ਉਸ ਵਿਚ ਜੂਡਾਸ 13ਵੇਂ ਸਥਾਨ ‘ਤੇ ਬੈਠਾ ਸੀ ਤੇ ਉਥੇ ਹੀ ਯਿਸੂ ਮਸੀਹ ਨੇ ਸਾਰਿਆਂ ਨੂੰ ਦੱਸਿਆ ਕਿ ਤੁਹਾਡੇ ਵਿਚੋਂ ਇਕ ਨੇ ਮੇਰੇ ਨਾਲ ਧੋਖਾ ਕੀਤਾ, ਤੇ ਉਹ ਹੁਣ 13ਵੇਂ ਸਥਾਨ ‘ਤੇ ਬੈਠਾ ਹੈ। ਜੂਡਾਸ ਨੇ ਵੀ ਖੁਦ ਮੰਨ ਲਿਆ ਸੀ ਕਿ ਯਿਸੂ ਮਸੀਹ ਸੱਚ ਕਹਿੰਦੇ ਆ। ਬਾਅਦ ਵਿਚ ਕਹਿੰਦੇ ਹਨ, ਉਹਨੇ ਆਤਮ-ਹੱਤਿਆ ਕਰ ਲਈ ਸੀ।
ਬੱਸ, ਇਸ ਤੋਂ ਬਾਅਦ ਇਸਾਈ ਧਰਮ ਵਿਚ 13 ਨੂੰ ਬਦਸ਼ਗਨਾ ਗਿਣਿਆ ਜਾਣ ਲੱਗ ਪਿਆ। ਇਸ ਦੀਆਂ ਮਿਸਾਲਾਂ ਤਾਂ ਕਈ ਹਨ ਪਰ ਮੈਂ ਇਕੋ ਹੀ ਸਾਂਝੀ ਕਰਾਂਗਾ। ਅਮਰੀਕਾ ਵਰਗੇ ਤਾਕਤਵਰ ਮੁਲਕ ਦਾ ਤਾਕਤਵਰ ਪ੍ਰੈਜੀਡੈਂਟ ਰੂਜ਼ਵੈਲਟ ਕਦੇ ਵੀ ਉਸ ਪਾਰਟੀ ਵਿਚ ਬੈਠ ਕੇ ਖਾਣਾ ਨਹੀਂ ਸੀ ਖਾਂਦਾ ਜਿਥੇ ਗਿਣਤੀ 13 ਹੋਵੇ ਤੇ ਉਹ ਉਸ ਵੇਲੇ ਆਪਣੇ ‘ਪਰਸਨਲ ਸੈਕਟਰੀ’ ਨੂੰ ਬੁਲਾ ਕੇ ਖਾਣੇ ‘ਤੇ ਬਿਠਾ ਲੈਂਦਾ ਸੀ ਤਾਂ ਕਿ ਗਿਣਤੀ 14 ਹੋ ਜਾਵੇ। ਸਾਨੂੰ 13 ਦੇ ਹਿੰਦਸੇ ਦੇ ਮਾੜੇ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਚੰਡੀਗੜ੍ਹ ਪੜ੍ਹਾਈ ਲਈ ਪਹੁੰਚੇ ਜਿਥੇ 13 ਸੈਕਟਰ ਨਹੀਂ ਬਣਾਇਆ ਗਿਆ। ਚੰਡੀਗੜ੍ਹ ਦਾ ਨਕਸ਼ਾ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਏ ਨੇ ਬਣਾਇਆ ਸੀ। ਹੈਰਾਨੀ ਵਾਲੀ ਗੱਲ ਹੈ, ਉਹਨੇ ਤਾਂ ਸਿਰਫ ਨਕਸ਼ਾ ਹੀ ਬਣਾਇਆ ਸੀ, ਚੰਡੀਗੜ੍ਹ ਤਾਂ ਨਹੀਂ ਬਣਾ ਦਿੱਤਾ ਸੀ; ਪਰ ਪੰਜਾਬੀ ਅਤੇ ਸਿੱਖ ਜਿਨ੍ਹਾਂ ਦੇ ਪਿੰਡ ਢਾਹ ਕੇ ਚੰਡੀਗੜ੍ਹ ਬਣਾਇਆ ਗਿਆ, ਉਹ ਵੀ ਮੰਨ ਗਏ।
ਅਸੀਂ ਸਿੱਖ 13 ਨੂੰ ਸ਼ੁਭ ਮੰਨ ਲੈਂਦੇ ਹਾਂ, ਕਿਉਂਕਿ ਇਸ ਬਾਰੇ ਇਕ ਸਾਖੀ ਬਾਬੇ ਨਾਨਕ ਨਾਲ ਜੋੜੀ ਗਈ ਹੈ। ਉਂਜ ਤਾਂ ਸਭ ਨੇ ਉਸ ਸਾਖੀ ਬਾਰੇ ਬੜੇ-ਬੜੇ ਬ੍ਰਹਮਗਿਆਨੀ, ਮਹਾਂਪੁਰਸ਼ਾਂ ਤੇ ਸੰਤਾਂ ਤੋਂ ਸੁਣਿਆ ਹੋਇਆ ਹੈ; ਇਕ ਵਾਰ ਫਿਰ ਨਜ਼ਰ ਮਾਰ ਲਈਏ। ਗੁਰੂ ਨਾਨਕ ਵੱਲੋਂ 20 ਰੁਪਏ ਦੀ ਉਸ ਵਕਤ ਦੀ ਵੱਡੀ ਰਕਮ ਸਾਧਾਂ ‘ਤੇ ਲੁਟਾਉਣ ਕਾਰਨ ਉਨ੍ਹਾਂ ਦੇ ਪਿਤਾ ਨਾਰਾਜ਼ ਸਨ। ਕੁਦਰਤੀ ਹੈ, ਘਰ ਦਾ ਮਾਹੌਲ ਕਲੇਸ਼ ਵਾਲਾ ਹੋ ਗਿਆ ਹੋਣਾ ਹੈ। ਬੇਬੇ ਨਾਨਕੀ ਨੇ ਆਪਣੇ ਭਰਾ ਨਾਨਕ ਨੂੰ ਆਪਣੇ ਕੋਲ ਸਹੁਰੇ ਪਿੰਡ ਸੁਲਤਾਨਪੁਰ ਲੈ ਆਂਦਾ ਤੇ ਉਥੇ ਦੇ ਪਰਗਣੇ ਦੇ ਮਾਲਕ ਨਵਾਬ ਦੌਲਤ ਖਾਂ ਕੋਲ ਸਰਕਾਰੀ ਮੋਦੀਖਾਨੇ ਵਿਚ ਨੌਕਰੀ ਲਵਾ ਦਿੱਤਾ। ਮੋਦੀਖਾਨੇ ਦਾ ਮਤਲਬ ਸੀ, ‘ਸਰਕਾਰ ਦਾ ਸ਼ਾਹੀ ਸਟੋਰ’ ਜਿਥੇ ਜ਼ਮੀਨੀ ਮਾਲੀਆ ਜਿਣਸ ਦੇ ਰੂਪ ਵਿਚ ਇਕੱਠਾ ਹੋ ਕੇ ਆਉਂਦਾ ਤੇ ਉਥੋਂ ਹੀ ਲੋਕਾਂ ਅਤੇ ਪਰਚੂਨ ਵੇਚਣ ਵਾਲਿਆਂ ਨੂੰ ਦਿੱਤਾ ਜਾਂਦਾ। ਬਾਬੇ ਨਾਨਕ ਦੀ ਮੁਲਾਜ਼ਮ ਦੀ ਹੈਸੀਅਤ ਐਨੀ ਕੁ ਜ਼ਰੂਰ ਸੀ ਕਿ ਸਾਰੇ ਮੋਦੀਖਾਨੇ ਦਾ ਹਿਸਾਬ-ਕਿਤਾਬ ਉਨ੍ਹਾਂ ਦੀ ਦੇਖ-ਰੇਖ ਵਿਚੋਂ ਨਿਕਲਦਾ ਸੀ। ਕੁਝ ਮੁਲਾਜ਼ਮ ਉਨ੍ਹਾਂ ਦੇ ਮਾਤਹਿਤ ਵੀ ਹੋਣਗੇ ਤੇ ਕੁਝ ਉਚੇ ਅਹੁਦੇ ‘ਤੇ ਵੀ। ਸਾਖੀਕਾਰ ਦੱਸਦੇ ਹਨ ਕਿ ਬਾਬਾ ਨਾਨਕ ਨੌਕਰੀ ਤਾਂ ਕਰਦਾ ਸੀ, ਪਰ ਉਹਦਾ ਮਨ ਨੌਕਰੀ ਵਿਚ ਨਹੀਂ ਸੀ। ਉਹ ਸਦਾ ਅਕਾਲ ਪੁਰਖ ਦੀ ਭਗਤੀ ਵਿਚ ਮਗਨ ਰਹਿੰਦਾ ਤੇ ਨਾਮ ਜਪਦਾ ਰਹਿੰਦਾ ਜਿਸ ਤੋਂ ਉਹਦੇ ਨਾਲ ਕੰਮ ਕਰਨ ਵਾਲੇ ਖਫ਼ਾ ਸਨ। ਉਨ੍ਹਾਂ ਨੇ ਸਾਜ਼ਿਸ਼ ਘੜੀ ਕਿ ਇਹਨੇ ਮੋਦੀਖਾਨੇ ਨੂੰ ਘਾਟਾ ਪਾ ਦਿੱਤਾ ਤੇ ਹਿਸਾਬ-ਕਿਤਾਬ ਠੀਕ ਨਹੀਂ ਰੱਖਿਆ। ਸ਼ਿਕਾਇਤਾਂ ਦੌਲਤ ਖਾਨ ਕੋਲ ਪਹੁੰਚਾ ਦਿੱਤੀਆਂ। ਇਨ੍ਹਾਂ ਸ਼ਿਕਾਇਤਾਂ ‘ਤੇ ਜਾਂਚ ਦੇ ਹੁਕਮ ਹੋ ਗਏ।
ਅੱਗੇ ਵਧਣ ਤੋਂ ਪਹਿਲਾਂ ਇਕ ਗੱਲ ਮੈਂ ਜ਼ਰੂਰ ਸਾਂਝੀ ਕਰਾਂਗਾ ਕਿ ਉਸ ਵਕਤ ਮੁਲਕ ‘ਤੇ ਰਾਜ ਲੋਧੀ ਖਾਨਦਾਨ ਦੇ ਮੁਸਲਮਾਨਾਂ ਦਾ ਸੀ। ਅਜੇ ਮੁਗਲ ਭਾਰਤ ਨਹੀਂ ਆਏ ਸਨ। ਰਾਜ ਦਰਬਾਰ ‘ਤੇ ਮੁਸਲਮਾਨ ਕਾਬਜ਼ ਸਨ ਪਰ ਖਾਸ ਕਰ ਕੇ ਮਾਲੀਏ ਨਾਲ ਸਬੰਧਤ ਮਹਿਕਮੇ ਵਿਚ ਤਕਰੀਬਨ ਸਾਰੇ ਹਿੰਦੂ ਹੀ ਕੰਮ ਕਰਦੇ ਸਨ। ਮੁਸਲਮਾਨ ਤਾਂ ਫੌਜਾਂ ਵਿਚ ਹੀ ਹੁੰਦੇ ਸਨ। ਬਾਬੇ ਨਾਨਕ ਨੂੰ ਸ਼ਾਇਦ ਹਿੰਦੂ ਘਰ ਵਿਚ ਜਨਮ ਲੈਣ ਕਰ ਕੇ ਹੀ ਮੋਦੀਖਾਨੇ ਵਿਚ ਨੌਕਰੀ ਮਿਲੀ ਹੋਵੇ। ਕਹਿਣ ਦਾ ਮਤਲਬ ਹੈ, ਦੌਲਤ ਖਾਨ ਕੋਲ ਕਿਸੇ ਹੋਰ ਨੇ ਨਹੀਂ, ਹਿੰਦੂ ਮੁਲਾਜ਼ਮਾਂ ਨੇ ਹੀ ਸ਼ਿਕਾਇਤ ਕੀਤੀ ਹੋਵੇਗੀ, ਕਿਉਂ ਕੀਤੀ? ਇਹ ਚਰਚਾ ਰਤਾ ਕੁ ਬਾਅਦ ਵਿਚ।
ਅਸੀਂ ਸਿੱਖਾਂ ਨੇ ਮੋਦੀਖਾਨੇ ਵਾਲੀ ਸਾਖੀ ਨੂੰ ਧਾਰਮਿਕ ਰੰਗ ਵਿਚ ਰੰਗ ਕੇ ਕਰਾਮਾਤੀ ਬਣਾ ਕੇ ਪੇਸ਼ ਕਰ ਦਿੱਤਾ ਕਿਉਂਕਿ ਸਾਨੂੰ ਕਰਾਮਾਤੀ ਗੁਰੂ ਜ਼ਿਆਦੇ ਚੰਗੇ ਲਗਦੇ ਹਨ। ਗੁਰੂ ਸਾਹਿਬਾਨ ਤੋਂ ਬਾਅਦ ਜਦੋਂ ਸਿੱਖ ਧਾਰਮਿਕ ਆਗੂਆਂ ‘ਤੇ ਬਿਪਰ ਵਾਲਿਆਂ ਦਾ ਜ਼ੋਰ ਪੈਣਾ ਸ਼ੁਰੂ ਹੋਇਆ ਤਾਂ ਇਹ ਪ੍ਰਚਾਰ ਸ਼ੁਰੂ ਹੋ ਗਿਆ ਕਿ ਬਾਬਾ ਨਾਨਕ ਸਦਾ ਸੱਚੇ ਪਰਵਰਦਗਾਰ ਨਾਲ ਜੁੜੇ ਰਹਿੰਦੇ ਤੇ ਜਦੋਂ ਮੋਦੀਖਾਨੇ ਵਿਚ ਬੈਠ ਕੇ ਅੰਨ-ਦਾਣਾ ਤੋਲ ਕੇ ਦਿੰਦੇ ਤਾਂ ਉਸ ਵਕਤ ਵੀ ਤੇਰਾ.... ਤੇਰਾ....ਨਾਮ ਹੀ ਬੋਲਦੇ ਰਹਿੰਦੇ। ਕਹਿੰਦੇ ਹਨ, ਜਦੋਂ ਤੱਕੜੀ ਨਾਲ ਧਾਰਨਾ ਤੋਲ ਕੇ ਦੇ ਰਹੇ ਸਨ, ਤਾਂ ਰੱਬ ਨਾਲ ਇੰਨਾ ਰਚਮਿਚ ਗਏ ਕਿ ਜਦੋਂ 13ਵੀਂ ਧਾਰਨਾ ਤੋਲ ਕੇ ਪਾਈ ਤਾਂ ਅੱਗਿਓਂ ਗਿਣਤੀ ਭੁੱਲ ਗਏ। ਬੱਸ ਤੇਰਾ....ਤੇਰਾ....ਕਹੀ ਜਾਣ, ਤੇ ਲੋਕੀ ਪੰਡਾਂ ਬੰਨ੍ਹ ਕੇ ਲਈ ਜਾਣ। ਦਿਨ-ਰਾਤ ਇੱਦਾਂ ਹੀ ਚਲਦਾ ਰਿਹਾ ਜਿੰਨਾ ਚਿਰ ਮੋਦੀਖਾਨੇ ਵਿਚ ਅਨਾਜ ਨਾ ਮੁੱਕਿਆ। ਇਹ ਦੇਖ ਕੇ ਦੌਲਤ ਖਾਨ ਨੇ ਮੋਦੀਖਾਨਾ ਬੰਦ ਕਰ ਕੇ ਹਿਸਾਬ ਦੀ ਜਾਂਚ ਸ਼ੁਰੂ ਕਰਵਾ ਦਿੱਤੀ।
ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਨਾਨਕ ਉਥੋਂ ਬੇਈਂ ਵਿਚ ਇਸ਼ਨਾਨ ਦੇ ਬਹਾਨੇ ਵੜ ਗਏ ਤੇ ਫਿਰ ਕਈ ਦਿਨ ਲੋਪ ਰਹੇ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਾਨਕ ਦੌਲਤ ਖਾਨ ਦੀ ਸਜ਼ਾ ਤੋਂ ਡਰਦਾ ਬੇਈਂ ਵਿਚ ਡੁੱਬ ਗਿਆ ਹੈ। ਇੰਨੇ ਦਿਨਾਂ ਵਿਚ ਮੋਦੀਖਾਨੇ ਦੇ ਹਿਸਾਬ ਦੀ ਜਾਂਚ ਵੀ ਹੋ ਗਈ, ਘਾਟੇ ਦੀ ਬਜਾਏ ਨਫ਼ਾ ਨਿਕਲਿਆ। ਤੀਜੇ ਦਿਨ ਬਾਬਾ ਨਾਨਕ ਬੇਈਂ ਵਿਚੋਂ ਬਾਹਰ ਆਏ। ਇਸ ਮਨੌਤ ਨੂੰ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਇਨ੍ਹਾਂ ਤਿੰਨ ਦਿਨ ਵਿਚ ਬਾਬਾ ਨਾਨਕ ਸੱਚਖੰਡ ਵਾਹਿਗੁਰੂ ਕੋਲ ਚਲੇ ਗਏ ਸੀ ਤੇ ਜਪੁਜੀ ਸਾਹਿਬ ਦੀ ਬਾਣੀ ਲੈ ਕੇ ਆਏ। ਸੰਤ ਮਹਾਂਪੁਰਸ਼ ਇਹ ਵੀ ਕਹਿੰਦੇ ਕਿ ਉਥੋਂ ਹੀ ਬਾਬੇ ਨਾਨਕ ਨੇ ਆਪਣੀ ਕਰਨੀ ਨਾਲ ਖਾਲੀ ਕੀਤੇ ਮੋਦੀਖਾਨੇ ਨੂੰ ਭਰ ਦਿੱਤਾ ਸੀ। ਇਸ ਕਰ ਕੇ ਸਿੱਖ ਅੱਜ ਤੱਕ ਇਸ ਮੋਦੀਖਾਨੇ ਵਿਚ ਬਾਬੇ ਵੱਲੋਂ ‘ਤੇਰਾ ਤੇਰਾ’ ਤੋਲਣ ‘ਤੇ ਬਹੁਤ ਫ਼ਖ਼ਰ ਕਰਦੇ ਹਨ। ਸਾਡੀ ਸ਼ਰਧਾ ਤਾਂ ਹੁਣ ਇਥੋਂ ਤੱਕ ਪੁੱਜ ਗਈ ਹੈ ਕਿ ਅਸੀਂ ਉਨ੍ਹਾਂ ਵੱਟਿਆਂ ਨੂੰ ਵੀ ਸੰਭਾਲ ਕੇ ਰੱਖ ਲਿਆ ਤੇ ਮੱਥਾ ਟੇਕੀਦਾ ਹੈ ਜਿਨ੍ਹਾਂ ਨਾਲ ਬਾਬੇ ਨਾਨਕ ਨੇ ‘ਤੇਰਾ ਤੇਰਾ’ ਤੋਲਿਆ ਸੀ। ਇਹ ਸਾਡੀ ਧਾਰਮਿਕ ਰੰਗਣ ਵਿਚ ਰੰਗੀ ਸਾਖੀ ਹੈ ਜਿਸ ਨੇ ’13′ ਦੇ ਹਿੰਦਸੇ ਨੂੰ ਸ਼ੁਭ ਬਣਾ ਦਿੱਤਾ। ਉਂਜ, ਸਿੱਖ ਧਰਮ ਵਿਚ ਕੋਈ ਵੀ ਹਿੰਦਸਾ, ਦਿਨ, ਤਰੀਖ, ਮਹੀਨਾ ਨਾ ਮਾੜਾ ਹੈ ਤੇ ਨਾ ਹੀ ਸ਼ੁੱਭ।
ਹੁਣ ਇਸ ਮੋਦੀਖਾਨੇ ਵਾਲੀ ਸਾਖੀ ਦਾ ਹਕੀਕੀ ਰੂਪ ਸਾਂਝਾ ਕਰ ਲਈਏ। ਜਦੋਂ ਬਾਬੇ ਨਾਨਕ ਨੇ ਇਸ ਦੁਨੀਆਂ ਵਿਚ ਜਨਮ ਲਿਆ, ਉਦੋਂ ਹਿੰਦੁਸਤਾਨ ਵਿਚ ਹਰ ਜਗ੍ਹਾ ਰਿਸ਼ਵਤਖੋਰੀ ਦਾ ਬੋਲਬਾਲਾ ਸੀ ਤੇ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਵੀ ਇਸ ਤੋਂ ਬਚਿਆ ਨਹੀਂ ਸੀ ਹੋਇਆ। ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਅੱਜ ਹਿੰਦੁਸਤਾਨ ਦੀ ਹਾਲਤ ਹੈ, ਪੰਜਾਬ ਅੱਜਕੱਲ੍ਹ ਸ਼ਾਇਦ ਪਹਿਲਿਆਂ ਨੰਬਰਾਂ ਵਿਚ ਹੋਵੇ।.....ਤੇ ਬਾਬਾ ਨਾਨਕ ਜਿਹੜਾ ਸੱਚਾ-ਸੁੱਚਾ, ਧਰਮ ਦੀ ਕਿਰਤ ਕਰਨ ਵਾਲਾ ਸੀ, ਉਹਨੂੰ ਨੌਕਰੀ ਮਿਲੀ ਰਿਸ਼ਵਤ ਨਾਲ ਗ੍ਰਸੇ ਹੋਏ ਮੋਦੀਖਾਨੇ ਵਿਚ; ਜਿਥੇ ਬਹੁਤੇ ਮੁਲਾਜ਼ਮ ਰਿਸ਼ਵਤਖੋਰ ਸਨ। ਇਮਾਨਦਾਰ ਮੁਲਾਜ਼ਮ ਨੂੰ ਬੇਈਮਾਨ ਸਾਥੀਆਂ ਨਾਲ ਕੰਮ ਕਰਨ ਵਿਚ ਕਿੰਨੀਆਂ ਕੁ ਦੁਸ਼ਵਾਰੀਆਂ ਹੁੰਦੀਆਂ ਹਨ, ਉਹ ਸਿਰਫ਼ ਉਹ ਹੀ ਜਾਣਦਾ ਹੈ ਜਿਹਨੇ ਪੰਜਾਬ ਦੇ ਸਰਕਾਰੀ ਮਹਿਕਮੇ ਵਿਚ ਨੌਕਰੀ ਕੀਤੀ ਹੋਵੇ। ਉਹਦਾ ਮਾਤਹਿਤ ਤਾਂ ਉਹਨੂੰ ਕੋਈ ਲੜ-ਪੱਲਾ ਫੜਾਉਂਦਾ ਹੀ ਨਹੀਂ; ਤੇ ਉਪਰਲਾ ਅਫ਼ਸਰ ਆਪ ਕੀਤੇ ਘਪਲਿਆਂ ਦੀ ਜ਼ਿੰਮੇਵਾਰੀ ਉਸ ਇਮਾਨਦਾਰ ਮੁਲਾਜ਼ਮ ‘ਤੇ ਪਾਉਣ ਦੀ ਝਾਕ ‘ਚ ਰਹਿੰਦਾ ਹੈ। ਉਸ ਮੁਲਾਜ਼ਮ ਨੂੰ ਰਾਹ ‘ਚ ਰੋੜਾ ਵੀ ਸਮਝਿਆ ਜਾਂਦਾ ਹੈ ਤੇ ਹਰ ਹੀਲਾ ਵਰਤ ਕੇ ਉਸ ਉਤੇ ਉਹ ਇਲਜ਼ਾਮ ਲਾਏ ਜਾਂਦੇ ਹਨ ਜਿਹੜੇ ਉਹਦੇ ਖਾਬ ਵਿਚ ਵੀ ਨਹੀਂ ਹੁੰਦੇ।
ਬਾਬੇ ਨਾਨਕ ਨਾਲ ਵੀ ਇਹੋ ਹੋਇਆ ਹੋਵੇਗਾ। ਉਹਨੇ ਮੋਦੀਖਾਨੇ ਵਿਚ ਹੁੰਦੀ ਲੁੱਟ ਰੋਕੀ। ਇਸ ਨਾਲ ਰਿਸ਼ਵਤਖੋਰੀ ਦੀ ਲੰਬੀ ਕੜੀ ਵਿਚ ਬਾਬਾ ਨਾਨਕ ਰੋੜਾ ਬਣ ਗਿਆ। ਇਹ ਵੀ ਕੁਦਰਤੀ ਹੋਣਾ ਹੈ ਕਿ ਬਾਬਾ ਨਾਨਕ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਇਹੋ ਸਿੱਖਿਆ ਦਿੰਦਾ ਹੋਵੇਗਾ ਕਿ ਰੱਬ ਦੀ ਭਗਤੀ ਸੁੱਚੀ ਕਿਰਤ ਵਿਚ ਹੈ; ਮੱਥੇ ਉਤੇ ਲਾਏ ਲੰਮੇ ਤਿਲਕ, ਵੱਡੀਆਂ ਧੋਤੀਆਂ, ਲੰਮੀਆਂ ਮਾਲਾਵਾਂ ਦੇ ਦਿਖਾਵਿਆਂ ਵਿਚ ਨਹੀਂ। ਜਨਤਾ ਦਾ ਹੱਕ ਖਾਣ ਵਾਲੇ ਮੁਲਾਜ਼ਮ ਮਾਸਖੋਰੇ ਜਾਨਵਰਾਂ ਨਾਲੋਂ ਵੀ ਬਦਤਰ ਹਨ, ਪਰ ਜਿਸ ਦੇ ਮੂੰਹ ਨੂੰ ਰਿਸ਼ਵਤਖੋਰੀ ਦਾ ਲਹੂ ਲੱਗਾ ਹੋਵੇ, ਉਹਨੂੰ ਇਹੋ ਜਿਹੀਆਂ ਸਿੱਖਿਆਵਾਂ ਜ਼ਹਿਰ ਦਿਸਦੀਆਂ ਹੋਣਗੀਆਂ ਤੇ ਮੋਦੀਖਾਨੇ ਦੇ ਮੁਲਾਜ਼ਮਾਂ ਨੇ ਬਾਬੇ ਨਾਨਕ ਦਾ ਕੰਡਾ ਕੱਢਣ ਦੀ ਧਾਰ ਲਈ ਹੋਵੇਗੀ। ਫਿਰ ਸਾਜ਼ਿਸ਼ ਘੜ ਕੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤ ਭੇਜ ਦਿੱਤੀ। ਇਕ ਤੋਂ ਬਾਅਦ ਇਕ ਸ਼ਿਕਾਇਤਾਂ ਨੇ ਨਵਾਬ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੋਵੇਗਾ ਅਤੇ ਨਵਾਬ ਦੌਲਤ ਖਾਨ ਨੂੰ ਜਾਂਚ ਆਪਣੀ ਦੇਖ-ਰੇਖ ਵਿਚ ਕਰਾਉਣੀ ਪਈ।
ਜਿਸ ਦਿਨ ਜਾਂਚ ਸ਼ੁਰੂ ਹੋਈ, ਉਸੇ ਦਿਨ ਤੋਂ ਬਾਬੇ ਨਾਨਕ ਨੇ ਮੋਦੀਖਾਨੇ ਵਿਚ ਕੰਮ ‘ਤੇ ਆਉਣਾ ਬੰਦ ਕਰ ਦਿੱਤਾ ਤਾਂ ਕਿ ਆਜ਼ਾਦਾਨਾ ਜਾਂਚ ਹੋ ਸਕੇ। ਤਿੰਨ ਦਿਨ ਤੱਕ ਹਿਸਾਬ-ਕਿਤਾਬ ਦੀ ਜਾਂਚ ਹੁੰਦੀ ਰਹੀ ਤੇ ਤਿੰਨੇ ਦਿਨ ਬਾਬਾ ਨਾਨਕ ਸੁਲਤਾਨਪੁਰ ਲੋਧੀ ਤੋਂ ਗਾਇਬ ਰਿਹਾ। ਲੋਕੀਂ ਕਹਿਣ ਲੱਗ ਪਏ ਕਿ ਜ਼ਰੂਰ ਹੀ ਨਾਨਕ ਨੇ ਹੇਰਾ-ਫੇਰੀ ਕੀਤੀ ਹੋਣੀ ਹੈ, ਤਾਂ ਹੀ ਕਿਤੇ ਲੁਕ ਗਿਆ ਹੈ। ਸਿਵਾਏ ਬੇਬੇ ਨਾਨਕੀ ਦੇ, ਕੋਈ ਵੀ ਨਾਨਕ ਨੂੰ ਸੱਚਾ-ਸੁੱਚਾ ਕਹਿਣ ਲਈ ਤਿਆਰ ਨਹੀਂ ਸੀ। ਉਨ੍ਹਾਂ ਸਾਧਾਂ ਵਿਚੋਂ ਕੋਈ ਵੀ ਇਹ ਕਹਿਣ ਨਾ ਆਇਆ ਕਿ ਬਾਬਾ ਨਾਨਕ ਇਮਾਨਦਾਰ ਹੀ ਨਹੀਂ, ਰੱਬੀ ਰੰਗ ਵਿਚ ਰੰਗੀ ਦਿਆਲੂ ਰੂਹ ਹੈ ਜਿਨ੍ਹਾਂ ਨੂੰ ਬਾਬੇ ਨਾਨਕ ਨੇ 20 ਰੁਪਏ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਛਕਾਏ ਸਨ।
ਹਿਸਾਬ-ਕਿਤਾਬ ਵਿਚ ਮੋਦੀਖਾਨਾ ਘਾਟੇ ਵੀ ਬਜਾਏ ਨਫ਼ੇ ਵਿਚ ਸਾਬਤ ਹੋਇਆ। ਕਿਉਂ ਹੋਇਆ? ਕਿਉਂਕਿ ਬਾਬੇ ਨਾਨਕ ਨੇ ਸਹੀ ਕੰਮ ਕੀਤਾ ਸੀ; ਨਾ ਕਿ ਕਿਸੇ ਕਰਾਮਾਤ ਨਾਲ। ਇਹ ਤਾਂ ਨਹੀਂ ਪਤਾ ਕਿ ਨਵਾਬ ਦੌਲਤ ਖਾਨ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਂ ਨਹੀਂ, ਪਰ ਉਹਨੇ ਬਾਬੇ ਨਾਨਕ ਦਾ ਬਹੁਤ ਸਤਿਕਾਰ ਕੀਤਾ ਤੇ ਆਦਰ ਸਹਿਤ ਮੁੜ ਮੋਦੀਖਾਨਾ ਸੰਭਾਲਣ ਦੀ ਬੇਨਤੀ ਕੀਤੀ; ਪਰ ਗੁਰੂ ਨਾਨਕ ਨੇ ਉਦਾਸੀਆਂ ਸ਼ੁਰੂ ਕਰ ਦਿੱਤੀਆਂ।
ਦਰਅਸਲ ਬਿਪਰਵਾਦ ਨੂੰ ਬਾਬੇ ਨਾਨਕ ਦੇ ਸੱਚ ਤੋਂ ਉਦੋਂ ਤੋਂ ਹੀ ਖੁੰਦਕ ਹੋ ਗਈ ਸੀ ਜਦੋਂ ਨਿਆਣੀ ਉਮਰੇ ਉਹਨੇ ਜਨੇਊ ਪਾਉਣ ਦੀ ਰਸਮ ਬਾਰੇ ਪਾਂਡੇ ਨੂੰ ਉਹ ਸਵਾਲ ਪੁੱਛੇ ਜਿਹੜੇ ਪਾਖੰਡ ਨੂੰ ਨੰਗਾ ਕਰਦੇ ਸੀ। ਵਿਆਹ ਵੇਲੇ ਅਗਨੀ ਦੁਆਲੇ ਫੇਰੇ ਲੈਣ ਤੋਂ ਮੁਨਕਰ ਹੋਣ ਬਾਰੇ ਨਾਨਕ ਨੂੰ ਇਸ ਬਿਪਰ ਨੇ ਆਪਣੇ ਲਈ ਵੱਡਾ ਖਤਰਾ ਸਮਝਿਆ ਤੇ ਕੰਧ ਉਤੇ ਸੁੱਟ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ; ਪਰ ਇਸ ਹਕੀਕੀ ਪੱਖ ਤੋਂ ਸਿੱਖਾਂ ਨੂੰ ਜਾਣੂੰ ਨਹੀਂ ਕਰਵਾਇਆ ਜਾਂਦਾ। ਬੱਸ ‘ਤੇਰਾ....ਤੇਰਾ’ ਦੀ ਰਟ ਲਾ ਕੇ ਗੱਲ ਹੋਰ ਪਾਸੇ ਹੀ ਮੋੜ ਦਿੱਤੀ ਗਈ ਹੈ। ਕੀ ਇਹ ਸਿਤਮਜ਼ਰੀਫੀ ਨਹੀਂ ਕਿ ਗੁਰੂ ਨਾਨਕ ਤਾਂ ਪੱਥਰ ਪੂਜਕਾਂ ਨੂੰ ਨਿੰਦਦੇ ਰਹੇ ਅਤੇ ਆਪਣੇ ਨਿਰਮਲ ਪੰਥ ਨੂੰ ਸਿਰਫ਼ ਇਕ ਅਕਾਲ ਪੁਰਖ ਨਾਲ ਜੋੜਿਆ, ਤੇ ਸਿੱਖ ਫਿਰ ਉਸੇ ਬਿਪਰਵਾਦ ਦੇ ਸ਼ਿਕਾਰ ਹੋ ਗਏ ਹਨ ਤੇ ਗੁਰੂ ਨਾਨਕ ਦੇ ਨਾਮ ‘ਤੇ ਉਨ੍ਹਾਂ ਵੱਟਿਆਂ (ਪੱਥਰਾਂ) ਨੂੰ ਪੂਜਣ ਲੱਗ ਪਏ ਹਨ ਜਿਨ੍ਹਾਂ ਨਾਲ ਕਹਿੰਦੇ ਨੇ ਕਿ ਬਾਬਾ ਨਾਨਕ ਤੋਲਦਾ ਹੁੰਦਾ ਸੀ। ਕਿਉਂ ਨਹੀਂ ਉਹ ਹਲ-ਪੰਜਾਲੀਆਂ ਤੇ ਖੇਤੀ ਦੇ ਹੋਰ ਸੰਦ ਸੰਭਾਲੇ ਗਏ ਜਿਨ੍ਹਾਂ ਨਾਲ ਬਾਬੇ ਨਾਨਕ ਨੇ 18 ਸਾਲ ਕਰਤਾਰਪੁਰ ਸਾਹਿਬ ਵਿਚ ਖੇਤੀ ਕੀਤੀ? ਉਹ ਸੰਭਾਲਣੇ ਵੀ ਤਾਂ ਸੌਖੇ ਸਨ ਕਿਉਂਕਿ ਉਹ ਬਾਬੇ ਨਾਨਕ ਦੇ ਆਪਣੇ ਘਰ ‘ਚ ਸਨ ਤੇ ਮੋਦੀਖਾਨੇ ਦੇ ਵੱਟੇ ਸਰਕਾਰੀ; ਜਿਨ੍ਹਾਂ ਨਾਲ ਹੋਰ ਪਤਾ ਨਹੀਂ ਕਿੰਨਿਆਂ ਨੂੰ ਘੱਟ ਵੀ ਤੋਲਿਆ ਗਿਆ ਹੋਣਾ!
ਬੜੀ ਹੈਰਾਨੀ ਹੁੰਦੀ ਹੈ ਇਹ ਸੋਚ ਕੇ ਕਿ ਇਹ ਵੱਟੇ ਕਿੱਥੋਂ ਆ ਗਏ? ਜਦ ਕਿ ਸਾਡੇ ਸੰਤਾਂ-ਮਹਾਂਪੁਰਸ਼ਾਂ, ਹੋਰ ਧਾਰਮਿਕ ਤੇ ਰਾਜਨੀਤਕ ਭਲਵਾਨਾਂ ਨੇ ਗੁਰੂ ਸਾਹਿਬਾਨ ਦੀਆਂ ਉਹ ਨਿਸ਼ਾਨੀਆਂ ਨੇਸਤੋ-ਨਬੂਦ ਕਰ ਕੇ ਸੰਗਮਰਮਰ ਵਿਚ ਦੱਬ ਦਿੱਤੀਆਂ ਜਿਨ੍ਹਾਂ ਤੋਂ ਸਿੱਖਾਂ ਨੇ ਅਗਵਾਈ ਲੈਣੀ ਸੀ। ਇਨ੍ਹਾਂ ਨੇ ਤਾਂ 300 ਸਾਲ ਪਹਿਲਾਂ ਵਾਲਾ ਉਹ ਠੰਢਾ ਬੁਰਜ, ਸਰਹੰਦ ਦੀ ਦੀਵਾਰ ਅਤੇ ਚਮਕੌਰ ਦੀ ਗੜ੍ਹੀ ਦੇ ਨਕਸ਼ੇ ਵੀ ਬਦਲ ਕੇ ਰੱਖ ਦਿੱਤੇ, ਪਰ 550 ਸਾਲ ਪਹਿਲੇ ਵੱਟੇ ਜ਼ਰੂਰ ਸੰਭਾਲ ਲਏ।
ਸਿੱਖ ਧਰਮ ਵਿਚ ਬਿਪਰਵਾਦ ਨੇ ਆਪਣੀਆਂ ਜੜ੍ਹਾਂ ਬੜੀਆਂ ਮਜ਼ਬੂਤ ਕੀਤੀਆਂ ਹੋਈਆਂ ਹਨ। ਤਾਜ਼ਾ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁੰਭ ਦੇ ਮੇਲੇ ਵਿਚ ਹਿੱਸਾ ਲੈਣ ਦੀ ਹੈ। ਇਹੀ ਕੁਝ ਹੋਣਾ ਸੀ, ਜਦੋਂ ਅਸੀਂ ਜਗਰਾਤੇ ਕਰਨ ਵਾਲਿਆਂ ਨੂੰ ਆਪ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਇਆ। ਕਸੂਰ ਸਾਡਾ ਆਪਣਾ ਹੈ। ਮੇਰੇ ਵਰਗਿਆਂ ਦੇ ਲਿਖੇ ਚਾਰ ਅੱਖਰਾਂ ਨੇ ਕੀ ਕਰ ਲੈਣਾ ਹੈ, ਜਦੋਂ ਅਸੀਂ ਗੁਰੂ ਦੀ ਮਤ ਨੂੰ ਹੀ ਨਹੀਂ ਨੇੜੇ ਫਟਕਣ ਦਿੰਦੇ! ਸਾਡੇ ਲਈ ਤਾਂ ਰੱਬੀ ਫਰਮਾਨ ਸਾਡੇ ਸੰਤ-ਮਹਾਂਪੁਰਸ਼ ਹਨ।
ਹੁਣ ਜੇ ਸਿੱਖਾਂ ਨੇ 2013 ਨੂੰ ਕੁਝ ਖਾਸ ਅਹਿਮੀਅਤ ਇਸ ਵਿਚ 13 ਦੇ ਹਿੰਦਸੇ ਨੂੰ ਜੋੜ ਕੇ ਅਤੇ ਬਾਬੇ ਨਾਨਕ ਦੇ ਮੋਦੀਖਾਨੇ ਵਿਚ ‘ਤੇਰਾ....ਤੇਰਾ....’ ਤੋਲਣ ਕਰ ਕੇ ਦੇ ਹੀ ਦਿੱਤੀ ਹੈ ਤਾਂ ਇਸ ਤੋਂ ਕੋਈ ਸਬਕ ਵੀ ਸਿੱਖ ਲੈਣਾ ਚਾਹੀਦਾ ਹੈ, ਕਿਉਂਕਿ ਗੁਰੂ ਨਾਨਕ ਦਾ ਹਰ ਕਰਮ ਆਪਣੇ ਸਿੱਖ ਲਈ ਰਾਹ ਦਸੇਰਾ ਹੈ। ਜੇ ਮੋਦੀਖਾਨੇ ਵਿਚ ਇਮਾਨਦਾਰੀ ਨਾਲ ਕੰਮ ਕਰਨ ‘ਤੇ ਵੀ ਬਾਬੇ ਉਤੇ ਹੇਰਾ-ਫੇਰੀ ਦਾ ਇਲਜ਼ਾਮ ਲੱਗਾ ਤਾਂ ਉਹ ਇਕਦਮ ਪਿੱਛੇ ਹਟ ਗਏ ਕਿ ਕਰੋ ਹਿਸਾਬ ਚੈਕ; ਉਤਨੇ ਦਿਨ ਜਾ ਕੇ ਵੀ ਨਹੀਂ ਦੇਖਿਆ ਮੋਦੀਖਾਨੇ ਵਿਚ; ਕਿਉਂਕਿ ਉਨ੍ਹਾਂ ਨੇ ਜੋ ਕੀਤਾ ਸੀ, ਸਹੀ ਕੀਤਾ ਸੀ। ਕੀ ਇਹੋ ਅਸੂਲ ਸਾਡੇ ਸਿੱਖਾਂ, ਖਾਸ ਕਰ ਕੇ ਸਿੱਖ ਆਗੂਆਂ ‘ਤੇ ਲਾਗੂ ਨਹੀਂ ਹੋਣਾ ਚਾਹੀਦਾ? ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ‘ਤੇ ਇਹ ਇਲਜ਼ਾਮ ਲੱਗਾ, ਇਕੱਲਾ ਇਲਜ਼ਾਮ ਹੀ ਨਹੀਂ ਲੱਗਾ ਸਗੋਂ ਸਬੂਤ ਵੀ ਪੇਸ਼ ਕੀਤੇ ਗਏ ਕਿ ਗੁਰੂ ਦੀ ਗੋਲਕ ‘ਚੋਂ ਚੱਲਣ ਵਾਲੀ ਆਪਣੀ ਕਾਰ ਵਿਚ ਉਹਨੇ ਇਕ ਸਾਲ ਵਿਚ 65 ਲੱਖ ਰੁਪਏ ਦਾ ਸਿਰਫ਼ ਤੇਲ ਹੀ ਪੁਆਇਆ ਹੈ, ਉਹ ਕਿਉਂ ਨਹੀਂ ਕਹਿੰਦਾ ਕਿ ਕਰੋ ਆਡਿਟ; ਉਤਨੀ ਦੇਰ ਮੈਂ ਪ੍ਰਧਾਨਗੀ ਤੋਂ ਪਰ੍ਹੇ ਰਹਾਂਗਾ। ਕਿੰਨੀ ਵੱਡੀ ਰਕਮ ਗੁਰੂ ਦੀ ਗੋਲਕ ਵਿਚੋਂ ਜਥੇਦਾਰਾਂ ਦੇ ਧਰਮ ਪ੍ਰਚਾਰ ਦੀ ਆੜ ਹੇਠ ਵਿਦੇਸ਼ੀ ਟੂਰਾਂ ‘ਤੇ ਖਰਚੀ ਜਾਂਦੀ ਹੈ। ਕੋਈ ਦੱਸ ਸਕਦਾ ਹੈ ਕਿ ਅਜਿਹੇ ਟੂਰਾਂ ਨਾਲ ਸਿੱਖੀ ਦਾ ਕਿੰਨਾ ਪ੍ਰਚਾਰ ਹੋਇਆ ਹੈ ਜਾਂ ਫਿਰ ਇਸ ਨੇ ਸਿਰਫ ਬਾਹਰ ਵਸਦੇ ਸਿੱਖਾਂ ਵਿਚ ਧੜੇਬੰਦੀ ਪੱਕੀ ਕੀਤੀ?
ਜੇ 2013 ਨੂੰ ਬਾਬੇ ਨਾਨਕ ਨਾਲ ਜੋੜ ਕੇ ਅਹਿਮੀਅਤ ਦਿੱਤੀ ਗਈ ਹੈ ਤਾਂ ਹਰ ਸਿੱਖ ਅਜਿਹੇ ਸਵਾਲ ਕਰੇ। ਹਰ ਬਾਹਰ ਵੱਸਦਾ ਸਿੱਖ ਇਹ ਸਵਾਲ ਕਰੇ, ਉਸ ਗੁਰਦੁਆਰੇ ਦੀ ਕਮੇਟੀ ਨੂੰ ਜਿਹੜੀ ਗੁਰੂ ਦੀ ਗੋਲਕ ਨੂੰ ਗੁਰਦੁਆਰੇ ‘ਤੇ ਕਬਜ਼ਾ ਰੱਖਣ ਲਈ ਸ਼ਰ੍ਹੇਆਮ ਵਰਤਦੀ ਹੈ। ਜਿਨ੍ਹਾਂ ਕਮੇਟੀਆਂ ‘ਤੇ ਘਪਲਿਆਂ ਦੇ ਇਲਜ਼ਾਮ ਹਨ, ਉਹ ਬਾਬੇ ਨਾਨਕ ਦੀ ਸਿੱਖਿਆ ‘ਤੇ ਚੱਲ ਕੇ ਆਪੇ ਹੀ ਪ੍ਰਬੰਧ ਤੋਂ ਪਰ੍ਹੇ ਹੋ ਕੇ ਹਿਸਾਬ-ਕਿਤਾਬ ਚੈਕ ਹੋਣ ਦੇਣ; ਫਿਰ ਅਹਿਮੀਅਤ ਹੈ, 2013 ਦੀ ਸਿੱਖਾਂ ਲਈ। ਗੁਰੂ ਦੇ ਮਾਰਗ ‘ਤੇ ਚੱਲਦਾ ਹਰ ਸਿੱਖ ਇਹ ਸਵਾਲ ਪੁੱਛੇ, ਉਸ ਗੁਰਦੁਆਰੇ ਦੀ ਕਮੇਟੀ ਮੈਂਬਰਾਂ ਨੂੰ ਕਿ ਕਿਉਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਸਟੇਜਾਂ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ? ਕਿਉਂ ਉਨ੍ਹਾਂ ਦੇ ਗਲਾਂ ਵਿਚ ਸਿਰੋਪੇ ਪਾਏ ਜਾਂਦੇ ਹਨ ਜਿਹੜੇ ਗੁਰੂ ਹੁਕਮ ‘ਗੁਰੂ ਮਾਨਿਓ ਗ੍ਰੰਥ’ ਤੋਂ ਮੁਨਕਰ ਕਿਸੇ ਹੋਰ ਦਾ ਵੀ ਪ੍ਰਚਾਰ ਕਰਦੇ ਹਨ। ਫਿਰ ਹੀ ਇਸ ਸਾਲ ਦੀ ਅਹਿਮੀਅਤ ਮੰਨੀ ਜਾਵੇਗੀ; ਨਾ ਕਿ ਜਲੇਬੀਆਂ ਤੇ 36 ਪ੍ਰਕਾਰ ਦੇ ਪਕਵਾਨਾਂ ਨਾਲ ਬਣਾਏ ਲੰਗਰਾਂ ਕਰ ਕੇ।
ਉਂਜ, 2013 ਦੀ ਅਹਿਮੀਅਤ ਦਾ ਜੇ ਜਨਾਜ਼ਾ ਦੇਖਣਾ ਹੋਵੇ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿਚ ਹੁੰਦੇ ਪ੍ਰਚਾਰ ਤੋਂ ਸਾਫ਼ ਝਲਕਾਰੇ ਮਾਰ ਗਿਆ ਹੈ। ਦਿੱਲੀ ਤਾਂ ਘਪਲਿਆਂ ਦੀ ਮਾਂ ਹੈ; ਸ਼ਾਇਦ ਇਸ ਤੋਂ ਵੀ ਅੱਗੇ, ਜਿਥੇ ਫੌਜੀਆਂ ਦੇ ਕੱਫ਼ਣਾਂ ਤੋਂ ਲੈ ਕੇ ਤੋਪਾਂ ਤੱਕ, ਖੇਡਾਂ ਤੋਂ ਲੈ ਕੇ ਕੋਲੇ ਤੱਕ, ਫਿਰ ਸਪੈਕਟ੍ਰਮ ਵਗੈਰਾ-ਵਗੈਰਾ, ਤੇ ਉਸੇ ਦਿੱਲੀ ‘ਚ ਸਿੱਖ ਗੁਰਦੁਆਰਾ ਕਮੇਟੀ ਕਿੱਦਾਂ ਬਚ ਜਾਊ? ਇਸ ਕਰ ਕੇ ਉਹਦਾ ਜ਼ਿਆਦਾ ਹਿਰਖ ਵੀ ਨਹੀਂ, ਪਰ ਆਹ ਜਿਹੜਾ ਲਾਮ ਲਸ਼ਕਰ ਬਾਦਲ ਪੁੱਤਰ ਅਤੇ ਮੱਕੜ ਐਂਡ ਕੰਪਨੀ ਲੈ ਕੇ ਉਥੇ ਗਈ, ਇਹ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਦੇਖ ਲੈਂਦੇ ਕਿ ਸ੍ਰੀ ਦਰਬਾਰ ਸਾਹਿਬ, ਜਿਥੇ ਅੱਠੇ ਪਹਿਰ ਸ਼ਰਧਾਲੂ ਚੜ੍ਹਾਵਾ ਚੜ੍ਹਾਉਣ ਤੇ ਮੱਥਾ ਟੇਕਣ ਲਈ ਘੰਟਿਆਂ ਬੱਧੀ ਖੜ੍ਹੇ ਰਹਿੰਦੇ ਹਨ, ਉਹਦੇ ਘਾਟੇ ਵਿਚ ਜਾਣ ਦੇ ਕੀ ਕਾਰਨ ਬਣੇ? ਕੀ 2013 ਦੀ ਅਹਿਮੀਅਤ ਮੰਨਦੇ ਹੋਏ ਇਹ ਲੋਕ, ਸਿੱਖ ਸੰਗਤਾਂ ਨੂੰ ਦੱਸਣਗੇ?