ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, February 13, 2011

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!

ਅਵਤਾਰ ਸਿੰਘ ਮਿਸ਼ਨਰੀ 5104325827

ਨਜ਼ਰ ਅਤੇ ਨਦਰ ਅਰਬੀ ਭਾਸ਼ਾ ਦੇ ਸ਼ਬਦ ਹਨ ਅਤੇ ਵੱਖ ਵੱਖ ਰੂਪਾਂ ਅਤੇ ਅਰਥਾਂ ਵਿੱਚ ਵਰਤੇ ਜਾਂਦੇ ਹਨ, ਜਿਵੇਂ ਨਜ਼ਰ, ਨਜ਼ਰਿ, ਨਦਰ ਅਤੇ ਨਦਰਿ। ਨਜ਼ਰ ਅਤੇ ਨਦਰ ਦੇ ਅਰਥ ਹਨ-ਨਿਗਾਹ, ਦ੍ਰਿਸ਼ਟੀ, ਧਿਆਨ, ਤਵੱਜੋਂ, ਉਪਹਾਰ, ਪਤਿਗਯਾ ਅਤੇ ਪ੍ਰਣ। ਗੁਰਗਾਣੀ ਵਿਖੇ ਆਂਮ ਤੌਰ ਤੇ ਇਹ ਸ਼ਬਦ ਕਰਤਾਰ ਦੀ ਸਵੱਲੀ ਨਜ਼ਰ ਅਤੇ ਰਹਿਮਤ ਲਈ ਵਰਤਿਆ ਗਿਆ ਹੈ-ਨਾਨਕ ਨਦਰੀ ਨਦਰਿ ਨਿਹਾਲ॥ (8) ਜਿਨ ਕਉ ਨਦਰਿ ਕਰਮੁ ਤਿਨ ਕਾਰ॥ (8) ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਜਰਿ ਸੰਸਕ੍ਰਿਤ ਅਤੇ ਨਜ਼ਰ ਫਾਰਸੀ ਦਾ ਸ਼ਬਦ ਹੈ-ਨਜਰਿ ਭਈ ਘਰੁ ਘਰ ਤੇ ਜਾਨਿਆ॥ (153) ਨਦਰੀ-ਦ੍ਰਿਸ਼ਟੀ ਵਿੱਚ ਦਿਸਣ ਵਾਲਾ-ਨਦਰੀ ਆਵੈ ਤਿਸੁ ਸਿਉ ਮੋਹੁ॥ (801) ਨਜ਼ਰਬੰਦ-ਹਵਾਲਾਤ ਵਿੱਚ ਰੱਖ ਕੇ ਜਿਸ ਤੇ ਸਿਪਾਹੀ ਨਿਗਾਹਬਾਨੀ ਕਰੇ। ਉਪੱਠੀ ਨਦਰ-ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ॥ (ਆਸਾ ਕੀ ਵਾਰ)

ਆਮ ਤੌਰ ਤੇ ਨਜ਼ਰ ਲੱਗਣੀ, ਬਦ ਨਜ਼ਰ ਹੋਣਾ ਆਦਿਕ ਸ਼ਬਦ ਵਰਤ ਕੇ ਭੇਖੀ, ਚਾਲਬਾਜ, ਬ੍ਰਾਹਮਣ ਅਤੇ ਸੰਤ ਲੋਗ ਅਗਿਆਨੀ ਅਤੇ ਭੋਲੇ ਲੋਕਾਂ ਨੂੰ ਲੁਟਦੇ ਅਤੇ ਭਟਕਨਾ ਵਿੱਚ ਪਾਈ ਰਖਦੇ ਹਨ। ਇਸ ਬਾਰੇ ਪੰਥ ਦੇ ਮਹਾਂਨ ਵਿਦਵਾਨ ਲਿਖਾਰੀ ਭਾਈ ਕਾਹਨ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਵਿਖੇ ਲਿਖਦੇ ਹਨ ਕਿ-ਅਗਿਆਨੀ ਸਮਝਦੇ ਹਨ ਕਿ ਬਦ ਨਜ਼ਰ ਦਾ ਬੁਰਾ ਅਸਰ ਹੁੰਦਾ ਹੈ ਅਰ ਇਸ ਤੋਂ ਬਚਣ ਵਾਸਤੇ ਅਵਿਦਿਆ ਦੇ ਅਨੇਕ ਕਰਮ ਕਰਦੇ ਹਨ, ਜੋ ਸਿੱਖ ਧਰਮ ਵਿੱਚ ਨਿੰਦਿਤ ਹਨ-ਰਾਮ ਨਾਮੁ ਜੋ ਜਨ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ ਨ ਲਾਗੈ॥ (818) ਭਾਵ ਜੋ ਰਮੇ ਹੋਏ ਰਾਮ ਨਿਰੰਕਾਰ ਨੂੰ ਸਦਾ ਯਾਦ ਰੱਖਦਾ ਹੈ, ਇਉਂ ਅਗਿਆਨਤਾ ਦੀ ਨੀਂਦਰ ਚੋਂ ਜਾਗਿਆ ਰਹਿੰਦਾ ਹੈ, ਉਸ ਨੂੰ (ਚਾਖ) ਬਦਨਜ਼ਰ ਨਹੀਂ ਲਗਦੀ। ਹੋਰ ਲਿਖਦੇ ਹਨ ਕਿ-ਹਰਿ ਸਿਮਰਤ ਕਿਛੁ ਚਾਖੁ ਨਾ ਜੋਹੈ॥ ਹਰਿ ਸਿਮਰਤ ਦੈਤ ਦੇਉ ਨਾ ਪੋਹੈ॥ (1150) ਭੂਤ ਪ੍ਰੇਤ ਬੇਤਾਲ ਦਾ ਅਸੇਬ ਨਹੀਂ ਹੁੰਦਾ ਅਰਥਾਤ ਭਰਮ ਤੋਂ ਮੰਨਿਆਂ ਹੋਇਆ ਅਸਰ ਮਨ ਨੂੰ ਨਹੀਂ ਵਿਆਪਦਾ।

ਡਾ. ਰਤਨ ਸਿੰਘ ਜੱਗੀ ਵੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ ਕਿ ਨਦਰ ਅਰਬੀ ਭਾਸ਼ਾ ਦੇ ਨਜ਼ਰ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਦ੍ਰਿਸ਼ਟੀ, ਨਿਗਾਹ। ਅਧਿਆਤਮਿਕ ਸਹਿਤ ਵਿੱਚ ਇਹ ਪ੍ਰਭੂ ਦੀ ਕ੍ਰਿਪਾ ਦ੍ਰਿਸ਼ਟੀ ਦੀ ਥਾਂ ਵਰਤੀਂਦਾ ਹੈ। ਗੁਰਬਾਣੀ ਵਿਖੇ ਮਿਹਰ ਦੀ ਨਦਰ ਕਰਨ ਵਾਲੇ ਨੂੰ “ਨਦਰੀ” ਕਿਹਾ ਗਿਆ ਹੈ-ਨਾਨਕ ਨਦਰੀ ਨਦਰਿ ਕਰੇ ਤਹ ਨਾਮ ਧਨੁ ਪਲੈ ਪਾਇ॥ (850) ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿਧਾਂਤਕ ਵਿਕਾਸ ਤੇ ਨਜ਼ਰ ਮਾਰੀਏ ਤਾਂ ਪਰਮ ਸਤਾ ਦੀ ਅਸੀਮ ਅਕਾਣ ਕ੍ਰਿਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਾਮੀ ਧਾਰਮਿਕ ਪ੍ਰੰਪਰਾਵਾਂ ਵਿੱਚ ਪ੍ਰਮਾਤਮਾਂ ਦੀ ਕ੍ਰਿਪਾ ਨੂੰ ਕਰਮ, ਮਿਹਰ, ਬਖਸ਼ਿਸ਼, ਫ਼ਜ਼ਲ, ਨਦਰ ਆਦਿਕ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ। ਈਸਾਈ-ਮਤ ਵਿੱਚ ਇਸ ਭਾਵਨਾ ਲਈ ‘ਗ੍ਰੇਸ’ ਸ਼ਬਦ ਵਰਤਿਆ ਗਿਆ ਹੈ। ਸੋ ਸਪੱਸ਼ਟ ਹੈ ਕਿ ਸਾਰਿਆਂ ਧਰਮਾਂ ਵਿੱਚ ਕਿਸੇ ਨਾਂ ਕਿਸੇ ਰੂਪ ਵਿੱਚ ਈਸ਼ਵਰੀ ਕ੍ਰਿਪਾ ਦੀ ਮਹੱਤਵ ਅਸਥਾਪਨਾ ਕੀਤੀ ਗਈ ਹੈ ਪਰ ਹਰੇਕ ਧਰਮ ਦੀ ਮਾਨਤਾ ਦਾ ਪ੍ਰਕਾਰਜੀ ਰੂਪ ਵੱਖਰੇ-ਵੱਖਰੇ ਢੰਗ ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਗਤ ਨੂੰ ਦਿੱਤੇ ਮੂਲ ਸਿਧਾਂਤ “ਮੂਲ ਮੰਤ੍ਰ” (ਮੁਢਲਾ ਉਪਦੇਸ਼) ਇਸ ਨੂੰ ਗੁਰਪ੍ਰਸਾਦਿ ਕਿਹਾ ਹੈ। ਸੰਸਕ੍ਰਿਤ ਵਿਖੇ ਪ੍ਰਸਾਦਿ ਦੇ ਅਰਥ ਹੋਰ ਅਰਥਾਂ ਤੋਂ ਇਲਾਵਾ ਕ੍ਰਿਪਾ, ਕਰਮ ਜਾਂ ਨਦਰ ਵੀ ਪ੍ਰਯਾਵਾਚੀ ਰੂਪ ਹਨ।

ਗੁਰਮਤਿ ਵਿੱਚ ਪ੍ਰਮਾਤਮਾਂ ਦੀਆਂ ਸੰਪੂਰਨ ਸ਼ਕਤੀਆਂ ਅਤੇ ਗੁਣਾਂ ਨੂੰ “ਗੁਰੂ” ਵਿੱਚ ਅਰੋਪਤ ਕੀਤਾ ਗਿਆ ਹੈ। ਗੁਰੂ ਤੇ ਪ੍ਰਮਾਤਮਾਂ ਵਿੱਚ ਕੋਈ ਭੇਦ ਨਹੀਂ ਹੈ-ਭੇਦ ਨਾਹੀ ਗੁਰਦੇਵ ਮੁਰਾਰਿ॥ ਜੇ ਗੁਰੂ ਦੀਆਂ ਭਾਵਨਾਵਾਂ ਨੂੰ ਸਮੁੱਚੇ ਤੌਰ ਤੇ ਬਿਆਨ ਕਰੀਏ ਤਾਂ “ਗੁਰੂ” ਤੋਂ ਬਿਨਾ ਪ੍ਰਭੂ, ਮੁਕਤੀ, ਗਿਆਨ, ਸਨਮਾਨ, ਵਾਸਤਵਿਕ ਮਾਰਗ ਅਤੇ ਹਰਿ ਭਗਤੀ ਆਦਿਕ ਕਿਸੇ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹੀ ਦਸਦਾ ਹੈ ਕਿ ਪ੍ਰਮਾਤਮਾਂ ਦੀ ਪ੍ਰਾਪਤੀ ਸਾਰੀਆਂ ਸਿਆਣਪਾਂ ਅਤੇ ਹਿਕਮਤਾਂ ਨੂੰ ਛੱਡ ਕੇ ਉਸ ਦੀ ਨਦਰ ਨਾਲ ਹੀ ਹੁੰਦੀ ਹੈ-ਕਰਮਿ ਮਿਲੈ ਤਾਂ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥ (465) ਕਰਮਿ ਮਿਲੈ ਤਾਂ ਪਾਈਐ, ਨਾਹੀ ਗਲੀ ਵਾਉ ਦੁਆਉ॥ (16) ਪ੍ਰਭੂ ਕ੍ਰਿਤਾ ਨਾਲ ਗੁਰੂ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ-ਸ਼ਬਦ (ਗਿਆਨ) ਨਾਲ ਆਸ਼ਾਵਾਂ, ਸ਼ੰਕਾਵਾਂ, ਹਉਮੈ ਆਦਿ ਵਿਕਾਰ ਅਤੇ ਦੁਰਵਿਰਤੀਆਂ ਭਸਮ ਹੋ ਜਾਂਦੀਆਂ ਹਨ-ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੂ ਸਬਦਿ ਜਲਾਏ॥ (468) ਜੋ ਕਾਦਰ ਦੀ ਨਦਰ ਤੋਂ ਵਾਂਝੇ ਹਨ, ਉਨ੍ਹਾਂ ਦਾ ਮਨ ਚੰਗੇ ਕਰਮਾਂ ਅਤੇ ਪ੍ਰਭੂ ਯਾਦ ਵਿੱਚ ਨਹੀਂ ਲਗਦਾ-ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥ (789) ਵਾਸਤਵ ਵਿੱਚ ਜੇ ਪ੍ਰਭੂ ਆਪਣੀ ਕ੍ਰਿਪਾ-ਦ੍ਰਿਸ਼ਟੀ ਨੂੰ ਸੰਕੋਚ ਲਏ ਜਾਂ ਉਲਟੀ ਕਰ ਦਏ ਤਾਂ ਵੱਡੇ-ਵੱਡੇ ਬਾਦਸ਼ਾਹਾਂ ਨੂੰ ਘਸਿਆਰੇ ਬਣਾ ਅਤੇ ਭਿਖਿਆ ਮੰਗਣ ਲਾ ਦਿੰਦਾ ਹੈ-ਨਦਰਿ ਉਪਠੀ ਜੇ ਕਰੇ ਸੁਲਤਾਨਾਂ ਘਾਹੁ ਕਰਾਇਦਾ॥ ਦਰਿ ਮੰਗਨਿ ਭਿਖ ਨ ਪਾਇਦਾ॥ (472) ਇੱਥੇ ਇਹ “ਨਦਰਿ ਉਪਠੀ” ਤੋਂ ਇਹ ਭਾਵ ਨਹੀਂ ਕਿ ਉਸ ਦੀ “ਨਦਰਿ” ਕਿਸੇ ਤਰ੍ਹਾਂ ਦੇ ਅਨਿਆਇ ਤੇ ਅਧਾਰਤ ਹੈ। ਇਹ ਕ੍ਰਿਪਾ ਦ੍ਰਿਸਟੀ ਉਨ੍ਹਾਂ ਤੇ ਹੀ ਹੁੰਦੀ ਹੈ ਜੋ ਸੱਚੇ ਮਾਰਗ ਚਲਦੇ ਹਨ। ਗੁਰਮਤਿ ਮਨੁੱਖੀ ਸਮਾਜ ਨੂੰ ਦੋ ਵਰਗਾਂ ਵਿੱਚ ਵੰਡਦੀ ਹੈ-ਗੁਰਮੁਖ ਅਤੇ ਮਨਮੁਖ (ਭਗਤ ਅਤੇ ਸੰਸਾਰੀ) ਗੁਰਮੁਖ ਆਪਣੀ ਸੰਸਾਰੀ ਯਾਤਰਾ ਪੂਰੀ ਕਰਦਾ ਹੋਇਆ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ ਅਤੇ ਮਨਮੁਖ ਭੰਬਲ ਭੁਸਿਆਂ ਵਿੱਚ ਪਿਆ ਰਹਿੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਜਪੁਜੀ ਸਾਹਿਬ ਵਿਖੇ ਫਰਮਾਂਦੇ ਹਨ ਕਿ ਕਰਮ ਖੰਡ ਕੀ ਬਾਣੀ ਜੋਰ “ਕਰਮ” ਭਾਵ ਪ੍ਰਭੂ ਦੀ ਨਦਰਿ ਵਾਲੇ ਦੀ ਬੋਲ ਬਾਣੀ ਵਿੱਚ ਜੋਰ (ਬਲ) ਹੁੰਦਾ ਹੈ। ਪ੍ਰਮਾਤਮਾਂ ਦੀ ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ। ਜਿਵੇਂ ਬਾਲਕ ਮਾਂ ਦੀ ਗੋਦ ਵਿੱਚ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਮਾਂ ਉਸ ਦੀ ਘਾਲ ਵੇਖ ਕ੍ਰਿਪਾ ਦੇ ਰੂਪ ਵਿੱਚ ਬਾਹਵਾਂ ਪਸਾਰ, ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ। ਚੰਚਲ ਬੁੱਧੀ ਵਾਲਾ ਮਨਮੁਖ ਬਾਲਕ ਮਾਂ ਦੀ ਇਸ “ਨਦਰਿ” ਤੋਂ ਵਾਂਝਾ ਰਹਿ ਜਾਂਦਾ ਹੈ। ਇਵੇਂ ਹੀ ਸਾਧਕ ਆਪਣੇ ਕਰਮਾਂ ਦੀਆਂ ਚਲਾਕੀਆਂ ਕਰਕੇ ਪ੍ਰਭੂ ਮਾਂ ਤੋਂ ਦੂਰ ਰਹਿੰਦਾ ਹੈ ਪਰ ਜੋ ਸਾਧਕ ਧਰਮ, ਗਿਆਨ ਅਤੇ ਸਰਮ ਦੀਆਂ ਘਲਣਾ ਘਾਲਦਾ ਹੋਇਆ, ਉਸ ਦੀ ਨਦਰਿ ਦਾ ਪਾਤਰ ਬਣਦਾ ਹੈ, ਉਹ ਸੱਚ ਖੰਡ ਅਵੱਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਪੁਜੀ ਦੀ ਪਹਿਲੀ ਪਾਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਦੇ ਜੀਵਨ ਵਿਕਾਸ ਅਤੇ ਅਧਿਆਤਮਿਕ ਉਨਤੀ ਲਈ ਮਹੱਤਵਪੂਰਨ ਪ੍ਰਸ਼ਨ ਉਠਾਇਆ ਸੀ-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਜਪੁਜੀ) ਦਾ ਜਵਾਬ ਸਰਮ ਖੰਡ (ਨਦਰਿ ਅਵੱਸਥਾ) ਵਿੱਚੋਂ ਮਿਲਦਾ ਹੈ ਕਿ ਪ੍ਰਭੂ ਪ੍ਰਾਪਤੀ ਦੇ ਸਾਧਨ ਧਰਮ ਖੰਡ, ਗਯਾਨ ਖੰਡ ਆਦਿਕ ਸ਼ੁਭ ਕਰਮਾਂ ਦੇ ਨਾਲ ਉਸ ਦੀ “ਕਰਮ” ਮਿਹਰ (ਨਦਰਿ) ਦੀ ਅਤਿਅੰਤ ਲੋੜ ਹੈ। ਕਾਦਰ ਦੀ ਨਦਰਿ ਤੋਂ ਬਿਨਾ ਸਾਧਕ ਦਾ ਸਾਰਾ ਉਦਮ ਵਿਅਰਥ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਉਦਮ ਦੇ ਨਾਲ ਪ੍ਰਮਾਤਮਾਂ ਦੀ ਸਵੱਲੀ ਨਦਰਿ (ਨਜ਼ਰ) ਕ੍ਰਿਪਾ ਅਗਿਆਨਤਾ ਦੇ ਭਵਸਾਗਰ ਵਿੱਚ ਡੁਬਦੇ ਸਾਧਕ ਨੂੰ ਗਿਆਨ-ਧਿਆਨ ਰੂਪ ਨਾਮ ਦੇ ਜ਼ਹਾਜ ਵਿੱਚ ਚੜ੍ਹਾ ਕੇ ਸੱਚ ਖੰਡ (ਰੱਬੀ ਮਿਲਾਪ) ਦੀ ਅਵੱਸਥਾ ਵਿੱਚ ਪਹੁੰਚਾ ਦਿੰਦੀ ਹੈ। ਭਾਵ ਸ਼ੁਭ ਕਰਮਾਂ ਦੀ ਸਾਧਨਾ ਸਾਦਕ ਨੂੰ ਸੁਪਾਤਰ ਬਣਾਉਂਦੀ ਅਤੇ ਪ੍ਰਭੂ ਦੀ ਨਦਰਿ ਸੁਪਾਤਰਤਾ ਨੂੰ ਪ੍ਰਮਾਣੀਕ੍ਰਿਤ ਕਰਦੀ ਹੈ। ਪ੍ਰਭੂ ਨਦਰਿ ਦੀ ਪ੍ਰਾਪਤੀ ਕਿਸੇ ਕਰਮਕਾਂਡੀ ਪ੍ਰਦਰਸ਼ਨੀ ਦੀ ਮੁਥਾਜ ਨਹੀਂ ਸਗੋਂ ਸਹਜ ਸੁਭਾਵ ਹੀ ਜਗਿਆਸੂ ਦੀ ਸਾਧਨਾ ਨੂੰ ਫਲੀਭੂਤ ਕਰ ਦਿੰਦੀ ਹੈ ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਹਨ। ਇਸ ਅਵੱਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ “ਨਦਰੀ ਨਦਰਿ ਨਿਹਾਲ” ਕਿਹਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਰਥਕ ਯਤਨ ਕਰਦਿਆਂ, ਕਰਤਾਰ ਦੀ ਰਹਿਮਤ ਦੀ ਨਦਰਿ (ਨਜ਼ਰ) ਦੀ ਅਤਿਅੰਤ ਲੋੜ ਹੈ-ਨਦਰਿ ਕਰੇ ਤਾਂ ਸਿਮਰਿਆ ਜਾਇ॥ (661)

ਇਹ ਸੀ ਨਜ਼ਰ, ਨਦਰ ਸ਼ਬਦਾਂ ਦੀ ਸਾਰਥਕ ਵਿਆਖਿਆ ਪਰ ਗਿਆਨ ਵਿਹੂਣੇ ਲੋਕ ਹੰਕਾਰੀਆਂ, ਵਿਕਾਰੀਆਂ ਅਤੇ ਭੇਖਧਾਰੀਆਂ ਦੀ ਨਜ਼ਰ ਲੱਗਨ ਤੋਂ ਹੀ ਡਰਦੇ ਰਹਿੰਦੇ ਹਨ ਕਿ ਫਲਾਨੇ ਦੀ ਨਜ਼ਰ ਪੱਥਰ ਪਾੜ ਹੈ, ਇਸ ਨੂੰ ਫਲਾਨੇ ਦੀ ਨਜ਼ਰ ਲੱਗ ਗਈ ਹੈ, ਹੁਣ ਇਹ ਕੁਛ ਖਾਂਦਾ-ਪੀਂਦਾ ਜਾਂ ਬੋਲਦਾ ਨਹੀਂ ਸਗੋਂ ਦਿਨੋ ਦਿਨ ਸੁੱਕੀ ਜਾ ਰਿਹਾ ਹੈ, ਇਸ ਨੂੰ ਕੋਈ ਕੰਮ ਨਹੀਂ ਲੱਭ ਰਿਹਾ, ਐਸੀ ਬੁਰੀ ਨਜ਼ਰ ਲੱਗੀ ਹੈ ਕਿ ਕੋਈ ਕੰਮ ਵੀ ਨਹੀਂ ਹੁੰਦਾ, ਬਿਮਾਰ ਹੀ ਰਹਿੰਦਾ ਹੈ ਆਦਿਕ। ਇਸ ਸਭ ਕਾਸੇ ਦਾ ਸਾਰਥਕ ਕਾਰਨ ਲੱਭ ਕੇ ਇਲਾਜ਼ ਕਰਨ ਦੀ ਬਜਾਇ ਉਪ੍ਰੋਕਤ ਭੱਦਰਪੁਰਸਾਂ ਦੇ ਪਾਏ ਬੁਰੀ ਨਜ਼ਰ ਦੇ ਡਰਾਵੇ ਕਰਕੇ, ਇਨ੍ਹਾਂ ਦੇ ਦਰ ਤੇ ਹੀ ਭਟਕਦਾ ਹੈ। ਇਹ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਹ ਦਸਦੇ ਹਨ, ਜਿਵੇਂ ਕਦੇ ਪਾਣੀ ਮੰਤ੍ਰ ਕੇ ਦਿੰਦੇ, ਕਦੇ ਸਵਾਹ ਦੀ ਵਿਭੂਤੀ, ਕਦੇ ਬਕਰੇ, ਛਤਰੇ ਕੁੱਕੜ ਦੀ ਭੇਟ ਕੁਰਬਾਨੀ, ਇੱਥੋਂ ਤੱਕ ਕਿ ਕਈ ਵਾਰ ਆਪਣੇ ਜਾਂ ਕਿਸੇ ਦੇ ਬੱਚੇ ਦੀ ਕੁਰਬਾਨੀ ਦੇਣ ਦਾ ਹੁਕਮ ਕਰਦੇ ਹਨ। ਡਰਿਆ ਹੋਇਆ ਇਨਸਾਨ ਸਭ ਕੁੱਝ ਕਰਨ ਲਈ ਤਿਆਰ ਹੋ ਜਾਂਦਾ ਹੈ ਅਤੇ ਸਾਰੇ ਓੜ-ਪੋੜ ਕਰਕੇ ਇੱਥੋਂ ਤੱਕ ਕਿ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵੀ “ਭੱਦਰਪੁਰਸ਼ਾਂ” ਦੀਆਂ ਤਹਿ ਕੀਤੀਆਂ ਭੇਟਾਵਾਂ ਚੜ੍ਹਾਉਂਦਾ ਹੋਇਆ, ਆਪਣਾ ਝੁੱਗਾ-ਚੌੜ ਕਰ ਲੈਂਦਾ ਹੈ। ਸਦਾ ਯਾਦ ਰੱਖੋ ਨਜ਼ਰ ਕੋਈ ਬੁਰੀ ਨਹੀਂ ਹੁੰਦੀ ਸਗੋਂ ਸਾਡੀ ਸੋਚਣੀ ਅਤੇ ਕਰਮ ਬੁਰੇ ਹੁੰਦੇ ਹਨ। ਇਹ ਨਜ਼ਰ ਲੱਗਣੀ, ਜਾਂ ਬੁਰੀ ਨਜ਼ਰ ਦਾ ਸੰਕਲਪ ਜਿਆਦਾ ਤਰ ਹਿੰਦੂ ਸਾਧਾਂ, ਤਾਂਤ੍ਰਕਾਂ ਅਤੇ ਮੁਸਲਮ ਪੀਰਾਂ ਵਿੱਚ ਹੈ, ਜੋ ਆਪਣੇ ਹਲਵੇ ਮੰਡੇ ਖਾਤਰ ਅਗਿਆਨੀ ਲੋਕਾਂ ਵਿੱਚ ਵਹਿਮ ਪੈਦਾ ਕਰਕੇ ਫਿਰ ਆਪਣੇ ਦੱਸੇ ਉਪਾਵਾਂ ਰਾਹੀਂ ਲੁੱਟਦੇ ਹਨ। ਗੁਰੂ ਦੇ ਸਿੱਖ ਨੂੰ ਅਜਿਹੇ ਡਰਾਵਿਆਂ ਤੋਂ ਡਰਨਾਂ ਨਹੀਂ ਚਾਹੀਦਾ ਅਤੇ ਪ੍ਰਭੂ ਦੀ ਸਰਬਵਿਆਪਕ ਨਜ਼ਰ ਦਾ ਹੀ ਪਾਤਰ ਬਣਨਾ ਚਾਹੀਦਾ ਹੈ। ਸਿੱਖ ਦਾ ਗਿਆਨਦਾਤਾ “ਗੁਰੂ ਗ੍ਰੰਥ ਸਾਹਿਬ” ਹੈ ਨਾਂ ਕਿ ਕੋਈ ਭੇਖੀ ਬ੍ਰਾਹਮਣ, ਸਾਧ-ਸੰਤ, ਪੀਰ, ਗ੍ਰੰਥ ਜਾਂ ਕੋਈ ਭਰਮ-ਗਿਆਨੀ। ਨਿਰਾ ਬੁਰੀ ਨਜ਼ਰ ਵਾਲੇ ਤੇਰਾ ਮੂਹ ਕਾਲਾ ਦਾ ਫੱਟਾ ਲਗਾ ਲੈਣ ਨਾਲ ਹੀ ਬਚਿਆ ਨਹੀਂ ਜਾ ਸਕਦਾ ਸਗੋਂ ਬੁਰੀ ਨਿਗਾਹ ਰੱਖਣ ਜਾਂ ਦੇਖਣ ਵਾਲੇ ਨੂੰ ਸਮਝੌਣ ਜਾਂ ਉਸ ਨਾਲ ਕਰੜੇ ਹੱਥੀਂ ਸਿਝਣ ਦੀ ਲੋੜ ਹੈ। ਕਾਦਰ ਦੀ ਨਜ਼ਰ ਸਭ ਲਈ ਇੱਕੋ ਜਿਹੀ ਹੈ, ਇਹ ਵੱਖਰੀ ਗੱਲ ਹੈ ਕਿ ਜੀਵ ਆਪਣੇ ਕੀਤੇ ਬੁਰੇ ਕਰਮਾਂ ਕਰਕੇ ਕੀਤੇ ਦਾ ਫਲ ਪਾਉਂਦਾ ਹੈ। ਪ੍ਰਮਾਤਮਾਂ ਕਿਸੇ ਦੀ ਘਾਲ ਕਮਾਈ ਅੱਖੋਂ ਓਹਲੇ ਨਹੀਂ ਕਰਦਾ-ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨਾ ਗਵਾਈ॥ (859) ਜੇ ਸਿੱਖ ਆਪਣੀ ਨਿਗਾਹ, ਨਜ਼ਰ, ਤੱਕਣੀ ਠੀਕ ਕਰ ਲਵੇ ਤਾਂ ਉਸ ਨੂੰ ਕਦੇ ਕਿਸੇ ਭੇਖੀ ਸਾਧ ਜਾਂ ਮਨਮੁਖ ਦੀ ਨਜ਼ਰ ਲੱਗ ਹੀ ਨਹੀਂ ਸਕਦੀ। ਸਿੱਖ ਕਦੇ ਵੀ ਆਪਣੀ ਕਾਰ, ਟਰੱਕ ਜਾਂ ਹੋਰ ਵਾਹਨ ਤੇ ਟੁੱਟੀਆਂ ਜੁੱਤੀਆਂ ਨਹੀਂ ਲਟਕਾਉਂਦਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਨਹੀਂ ਲਿਖਦਾ ਅਤੇ ਆਪਣੇ ਘਰਾਂ ਦੇ ਬਨੇਰਿਆਂ ਤੇ ਕਾਲੀਆਂ ਤੌੜੀਆਂ ਨਹੀਂ ਰੱਖਦਾ। ਅਖੌਤੀ ਬੁਰੀ ਨਜ਼ਰ ਤੋਂ ਬਚਣ ਲਈ ਕਿਸੇ ਸਾਧ, ਬ੍ਰਾਹਮਣ ਜਾਂ ਗਿਆਨੀ ਤੋਂ ਮੰਤ੍ਰੀਆਂ ਸੱਤ ਮਿਰਚਾਂ ਆਪਣੇ ਘਰ ਦੇ ਦਰਵਾਜੇ ਤੇ ਧਾਗੇ ਜਾਂ ਕਿਸੇ ਹੋਰ ਚੀਜ ਵਿੱਚ ਪਰੋ ਕੇ ਨਹੀਂ ਲਟਕਾਉਂਦਾ ਸਗੋਂ ਕਿਰਤ ਕਰਦਾ, ਵੰਡ ਛਕਦਾ, ਨਾਮ ਜਪਦਾ ਅਤੇ ਕਰਤਾਰ ਦੀ ਮਿਹਰ ਦੀ ਨਜ਼ਰ ਤੇ ਟੇਕ ਰੱਖਦਾ ਹੈ-ਧਰ ਜੀਅਰੇ ਇੱਕ ਟੇਕ ਤੂ ਲਾਹੇ ਬਿਡਾਣੀ ਆਸਿ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥ (257)