ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, February 9, 2011

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ
(ਡਾ. ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ)

ਪੰਜਾਬੀ ਭਾਸ਼ਾ ਦਾ ਇਹ ਮੁਹਾਵਰਾ ਅਕਸਰ ਆਪਣੀ ਜਿਮੇਵਾਰੀ ਨਾਲ ਵਚਨਬੱਧਤਾ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ । ਅਸੀਂ ਜਾਣਦੇ ਹਾਂ ਕਿ ਵਿਚਾਰਾਂ ਦੀ ਇਕਸੁਰਤਾ ਸੰਸਾਰ ਵਿੱਚ ਤਾਂ ਇੱਕ ਪਾਸੇ, ਪਰਿਵਾਰ ਵਿੱਚ ਵੀ ਨਹੀਂ ਲੱਭਦੀ । ਕਈ ਵਾਰ ਇੱਕ ਹੀ ਮਿਸ਼ਨ ਤੇ ਚਲੇ ਜਾ ਰਹੇ ਲੋਕਾਂ ਦੇ ਵਿਚਾਰ ਵੀ ਨਹੀਂ ਮਿਲ ਰਹੇ ਹੁੰਦੇ । ਫਿਰ ਅਸੀਂ ਇੱਕ ਘੱਟ ਤੋਂ ਘੱਟ ਵਿਰੋਧਤਾ ਵਾਲਾ ਅਧਾਰ ਬਣਾਕੇ ਅੱਗੇ ਵਧਦੇ ਹਾਂ ਕਿ ਚਲੋ ਇੱਥੋਂ ਤੱਕ ਤਾਂ ਸਾਡੇ ਵਿਚਾਰ ਮਿਲਦੇ ਹਨ ਇਸਤੋਂ ਅੱਗੇ ਯੋਗ ਹਾਲਾਤ ਵੇਖਕੇ ਵਿਚਾਰਾਂ ਕਰ ਲਵਾਂਗੇ । ਕਈ ਵਾਰ ਰਾਜਨੀਤਿਕ ਪਾਰਟੀਆਂ ਵੀ ਘੱਟੋ-ਘੱਟ ਪਰੋਗਰਾਮ ਤੇ ਏਕਤਾ ਕਰ ਲੈਂਦੀਆਂ ਹਨ ਭਾਵੇਂ ਕਿ ਇਹ ਆਰਜੀ ਹੀ ਹੁੰਦੀ ਹੈ ।
ਇਸਦੇ ਉਲਟ ਕਈ ਵਾਰ ਸਮਾਜ ਦੀ ਦਿਲੋਂ ਭਲਾਈ ਕਰਨ ਦੀਆਂ ਚਾਹਵਾਨ ਸੰਸਥਾਵਾਂ ਕੇਵਲ ਆਪਣੇ ਹੀ ਵਿਚਾਰਾਂ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਨੂੰ ਸਰਬੋਤਮ ਜਾਣ ਕਿਸੇ ਦੂਜੇ ਨਾਲ ਦੋ ਕਦਮ ਵੀ ਨਹੀਂ ਚਲ ਸਕਦੀਆਂ । ਸ਼ਾਇਦ ਉਹਨਾਂ ਨੂੰ ਆਪ ਨੂੰ ਸਮਝ ਆ ਚੁੱਕੇ ਵਿਚਾਰਾਂ ਤੋਂ ਹਟਕੇ ਵੱਖਰਾ ਸੋਚਣਾ ,ਸਿਧਾਂਤ ਨਾਲ ਗਦਾਰੀ ਜਾਂ ਪਿੱਛੇ ਹਟਣਾ ਜਾਪਦਾ ਹੋਵੇ ਜਾਂ ਏਕਤਾ ਵਿਰੋਧੀਆਂ ਦੀ ਨਿਗਾਹ ਵਿੱਚ ਇਹ ਸਿਧਾਂਤ-ਹੀਣ ਅਤੇ ਏਕਤਾ ਹਾਮੀਆਂ ਦੇ ਥੱਲੇ ਲੱਗਣਾ ਆਖਿਆ ਜਾਂਦਾ ਹੋਵੇ । ਪਰ ਕਈ ਵਾਰ ਵਕਤੀ ਤੌਰ ਤੇ ਇਕੱਠਾ ਹੋਣ ਤੇ ਵੀ ਵਿਚਾਰਾਂ ਦੇ ਅਦਾਨ-ਪਰਦਾਨ ਦੌਰਾਨ ਨਵੇਂ ਰਾਸਤੇ ਨਜ਼ਰ ਆਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ।
ਗੁਰਮਤਿ ਪਰਚਾਰ ਦੀ ਭਾਵਨਾ ਰੱਖਣ ਵਾਲੇ ਹਮੇਸ਼ਾਂ ਸੋਚਦੇ ਹਨ ਕਿ ਦੁਨੀਆਂ ਦੇ ਭਲੇ ਲਈ ਕਿਸ ਤਰਾਂ ਨਾਲ ਨਾਨਕ-ਸੱਚ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ । ਗੁਰਬਾਣੀ ਦਾ ਕਥਨ “ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ” (ਪੰਨਾ 766) ਕਈਆਂ ਲਈ ਅਜਿਹੀ ਏਕਤਾ ਲਈ ਪਰੇਰਣਾ-ਦਾਇਕ ਹੋ ਨਿਬੜਦਾ ਹੈ ਅਤੇ ਉਹ ਹਰ ਹਾਲਤ ਵਿੱਚ ਗੁਣਾਂ ਦੀ ਸਾਂਝ ਪਾ ਅੱਗੇ ਵਧਣਾ ਲੋਚਦੇ ਹਨ । ਰਾਜਨੀਤਿਕ ਤੌਰ ਤੇ ਵੀ ਅਗਰ ਦੇਖਿਆ ਜਾਵੇ ਤਾਂ ਹੋ ਰਹੀ ਏਕਤਾ ਦੇਖ ਲੋਕ ਹੋਰ ਜੁੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਕਾਫਲਾ ਹੋਰ ਵੱਡਾ ਹੋ ਜਾਂਦਾ ਹੈ । ਇਸ ਵੱਡੇ ਕਾਫਲੇ ਦੇ, ਓਹ ਲੋਕ ਜੋ ਗਲਤੀ ਨਾਲ ਜਾਂ ਨਿੱਜੀ ਕਾਰਣਾ ਕਰਕੇ ਵਿਰੋਧੀ ਬਣੇ ਹੁੰਦੇ ਹਨ ,ਦੀਆਂ ਮੁੜਨ ਦੀਆਂ ਸੰਭਾਵਨਾਂਵਾਂ ਵੀ ਵਧ ਜਾਂਦੀਆਂ ਹਨ । ਅਗਰ ਏਕਤਾ ਦੇ ਚਾਹਵਾਨ ਸ਼ੁਹਿਰਦ ਹੋਣ ਤਾਂ ਹੌਲੀ-ਹੌਲੀ ਸਿਧਾਂਤਿਕ ਏਕਤਾ ਵੱਲ ਸਫਰ ਸ਼ੁਰੂ ਹੋ ਸਕਦਾ ਹੈ ।
ਇਸਦੇ ਉਲਟ ਕੁਝ ਲੋਕ 1% ਵਿਚਾਰਾਂ ਦੇ ਫਰਕ ਨਾਲ ਇਕੱਠੇ ਹੋਣ ਨੂੰ ਵੀ ਸਿਧਾਂਤਕ ਗਲਤੀ ਆਖਦੇ ਹਨ । ਉਹਨਾਂ ਮੁਤਾਬਕ ਸਿਧਾਂਤ ਵਿਹੂਣੀ ਭੀੜ ਗੱਲ ਨੂੰ ਕਿਸੇ ਕੰਢੇ ਨਹੀਂ ਲਗਣ ਦਿੰਦੀ ਅਤੇ ਜਿਆਦਾ ਲੋਕ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਹਨ, ਜਿਸ ਨਾਲ ਸਗੋਂ ਮੰਜਿਲ ਦੂਰ ਹੋ ਜਾਂਦੀ ਹੈ । ਉਹ ਆਖਦੇ ਹਨ ਕਿ ਕਰਾਂਤੀਆਂ, ਭੀੜ ਨਾਲ ਨਹੀਂ ਸਗੋਂ ਉੱਤਮ ਵਿਚਾਰਾਂ ਨਾਲ ਆਉਂਦੀਆਂ ਹਨ । ਹਰ ਇਨਕਲਾਬ ਦੇ ਪਿੱਛੇ ਸੁਲਝੇ ਦਿਮਾਗ ਅਕਸਰ ਥੋੜੇ ਹੀ ਹੁੰਦੇ ਹਨ । ਉਹ ਹਰ ਤਰਾਂ ਦੀ ਸਮਝੌਤਾ-ਵਾਦੀ ਪਹੁੰਚ ਦੇ ਸਮਰਥੱਕ ਏਸ ਲਈ ਨਹੀਂ ਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਸਿੱਖੀ ਵਿੱਚ ਗਿਣਤੀ ਨਾਲੋਂ ਗੁਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ।
ਕਈ ਲੋਗ ਇਹਨਾਂ ਦੋਵਾਂ ਵਿਚਾਰਧਾਰਾਵਾਂ ਦਾ ਸਾਂਝਾ ਰਸਤਾ ਇਹ ਕੱਢਦੇ ਹਨ ਕਿ ਹਰ ਕੰਮ ਲਈ ਇਕੱਠ ਦੀ ਤਾਂ ਜਰੂਰਤ ਹੈ ਹੀ ਕਿਓਂਕਿ ਭਲਾ ਤਾਂ ਅਕਸਰ ਸਰਬੱਤ ਦਾ ਹੀ ਮੰਗਣਾ ਹੈ ਪਰ ਭੀੜ ਵਿੱਚ ਹਰ ਕੋਈ ਸਿਧਾਂਤ ਦੇ ਤੱਤ ਨੂੰ ਸਮਝਣ ਤੋਂ ਅਸਮਰਥ ਹੁੰਦਾ ਹੈ ਇਸ ਲਈ ਹਰ ਸਿਧਾਂਤਕ ਗਲ ਹਰ ਪੱਧਰ ਦੇ ਬੰਦੇ ਨਾਲ ਨਹੀਂ ਕਰਨੀ ਚਾਹੀਦੀ । ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਨਾ ਤਾਂ ਠੀਕ ਹੈ , ਪਰ ਅੱਗੇ ਵਧਣ ਦੀ ਹਰ ਨੀਤੀ ਕੇਡਰਾਈਜ਼ਡ ਅਤੇ ਸਿਲਸਿਲੇਵਾਰ ਹੀ ਹੋਣੀ ਚਾਹੀਦੀ ਹੈ ਅਰਥਾਤ ਹਰ ਬੰਦੇ ਦੀ ਗੱਲ ਨੂੰ ਸਮਝਣ ਦੀ ਸਮਰੱਥਾ ਵੱਖ-ਵੱਖ ਹੋਣ ਕਾਰਣ ਸਮੁੱਚੇ ਮਿਸ਼ਨ ਦੀ ਚਾਲ ਨੂੰ ਵੱਖ-ਵੱਖ ਸਟੈੱਪਾਂ ਅਤੇ ਵਿਭਾਗਾਂ ਵਿੱਚ ਵੰਡ ਕੇ ਸੁਲਝੀ ਅਤੇ ਵੰਡਵੀਂ ਨੀਤੀ ਤਹਿਤ ਮੁੱਕਾਮ ਵੱਲ ਵਧਣਾ ਚਾਹੀਦਾ ਹੈ ।
ਕਈ ਵਾਰ ਇਸ ਤਰਾਂ ਵੀ ਹੁੰਦਾ ਹੈ ਕਿ ਪਰਚਾਰਕ ਦੇ ਆਪਣੇ ਪਰਵਾਰ ਜਾਂ ਦਾਇਰੇ ਵਿੱਚ ਉਸਦੇ ਵਿਚਾਰਾਂ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਹੈ ਜਦ ਕਿ ਦੂਰ-ਦੁਰਾਡੇ ਉਹਨਾ ਹੀ ਵਿਚਾਰਾਂ ਦੀ ਕਦਰ ਕੀਤੀ ਜਾਂਦੀ ਹੈ । ਇਸਦਾ ਕਾਰਣ ਕਈ ਵਾਰ ਤਾਂ ਪਰਚਾਰਕ ਦਾ ਆਪਣਾ ਜੀਵਨ ਉਸਦੇ ਦੂਜਿਆਂ ਨੂੰ ਦੱਸਣ ਵਾਲੇ ਵਿਚਾਰਾਂ ਅਨੁਸਾਰ ਨਹੀਂ ਹੁੰਦਾ ਜਾਂ ਫਿਰ “ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ” ਦੇ ਆਖਾਣ ਅਨੁਸਾਰ ਉਸਦੇ ਆਪਣਿਆਂ ਨੂੰ ਉਸਦੇ ਵਿਚਾਰ ਅਕਸਰ ਦੁਹਰਾਏ ਜਾਣ ਕਾਰਣ ਆਮ ਜਿਹੇ ਅਤੇ ਅਕਾਊ ਹੀ ਲੱਗਦੇ ਹਨ ਜਦ ਕਿ ਕਿਸੇ ਹੋਰ ਦੇ ਖਾਸ ਅਤੇ ਦਿਲਚਸਪ । ਇਸੇ ਕਾਰਣ ਕਈ ਵਾਰ ਨਜਦੀਕ ਵਾਲੇ ਉਸਦੇ ਵਿਚਾਰਾਂ ਤੋਂ ਲਾਹਾ ਨਹੀਂ ਲੈ ਸਕਦੇ ਜਦ ਕਿ ਦੂਰ ਵਾਲੇ ਲੈ ਜਾਂਦੇ ਹਨ । ਕਈ ਵਾਰ ਪਰਚਾਰਕ ਇਹ ਦੇਖਕੇ ਆਪਣਾ ਰਸਤਾ ਹੀ ਬਦਲ ਲੈਂਦੇ ਹਨ ਕਿ ਲੋਕ ਕੀ ਆਖਣਗੇ ਕਿ ਇਸਦੇ ਆਪਣੇ ਹੀ ਇਸਦੀ ਗੱਲ ਨਹੀਂ ਸੁਣਦੇ ਤਾਂ ਅਸੀਂ ਕਿਉਂ ਸੁਣੀਏ ।
ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਵੱਡੇ ਵੱਡੇ ਵਿਦਵਾਨਾ ,ਸਕਾਲਰਾਂ,ਫਲਾਸਫਰਾਂ,ਆਗੂਆਂ ਅਤੇ ਧਾਰਮਿਕ ਰਹਿਬਰਾਂ ਦੇ ਆਪਣੇ ਪਰਿਵਾਰ ਵੀ ਉਸ ਰਸਤੇ ਤੇ ਨਹੀਂ ਚਲਦੇ ਜੋ ਰਸਤਾ ਉਹਨਾ ਸੁਝਾਇਆ ਹੁੰਦਾ ਹੈ । ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਅਤੇ ਕਈ ਹੋਰ ਗੁਰੂਆਂ ਦੇ ਪੁੱਤਰ ਵੀ ਆਪਣੇ ਮਾਪਿਆਂ ਦੇ ਉਲਟ ਰਸਤਾ ਬਣਾਕੇ ਚਲਦੇ ਰਹੇ । ਇਸ ਤਰਾਂ ਜੇਕਰ ਕਿਸੇ ਗੁਰਮਤਿ ਦੇ ਪਰਚਾਰਕ ਦਾ ਪਰਿਵਾਰ ਵਿਰੋਧ ਕਰੇ ਤਾਂ ਪਰਚਾਰਕ ਨੂੰ ਪਰਿਵਾਰ ਪਿੱਛੇ ਲੱਗ ਜਾਂ ਲੋਕਾਂ ਦੀ ਸ਼ਰਮ ਦੀ ਆੜ ਵਿੱਚ ਗੁਰਮਤਿ ਦੇ ਪਰਚਾਰ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ । ਕਈ ਵਾਰ ਪਰਚਾਰਕ ਨੂੰ ਪਰਿਵਾਰ ਦਾ ਸਾਥ ਨਾ ਮਿਲਣ ਤੇ ਅਜਿਹੇ ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਕਿ “ਜੋ ਪਰਿਵਾਰ ਦਾ ਹੀ ਕੁਝ ਨਹੀਂ ਸਵਾਰ ਸਕਿਆ ,ਉਹ ਸਾਡਾ ਕੀ ਸਵਾਰੇਗਾ” । ਪਰ ਇਸਦਾ ਇਹ ਵੀ ਮਤਲਬ ਨਹੀਂ ਕਿ ਇਸੇ ਕਾਰਣ ਪਰਿਵਾਰ ਜਾਂ ਚੌਗਿਰਦੇ ਨੂੰ ਨਜਰ-ਅੰਦਾਜ ਹੀ ਕਰ ਦਿੱਤਾ ਜਾਵੇ ।
ਸਿਆਣੇ ਆਖਦੇ ਹਨ ਕਿ ਅਗਰ ਘਰ ਦਾ ਵਿਹੜਾ ਪੱਟਿਆ ਪਿਆ ਹੋਵੇ ਤਾਂ ਗਵਾਂਡੀਆਂ ਦਾ ਲਿਪਦੇ ਚੰਗੇ ਨਹੀਂ ਲਗਦੇ । ਪਰ ਜੇਕਰ ਘਰ ਵਾਲੇ ਸੱਚ ਸੁਣਨ ਲਈ ਤਿਆਰ ਹੀ ਨਹੀਂ ਤਾਂ ਆਪਦੀ ਗੱਲ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ । ਗੁਰਬਾਣੀ ਦੇ ਕਥਨ “ਆਪਿ ਜਪਹੁ ਅਵਰਾ ਨਾਮੁ ਜਪਾਵਹੁ” (ਪੰਨਾ 289) ਅਨੁਸਾਰ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਚਾਹੀਦੀ ਹੈ ਕਿਓਂਕਿ ਸਾਡਾ ਆਪਣਾ ਜੀਵਨ ਹੀ ਦੂਜਿਆਂ ਲਈ ਪਰੇਰਨਾ ਦਾਇਕ ਹੁੰਦਾ ਹੈ । ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲੀਏ । ਜੇ ਖੁਦ ਗੁਰਬਾਣੀ ਦੀ ਸਿੱਖਿਆ ਅਨੁਸਾਰ ਆਦਰਸ਼ਕ ਬਣ ਗਏ ਤਾਂ ਆਲਾ ਦੁਆਲਾ ਵੀ ਪਰਭਾਵਿਤ ਹੋਏ ਬਿਨਾ ਨਹੀਂ ਰਹੇਗਾ । ਇਸਤੋਂ ਬਾਅਦ ਪਰਚਾਰਕ ਜਿੱਥੇ ਵੀ ਜਾਵੇਗਾ ਦੁਨੀਆਂ ਤੇ ਉਸਦਾ ਅਸਰ ਜਰੂਰ ਪਵੇਗਾ । ਉਸਨੂੰ ਕੁਝ ਕਹਿਣ ਦੀ ਜਰੂਰਤ ਹੀ ਨਹੀਂ ਪਏਗੀ ਅਤੇ ਉਸਦਾ ਰਹਿਣ-ਸਹਿਣ,ਵਿਵਹਾਰ ਅਤੇ ਚਾਲ-ਚਲਣ ਚੌਗਿਰਦੇ ਵਿੱਚ ਵੀ ਨਜਰ ਆਣ ਲੱਗੇਗਾ ਵਰਨਾ “ਅਵਰ ਉਪਦੇਸੈ ਆਪਿ ਨ ਕਰੈ ਆਵਤ ਜਾਵਤ ਜਨਮੈ ਮਰੈ” (ਪੰਨਾ269) ਦਾ ਇਲਾਹੀ ਫੁਰਮਾਨ ਉਸੇ ਲਈ ਹੀ ਹੈ । ਅਗਰ ਉਸਦਾ ਆਪਣਾ ਰਹਿਣ-ਸਹਿਣ ਉਸੇ ਹੀ ਸਿਖਿਆ ਮੁਤਾਬਿਕ ਨਹੀਂ ਤਾਂ ਸੁਣਨ ਵਾਲਿਆਂ ਤੇ ਅਸਰ ਵੀ ਨਹੀਂ ਹੋਵੇਗਾ ਅਤੇ ਇਹ ਸਥਿਤੀ “ਰੋਟੀਆ ਕਾਰਣ ਪੂਰਹਿ ਤਾਲ “(ਪੰਨਾ 465) ਵਾਲੀ ਹੋਵੇਗੀ । ਗੁਰਬਾਣੀ ਦੇ ਕਥਨ “ਪ੍ਰਥਮੇ ਮਨੁ ਪਰਬੋਧੇ ਅਪਨਾ ਪਾਛੈ ਅਵਰ ਰਿਝਾਵੈ” (ਪੰਨਾ 381) ਅਨੁਸਾਰ ਆਉ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਣੀ ਨਾਲ ਆਪਣੇ ਆਪ ਨੂੰ ਸ਼ੰਗਾਰੀਏ , ਫਿਰ ਪਰਿਵਾਰ ਤੇ ਚੌਗਿਰਦੇ ਤੋਂ ਹੁੰਦੀ ਇਹ ਨਾਨਕ-ਸੱਚ ਦੀ ਮਹਿਕ ਸਮੁੱਚੇ ਸੰਸਾਰ ਨੂੰ ਸੁਗੰਧਿਤ ਬਣਾ ਦੇਵੇਗੀ । ਜੇਕਰ ਗੁਰੂ ਦੇ ਦੱਸੇ ਮਾਰਗ ਤੇ ਚਲਦਿਆਂ ਸਾਨੂੰ ਆਪਣੇ ਹੀ ਪਰਿਵਾਰ ਤੋਂ ਸਮਰਥਨ ਨਹੀਂ ਵੀ ਮਿਲਦਾ ਤਾਂ ਵੀ ਸਾਨੂੰ ਲੋਕ ਅਖਾਣ “ਸੰਹੁ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ” ਅਨੁਸਾਰ ਆਪਣੇ ਜੀਅ ਨੂੰ ਸੰਹੁ ਖਾਣ ਦੇ ਕਾਬਿਲ ਬਣਾ ਅਰਥਾਤ ਗੁਰਬਾਣੀ ਵਿਚਾਰਧਾਰਾ ਨਾਲ ਵੱਚਨਬੱਧਤਾ ਪ੍ਰਗਟਾਕੇ ਅਨੁਕੂਲ ਬਣ ਸਮੁੱਚੇ ਸੰਸਾਰ ਨੂੰ ਇੱਕ ਵੱਡਾ ਪਰਿਵਾਰ ਸਮਝ , ਹਰ ਮੈਂਬਰ ਤੱਕ ਆਪਣੇ ਵਿੱਤ ਮੁਤਾਬਕ ਗੁਰੂ ਦੀ ਗੱਲ ਪਹੰਚਾਉਣ ਦੀ ਜਿੰਮੇਵਾਰੀ ਨਿਭਾਉਣ ਦਾ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ ।