ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, July 31, 2013


ਧਾਰਾ 295 a
ਰਾਜਨੀਤਿਕ ਤੇ ਰਾਜ ਪ੍ਰੋਹਿਤ ਵਾਲੀ ਜੋੜੀ ਜੋ,
ਆਦਿ-ਕਾਲ ਤੋਂ ਜੰਤਾ ਦੀ ਲੁੱਟ ਕਰਦੀ ਆਈ ਹੈ।
ਇੱਕ ਦੂਜੇ ਦੇ ਪੂਰਕ ਬਣ ਸ਼ਿਕਾਰ ਫਸਾਉਂਦੇ ਨੇ,
ਇੱਕ ਡਰਾਇਆ ਨਰਕੋਂ ਦੂਜੇ ਡਾਂਗ ਦਿਖਾਈ ਹੈ।
ਹੁਕਮਨਾਮੇ ਤੇ ਫਤਵੇ ਇੱਕ ਦੇ ਯਾਰ ਕਰੀਬੀ ਨੇ,
ਧੌਣਾਂ ਗਿਣਕੇ ਦੂਜੇ ਨੇ ਸਰਕਾਰ ਚਲਾਈ ਹੈ।
ਅਗਿਆਨ-ਹਨੇਰੇ ਅੰਦਰ ਦੋਵੇਂ ਵਧਦੇ-ਫੁਲਦੇ ਨੇ,
ਗਿਆਨ-ਰੋਸ਼ਨੀ ਬਣਦੀ ਦੋਵਾਂ ਲਈ ਦੁਖਦਾਈ ਹੈ।
ਲੁੱਟਣ ਦੇ ਲਈ ਦੋਵਾਂ ਨੂੰ ਜੱਗ ਸੁੱਤਾ ਚਾਹੀਦਾ,
ਜਾਗਣ ਅਤੇ ਜਗਾਉਣ ਦੀ ਤਾਂਹੀਂ ਸਜਾ ਬਣਾਈ ਹੈ।
ਅੰਧਕਾਰ ਵਿੱਚ ਚਾਨਣ ਵਾਲੀ ਜਿਹੜਾ ਗੱਲ ਕਰੂ,
ਵਿਸ਼ਵਾਸ ਨੂੰ ਠੇਸ ਪੁਚਾਵਣ ਦੀ ਪੈ ਜਾਣੀ ਦੁਹਾਈ ਹੈ।
ਗੁਰੂਆਂ ਭਗਤਾਂ ਨੂੰ ਵੀ ਇਹ ਦੋਸ਼ੀ ਠਹਿਰਾ ਸਕਦੇ,
 ਧਰਮ ਦੇ ਨਾਂ ਤੇ ਲੁੱਟ ਦੀ ਜਿਹਨਾਂ ਕਰੀ ਸਫਾਈ ਹੈ।
ਅੰਧ-ਵਿਸ਼ਵਾਸਾਂ, ਕਰਮ-ਕਾਂਢ ਤੇ ਵਹਿਮਾਂ ਭਰਮਾ ਲਈ,
ਐਸਾ ਲਗਦਾ ਧਾਰਾ ਬਣਨੀ ਬੜੀ ਸਹਾਈ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

Wednesday, July 24, 2013

ਅਗਿਆਨਤਾ
ਵਰਗਾਂ,ਨਸਲਾਂ,ਮਜ਼ਹਬਾਂ,ਵਿੱਚੋਂ, ਤਿਆਗ ਕੇ ਸਮਾਨਤਾ।
ਖੁਦ ਨੂੰ ਗਿਆਨੀ ਸਮਝਦੀ ਹੈ, ਸਦਾ ਹੀ ਅਗਿਆਨਤਾ।।
ਕਰਿਸ਼ਮਿਆਂ ਨੂੰ ਧਰਮ ਦਾ, ਪ੍ਰਚਾਰ ਇਹ ਹੈ ਸਮਝਦੀ,
ਕਰਿਸ਼ਮੇਂ ਤਾਂ ਹੁੰਦੇ ਸੱਚ ਵਾਲੀ, ਪਕੜ ਤੋਂ ਅਣਜਾਣਤਾ।।
ਧਰਮ ਦਾ ਅਧਾਰ ਇਹ ਤਾਂ, ਆਖਦੀ ਵਿਸ਼ਵਾਸ ਨੂੰ,
ਤਰਕ-ਰਹਿਤ-ਅੰਧ-ਵਿਸ਼ਵਾਸਾਂ ਦੀ ਕਰਕੇ ਮਾਨਤਾ।।
ਕਿਰਤੀ ਨੂੰ ਵਿਹਲੜ ਦੱਸਦਾ, ਮਾਇਆ ਹੈ ਕੈਸੀ ਨਾਗਣੀ,
ਮਾਇਆ ਨੂੰ ਕੁੰਢਲ ਮਾਰਕੇ, ਇਹ ਸਮਝਦੀ ਉਪਰਾਮਤਾ।।
ਠੱਗਾਂ ਨੇ ਬਾਣਾ ਪਾ ਲਿਆ ਹੈ, ਸਾਧੂਆਂ ਦੀ ਦਿੱਖ ਦਾ,
ਇਹਦੇ ਤੋਂ ਵੱਧ ਕੀ ਹੋਵਣੀ, ਇਨਸਾਨ ਦੀ ਨਾਕਾਮਤਾ।।
"ਕਰਤੇ ਨੂੰ ਲੱਭਣ ਵਾਸਤੇ, ਖੁਸ਼ਾਮਦ ਤੇ ਜੁਗਤੀ ਦੱਸਦੀ",
ਲੋਟੂ ਵਿਚੋਲਾ ਬਣ ਰਹੀ, ਬੰਦੇ ਦੀ ਅੰਤਰਜਾਮਤਾ।।
ਖੁਦੀ ਨੂੰ ਬੇਵਸ ਜਾਣਕੇ, ਪੂਜਣ ਦੇ ਰਸਤੇ ਪੈ ਗਈ,
ਰੱਬ ਨੂੰ ਮਨਾਂ ਚੋਂ' ਕੱਢਕੇ, ਪੱਥਰਾਂ ਦੇ ਘਰੀਂ ਠਾਣਤਾ।।
ਕੁਦਰਤ ਦੇ ਅਟੱਲ ਨਿਯਮਾਂ, ਨੂੰ ਬਦਲ ਸਕਦੀ ਨਹੀਂ,
ਹੋਵੇ ਕਰਮ-ਕਾਂਢੀਆਂ ਦੀ ਕਿੰਨੀ ਵੀ ਪ੍ਰਧਾਨਤਾ।।
ਸਮਝ ਕੇ ਬ੍ਰਹਿਮੰਡੀ ਨਿਯਮਾਂ ਨੂੰ, ਜੋ ਵਰਤੇ ਜਗਤ ਲਈ,
ਭਗਤ ਹੈ ਕਾਦਰ ਦਾ, ਭਾਵੇਂ ਖੋਜ ਦੀ ਅੰਜਾਮਤਾ।।
ਕਾਦਰ ਦੇ ਨਿਯਮਾਂ ਅੰਗ-ਸੰਗ, ਜੀਣਾ ਸਖਾਵੇ ਜੱਗ ਨੂੰ,
ਨਾਨਕ ਦੇ ਗਾਏ ਰਾਗ ਦੀ, ਸਮਝੋ ਜੇ ਕੁਝ ਮਹਾਨਤਾ।।
ਜਿਸਨੇ ਵੀ ਬਹਿ ਵਿਚਾਰ ਕੇ, ਬਾਬੇ ਦੀ ਬਾਣੀ ਭੁੰਚ ਲਈ,
ਹਉਮੇਂ ਤੇ ਉਲਝਣ ਮਾਰਕੇ, ਇਹ ਬਖ਼ਸ਼ਦੀ ਨਿਸ਼ਕਾਮਤਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com

Tuesday, July 9, 2013

ਭਾਈਚਾਰੇ ਦੀ ਹਾਰ

ਭਾਈਚਾਰੇ ਦੀ ਹਾਰ
ਜਦ ਵੀ ਵੋਟਾਂ ਵਾਲਾ ਕਿਤੇ ਨਗਾਰਾ ਵੱਜਦਾ ਏ,
ਲੋਕ ਰਾਜ ਤੇ ਦਿਲ ਸਭਦਾ ਬਲਿਹਾਰ ਹੀ ਜਾਂਦਾ ਏ।
ਕਿਹੜੇ ਕਿਹੜੇ ਲੀਡਰ ਦੇਸ਼ ਤਰੱਕੀ ਚਾਹੁੰਦੇ ਨੇ,
ਮਿਲ ਸਭਨਾਂ ਨੂੰ ਦੱਸਣ ਦਾ ਅਧਿਕਾਰ ਹੀ ਜਾਂਦਾ ਏ।
ਨਿੱਜੀ ਗਰਜਾਂ ਦੇ ਨਾਲ ਲੋਕੀਂ ਵੋਟਾਂ ਪਾਉਂਦੇ ਨੇ,
ਪੈਸਾ ਵੰਡਿਆ ਕਈ ਵਾਰੀ ਕੰਮ ਸਾਰ ਹੀ ਜਾਦਾ ਏ।
ਜੰਤਾ ਪੈਰੀਂ ਕਰਨ ਦੀ ਕੋਈ ਨੀਤੀ ਬਣਦੀ ਨਾਂ,
ਵੋਟਰ ਨੂੰ ਮਿਲ ਸੁਪਨਿਆ ਦਾ ਸੰਸਾਰ ਹੀ ਜਾਂਦਾ ਏ।
ਰੋਟੀ ਆਪ ਕਮਾਵਣ ਜੋਗਾ ਵੋਟਰ ਨਾਂ ਹੋ ਜਾਏ,
ਲੋਕਾਂ ਕੋਲੇ ਸਸਤੀ ਦਾ ਪਰਚਾਰ ਹੀ ਜਾਂਦਾ ਏ।
ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚ ਕੰਧਾਂ ਕਰ ਦੇਣਾਂ,
ਰਾਜਨੀਤਕ ਦਾ ਤਪਦਾ ਹਿਰਦਾ ਠਾਰ ਹੀ ਜਾਂਦਾ ਏ।
ਸਾਲਾਂ ਦੇ ਨਾਲ ਸਾਂਝ ਜੋ ਲੋਕਾਂ ਅੰਦਰ ਬਣਦੀ ਏ,
ਇੱਕੋ ਸੀਜਨ ਸਾਰਾ ਕੁਝ ਡਕਾਰ ਹੀ ਜਾਂਦਾ ਏ।
ਭਾਵੇਂ ਵੰਡਕੇ ਨਸ਼ੇ ਲੋਕ ਕੁਝ ਜਿੱਤ ਵੀ ਜਾਂਦੇ ਨੇ,
ਪਰ ਹਰ ਵਾਰੀ ਭਾਈਚਾਰਾ ਹਾਰ ਹੀ ਜਾਂਦਾ ਏ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

ਕੁਦਰਤੀ-ਆਫਤ, ਗੈਬੀ-ਸ਼ਕਤੀ, ਭਵਿੱਖਬਾਣੀ ਅਤੇ ਅੰਤਰਜਾਮਤਾ


ਅਵਤਾਰ ਸਿੰਘ ਮਿਸ਼ਨਰੀ (510432582)singhstudent@yahoo.com
ਅਰਬੀ ਵਿੱਚ *ਕੁਦਰਤਿ* ਦਾ ਅਰਥ ਹੈ ਤਾਕਤਸ਼ਕਤੀ ਅਤੇ ਮਾਇਆ-ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ (੫੦੮) ਜਾਂ ਕਰਤਾਰ ਦੀ ਰਚਨਾ ਸ਼ਕਤੀ-ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥(੪੬੩) ਸਰਬ ਵਿਆਪਕ ਸਤਾ-ਕੁਦਰਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰ॥..(੪੬੪) ਆਫਤ-ਅਰਬੀ ਦਾ ਲਫਜ਼ ਹੈ ਅਰਥ ਹੈਮੁਸੀਬਤਵਿਪਦਾ,ਦੁਖਕਲੇਸ਼ਭੈੜੀ ਅਤੇ ਭਿਆਨਕ ਦਸ਼ਾ। ਗੈਬੀ-ਗੈਬੀ ਵੀ ਅਰਬੀ ਦ ਲਫਜ਼ ਹੈ ਅਰਥ ਹੈ ਗੁਪਤ-ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥(੪੮੩) ਭਵਿੱਖ-ਸੰਸਕ੍ਰਿਤ ਦਾ ਸ਼ਬਦ ਹੈ ਅਰਥ ਹੈ ਆਉਣ ਵਾਲਾ ਸਮਾਂ। ਭਵਿੱਖਬਾਣੀ ਭਾਵ ਆਉਣ ਵਾਲੇ ਸਮੇ ਬਾਰੇ ਬੋਲੀ ਬਾਣੀ ਜਾਂ ਕੀਤੀ ਗਈ ਪੇਸ਼ੀਨਗੋਈ। ਅੰਤਰਜਾਮੀ ਵੀ ਸੰਸਕ੍ਰਿਤ ਦਾ ਲਫਜ਼ ਹੈ-ਅੰਦਰ ਦੀ ਜਾਨਣ ਵਾਲਾ ਤੇ ਉਹ ਕੇਵਲ ਪ੍ਰਮਾਤਮਾ ਹੀ ਹੈ-ਅੰਤਰਜਾਮੀ ਸੋ ਪ੍ਰਭੁ ਪੂਰਾ॥(੫੬੩)

Tuesday, July 2, 2013

ਕਿਧਰੋਂ ਕਿਧਰ ਨੂੰ?

ਕਿਧਰੋਂ ਕਿਧਰ ਨੂੰ?
ਅਸੀਂ ਬੁਰਿਆਈ ਨਾਲ ਲੜਨਾਂ ਸੀ,
ਪਰ ਬੁਰਿਆਂ ਦੇ ਨਾਲ ਖਹਿ ਗਏ ਹਾਂ।।
ਅਸੀਂ ਬਾਹਰਲਿਆਂ ਨੂੰ ਜਿੱਤਦੇ ਰਹੇ,
ਪਰ ਅੰਦਰਲਿਆਂ ਤੋਂ ਢਹਿ ਗਏ ਹਾਂ।।
ਸਾਨੂੰ ਮਜ਼ਹਬੀ ਭੰਵਰ ਚੋਂ' ਨਿਕਲਣ ਦਾ,
ਗੁਰੂ ਨਾਨਕ ਰਸਤਾ ਦੱਸਿਆ ਸੀ।
ਅਸੀਂ ਨਿਆਰੇ ਰਸਤੇ ਨੂੰ ਛੱਡਕੇ,
ਮੁੜ ਬਹਿਣਾ ਦੇ ਵਿੱਚ ਬਹਿ ਗਏ ਹਾਂ।।
ਸੱਚ-ਧਰਮ ਦੇ ਪਹੀਏ ਦੋ ਹੁੰਦੇ,
ਇਕ ਗਿਆਨ ਤੇ ਦੂਜਾ ਸ਼ਰਧਾ ਦਾ।
ਅਸੀਂ ਅੰਧਵਿਸ਼ਵਾਸੀ ਸ਼ਰਧਾ ਦੇ,
ਅਲਵਿਦਾ ਗਿਆਨ ਨੂੰ ਕਹਿ ਗਏ ਹਾਂ।।
ਸਾਨੂੰ ਰੋਜ਼ੀ ਦੇ ਲਈ ਗੁਰਬਾਣੀ,
ਸੁਕਿਰਤ ਕਰਨ ਲਈ ਕਹਿੰਦੀ ਹੈ।
ਸਾਡੀ ਮਿਹਨਤ ਖਾਧੀ ਜੋਕਾਂ ਨੇ,
ਅਸੀਂ ਕਿਸਮਤ ਕਹਿਕੇ ਸਹਿ ਗਏ ਹਾਂ।।
ਗੁਰ ਨਾਨਕ ਨੇ ਉਪਦੇਸ਼ ਲਿਖੇ,
ਜੀਵਨ ਵਿੱਚ ਧਾਰਨ ਕਰਨੇ ਲਈ।
ਅਸੀਂ ਗੁਰ-ਸਿੱਖਿਆ ਨੂੰ ਭੁੱਲਕੇ ਤੇ,
ਪੂਜਾ ਦੇ ਰਸਤੇ ਪੈ ਗਏ ਹਾਂ।।
ਉਸ ਇਕ ਉੰਗਲ ਚੁੱਕ ਦੱਸਿਆ ਸੀ,
ਬ੍ਰਹਿਮੰਡ ਦਾ ਕਰਤਾ ਇੱਕੋ ਹੈ।
ਅਸੀਂ ਗਲ ਸਮਝਣ ਦੀ ਥਾਵੇਂ ਤਾਂ,
ਉੰਗਲ ਹੀ ਪੂਜਣ ਡਹਿ ਗਏ ਹਾਂ।।
ਕੁਦਰਤ ਦੇ ਗੁੱਝੇ ਨਿਯਮਾਂ ਨੂੰ,
ਉਸ ਹੁਕਮ ਸਾਹਿਬ ਦਾ ਆਖਿਆ ਸੀ।
ਅਸੀਂ ਰਮਜਾਂ ਸਮਝਣ ਜੋਗੇ ਨਾਂ,
ਸ਼ਬਦਾਂ ਵਿੱਚ ਫਸਕੇ ਰਹਿ ਗਏ ਹਾਂ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com